ਸਥਾਪਤੀ ਦਾ ਉਲਟਾ ਪਾਸਾ- ਸਤੀ ਕੁਮਾਰ

ਸਤੀ ਤੇ ਇਵਾਂਕਾ 1970

ਮੈਂ ਦੇਖਣ ਨੂੰ ਹੀ ਬੁਰਯੁਆ ਲੱਗਦਾ ਹਾਂ, ਅੰਦਰੋਂ ਸੁਰਖ਼ ਹਾਂ- ਸਤੀ
60ਵਿਆਂ ਵਿੱਚ ਸਤੀ ਕੁਮਾਰ ਦੀਆਂ ਕਿਤਾਬਾਂ ਪੰਚਮ ਅਤੇ ਘੋੜਿਆਂ ਦੀ ਉਡੀਕ ਨਾਲ਼ ਪੰਜਾਬੀ ਕਵਿਤਾ ਵਿਚ ਆਧੁਨਿਕਤਾਵਾਦ ਦੀ ਨੀਂਹ ਰੱਖੀ ਗਈ ਸੀ। ਅੰਮ੍ਰਿਤਾ ਪ੍ਰੀਤਮ ਨਾਲ਼ ਮਿਲ਼ ਕੇ ਨਾਗਮਣੀ ਦਾ ਆਰੰਭ ਵੀ ਇਸੇ ਸਾਹਿਤਕ ਪ੍ਰਕ੍ਰਿਆ ਦੀ ਕੜੀ ਸੀ, ਜਿਸ ਦਾ ਵਿਸਤਾਰ ਉੱਤਰ-ਆਧੁਨਿਕਤਾਵਾਦ ਅਤੇ ਅੱਜ ਦੀ ਨਵੀਂ ਕਵਿਤਾ ਤਕ ਹੁੰਦਾ ਵੇਖਿਆ ਜਾ
ਸਕਦਾ ਹੈ। ਇਹਦੇ ਬਾਵਜੂਦ ਇਸ ਸਾਹਿਤ-ਪੁਰਖ ਨੂੰ ਨੇੜਿਉਂ ਬਹੁਤ ਘੱਟ ਪਾਠਕ ਜਾਣਦੇ ਹਨ। ਹੁਣ ਨੂੰ ਦਿੱਤੀ ਇਸ ਇੰਟਰਵਿਊ ਵਿੱਚ ਇਹ ਪਹਿਲੀ ਵਾਰ ਨਿਸ਼ੰਗ ਸਾਮ੍ਹਣੇ ਆਇਆ ਹੈ।
ਇਨ੍ਹਾਂ ਗੱਲਾਂ’ ਵਿਚ ਹੋਰ ਲੇਖਕਾਂ ਦੇ ਨਾਲ ਬਹੁਤ ਸਾਰਾ ਜ਼ਿਕਰ ਅੰਮ੍ਰਿਤਾ ਪ੍ਰੀਤਮ ਦਾ ਵੀ ਹੈ। ਪਾਠਕ ਨੋਟ ਕਰਨ ਕਿ ਇਹ ਮੁਲਾਕਾਤ ਉਨ੍ਹਾਂ ਦੇ ਪਰਲੋਕ ਸਿਧਾਰਨ ਤੋਂ ਪਹਿਲਾਂ ਦੀ ਕੀਤੀ ਹੋਈ ਹੈ। ਸੱਚ ਇਹ ਵੀ ਹੈ ਕਿ ਵਾਪਰ ਚੁੱਕੀਆਂ ਘਟਨਾਵਾਂ ਦਾ ਵੇਰਵਾ ਫੇਰ ਵੀ ਨਹੀਂ ਬਦਲਦਾ।


ਹੁਣ : ਹੱਥ ਵਿੱਚ ਪਤਾ ਨਹੀਂ ਰਬੜ ਹੈ ਜਾਂ ਪੈਂਸਿਲ

ਜਿੰਨਾ ਵੀ ਲਿਖਦਾ ਹਾਂ ਓਨਾ ਹੀ ਮਿਸਦਾ ਹੈ
ਕਿਸੇ ਨੂੰ ਵਨਸਪਤੀ ਯਾਦ ਆਈ ਕਿਸੇ ਨੂੰ ਰਾਖ
ਜਦੋਂ ਇਹ ਪੁੱਛਿਆ ਗਿਆ ਸਤੀ ਨਾਂ ਕਿਸਦਾ ਹੈ
ਇਹ ਸਤਰਾਂ 1977 ਵਿੱਚ ਛਪੇ ਤੇਰੇ ਤੀਜੇ ਕਾਵਿ-ਸੰਗ੍ਰਿਹ ਰਹਾਉ ਵਿੱਚੋਂ ਹਨ। ਦੱਸ ਸਕਦੈਂ ਇਹ ਸਤੀ ਨਾਂ ਕਿਸ ਦਾ ਹੈ?
ਸਤੀ: ਇਸ ਨਾਂ ਪਿੱਛੇ ਰਾਮਪੁਰੇ ਫੂੁਲ ਦਾ ਸਤੀਸ਼ ਕਪਿਲ ਹੈ। ਚਾਰ ਭਰਾਵਾਂ ਵਿੱਚੋਂ ਸਭ ਤੋਂ ਛੋਟਾ। ਬਚਪਨ ਵਿੱਚ ਇਹਨੂੰ ਕਦੇ-ਕਦੇ ਕ੍ਰੋਧ ਦੇ ਦੌਰੇ ਪੈਂਦੇ ਸੀ। ਇਕ ਵਾਰ ਇਹਨੇ ਰੋਟੀ ਪਕਾਉਂਦੀ ਮਾਂ ਵੱਲ ਤੱਤੀ ਚਾਹ ਦਾ ਕੱਪ ਵਗਾਹ ਮਾਰਿਆ ਸੀ। ਉਦੋਂ ਘਰ ਦਿਆਂ ਨੇ ਇਹਦਾ ਨਾਂ ‘ਹੌਟ ਟੀ’ ਪਾ ਦਿੱਤਾ। ਗ਼ੁੱਸੇ ਹੋਏ ਨੂੰ ਮਨਾਉਣ ਲਈ ਮਾਂ ਆ ਕੇ ਪੁੱਛਦੀ – ਦੱਸ ਕੀ ਲੈਣੈ? ਉਹ ਕਹਿੰਦਾ- ਚਿੱਟਾ ਘੋੜਾ। ਮਾਂ ਪੁੱਛਦੀ – ਚਿੱਟੇ ਘੋੜੇ ‘ਤੇ ਚੜ੍ਹ ਕੇ ਕਿਥਂੇ ਜਾਏਂਗਾ?- ਉਹ ਜਵਾਬ ਦਿੰਦਾ – ਸਮੁੰਦਰੋਂ ਪਾਘੋੜਾ ਤਾਂ ਨਾ ਮਿਲਿਆ, ਪਰ ਉਹ ਸਮੁੰਦਰੋਂ ਪਾਰ ਜ਼ਰੂਰ ਆ ਗਿਆ। ਬਲਗਾਰੀਆ ਵਿੱਚ ਛਪੇ ਪੋਥੇ ਮਹਾਭਾਰਤ ਅਤੇ ਰਾਮਾਇਣ ਦੇ ਮੋਟੇ ਮੁਆਵਜ਼ੇ ਨਾਲ਼ ਸਭ ਤੋਂ ਪਹਿਲਾਂ ਉਹਨੇ ਚਿੱਟੀ ਕਾਰ ਫ਼ੋਰਡ ਮੁਸਟਾਂਗ ਖ਼ਰੀਦੀ। ਇਸ ਤਰ੍ਹਾਂ ਚਿੱਟੇ ਘੋੜੇ ਦਾ ਸ਼ੌਕ ਵੀ ਪੂਰਾ ਕੀਤਾ। ਸਪੇਨੀ ਨਸਲ ਦੇ ਜੰਗਲੀ ਘੋੜਿਆਂ ਨੂੰ ਮੁਸਟਾਂਗ ਕਹਿੰਦੇ ਨੇ। ਅਮਰੀਕਾ ਵਿੱਚ ਇਹਨਾਂ ਅੱਥਰੇ ਘੋੜਿਆਂ ਨੂੰ ਜੰਗਲਾਂ ਵਿੱਚੋਂ ਫੜ ਕੇ ਅਸੀਲਨ ਦਾ ਕਿੱਤਾ ਮਸ਼ਹੂਰ ਸੀ। ਅੱਜ ਇਹ ਆਜ਼ਾਦ ਘੋੜੇ ਨਹੀਂ ਰਹੇੇ। ਸਾਰੇ ਅਸੀਲੇ ਗਏ। ਹੁਣ ਇਹਨੂੰ ਵੀ ਕ੍ਰੋਧ ਦੇ ਦੌਰੇ ਨਹੀਂ ਪੈਂਦੇ। ਇਹਨੂੰ ਕਵਿਤਾ ਨੇ ਅਸੀਲਿਆ।
ਸਤੀਸ਼ ਪੜ੍ਹਨ ਵਿੱਚ ਤੇਜ਼ ਸੀ। ਪੰਜਾਬ ਵਿੱਚ ਬੈਠੇ ਮਾਪੇ ਸੋਚਦੇ ਸੀ ਕਿ ਬੀ.ਏ. ਕਰਕੇ ਘਰੋਂ ਨਿਕਲ਼ਿਆ ਪੁੱਤ ਆਈ.ਏ.ਅੇੈੱਸ. ਪਾਸ ਕਰਕੇ ਇਕ ਦਿਨ ਡੀ.ਸੀ ਲੱਗੇਗਾ। ਪਰ ਉਹ ਪੈ ਗਿਆ ਲੇਖਕਾਂ ਦੀ ‘ਮਾੜੀ’ ਸੰਗਤ ਵਿੱਚ। ਸਤੀ ਕੁਮਾਰ ਨਾਂ ਇਸ ਮਾੜੀ ਸੰਗਤ ਵਿੱਚ ਪਿਆ। ਪੰਜਾਬ ਬੈਠੇ ਮਾਪਿਆਂ ਤੋਂ ਛੁਪਣ ਲਈ…

ਮਿੱਟੀ ਦੀ ਜ਼ਬਾਨ
ਹੁਣ : ਕਿ ਤੂੰ ਪੰਜਾਬੀ ਵਿੱਚ ਲਿਖਣਾ ਪਸੰਦ ਨਹੀਂ ਕਰਦਾ।
ਸਤੀ: ਅੱਛਾ? ਲ਼ੰਡਨ ਵਾਲਿਆਂ ਦੀ ਕ੍ਰਿਪਾ। ਮੈ ਤਾਂ ਇਹ ਕਿਹਾ ਸੀ ਕਿ ਪੰਜਾਬੀ ਤੋਂ ਅਲਾਵਾ ਮੈਨੂੰ ਹੋਰ ਭਾਸ਼ਾਵਾਂ ਵਿੱਚ ਵੀ ਲਿਖਣ ਦੀ ਸੁਵਿਧਾ ਹੈ। ਪੰਜਾਬੀ ਵਿੱਚ ਲਿਖਣਾ ਮੇਰੀ ਮਜਬੂਰੀ ਨਹੀਂ, ਝੱਲ ਹੈ। ਇਹ ਮੇਰੀ ਰੂਹ ਦੀ ਚੋਣ ਸੀ। ਉਹਨਾਂ ਨੇ ਇਸ ਗੱਲ ਨੂੰ ਆਪਣੀ ਲੋੜ ਅਨੁਸਾਰ ਢਾਲ਼ ਲਿਆ।
ਲੰਡਨ ਵਾਲਿਆਂ ਵਿੱਚ ਕੁਝ ਬੌਧਿਕ ਫ਼ਰੱਸਟਰੇਸ਼ਨ ਵੀ ਹੈ। ਇਸ ਨੇ ਕਿਸੇ ਤਰ੍ਹਾਂ ਨਿਕਲਣਾ ਹੀ ਹੋਇਆ। ਅੰਮ੍ਰਿਤਾ ਨੇ ਇਕ ਵਾਰ ਮੈਨੂੰ ਸਾਵਧਾਨ ਵੀ ਕੀਤਾ ਸੀ ਲੰਡਨ ਦੇ ਇਸ ਅਦਬੀ ਮਾਹੌਲ ਤੋਂ। ਉਹ ਇਮਰੋਜ਼ ਨਾਲ ਲੰਡਨ ਗਈ ਸੀ ਤਾਂ ਦੇਸ ਪਰਦੇਸ ਵਾਲ਼ਾ ਪੁਰੇਵਾਲ਼ ਕੈਮਰਾ ਚੁੱਕ ਕੇ ਉਨ੍ਹਾਂ ਦੇ ਮਗਰ ਪੈ ਗਿਆ ਸੀ। ਆਪਣੇ ਪਰਚੇ ‘ਦੇਸ ਪਰਦੇਸ’ ਦੇ ਕਵਰ ‘ਤੇ ਅੰਮ੍ਰਿਤਾ ਪ੍ਰੀਤਮ ਦੀ ਫ਼ੋਟੋ ਲਾਉਣ ਦੀ ਉਸ ਨੇ ਸੌਂਹ ਚੁੱਕੀ ਹੋਈ ਸੀ। ਸੱਤਰਵਿਆਂ ਵਿੱਚ ਉਹ ਕਿਸੇ ਕਵੀ ਦੇ ਨਾਲ਼ ਮੈਨੂੰ ਸਟੌਕਹੋਮ ਮਿਲਣ ਆਇਆ ਸੀ। ਇਹ ਗੱਲ ਉਹਨੇ ਆਪ ਦੱਸੀ।
ਹੋਰਨਾਂ ਜ਼ਬਾਨਾਂ ਵਿੱਚ ਮੈਂ ਭਾਵੇਂ ਕਿੰਨਾ ਵੀ ਛਪਾਂ, ਆਪਣੀ ਮਾਂ-ਬੋਲੀ ਤੋਂ ਬਾਹਰ ਮੇਰੀ ਕੋਈ ਸੱਤਾ ਨਹੀਂ। ਇਸ ਤੱਥ ਤੋਂ ਮਂੈ ਚੰਗੀ ਤਰ੍ਹਾਂ ਚਿਤੰਨ ਹਾਂ। ਕਵਿਤਾ ਉਸੇ ਬੋਲੀ ਵਿੱਚ ਲਿਖੀ ਜਾ ਸਕਦੀ ਹੈ, ਜਿਸ ਬੋਲੀ ਵਿੱਚ ਮੂੰਹੋਂ ਪਹਿਲਾ ਬੋਲ ਉਚਾਰਿਆ ਹੋਵੇ। ਪੈਸਾ ਮੈਂ ਹੋਰਨਾਂ ਭਾਸ਼ਾਵਾਂ ਵਿੱਚ ਹੀ ਲਿਖ ਕੇ ਕਮਾਇਆ ਹੈ। ਪੰਜਾਬੀ ਵਿੱਚ ਲਿਖ ਕੇ ਅਜੇ ਤਕ ਇਕ ਧੇਲਾ ਵੀ ਨਹੀਂ ਖੱਟਿਆ ਤੇ ਨਾ ਹੀ ਇਸ ਦਾ ਅਫ਼ਸੋਸ ਹੈ। ਝੱਲ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਮਂੈ ਪੰਜਾਬ ਦਾ ਜੰਮ-ਪਲ ਹਾਂ ਤੇ ਹੋਰ ਪੰਜਾਬੀ ਲੇਖਕਾਂ ਵਾਂਗ ਮੇਰਾ ਵਿਰਸਾ ਵੀ ਪੰਜਾਬੀ ਬੋਲੀ ਹੈ। ਸੁਪਨੇ ਵਿੱਚ ਵੀ ਮੈ ਇਹੋ ਬੋਲੀ ਬੋਲਦਾ ਹਾਂ।

ਹੁਣ : ਤੂੰ ਪੰਜਾਬੀ ਲਿਖਣੀ ਸਕੂਲ ਵਿੱਚ ਸਿੱਖੀ ਸੀ ?
ਸਤੀ: ਨਹੀਂ। ਪੰਜਾਬੀ ਲਿਖਣੀ ਮੈਂ ਬਚਪਨ ਵਿੱਚ ਆਪਣੇ ਆੜੀ ਜਸਬੀਰ ਸਿੱਧੂ ਤੋਂ ਸਿੱਖੀ ਸੀ। ਪੰਜਾਬੀ ਅੱਖਰ ਉਹਨੇ ਖੇਡ-ਖੇਡ ਵਿੱਚ ਰੇਤੇ ਵਿੱਚ
ਉਂਗਲ਼ੀ ਨਾਲ਼ ਲਿਖ ਕੇ ਸਿਖਾਏ। ਇਹ ਗਿਆਨ ਜਸਬੀਰ ਦੇ ਬਹਾਨੇ ਮੈਨੂੰ ਮਿੱਟੀ ਨੇ ਦਿੱਤਾ ਹੈ। ਬਦਲੇ ਵਿੱਚ ਮੈਂ ਉਹਨੂੰ ਇਸੇ ਤਰ੍ਹਾਂ ਹਿੰਦੀ ਸਿਖਾਈ।
ਟਿੱਬਿਆਂ ਦੇ ਰੇਤੇ ਵਿੱਚ ਉਂਗਲ਼ੀ ਨਾਲ਼ ੳ ਅ ਲਿਖ ਕੇ ਪੈਂਤੀ ਸਿੱਖਣ ਵਰਗਾ ਸੁਆਦ ਕਦੇ ਕੋਈ ਹੋਰ ਭਾਸ਼ਾ ਸਿੱਖ ਕੇ ਨਹੀਂ ਆਇਆ। ਪੰਜਾਬੀ
ਮੇਰੀ ਮਿੱਟੀ ਦੀ ਜ਼ਬਾਨ ਹੈ। ਜਸਬੀਰ ਤਾਂ ਜਵਾਨੀ ਵਿੱਚ ਹੀ ਮਰ ਗਿਆ। ਪਰ ਮੈਨੂੰ ਨਿਸ਼ਾਨੀ ਵਧੀਆ ਦੇ ਗਿਆ। ਹਿੰਦੀ, ਸੰਸਕ੍ਰਿਤ ਤੇ ਕੁਝ
ਯੌਰਪੀਨ ਜ਼ਬਾਨਾਂ ਦਾ ਵੀ ਮੈਨੂੰ ਕੁਝ ਗਿਆਨ ਹੈ। ਪਰ ਉਹ ਪੰਜਾਬੀ ਦੀ ਤਰ੍ਹਾਂ ਮੇਰੀ ਸੰਵੇਦਨਾ ਦਾ ਹਿੱਸਾ ਨਹੀਂ ਹਨ।
ਇਕ ਵਾਰ ਮੇਰੇ ਮਿਤਰ ਸ਼੍ਰੀਕਾਂਤ ਵਰਮਾ ਨੇ ਦਿੱਲੀ ਦੀ ਕਿਸੇ ਮਜਲਿਸ ਵਿੱਚ ਮੇਰਾ ਪਰੀਚਯ ਇਸ ਤਰ੍ਹਾਂ ਕਰਾਇਆ – ਸਤੀ ਕੁਮਾਰ
ਹਿੰਦੀ ਕੇ ਪ੍ਰਸਿੱਧ ਸਾਹਿਤਯਕਾਰ ਹੈਂ।- ਮੈਂ ਟੋਕ ਕੇ ਕਿਹਾ – ਮੈਂ ਪੰਜਾਬੀ ਕਾ ਐਸਾ ਸਾਹਿਤਯਕਾਰ ਹੂੰ ਜੋ ਥੋੜ੍ਹਾ ਬਹੁਤ ਹਿੰਦੀ ਮੇਂ ਭੀ ਲਿਖ ਲੇਤਾ
ਹੈ।- ਇਸੇ ਤਰ੍ਹਾਂ ਧਰਮਵੀਰ ਭਾਰਤੀ ਦੇ ਕਹਿਣ ‘ਤੇ ਬਲਗਾਰੀਆ ਤੋਂ ਧਰਮਯੁਗ ਵਿੱਚ ਮੈਂ ਕਾਲਮ ਲਿਖਿਆ ਕਰਦਾ ਸੀ – ਯੋਰਪਨਾਮਾ, ਜੋ ਬੜਾ
ਪੜ੍ਹਿਆ ਜਾਂਦਾ ਸੀ। ਪਰ ਇੰਨੇ ਨਾਲ਼ ਹੀ ਮੈ ਹਿੰਦੀ ਵਾਲ਼ਿਆਂ ਦਾ ਨਹੀਂ ਹੋ ਜਾਂਦਾ। ਜੇ ਉਹ ਕਿਸੇ ਪੰਜਾਬੀ ਲੇਖਕ ਨੂੰ ਆਪਣੇ ਨਾਲ਼ ਬਿਠਾਉਂਦੇ ਵੀ
ਨੇ, ਤਾਂ ਮੈਂ ਸਮਝਦਾ ਹਾਂ ਇਸ ਵਿੱਚ ਪੰਜਾਬੀ ਦਾ ਮਾਣ ਹੀ ਹੈ ।
ਪੰਜਾਬੀ ਵਿੱਚ ਵੀ ਕੁਝ ਅਜੇਹੇ ਮਹਾਂਪੁਰਖ ਹਨ, ਜੋ ਪੰਜਾਬੀ ਉੱਤੇ ਹਿੰਦੀ ਕਵਿਤਾ ਦੇ ਪ੍ਰਭਾਵ ਦਾ ਰਾਗ ਕਦੇ-ਕਦੇ ਅਲਾਪਦੇ ਰਹਿੰਦੇ ਨੇ। ਐੇਸੇ ਵੇਲੇ ਮੇਰਾ ਨਾਂ ਕੰਮ ਆ ਜਾਂਦੈ। ਗਲੋਬਲੀ ਗੱਲਾਂ ਕਰਦੇ ਕਦੇ-ਕਦੇ ਪਤਾ ਨਹੀਂ ਕਿਉਂ ਅਸੀਂ ਸੂਬਾਈ ਪੱਧਰ ‘ਤੇ ਸੁੰਗੜ ਜਾਂਦੇ ਹਾਂ। ਵੈਸੇ ਪੰਜਾਬੀ ‘ਤੇ ਕਿਹੜੀ ਭਾਸ਼ਾ ਦਾ ਪ੍ਰਭਾਵ ਨਹੀਂ? ਉਰਦੂ ਅਤੇ ਫ਼ਾਰਸੀ ਦਾ ਥੋੜ੍ਹਾ ਹੈ? ਪੰਜਾਬੀ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਨੇ। ਇਹਨਾਂ ਵਿੱਚ ਉਪਰੋਂ ਪੈਂਦੀ ਹਰ ਬਰਸਾਤ ਨੂੰ ਸੋਖ ਲੈਣ ਦੀ ਸਮਰੱਥਾ ਹੈ। ਸੁਰਜੀਤ ਹਾਂਸ ਅਪਣੀ ਕਵਿਤਾ ਵਿੱਚ ਰੱਜ ਕੇ ਫ਼ਾਰਸੀ ਵਰਤਦਾ ਹੈ। ਮੇਰੇ ਖ਼ਿਆਲ ਵਿੱਚ ਇਸ ਨਾਲ ਪੰਜਾਬੀ ਕਵਿਤਾ ਵਿੱਚ ਖੜੋਤ ਨਹੀਂ ਆਈ, ਸਗੋਂ ਉਹ ਅੱਗੇ ਵਧੀ ਹੈ। ਰਹਾਉ ਦੀ ਇਕ ਕਵਿਤਾ ਵਿੱਚ ਮੈਂ ਹਿੰਦੀ ਦੀ ਸਤਰ ਵਰਤੀ ਹੈ:

ਕੁੱਤੇ ਨੂੰ ਪੁੱਛਿਆ ਮੈਂ/ ਪੂੰਛ ਕਿਉਂ ਹਿਲਾਤੇ ਹੋ / ਜਵਾਬ ਵਿਚ ਕੁੱਤੇ ਨੇ/ ਫਿਰ ਪੂੰਛ ਹਿਲਾ ਦਿਤੀ। ਇਸ ਨੂੰ ਜੇ ਕੋਈ ਪੰਜਾਬੀ ਉੱਤੇ ਹਿੰਦੀ ਦਾ
ਪ੍ਰਭਾਵ ਕਹਿੰਦਾ ਹੈ ਤਾਂ ਉਸ ਨੂੰ ਕਵਿਤਾ ਦੀ ਸਮਝ ਨਹੀਂ। ਜੇ ਸਾਨੂੰ ਇਹ ਪਤਾ ਹੋਵੇ ਕਿ ਵਿਦੇਸ਼ਣਾਂ ਨੂੰ ਕਿਹੜੇ ਬੂਹਿੳਂ ਅੰਦਰ ਵਾੜਣਾ ਹੈ ਤਾਂ
ਪੰਜਾਬੀ ਨੂੰ ਕੋਈ ਖ਼ਤਰਾ ਨਹੀਂ।

ਕਰੋਲ ਬਾਗ਼ ਦਾ ਆਨੰਦ ਪਰਬਤ

ਹੁਣ : ਕੁਝ ਸਾਲ ਪਹਿਲਾਂ ਦੀ ਗੱਲ ਹੈ ਕਿ ਆਪਾਂ ਚਾਰ ਦਿਨ ਤੇ ਚਾਰ ਰਾਤਾਂ ਇਕੱਠਿਆਂ ਗੁਜ਼ਾਰੀਆਂ ਸਨ। ਇੱਕੋ ਕਮਰੇ ਵਿਚ ਸੁੱਤੇ ਸੀ। ਅਸੀਂ
ਕਵਿਤਾ ਸੁਣਾਉਣ ਜਾਂ ਲਿਖਣ ਦੀ ਕੋਈ ਗੱਲ ਨਹੀਂ ਸੀ ਕੀਤੀ ਤੇ ਫੇਰ ਇਸ ਬਾਰੇ ਆਪੇ ਹੀ ਖ਼ੁਸ਼ ਵੀ ਹੋਏ। ਕੀ ਤੈਨੂੰ ਕਵਿਤਾ ਸੁਣਾਉਣ ਦਾ ਚਾਅ ਨਹੀਂ ਆਉਂਦਾ ?
ਸਤੀ: ਚਾਅ ਤਾਂ ਜ਼ਰੂਰ ਚੜ੍ਹਦਾ ਹੈ, ਪਰ ਮੇਰੇ ਵਿੱਚ ਇਹ ਜ਼ੁੱਰਅਤ ਨਹੀਂ ਕਿ ਇਸ ਤਰ੍ਹਾਂ ਗੈਸਟ ਹੋਣ ਦਾ ਫ਼ਾਇਦਾ ਉਠਾਵਾਂ ਜਾਂ ਘਰੇ ਆਏ ਗੈਸਟ ਨੂੰ ਬਿਠਾ ਕੇ ਬੋਰ ਕਰਾਂ। ਮੈਨੂੰ ਹੈਰਾਨੀ ਹੋਈ ਸੀ ਕਿ ਤੂੰ ਵੀ ਮੇਰੇ ਵਰਗਾ ਨਿਕਲ਼ਿਆ। ਨਹੀਂ ਤਾਂ ਪੰਜਾਬੀ ਕਵੀ ਅਪਣੀਆਂ ਕਵਿਤਾਵਾਂ ਦਾ ਖੰਡਪਾਠ
ਕਰ ਕੇ ਹੀ ਰੋਟੀ ਖੁਆਂਦੇ ਨੇ। ਦੋਸਤਾਂ ਨੂੰ ਮਿਲ ਕੇ ਕਵਿਤਾਈ ਕਰਨ ਦੀ ਥਾਵੇਂ ਮੈਨੂੰ ਗੱਪਾਂ ਮਾਰਨ ਦਾ ਸ਼ੌਕ ਬਹੁਤਾ ਹੈ।
ਵੈਸੇ ਯੌਰਪ ਵਿੱਚ ਇਸ ਦੀ ਪਿਰਤ ਵੀ ਨਹੀਂ। ਨਵੀਂ ਕਵਿਤਾ ਦਾ ਬੌਧਿਕ ਪੱਖ ਵੀ ਇਸ ਤਰ੍ਹਾਂ ਦੇ ਪ੍ਰਾਈਵੇਟ ਕਵਿਤਾ ਪਾਠ ਜਾਂ ਮੰਚੀਕਰਨ ਵਿੱਚ ਅੜਚਨ ਪੌਂਦਾ ਹੈ। ਸੁਰਜੀਤ ਪਾਤਰ ਵਾਂਗ ਹਰ ਕਿਸੇ ਨੂੰ ਕਵਿਤਾ ਦੇ ਨਾਲ਼-ਨਾਲ਼ ਵਾਣੀ ਦਾ ਵਰ ਨਹੀਂ ਮਿਲਿਆ। ਮੈਨੂੰ ਤਾਂ ਮੰਚ ਤੋਂ ਹੀ ਡਰ
ਲਗਦੈ। ਆਪਣੀ ਸੀਮਾ ਦਾ ਗਿਆਨ ਹੋਣਾ ਚਾਹੀਦੈ।

ਹੁਣ : ਹੋਰਾਂ ਤੋਂ ਕਵਿਤਾ ਸੁਣਨਾ ਤੈਨੂੰ ਕਿਵੇਂ ਲੱਗਦਾ ਹੈ?
ਸਤੀ: ਡਾਕਟਰ ਹਰਿਭਜਨ ਸਿੰਘ ਦੇ ਮੂੰਹੋਂ ਕਵਿਤਾਵਾਂ ਸੁਨਣ ਦਾ ਅਨੁਭਵ ਕੁਝ ਉਹੋ ਜਿਹਾ ਸੀ, ਜਿਸ ਨੂੰ ਸੰਸਕ੍ਰਿਤ ਵਿੱਚ ਬ੍ਰਹਮਾਨੰਦ ਸਹੋਦਰਮ ਕਿਹਾ ਜਾਂਦੈ। ਯਾਨੀ ਕਵਿਤਾ ਦਾ ਆਨੰਦ ਬ੍ਰਹਮਾ ਦੇ ਮਿਲ਼ ਜਾਣ ਵਰਗਾ ਹੁੰਦਾ ਹੈ। ਇਹ ਆਨੰਦ ਉਸ ਦੀ ਸੰਗਤ ਵਿੱਚ ਮੈਂ ਕਾਫ਼ੀ ਮਾਣਿਆ ਹੈ। ਦੇਵ ਨਗਰ ਦੀ ਪਹਾੜੀ ਹੈ- ਆਨੰਦ ਪਰਬਤ। ਮੈਂ ਕਹਿੰਦਾਂ – ਹਰਿਭਜਨ ਕਰੋਲ ਬਾਗ਼ ਦਾ ਆਨੰਦ ਪਰਬਤ ਹੈ। ਨਾਈਵਾਲ਼ੇ ਵਿੱਚ ਕਛਹਿਰਾ ਪਾਈ ਕਦੇ-ਕਦੇ ਉਹ ਹਵਾ ਵਿੱਚ ਸਿਰ ਦੇ ਵਾਲ਼ ਸੁਖਾ ਰਿਹਾ ਹੁੰਦਾ। ਅੰਦਰਲੇ ਸਰੂਰ ਵਿੱਚ ਜੰਗਮ ਸਾਧਾਂ ਵਾਂਗ ਲਗਾਤਾਰ ਖੱਬੇ-ਸੱਜੇ
ਡੋਲਦਾ। ਘਰੋਂ ਜਿਵੇਂ ਹਜ਼ਾਰ ਆਤਿਸ਼ਾ ਪੀ ਕੇ ਬਾਹਰ ਆਇਆ ਹੋਵੇ। ‘ਤਾਰ ਤੁਪਕੇ’ ਵਿੱਚ ਇਸ ਡਰਿੰਕ ਦਾ ਜ਼ਿਕਰ ਹੈ। ਬੁੱਲ੍ਹ ਉਹਦੇ ਸਦਾ ਫੜਕਦੇ ਰਹਿੰਦੇ ਸੀ। ਭਾਵੇਂ ਕੱਲਾ ਹੀ ਹੋਵੇ। ਕਾਗ਼ਜ਼ ‘ਤੇ ਉਤਾਰਨ ਤੋਂ ਪਹਿਲਾਂ ਹਰਿਭਜਨ ਕਵਿਤਾ ਨਾਲ਼ ਗੱਲਾਂ ਕਰਦਾ ਹੁੰਦਾ ਸੀ। ਫੇਰ ਇਹ ਗੱਲਾਂ ਮਦਰਾਸ ਕੌਫ਼ੀ ਹਾਊਸ ਵਿੱਚ ਜਾਂ ਸੈਰ ਕਰਦਿਆਂ ਸਾਨੂੰ ਸੁਣਾਉਂਦਾ। ਉਸ ਤੋਂ ਬਾਅਦ ਉਨ੍ਹਾਂ ਨੂੰ ਕਾਗ਼ਜ਼ ‘ਤੇ ਉਲੀਕਦਾ। ਅੱਧ-ਰੈਣੀ ਤੇ ਨਾ ਧੁੱਪੇ ਨਾ ਛਾਵੇਂ ਵਾਲ਼ੀਆਂ ਤੇ ਹਰਿਭਜਨ ਦੀਆਂ ਹੋਰ ਕਿੰਨੀਆਂ ਹੀ ਕਵਿਤਾਵਾਂ ਦੀ ਸ੍ਰਿਜਣ-ਪ੍ਰਕ੍ਰਿਆ ਹੈ ਇਹ।

ਹੁੰਦਾ ਇਸ ਤਰ੍ਹਾਂ ਸੀ ਕਿ ਸਾੜ੍ਹੀਆਂ ਦੀ ਦੁਕਾਨ ਬੰਦ ਕਰਕੇ ਹਰਨਾਮ ਸਿੱਧਾ ਠੇਕੇ ਜਾਂਦਾ। ਸ਼ੂਰਜ ਛਿਪੇ ਅਸੀਂ ਉਸ ਰਿੱਜ ‘ਤੇ ਜਾ ਚੜ੍ਹਦੇ, ਜਿਥੇ ਹੁਣ ਬਿਰਲਾ ਮੰਦਿਰ ਦੇ ਪਿੱਛੇ ਟੈਗੋਰ ਥੀਏਟਰ ਦੀ ਬਿਲਡਿੰਗ ਉਸਰੀ ਹੋਈ ਹੈ। ਹਰਨਾਮ ਦੇ ਨੇਫ਼ੇ ਵਿੱਚ ਵ੍ਹਿਸਕੀ ਦੀ ਬੋਤਲ ਹੁੰਦੀ ਤੇ ਹਰਿਭਜਨ ਦੀਆਂ ਉਂਗਲ਼ਾਂ ‘ਤੇ ਬੇਸਬਰ ਚੀਨਾ ਕਬੂਤਰ ਪਰ ਤੋਲ ਰਿਹਾ ਹੁੰਦਾ। ਪਹਾੜ ਦੀ ਚੋਟੀ ‘ਤੇ ਬਹਿ ਕੇ ਹਰਿਭਜਨ ਕਵਿਤਾਵਾਂ ਦੇ ਕਬੂਤਰ
ਉਡਾਉਂਦਾ ਤੇ ਅਸੀਂ ਉਹਨਾਂ ਨੂੰ ਉਡਾਰੀਆਂ ਲੌਂਦੇ ਵੇਖ ਅਸ਼-ਅਸ਼ ਕਰਦੇ। ਹਨੇਰਾ ਹੋ ਜਾਣ ਤਕ ਇਹ ਕਬੂਤਰਬਾਜ਼ੀ ਚੱਲਦੀ ਰਹਿੰਦੀ। ਫਿਰ ਖ਼ਾਲੀ ਹੋਈ ਬੋਤਲ ਹੇਠਾਂ ਵਗਾਹ ਮਾਰਦੇ। ਪੱਥਰਾਂ ਨਾਲ਼ ਟਕਰਾ ਕੇ ਤੋਬਾ ਤੋਬਾ ਕਰਦੀ ਬੋਤਲ ਕਿਤੇ ਹੇਠਾਂ ਜਾ ਕੇ ਸਿਰ ਭੰਨਾ ਲੈਂਦੀ। ਇਸ ਪਿੱਛੋਂ
ਸਾਡੇ ਘਰੀਂ ਪਰਤਣ ਦਾ ਵੇਲਾ ਹੁੰਦਾ।
ਪਹਾੜੀ ਤੋਂ ਉਤਰਨ ਲਗਿਆਂ ਕਦੇ ਕਦੇ ਡਾਕਟਰ ਸਾਹਿਬ ਦਾ ਪੈਰ ਡੋਲ ਜਾਂਦਾ। ਇਕ ਵਾਰ ਤਾਂ ਅਸੀਂ ਉਸ ਨੂੰ ਮੋਢਿਆਂ ਦਾ ਸਹਾਰਾ ਦੇ ਕੇ ਘਰ ਪੁਚਾਇਆ ਸੀ। ਇਹ ਨਸ਼ਾ ਕਵਿਤਾ ਦਾ ਬਹੁਤਾ ਹੁੰਦਾ ਸੀ, ਵਿਸਕੀ ਦਾ ਘੱਟ। ਕਵਿਤਾਵਾਂ ਸੁਣਾਉਣ ਦੀ ਆਪਣੀ ਮਜਬੂਰੀ ਦਾ ਜ਼ਿਕਰ ਹਰਿਭਜਨ ਨੇ ਆਪ ਵੀ ਕੀਤਾ ਹੈ। ਧੁੱਪੇ ਬਲ਼ਦਾ ਦੀਵਾ ਵਿੱਚ ਸ਼ਾਇਦ। ਕਦੇ-ਕਦੇ
ਪਟਿਆਲੇ ਜਾ ਕੇ ਉਹ ਅਤਰ ਸਿੰਘ ਨੂੰ ਫੜ ਲੈਂਦਾ ਸੀ। ਦਿੱਲੀ ਅਸੀਂ ਉਸ ਦੇ ਲੋਟ ਆ ਜਾਂਦੇ।

ਸੇਲਬਰਾਹ ਦੀ ਕੁੜੀ

ਹੁਣ : ਆਰਸੀ ਵਿੱਚ ਅਜੀਤ ਕੌਰ ਨਾਲ ਹੋਈਆਂ ਗੱਲਾਂ ਵਿੱਚ ਤੂੰ ਇਕ ਥਾਂ ਕਿਹਾ ਕਿ ਸੇਵਾਦਾਰ ਤੇਰੇ ਪਿਤਾ ਦੇ ਹੁੱਕੇ ਦਾ ਪਾਣੀ ਬਦਲਦੇ ਤੇ ਚਿਲਮ ਵਿੱਚ ਅੱਗ ਭਰਦੇ ਸੀ। ਇਨ੍ਹਾਂ ਸੇਵਾਦਾਰਾਂ ਵਿੱਚ ਤੇਰੇ ਮਾਤਾ ਜੀ ਵੀ ਸਨ। ਇਹ ਵੀ ਕਿ ਤੂੰ ਬਚਪਨ ਵਿੱਚ ਆਪਣੇ ਪਿਤਾ ਜੀ ਨੂੰ ਆਪ ਚਿਲਮ ਵਿੱਚ ਅੱਗ ਭਰਦਿਆਂ ਕਦੇ ਨਹੀ ਵੇਖਿਆ, ਹੁੱਕਾ ਗੁੜਗੁੜਾਂਦਿਆਂ ਹੀ ਵੇਖਿਆ। ਕਿਹੋ ਜਹੇ ਸਨ ਤੇਰੇ ਮਾਂ-ਬਾਪ?
ਸਤੀ: ਇਹ ਗੱਲ ਮੈਂ ਔਰਤ ਦੀ ਸਮਾਜਕ ਸਥਿਤੀ ਦੇ ਸੰਦਰਭ ਵਿੱਚ ਕਹੀ ਸੀ। ਘਰ ਦੇ ਬਾਹਰ ਬਣੇ ਕਮਰੇ ਵਿੱਚ ਮੇਰੇ ਪਿਤਾ ਨੇ ਤਖ਼ਤਪੋਸ਼ ‘ਤੇ ਆਪਣਾ ਸਿੰਘਾਸਨ ਲਾਇਆ ਹੁੰਦਾ ਸੀ। ਗ੍ਰਹਸਥੀ ਵਿੱਚ ਬਹੁਤਾ ਦਖ਼ਲ ਨਹੀਂ ਸੀ ਦਿੰਦੇ। ਕਹਿਣ ਕਿ ਮੇਰੀ ਹੁਣ ਵਾਣਪ੍ਰਸਥ ਦੀ ਉਮਰ ਹੈ। ਰਸੋਈ ਵਿੱਚ ਭੋਜਨ ਛਕਣ ਹੀ ਔਂਦੇ। ਚੁੱਲ੍ਹੇ ਵਿੱਚੋਂ ਚਿਲਮ ਵਿੱਚ ਅੱਗ ਭਰ ਕੇ ਲਿਆਉਣ ਦਾ ਕੰਮ ਉਨ੍ਹਾਂ ਦੇ ਚੇਲੇ ਕਰਦੇ। ਚੇਲੇ ਨੇੜੇ-ਤੇੜੇ ਨਾ ਹੁੰਦੇ ਤਾਂ, ਮੇਰੀ ਮਾਂ ਉੱਤਮ ਨੂੰ ਆਵਾਜ਼ ਮਾਰਦੇ। ਉਂਜ ਘਰ ਵਿੱਚ ਰਾਜ ਮੇਰੀ ਮਾਂ ਦਾ ਚੱਲਦਾ ਸੀ।
ਪਿਤਾ ਮੇਰਾ ਗੁਰੂਕੁਲ ਵਿੱਚ ਪੜ੍ਹਿਆ ਸੰਸਕ੍ਰਿਤ ਦਾ ਵਿਦਵਾਨ ਸੀ, ਪਰ ਮਾਂ ਨੂੰ ਅਖੱਰ-ਗਿਆਨ ਨਹੀਂ ਸੀ। ਮਂੈ ਅਣਪੜ੍ਹ ਸ਼ਬਦ ਨਹੀਂ ਵਰਤ ਰਿਹਾ, ਕਿਉਂਕਿ ਗਿਆਨ ਦਾ ਸਬੰਧ ਅੱਖਰਾਂ ਨਾਲ਼ ਆਰਜ਼ੀ ਹੈ। ਆਪਣੇ ਪਤੀ ਨੂੰ ਮਿਲਣ ਆਉਂਦੇ ਸਾਧ-ਸੰਤਾਂ ਦਾ ਬਚਨ-ਬਿਲਾਸ ਸੁਣਸੁਣ ਕੇ ਉਹਦੇ ਗਿਆਨ-ਚਕਸ਼ੂ ਖੁੱਲ੍ਹੇ ਹੋਏ ਸੀ। ਸਿਮਰਤੀ ਤੇਜ਼ ਹੋਣ ਕਾਰਣ ਉਸ ਨੂੰ ਸੁਣੀ ਗੱਲ ਕਦੇ ਭੁੱਲਦੀ ਨਹੀਂ ਸੀ। ਕੁਝ ਵੇਦ ਮੰਤਰ ਵੀ ਉਸ ਨੂੰ ਯਾਦ ਸਨ। ਮੈ ਚੌਹਾਂ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹਾਂ, ਜਿਸ ਕਰਕੇ ਮੇਰੀਆਂ ਯਾਦਾਂ ਮਾਂ-ਪਿਉ ਦੀ ਵੱਡੀ ਉਮਰ ਨਾਲ਼ ਹੀ ਜੁੜੀਆਂ ਹੋਈਆਂ ਹਨ।
ਮੈਨੂੰ ਕੁਝ ਅੱਖਰ-ਗਿਆਨ ਹੋਇਆ ਤਾਂ ਫੱਟੀ ਪੋਚ ਕੇ ਇਕ ਦਿਨ ਮੈਂ ਆਪਣੀ ਮਾਂ ਨੂੰ ਵੀ ਸਿਖਿਅਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੈਂ ਪੈਂਸਲ ਨਾਲ਼ ਫੱਟੀ ‘ਤੇ ਪੈਂਤੀ ਵਾਹੀ ਤੇ ਮਾਂ ਨੂੰ ਆਖਿਆ- ਲਉ ਮਾਂ ਇਹ ਬੜਾ ਸੌਖਾ ਕੰਮ ਹੈ। ਤੁਸੀਂ ਬਸ ਮੇਰੇ ਵਾਹੇ ਅੱਖਰਾਂ ‘ਤੇ ਕਲਮ ਨਾਲ਼ ਬਸ ਕਾਲ਼ੀ ਸਿਆਹੀ ਹੀ ਲਾਉਣੀ ਹੈ।
ਉਹਨੇ ਕਲਮ ਫੜ ਲਈ ਤੇ ਕੁਝ ਦੇਰ ਬੈਠੀ ਫੱਟੀ ਨੂੰ ਘੂਰਦੀ ਰਹੀ। ਫਿਰ ਕਲਮ ਸੁੱਟ ਦਿਤੀ ਤੇ ਗ਼ੁੱਸੇ ਵਿੱਚ ਉਠ ਕੇ ਚਲੀ ਗਈ। ਬੋਲੀ ਮੈਂ ਕੋਈ ਕਮਲ਼ੀ ਆਂ ਫੱਟੀ ਨਾਲ਼ ਸਿਰ ਖਪਾਵਾਂ?!
ਪਿਤਾ ਦਾ ਸੁਭਾਅ ਜਿੰਨਾ ਨਰਮ ਮਾਂ ਦਾ ਉਨਾ ਹੀ ਗਰਮ ਸੀ। ਸਾਰੀ ਗਲ਼ੀ ਡਰਦੀ ਸੀ ਉਸ ਤੋਂ। ਪਰ ਅੰਦਰੋਂ ਮੋਹ ਵਿੱਚ ਗੜੁੱਚ। ਸਾਡੇ ਘਰ ਦੋ ਗਊਆਂ ਸੀ। ਇਕ ਚਿੱਟੀ ਤੇ ਇਕ ਨਸਵਾਰੀ ਰੰਗ ਦੀ ਕਪਲਾ ਗਊ। ਦੁੱਧ ਚੋਣ ਵੇਲੇ ਉਹ ਮੈਨੂੰ ਕਪਲਾ ਗਊ ਹੇਠ ਖੜ੍ਹਾ ਕਰ ਲੈਂਦੀ। ਇਕ ਥਣ ਮੇਰੇ ਚੁੰਘਣ ਲਈ ਰਿਜ਼ਰਵ ਹੁੰਦਾ ਸੀ, ਇਕ ਵੱਛੇ ਲਈ; ਦੋ ਥਣ ਘਰ ਦੇ ਬਾਕੀ ਜੀਆਂ ਲਈ। ਮੈ ਕਾਫ਼ੀ ਲਿੱਸਾ ਸੀ। ਉਹਦਾ ਖ਼ਿਆਲ ਸੀ ਕਿ ਗਊ ਦਾ ਕੱਚਾ ਦੁਧ ਚੁੰਘ ਕੇ ਮੈ ਤਕੜਾ ਹੋਜੂੰਗਾ।
ਸੇਲਬਰਾਹ ਦੀ ਇਸ ਕੁੜੀ ਨੂੰ ਵਿਆਹ ਕੇ ਮੇਰੇ ਪਿਤਾ ਠੁੱਲ੍ਹੀਵਾਲ ਲੈ ਗਏ। ਉਥੇ ਉਨ੍ਹਾਂ ਦਾ ਜੱਦੀ ਘਰ ਤੇ ਜ਼ਮੀਨ ਸੀ। ਸੇਲਬਰਾਹ ਦਾ
ਨਾਂ ਤੂੰ ਵੀ ਸੁਣਿਆ ਹੋਣਾ। ਰਾਮ ਸਰੂਪ ਅਣਖੀ ਦੇ ਨਾਵਲ ਕੋਠੇ ਖੜਕ ਸਿੰਘ ਦਾ ਪਹਿਲਾ ਹੀ ਫ਼ਿਕਰਾ ਹੈ- ਨੌਵੇਂ ਸਰਾਧ ਸੇਲਬਰਾਹ ਦਾ ਮੇਲਾ
ਭਰਦਾ ਸੀ। ਏਸ ਸੇਲਬਰਾਹ ਦੀ ਕੁੜੀ ਸੀ ਮੇਰੀ ਮਾਂ। ਇਸ ਪਿੰਡ ਵਿੱਚ ਮੈਨੂੰ ਕੁੱਛੜ ਚੁੱਕੀ ਫਿਰਦੀ ਆਪਣੀ ਮਾਂ ਅੱਜ ਵੀ ਦਿਸਦੀ ਹੈ। ਭਾਵੇਂ ਅੱਜ
ਉਹ ਇਸ ਦੁਨੀਆ ਵਿੱਚ ਨਹੀਂ। ਮੇਰੀਆਂ ਬਾਲ-ਅੱਖਾਂ ਨੇ ਵੀ ਨੌਵੇਂ ਸਰਾਧ ਦਾ ਉਹ ਮੇਲਾ ਜ਼ਰੂਰ ਵੇਖਿਆ ਹੋਵੇਗਾ।

ਬਾਬਾ ਡੋਨ ਕਾਰਲਿਉਨੇ
ਹੁਣ: ਜ਼ਮੀਨ ਛੱਡ ਕੇ ਤੁਸੀਂ ਰਾਮਪੁਰੇ ਕਿਉਂ ਆ ਗਏ ਸੀ?
ਸਤੀ: ਗੁਰੂਕੁਲ ਦਾ ਪੜ੍ਹਿਆ ਮੇਰਾ ਪਿਤਾ ਛੋਟੇ-ਜਿਹੇ ਪਿੰਡ ਠੁੱਲ੍ਹੀਵਾਲ ਵਿੱਚ ਕਿਵੇਂ ਟਿਕਦਾ? ਰਾਮਪੁਰੇ ਜਿਸ ਘਰ ਵਿੱਚ ਮੇਰਾ ਜਨਮ ਹੋਇਆ,
ਉਹਦੀ ਆਪਣੀ ਕਹਾਣੀ ਹੈ।
ਮੇਰਾ ਪਿਤਾ ਠੁੱਲੀਵਾਲ ਛੱਡ ਕੇ ਰਾਮਪੁਰੇ ਫੂਲ ਓਦੋਂ ਆਇਆ, ਜਦੋਂ ਮੰਡੀ ਅਜੇ ਵਸਣੀ ਸ਼ੁਰੂ ਹੀ ਹੋਈ ਸੀ। ਇਹ ਨਾਭੇ ਦੀ ਰਿਆਸਤ ਵਿੱਚ ਪੈਂਦੀ ਸੀ। ਇਕ ਡੱਗੀ ਕਿਨਾਰੇ ਪਾਠਸ਼ਾਲਾ ਖੋਲ੍ਹ ਕੇ ਉਨ੍ਹਾਂ ਸੰਸਕ੍ਰਿਤ ਪੜਾ੍ਹਉਣੀ ਸ਼ੁਰੂ ਕਰ ਦਿੱਤੀ। ਇਹ ਉਥੋਂ ਦਾ ਪਹਿਲਾ ਸਕੂਲ ਸੀ। ਅੰਗ੍ਰੇਜ਼ਾਂ ਨੇ ਰੇਲਵੇ ਲਾਈਨ ਵਿਛਾ ਦਿੱਤੀ ਸੀ। ਉਥੇ ਰੇਲਵੇ ਸਟੇਸ਼ਨ ਖੁੱਲ੍ਹਿਆ ਤਾਂ ਉਦਘਾਟਨ ਕਰਨ ਨਾਭੇ ਦਾ ਰਾਜਾ ਆਪ ਆਇਆ ਸੀ।
ਪਿਤਾ ਨੇ ਆਪਣੇ ਚੇਲਿਆਂ ਨੂੰ ਪੀਲ਼ੀਆਂ ਧੋਤੀਆਂ ਪੁਆ ਕੇ ਉਹਦੇ ਸੁਆਗਤ ਲਈ ਮੈਦਾਨ ਵਿੱਚ ਖੜ੍ਹਾ ਕਰ ਦਿੱਤਾ। ਉਨ੍ਹਾਂ ਨੂੰ ਵੇਦ-ਮੰਤਰ ਉਚਾਰਦੇ ਸੁਣ ਰਾਜਾ ਖ਼ੁਸ਼ ਹੋ ਗਿਆ। ਉਹਨੇ ਮੇਰੇ ਪਿਤਾ ਤੋਂ ਪੁੱਛਿਆ, “ਬੱਚਿਆਂ ਨੂੰ ਤੁਸੀਂ ਵਿਦਿਆ ਦਾਨ ਦੇ ਰਹੇ ਹੋ। ਥੋਨੂੰ ਮੈਂ ਕੁਝ ਦੇ ਸਕਦਾ ਹਾਂ, ਤਾਂ ਦੱਸੋ।“
“ਮਾਹਰਾਜ ਮੈਂ ਡੱਗੀ ‘ਤੇ ਬੈਠਾ ਇਹ ਮੁੰਡੇ ਪੜ੍ਹਾ ਰਿਹਾ ਹਾਂ। ਸਿਰ ਉਤੇ ਬਸ ਛੱਤ ਚਾਹੀਦੀ ਹੈ,” ਮੇਰੇ ਪਿਤਾ ਨੇ ਕਿਹਾ।
ਰਾਜੇ ਨੇ ਖੜ੍ਹੇ-ਪੈਰੀਂ ਹੁਕਮ ਕਰ ਦਿੱਤਾ। ਜਿਸ ਮੈਦਾਨ ਵਿੱਚ ਪੀਲ਼ੀਆਂ ਧੋਤੀਆਂ ਪਾਈ ਬੱਚੇ ਖੜ੍ਹ੍ਹੇ ਸੀ, ਉਹ ਸਾਰਾ ਪਲਾਟ ਕੌਡੀਆਂ ਦੇ ਭਾਅ ਮੇਰੇ ਪਿਤਾ ਸ਼੍ਰੀ ਉਦਯਭਾਨੁ ਕਪਿਲ ਨੂੰ ਅਲਾਟ ਹੋ ਗਿਆ। ਦਸ ਕਮਰਿਆਂ ਦਾ ਸਾਡਾ ਘਰ ਮੰਤਰ-ਬਲ ਦੀ ਕਰਾਮਾਤ ਸੀ!
ਇਹ ਗੱਲ ਮੇਰੇ ਜਨਮ ਤੋਂ ਕਿਤੇ ਪਹਿਲਾਂ ਦੀ ਹੈ। ਉਦੋਂ ਤਕ ਮੇਰਾ ਪਿਤਾ ਸਾਰੇ ਜ਼ਿਲੇ ਵਿੱਚ ਜੋਤਸ਼ੀ ਵਜੋਂ ਮਸ਼ਹੂਰ ਹੋ ਚੁੱਕਿਆ ਸੀ।
ਪਾਠਸ਼ਾਲਾ ਤਾਂ ਕਦੋਂ ਦੀ ਉੱਜੜ ਚੁਕੀ ਸੀ। ਪਰ ਪਿਤਾ ਦੇ ਕੁਝ ਚੇਲੇ ਅਜੇ ਵੀ ਘਰ ਆਉਂਦੇ। ਉਹ ਗੁਰੂ ਦੀਆਂ ਚਿਲਮਾਂ ਭਰਦੇ ਤੇ ਮੈਨੂੰ ਮੋਢਿਆਂ
‘ਤੇ ਬਿਠਾ ਕੇ ਮੰਡੀ ਦੀ ਸੈਰ ਵੀ ਕਰਾਉਂਦੇ।
ਪਿਤਾ ਧਰਮੀ-ਕਰਮੀ ਸੀ। ਸਾਰੀ ਮੰਡੀ ਦਾ ਪਰੋਹਤ। ਸਾਰੇ ਉਹਨੂੰ ਬਾਬਾ ਆਖਦੇ। ਬਜ਼ਾਰ ਵਿੱਚੋਂ ਲੰਘਦਾ, ਤਾਂ ਹੱਟੀਆਂ ਵਾਲ਼ੇ ਫਲ ਤੇ ਫੁੱਲ ਪੇਸ਼ ਕਰਦੇ। ਪੈਸੇ ਜਬਰਨ ਮੋੜ ਦਿੰਦੇ। ਗੌਡ ਫ਼ਾਦਰ ਫ਼ਿਲਮ ਵਿੱਚ ਮਰਲਿਨ ਬਰਾਂਡੋ ਬਾਜ਼ਾਰ ਵਿੱਚੋਂ ਫਲ ਲੈਂਦਾ ਹੌਲ਼ੀ-ਹੌਲ਼ੀ ਲੰਘਦਾ ਹੈ। ਇਵੇਂ ਹੀ ਮੇਰਾ ਪਿਤਾ ਰਾਮਪੁਰੇ ਮੰਡੀ ਵਿੱਚੋਂ ਗੁਜ਼ਰਦਾ ਸੀ। ਜਿਵੇਂ ਮੰਡੀ ਉਸੇ ਨੇ ਵਸਾਈ ਹੋਵੇ। ਪੁਰੋਹਿਤ ਗੌਡ ਫ਼ਾਦਰ ਹੀ ਤਾਂ ਹੁੰਦੇ ਹਨ। ਗੌਡ ਫ਼ਾਦਰ ਡੋਨ ਕਾਰਲਿਉਨੇ ਵਾਂਗ ਉਹ ਮੰਡੀ ਦਾ ਗੌਡ ਫ਼ਾਦਰ ਸੀ। ਕਦੇ ਕਦੇ ਉਹ ਸਾਡੀ ਕਪਲਾ ਗਊ ਦਾ ਰੱਸਾ ਲਾਹ ਦਿੰਦਾ ਤੇ ਮੈਨੂੰ ਨਾਲ਼ ਲੈ ਕੇ ਮੰਡੀ ਦੀਆਂ ਗਲ਼ੀਆਂ ਵਿੱਚ ਘੁੰਮਣ ਨਿਕਲ ਜਾਂਦਾ। ਸੱਜਵਿਆਹੀਆਂ ਬਣਿਆਣੀਆਂ ਘਰਾਂ ਵਿੱਚੋਂ ਨਿਕਲ਼-ਨਿਕਲ਼ ਬਾਬੇ ਦੇ ਚਰਣ ਧੋਂਦੀਆਂ। ਇਹ ਬਾਬਾ ਛੇ ਫੁੱਟਾ ਸੁਣੱਖਾ ਮਰਦ ਸੀ। ਉਹ ਮੈਨੂੰ ਛੋਟਾ ਬਾਬਾ ਆਖ ਕੇ ਹੱਸਦੀਆਂ ਤੇ ਕਦੇ-ਕਦੇ ਮੇਰੇ ਪੈਰ ਵੀ ਧੋ ਦਿੰਦੀਆਂ। ਇਸ ਦਾ ਮੇਰੇ ਬਾਲ ਮਨ ‘ਤੇ ਡੂੰਘਾ ਪ੍ਰਭਾਵ ਪਿਆ। ਮੈਨੂੰ ਲੱਗਦਾ ਮੇਰਾ ਪਿਤਾ ਰੱਬ ਸੀ ਤੇ ਮੈਂ ਰੱਬ ਦੀ ਸੰਤਾਨ।

