ਗ੍ਰਹਿਣ ਹਾਲੇ ਤੱਕ ਲੱਗਾ ਹੋਇਆ ਹੈ

ਪ੍ਰਿਯਦਰਸ਼ਨ

1984 ਦੀ ਸਿੱਖ ਵਿਰੋਧੀ ਹਿੰਸਾ ਆਜ਼ਾਦ ਭਾਰਤ ਦੇ ਇਤਿਹਾਸ ਦਾ ਕਾਲਾ ਅਧਿਆਇ ਹੈ। ਪਰ ਇਹ ਬੀਤ ਚੁੱਕਾ ਇਤਿਹਾਸ ਨਹੀਂ, ਸ਼ਕਲਾਂ ਬਦਲ ਕੇ ਵਾਰ-ਵਾਰ ਵਾਪਸ ਆਉਂਦਾ ਇਤਿਹਾਸ ਹੈ। 1984 ਕਦੇ ਮੁੰਬਈ ਦਾ 1993 ਹੋ ਜਾਂਦਾ ਹੈ ਅਤੇ ਕਦੇ ਗੁਜਰਾਤ ਦਾ 2002। ਕੁਝ ਛੋਟੇ ਰੂਪ ਵਿਚ 2020 ਦੀ ਦਿੱਲੀ ਵਿਚ ਵੀ ਇਹ ਸਭ ਦੁਹਰਾਇਆ ਜਾ ਚੁੱਕਾ ਹੈ। ਅਸੀਂ ਦੇਖ ਰਹੇ ਹਾਂ ਕਿ ਫਿਰਕੂਵਾਦ ਦਾ ਜੋ ਜ਼ਹਿਰ ਹੁਣ ਤੱਕ ਖ਼ਤਮ ਹੋ ਜਾਣਾ ਚਾਹੀਦਾ ਸੀ, ਉਹ ਨਾ ਸਿਰਫ਼ ਬਚਿਆ ਹੋਇਆ ਹੈ, ਸਗੋਂ ਇਸ ਦੇਸ਼ ਦੇ ਜਿਸਮ ਵਿਚ ਕਿਤੇ ਡੂੰਘਾ ਫੈਲਦਾ ਜਾ ਰਿਹਾ ਹੈ।
ਪਿਛਲੇ ਦਿਨੀਂ ‘ਹੌਟਸਟਾਰ’ ‘ਤੇ ਸ਼ੈਲੇਂਦਰ ਝਾਅ ਵਲੋਂ ਕਾਲਪਨਿਕ ਤੇ ਰਚਿਤ, ਅਤੇ ਰੰਜਨ ਚੰਦੇਲ ਵਲੋਂ ਨਿਰਦੇਸ਼ਤ ਵੈੱਬ-ਸੀਰੀਜ਼ ‘ਗ੍ਰਹਿਣ’ ਦੇਖਦੇ ਹੋਏ ਇਹ ਸਾਰੇ ਖਿਆਲ ਆਉਂਦੇ ਰਹੇ। 8 ਕਿਸ਼ਤਾਂ ਵਿਚ ਵੰਡੀ ਇਹ ਸੀਰੀਜ਼ ਨਾ ਸੱਚ ਬਿਆਨ ਕਰਨ ਦਾ ਦਾਅਵਾ ਕਰਦੀ ਹੈ ਨਾ ਯਥਾਰਥ ਦੇ ਸਾਂਚੇ ਵਿਚ ਬਣੀ ਹੈ। ਇਹ ਸ਼ੁੱਧ ਵਪਾਰਕ ਸੀਰੀਜ਼ ਹੈ ਜਿਸ ਦੇ ਕਲਾਕਾਰਾਂ ਨੇ ਬਹੁਤ ਸੁਭਾਵਕ ਕੰਮ ਕੀਤਾ ਹੈ। ਪਰ ਇਸ ਸੀਰੀਜ਼ ਦੀ ਖੂਬੀ ਇਹ ਹੈ ਕਿ ਇਹ ਆਪਣੀਆਂ ਵਪਾਰਕ ਸ਼ਰਤਾਂ ਦਾ ਲਗਾਤਾਰ ਧਿਆਨ ਰੱਖਣ ਦੇ ਬਾਵਜੂਦ ਡੂੰਘੀ ਮਾਨਵੀ ਅਪੀਲ ਅਤੇ ਹੂਕ ਪੈਦਾ ਕਰਨ ਵਿਚ ਕਾਮਯਾਬ ਹੈ।
