ਕੋਵਿਡ ਨਾਲੋਂ ਭੁੱਖਮਰੀ ਕਾਰਨ ਜ਼ਿਆਦਾ ਮੌਤਾਂ : ਔਕਸਫੈਮ

ਕਾਹਿਰਾ : ਗ਼ਰੀਬੀ ਖ਼ਾਤਮੇ ਲਈ ਕੰਮ ਕਰਨ ਵਾਲੇ ਸੰਗਠਨ ‘ਔਕਸਫੈਮ’ ਨੇ ਕਿਹਾ ਹੈ ਕਿ ਦੁਨੀਆ ਭਰ ਵਿਚ ਭੁੱਖਮਰੀ ਕਾਰਨ ਹਰ ਇਕ ਮਿੰਟ ਵਿਚ 11 ਲੋਕਾਂ ਦੀ ਮੌਤ ਹੁੰਦੀ ਹੈ ਅਤੇ ਬੀਤੇ ਇਕ ਸਾਲ ਵਿਚ ਪੂਰੀ ਦੁਨੀਆ ਵਿਚ ਅਕਾਲ ਵਰਗੇ ਹਾਲਾਤ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਗਿਣਤੀ ਛੇ ਗੁਣਾ ਵੱਧ ਗਈ ਹੈ।
ਔਕਸਫੈਮ ਨੇ ‘ਦ ਹੰਗਰ ਵਾਇਰਸ ਮਲਟੀਪਲਾਈਜ਼’ ਨਾਮ ਦੀ ਰਿਪੋਰਟ ਵਿਚ ਕਿਹਾ ਕਿ ਭੁੱਖਮਰੀ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਕੋਵਿਡ-19 ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਨਾਲੋਂ ਵੱਧ ਹੋ ਗਈ ਹੈ। ਕੋਵਿਡ-19 ਕਾਰਨ ਦੁਨੀਆ ਵਿਚ ਹਰ ਇਕ ਮਿੰਟ ਵਿਚ ਕਰੀਬ ਸੱਤ ਲੋਕਾਂ ਦੀ ਜਾਨ ਜਾਂਦੀ ਹੈ।
ਔਕਸਫੈਮ ਅਮਰੀਕਾ ਦੇ ਮੁਖੀ ਅਤੇ ਸੀ.ਈ.ਓ. ਐਬੀ ਮੈਕਸਮੈਨ ਨੇ ਕਿਹਾ, ”ਅੰਕੜੇ ਹੈਰਾਨ ਕਰਨ ਵਾਲੇ ਹਨ। ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਅੰਕੜੇ ਉਨ੍ਹਾਂ ਲੋਕਾਂ ਤੋਂ ਬਣੇ ਹਨ ਜੋ ਅਸਹਿ ਪੀੜਾ ਵਿੱਚੋਂ ਲੰਘ ਰਹੇ ਹਨ।”
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੁਨੀਆ ਵਿਚ ਕਰੀਬ 15.5 ਕਰੋੜ ਲੋਕ ਖੁਰਾਕ ਅਸੁਰੱਖਿਆ ਦੇ ਭਿਆਨਕ ਸੰਕਟ ਦਾ ਸਾਹਮਣਾ ਕਰ ਰਹੇ ਹਨ ਅਤੇ ਇਹ ਅੰਕੜਾ ਪਿਛਲੇ ਸਾਲ ਦੇ ਅੰਕੜਿਆਂ ਦੇ ਮੁਕਾਬਲੇ ਦੋ ਕਰੋੜ ਵੱਧ ਹੈ। ਇਨ੍ਹਾਂ ਵਿਚੋਂ ਕਰੀਬ ਦੋ ਤਿਹਾਈ ਲੋਕ ਭੁੱਖਮਰੀ ਦੇ ਸ਼ਿਕਾਰ ਹਨ ਅਤੇ ਇਸ ਦਾ ਕਾਰਨ ਹੈ ਉਨ੍ਹਾਂ ਦੇਸ਼ਾਂ ਵਿਚ ਚੱਲ ਰਿਹਾ ਫ਼ੌਜੀ ਸੰਘਰਸ਼।