ਹੁਣ: ਤੇਰੇ ਵਿੱਚ ਆਪਣੇ ਪਿਤਾ ਵਾਲਾ ਕੋਈ ਗੁਣ ਹੈ ?
ਸਤੀ: ਸ਼ਾਇਦ ਆਤਮ ਵਿਸ਼ਵਾਸ। ਮੈਨੂੰ ਕਿਸੇ ਮੂਹਰੇ ਕਦੇ ਨੀਵਾਂ ਹੋਣ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਹਰ ਮਾਹੌਲ ਵਿੱਚ ਸਹਿਜ ਵਿਚਰ ਲੈਂਦਾ
ਹਾਂ। ਤਿਵਾੜੀ ਦੀ ਕਾਨਫ਼ਰੈਂਸ ਵੇਲੇ ਰਾਸ਼ਟਰਪਤੀ ਭਵਨ ਵਿੱਚ ਰਿਸੈਪਸ਼ਨ ਸੀ। ਤਿਵਾੜੀ ਨੇ ਮੇਰਾ ਪਰੀਚਯ ਜ਼ੈਲ ਸਿੰਘ ਨਾਲ਼ ਕਰਾਇਆ, ਤਾਂ ਰਾਸ਼ਟਰਪਤੀ ਜੀ ਨੇ ਹੱਥ ਮਿਲ਼ਾਉਂਦਿਆਂ ਮੈਨੂੰ ਪੁੱਛਿਆ, “ਕੀ ਹਾਲ ਹੈ?” ਮੈਂ ਸਹਿਜ ਬੋਲਿਆ, “ਤੁਹਾਡੇ ਵਰਗਾ ਤਾਂ ਨਹੀਂ, ਪਰ ਚੰਗਾ ਹੈ।“ ਸੁਣ ਕੇ ਸਾਰੇ ਹੱਸ ਪਏ ਸੀ।
ਇਸੇ ਤਰ੍ਹਾਂ ਬਲਗਾਰੀਆ ਦੀ ਇਕ ਦਿਲਚਸਪ ਘਟਨਾ ਹੈ। ਲੇਖਕਾਂ ਦੀ ਕਾਨਫ਼ਰੈਂਸ ਦੌਰਾਨ ਉਹ ਕੁਝ ਲੇਖਕਾਂ ਨੂੰ ਰਾਸ਼ਟਰਪਤੀ ਤੋਦੋਰ ਯਿਵਕੋਵ ਦੇ ਮਹਿਲ ਵਿੱਚ ਲੈ ਗਏ। ਯਿਵਕੋਵ ਨੂੰ ਸ਼ਿਕਾਰ ਦਾ ਸ਼ੌਕ ਸੀ। ਪ੍ਰਭਾਵਿਤ ਕਰਨ ਲਈ ਉਹ ਸਾਨੂੰ ਉਸ ਕਮਰੇ ਵਿੱਚ ਲੈ ਗਿਆ, ਜਿਥੇ ਉਸ ਦੇ ਮਾਰੇ ਹੋਏ ਹਿਰਨ, ਰਿੱਛ ਤੇ ਬਘਿਆੜ ਆਦਿ ਕੰਧਾਂ ‘ਤੇ ਟੰਗੇ ਹੋਏ ਸਨ। ਉਹ ਆਪਣੇ ਸ਼ਿਕਾਰ ਦੇ ਅਨੁਭਵ ਸੁਣਾ ਰਿਹਾ ਸੀ ਕਿ ਮੈਂ ਵਿਚੋਂ ਪੁੱਛ ਲਿਆ- ਮਿਸਟਰ ਪ੍ਰੈਜ਼ੀਡੈਂਟ! ਕਦੇ ਨਿਰਵਾਣ ਦੀ ਵੀ ਸੋਚੀ ਹੈ ਤੁਸੀਂ?”
ਸਾਰੇ ਮੇਰੇ ਵੱਲ ਝਾਕਣ ਲੱਗ ਪਏ। ਖੜ੍ਹੇ-ਪੈਰੀਂ ਮੈਨੂੰ ਇਹ ਵੀ ਦੱਸਣਾ ਪਿਆ ਕਿ ਬੁੱਧ ਧਰਮ ਅਨੁਸਾਰ ਨਿਰਵਾਣ ਕੀ ਹੁੰਦਾ ਹੈ। ਯਿਵਕੋਵ ਕੁਝ
ਦੇਰ ਚੁੱਪ ਰਿਹਾ। ਫਿਰ ਹੱਸ ਕੇ ਬੋਲਿਆ, “ਅਸੀਂ ਕਮਿਉਨਿਸਟ ਹਾਂ। ਸਾਨੂੰ ਨਿਰਵਾਣ ਦੀ ਲੋੜ ਨਹੀਂ।”

ਹੁਣ: ਆਪਣੇ ਪਿਤਾ ਵਾਂਗ ਤੂੰ ਵੀ ਕੁਝ ਅਰਸਾ ਗੁਰੂਕੁਲ ਵਿੱਚ ਰਿਹੈਂ।
ਸਤੀ: ਪਿਤਾ ਸਾਹਿਬ ਦੀ ਇੱਛਾ ਸੀ ਕਿ ਮੈਂ ਵੀ ਉਸ ਵਾਂਗ ਸੰਸਕ੍ਰਿਤ ਪੜ੍ਹਾਂ ਤੇ ਜੋਤਿਸ਼-ਵਿਦਿਆ ਸਿੱਖਾਂ। ਦਸ-ਬਾਰਾਂ ਸਾਲ ਦੀ ਉਮਰ ਵਿੱਚ ਮੈਨੂੰ
ਗੁਰੂਕੁਲ ਪਾਉਣ ਪਿੱਛੇ ਇਹੋ ਸਕੀਮ ਸੀ। ਉਹ ਮਨੋਵਿਗਿਆਨੀਆਂ ਵਾਂਗ ਧਿਆਨ ਨਾਲ਼ ਲੋਕਾਂ ਦੇ ਦੁੱਖ ਸੁਣਦਾ। ਕੁਝ ਦੇ ਮਾੜੇ ਗ੍ਰਹਿ ਤਾਂ ਇੰਨੇ ਨਾਲ ਹੀ ਟਲ ਜਾਂਦੇ। ਪੰਚਾਂਗ ਖੋਲ੍ਹਣ ਦੀ ਲੋੜ ਹੀ ਨਾ ਪੈਂਦੀ। ਲ਼ੁਕਾਈ ਉਸ ਨੂੰ ਮੱਥਾ ਟੇਕ ਕੇ ਹੌਲ਼ੀ ਫੁੱਲ ਹੋਈ ਘਰ ਮੁੜਦੀ। ਪਰ ਮੈਂ ਗੁਰੂਕੁਲ ਵਿੱਚੋਂ ਇਕ ਸਾਲ ਬਾਅਦ ਹੀ ਭੱਜ ਆਇਆ ਸੀ। ਪਰ ਗੁਰੂਕੁਲ ਵਿੱਚ ਸਿੱਖਿਆ ਯੋਗ-ਅਭਿਆਸ ਅੱਜ ਵੀ ਕਰਦਾ ਹਾਂ।
ਹੁਣ: ਆਪਣੇ ਬਾਪ ਦਾ ਕਿੱਤਾ ਤੈਨੂੰ ਪਖੰਡ ਨਹੀਂ ਸੀ ਲੱਗਦਾ?
ਸਤੀ: ਬਚਪਨ ਵਿੱਚ ਤਾਂ ਮੈਂ ਇਸ ਨੂੰ ਸਾਡਾ ਜਨਮ-ਸਿੱਧ ਅਧਿਕਾਰ ਹੀ ਸਮਝਦਾ ਸੀ। ਪਰ ਕੁਝ ਵੱਡਾ ਹੋਇਆ ਤਾਂ ਅੰਗ੍ਰੇਜ਼ੀ ਪੜ੍ਹ ਕੇ ਮੈਂ ਉਸ ਦੇ
ਕਿੱਤੇ ‘ਤੇ ਕਿੰਤੂ ਲਾਉਣ ਲੱਗ ਪਿਆ। ਕਦੇ-ਕਦੇ ਸਾਡਾ ਤਕਰਾਰ ਵੀ ਹੋ ਜਾਂਦਾ। ਪਰ ਆਪਣੇ ਆਪ ਨੂੰ ਉਹ ਸਮਾਜਕ ਮਸ਼ੀਨਰੀ ਦਾ ਜ਼ਰੂਰੀ
ਪੁਰਜ਼ਾ ਸਮਝਦਾ ਸੀ। ਇਕ ਦਿਨ ਮੇਰੇ ਕਿੰਤੂ ਕਰਨ ‘ਤੇ ਹੱਸ ਪਿਆ ਤੇ ਬੋਲਿਆ, “ਮਂੈ ਮੂਰਖ ਨਹੀਂ। ਮੈਨੂੰ ਵੀ ਪਤਾ ਇਹ ਪਾਖੰਡ ਹੈ। ਪਰ
ਵਿਸ਼ਵਾਸ ਪਾਖੰਡ ਨਹੀਂ ਹੁੰਦਾ। ਸਾਰੇ ਧਰਮ ਵਿਸ਼ਵਾਸ ‘ਤੇ ਖੜ੍ਹੇ ਨੇ। ਜੇ ਮੇਰਾ ਹੱਥ ਸਿਰ ‘ਤੇ ਰਖਾ ਕੇ ਕਿਸੇ ਨੂੰ ਧੀਰਜ ਮਿਲਦਾ ਹੈ, ਤਾਂ ਮੈਨੂੰ ਇਸ
ਵਿੱਚ ਕੋਈ ਬੁਰਾਈ ਨਹੀਂ ਦਿਸਦੀ।”
ਇਹ ਧੀਰਜ ਉਸ ਕੋਲ਼ ਬਹਿ ਕੇ ਮੰਡੀ ਦੇ ਸਮਗਲਰ ਵੀ ਲੈਂਦੇ ਤੇ ਥਾਣੇਦਾਰ ਵੀ।
ਇਕ ਦਿਨ ਉਸ ਨੇ ਅਲਮਾਰੀ ਵਿੱਚੋਂ ਸ਼ਾਲਿਗਰਾਮ ਦਾ ਵੱਟਾ ਕੱਢ ਕੇ ਆਪਣੀ ਹਥੇਲੀ ‘ਤੇ ਰੱਖ ਲਿਆ। ਇਹਦੀ ਪੂਜਾ ਉਹ ਰੋਜ਼ ਕਰਦਾ
ਸੀ। ਉਹਨੂੰ ਮੇਰੀਆਂ ਅੱਖਾਂ ਦੇ ਨੇੜੇ ਕਰਕੇ ਬੋਲਿਆ, “ਇਹ ਸ਼ਾਲਿਗਰਾਮ ਹੈ। ਪਰ ਸ਼ਾਲਿਗਰਾਮ ਇਹ ਉਦੋਂ ਤੱਕ ਹੀ ਹੈ, ਜਦੋਂ ਤੱਕ ਮੈਂ ਇਹਨੂੰ
ਪੱਥਰ ਨਹੀਂ ਕਹਿੰਦਾ। ਮੈਨੂੰ ਪਤਾ ਹੈ ਏਸ ਭੇਤ ਦਾ। ਪਰ ਲੋਕਾਂ ਨੂੰ ਇਸ ਭੇਤ ਦਾ ਪਤਾ ਨਹੀਂ। ਇਹ ਲੀਲਾ ਖ਼ਤਮ ਹੋਣ ਦਾ ਅਜੇ ਵਕਤ ਨਹੀਂ
ਆਇਆ।”
ਇਹ ਕਹਿ ਕੇ ਉਸ ਨੇ ਸ਼ਾਲਿਗਰਾਮ ਨੂੰ ਨਮਸਕਾਰ ਕੀਤਾ ਤੇ ਵਾਪਸ ਅਲਮਾਰੀ ਵਿੱਚ ਰੱਖ ਦਿੱਤਾ।
ਉਸ ਦੀ ਇਹ ਗੱਲ ਤੀਰ ਵਾਂਗ ਮੇਰੇ ਸੀਨੇ ਵਿੱਚ ਅੱਜ ਵੀ ਖੁੱਭੀ ਪਈ ਹੈ। ਉਸ ਨੇ ਪਾਣਿਨੀ ਦਾ ਗ੍ਰੈਮਰ ਹੀ ਪੜ੍ਹਿਆ ਸੀ, ਪਰ ਗੱਲਾਂ ਫ਼ਰਾਂਸ ਦੇ ਨਵੇਂ ਦਾਰਸ਼ਨਿਕਾਂ ਵਾਂਗ ਕਰ ਰਿਹਾ ਸੀ।
ਮੈਂ ਪਾਖੰਡ ਦੇ ਖ਼ਿਲਾਫ਼ ਹਾਂ। ਪਰ ਭਾਰਤ ਨੂੰ ਰਾਤੋ-ਰਾਤ ਤਰਕਸ਼ੀਲ ਨਹੀਂ ਕੀਤਾ ਜਾ ਸਕਦਾ। ਰਾਜਾ ਤੇ ਰੰਕ ਦੋਵੇਂ ਇਸ ਦੀ ਗਰਿਫ਼ਤ ਵਿੱਚ ਹਨ। ਇਕ ਵਾਰ ਸਾਡੇ ਘਰ ਦੇ ਮੂਹਰੇ ਪਲਾਈਮਾਉਥ ਕਾਰ ਆ ਖੜ੍ਹੀ ਹੋਈ ਸੀ। ਉਸ ਦਿਨ ਅਮਰੀਕਨ ਕਾਰ ਮੈਂ ਪਹਿਲੀ ਵਾਰ ਵੇਖੀ।
ਵਿਚੋਂ ਨਿਕਲ਼ੀਆਂ ਤਿੰਨ ਸਰਦਾਰਨੀਆਂ। ਮਹਾਰਾਜ ਭੁਪਿੰਦਰ ਸਿੰਘ ਹਰ ਸੁਹਣੀ ਕੁੜੀ ਨੂੰ ਆਪਣੀ ਰਾਣੀ ਬਣਾ ਲੈਂਦਾ ਸੀ। ਉਹਦੀ ਮੌਤ ਪਿੱਛੋਂ
ਇਨ੍ਹਾਂ ਨੂੰ ਮਹਿਲੋਂ ਕੱਢ ਦਿੱਤਾ ਗਿਆ ਸੀ। ਪਰ ਸਮਝਦੀਆਂ ਉਹ ਖ਼ੁਦ ਨੂੰ ਅਜੇ ਵੀ ਰਾਣੀਆਂ ਹੀ ਸੀ। ਇਹ ਤਿੰਨ ਰਾਣੀਆਂ ਵੀ ਪਟਿਆਲਿਓਂ
ਚੱਲ ਕੇ ਰਾਮਪੁਰੇ ਫੂਲ ਦੇ ਬਾਬਾ ਕਾਰਲਿਉਨੇ ਤੋਂ ਧੀਰਜ ਲੈਣ ਆਈਆਂ ਸੀ। ਪਤਾ ਨਹੀਂ ਉਹਨੇ ਅੱਗੋਂ ਕੀ ਦੱਸਿਆ? ਜਾਣ ਤੋਂ ਪਹਿਲਾਂ ਨੋਟਾਂ ਦਾ
ਥੱਬਾ ਬਾਬੇ ਦੇ ਪੈਰਾਂ ਵਿੱਚ ਧਰ ਗਈਆਂ।

ਹੁਣ : ਤੇਰੇ ਘਰ ਦਾ ਮਾਹੌਲ ਕਿਹੋ ਜੇਹਾ ਸੀ ?
ਸਤੀ : ਮੇਰਾ ਪਿਤਾ ਭਾਵੇਂ ਵੇਦਾਂਤੀ ਸੀ, ਪਰ ਕਾਸਟ ਸਿਸਟਮ ਦੀ ਪਰਵਾਹ ਨਹੀਂ ਸੀ ਕਰਦਾ। ਸਾਡੇ ਘਰ ਦੁਆਲ਼ੇ ਉੱਚਾ ਚੌਂਤਰਾ ਸੀ ਤੇ ਆਪਣੀ ਬੈਠਕ ਮੂਹਰੇ ਪਿਤਾ ਸਾਹਿਬਾਨ ਨੇ ਨਿੰਮ ਦਾ ਰੁੱਖ ਲੁਆਇਆ ਹੋਇਆ ਸੀ। ਥੜ੍ਹੇ ਉੱਤੇ 8-10 ਟੀਨ ਦੀਆਂ ਕੁਰਸੀਆਂ ਪਈਆਂ ਰਹਿੰਦੀਆਂ। ਇਨ੍ਹਾਂ ਕੁਰਸੀਆਂ ‘ਤੇ ਦੂਰ ਦੁਰਾਡੇ ਦੇ ਪਿੰਡਾਂ ਤੋਂ ਪੁੱਛ ਲੈਣ ਆਏ ਜੱਟ ਜ਼ਿਮੀਂਦਾਰ ਬੈਠੇ ਰਹਿੰਦੇ। ਅਪਣੀਆਂ ਘੋੜੀਆਂ ਉਹ ਨਿੰਮ ਨਾਲ਼ ਬੰਨ੍ਹ ਦਿੰਦੇ। ਉਠਾਂ ਤੇ ਖੱਚਰਾਂ ਨੂੰ ਵੀ ਨਿੰਮ ਦੀ ਛਾਂ ਹੇਠ ਪਨਾਹ ਮਿਲ਼ਦੀ। ਸਾਰਾ ਦਿਨ ਇਸ ਤਰ੍ਹਾਂ ਪਿਤਾ ਸਾਹਿਬਾਨ ਦਾ ਦਰਬਾਰ ਲੱਗਿਆ ਰਹਿੰਦਾ। ਇਸ ਦਰਬਾਰ ਵਿੱਚ ਸਾਰੀਆਂ ਜਾਤਾਂ ਵਾਲ਼ੇ ਬੈਠੇ ਦਿਖਾਈ ਦਿੰਦੇ, ਪਟਿਆਲ਼ੇ ਦੀਆਂ ਸਰਦਾਰਨੀਆਂ ਦੀ ਧੂੜ ਉੜਾਂਉਂਦੀ ਪਲਾਈਮਾਉਥ ਕਾਰ ਨੇ ਵੀ ਏਸੇ ਨਿੰਮ ਹੇਠ ਆ ਕੇ ਬ੍ਰੇਕ ਲਾਏ ਸੀ। ਮੱਥਾ ਟੇਕਣ ਪਿਛੋਂ ਮਿਲਣ ਆਇਆਂ ਨਾਲ ਪਿਤਾ ਦਾ ਸੰਵਾਦ ਕੁਝ ਤਰ੍ਹਾਂ ਸ਼yੁਰੂ ਹੁੰਦਾ:

 • ਬੈਠੋ! ਕਿਵੇਂ ਔਣਾ ਹੋਇਆ?
 • ਬਸ ਜੀ ਦਰਸ਼ਨਾਂ ਨੂੰ ਆਏ ਸੀ।
 • ਉਹ ਤਾਂ ਹੋ ਗਏ। ਹੋਰ ਦੱਸ।
  ਇਸ ਤਰ੍ਹਾਂ ਉਹ ਇਕ-ਇਕ ਕਰ ਸਭ ਨੂੰ ਨਬੇੜੀ ਜਾਂਦੇ। ਕਿਸੇ ਨੂੰ ਇਕ ਮਿੰਟ ਵਿੱਚ। ਕਿਸੇ ਨੂੰ ਇਕ ਘੰਟੇ ਵਿੱਚ। ਜੇ ਕੋਈ ਆਪਣੀ ਜਨਾਨੀ ਨੂੰ ਕੁੱਟ ਕੇ ਆਇਆ ਹੁੰਦਾ, ਤਾਂ ਉਹਨੂੰ ਇੰਨਾ ਹੀ ਆਖਣਾ – ਗ੍ਰਹਿ-ਚਾਲ ਤਾਂ ਠੀਕ ਹੈ। ਉਪਾਅ ਇੱਕੋ ਹੈ। ਜਾ ਕੇ ਉਹਦੇ ਪੈਰ ਫੜ ਲੈ ਤੇ ਮਾਫ਼ੀ ਮੰਗ। ਉਹ ਤੈਨੂੰ ਛੱਡ ਕੇ ਨਹੀਂ ਜਾਂਦੀ।
  ਰਾਤ ਨੂੰ ਛੱਤ ਉਤੇ ਮੰਜਿਆਂ ‘ਤੇ ਪਏ ਅਸੀਂ ਹੁੱਕੇ ਦੀ ਗੁੜ-ਗੁੜ ਅਤੇ ਪੁੱਛਾਂ ਲੈਣ ਆਏ ਲੋਕਾਂ ਦੀਆਂ ਕਹਾਣੀਆਂ ਸੁਣਦੇ ਹੁੰਦੇ ਸੀ। ਸਾਡੇ ਘਰ ਮੂਹਰੇ ਸਿੱਖ ਡੀ.ਐੇੱਸ.ਪੀ. ਦੀ ਕੋਠੀ ਹੈ। ਕਦੇ-ਕਦੇ ਸ਼ਾਮ ਨੂੰ ਚੌਂਤਰੇ ‘ਤੇ ਬੈਠ ਕੇ ਉਹਨੇ ਸ਼yਰਾਬ ਪੀਣੀ ਤੇ ਪਿਤਾ ਨੇ ਹੁੱਕਾ।
  ਦੋਵੇਂ ਚੰਗੇ ਦੋਸਤ ਸੀ। ਡੀ.ਐੇੱਸ.ਪੀ. ਨੇ ਮਖੌਲ ਕਰਨਾ: ਬਾਬਾ ਤੂੰ ਤਾਂ ਸਭ ਨੂੰ ਲੁੱਟੀ ਜਾਨੈ। ਕਿਸੇ ਨੂੰ ਸਾਡੇ ਲਈ ਵੀ ਛੱਡ ਦੇ!
  ਦੋਹਾਂ ਦੀ ਉੱਚੀ ਹਾਸੀ ਸਾਨੂੰ ਘਰ ਦੇ ਧੁਰ ਅੰਦਰ ਸੁਣਾਈ ਦਿੰਦੀ।