ਸੀਰੀਜ਼ ਦੀ ਕਹਾਣੀ ਮੋਟੇ ਤੌਰ ‘ਤੇ ’84 ਦੀ ਹਿੰਸਾ ਦੇ ਆਲੇ-ਦੁਆਲੇ ਘੁੰਮਦੀ ਹੈ। ਉਸ ਹਿੰਸਾ ਵਿਚ ਦਿੱਲੀ ਤੋਂ ਇਲਾਵਾ ਜਿਸ ਸ਼ਹਿਰ ਵਿਚ ਸਭ ਤੋਂ ਜ਼ਿਆਦਾ ਸਿੱਖ ਮਾਰੇ ਗਏ ਸਨ, ਉਹ ਬੋਕਾਰੋ ਸੀ। ਇਸ ਹਿੱਸਾ ਦੀ ਪਿੱਠ ਭੂਮੀ ਵਿਚ ਇਕ ਪ੍ਰੇਮ ਕਥਾ ਨੂੰ ਆਧਾਰ ਬਣਾ ਕੇ ਹਿੰਦੀ ਦੇ ਚਰਚਿਤ ਲੇਖਕ ਸਤਿਆ ਵਿਆਸ ਨੇ 84 ਨਾਂ ਦਾ ਨਾਵਲ ਲਿਖਿਆ। ਗ੍ਰਹਿਣ ਉਸੇ ਨਾਵਲ ‘ਤੇ ਬਣੀ ਵੈੱਬ ਸੀਰੀਜ਼ ਹੈ- ਹਾਲਾਂਕਿ ਬਣਦੇ-ਬਣਦੇ ਉਹ ਨਾਵਲ ਤੋਂ ਦੁੱਗਣੀ ਵੱਡੀ ਹੋ ਗਈ ਹੈ ਅਤੇ ਕਾਫ਼ੀ ਅੱਗੇ ਨਿਕਲ ਆਈ ਹੈ।
ਦਰਅਸਲ ਜੋ ਵੈੱਬ ਸੀਰੀਜ਼ ਹੈ, ਉਹ 1984 ਦੀ ਹੀ ਕਹਾਣੀ ਨਹੀਂ ਹੈ, ਉਹ ਸਾਡੇ ਵਰਤਮਾਨ ਸਮੇਂ ਦੀ ਕਥਾ ਵੀ ਹੈ। ਚੌਰਾਸੀ ਦੀ ਹਿੰਸਾ ਲਈ ਜ਼ਿੰਮੇਵਾਰ ਦੱਸਿਆ ਜਾਣ ਵਾਲਾ ਨੇਤਾ ਸੰਜੇ ਸਿੰਘ ਹੁਣ ਸੂਬੇ ਦੇ ਮੁੱਖ ਮੰਤਰੀ ਲਈ ਖ਼ਤਰਾ ਬਣਿਆ ਹੋਇਆ ਹੈ। ਇਸ ਖ਼ਤਰੇ ਨੂੰ ਹਟਾਉਣ ਲਈ ਮੁੱਖ ਮੰਤਰੀ ਨੇ ਬੋਕਾਰੋ ਦੀ ਸਿੱਖ ਵਿਰੋਧੀ ਹਿੰਸਾ ਦੀ ਜਾਂਚ ਲਈ ਇਕ ਐਸ.ਆਈ.ਟੀ. ਬਿਠਾਈ ਹੈ। ਉਨ੍ਹਾਂ ਦਾ ਸਾਰਾ ਜ਼ੋਰ ਇਸ ਗੱਲ ‘ਤੇ ਹੈ ਕਿ ਕਿਸੇ ਤਰ੍ਹਾਂ ਇਸ ਜਾਂਚ ਵਿਚ ਸੰਜੇ ਸਿੰਘ ਖ਼ਿਲਾਫ਼ ਸਬੂਤ ਇਕੱਠੇ ਕੀਤੇ ਜਾਣ।
ਤਾਂ ਇਹ ਸੀਰੀਜ਼ ਦੋ ਕਾਲਖੰਡਾਂ ਵਿਚ ਚਲਦੀ ਹੈ। ਦੂਸਰੇ ਕਾਲਖੰਡ ਵਿਚ ਵੀ ਕਈ ਕਹਾਣੀਆਂ ਹਨ। ਇਤਫ਼ਾਕ ਨਾਲ ਇਨ੍ਹਾਂ ਸਾਰੀਆਂ ਕਹਾਣੀਆਂ ਦਾ ਵਾਸਤਾ ਫਿਰਕੂ ਅਤੇ ਜਾਤੀਗਤ ਦਰਾਰਾਂ ਨਾਲ ਹੈ। ਅਤੇ ਇਨ੍ਹਾਂ ਦੇ ਆਧਾਰ ‘ਤੇ ਵੱਧ-ਫੁੱਲ ਰਹੀ, ਸਗੋਂ ਇਨ੍ਹਾਂ ਨੂੰ ਹੱਲਾਸ਼ੇਰੀ ਦੇ ਰਹੀ ਸਿਆਸਤ ਨਾਲ ਹੈ। ਚੋਣਾਂ ਤੋਂ ਪਹਿਲਾਂ ਲੀਡਰ ਦੰਗੇ ਕਰਵਾਉਣ ‘ਤੇ ਤੁਲੇ ਹਨ ਅਤੇ ਪੱਖ-ਵਿਰੋਧੀ ਧਿਰ ਦੋਵੇਂ ਹਿਸਾਬ ਲਗਾ ਰਹੇ ਹਨ ਕਿ ਕਿਸ ਗੱਲ ਵਿਚ ਕਿਸ ਦਾ ਕਿੰਨਾ ਲਾਭ ਹੈ। ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕਰ ਰਹੇ ਪੁਲੀਸ ਵਾਲਿਆਂ ਦੇ ਪਰਿਵਾਰਕ ਜ਼ਖ਼ਮ ਵੀ ਵੱਖ-ਵੱਖ ਢੰਗ ਨਾਲ ਇਨ੍ਹਾਂ ਮਾਮਲਿਆਂ ਨਾਲ ਜੁੜੇ ਹਨ। ਇਨ੍ਹਾਂ ਸਾਰਿਆਂ ਵਿਚਾਲੇ ਇਕ ਪੱਤਰਕਾਰ ਦਾ ਵੀ ਕਤਲ ਹੁੰਦਾ ਹੈ।
ਅਜਿਹੀਆਂ ਕਹਾਣੀਆਂ ਕਹਿਣ ਦੇ ਖ਼ਤਰੇ ਕਈ ਹਨ। ਸਾਡੇ ਇਸ ਮੁਸ਼ਕਲ ਵਿਚ ਸੱਚ ਲਗਾਤਾਰ ਡਰਾਉਣਾ ਹੁੰਦਾ ਗਿਆ ਹੈ- ਅਤੇ ਸੱਚ ਕਹਿਣਾ ਮੁਸ਼ਕਲ। ਲੋਕਾਂ ਵਿਚ ਕਿਰਦਾਰਾਂ ਅੰਦਰ ਅਸਲ ਚਿਹਰੇ ਤਲਾਸ਼ਣ ਦਾ ਰੁਝਾਨ ਵਧਿਆ ਹੈ ਅਤੇ ਅਸਲ ਕਿਰਦਾਰਾਂ ਅੰਦਰ ਇਹ ਚਿੰਤਾ ਕਿ ਉਨ੍ਹਾਂ ਨੂੰ ਕਿਤੇ ਕਹਾਣੀਆਂ ਰਾਹੀਂ ਪਛਾਣ ਨਾ ਲਿਆ ਜਾਵੇ। ਇਸ ਲਈ ਅਜਿਹੀ ਸੀਰੀਜ਼ ਦਾ ਬਣਨਾ ਮੁਸ਼ਕਲ ਹੁੰਦਾ ਹੈ।
ਦੂਜਾ ਖ਼ਤਰਾ ਇਹ ਹੈ ਕਿ ਸੱਚ ਤੋਂ ਕੁਝ ਦੂਰੀ ਵਰਤਦੇ ਹੋਏ ਕੁਝ ਆਦਰਸ਼ਵਾਦੀ ਢੰਗ ਨਾਲ ਸਿਆਸੀ ਦੁਸ਼ਚੱਕਰ ਦੀ ਇਕ ਕਹਾਣੀ ਕਹਿਣ ਦੀ ਕੋਸ਼ਿਸ਼ ਵਿਚ ਸਾਰਾ ਮਾਮਲਾ ਫ਼ਿਲਮੀ ਹੋ ਜਾਂਦਾ ਹੈ- ਅਜਿਹਾ ਫ਼ਿਲਮੀ ਮਾਮਲਾ ਜਿਸ ਨਾਲ ਕਿਸੇ ਨੂੰ ਨੁਕਸਾਨ ਨਾ ਹੋਵੇ, ਪਰ ਕਥਾ ਦੀ ਜਾਨ ਨਿਕਲ ਜਾਂਦੀ ਹੈ।
