ਕਸ਼ਮੀਰ ਦੇ ਗਾਂਦਰਬਲ ਵਿੱਚ ਫਟਿਆ ਬੱਦਲ, ਐਮ.ਪੀ.,ਯੂ.ਪੀ., ਰਾਜਸਥਾਨ ਵਿੱਚ ਬਿਜਲੀ ਡਿਗਣ ਨਾਲ 68 ਮੌਤਾਂ

ਨਵੀਂ ਦਿੱਲੀ : ਕਰੀਬ ਇਕ ਮਹੀਨਾ ਸ਼ਾਂਤ ਰਿਹਾ ਮੌਨਸੂਨ ਮੁੜ ਸਰਗਰਮ ਹੋ ਗਿਆ ਹੈ। ਮੱਧ ਪ੍ਰਦੇਸ਼, ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿਚ ਇਕ-ਦੋ ਦਿਨ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਐਤਵਾਰ ਨੂੰ ਬਿਜਲੀ ਡਿਗਣ ਨਾਲ ਉਤਰ ਪ੍ਰਦੇਸ਼ ਵਿਚ 37, ਰਾਜਸਥਾਨ ਵਿਚ 20 ਅਤੇ ਮੱਧ ਪ੍ਰਦੇਸ਼ ਵਿਚ 11 ਲੋਕਾਂ ਦੀ ਮੌਤ ਹੋ ਗਈ।
ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਵਿਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਹਨ। ਕੇਂਦਰੀ ਕਸ਼ਮੀਰ ਦੇ ਗਾਂਦਰਬਲ ਵਿਚ ਬੱਦਲ ਫਟਣ ਨਾਲ ਹੜ੍ਹ ਵਰਗੇ ਹਾਲਾਤ ਬਣ ਗਏ। ਘਰਾਂ ਵਿਚ ਪਾਣੀ ਵੜ ਗਿਆ। ਕਈ ਦੁਕਾਨਾਂ ਅਤੇ ਸੜਕਾਂ ਨੁਕਸਾਨੀਆਂ ਗਈਆਂ। ਘਟਨਾ ਮਗਰੋਂ ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਨੇ ਰਾਤ ਨੂੰ ਹੀ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਾਲਾਤ ਫ਼ਿਲਹਾਲ ਕਾਬੂ ਵਿਚ ਹਨ।
ਹਿਮਾਚਲ ਪ੍ਰਦੇਸ਼ ਵਿਚ ਵੀ ਮੀਂਹ ਨੇ ਕਹਿਰ ਢਾਹਿਆ ਹੈ। ਇਥੇ ਧਰਮਸ਼ਾਲਾ ਅਤੇ ਰਾਜਧਾਨੀ ਸ਼ਿਮਲਾ ਸਮੇਤ ਕਈ ਜ਼ਿਲ੍ਹਿਆਂ ਵਿਚ ਜ਼ੋਰਦਾਰ ਮੀਂਹ ਪਿਆ। ਸ਼ਿਮਲਾ ਵਿਚ ਭਾਰੀ ਮੀਂਹ ਤੋਂ ਬਾਅਦ ਝਾਕਰੀ ਅਤੇ ਰਾਮਪੁਰ ਤੋਂ ਲੰਘਣ ਵਾਲਾ ਨੈਸ਼ਨਲ ਹਾਈਵੇ ਬੰਦ ਹੋ ਗਿਆ। ਬਿਹਾਰ ਦੇ 14 ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।