ਲਿਖ ਕੇ ਪਾਗਲ ਹੋ ਜਾ, ਜਾਂ ਪਾਗਲ ਹੋ ਕੇ ਲਿਖ

ਹੁਣ : ਤੇਰੀਆਂ ਕਵਿਤਾਵਾਂ ‘ਤੇ ਤੇਰੇੇ ਪਿਤਾ ਦਾ ਪ੍ਰਭਾਵ ਕਿੰਨਾ ਕੁ ਪਿਆ ਹੈ?
ਸਤੀ : ਮੇਰੀਆਂ ਸ਼ੁਰੂ ਦੀਆਂ ਕਵਿਤਾਵਾਂ ‘ਤੇ ਪਿਤਾ ਦਾ ਪਰਛਾਵਾਂ ਦੂਰ ਤਕ ਪੈਂਦਾ ਵੇਖਿਆ ਜਾ ਸਕਦਾ ਹੈ। ਘੋੜਿਆਂ ਦੀ ਉਡੀਕ ਵਿੱਚ ਮੇਰੀ ਇਕ
ਕਵਿਤਾ ਹੈ- ਨੌਸਟੈਲੇਜੀਆ। 60ਵਿਆਂ ਵਿੱਚ ਰੋਮਾਂਟਿਕ ਪ੍ਰੇਮ ਦੀ ਥਾਂ ਮੈਂ ਸਿੱਧੇ ਸੈਕਸ ਦੀ ਗੱਲ ਕੀਤੀ, ਤਾਂ ਨਿੱਕਾ-ਜਿਹਾ ਭੁਚਾਲ ਹੀ ਆ ਗਿਆ
ਸੀ। ਪੰਚਮ ਦੀ ਪਹਿਲੀ ਕਾਪੀ ਦਿੱਲੀ ਰੇਡੀਉ ਸਟੇਸ਼ਨ ਦੇ ਸਟੁਡਿਓ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਖ਼ਰੀਦੀ ਸੀ। ਪਿਛਲੇ ਫ਼ਲੈਪ ‘ਤੇ ਕੁਝ ਸੈਕਸ
ਕਵਿਤਾਵਾਂ ਸੀ। ਉਹਨਾਂ ਨੂੰ ਪੜ੍ਹ ਕੇ ਉਹ ਮੇਰੇ ਨਾਲ਼ ਦੋ ਹਫ਼ਤੇ ਨਹੀਂ ਸੀ ਬੋਲੀ।
ਮੋਡੇਰਨਿਜ਼ਮ ਜਾਂ ਆਧੁਨਿਕਤਾਵਾਦ ਦਾ ਆਰੰਭ ਬੜਾ ਵਿਰੋਧਮੁਖੀ ਸਥਿਤੀ ਵਿੱਚ ਹੋਇਆ ਸੀ। ਪੰਚਮ ਅਤੇ ਘੋੜਿਆਂ ਦੀ ਉਡੀਕ ਵਿੱਚ ਸੈਕਸ ਨਾਲ ਸਬੰਧਤ ਕਈ ਕਵਿਤਾਵਾਂ ਹਨ। ਜਿਵੇਂ ਰਿੰਡਾਂ ਦੇ ਖੇਤਾਂ ਵਿੱਚ ਜਾਂ ਮਾਸਕੋ ਵਿੱਚ ਕਵਿਤਾ ਪਾਠ ਵਗ਼ੈਰਾ। ਇਹ ਬਚਪਨ ਵਿੱਚ ਅੰਤਰਮਨ ‘ਤੇ
ਪਏ ਗੁੱਝੇ ਪ੍ਰਭਾਵਾਂ ਨੂੰ ਸਮਝਣ ਦੀ ਹੀ ਕੋਸ਼ਿਸ਼ ਸੀ ਤੇ ਪਿਤਾ ਦਾ ਮੈਟਾਫ਼ਰ ਇਸ ਕਾਲ ਦੀਆਂ ਕਵਿਤਾਵਾਂ ਵਿੱਚ ਕਾਫ਼ੀ ਥਾਂ ਆਉਂਦਾ ਹੈ। ਮੇਰੀ ਕਵਿਤਾ
ਵਿੱਚ ਬਹੁਤ ਸਾਰੇ ਪਾਵਰ ਇਮੇਜ ਹਨ। ਅਜੇਹੀ ਇਮੇਜਰੀ ਪਿੱਛੇ ਪਿਤਾ ਦਾ ਹੀ ਦੈਵੀ ਰੂਪ ਹੈ।
ਕਵਿਤਾ ਲਿਖਣਾ ਮੇਰੇ ਲਈ ਸੈਲਫ਼-ਥਰੈਪੀ ਸੀ। ਜ਼ਿੰਦਗੀ ਵਿੱਚ ਜੋ ਵਰਜਿਤ ਸੀ, ਕਵਿਤਾ ਵਿੱਚ ਉਸ ਦੀ ਖੁੱਲ੍ਹ ਸੀ। ਇਹ ਖੁੱਲ੍ਹ ਮੇਰੇ ਜੀਣ
ਲਈ ਜ਼ਰੂਰੀ ਸੀ। ਉਦੋਂ ਮੇਰੇ ਕੋਲ਼ ਇਕੋ ਮੰਤਰ ਸੀ – ਲਿਖ ਕੇ ਪਾਗਲ ਹੋ ਜਾ, ਜਾਂ ਪਾਗਲ ਹੋ ਕੇ ਲਿਖ!
ਕਵਿਤਾ ਲਿਖਣਾ ਬਿਨਾਂ ਲਾਈਸੈਂਸ ਦੀ ਰਫ਼ਲ ਚਲਾਉਣ ਵਾਂਗ ਹੈ। ਪਰ ਇਸ ਦੀ ਦਾਗੀ ਗੋਲ਼ੀ ਮਾਰਨ ਦੀ ਥਾਂ ਜਿਵਾਉਂਦੀ ਹੈ। ਜਿਉਣ ਲਈ ਕਵਿਤਾ ਦੀ ਮੈਨੂੰ ਹਮੇਸ਼ਾ ਸਖ਼ਤ ਜ਼ਰੂਰਤ ਰਹੀ ਹੈ। ਪੰਚਮ ਅਤੇ ਘੋੜਿਆਂ ਦੀ ਉਡੀਕ ਦੀਆਂ ਸੁਰਿਅਲਿਸਟ ਕਵਿਤਾਵਾਂ ਮੇਰੇ ਆਪਣੇ ਨਿਉਰੋਸਿਸ ਨਾਲ ਸਬੰਧਤ ਹਨ।

ਹੁਣ: ਪਿੱਛੇ ਜਿਹੇ ਤੇਰੀ ਐਰੋਟਿਕ ਕਵਿਤਾ ਹੇ ਐਫ਼ਰੋਡਿਟਾ ਵੀ ਛਪੀ ਸੀ।
ਸਤੀ: ਪੰਜਾਬੀ ਕਵਿਤਾ ਵਿੱਚ ਇਹ ਨਾਜ਼ੁਕ ਵਿਸ਼ਾ ਹੈ। ਕਾਂਗੜੇ ਦੀਆਂ ਮਿਨੀਏਚਰ ਪੇਂਟਿੰਗਾਂ ਵਿੱਚ ਕਲੋਲਾਂ ਕਰਦੇ ਰਾਧਾ ਕ੍ਰਿਸ਼ਨ ਤਾਂ ਸਾਨੂੰ ਮਨਜ਼ੂਰ ਹਨ, ਪਰ ਸਾਹਿਤ ਵਿੱਚ ਇਸ ਵਿਸ਼ੇ ਨੂੰ ਅਸ਼ਲੀਲ ਸਮਝਦੇ ਹਾਂ। ਸੋਚਣ ਵਾਲੀ ਗੱਲ ਹੈ ਕਿ ਸੰਸਕ੍ਰਿਤ ਦੇ ਪਹਿਲੇ ਐੇਰੋਟਿਕ ਕਵੀ ਜੈ ਦੇਵ ਨੂੰ ਮਹਾਨ ਸੰਤ ਕਵੀਆਂ ਵਿੱਚ ਵੀ ਗਿਣਿਆ ਜਾਂਦਾ ਹੈ। ਗੁਰੂ ਅਰਜੁਨ ਦੇਵ ਜੀ ਨੇ ਗੀਤ ਗੋਵਿੰਦ ਦੇ ਇਸ ਕਵੀ ਦੀਆਂ ਦੋ ਕਵਿਤਾਵਾਂ ਆਦਿ ਗ੍ਰੰਥ ਵਿੱਚ ਸ਼ਾਮਲ ਕੀਤੀਆਂ ਹੋਈਆਂ ਹਨ। ਇਹ ਕਵਿਤਾਵਾਂ ਅਪਭ੍ਰੰਸ਼ ਅਤੇ ਸੰਸਕ੍ਰਿਤ ਦਾ ਮਿਲ਼ਗੋਭਾ ਹਨ। ਸਾਡੇ ਸੰਤ ਕਵੀਆਂ ਨੇ ਰਾਧਾ ਕ੍ਰਿਸ਼ਣ ਦੇ ਬਹਾਨੇ ਇਸ ਵਿਸ਼ੇ ‘ਤੇ ਕਾਫ਼ੀ ਕਲਮ ਚਲਾਈ ਹੈ। ਜੈ ਦੇਵ ਦੇ ਰਚੇ ਰਾਧਾ-ਕ੍ਰਿਸ਼ਣ ਦੀ ਪ੍ਰੇਮ-ਕ੍ਰੀੜਾ ਦੇ ਪਦ ਹਿੰਦੋਸਤਾਨ ਵਿੱਚ ਅੱਜ ਵੀ ਗਾਏ ਜਾਂਦੇ ਨੇ। ਭਾਰਤ ਵਿੱਚ ਐੇਰੋਟਿਕ ਜਾਂ ਪ੍ਰੇਮ ਕਵਿਤਾਵਾਂ ਦਾ ਆਦਿ-ਕਵੀ ਹੈ – ਜੈ ਦੇਵ।
ਮੇਰੀ ਇਹ ਕਵਿਤਾ ਪੜ੍ਹ ਕੇ ਕਿਸੇ ਮਿਹਰਬਾਨ ਪਾਠਕ ਨੂੰ ਅਚੰਭਾ ਹੋਇਆ ਸੀ ਕਿ ਮੈਂ ਐਫ਼ਰੋਡਾਇਟ ਦਾ ਐਫ਼ਰੋਡਿਟਾ ਕਿਉਂ ਕਰ ਦਿੱਤਾ। ਗ੍ਰੀਕ ਮਿਥਿਹਾਸ ਵਿੱਚ ਐਫ਼ਰੋਡਾਈਟ ਪ੍ਰੇਮ ਦੀ ਦੇਵੀ ਦਾ ਨਾਂ ਹੈ। ਐਫ਼ਰੋਡਿਟਾ ਇਸ ਗ੍ਰੀਕੀ ਨਾਂ ਦਾ ਪੰਜਾਬੀਕਰਨ ਹੈ। ਆਸਾਮ ਦਾ ਪੁਰਾਣਾ
ਨਾਂ ਕਾਮਰੂਪ ਸੀ। ਇਥੇ ਕਾਮਾਖਿਆ ਮੰਦਰ ਵਿੱਚ ਆਸਾਮ ਦੇ ਲੋਕ ਯੋਨੀ-ਪੂਜਾ ਕਰਦੇ ਨੇ। ਪਰ ਸਾਡੇ ਮਿਥੀਹਾਸ ਵਿੱਚ ਕਾਮਦੇਵ ਦਾ ਹੀ ਸੰਬੋਧ ਹੈ।
ਗ੍ਰੀਕੀਆਂ ਵਾਂਗ ਪ੍ਰੇਮ ਦੀ ਦੇਵੀ ਦਾ ਨਹੀਂ। ਮੈਂ ਆਸਾਮ ਵਿੱਚ ਇਕ ਸਾਲ ਰਿਹਾ ਹਾਂ। ਹਰ ਸਾਲ ਇਥੇ ਵਿਹੂ ਨਾਮਕ ਨਾਚ ਖੇਤਾਂ ਵਿੱਚ ਹੁੰਦਾ ਹੈ। ਨੱਚਦੀ-ਨੱਚਦੀ ਕੁੜੀ ਜਿਸ ਮੁੰਡੇ ਨੂੰ ਵੀ ਹੱਥ ਜਾ ਲਾਵੇ, ਉਹ ਉਸ ਦਾ ਹੋ ਜਾਂਦਾ ਹੈ। ਇਹ ਪ੍ਰਥਾ ਹੁਣ ਲੁਪਤ ਹੁੰਦੀ ਜਾ ਰਹੀ ਹੈ, ਪਰ ਅੱਜ ਵੀ ਇਸ ਪ੍ਰਾਂਤ ਵਿੱਚ ਔਰਤ ਦੀ ਪ੍ਰਧਾਨਗੀ ਹੈ, ਮਰਦ ਦੀ ਨਹੀਂ। ਤਿਨਸੁਖੀਆ ਦੇ ਰੇਲਵੇ ਸਟੇਸ਼ਨ ‘ਤੇ ਨਾਗਾਲੈਂਡ ਦੀਆਂ ਆਦਿਵਾਸਣਾਂ ਨੂੰ ਬਾਂਸ ਦੀਆਂ ਪੋਰੀਆਂ ਕੱਟ ਕੇ ਬਣਾਏ ਪਾਈਪਾਂ ਵਿੱਚ ਸੁਲਫਾ ਪੀਂਦੇ ਮੈਂ ਰੋਜ਼ ਵੇਖਦਾ ਸਾਂ।
ਕਾਮਰੂਪ ਦਾ ਅਨੁਭਵ ਜ਼ਿਹਨ ਦੇ ਪਟ ‘ਤੇ ਚਿਰਾਂ ਤੋਂ ਲਟਕ ਰਿਹਾ ਸੀ। ਕਵਿਤਾ 35 ਸਾਲ ਬਾਦ ਲਿਖ ਹੋਈ। ਮਰਦ-ਪ੍ਰਧਾਨ ਹਿੰਸਕ ਸਮਾਜ ਦੀ ਥਾਂ ਕੋਮਲ ਤੱਤਵ ਦੀ ਤਾਂਤਰਿਕ ਸਾਧਨਾ ਹੈ ਇਸ ਕਵਿਤਾ ਵਿੱਚ।
ਹੇ ਐਫ਼ਰੋਡਿਟਾ!
ਸ਼ੁਕਰ ਤੇਰਾ
ਹੇ ਐਫਰੋਡਿਟਾ
ਮੇਰਾ ਸੁੱਟਿਆ ਫੁੱਲ ਤੂੰ
ਗੋਦੀ ਵਿੱਚ ਬੋਚ ਲਿੱਤਾ
ਸੂਰਜਾਂ ਦੇ ਨਾਲ ਬੈਠੀ
ਤੂੰ ਮਾਰੇ ਲਿਸ਼ਕਾਂ
ਤੇਰੇ ਮੂਹਰੇ ਅੱਖ ਪੁੱਟਾਂ
ਮੇਰੀ ਕੀ ਸੱਤਾ
ਨਾ ਮੈਂ ਰੇਸ਼ਮ ਪਾਵਾਂ ਨਾ ਓਢਾਂ ਸੂਤ
ਮੇਰਾ ਨੰਗ ਢਕਦਾ ਹੈ
ਗੂਲਰ ਦਾ ਇਕ ਪੱਤਾ
ਹੇ ਐਫ਼ਰੋਡਿਟਾ!

ਹੁਣ : ਅਪਣੀਆਂ ਕਵਿਤਾਵਾਂ ਵਿੱਚ ਤੂੰ ਆਪ ਕਿੰਨਾ ਕੁ ਹੁੰਦੈਂ ?
ਸਤੀ: ਸਾਰੇ ਦਾ ਸਾਰਾ। ਕਵਿਤਾ ਮੂਲ ਤੌਰ ‘ਤੇ ਕਵੀ ਦਾ ਨਿਜ ਹੀ ਹੁੰਦਾ ਹੈ। ਇਹ ਤਰੀਖ਼ਾਂ ਵਿੱਚ ਵੰਡੀ ਆਤਮ-ਕਥਾ ਨਹੀਂ ਹੁੰਦੀ। ਕਵਿਤਾ ਵਿੱਚ
“ਕੋਡ” ਜਾਂ “ਚਿੰਨ੍ਹਾਂ” ਨੂੰ ਵਰਤਿਆ ਜਾਂਦਾ ਹੈ। ਕਵਿਤਾ ਸਾਡੇ ਅੰਦਰ ਨਾਲ਼ ਇੰਨਾ ਜੁੜੀ ਹੁੰਦੀ ਹੈ ਕਿ ਇਹ ਸਾਲਮ ਬਾਹਰ ਕਦੇ ਆ ਹੀ ਨਹੀਂ
ਸਕਦੀ। ਗੂਲਰ ਦੇ ਪੱਤੇ ਜਿੰਨਾ ਓਹਲਾ ਰਹਿ ਹੀ ਜਾਂਦਾ ਹੈ। ਗੂਲਰ ਦਾ ਪੱਤਾ ਭਾਸ਼ਾ ਦੀ ਤਾਸੀਰ ਵਿੱਚ ਸ਼ਾਮਲ ਹੈ। ਇਸਾਈ ਚਿੱਤਰਾਂ ਵਿੱਚ ਈਵ ਦੇ
ਮੂਹਰੇ ਖੜ੍ਹਾ ਆਦਮ ਗੂਲਰ ਦੇ ਪੱਤੇ ਨਾਲ਼ ਆਪਣਾ ਨੰਗ ਢਕਦਾ ਵਿਖਾਇਆ ਗਿਆ ਹੈ। ਭਗਵਾਨ ਕ੍ਰਿਸ਼ਨ ਨੂੰ ਵੈਸ਼ਣਵ ਭਗਤਾਂ ਨੇ ਪੀਤਾਂਬਰ ਪਾਇਆ ਹੋਇਆ ਹੈ। ਕਵੀ ਵੀ ਭਾਸ਼ਾ ਦੀ ਓਟ ਵਿੱਚ ਦੇਵੀ ਮੂਹਰੇ ਪੇਸ਼ ਹੁੰਦਾ ਹੈ। ਭਾਸ਼ਾ ਦਾ ਮਹੱਤਵ ਗੂਲਰ ਦੇ ਪੱਤੇ ਤੋਂ ਵੱਧ ਨਹੀਂ।
60ਵਿਆਂ ਵਿੱਚ ਕਲਕੱਤੇ ਦੇ ਕੁਝ ਕਵੀਆਂ ਨੇ ਖ਼ੁਦ ਨੂੰ ਦਿਗੰਬਰ ਪੀੜ੍ਹੀ ਦਾ ਨਾਂ ਦਿੱਤਾ ਸੀ। ਯਾਨੀ ਜਿਹਦਾ ਕੱਜਣ ਸਿਰਫ਼ ਅੰਬਰ ਹੋਵੇ।
ਕਵਿਤਾ ਅਰਥ ਨੂੰ ਉਜਾਗਰ ਹੀ ਨਹੀਂ ਕਰਦੀ, ਉਸ ਨੂੰ ਓਟ ਵੀ ਦਿੰਦੀ ਹੈ। ਸੰਸਕ੍ਰਿਤੀਆਂ ਦੀ ਭਾਲ ਕਵਿਤਾ ਵਿੱਚ ਕਾਵਿ ਭਾਸ਼ਾ ਦੇ ਇਸੇ ਦੂਹਰੇਪਨ
ਵਲ ਸੰਕੇਤ ਹੈ।

ਭਾਸ਼ਾ ਦੀ ਕੁਦਾਲ ਨਾਲ
ਜ਼ਮੀਨ ਖੋਦਣਾ ਸ਼ੁਰੂ ਕਰੀਏ ਤਾਂ
ਧਰਤੀ ਹੇਠੋਂ
ਇਕ ਹੋਰ ਕੁਦਾਲ ਨਿੱਕਲ ਆਉਂਦੀ ਹੈ
ਇਸ ਕੁਦਾਲ ਨਾਲ ਸਾਨੂੰ ਕਦੇ
ਭਾਸ਼ਾ ਦੀ ਕੁਦਾਲ ਲੱਭੀ ਸੀ

ਹੁਣ: ਤੂੰ ਸਾਲਾਂ ਤੋਂ ਜਲਾਵਤਨ ਹੈਂ। ਕਦੇ ਘਰ ਨ੍ਹੀਂ ਯਾਦ ਆਉਂਦਾ ਤੈਨੂੰ?
ਸਤੀ: ਯਾਦ ਕਿਉਂ ਨਹੀਂ ਆਉਂਦਾ? ਪਰ ਹੁਣ ਮੁੜਣ ਲਈ ਘਰ ਹੀ ਨਹੀਂ ਰਿਹਾ। ਸਾਡੇ ਘਰ ਦੇ ਦੋ ਦਰਵਾਜ਼ੇ ਸੀ। ਇਕ ਗਲ਼ੀ ਦੇ ਅੰਦਰਲਾ ਇਕ ਬਾਹਰਲਾ। ਜਿਹਣੇ ਗਲ਼ੀ ਦੇ ਅੰਦਰ ਵਾਲ਼ੇ ਪਾਸਿਓਂ ਬਾਹਰ ਜਾਣਾ ਹੁੰਦਾ, ਉਹ ਸਾਡੇ ਘਰ ਵਿਚੋਂ ਦੀ ਲੰਘ ਕੇ ਜਾਂਦਾ। ਬੂਹੇ ਹਮੇਸ਼ਾ ਖੁੱਲ੍ਹੇ ਰਹਿੰਦੇ। ਮੰਡੀ ਦਾ ਫਾਟਕ ਜ਼ਰਾ ਦੂਰ ਪੈਂਦਾ ਸੀ। ਕਦੇ-ਕਦੇ ਤਾਂ ਲੰਘਣ ਵਾਲ਼ਾ ਇੰਨਾ ਓਪਰਾ ਬੰਦਾ ਹੁੰਦਾ ਕਿ ਮੰਗਲ ਗ੍ਰਿਹ ਤੋਂ ਉਤਰਿਆ ਜਾਪਦਾ। ਬਿਨਾਂ ਕਿਸੇ ਵੱਲ ਝਾਕੇ, ਵਰਾਂਡਾ ਤੇ ਵਿਹੜਾ ਪਾਰ ਕਰਕੇ ਪੁਲਾਂਘਾਂ ਪੁੱਟਦਾ ਔਹ ਗਿਆ, ਔਹ ਗਿਆ। ਤੀਆਂ ਆਉਣ ਤੇ ਕੁੜੀਆਂ ਸਾਡੇ ਵਿਹੜੇ ਵਿੱਚ ਜਮ੍ਹਾਂ ਹੋ ਜਾਂਦੀਆਂ ਸੀ। ਸਾਡੇ ਵਿਹੜੇ ਵਿੱਚ ਨੱਚਣ ਪਿੱਛੋਂ ਉਹ ਤੀਆਂ ਨੂੰ ਜਾਂਦੀਆਂ। ਵਿਹੜੇ ਵਿੱਚ ਅੱਡੀ-ਟੱਪੇ ਦਾ ਬਹੁਤ ਹੀ ਖੌਰੂ ਪੈਣ ਲੱਗਦਾ, ਤਾਂ ਮੇਰੀ ਮਾਂ ਕਹਿੰਦੀ, “ਕੁੜੇ ਜਾਓ ਵੀ ਹੁਣ। ਮੁੰਡਾ ਜਾਗ ਪੂ!”
ਇਹ ਮੁੰਡਾ ਮੈਂ ਹੁੰਦਾ ਸੀ। ਕੋਠੇ ਦੇ ਬਨੇਰੇ ਉਤੋਂ ਦੀ ਅੱਡੀਆਂ ਚੁੱਕ ਕੇ ਹੇਠਾਂ ਵੇਹੜੇ ਵਿੱਚ ਪੈ ਰਿਹਾ ਗਿੱਧਾ ਪੈਂਦਾ ਵੇਖਦਾ। ਮੇਰੀ ਭੋਲ਼ੀ ਮਾਂ
ਨੂੰ ਹੋਰ ਕੋਈ ਬਹਾਨਾ ਨਹੀਂ ਸੀ ਸੁਝਦਾ। ਇਹ ਸੀ ਮੇਰਾ ਘਰ। ਹੁਣ ਇਹ ਭਰਾਵਾਂ ਨੇ ਵੰਡ ਲਿਆ ਹੋਇਐ। ਵਿਹੜੇ ਉਤਲੇ ਆਕਾਸ਼ ਦੇ ਚਾਰ ਟੋਟੇ ਹੋ ਗਏ। ਦਰਵਾਜ਼ੇ ਦਿਨੇ ਵੀ ਬੰਦ ਰੱਖੇ ਜਾਂਦੇ ਨੇ। ਗਏ ਦਾ ਕੋਈ ਹਾਲ ਪੁੱਛਣ ਵੀ ਨਹੀਂ ਆਉਂਦਾ। ਘਰ ਮੂਹਰੇ ਪਿਤਾ ਦੇ ਲੁਆਏ ਨਿੰਮ ਨੂੰ ਮਿਉਨਿਸੀਪੈਲਿਟੀ ਵਾਲ਼ੇ ਵੱਢ ਕੇ ਲੈ ਗਏ।

ਇਹ ਹਾਲ ਹੈ ਘਰ ਦਾ!