‘ਗ੍ਰਹਿਣ’ ਦੀ ਟੀਮ ਨੇ ਇਨ੍ਹਾਂ ਦੋਵੇਂ ਖ਼ਤਰਿਆਂ ਦਰਮਿਆਨ ਬਹੁਤ ਸਾਵਧਾਨੀ ਨਾਲ ਕਦਮ ਰੱਖਦਿਆਂ ਆਪਣਾ ਰਸਤਾ ਬਣਾਇਆ ਹੈ। ਬਿਨਾਂ ਸ਼ੱਕ ਇਹ ਇਕ ਦਿਲਚਸਪ ਸੀਰੀਜ਼ ਹੈ ਜਿਸ ਵਿਚ ਕਈ ਘਟਨਾਵਾਂ ਦਾ ਤਾਣਾ-ਬਾਣਾ ਸੁੰਦਰ ਢੰਗ ਨਾਲ ਬੁਣਿਆ ਗਿਆ ਹੈ। ਹਰ ਕਿਸ਼ਤ ਤੋਂ ਬਾਅਦ ਇਸ ਗੱਲ ਦੀ ਉਤਸੁਕਤਾ ਰਹਿੰਦੀ ਹੈ ਕਿ ਇਸ ਤੋਂ ਬਾਅਦ ਕਹਾਣੀ ਕੀ ਮੋੜ ਲਵੇਗੀ।
ਦੂਸਰੀ ਗੱਲ ਇਹ ਹੈ ਕਿ ਇਸ ਦਿਲਚਸਪੀ ਤੋਂ ਇਲਾਵਾ ਸੀਰੀਜ਼ ਨੇ ਆਪਣੇ ਵਿਸ਼ੇ ਦੀ ਗੰਭੀਰਤਾ ਨਾਲ ਫੇਰ ਵੀ ਨਿਆਂ ਕੀਤਾ ਹੈ। ਦੰਗਿਆਂ ਦੀ ਭਿਆਨਕਤਾ, ਉਨ੍ਹਾਂ ਪਿਛਲੀ ਸਿਆਸਤ, ਉਨ੍ਹਾਂ ਪਿਛਲੇ ਆਰਥਕ ਟਕਰਾਅ- ਇਹ ਸਭ ਸੀਰੀਜ਼ ਵਿਚ ਠੀਕ ਤਰ੍ਹਾਂ ਉਭਰੇ ਹਨ। ਸਿਆਹ ਅਤੇ ਸਫ਼ੇਦ ਵਿਚਾਲੇ ਉਹ ਧੁੰਦਲੀ ਸਚਾਈ ਵੀ ਲਗਾਤਾਰ ਖੁੱਲ੍ਹਦੀ ਹੈ ਜਿਸ ਵਿਚ ਹਿੰਸਾ ਅਤੇ ਸਿਆਸਤ ਵਿਚਾਲੇ ਫਸਿਆ ਇਨਸਾਫ਼ ਦਾ ਸਵਾਲ ਜਿਵੇਂ ਨਾ ਖ਼ਤਮ ਹੋਣ ਵਾਲੇ ਦੁਸ਼ਚੱਕਰ ਦਾ ਸ਼ਿਕਾਰ ਹੋ ਜਾਂਦਾ ਹੈ। ਸੀਰੀਜ਼ ਦੇ ਅੰਤ ਵਿਚ ਸਿਆਸਤ ਦਾ ਇਕ ਵੱਡਾ ਖਿਡਾਰੀ ਕਹਿੰਦਾ ਹਵੀ ਹੈ- ਚੀਜ਼ਾਂ ਖ਼ਤਮ ਨਹੀਂ ਹੁੰਦੀਆਂ, ਬਦਲਦੀਆਂ ਨਹੀਂ, ਬੱਸ ਟਲ ਜਾਂਦੀਆਂ ਹਨ। ਇਹ ਟਲਦਾ ਹੋਇਆ ਯਥਾਰਥ ਨਫ਼ਰਤ ਅਤੇ ਬੇਭਰੋਸਗੀ ਦੇ ਇਨ੍ਹਾਂ ਬਲਦੇ ਹੋਏ ਦਿਨਾਂ ਵਿਚ ਫੇਰ ਸਾਡੇ ਸਾਹਮਣੇ ਹੈ।