ਮੈਕਸਮੈਨ ਨੇ ਕਿਹਾ, ”ਕੋਵਿਡ-19 ਦੇ ਆਰਥਕ ਮੰਦ ਪ੍ਰਭਾਵ ਅਤੇ ਬਰਹਿਮ ਸੰਘਸ਼ਾਂ, ਵਿਕਰਾਲ ਹੁੰਦੇ ਜਲਵਾਯੂ ਸੰਕਟ ਨੇ 5,20,000 ਤੋਂ ਵੱਧ ਲੋਕਾਂ ਨੂੰ ਭੁੱਖਮਰੀ ਦੀ ਕਗਾਰ ‘ਤੇ ਪਹੁੰਚਾ ਦਿੱਤਾ ਹੈ। ਵਿਸ਼ਵੀ ਮਹਾਮਾਰੀ ਨਾਲ ਮੁਕਾਬਲਾ ਕਰਨ ਦੀ ਬਜਾਏ, ਵਿਰੋਧੀ ਧੜੇ ਇਕ-ਦੂਜੇ ਨਾਲ ਲੜ ਰਹੇ ਹਨ ਜਿਸ ਦਾ ਅਸਰ ਅਖ਼ੀਰ ਵਿਚ ਉਨ੍ਹਾਂ ਲੋਕਾਂ ‘ਤੇ ਪੈਂਦਾ ਹੈ ਜੋ ਪਹਿਲਾਂ ਹੀ ਮੌਸਮ ਸਬੰਧੀ ਆਫ਼ਤਾਂ ਅਤੇ ਆਰਥਕ ਝਟਕਿਆਂ ਨਾਲ ਬੇਹਾਲ ਹਨ।”
ਔਕਸਫੈਮ ਨੇ ਕਿਹਾ ਕਿ ਵਿਸ਼ਵੀ ਮਹਾਮਾਰੀ ਕਰੋਨਾ ਵਾਇਰਸ ਦੇ ਬਾਵਜੂਦ ਵਿਸ਼ਵ ਭਰ ਵਿਚ ਫ਼ੌਜਾਂ ‘ਤੇ ਹੋਣ ਵਾਲਾ ਖ਼ਰਚ ਮਹਾਮਾਰੀ ਕਾਲ ਵਿਚ 51 ਅਰਬ ਡਾਲਰ ਵੱਧ ਗਿਆ, ਇਹ ਰਾਸ਼ੀ ਭੁੱਖਮਰੀ ਨੂੰ ਖ਼ਤਮ ਕਰਨ ਲਈ ਸੰਯੁਕਤ ਰਾਸ਼ਟਰ ਨੂੰ ਜਿੰਨੇ ਧੰਨ ਦੀ ਜ਼ਰੂਰਤ ਹੈ, ਉਸ ਦੇ ਮੁਕਾਬਲੇ ਘੱਟੋ-ਘੱਟ ਛੇ ਗੁਣਾ ਜ਼ਿਆਦਾ ਹੈ।
ਇਸ ਰਿਪੋਰਟ ਵਿਚ ਜਿਨ੍ਹਾਂ ਮੁਲਕਾਂ ਨੂੰ ‘ਭੁੱਖਮਰੀ ਨਾਲ ਸਭ ਤੋਂ ਵੱਧ ਪ੍ਰਭਾਵਤ’ ਦੀ ਸੂਚੀ ਵਿਚ ਰੱਖਿਆ ਹੈ, ਉਹ ਦੇਸ਼ ਅਫ਼ਗਾਨਿਸਤਾਨ, ਇਥੋਪੀਆ, ਦੱਖਣੀ ਸੂਡਾਨ, ਸੀਰੀਆ ਅਤੇ ਯਮਨ ਹਨ। ਇਨ੍ਹਾਂ ਸਾਰੇ ਦੇਸ਼ਾਂ ਵਿਚ ਸੰਘਰਸ਼ ਦੇ ਹਾਲਾਤ ਹਨ।
ਮੈਕਸਮੈਨ ਨੇ ਕਿਹਾ, ”ਆਮ ਨਾਗਰਿਕਾਂ ਨੂੰ ਭੋਜਨ-ਪਾਣੀ ਤੋਂ ਵਾਂਝੇ ਰੱਖ ਕੇ ਅਤੇ ਉਨ੍ਹਾਂ ਤੱਕ ਮਾਨਵੀ ਰਾਹਤ ਨਾ ਪਹੁੰਚਣ ਦੇ ਕੇ ਭੁੱਖਮਰੀ ਨੂੰ ਯੁੱਧ ਦੇ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਬਾਜ਼ਾਰਾਂ ਵਿਚ ਬੰਬ ਵਰਸਾਏ ਜਾ ਰਹੇ ਹੋਣ, ਫ਼ਸਲਾਂ ਅਤੇ ਪਸ਼ੂਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੋਵੇ, ਤਾਂ ਲੋਕ ਸੁਰੱਖਿਅਤ ਨਹੀਂ ਰਹਿ ਸਕਦੇ ਅਤੇ ਨਾ ਹੀ ਭੋਜਨ ਭਾਲ ਸਕਦੇ ਹਨ।”
ਸੰਗਠਨ ਨੇ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਘਰਸ਼ਾਂ ਨੂੰ ਰੋਕਣ ਵਰਨਾ ਭੁੱਖਮਰੀ ਦੇ ਹਾਲਾਤ ਵਿਨਾਸ਼ਕਾਰੀ ਹੋ ਜਾਣਗੇ।
ਉਧਰ, ਸੰਯੁਕਤ ਰਾਸ਼ਟਰ ਏਜੰਸੀ ਖੁਰਾਕ ਪ੍ਰੋਗਰਾਮ ਨੇ ਕਿਹਾ ਹੈ ਕਿ ਦੁਨੀਆ ਭਰ ਵਿਚ ਲਗਭਗ 27 ਕਰੋੜ ਲੋਕ ਗੰਭੀਰ ਖੁਰਾਕ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ ਜਾਂ ਉਹ ਭੁੱਖਮਰੀ ਦੇ ਉੱਚ ਖ਼ਤਰੇ ਵਿਚ ਹਨ। ਇਹ ਸਾਲ 2020 ਦੇ ਮੁਕਾਬਲੇ 40 ਫ਼ੀਸਦੀ ਵਾਧਾ ਹੈ।
ਜ਼ਿਕਰਯੋਗ ਹੈ ਕਿ ਜਨਵਰੀ ਵਿਚ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੇ ਚੌਕਸ ਕੀਤਾ ਸੀ ਕਿ ਕੋਵਿਡ-19 ਕਾਰਨ ਲੋਕਾਂ ਦੀਆਂ ਨੌਕਰੀਆਂ ਜਾਣ ਅਤੇ ਖੁਰਾਕ ਪਦਾਰਥਾਂ ਦੀਆਂ ਕੀਮਤਾਂ ਵਧਣ ਨਾਲ ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ 35 ਕਰੋੜ ਤੋਂ ਵੱਧ ਲੋਕ ਭੁੱਖਮਰੀ ਦੇ ਸ਼ਿਕਾਰ ਹੋ ਸਕਦੇ ਹਨ।
ਰਿਪੋਰਟ ਵਿਚ ਕਿਹਾ ਗਿਆ ਸੀ ਕਿ ਦੁਨੀਆ ਵਿਚ 68.8 ਕਰੋੜ ਲੋਕ ਕੁਪੋਸ਼ਣ ਦੇ ਸ਼ਿਕਾਰ ਹਨ ਅਤੇ ਇਨ੍ਹਾਂ ਵਿਚੋਂ ਅੱਧੋਂ ਵੱਧ ਲੋਕ ਏਸ਼ੀਆ ਵਿਚ ਹਨ। ਸਭ ਤੋਂ ਜ਼ਿਆਦਾ ਲੋਕ ਅਫ਼ਗਾਨਿਸਤਾਨ ਵਿਚ ਹਨ, ਜਿਥੇ ਹਰੇਕ 10 ਵਿਚੋਂ ਚਾਰ ਲੋਕ ਕੁਪੋਸ਼ਤ ਹਨ।