ਕਾਮਰੇਡਾਂ ਵਾਲ਼ਾ ਸਵਾਲ
ਹੁਣ: ਭਾਰਤ ਵਿਚ ਤੂੰ ਕਦੀ ਹੱਥੀਂ ਕੰਮ ਵੀ ਕੀਤਾ ਸੀ?
ਸਤੀ: ਇਹ ਕਾਮਰੇਡਾਂ ਵਾਲ਼ਾ ਸਵਾਲ ਹੈ। ਠੁੱਲ਼੍ਹੀਵਾਲ ਸਾਡੀ ਜ਼ਮੀਨ ਸੀ। ਪਰ ਨਾ ਮੈਂ ਕਦੇ ਹਲ਼ ਵਾਹਿਆ ਨਾ ਕਦੇ ਗੋਡੀ ਕੀਤੀ ਹੈ। ਬ੍ਰਾਹਮਣ
ਵਰਕਿੰਗ ਕਲਾਸ ਵਿੱਚੋਂ ਨ੍ਹੀਂ ਹੁੰਦੇ। ਮੈਂ ਮਗ਼ਜ਼ੀ ਪ੍ਰੋਲੇਤਾਰੀ ਹਾਂ। ਯਾਨੀ ਕਾਮਿਆਂ ਨਾਲ਼ ਮੇਰੀ ਹਮਦਰਦੀ ਹੈ, ਪਰ ਮੈਂ ਆਪ ਉਨ੍ਹਾਂ ਵਿੱਚੋਂ ਨਹੀਂ।
ਧਾਨਕਿਆਂ ਤੇ ਬਾਜ਼ੀਗਰਾਂ ਦੇ ਮੁੰਡੇ ਮੇਰੇ ਦੋਸਤ ਸਨ, ਪਰ ਮੈਂ ਆਪ ਦਲਿਤ ਵਰਗ ਵਿੱਚੋਂ ਨਹੀਂ। ਬਚਪਨ ਵਿੱਚ ਆਪਣੇ ਫੁੱਫੜ ਦੀ ਰਾਈਫ਼ਲ ਨੂੰ ਹੱਥ ਵੀ ਜ਼ਿੰਦਗੀ ਵਿੱਚ ਮੈਂ ਇਕੋ ਵਾਰ ਲਾਇਆ ਹੈ। ਪਿਤਾ ਦੀ ਉਹਨੂੰ ਹਦਾਇਤ ਸੀ ਕਿ ਸਾਡੇ ਘਰ ਰਾਇਫ਼ਲ ਲੈ ਕੇ ਨਾ ਆਇਆ ਕਰੇ। ਇਹ ਬ੍ਰਾਹਮਣੀ-ਮਰਯਾਦਾ ਤੋਂ ਉਲ਼ਟ ਸੀ। ਮਾਉ ਦੀ ਲਾਲ ਕਿਤਾਬ ਦਾ ਪਾਠ ਮੈਂ ਕੀਤਾ ਹੈ। ਇਸ ਨੂੰ ਪੜ੍ਹ ਕੇ ਮੈ ਕੁਝ ਸਿਆਣਾ ਤਾਂ ਜ਼ਰੂਰ ਹੋ ਗਿਆ, ਪਰ ਮਾਉਵਾਦੀ ਨਹੀਂ ਬਣਿਆ। ਹਿੰਸਾ ਮੇਰੇ ਸੁਭਾੳ ਵਿੱਚ ਨਹੀਂ। ਮੈਂ ਕਦੇ ਕਿਸੇ ਨਾਲ਼ ਧੱਕਾ ਨਹੀਂ ਕਰਦਾ, ਨਾ ਹੀ ਧੱਕਾ ਕਰਨ ਵਾਲ਼ਿਆਂ ਨਾਲ਼ ਮੇਰੀ ਬਣਦੀ ਹੈ। ਆਪਣੇ ਵਿਰੋਧੀ ਨੂੰ ਵੀ ਮੈਂ ਨਰਮੀ ਨਾਲ ਪੇਸ਼ ਆਉਂਦਾ ਹਾਂ। ਮੇਰੇ ਨਰਮ ਵਿਹਾਰ ਨੂੰ ਗ਼ਲਤੀ ਨਾਲ ਉਹ ਕਮਜ਼ੋਰੀ ਸਮਝ ਬੈਠਦੇ ਨੇ। ਅਸਲੀਅਤ ਇਹ ਹੈ ਕਿ ਹੱਥ ਵਿੱਚ ਕਲਮ ਹੁੰਦੀ ਹੈੇ ਤਾਂ ਮੈਨੂੰ ਕਿਸੇ ਰੱਬ ਤੋਂ ਵੀ ਡਰ ਨਹੀਂ ਲੱਗਦਾ।

ਹੁਣ: ਮਾਰਕਸਵਾਦੀਆਂ ਵਿੱਚ ਤੂੰ ਓਪਰਾ ਮਹਿਸੂਸ ਕਰਦਾ ਹੋਵੇਂਗਾ?
ਸਤੀ: ਪੰਜਾਬੀ ਸਾਹਿਤ ਦੇ ਪ੍ਰਗਤੀਵਾਦੀਆਂ ਨਾਲ਼ ਮੇਰੇ ਸਬੰਧ ਕੁਝ ਤਿਰਛੇ ਰਹੇ ਨੇ। ਪੂਰਬੀ ਯੌਰਪ ਦੇ ਮੇਰੇ ਸਾਰੇ ਦੋਸਤ ਮਾਰਕਸਵਾਦੀ ਨੇ।
ਅਮਰੀਕਾ ਵਿੱਚ ਮੇਰੀ ਆਪਣੀ ਧੀ “ਮਿਕਸਡ ਬਲੱਡ” ਥੀਏਟਰ ਨਾਲ਼ ਜੁੜੀ ਹੋਈ ਹੈ, ਜਿਸ ਨੂੰ “ਨਿਊ ਲੈਫ਼ਟਿਸਟ” ਗਰੁੱਪ ਸਮਝਿਆ ਜਾਂਦਾ
ਹੈ।
ਮਾਰਕਸਵਾਦੀਆਂ ਨੇ ਸਾਹਿਤਕਾਰਾਂ ਦੀ ਸ਼ਰੇਣੀ-ਵੰਡ ਕੀਤੀ ਹੋਈ ਹੈ, ਸੁਪਨਾ ਭਾਵੇਂ ਉਹ ਕਲਾਸ-ਲੈੱਸ ਸੋਸਾਇਟੀ ਦਾ ਲੈਂਦੇ ਨੇ। ਮਾਸਕੋ
ਵਿੱਚ ਰੂਸੀ ਕਵੀ ਰੌਯਦੇਸਤਵੇਂਸਕੀ ਨੇ ਮੈਨੂੰ ਘਰੇ ਬੁਲਾ ਕੇ ਰੋਟੀ ਖੁਆਈ ਤੇ ਫੇਰ ਪਤਾ ਨਹੀਂ ਮੇਰੀ ਕਿਹੜੀ ਗੱਲ ਦੇ ਜਵਾਬ ਵਿੱਚ ਉਸ ਦੇ ਮੂੰਹੋਂ ਗ਼ੁੱਸੇ ਵਿੱਚ ਨਿਕਲ ਗਿਆ – “ਉਹ ਆਪਣੇ ਲਈ ਲਿਖਦੇ ਨੇ, ਮੈਂ ਲੋਕਾਂ ਲਈ ਲਿਖਦਾ ਹਾਂ।” ਆਪਣੀ ਗੱਲ ਤੋਂ ਫਿਰ ਆਪ ਹੀ ਕੁਝ ਝੇਪ ਗਿਆ। “ਉਹ” ਤੇ “ਅਸੀਂ” ਦਾ ਢੋਲ ਪੰਜਾਬੀ ਵਿੱਚ ਵੀ ਵੱਜ ਰਿਹਾ ਹੈ। ਇਸ ਵੰਡ ਵਿੱਚ ਸਿਆਸਤ ਬਹੁਤੀ ਹੈ, ਸਾਹਿਤ ਘੱਟ। ਮਾਰਕਸ ਯੁੱਗ-ਪਲਟਾਊ ਬੁੱਧੀਜੀਵੀ ਹੈ। ਪਰ ਉਹਦੇ ਪਟਵਾਰੀਆਂ ਨਾਲ਼ ਮੇਰੀ ਕੋਈ ਸਾਂਝ ਨਹੀਂ। ਸੰਤੋਖ ਸਿੰਘ ਧੀਰ ਨੇ ਆਪਣੀ ਕਿਸੇ ਕਵਿਤਾ ਵਿੱਚ ਫਿਟਕਾਰ ਪਾਈ ਹੈ- “ਕਾਮਰੇਡੋ ਸ਼ਰਮ ਕਰੋ!”
ਉਸ ਦੀ ਗੱਲ ਖਰੀ ਹੈ। ਲੇਖਕ ਕਿਸੇ ਪਾਰਟੀ ਦਾ ਨਹੀਂ, ਕਲਮ ਦਾ ਕਾਮਾ ਹੁੰਦਾ ਹੈ। ਇਹ ਕਾਮਾ ਮੈਂ ਵੀ ਹਾਂ। ਸੋਸ਼ਲਿਸਟ ਦੇਸਾਂ ਵਿੱਚ ਇੰਟੈਲੈਕਚੁਅਲ ਵਰਕਰਾਂ” ਨੂੰ ਗ਼ੁਲਾਮਾਂ ਵਾਂਗ ਰਹਿਣਾ ਪੈਂਦਾ ਸੀ। ਭਾਰਤ ਵਿੱਚ ਸੋਸ਼ਲਿਜ਼ਮ ਨਹੀਂ ਆਇਆ, ਫਿਰ ਵੀ ਲੇਖਕ ਖਿੜੇ ਮੱਥੇ ਗ਼ੁਲਾਮ ਬਣੀ ਫਿਰਦੇ ਨੇ।

ਕਲਮ ਦਾ ਜੁਗਾੜ
ਹੁਣ: ਤੇਰੇ ਵਿਰੋਧੀ ਤੈਨੂੰ ਸਾਹਿਤ ਦੇ ਪਿੜ ਵਿੱਚ ਚੋਰ-ਦਰਵਾਜ਼ਿਆਂ ਰਾਹੀਂ ਵੜਨ ਵਾਲ਼ਾ ਲੇਖਕ ਕਹਿੰਦੇ ਹਨ। ਉਨ੍ਹਾਂ ਦਾ ਖ਼ਿਆਲ ਹੈ ਕਿ ਤੂੰ ਚੋਟੀ ਦੇ
ਬੰਦਿਆਂ ਨਾਲ਼ ਜੁਗਾੜ ਕਰਨ ਨੂੰ ਤਕੜਾ ਏਂ।
ਸਤੀ: ਹੁਣ ਤਕ ਮੈਂ ਇਕੋ ਜੁਗਾੜ ਕੀਤਾ ਹੈ, ਉਹ ਹੈ ਕਲਮ ਦਾ ਜੁਗਾੜ। ਜਿੰਨਾ ਕੁ ਹੋ ਸਕਿਆ। ਲੇਖਕ ਬਣਨ ਲਈ ਕਲਮ ਦੇ ਜੁਗਾੜ ਤੋਂ ਬਿਨਾਂ
ਕੀ ਕੋਈ ਹੋਰ ਤਰੀਕਾ ਵੀ ਹੈ? ਨਾਲੇ ਮੈਂ ਜੁਗਾੜੀਆ ਹੁੰਦਾ ਤਾਂ ਹਰਭਜਨ ਸਿੰਘ ਤੋਂ ਭੂਮਿਕਾ ਲਿਖਵਾਂਦਾ। ਅਜੀਤ ਕੌਰ ਮੇਰਾ ਰੇਖਾ-ਚਿਤਰ
ਲਿਖਦੀ। ਅਸੀਂ ਦੋਸਤ ਹਾਂ ਪਰ ਇਹੋ ਜਿਹੇ ਕੰਮ ਮੈਂ ਕਦੇ ਨਹੀਂ ਕੀਤੇ।
ਇਹ ਗੱਲ ਸਹੀ ਹੈ ਕਿ ਮੇਰੀ ਜ਼ਿੰਦਗੀ ਵਿੱਚ ਕਈ ਅਜੇਹੇ ਲੇਖਕ ਆਏ ਨੇ, ਜਿਨ੍ਹਾਂ ਨੂੰ ਤੂੰ ਵੱਡੇ ਆਖਦਾ ਏਂ। ਆਪਣੀ ਨਜ਼ਰ ਵਿੱਚ ਮੈਂ ਵੀ ਵੱਡਾ ਹਾਂ। ਜੇ ਕਿਸੇ ਲੇਖਕ ਵਿੱਚ ਇੰਨਾ ਆਤਮ-ਵਿਸ਼ਵਾਸ ਨਹੀਂ, ਉਸ ਨੂੰ ਲਿਖਣਾ ਛੱਡ ਦੇਣਾ ਚਾਹੀਦੈ। ਮੇਰੀ ਨਜ਼ਰ ਵਿੱਚ ਸਾਰੇ ਲੇਖਕ ਬਰਾਬਰ ਨੇ। ਮੇਰੇ ਨਾਲ਼ ਕੋਈ ਕਿੰਨਾ ਵੀ ਟੇਢਾ ਚੱਲੇ, ਮੈਂ ਕਿਸੇ ਨਾਲ਼ ਬਦਸਲੂਕੀ ਨਹੀਂ ਕਰਦਾ, ਫ਼ਾਸਲਾ ਬੇਸ਼ਕ ਕਰ ਲਵਾਂ।
ਦਿੱਲੀ ਯੂਨੀਵਰਸਿਟੀ ਵਿੱਚ ਮੈਂ ਸਾਹਿਤ ਸਭਾ ਦਾ ਪ੍ਰੈਜ਼ੀਡੈਂਟ ਸੀ। ਹਰ ਮਹੀਨੇ ਕਿਸੇ ਨਾ ਕਿਸੇ ਲੇਖਕ ਨੂੰ ਬੁਲਾਇਆ ਜਾਂਦਾ ਸੀ। ਦਿੱਲੀ
ਦੇ ਬਹੁਤੇ ਲੇਖਕ ਏਸੇ ਸਮੇਂ ਸੰਪਰਕ ਵਿੱਚ ਆਏ। ਹਰਿਭਜਨ ਨੇ ਆਪ ਕਦਮ ਚੁੱਕਿਆ। ਆਰਸੀ ਦੇ ਦਫ਼ਤਰ ਵਿੱਚ ਉਹ ਮੈਨੂੰ ਈਸ਼ਵਰ ਚਿਤਰਕਾਰ ਨੂੰ ਦਿੱਤੀ ਵਿਦਾਇਗੀ ਪਾਰਟੀ ਦਾ ਇਨਵੀਟੇਸ਼ਨ ਕਾਰਡ ਦੇ ਕੇ ਗਿਆ ਸੀ। ਭਾਵੇਂ ਮੈਂ ਉਸ ਪਾਰਟੀ ਵਿੱਚ ਨਹੀਂ ਸੀ ਗਿਆ। ਇਸੇ ਤਰ੍ਹਾਂ ਗਾਰਗੀ ਨਾਲ਼ ਪਰੀਚੈ ਦਾ ਕਾਰਣ ਪੰਜ ਦਰਿਆ ਵਿੱਚ ਛਪਿਆ ਮੇਰਾ ਲੇਖ ਸੀ। ਕਨਾਟਪਲੇਸ ਦੇ ਟੀ ਹਾਉਸ ਵਿੱਚ ਮੇਰੇ ਕੋਲ਼ ਆ ਕੇ ਬੋਲਿਆ, “ਹੁਣੇ ਤੇਰਾ ਲੇਖ ਪੜ੍ਹਿਆ ਹੈ। ਆਉ ਜ਼ਰਾ ਬਾਹਰ ਸੈਰ ਕਰੀਏ।”
ਕਨਾਟਪਲੇਸ ਦੇ ਗਲਿਆਰੇ ਵਿੱਚ ਘੁੰਮਦਿਆਂ ਉਹ ਮੈਨੂੰ ਵਾਰਤਕ ਲਿਖਣ ਦੇ ਗੁਰ ਦੱਸਦਾ ਰਿਹਾ। ਉਹ ਮੈਥੋਂ ਸੀਨੀਅਰ ਲੇਖਕ ਸੀ। ਮੇਰੀ ਅਜੇ ਮੱਸ ਹੀ ਫੁੱਟੀ ਸੀ। ਮੈਂ ਨੀਵੀਂ ਪਾਈ ਸੁਣਦਾ ਰਿਹਾ। ਸਿੱਖਿਆ ਤਾਂ ਮੈਂ ਉਸ ਕੋਲ਼ੋਂ ਕੁਝ ਨਾ, ਪਰ ਮਾਲਵੇ ਦੀਆਂ ਗੱਲਾਂ ਕਰਦੇ-ਕਰਦੇ ਅਸੀਂ ਚੰਗੇ ਦੋਸਤ ਬਣ ਗਏ। 60ਵਿਆਂ ਦੇ ਆਸਪਾਸ ਅਜੀਤ ਕੌਰ ਵੀ ਈਸਟ ਪਟੇਲ ਨਗਰ ਰਹਿੰਦੀ ਸੀ ਤੇ ਮੈਂ ਵੀ। ਰਹਿੰਦੇ ਵੀ ਕੋਲ਼ੇ-ਕੋਲ਼ੇ ਸੀ। ਬਿਸਕੁਟਾਂ ਦੀ ਦੁਕਾਨ ‘ਤੇ ਮੈਂ ਉਹਨੂੰ ਇਕ ਵਾਰ ਵੇਖਿਆ ਵੀ ਸੀ। ਨਹਾਉਣ ਪਿੱਛੋਂ ਪਿੱਠ ‘ਤੇ ਖੁੱਲ੍ਹੇ ਵਾਲ ਛੱਡੀ ਉਹ ਹਵਾ ਦੇ ਤਾਜ਼ੇ ਬੁੱਲੇ ਵਾਂਗ ਦੁਕਾਨ ਵਿੱਚ ਆ ਵੜੀ ਸੀ। ਉਦੋਂ ਉਹ ਚਰਚਿਤ ਕਹਾਣੀਕਾਰ ਸੀ। ਜਾ ਕੇ ਹੈਲੋ ਕਰਨ ਦੀ ਬਜਾਏ ਮੈਂ ਪਾਸੇ ਖੜ੍ਹਾ ਚੋਰੀਉਂ ਉਸ ਨੂੰ ਵੇਖਦਾ ਰਿਹਾ। ਇਸ ਤੋਂ ਦਸ ਸਾਲ ਬਾਅਦ ਅਚਾਨਕ ਗਾਰਗੀ ਦੇ ਘਰੇ 70ਵਿਆਂ ਵਿੱਚ ਪਹਿਲੀ ਵਾਰ ਉਸ ਨਾਲ਼ ਮੇਰੀ ਮੁਲਾਕਾਤ ਹੋਈ। ਉਦੋਂ ਜਲੰਧਰੋਂ ਮੀਸ਼ਾ ਵੀ ਗਾਰਗੀ ਕੋਲ਼ ਆਇਆ ਹੋਇਆ ਸੀ। ਮੈਂ ਸਵੀਡਨੋਂ ਦੋ ਹਫ਼ਤਿਆਂ ਲਈ ਭਾਰਤ ਗਿਆ ਹੋਇਆ ਸੀ। ਅਸੀਂ ਰਲ਼ ਕੇ ਗਾਰਗੀ ਦੇ ਘਰ ਮਿਰਚਾਂ ਵਾਲ਼ੀ ਦਾਲ਼ ਨਾਲ਼ ਆਲੂ ਦੇ ਪਰੌਂਠੇ ਖਾਧੇ ਸੀ। ਇਕ ਵਾਰ ਅਜੀਤ ਨੇ ਪਿਆਰ ਵਿੱਚ ਉਲ਼ਾਂਭਾ ਵੀ ਦਿੱਤਾ ਸੀ, “ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਮਿਲੇ?” ਹੁਣ ਤੂੰ ਆਪ ਅੰਦਾਜ਼ਾ ਲਾ ਲੈ, ਮੈਂ ਕਿੰਨਾ ਜੁਗਾੜੀਆ ਹਾਂ।
ਮੈਂ ਅਫ਼ਵਾਹਾਂ ਦਾ ਸਿਰਜਿਆ ਹੋਇਆ ਹਾਂ। ਸਾਹਿਤ-ਸਭੀਆ ਜੁ ਨਹੀਂ ਹਾਂ। ਨਾ ਹੀ ਕਵੀ-ਦਰਬਾਰੀਆ ਹਾਂ। ਪੰਜਾਬੀ ਦੇ ਬਹੁਤੇ ਲੇਖਕਾਂ ਨੇ ਤਾਂ ਮੈਨੂੰ ਵੇਖਿਆ ਹੀ ਨਹੀਂ ਹੋਣਾ। ਮੇਰੀ ਹੋਂਦ ਭੂੁਤਾਂ ਵਰਗੀ ਹੈ। ਮੈਂ ਹਾਂ ਵੀ ਤੇ ਨਹੀਂ ਵੀ। ਲੋਕਾਂ ਕੋਲ਼ ਮੇਰਾ ਮਨਘੜੰਤ ਬਿੰਬ ਹੈ।
ਮੈਂ ਇਕੱਲਪਸੰਦ ਹਾਂ। ਕਿਸੇ ਸਾਹਿਤਕ ਟੋਲੇ ਨਾਲ਼ ਰਲ਼ਿਆ ਹੁੰਦਾ ਤਾਂ ਇਹੋ ਜੇਹੀਆਂ ਗੱਲਾਂ ਨਹੀਂ ਸੀ ਉਡਣੀਆਂ। ਤੇਰੇ ਸਵਾਲ ਦਾ ਸਬੰਧ ਮੇਰੇ ਨਾਲ਼ ਇੰਨਾ ਨਹੀਂ, ਜਿੰਨਾ ਪੰਜਾਬੀ ਲੇਖਕਾਂ ਦੀ ਸਾਇਕੀ ਨਾਲ਼ ਹੈ। ਮੇਰੇ ਕੋਲ਼ ਇਸ ਦਾ ਕੋਈ ਚੰਗਾ ਜਵਾਬ ਨਹੀਂ।
ਹੁਣ : ਪੰਜਾਬੀ ਲੇਖਕਾਂ ਨੂੰ ਮਿਲਣ ਤੂੰ ਪੰਜਾਬ ਨਹੀਂ ਸੀ ਜਾਂਦਾ ਕਦੇ?
ਸਤੀ : ਹਰਿਭਜਨ ਪੰਜਾਬ ਜਾਇਆ ਕਰਦਾ ਸੀ ਹਰਨਾਮ ਨੂੰ ਨਾਲ਼ ਲੈ ਕੇ। ਉਹਨਾਂ ਨਾਲ਼ ਮੈਂ ਨਹੀਂ ਸੀ ਕਦੇ ਗਿਆ। ਪੰਜਾਬੋਂ ਮੁੜ ਕੇ ਆਇਆ,
ਤਾਂ ਇਕ ਵਾਰ ਹਰਿਭਜਨ ਬੋਲਿਆ- “ਮੈਂ ਤੇਰੇ ਪਿੰਡ ਗਿਆ ਸੀ। ਉਥੇ ਤੇਰੀ ਇਕ ਕਵਿਤਾ ਸੁਣਾ ਕੇ ਆਇਆਂ।” ਉਹ ਬਰਨਾਲ਼ੇ ਤੇ ਪਟਿਆਲ਼ੇ
ਹੋ ਕੇ ਆਏ ਸੀ।
ਹਰਿਭਜਨ ਸਾਰੇ ਮਾਲਵੇ ਨੂੰ ਮੇਰਾ ਪਿੰਡ ਆਖਦਾ ਸੀ। ਮਾਲਵੇ ਵਿੱਚ ਉਹ ਕਿਤੇ ਵੀ ਹੋ ਕੇ ਆਇਆ ਹੋਵੇ, ਦਿੱਲੀ ਵਾਪਸ ਆ ਕੇ ਇਹੋ ਆਖਦਾ- “ਤੇਰੇ ਪਿੰਡ ਹੋ ਕੇ ਆਇਆਂ।” ਮਲਵੱਈ ਲੇਖਕ ਉਹਨੂੰ ਬਹੁਤੇ ਪਸੰਦ ਨਹੀਂ ਸਨ। ਮਾਲਵੇ ਦੇ ਲੇਖਕਾਂ ਬਾਰੇ ਇਕ ਵਾਰ ਸਾਡੀ ਬਹਿਸ ਹੋ ਗਈ, ਤਾਂ ਉਹ ਮਾਲਵੇ ਦੇ ਲੇਖਕਾਂ ਨੂੰ “ਮਲਵੱਈ ਢੱਗੇ” ਕਹਿ ਬੈਠਾ। ਮਾਲਵੇ ਦੇ ਲੇਖਕਾਂ ਦੀ ਚੜ੍ਹਤ ਸੀ ਤੇ ਇਹ ਸ਼ਾਇਦ ਉਸ ਨੂੰ ਚੰਗਾ ਨਹੀਂ ਸੀ ਲੱਗਦਾ। ਮੈਂ ਕੁਝ ਨਾ ਕਿਹਾ। ਆਪਣੀ ਅਪਸ਼ਬਦੀ ‘ਤੇ ਉਹ ਆਪ ਹੀ ਸ਼ਰਮਾ ਗਿਆ ਸੀ। “ਤੇਰੇ ਮਾਲਵੇ ਹੋ ਕੇ ਆਇਆਂ” ਵਿੱਚ ਹਮੇਸ਼ਾ ਕੁਝ ਵਿਅੰਗ ਹੁੰਦਾ ਸੀ। ਪਰ ਇੰਨਾ ਕੁ ਮੈਂ ਖ਼ੁਸ਼ੀ ਨਾਲ਼ ਝੱਲ ਲੈਂਦਾ ਸੀ।
ਅਜੇ ਮਂੈ ਸਾਰੀਆਂ ਤਿੰਨ ਕਵਿਤਾਵਾਂ ਹੀ ਲਿਖੀਆਂ ਸੀ। ਇਕ ਕਵਿਤਾ ਦਾ ਨਾਂ ਸੀ – ਜੁਗਨੂੰ। ਮੈਨੂੰ ਪ੍ਰਸ਼ੰਸਾ ਸੰਦੇਹ ਵਿੱਚ ਪਾ ਦਿੰਦੀ ਹੈ।
ਹਰਿਭਜਨ ਨੂੰ ਇਹ ਕਵਿਤਾ ਪਸੰਦ ਆ ਗਈ ਸੀ। ਇਸ ਨੂੰ ਉਹ ਹਰ ਥਾਈਂ ਸੁਣਾਉਂਦਾ। ਇਸ ਕਵਿਤਾ ਦਾ ਗਾਇਨ ਉਹ ਦਿੱਲੀ ਦੇ ਰੇਡੀਉ
ਸਟੇਸ਼ਨ ‘ਤੇ ਵੀ ਕਰਕੇ ਆਇਆ ਸੀ। ਨਤੀਜਾ ਇਹ ਹੋਇਆ ਕਿ ਇਹ ਕਵਿਤਾ ਮੇਰੀ ਕਿਸੇ ਵੀ ਕਿਤਾਬ ਵਿੱਚ ਸ਼ਾਮਲ ਨਹੀਂ। ਮੈਂ ਹਰਨਾਮ ਨੂੰ
ਆਖਿਆ, “ਹੋਰੂੰ ਤਾਂ ਮੈ ਡਾਕਟਰ ਦੇ ਕਾਬੂ ਨ੍ਹੀਂ ਆਇਆ। ਹੁਣ ਉਹ ਮੈਨੂੰ ਪ੍ਰਸ਼ੰਸਾ ਨਾਲ਼ ਮਾਰ ਰਿਹਾ ਹੈ!”
ਹੁਣ: ਪੰਜਾਬ ਜਾਣ ਤੋਂ ਤੈਨੂੰ ਡਰ ਲੱਗਦਾ ਸੀ ?
ਸਤੀ: ਪੰਜਾਬ ਤੋਂ ਡਰ ਨਹੀਂ ਲੱਗਦਾ। ਪੰਜਾਬ ਦੀ ਮਿੱਟੀ ਦਾ ਤਾਂ ਮੈਂ ਬਣਿਆ ਹੋਇਆ ਹਾਂ। ਪੰਜਾਬ ਵਿੱਚ ਮੇਰੇ ਵਿਜ਼ਟ ਅ-ਸਾਹਿਤਕ ਕਿਸਮ ਦੇ
ਹੁੰਦੇ ਨੇ।
ਇਕ ਵਾਰ ਇਵਾਂਕਾ ਨੂੰ ਮੈਂ ਚੰਡੀਗੜ੍ਹ ਦਿਖਾਉਣ ਲੈ ਗਿਆ ਸੀ। ਉਦੋਂ ਅਮਿਤੋਜ ਨੇ ਤਿੰਨ ਦਿਨ ਅਵਾਰਾਗਰਦੀ ਕਰਾਈ। ਉਥੇ ਕੁਝ ਹੋਰ ਲੇਖਕ ਵੀ ਉਦੋਂ ਚੰਡੀਗੜ੍ਹ ਦੀਆਂ ਸੜਕਾਂ ‘ਤੇ ਕੀਤੀ ਉਸ ਅਵਾਰਾਗਰਦੀ ਵਿੱਚ ਕਦੇ-ਕਦੇ ਸ਼ਾਮਲ ਹੋ ਜਾਂਦੇ ਸੀ। ਅਮਿਤੋਜ ਖ਼ੂਬਸੂਰਤ ਤੋਤੇ ਵਾਂਗ ਸੀ। ਰਾਹ ਦਰਸਾਉਂਦਾ ਪਰ ਫੈਲਾ ਕੇ ਮੂਹਰੇ-ਮੂਹਰੇ ਉਡਦਾ ਫਿਰਦਾ। ਉਦੋਂ ਪ੍ਰੇਮ ਪ੍ਰਕਾਸ਼ ਵੀ ਉਥੇ ਮਿਲ਼ਿਆ। ਅਸੀਂ ਸਾਰੇ ਠੰਢ ਵਿੱਚ ਪਤਲੇ-ਪਤਲੇ ਕੁੜਤੇ ਪਾਏ ਫਿਰਦੇ ਸੀ। ਉਸ ਨੇ ਰੋਹਬਦਾਰ ਉਨ ਦਾ ਵਲੈਤੀ ਓਵਰਕੋਟ ਪਾਇਆ ਹੋਇਆ ਸੀ। ਮੇਰੀ ਨਜ਼ਰ ਵਿੱਚ ਉਹ ਹੁਣ ਵਾਂਗ ਉਦੋਂ ਵੀ ਮੂਹਰਲੀ ਕਤਾਰ ਦਾ ਲੇਖਕ ਸੀ। ਇਹ ਸਿਮਰਤੀ ਗ਼ਲਤ ਹੋਵੇ ਤਾਂ ਉਹ ਮੈਨੂੰ ਮਾਫ਼ ਕਰੇ। ਕੁਮਾਰ ਵਿਕਲ ਨੇ ਘਰੇ ਬੁਲਾ ਕੇ ਡਿਨਰ ਖੁਆਇਆ ਸੀ। ਅਸੀਂ ਦਿੱਲੀ ਟੀ-ਹਾਊਸ ਤੋਂ ਵਾਕਫ਼ ਸਾਂ। ਉਸ ਦੀ ਗੈਸਟ ਲਿਸਟ ਵਿੱਚ ਮ੍ਰਿਤਯੂਬੋਧ ਵੀ ਸੀ। ਮ੍ਰਿਤੂ ਦੀ ਜਠਰਾਗਨੀ ਪ੍ਰਚੰਡ ਸੀ। ਅੱਖ ਦੇ ਫੋਰੇ ਵਿੱਚ ਹੱਸਦਾ-ਹੱਸਦਾ ਉਹ ਦੋ ਥਾਲ਼ੀਆਂ ਚੱਟ ਕਰ ਗਿਆ ਸੀ। ਵਿਕਲ ਉਹਨੂੰ ਖੁਆਈ ਵੀ ਜਾਵੇ ਤੇ ਟਾਂਚ ਵੀ ਕਰੀ ਜਾਏ – “ਪੰਡਤਾ
ਤੈਨੂੰ ਢਿੱਡ ਤਾਂ ਲੱਗਿਆ ਨਹੀਂ, ਭੋਜਨ ਕਿਧਰ ਜਾਂਦੈ?” ਅਮਿਤੋਜ ਤੇ ਹਰਨਾਮ ਤਾਂ ਲੰਡਨੋਂ ਮੈਨੂੰ ਸਵੀਡਨ ਵਿੱਚ ਸਟੌਕਹੋਮ ਵੀ ਮਿਲਣ ਆਏ ਸੀ।
ਪਰ ਇਹ ਪ੍ਰਾਈਵੇਟ ਵਿਜ਼ਟ ਸੀ ‘ਘੋੜਿਆਂ ਦੀ ਉਡੀਕ’ ਦੇ ਛਪਣ ਤੋਂ ਤੁਰੰਤ ਬਾਅਦ। ਪ੍ਰਾਈਵੇਟ ਲੈਵਲ ‘ਤੇ ਦੋਸਤਾਂ ਨੂੰ ਮਿਲ ਕੇ ਮੈਨੂੰ ਖ਼ੁਸ਼ੀ
ਹੁੰਦੀ ਹੈ। ਇਸ ਤੋਂ ਅਗਾਹਾਂ ਕਿਸੇ ਨੈੱਟਵਰਕ ਵਿੱਚ ਫ਼ਿੱਟ ਮੈਥੋਂ ਨਹੀਂ ਹੋਇਆ ਜਾਂਦਾ।