ਬੇਸ਼ੱਕ, ਸੀਰੀਜ਼ ਵਿਚ ਕੁਝ ਗੱਲਾਂ ਨਿਰਾਸ਼ ਵੀ ਕਰਦੀਆਂ ਹਨ। ਤੀਸਰੇ-ਚੌਥੇ ਐਪੀਸੋਡ ਵਿਚ ਕਥਾ ਕੁਝ ਠਹਿਰੀ ਜਿਹੀ ਲਗਦੀ ਹੈ ਜੋ ਫੇਰ ਪੰਜਵੇਂ ਐਪੀਸੋਡ ਵਿਚ ਰਫ਼ਤਾਰ ਫੜ ਲੈਂਦੀ ਹੈ। ਪਰ ਅਖ਼ੀਰ ਤੱਕ ਆਉਂਦੇ-ਆਉਂਦੇ ਇਹ ਰਫ਼ਤਾਰ ਕੁਝ ਜ਼ਿਆਦਾ ਤੇਜ਼ ਹੋ ਜਾਂਦੀ ਹੈ। ਅਦਾਲਤ ਦਾ ਦ੍ਰਿਸ਼ ਸਭ ਤੋਂ ਜ਼ਿਆਦਾ ਨਿਰਾਸ਼ ਕਰਨ ਵਾਲਾ ਹੈ ਜਦਕਿ ਇਸ ਵਿਚ ਸੰਭਾਵਨਾਵਾਂ ਸਭ ਤੋਂ ਜ਼ਿਆਦਾ ਸਨ। ਸੱਚ ਤਾਂ ਇਹ ਹੈ ਕਿ ਸੀਰੀਜ਼ ਦਾ ਇਹ ਹਿੱਸਾ ਕੁਝ ਜ਼ਿਆਦਾ ਹੀ ਫ਼ਿਲਮੀ ਬਣ ਗਿਆ ਹੈ। ਕਾਸ਼ ਕਿ ਨਿਰਦੇਸ਼ਕ ਜਾਂ ਪਰਿਕਲਪਨਾਕਾਰ ਨੇ ਅਦਾਲਤ ਦੇ ਤਣਾਅ ਨੂੰ ਕੁਝ ਦੇਰ ਤੱਕ ਦਿਖਾਇਆ ਹੁੰਦਾ ਅਤੇ ਕੁਝ ਅਸਲ ਬਣਾਉਣ ਦੀ ਕੋਸ਼ਿਸ਼ ਕੀਤੀ ਹੁੰਦੀ। ਇਹ ਸਮਝ ਵਿਚ ਆਉਂਦਾ ਹੈ ਕਿ ਉਨ੍ਹਾਂ ਨੇ 8 ਕਿਸ਼ਤਾਂ ਵਿਚ ਸੀਰੀਜ਼ ਖ਼ਤਮ ਕਰਨੀ ਹੋਵੇਗੀ ਪਰ ਇਥੇ ਟੁੱਟੀਆਂ ਕੜੀਆਂ ਜੋੜਨ ਦੀ ਜਲਦਬਾਜ਼ੀ ਸੀਰੀਜ਼ ਦੀ ਸ਼ੁਰੂਆਤੀ ਗੰਭੀਰਤਾ ਦੇ ਮੁਕਾਬਲੇ ਕਾਫ਼ੀ ਹਲਕੀ ਪੈਂਦੀ ਦਿਖਾਈ ਦਿੰਦੀ ਹੈ। ਬੇਸ਼ੱਕ, ਇਸ ਦੇ ਬਾਵਜੂਦ ਸੀਰੀਜ਼ ਦੇ ਆਪਣੇ ਸੰਵੇਦਨਸ਼ੀਲ ਪਲ ਹਨ- ਭਾਵੁਕਤਾ ਦੀਆਂ ਆਪਣੀਆਂ ਗੁੰਜਾਇਸ਼ਾਂ ਹਨ।
ਪਰ ਆਪਣੇ ਆਖ਼ਰੀ ਪੜਾਅ ਵਿਚ ਇਹ ਸੀਰੀਜ਼ ਦੇਖਣ ਲਾਇਕ ਹੈ। ਓ.ਟੀ.ਟੀ. ਪਲੇਟਫਾਰਮ ‘ਤੇ ਸਭ ਤੋਂ ਜ਼ਿਆਦਾ ਦੇਖੀਆਂ ਜਾਣ ਵਾਲੀਆਂ ਅਭੱਦਰ ਅਪਰਾਧ ਕਥਾਵਾਂ ਦੇ ਮੁਕਾਬਲੇ ਇਹ ਸਾਫ਼-ਸੁਥਰੀ ਸੀਰੀਜ਼ ਹੈ ਜੋ ਤੁਹਾਨੂੰ ਬੇਚੈਨ ਵੀ ਰੱਖਦੀ ਹੈ ਅਤੇ ਰਾਹਤ ਵੀ ਦਿੰਦੀ ਹੈ।
‘ਐਨ.ਡੀ.ਟੀ.ਵੀ.’ ਤੋਂ ਧੰਨਵਾਦ ਸਹਿਤ