ਗਰਮ ਹੈ ਗੁਲਾਬ ਦੀ ਪੱਤੀ
ਹੁਣ: ਰਾਮਪੁਰਾ ਛੱਡ ਕੇ ਤੂੰ ਦਿੱਲੀ ਕਿਉਂ ਚਲਾ ਗਿਆ ਸੀ?
ਸਤੀ: ਦਰਅਸਲ ਮੈਂ ਘਰੋਂ ਭੱਜਿਆ ਹੋਇਆ ਸੀ। ਬੀ.ਏ ਕਰਨ ਪਿੱਛੋਂ ਮੈਂ ਰਾਮਪੁਰੇ ਤੋਂ ਉਕਤਾ ਗਿਆ। ਮੈਂ ਤੇ ਬਾਜ਼ੀਗਰਾਂ ਦਾ ਮੁੰਡਾ ਹਰ ਰੋਜ਼
ਸੂਏ ‘ਤੇ ਨਹਾਉਣ ਜਾਂਦੇ। ਇਸ ਮੁੰਡੇ ਤੋਂ ਮੈਂ ਸੂਏ ਦੇ ਪੁਲ਼ ਤੋਂ ਉਲ਼ਟੀ ਛਾਲ਼ ਲਾਉਣੀ ਸਿੱਖੀ ਸੀ। ਪਰ ਹੁਣ ਇਸ ਸ਼ੌਕ ਤੋਂ ਵੀ ਦਿਲ ਭਰ ਗਿਆ
ਸੀ।
ਇਕ ਦਿਨ ਮੈਂ ਪਿਤਾ ਨੂੰ ਆਖਿਆ, “ਮੈਂ ਨ੍ਹੀਂ ਹੁਣ ਏਥੇ ਰਹਿਣਾ! ਜਿਵੇਂ ਤੁਸੀਂ ਇਕ ਦਿਨ ਠੁੱਲੀਵਾਲ ਛੱਡ ਕੇ ਰਾਮਪੁਰੇ ਆਏ ਸੀ, ਮੈਂ ਰਾਮਪੁਰਾ ਛੱਡ ਕੇ ਜਾ ਰਿਹਾਂ।”
ਮੇਰਾ ਫ਼ੈਸਲਾ ਸੁਣ ਕੁਝ ਦਿਨ ਘਰੇ ਰੋਣਾ-ਧੋਣਾ ਹੋਇਆ। ਆਖ਼ਰ ਹਜ਼ਾਰ ਰੁਪਏ ਦੇ ਕੇ ਘਰ ਦਿਆਂ ਨੇ ਮੈਨੂੰ ਗੱਡੀ ਚਾੜ੍ਹ ‘ਤਾ। ਚੱਲਣ ਲੱਗਿਆਂ ਪਲੇਟਫ਼ਾਰਮ ‘ਤੇ ਮਾਂ ਅੱਖਾਂ ਭਰੀ ਖੜ੍ਹੀ ਸੀ। ਮੈਨੂੰ ਇਹ ਸੀਨ ਕਦੇ ਨਹੀਂ ਭੁੱਲਦਾ। ਤਿੰਨ ਰਾਤਾਂ ਪਿੱਛੋਂ ਮੈਂ ਸਿੱਧਾ ਕਲਕੱਤੇ ਜਾ ਕੇ ਉਤਰਿਆ ਸੀ। ਉਥੇ ਦੋ ਮਹੀਨੇ ਧੱਕੇ ਖਾ ਕੇ ਮੈਂ ਦਿੱਲੀ ਪਹੁੰਚਿਆ ਸੀ।
ਕਲਕੱਤੇ ਦਾਰੂ ਪੀਣੀ ਸਿੱਖੀ ਤੇ ਕੁਝ ਬੰਗਾਲੀ ਭਾਸ਼ਾ। ਤੀਜੀ ਸਿਖਿਆ ਵਾਪਸੀ ਵਿੱਚ ਆਗਰੇ ਦੇ ਮਾਰਵਾੜੀ ਹੋਟਲ ਵਿੱਚ ਕਿਸੇ ਕੁੜੀ ਤੋਂ ਪ੍ਰੇਮ ਕਰਨ ਦੀ ਲਈ। ਇਸ ਘਟਨਾ ਬਾਰੇ ਨਾਗਮਣੀ ਵਿੱਚ ਮੈ ਵਿਸਤਾਰ ਨਾਲ ਲਿਖਿਆ ਸੀ। ਤੈਨੂੰ ਇਸ ਲਈ ਦੱੱਸ ਰਿਹਾਂ ਕਿਉਂ ਕਿ ਮੇਰੀ ਜ਼ਿੰਦਗੀ ਅਤੇ ਸ੍ਰਿਜਨ-ਪ੍ਰਕ੍ਰਿਆ ਵਿੱਚ ਔਰਤ ਅਤੇ ਸੈਕਸੁਐਲਿਟੀ ਖ਼ਾਸ ਥਾਂ ਰੱਖਦੀ ਹੈ।
‘ਘੋੜਿਆਂ ਦੀ ਉਡੀਕ’ ਵਿੱਚ ਇਕ ਕਵਿਤਾ ਦਾ ਨਾਂ ਹੈ – ਬਦਲਾ। ਉਸ ਦੀ ਪਹਿਲੀਆਂ ਲਾਈਨਾਂ ਹਨ – ਮੇਰੀ ਮਾਂ ਨੂੰ ਦੂਜਾ ਗਰਭ ਹੋਇਆ ਤਾਂ/ ਮਂੈ ਗਣਿਤ ਸਿੱਖਣਾ/ ਅਤੇ ਪ੍ਰੇਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸੇ ਤਰ੍ਹਾਂ ਆਗਰੇ ਦੇ ਹੋਟਲ ਵਿੱਚ ਬਿਤਾਏ ਸਮੇਂ ਦੀ ਯਾਦ ਵਿੱਚ ਲਿਖੀ ਕਵਿਤਾ ਹੈ

 • ਅਸੰਭਵ ਭੋਗ। ਇਹ ਵੀ ‘ਘੋੜਿਆਂ ਦੀ ਉਡੀਕ’ ਵਿੱਚ ਸ਼ਾਮਲ ਹੈ – ਗਰਮ ਹੈ ਗੁਲਾਬ ਦੀ ਪੱਤੀ/ ਫੂਲਦਾਨ ਦੇਖ ਦੇਖ / ਅੱਖ ਨੇ ਰਾਤ ਕੱਟੀ।
  ਪੰਜਾਬੀ ਦੀ ਰੁਮਾਂਟਿਕ ਕਵਿਤਾ ਵਿੱਚ ਕਿੱਸੇ ਕਹਾਣੀਆਂ ਵਾਲੇ ਕਲਾਸਕੀ ਪ੍ਰੇਮ ਦਾ ਹੀ ਜ਼ਿਕਰ ਹੁੰਦਾ ਸੀ। ਇਸ ਕਾਵਿ ਵਿੱਚ ਔਰਤ ਦੀ ਦੇਹੀ ਗ਼ੈਰਹਾਜ਼ਰ ਸੀ। ਪੰਚਮ ਦੀਆਂ ਸੈਕਸ ਕਵਿਤਾਵਾਂ ਪੜ੍ਹ ਕੇ ਅੰਮ੍ਰਿਤਾ ਏਨੀ ਨਾਰਾਜ਼ ਹੋਈ ਕਿ ਮੈਂ ਹੌਜ਼ ਖ਼ਾਸ ਜਾ ਕੇ ਬੜੀ ਮੁਸ਼ਕਲ ਨਾਲ਼ ਉਹਨੂੰ ਮਨਾਇਆ ਸੀ। ਉਸ ਅਨੁਸਾਰ ਇਹ ਕਵਿਤਾਵਾਂ “ਔਰਤ-ਵਿਰੋਧੀ, ਅਸ਼ਲੀਲ, ਤੇ ਰਿਐਕਸ਼ਨਰੀ ਸਨ।” ਉਦੋਂ ਉਹ ਠੀਕ ਸੀ। ਅੱਜ
  ਮੈਂ ਸਹੀ ਹਾਂ। ਸਮਕਾਲੀ ਪੰਜਾਬੀ ਕਵਿਤਾ ਵਿੱਚ “ਦੇਹਵਾਦ” ਨੇ ਜਾਪਦਾ ਹੈ “ਸਮਾਜਵਾਦੀ ਯਥਾਰਥਵਾਦ” ਦੀ ਥਾਂ ਲੈ ਲਈ ਹੈ। ਪ੍ਰੇਮ ਅਤੇ ਸੈਕਸ
  ਪੰਜਾਬੀ ਦੀ ਨਵੀਂ ਕਵਿਤਾ ਦੇ ਸੁਭਾਵਕ ਵਿਸ਼ੇ ਹਨ। ਨਵੇਂ ਕਵੀਆਂ ਨੂੰ ਕੋਈ ਰੋਕ-ਟੋਕ ਮਨਜ਼ੂਰ ਨਹੀਂ। ਅੱਜ ਇਸ ਦੀ ਝੋਲ ਵਿੱਚ ਕਈ ਸਮਰੱਥ
  ਕਵੀ ਵੀ ਹਨ। ਜਸਵੰਤ ਦੀਦ ਦੀ ਕਵਿਤਾ ਸਿਖਰਾਂ ਛੋਹ ਕੇ ਮੁੜਦੀ ਹੈ। ਪਰ ਜਿਹੜੀ ਦਿੱਲੀ ਵਿੱਚ ਮੈਂ ਪੈਰ ਧਰਿਆ ਸੀ, ਉਸ ਦਿੱਲੀ ਦਾ ਵਾਤਾਵਰਣ ਨਵੀਂ ਕਵਿਤਾ ਦੇ ਬਹੁਤਾ ਅਨੁਕੂਲ ਨਹੀਂ ਸੀ। ਉਦੋਂ ਸੈਕਸ ਦੀਆਂ ਕਵਿਤਾਵਾਂ ਲਿਖਣਾ ਸਾਹਿਤਕ ਆਤਮਘਾਤ ਕਰਨ ਬਰਾਬਰ ਸੀ। ਤਾਂਬੇ ਦੇ ਰੁੱਖ ਵਿੱਚ ਮੇਰੀ ਇਕ ਕਵਿਤਾ ਹੈ – ਜ਼ਖ਼ਮ। ਇਸ ਪ੍ਰਤੀਰੋਧੀ ਵਾਤਾਵਰਣ ਤੋਂ ਤੰਗ ਆ ਕੇ ਹੀ ਉਸ ਕਵਿਤਾ ਵਿੱਚ ਮੈਂ ਇਹ ਸਤਰਾਂ ਲਿਖੀਆਂ ਸੀ –
  ਹਨੇਰੀ ਨੂੰ/ ਕਿਸ ਤਰ੍ਹਾਂ ਕਮਰੇ ਵਿੱਚੋਂ ਕੱਢਾਂ/ ਜੋ ਕੁਰਸੀ ਦੀ ਬੈਂਤ ਵਿੱਚ/ ਬੁਣੀ ਜਾ ਚੁੱਕੀ ਹੈ।”
  ਹੁਣ: ਦਿੱਲੀ ਆ ਕੇ ਤੂੰ ਪਹਿਲਾਂ ਕੀਹਦੇ ਸੰਪਰਕ ਵਿੱਚ ਆਇਆ ?
  ਸਤੀ: ਦਿੱਲੀ ਮੈਂ ਚੇਤਨਾ ਵਾਲ਼ੇ ਸਵਰਨ ਨੂੰ ਜਾਣਦਾ ਸੀ। ਉਹ ਰਾਮਪੁਰੇ ਆ ਕੇ ਇਕ ਵਾਰ ਮੈਨੂੰ ਮਿਲ਼ ਚੁੱਕਿਆ ਸੀ। ਬਾਵਾ ਬਲਵੰਤ ਉਹਦੇ
  ਨਾਲ਼ ਰਹਿੰਦਾ ਸੀ। ਕੁਝ ਦਿਨਾਂ ਲਈ ਜਮੁਨਾ ਪਾਰ ਕ੍ਰਿਸ਼ਨ ਨਗਰ ਵਿੱਚ ਉਨ੍ਹਾਂ ਦੇ ਘਰ ਇਕ ਆਸਣ ਮੇਰਾ ਵੀ ਲੱਗ ਗਿਆ। ਅਸੀਂ ਤਿੰਨੇ ਛੜੇ ਸਾਂ।
  ਤਿੰਨੇ ਕੜਕੀ ਦੇ ਮਾਰੇ। ਪਰ ਇਹ ਮਲੰਗੀ ਬਾਦਸ਼ਾਹਾਂ ਵਰਗੀ ਸੀ। ਬਾਵਾ ਸੀ ਕਿ ਤੇਲ ਨਾਲ਼ ਚੋਪੜੇ ਵਾਲ਼ਾਂ ਦੇ ਕੁੰਡਲ਼ ਬਣਾਉਣਾ ਨਾ ਭੁੱਲਦਾ।
  ਢਿੱਡ ਭਾਵੇਂ ਕਿੰਨਾ ਵੀ ਭੁੱਖਾ ਹੁੰਦਾ, ਸਵਰਨ ਚਿੱਟੀ ਪੈਂਟ ਅਤੇ ਸ਼ਰਟ ਦੀ ਕ੍ਰੀਜ਼ ਨਾ ਟੁੱਟਣ ਦਿੰਦਾ। ਬਾਵਾ ਸਜ-ਧਜ ਕੇ ਸਵੇਰੇ ਘਰੋਂ ਨਿਕਲ ਜਾਂਦਾ
  ਤੇ ਨ੍ਹੇਰੇ ਹੋਏ ਕਦੇ ਉਸ ਦਾ ਹਸੂੰ-ਹਸੂੰ ਕਰਦਾ ਚਿਹਰਾ ਦਿਸਦਾ। ਉਹ ਸਾਰਾ ਦਿਨ ਦਿੱਲੀ ਦੀਆਂ ਸੜਕਾਂ ਮਾਪਦਾ ਰਹਿੰਦਾ, ਜਾਂ ਚਾਂਦਨੀ ਚੌਕ ਦੀ ਦਿੱਲੀ ਲਾਇਬ੍ਰੇਰੀ ਵਿੱਚ ਬਹਿ ਕੇ ਤੁਰਗਨੇਵ ਅਤੇ ਪੁਸ਼ਕਿਨ ਪੜ੍ਹਦਾ। ਉਸ ਦੇ ਤੇਜਸਵੀ ਚੇਹਰੇ ‘ਤੇ ਮੈਂ ਕਦੇ ਇਕ ਵੀ ਸ਼ਿਕਨ ਨਾ ਵੇਖੀ। ਇਕ ਵਾਰ ਬੋਲਿਆ, “ਚੱਲੋ ਅੱਜ ਚਾਂਦਨੀ ਚੌਕ ਦੇਸੀ ਘਿਉ ਦੀਆਂ ਜਲੇਬੀਆਂ ਖਾਧੀਆਂ ਜਾਣ।”
  ਜਿੰਨੇ ਕੁ ਪੈਸੇ ਜੇਬ ਵਿੱਚ ਹੁੰਦੇ, ਜਮਨਾ ਪਾਰ ਕਰਕੇ ਅਸੀਂ ਉਨੀਆਂ ਕੁ ਜਲੇਬੀਆਂ ਖਾ ਆਉਂਦੇ। ਕੁਝ ਦਿਨਾਂ ਬਾਅਦ ਮੈਂ ਜਦੋਂ ਬਾਵੇ ਨੂੰ ਦੱਸਿਆ ਕਿ ਐੇੱਮ. ਏ ਲਈ ਦਿੱਲੀ ਯੂਨੀਵਰਸਿਟੀ ਜੁਆਇਨ ਕਰ ਲਈ, ਤਾਂ ਉਹ ਖ਼ੁਸ਼ੀ ਵਿੱਚ ਨੱਚ ਉੱਠਿਆ। ਬੋਲਿਆ, “ਬੜਾ ਚੰਗਾ ਕੀਤਾ ਜੇ। ਕਦੋਂ ਤਕ ਜਮੁਨਾ ਪਾਰ ਬੈਠੇ ਰਹੋਗੇ।”
  ਬਾਵਾ ਬਹੁਤਾ ਨਹੀਂ ਸੀ ਪੜ੍ਹਿਆ। ਲੱਗਿਆ ਜਿਵੇਂ ਯੂਨੀਵਰਸਿਟੀ ਵਿੱਚ ਦਾਖ਼ਲਾ ਉਹਨੂੰ ਮਿਲਿਆ ਹੋਵੇ, ਮੈਨੂੰ ਨਹੀਂ।
  ਇਕ ਵਾਰ ਮੈਂ ਉਹਨੂੰ ਯੂਨੀਵਰਸਿਟੀ ਲਿਜਾ ਕੇ “ਵੈਂਗਰ” ਵਿੱਚ ਲੰਚ ਖੁਆਇਆ। ਆਰਟ ਫ਼ੈਕਲਟੀ ਵਿੱਚ ਭ੍ਰਮਣ ਕਰਕੇ ਮੈਂ ਉਸ ਨੂੰ ਬਸ ਵਿੱਚ
  ਬਿਠਾਇਆ, ਤਾਂ ਉਸ ਦੇ ਚੇਹਰੇ ਤੋਂ ਲੱਗਿਆ ਜਿਵੇਂ ਕੋਈ ਮੁੰਡਾ ਡਿਗਰੀ ਲੈ ਕੇ ਘਰ ਮੁੜ ਰਿਹਾ ਹੋਵੇ। ਮੇਰੇ ਦਿਮਾਗ਼ ਵਿਚ ਇਹ ਉਸ ਦੀ ਆਖ਼ਰੀ
  ਯਾਦ ਹੈ।
  ਬਾਵਾ ਬਲਵੰਤ ਪੰਜਾਬੀ ਦਾ ਸਭ ਤੋਂ ਵੱਧ ਅਣਗੌਲ਼ਿਆ ਕਵੀ ਹੈ। ਹਰਿਭਜਨ ਉਸ ਦੀ ਇਕ ਕਵਿਤਾ ਗਾਇਆ ਕਰਦਾ ਸੀ- ਤੇਰਾ ਇਕ ਦਿਲ ਹੈ ਜਾਂ ਦੋ। ਪਰ ਗੌਲ਼ਿਆ ਉਹਨੂੰ ਨਾ ਦਿੱਲੀ ਵਾਲਿਆਂ ਨੇ ਤੇ ਨਾ ਹੀ ਪੰਜਾਬ ਦਿਆਂ ਨੇ। ਉਹ ਕੜਕਦੀ ਧੁੱਪ ਵਿੱਚ ਦਿੱਲੀ ਦੇ ਰਿੰਗ ਰੋਡ ‘ਤੇ ਡਿੱਗ ਕੇ ਮਰ ਗਿਆ।

ਰਸੀਦੀ ਟਿਕਟ ਦਾ ਸੱਚ
ਹੁਣ: ਅੰਮ੍ਰਿਤਾ ਪ੍ਰੀਤਮ ਨਾਲ਼ ਤੇਰੀ ਦੋਸਤੀ ਦੇ ਬੜੇ ਕਿੱਸੇ ਹਨ। ਇਹ ਦੋਸਤੀ ਅਸਲੀ ਸੀ ਜਾਂ ਵਿਹਾਰੀ ?
ਸਤੀ: ਇਹ ਸਵਾਲ ਪੈਂਤੀ ਸਾਲਾਂ ਤੋਂ ਪੰਜਾਬੀ ਦੇ ਲੇਖਕ ਮੈਨੂੰ ਪੁੱਛਦੇ ਆ ਰਹੇ ਨੇ। ਮੈਂ ਪੈਂਤੀ ਸਾਲਾਂ ਤੋਂ ਚੁੱਪ ਹਾਂ। ਮੇਰੇ ਤੇ ਅੰਮ੍ਰਿਤਾ ਵਿੱਚ ਚੁੱਪ ਨਾ ਵਰਤੀ ਹੁੰਦੀ, ਤਾਂ ਇਹ ਸਵਾਲ ਕਿਸੇ ਨਹੀਂ ਸੀ ਪੁੱਛਣਾ। ਇਸ ਚੁੱਪ ਨੇ ਕਾਫ਼ੀ ਗ਼ਲਤਫ਼ਹਮੀਆਂ ਫੈਲਾਈਆਂ ਨੇ। ਉਸ ਨੂੰ ਮੈਂ ਆਪਣੀ ਜਿਗਰੀ ਦੋਸਤ ਸਮਝਦਾ ਆਇਆਂ। ਅੰਮ੍ਰਿਤਾ ਲਈ ਸ਼ਾਇਦ ਵਿਹਾਰਕ ਰਹੀ ਹੋਵੇ। ਰਸੀਦੀ ਟਿਕਟ ਦੇ ਛਪਣ ਤਕ ਮੈਨੂੰ ਇਸ ਦੋਸਤੀ ‘ਤੇ ਕੋਈ ਸ਼ੱਕ ਨਹੀਂ ਸੀ। ਸਾਡੇ ਵਿਚਕਾਰ ਆਏ ਫ਼ਰਕ ਨੂੰ ਮੈਂ ਅੰਮ੍ਰਿਤਾ ਦੀ ਭਾਵੁਕਤਾ ਸਮਝਦਾ ਰਿਹਾ ਹਾਂ ਤੇ ਵਕਤੀ ਵੀ। ਇਹ ਮੇਰਾ ਭੋਲਾਪਣ ਹੋ ਸਕਦੈ। ਦਿਲ ਵਿੱਚ ਡੂੰਘੇ ਕਿਤੇ ਉਸ ਲਈ ਦੋਸਤੀ ਦਾ ਜਜ਼ਬਾ ਮੇਰੇ ਵਿੱਚ ਅੱਜ ਵੀ ਕਾਇਮ ਹੈ। ਇਹੋ ਗੱਲ ਅੰਮ੍ਰਿਤਾ ਬਾਰੇ ਕਹਿਣਾ ਮੁਸ਼ਕਲ ਹੈ।
ਇਕ ਵਾਰ ਰੇਣੁਕਾ ਸਿੰਘ ਕੁਝ ਦਿਨ ਮੇਰੇ ਕੋਲ਼ ਸਟੌਕਹੋਮ ਰਹਿ ਕੇ ਗਈ ਤੇ ਦਿੱਲੀ ਜਾ ਕੇ ਉਹਨੇ ਅੰਮ੍ਰਿਤਾ ਨੂੰ ਫ਼ੋਨ ਕੀਤਾ, “ਆਂਟੀ, ਮੈਂ ਸਟੌਕਹੋਮ ਸਤੀ ਨੂੰ ਮਿਲ਼ ਕੇ ਆਈ ਹਾਂ।”
ਅੰਮ੍ਰਿਤਾ ਦਾ ਜਵਾਬ ਸੀ – “ਸਤੀ ਕੌਣ?”
ਅਜੇਹਾ ਅਭਿਨਯ ਮੈਂ ਨਹੀਂ ਕਰ ਸਕਦਾ।
ਇਕ ਵਾਰ ਅਜੇਹਾ ਰਿਸ਼ਤਾ ਟੁੱਟ ਜਾਏ ਤਾਂ ਉਸ ਨੂੰ ਗੰਢਣਾ ਮੁਸ਼ਕਲ ਹੋ ਜਾਂਦੈ। ਕਬੀਰ ਨੇ ਅਜੇਹੇ ਰਿਸ਼ਤੇ ਦੀ ਤੁਲਨਾ ਸੂਤ ਦੇ ਧਾਗੇ ਨਾਲ਼ ਕੀਤੀ ਹੈ, ਜਿਸ ਨੂੰ ਜੋੜੋ ਤਾਂ ਗੰਢ ਆ ਜਾਂਦੀ ਹੈ। ਗੰਢ ਮਾਰਨ ਦੀ ਥਾਂ ਮੈਂ ਇਸ ਧਾਗੇ ਨੂੰ ਟੁੱਟਿਆ ਹੀ ਰਹਿਣ ਦੇਣ ਵਿੱਚ ਹੀ ਸਿਆਣਪ ਸਮਝੀ। ਅਸੀਂ
1970 ਤੋਂ ਇਕ ਦੂਜੇ ਨਾਲ਼ ਚੁੱਪ ਰਹੇ। ਪਰ ਮੇਰੀ ਚੁੱਪ ਵਿੱਚ ਕੋਈ ਕਾਲਖ ਦਾ ਅੰਸ਼ ਨਹੀਂ। ਇਹ ਪਾਰਦਰਸ਼ੀ ਚੁੱਪ ਹੈ। ਇਸ ਚੁੱਪ ਦੇ ਦੋਵੇਂ ਪਾਸੇ
ਖੜ੍ਹੇ ਅਸੀਂ ਇਕ ਦੂਜੇ ਨੂੰ ਦੇਖ ਸਕਦੇ ਹਾਂ।
ਅੰਮ੍ਰਿਤਾ ਨੇ ਆਪਣੀ ਆਤਮਕਥਾ ‘ਰਸੀਦੀ ਟਿਕਟ’ ਵਿੱਚ ਇਕ ਚੈਪਟਰ ਲਿਖ ਕੇ ਇਸ ਦੋਸਤੀ ਨੂੰ ਮ੍ਰਿਤ ਕਰਾਰ ਦੇ ਦਿੱਤਾ ਹੋਇਆ ਹੈ। ਉਸ ਚੈਪਟਰ ਦਾ ਨਾਂ ਹੀ ਇਹ ਹੈ – ਇਕ ਦੋਸਤੀ ਦੀ ਮੌਤ। ਮੇਰੇ ਖ਼ਿਆਲ ਵਿੱਚ ਇਸ ਲਿਖਤੀ ਐਲਾਨ ਦੀ ਕੋਈ ਲੋੜ ਨਹੀਂ ਸੀ। ਜੇ ਦਿਲ ਦੀ ਭੜਾਸ ਕਢਣੀ ਹੀ ਸੀ ਤਾਂ ਸਹੀ ਕਾਰਣ ਦੱਸਣ ਦਾ ਜਿਗਰਾ ਵੀ ਹੁੰਦਾ। ਇਸ ਨੁਕਤੇ ਤੋਂ ਉਹ ਨਾ ਖ਼ੁਦ ਨਾਲ ਸੱਚੀ ਨਿਕਲ਼ੀ ਨਾ ਪਾਠਕ ਨਾਲ਼। ਇਸ
ਦੋਸਤੀ ਦੀ ਮੌਤ ਦਾ ਕਾਰਣ ਇਵਾਂਕਾ ਸੀ, “ਨਿਗੂਣੇ ਪੈਸੇ” ਨਹੀਂ, ਜਿਵੇਂ ਕਿ ਉਸ ਨੇ ਲਿਖਿਆ ਹੈ। ਅੰਮ੍ਰਿਤਾ ਬਹੁਤ ਵੱਡੀ ਲੇਖਿਕਾ ਹੈ। ਮੇਰੇ ਨਾਲ਼ੋਂ
ਬਹੁਤ ਵੱਡੀ। ਪਰ ਰਸੀਦੀ ਟਿਕਟ ਵਿੱਚ ਉਹ ਇਸ ਕਾਰਣ ਦਾ ਨਾਂ ਲੈਣ ਤੋਂ ਝਕ ਗਈ…


ਹੁਣ: ਉਹਨੇ ਲਿਖਿਆ ਹੈ ਕਿ ਨਿਗੂਣੇ ਪੈਸਿਆਂ ਲਈ ਤੂੰ ਉਹਦੇ ਕੋਲ਼ ਝੂਠ ਬੋਲਿਆ।
ਸਤੀ: ਇਹ ਉਸ ਕਿਤਾਬ ਦਾ ਸਭ ਤੋਂ ਤੇਜ਼-ਧਾਰ ਫ਼ਿਕਰਾ ਹੈ। ਅਮਰੀਕਨ ਮਿਜ਼ਾਈਲਾਂ ਵਾਂਗ ਪ੍ਰੇਸਾਈਜ਼ ਮਾਰ ਕਰਨ ਵਾਲ਼ਾ। ਇਸ ਨੂੰ ਪੜ੍ਹ ਕੇ ਮੇਰੀਆਂ ਅੱਖਾਂ ਮੂਹਰੇ ਹਨੇਰਾ ਛਾ ਗਿਆ ਸੀ। ਕਿਸੇ ਦੀ ਜਾਨ ਲੈਣੀ ਹੋਵੇ, ਤਾਂ ਪੈਸੇ ਦਾ ਜ਼ਿਕਰ ਬ੍ਰਹਮ-ਅਸਤਰ ਹੁੰਦਾ ਹੈ। ਜੁਲਿਅਸ ਸੀਜ਼ਰ ਦੇ ਕਾਤਲਾਂ ਵਿੱਚ ਹੋਰ ਸੈਨੇਟਰਾਂ ਦੇ ਨਾਲ਼ ਉਸ ਦਾ ਨਿਕਟਤਮ ਦੋਸਤ ਬਰੁਟਸ ਵੀ ਸ਼ਾਮਲ ਸੀ। ਉਸ ਦੇ ਖੋਭੇ ਛੁਰੇ ਦਾ ਜ਼ਖ਼ਮ ਰੋਮਨਾਂ ਨੂੰ ਵਿਖਾ ਕੇ ਮਾਰਕ ਐਂਟਨੀ ਨੇ ਆਖਿਆ ਸੀ: “ਦਿਸ ਵਾਜ਼ ਦਿ ਅਨਕਾਈਂਡੈਸਟ ਕੱਟ ਆੱਵ ਆਲ।” ਵਿਰੋਧੀਆਂ ਦੇ ਵਾਰ ਝੱਲਣੇ ਸੌਖੇ ਹੁੰਦੇ ਨੇ। ਪਰ ਦੋਸਤ ਦੇ ਕੀਤੇ ਵਾਰ ਦਾ ਦਰਦ ਸਭ ਤੋਂ ਵੱਧ ਹੁੰਦਾ ਹੈ। ਮੇਰਾ ਵੀ ਉਦੋਂ ਸੀਜ਼ਰ ਵਰਗਾ ਹਾਲ ਸੀ। ਵੇਖਿਆ ਜਾਏ ਤਾਂ ਰਸੀਦੀ ਟਿਕਟ ਵਿੱਚ ਅੰਮ੍ਰਿਤਾ ਨੇ ਕਿਸੇ ਵੀ ਪੰਜਾਬੀ ਲੇਖਕ ਨੂੰ ਨਹੀਂ ਬਖ਼ਸ਼ਿਆ।
ਇਸੇ ਕਿਤਾਬ ਦਾ ਇਕ ਚੈਪਟਰ ਹੈ – ਧਰਮ ਯੁੱਧ। ਇਸ ਚੈਪਟਰ ਵਿੱਚ ਧਰਮ ਦਾ ਪ੍ਰਤੀਕ (ਯੁਧਿਸ਼ਟਰ) ਅੰਮ੍ਰਿਤਾ ਪ੍ਰੀਤਮ ਆਪ ਹੈ।
ਖ਼ੁਦ ਨੂੰ ਕੇਂਦਰ ਵਿੱਚ ਰੱਖ ਕੇ ਧਰਮ ਯੁੱਧ ਦੀ ਅਲੈਗਰੀ ਉਸਾਰੀ ਗਈ ਹੈ। ਅ-ਧਰਮੀਆਂ ਦੀ ਫ਼ਹਿਰਿਸਤ ਵਿਚ ਗੁਰਬਖ਼ਸ਼ ਸਿੰਘ ਤੇ ਨਵਤੇਜ
ਵਰਗੇ ਯੋਧੇ ਹਨ। ‘ਪ੍ਰੀਤਲੜੀ’ ਨੇ ਗੁਰਬਚਨ ਭੁੱਲਰ ਦੀ ਕਹਾਣੀ ਛਾਪ ਦਿੱਤੀ ਸੀ, ਜੋ ਅੰਮ੍ਰਿਤਾ ਨੂੰ ਆਪਣੇ ਵਿਰੁੱਧ ਜਾਪੀ। ਹਰਿਭਜਨ ਸਿੰਘ ਵੀ
ਇਨ੍ਹਾਂ ਅ-ਧਰਮੀਆਂ ਵਿੱਚ ਸ਼ਾਮਲ ਹੈ। ਅੰਮ੍ਰਿਤਾ ਅਨੁਸਾਰ “ਉਸ ਨੇ ਆਪਣੇ ਪਿਛਲੱਗਾਂ ਕੋਲ਼ੋਂ ਮੇਰੇ ਬਾਰੇ ਘਟੀਆ ਲੇਖ ਲਿਖਵਾ-ਲਿਖਵਾ ਕੇ
ਉਨ੍ਹਾਂ ਵਿਚ ਲੱਜ਼ਤ ਲੈਣੀ ਸ਼ੁਰੂ ਕੀਤੀ।” ਇਸੇ ਤਰ੍ਹਾਂ ਮੋਹਨ ਸਿੰਘ, ਸੇਖੋਂ ਤੇ ਸਤਿਆਰਥੀ ਨੂੰ ਵੀ ਕੌਰਵਾਂ ਦੀ ਸੈਨਾ ਵਿੱਚ ਖੜ੍ਹਾ ਕੀਤਾ ਗਿਆ ਹੈ।
ਅੰਮ੍ਰਿਤਾ ਪ੍ਰੀਤਮ ਦੀ ਕੋਰਟ ਵਿੱਚੋਂ ਬਰੀ ਹੋਣਾ ਮੁਸ਼ਕਲ ਹੈ। ਸਿਰਫ਼ ਉਰਦੂ ਦੇ ਦੋ ਲੇਖਕਾਂ ਨੂੰ ਉਹਨੇ ਆਪਣੇ ਦਿਲ ਵਿੱਚ ਥਾਂ ਦਿੱਤੀ: ਸਾਹਿਰ ਤੇ
ਸਾਜਿਦ। (ਅੰਮ੍ਰਿਤਾ ਦੀ ਇੱਛਾ ਅਨੁਸਾਰ ਮੈਂ ਉਸ ਨੂੰ “ਐਮੀ” ਕਹਿ ਕੇ ਬੁਲਾਉਂਦਾ ਸੀ। ਰਸੀਦੀ ਟਿਕਟ ਵਿੱਚ ਇਹ ਗੱਲ ਗ਼ਲਤ ਹੈ ਕਿ ਇਹ
ਮੇਰੀ ਮੰਗ ਸੀ। ਮੈਨੂੰ ਨਹੀਂ ਪਤਾ ਅੰਮ੍ਰਿਤਾ ਨੂੰੂ ਮੇਰੇ ਵਿੱਚ ਸਾਜਿਦ ਦਾ ਕੀ ਨਜ਼ਰ ਆਉਂਦਾ ਸੀ?)
ਆਹ ਗੱਲ ਸੋਫ਼ੀਆ ਵਿੱਚ ਹੋਈ ਕਿਸੇ ਕਾਨਫ਼ਰੈਂਸ ਦੀ ਹੈ। ਹੋਟਲ ਵਿੱਚ ਹਰ ਦੇਸ਼ ਦੇ ਡੈਲੀਗੇਸ਼ਨ ਲਈ ਵੱਖਰੀ ਡਿਨਰ ਟੇਬਲ ਰਿਜ਼ਰਵ ਸੀ। ਭਾਰਤ ਵਾਲ਼ੇ ਟੇਬਲ ‘ਤੇ ਅਸੀਂ ਚਾਰ ਲੇਖਕ ਜਾ ਸਜੇ: ਅੰਮ੍ਰਿਤਾ ਪ੍ਰੀਤਮ, ਫੈਜ਼, ਮੈਂ ਆਪ ਤੇ ਬੰਗਾਲੀ ਦਾ ਕੋਈ ਲੇਖਕ ਜਿਸ ਦਾ ਮੈਨੂੰ ਨਾਂ ਭੁੱਲ ਗਿਆ ਹੈ। ਇਕ ਦੂਜੇ ਨਾਲ਼ ਸਰਸਰੀ ਹੈਲੋ ਤੋਂ ਬਾਅਦ ਮੈਨੂੰ ਨਹੀਂ ਯਾਦ ਅੰਮ੍ਰਿਤਾ ਨੇ ਫ਼ੈਜ਼ ਨਾਲ਼ ਕੋਈ ਗੱਲ ਕੀਤੀ ਹੋਵੇ।
ਮੋਹਨ ਸਿੰਘ ਵਾਂਗ ਮੈਂ ਨਹੀਂ ਕਹਿ ਸਕਦਾ – “ਸੁਹਣੀ ਰੰਨ ਨੂੰ ਮਾਫ਼ ਕਰ ਦੇਣਾ ਚਾਹੀਦਾ ਏ।” ਉਹ ਦੋਵੇਂ ਸਮਕਾਲੀ ਤੇ ਵੱਡੇ ਲੇਖਕ। ਮੇਰੀ ਕੀ ਮਜਾਲ? ਮੈਂ ਚੁੱਪ ਧਾਰ ਲਈ। ਅੰਮ੍ਰਿਤਾ ਕਿਸੇ ਕਵਿਤਾ ਵਿੱਚ ਕਹਿੰਦੀ ਹੈ- ਯਾਰ ਬਦਨੀਤਿਆ / ਕਿਹੜੀ ਗੱਲ ਕੀਤੀ ਆ?-
ਇਹ ਸਤਰ ਦਰਅਸਲ ਮੈਨੂੰ ਲਿਖਣੀ ਚਾਹੀਦੀ ਸੀ।
ਕੋਈ ਵੱਡੀ ਗੱਲ ਨਹੀਂ ਜੇ ਮੇਰੇ ਬਾਰੇ ਲਿਖੇ ਦਾ ਅੰਮ੍ਰਿਤਾ ਨੂੰ ਵੀ ਬਾਅਦ ਵਿੱਚ ਕੁਝ ਅਫ਼ਸੋਸ ਹੋਇਆ ਹੋਵੇ। ਰਸੀਦੀ ਟਿਕਟ ਵਿੱਚ ਮੇਰੇ ਅਤੇ ਡਾਕਟਰ ਹਰਿਭਜਨ ਉੱਤੇ ਹੋਰਨਾਂ ਸਮਕਾਲੀਆਂ ਨਾਲ਼ੋਂ ਕੁਝ ਨਰਮੀ ਵਰਤੀ ਗਈ ਹੈ। ਪੰਨਾ 94 ‘ਤੇ ਅੰਮ੍ਰਿਤਾ ਨੇ ਲਿਖਿਆ ਹੈ: “ਜਿਹਦੇ ਹੱਥ ਵਿਚ ਵੀ ਕਲਮ ਹੈ, ਉਹ ਪ੍ਰਿਥਵੀ ਵਾਂਗ ਕਲਮ ਦੀ ਔਲਾਦ ਹੈ, ਇਸ ਲਈ ਉਨ੍ਹਾਂ ਦਾ ਆਪੋ ਵਿਚ ਕਰੀਬੀ ਰਿਸ਼ਤਾ ਹੈ। ਸਤੀ ਤੇ ਹਰਿਭਜਨ ਦੀ ਕਲਮ ਵਿਚ ਜੋ ਵੀ ਤਾਕਤ ਹੈ, ਉਹ ਇਸੇ ਰਿਸ਼ਤੇ ਵਜੋਂ ਮੈਨੂੰ ਆਪਣੀ ਲੱਗਦੀ ਹੈ।”
ਸਾਡੇ ਰਿਸ਼ਤੇ ਦੀ ਮੁਸ਼ਕਲ ਨੂੰ ਇਕ ਹੋਰ ਨੁਕਤੇ ਤੋਂ ਵੀ ਵੇਖਿਆ ਜਾ ਸਕਦਾ ਹੈ। ਮੈਂ ਪੰਜਾਬੀ ਕਵਿਤਾ ਦੀ ਨਵੀਂ ਪੀੜ੍ਹੀ ਦਾ ਲੇਖਕ ਸੀ; ਅੰਮ੍ਰਿਤਾ ਅਤੇ ਹਰਿਭਜਨ ਦੀ ਪੀੜ੍ਹੀ ਤੋਂ ਬਿਲਕੁਲ ਵੱਖਰੇ ਰਾਹ ਪਿਆ ਹੋਇਆ। ਕਿਸੇ ਨਾ ਕਿਸੇ ਦਿਨ ਬੌਧਿਕ ਦੂਰੀ ਆਉਣੀ ਹੀ ਸੀ।
ਬਹੁਤ ਸਾਲ ਪਹਿਲਾਂ ਮੇਰੀ ਇਕ ਦੋਸਤ- ਉਦੋਂ ਸਵੀਡਸ਼ ਲੇਖਕ ਸੰਘ ਦੀ ਉਪ ਪ੍ਰਧਾਨ- ਭਾਰਤ ਗਈ ਸੀ। ਉਸ ਦੇ ਹੱਥ ਹੌਜ਼ ਖ਼ਾਸ ਮੈਂ ਤੋਹਫ਼ਾ ਭੇਜਿਆ। ਅੰਮ੍ਰਿਤਾ ਨੇ ਘਰ ਬੁਲਾ ਕੇ ਉਹਨੂੰ ਚਾਹ ਪਿਲਾਈ, ਮੇਰਾ ਹਾਲ-ਚਾਲ ਪੁੱਛਿਆ ਤੇ ਉਹਦੇ ਹੱਥ ਆਪਣੀ ਨਵੀਂ ਕਿਤਾਬ ਵੀ ਭੇਜੀ।
ਇਵਾਂਕਾ ਦੀ ਮੌਤ ਪਿੱਛੋਂ ਉਸ ਦਾ ਭੇਜਿਆ ਕਾਰਡ ਮੈਂ ਅਜੇ ਤਾਈਂ ਸਾਂਭ ਕੇ ਰੱਖਿਆ ਹੋਇਆ ਹੈ।

ਪੱਥਰ ਦਾ ਦਿਲ
ਹੁਣ: ਪੈਸਿਆਂ ਦੀ ਗੱਲ ਝੂਠ ਹੈ, ਤਾਂ ਫੇਰ ਸੱਚ ਕੀ ਹੈ ?
ਸਤੀ: ਝੂਠ ਦੀ ਬਜਾਏ ਮੈਂ ਕਲਪਨਾ ਕਹਿਣਾ ਚਾਹਾਂਗਾ। ਲੇਖਕਾਂ ਕੋਲ਼ ਇਹ ਜਿਨਸ ਚੋਖੀ ਮਾਤਰਾ ਵਿੱਚ ਹੁੰਦੀ ਹੈ। ਨਿਗੂਣੇ ਪੈਸਿਆਂ ਦੀ ਗੱਲ ਅੰਮ੍ਰਿਤਾ ਨੇ ਮੇਰੇ ਖ਼ਿਆਲ ਵਿੱਚ ਅਸਲ ਕਾਰਣ ਤੋਂ ਫ਼ੋਕਸ ਹਟਾਉਣ ਲਈ ਕਹੀ ਸੀ। ਬਲਗਾਰੀਆ ਤੋਂ ਜਰਮਨੀ ਜਾ ਕੇ ਟੀ.ਵੀ. ਖ਼ਰੀਦ ਕੇ ਮੈਂ ਅੰਮ੍ਰਿਤਾ ਨੂੰ ਤੋਹਫ਼ੇ ਦੇ ਤੌਰ ‘ਤੇ ਭੇਜਿਆ ਸੀ। ਇਸ ਤੋਹਫ਼ੇ ਦਾ ਆਨੰਦ ਕਿੰਨੇ ਹੀ ਦਿਨ ਅਸੀਂ ਲੈਂਦੇ ਰਹੇ।
ਇਸ ਪਿੱਛੋਂ ਮਹੀਨਾ ਭਰ ਹੌਜ਼ ਖ਼ਾਸ ਅਸੀਂ ‘ਕੱਠੇ ਵੀ ਰਹੇ। ਫਿਰ ਇਕ ਦਿਨ ਚਾਹ ਪੀਂਦਿਆਂ, ਬਿਨਾਂ ਕਿਸੇ ਵਾਰਨਿੰਗ ਤੋਂ, ਅੰਮ੍ਰਿਤਾ ਨੇ ਅਚਾਨਕ
ਉੱਠ ਕੇ ਦੋਸਤੀ ਦੀ ਮੌਤ ਦਾ ਐੇਲਾਨ ਕਰ ਦਿੱਤਾ ਸੀ।
ਇਸ ਤਰ੍ਹਾਂ ਦੇ ਨਾਟਕੀ ਅੰਤ ਦੀ ਮੈਨੂੰ ਉਮੀਦ ਨਹੀਂ ਸੀ। ਪਰ ਇਸ ਖੇਡ ਦਾ ਆਰੰਭ ਦਰਅਸਲ ਕੁਝ ਦਿਨ ਪਹਿਲਾਂ ਹੀ ਹੋ ਗਿਆ ਸੀ। ਦਿਸਹੱਦੇ ‘ਤੇ ਜਿਵੇਂ ਹਨੇਰੀ ਦਾ ਸਾਇਆ ਉਘੜਨਾ ਸ਼ੁਰੂ ਹੁੰਦਾ ਹੈ। ਪਰ ਮੈਂ ਅੱਖਾਂ ਮੁੰਦ ਰੱਖੀਆਂ ਸਨ। ਇਸ ਨੂੰ ਦੇਖਣਾ ਨਹੀਂ ਸੀ ਚਾਹੁੰਦਾ। ਅਜੇ ਇਕ ਦਿਨ ਪਹਿਲਾਂ ਹੀ, ਅੰਮ੍ਰਿਤਾ ਦੇ ਸੌਣ ਕਮਰੇ ਵਿੱਚ ਬੈਠੇ ਅਸੀਂ ਨਾਗਮਣੀ ਦੇ ਅਗਲੇ ਅੰਕ ਦੀ ਰੂਪਰੇਖਾ ਬਣਾ ਰਹੇ ਸੀ ।
ਉਦੋਂ ਗੱਲ ਤੋੜ ਕੇ ਅੰਮ੍ਰਿਤਾ ਨੇ ਅਚਾਨਕ ਕਿਹਾ ਸੀ, “ਸਤੀ ਤੂੰ ਇੰਡੀਆ ਵਾਪਸ ਆ ਜਾ।”
“ਤੇ ਇਵਾਂਕਾ?” ਮੈਂ ਹੈਰਾਨੀ ਨਾਲ਼ ਪੁੱਛਿਆ ਸੀ।
“ਉਹਨੂੰ ਬਲਗਾਰੀਆ ਭੇਜ ਦੇ,” ਅੰਮ੍ਰਿਤਾ ਦਾ ਠੰਢਾ ਜਵਾਬ ਸੀ।
ਇਵਾਂਕਾ ਰਸੋਈ ਵਿੱਚ ਉਦੋਂ ਸਾਡੇ ਲਈ ਚਾਹ ਬਣਾ ਰਹੀ ਸੀ। ਮੇਰਾ ਦਿਲ ਜ਼ਰੂਰ ਬੱਜਰ ਦਾ ਹੋਵੇਗਾ, ਜੋ ਮੈਂ ਇਹ ਗੱਲ ਜਰ ਗਿਆ।
ਇਸ ਤੋਂ ਵੱਡੀ ਮੁਸ਼ਕਲ ਕਦੇ ਮੇਰੀ ਜ਼ਿੰਦਗੀ ਵਿੱਚ ਨਹੀਂ ਸੀ ਆਈ।
ਮੈਂ ਦੋ ਜਹਾਨਾਂ ਵਿਚਕਾਰ ਲਟਕ ਰਿਹਾ ਸੀ। ਮੈਂ ਅੰਮ੍ਰਿਤਾ ਨੂੰ ਜਵਾਬ ਦਿੱਤਾ ਕਿ ਮੇਰੇ ਭਾਰਤ ਵਾਪਸ ਆਉਣ ਵਾਲ਼ਾ ਛਿਣ ਕਦੋਂ ਦਾ ਬੀਤ ਚੁੱਕਿਆ ਸੀ। ਬਲਗਾਰੀਆ ਵਿੱਚ ਪਹਿਲੀ ਵਾਰ ਜਦੋਂ ਇਵਾਂਕਾ ਨੂੰ ਦੇਖਿਆ ਸੀ, ਭਾਰਤ ਵਾਪਸ ਆਉਣ ਦਾ ਲਾਂਘਾ ਉਸੇ ਪਲ ਬੰਦ ਹੋ ਗਿਆ
ਸੀ। ਇਸ ਸੰਖਿਪਤ ਵਾਰਤਾਲਾਪ ਤੋਂ ਬਾਅਦ ਸਾਡੇ ਕੋਲ਼ ਕਹਿਣ ਨੂੰ ਕੁਝ ਨਾ ਰਿਹਾ।

ਹੁਣ: ਇਵਾਂਕਾ ਨਾਲ਼ ਤੂੰ ਵਿਆਹਿਆ ਨਾ ਹੁੰਦਾ, ਤਾਂ ਕੀ ਤੁਸੀਂ -ਤੂੰ ਤੇ ਅੰਮ੍ਰਿਤਾ- ਫੇਰ ਵੀ ਦੋਸਤ ਹੁੰਦੇ?
ਸਤੀ: ਵਿਆਹ ਤਾਂ ਟੁੱਟ ਸਕਦੇ ਨੇ। ਮਹਿਜ਼ ਰਸਮ ਹੀ ਤਾਂ ਹੁੰਦੀ ਹੈ। ਪਿਆਰ ਤੋੜਨਾ ਔਖਾ ਹੁੰਦਾ ਹੈ। ਇਵਾਂਕਾ ਮੇਰੀ ਜ਼ਿੰਦਗੀ ਦਾ ਪਹਿਲਾ
ਪਿਆਰ ਸੀ ਤੇ ਸ਼ਾਇਦ ਆਖ਼ਰੀ ਵੀ। ਮੇਰਾ ਪੱਕਾ ਯਕੀਨ ਹੈ ਕਿ ਜੇ ਇਵਾਂਕਾ ਤੇ ਮੇਰੇ ਵਿੱਚ ਇੰਨਾ ਨੇਹੂੰ ਨਾ ਹੁੰਦਾ, ਤਾਂ ਗੱਲ ਇੰਨੀ ਨਹੀਂ ਸੀ
ਵਧਣੀ। ਇਸ ਤੋਂ ਇਲਾਵਾ ਇਵਾਂਕਾ ਬਹੁਤ ਸੁਹਣੀ ਤੇ ਜਵਾਨ ਸੀ। ਪੰਜਾਹਾਂ ਤੋਂ ਉਪਰ ਪਹੁੰਚੀ ਅੰਮ੍ਰਿਤਾ ਨੂੰ ਉਹ ਥਰੈੱਟ ਜਾਪਦੀ ਹੋਵੇ, ਤਾਂ ਵੱਡੀ ਗੱਲ ਨਹੀਂ। ਇਸ ਮਨੋਵਿਗਿਆਨਕ ਗੁੱਥੀ ਨੂੰ ਫ਼ਰਾਇਡ ਹੀ ਸੁਲ਼ਝਾ ਸਕਦੈ। ਮੈਂ ਸਿਰਫ਼ ਇੰਨਾ ਜਾਣਦਾ ਹਾਂ ਕਿ ਇਸ ਟਰਾਈਐਂਗਲ ਡਰਾਮੇ
ਦੀਆਂ ਕਈ ਤੈਹਾਂ ਹਨ।
ਇਵਾਂਕਾ ਮੇਰੀ ਜ਼ਿੰਦਗੀ ਵਿੱਚ ਨਾ ਆਈ ਹੁੰਦੀ ਤਾਂ ਕੀ ਅਸੀਂ ਅੱਜ ਵੀ ਦੋਸਤ ਹੁੰਦੇ, ਇਸ ਗੱਲ ਦਾ ਜਵਾਬ ਖ਼ੁਦਾ ਜਾਣੇ। ਮਨੁੱਖ ਦੀ ਜ਼ਿੰਦਗੀ ਇੰਨੀ ਪੱਧਰੀ ਨਹੀਂ।
ਇਸ ਡਰਾਮੇ ਦਾ ਇਕ ਕਾਂਡ ਲਿਖਣ ਵਿੱਚ ਕੁਝ ਹੱਥ ਇਮਰੋਜ਼ ਦਾ ਵੀ ਹੈ। ਇਮਰੋਜ਼ ਫਲ ਖ਼ਰੀਦਣ ਗਿਆ ਫਲਾਂ ਦੀ ਟੋਕਰੀ ਵਿੱਚ, ਹੋਰ ਸਬਜ਼ੀਆਂ ਅਤੇ ਫਲਾਂ ਦੇ ਨਾਲ਼, ਅਮਰੂਦ ਦਾ ਲਿਫ਼ਾਫ਼ਾ ਵੀ ਲਿਆਉਣ ਲੱਗ ਪਿਆ। ਅਮਰੂਦ ਇਵਾਂਕਾ ਨੂੰ ਪਸੰਦ ਸਨ। ਅੰਮ੍ਰਿਤਾ ਨੂੰ ਅਮਰੂਦ ਚੰਗੇ ਨਹੀਂ ਸੀ ਲਗਦੇ ਤੇ ਨਾ ਹੀ ਪਹਿਲਾਂ ਕਦੇ ਘਰ ਵਿੱਚ ਆਉਂਦੇ ਹੀ ਸੀ। ਇਮਰੋਜ਼ ਇਵਾਂਕਾ ਦੀ ਖ਼ਾਤਰਦਾਰੀ ਸੁੱਚੇ ਦਿਲੋਂ ਕਰ ਰਿਹਾ ਸੀ। ਉਸ ਦਰਵੇਸ਼ ‘ਤੇ ਮੈਨੂੰ ਕੋਈ ਸ਼ੱਕ ਨਹੀਂ। ਉਹਨਾਂ ਅਮਰੂਦਾਂ ਨੇ ਇਮਰੋਜ਼ ਨੂੰ ਵੀ ਜ਼ਰੂਰ ਮੁਸ਼ਕਲ ਵਿੱਚ ਪਾ ਦਿੱਤਾ ਹੋਵੇਗਾ। ਆਖ਼ਰੀ ਦਿਨਾਂ ਵਿੱਚ ਅਮਰੂਦ ਆਉਣੇ ਬੰਦ ਹੋ ਗਏ ਸੀ।
ਅੰਮ੍ਰਿਤਾ ਦੇ ਘਰ ਬਿਤਾਏ 30 ਦਿਨਾਂ ਦੌਰਾਨ ਵਾਪਰੀਆਂ ਨਿੱਕੀਆਂ ਨਿੱਕੀਆਂ ਘਟਨਾਵਾਂ ਬਾਰੇ ਅੱਜ ਸ਼ਾਂਤ ਮਨ ਨਾਲ਼ ਸੋਚਦਾ ਹਾਂ, ਤਾਂ
ਅੰਮ੍ਰਿਤਾ ਦੇ ਰੋਹ ਦਾ ਇਵਾਂਕਾ ਤੋਂ ਬਿਨਾਂ ਕੋਈ ਹੋਰ ਕਾਰਣ ਮੈਨੂੰ ਨਜ਼ਰ ਨਹੀਂ ਆਉਂਦਾ। ਬਲਗਾਰੀਆ ਦੀ ਫੁੱਲਾਂ ਦੀ ਵਾਦੀ ਵਿੱਚ ਜੰਮੀ-ਪਲ਼ੀ
ਮਾਸੂਮ ਇਵਾਂਕਾ ਨੂੰ ਚਿੱਤ-ਚੇਤਾ ਹੀ ਨਹੀਂ ਸੀ ਕਿ ਭਾਰਤ ਵਿੱਚ ਉਸ ਦੀ ਹੋਂਦ ਕਾਰਣ ਦਿਸਹੱਦੇ ਤੇ ਕਾਲ਼ੇ ਬੱਦਲ ਘਿਰ ਰਹੇ ਸੀ। ਅਸਲ ਪਿਛੋਕੜ
ਇਹ ਹੈ ਦੋਸਤੀ ਦੀ ਮੌਤ ਦਾ। ਪਰ ਇਸ ਮਨੁੱਖੀ ਕਮਜ਼ੋਰੀ ਨੂੰ ਕਬੂਲਣ ਅਤੇ ਬਿਆਨਣ ਤੋਂ ਪੰਜਾਬੀ ਦੀ ਮਹਾਨ ਕਵਿਤਰੀ ਅੰਮ੍ਰਿਤਾ ਪ੍ਰੀਤਮ ਝਕ
ਗਈ। ਉਹ ਕਮਲਾ ਦਾਸ ਨਹੀਂ ਸੀ।
ਹੁਣ: ਤੂੰ ਗੱਪ-ਗੋਸ਼ਟੀਆਂ ਤੇ ਇੰਟਰਵਿਊਆਂ ਤੋਂ ਬਚ ਕੇ ਰਹਿੰਦਾ ਏਂ। ਹੁਣ ਕਿਉਂ ਚੁੱਪ ਤੋੜ ਰਿਹੈਂ?
ਸਤੀ: ਮੈਨੂੰ ਆਪਣਾ ਨਾਂ ਧੋਣ ਦਾ ਫ਼ਿਕਰ ਨਹੀਂ। ਜੇ ਇਹ ਫ਼ਿਕਰ ਹੁੰਦਾ, ਤਾਂ ਰਸੀਦੀ ਟਿਕਟ ਦੇ ਜਵਾਬ ਵਿੱਚ ਮੈਂ ਵੀ ਬਰੰਗ ਚਿੱਠੀ ਵਰਗਾ ਨਾਂ ਰੱਖ
ਕੇ ਕੋਈ ਕਿਤਾਬ ਛਾਪ ਚੁੱਕਿਆ ਹੁੰਦਾ। ਜਿਨ੍ਹਾਂ ਨੂੰ ਟੈਕਸਟ ਦਾ ਅੰਤਰ-ਪਾਠ ਕਰਨਾ ਆਉਂਦਾ ਹੈ, ਉਹ ਸਾਫ਼ ਦੇਖ ਸਕਦੇ ਹਨ ਕਿ ਬਹੁਤੀਆਂ
ਗੱਲਾਂ ਅੰਮ੍ਰਿਤਾ ਨੇ ਰੋਸ ਵਿੱਚ ਲਿਖੀਆਂ ਨੇ। ਰਸੀਦੀ ਟਿਕਟ ਦੀ ਟੈਕਸਟ ਆਪਣਾ ਖੰਡਨ ਆਪ ਕਰਦੀ ਹੈ। ਕਿਤਾਬ ਨੂੰ ਸਿੱਧੀ ਫੜ ਕੇ ਪੜ੍ਹਨ ਦੀ
ਲੋੜ ਹੈ।
ਮਸਲਨ ਤਥਾ-ਕਥਿਤ ਕੰਜੂਸੀ ਦੀ ਗੱਲ ਹੈ। ਅੰਮ੍ਰਿਤਾ ਦਾ ਇਹ ਦਾਅਵਾ ਹੈ ਕਿ ਨਿਗੂਣੇ ਪੈਸਿਆਂ ਲਈ ਮੈਂ ਉਸ ਕੋਲ਼ ਝੂਠ ਬੋਲਿਆ। ਇਸੇ ਚੈਪਟਰ ਵਿੱਚ ਉਹ ਇਹ ਵੀ ਲਿਖਦੀ ਹੈ, “ਜਦੋਂ 1967 ਵਿਚ ਮੈਂ ਈਸਟ ਯੂਰਪ ਗਈ, ਉਥੇ ਉਹ ਸਤੀ॥ ਹੰਗਰੀ ਵਿਚ ਵੀ ਮਿਲਿਆ ਸੀ, ਰੁਮਾਨੀਆ ਵਿਚ ਵੀ ਤੇ ਫੇਰ ਬਲਗਾਰੀਆ ਵਿਚ ਵੀ।”
ਇਹ ਸਤਰਾਂ ਪੜ੍ਹ ਕੇ ਸਿਆਣਾ ਪਾਠਕ ਇਹ ਸਵਾਲ ਪੁੱਛ ਸਕਦਾ ਹੈ: ਜਿਹੜਾ ਬੰਦਾ ਆਪਣੀ ਦੋਸਤ ਨੂੰ ਮਿਲਣ ਖ਼ਾਤਰ ਗੱਡੀਆਂ, ਜਹਾਜ਼ਾਂ ਤੇ ਹੋਟਲਾਂ ‘ਤੇ ਦੌਲਤ ਲੁਟਾਉਂਦਾ ਅੱਧਾ ਯੌਰਪ ਗਾਹ ਮਾਰੇ, ਉਸ ਨੂੰ ਪੈਸਿਆਂ ਦੀ ਕਿੰਨੀ ਕੁ ਪਰਵਾਹ ਹੋਵੇਗੀ?
ਖ਼ੈਰ, ਇਹ ਅ-ਸਾਹਿਤਕ ਵਿਸ਼ਾ ਹੈ। ਅਫ਼ਸੋਸ ਹੈ ਕਿ ਅੰਮ੍ਰਿਤਾ ਨੇ ਇਸ ਨੂੰ ਸਾਹਿਤ ਵਿੱਚ ਲੈ ਆਂਦਾ ਤੇ ਮੈਨੂੰ ਇਸ ਬਾਰੇ ਬੋਲਣਾ ਪੈ ਰਿਹਾ ਹੈ। ਸਾਹਿਤ ਦੇ ਪ੍ਰਸੰਗ ਵਿੱਚ ਇਹ ਗੌਣ ਗੱਲਾਂ ਨੇ। ਅਸਲ ਸਵਾਲ ਅੰਮ੍ਰਿਤਾ ਦੇ ਸਾਹਿਤਕ ਮੁਲਅੰਕਣ ਦਾ ਹੈ। ਅੰਮ੍ਰਿਤਾ ਨੇ ਅਥਾਹ ਕਿਤਾਬਾਂ ਲਿਖੀਆਂ, ਪਰ ਉਸ ਦੇ ਸਾਹਿਤ ਦੀ ਸਹੀ ਪਰਖ ਪੰਜਾਬੀ ਵਿੱਚ ਕਦੇ ਨਹੀਂ ਹੋਈ। ਸਾਹਿਤ-ਕਰਮ ਦੇ ਨਾਲ਼-ਨਾਲ਼ ਸਭਿਆਚਾਰਕ-ਸੰਸਥਾਵਾਂ ਦੀ ਸਰਦਾਰੀ ਅਤੇ ਰਾਜ-ਸੱਤਾ ਦਾ ਸੁੱਖ ਭੋਗਣ ਕਾਰਣ ਸਾਡੇ ਲੇਖਕਾਂ ਦਾ ਸਾਹਿਤਕ ਬਿੰਬ ਸਪਸ਼ਟ ਨਹੀਂ। ਦੁਰਭਾਗਵਸ ਇਹਨਾਂ ਵਿੱਚ ਅੰਮ੍ਰਿਤਾ ਵੀ ਸ਼ਾਮਲ ਹੈ। ਉਸ ਦੇ ਰਾਜਨੀਤਕ ਸਰੋਕਾਰ ਉਸ ਦੇ ਸਾਹਿਤ ਨੂੰ ਧੁੰਦਲਾ ਕਰਦੇ ਨੇ। ਉਹ ਪੰਜਾਬੀ ਦੀ ਸਭ ਤੋਂ ਵੱਧ ਮਸ਼ਹੂਰ ਸਾਹਿਤਕਾਰ ਹੈ।
ਇਕੋ ਕਵਿਤਾ “ਅੱਜ ਆਖਾਂ ਵਾਰਿਸ਼ਾਹ ਨੂੰ” ਲਿਖ ਕੇ ਦੋਹਾਂ ਪੰਜਾਬਾਂ ਵਿੱਚ ਧੁੰਮ ਪਾ ਦੇਣ ਵਾਲ਼ੀ ਉਹ ਪਹਿਲੀ ਸ਼ਾਇਰਾ ਹੈ। ਮਸ਼ਹੂਰੀ ਔਗੁਣ ਨਹੀਂ, ਪਰ ਇਹੋ ਕਈ ਵਾਰ ਸਾਹਿਤਕ ਪਰਖ ਵਿੱਚ ਰੁਕਾਵਟ ਵੀ ਬਣ ਸਕਦੀ ਹੈ। ਅੰਮ੍ਰਿਤਾ ਦੇ ਪ੍ਰਸੰਗ ਵਿੱਚ ਇਹੋ ਹੋਇਆ ਹੈ। ਸਹੀ ਮੁਲਾਂਕਣ ਤਦੇ ਸੰਭਵ ਹੈ, ਜੇ ਲੇਖਕਾਂ ਨੂੰ ਕੁਝ ਕ੍ਰਿਟੀਕਲ ਹੋ ਕੇ ਪੜ੍ਹੀਏ, ਸ਼ਰਧਾ ਨਾਲ਼ ਨਹੀਂ। ਅੰਮ੍ਰਿਤਾ ਦੀਆਂ ਲਿਖਤਾਂ ਦੀ ਮੁੱਖ ਸ਼ਕਤੀ ਉਹਨਾਂ ਵਿਚਲਾ ਨੈਤਿਕਤਾ ਦਾ ਸੁਰ ਹੈ, ਜਿਸ ਨੂੰ ਉਹਨੇ “ਧਰਮਯੁੱਧ” ਦਾ ਨਾਂ ਦਿੱਤਾ ਹੈ। ਇਹੋ ਨੈਤਿਕਤਾ ਉਸ ਦੀਆਂ ਲਿਖਤਾਂ ਦੀ ਕਮਜ਼ੋਰੀ ਵੀ ਹੈ। ਅੰਮ੍ਰਿਤਾ ਦੇ ਬੋਲ ਨੇ -ਮੈਂ ਤਵਾਰੀਖ਼ ਹਾਂ ਹਿੰਦ ਦੀ।- ਇਹ ਰੋਲ ਨਿਭਾਉਣਾ ਸੌਖਾ ਨਹੀਂ। ਉਸ ਦੇ ਇਸ ਰੋਲ ਦਾ ਮੁਲਾਂਕਣ ਪੰਜਾਬੀ ਵਿੱਚ ਅਜੇ ਹੋਣਾ ਹੈ।
ਅੰਮ੍ਰਿਤਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਅਥਾਹ ਹੈ। ਮੈਨੂੰ ਸ਼ੱਕ ਹੈ ਸਭ ਨੇ ਉਸ ਨੂੰ ਪੜ੍ਹਿਆ ਵੀ ਹੋਵੇ। ਇਹ ਲੌਬੀ ਗੀਗੇ ਪਾਠਕਾਂ ਦਾ ‘ਕੱਠ ਹੈ। ਕੁਝ ਨਵੇਂ ਅਦੀਬਾਂ ਲਈ ਤਾਂ ਉਹ ਗੌਡੈੱਸ ਬਰਾਬਰ ਹੈ। ਅਜੇਹਾ ਦੇਵੀਤਵ ਜਾਂ ਡਿਵਿਨਿਟੀ ਦਾ ਅੰਮ੍ਰਿਤਾ ਨੂੰ ਕੋਈ ਫ਼ਾਇਦਾ ਨਹੀਂ। ਸਭ ਤੋਂ ਵੱਡਾ ਖ਼ਤਰਾ ਪੰਜਾਬੀ ਸਾਹਿਤ ਨੂੰ, ਤੇ ਅੰਮ੍ਰਿਤਾ ਪ੍ਰੀਤਮ ਨੂੰ, ਅਜੇਹੇ ਸ਼ਰਧਾਲੂਆਂ ਤੋਂ ਰਿਹਾ ਹੈ, ਜਿਨ੍ਹਾਂ ਨੇ ਕਦੇ “ਕਿੰਤੂ” ਲਾਉਣਾ ਹੀ ਨਹੀਂ ਸਿੱਖਿਆ।
ਮੈਂ ਹੁਣ ਚੁੱਪ ਤੋੜ ਰਿਹਾ ਹਾਂ, ਤਾਂ ਸਿਰਫ਼ ਇਹ ਕਹਿਣ ਲਈ: ਅੱਖਾਂ ‘ਤੇ ਪੱਟੀ ਬੰਨ੍ਹ ਕੇ ਅੰਮ੍ਰਿਤਾ ਪ੍ਰੀਤਮ ਨੂੰ ਨਾ ਪੜ੍ਹੋ। ਉਹ ਇਸ ਤੋਂ ਵਧੇਰੇ ਧਿਆਨ ਦੀ ਹੱਕਦਾਰ ਹੈ।
ਹੁਣ: ਮੋਹਨ ਸਿੰਘ ਦੇ ਅੰਮ੍ਰਿਤਾ ਪ੍ਰੀਤਮ ਨਾਲ਼ ਇਸ਼ਕ ਦਾ ਸੱਚ ਕੀ ਹੈ?
ਸਤੀ: ਹਰ ਪੀੜ੍ਹੀ ਦਾ ਲੇਖਕ ਅੰਮ੍ਰਿਤਾ ਪ੍ਰੀਤਮ ਦੇ ਸੁਪਨੇ ਲੈੈਂਦਾ ਆਇਆ ਹੈ। ਪ੍ਰੋਫ਼ੈਸਰ ਪ੍ਰੀਤਮ ਸਿੰਘ ਨੇ ਉਸ ਨੂੰ “ਲਾਹੌਰ ਦੀ ਸੁੰਦਰੀ” ਠੀਕ
ਹੀ ਕਿਹਾ ਹੈ।
ਇਕ ਵਾਰ ਅਮਿਤੋਜ ਮੈਨੂੰ ਦਿੱਲੀ ਮਿਲਣ ਆਇਆ । ਉਦੋਂ ਉਸ ਨੇ ਮੈਨੂੰ ਆਪਣੇ ਨਾਲ਼ ਵਾਪਰੀ ਘਟਨਾ ਸੁਣਾਈ। ਅਮਿਤੋਜ ਦੇ ਦਿਲ ਦਿਮਾਗ਼ ‘ਤੇ ਅੰਮ੍ਰਿਤਾ ਸਵਾਰ ਸੀ। ਉਹ ਚੰਡੀਗੜ੍ਹੋਂ ਚੱਲ ਕੇ ਦਿੱਲੀ ਪੁੱਜਾ ਤੇ ਬਸ ਫੜ ਕੇ ਸੁਬਾਹ- ਸੁਬਾਹ ਹੌਜ਼ ਖ਼ਾਸ ਜਾ ਪਹੁੰਚਾ। ਅੰਮ੍ਰਿਤਾ ਘਰ ਨਹੀਂ ਸੀ। ਕਿਸੇ ਨੇ ਬੂਹਾ ਨਾ ਖੋਲ੍ਹਿਆ। ਪਰ ਉਸ ਨੇ ਆਸ ਨਾ ਛੱਡੀ। ਘਰ ਦੇ ਬਾਹਰ ਲੋਹੇ ਦਾ ਫਾਟਕ ਹੈ। ਉਹ ਫਾਟਕ ਦੇ ਨਾਲ ਢੂਅ ਲਾ ਕੇ ਭੁੰਜੇ
ਹੀ ਬਹਿ ਗਿਆ ਤੇ ਅੰਮ੍ਰਿਤਾ ਦੀ ਉਡੀਕ ਕਰਨ ਲੱਗ ਪਿਆ। ਸ਼ਾਮ ਦੇ ਚਾਰ ਵਜੇ ਤਕ ਭੁੱਖਾ-ਭਾਣਾ ਉਹ ਉਥੇ ਹੀ ਬੈਠਾ ਰਿਹਾ। ਪਰ ਅੰਮ੍ਰਿਤਾ
ਨਾ ਆਈ। ਆਖ਼ਰ ਨਿਰਾਸ਼ ਹੋ ਕੇ ਉਹ ਮੂੰਹ ਲਟਕਾਈ ਚੰਡੀਗੜ੍ਹ ਵਾਪਸ ਚਲਾ ਗਿਆ।
ਇਸ ਨੂੰ ਮੈਂ ਅੰਮ੍ਰਿਤਾ ਪ੍ਰੀਤਮ ਸਿੰਡਰੋਮ ਆਖਦਾ ਹਾਂ। ਹੋ ਸਕਦਾ ਮੈਨੂੰ ਪ੍ਰਭਾਵਤ ਕਰਨ ਲਈ ਅਮਿਤੋਜ ਨੇ ਗੱਪ ਹੀ ਮਾਰੀ ਹੋਵੇ। ਜਾਂ ਉਸ ਨੂੰ ਸੁਪਨਾ ਆਇਆ ਹੋਵੇ, ਪਰ ਉਸ ਨੂੰ ਸੱਚ ਸਮਝ ਰਿਹਾ ਹੋਵੇ। ਇਹ ਗੱਲ ਅਪ੍ਰਾਸੰਗਿਕ ਹੈ। ਭਾਵ ਇਹ ਹੈ ਕਿ ਅੰਮ੍ਰਿਤਾ ਦਾ ਹਰ ਪੀੜ੍ਹੀ ਸੁਪਨਾ ਲੈਂਦੀ ਆਈ ਹੈ। ਮੇਰੇ ਖ਼ਿਆਲ ਵਿੱਚ ਇਹ ਸੁਪਨੇ ਲੇਖਕਾਂ ਵਿੱਚ ਵੰਡ ਕੇ ਅੰਮ੍ਰਿਤਾ ਨੂੰ ਖ਼ੁਦ ਵੀ ਦਿਲ ਵਿੱਚ ਖ਼ੁਸ਼ੀ ਹੁੰਦੀ ਸੀ। ਇਸ ਤਰ੍ਹਾਂ ਇਸ ਮਿਥ ਨੂੰ ਉਸਾਰਨ ਵਿੱਚ ਉਸ ਦਾ ਆਪਣਾ ਵੀ ਕਾਫ਼ੀ ਹੱਥ ਹੈ।
ਮੋਹਨ ਸਿੰਘ ਦੇ ਸਿਰ ‘ਤੇ ਵੀ ਨਿਸ਼ਚੇ ਹੀ ਅੰਮ੍ਰਿਤਾ ਦਾ ਜਾਦੂ ਸਵਾਰ ਸੀ। ਆਪਣੀ ਕਲਪਨਾ ਵਿੱਚ ਅਮਿਤੋਜ ਵਾਂਗ ਉਸ ਨੂੰ ਵੀ ਮੈਂ ਅੰਮ੍ਰਿਤਾ ਦੇ ਘਰ ਦੇ ਬਾਹਰ ਲੋਹੇ ਦੇ ਫਾਟਕ ਨਾਲ ਢੂਅ ਲਾ ਕੇ ਭੁੰਜੇ ਬੈਠਾ ਵੇਖਦਾ ਹਾਂ। ਉਸ ਦੇ ਵੇਲੇ ਵੀ ਅੰਮ੍ਰਿਤਾ ਘਰ ਨਹੀਂ ਸੀ। ਅਮਿਤੋਜ ਅਤੇ ਉਸ ਵਿਚ ਫ਼ਰਕ ਇਹ ਹੈ ਕਿ ਅਮਿਤੋਜ ਤਾਂ ਸੂਰਜ ਢਲ਼ੇ ਉਠ ਕੇ ਘਰ ਚਲਾ ਗਿਆ, ਮੋਹਨ ਸਿੰਘ ਜ਼ਿੰਦਗੀ ਭਰ ਉਥੇ ਹੀ ਬੈਠਾ ਕਵਿਤਾਵਾਂ ਲਿਖਦਾ ਰਿਹਾ। ਉਸ ਦੀ ਉਡੀਕ ਕਦੇ ਫਲੀ ਕਿ ਨਾ, ਅੰਮ੍ਰਿਤਾ ਕਦੇ ਘਰ ਆਈ ਕਿ ਨਾ, ਇਸ ਦਾ ਜਵਾਬ ਮੇਰੇ ਕੋਲ਼ ਨਹੀਂ। ਮੋਹਨ ਸਿੰਘ ਦੇ ਪੱਕੇ ਯਾਰ ਪ੍ਰੋਫ਼ੈਸਰ ਪ੍ਰੀਤਮ ਸਿੰਘ ਨੂੰ ਜ਼ਰੂਰ ਇਸ ਸੱਚ ਦਾ ਪਤਾ ਹੋਣੈ, ਪਰ ਮੂਰਤਾਂ ਵਿੱਚ ਇਹ ਗੱਲ ਉਹ ਗੋਲ਼ ਕਰ ਗਿਆ ਹੈ। (ਨਿਰੂਪਮਾ ਦੱਤ ਦੱਸਦੀ ਹੈ ਕਿ ਅਮਿਤੋਜ ਅੰਮ੍ਰਿਤਾ ਨੂੰ “ਮਾਂ” ਕਹਿ ਕੇ ਬੁਲਾਉਂਦਾ ਸੀ। ਆਖ਼ਰ ਉਸ ਨੇ ਅੰਮ੍ਰਿਤਾ ਨੂੰ ਘਰ ਲੱਭ ਹੀ ਲਿਆ ਸੀ!)
ਅੰਮ੍ਰਿਤਾ ਜਿਸ ਵੱਲ ਥੋੜ੍ਹਾ ਹੱਸ ਕੇ ਵੇਖ ਲੈਂਦੀ, ਉਹ ਪਾਗਲ ਹੋ ਜਾਂਦਾ ਸੀ। ਪੰਜਾਬ ਵਿੱਚ ਇਸ ਨੂੰ ਇਸ਼ਕ ਕਿਹਾ ਜਾਂਦਾ ਹੈ। ਮਨੋਵਿਗਿਆਨੀ ਇਸ ਨੂੰ ਸ਼ਾਇਦ ਕੋਈ ਹੋਰ ਨਾਂ ਦੇਣ। ਮੋਹਨ ਸਿੰਘ ਨੂੰ ਅੰਮ੍ਰਿਤਾ ਨਾਲ ਕਿੰਨਾ ਇਸ਼ਕ ਸੀ, ਇਸ ਦੀ ਇਕ ਮਿਸਾਲ ਮੈਂ ਆਪਣੇ ਅਨੁਭਵ ਵਿੱਚੋਂ ਦੇ ਸਕਦਾ ਹਾਂ: ਸੱਠਾਂ ਦੇ ਅੱਧ ਕੁ ਵਿੱਚ ਮੋਹਨ ਸਿੰਘ ਨੇ ਆਪਣਾ ਪਰਚਾ ‘ਪੰਜ ਦਰਿਆ’ ਮਸਾਂ ਪੰਜ ਹਜ਼ਾਰ ਵਿੱਚ ਕਿਸੇ ਪ੍ਰਯੋਗੀਏ ਨੂੰ ਵੇਚ ਦਿੱਤਾ। ਮੋਹਨ ਸਿੰਘ ਦੀ ਸੰਪਾਦਨਾ ਵਿੱਚ ਨਿਕਲੇ ‘ਪੰਜ ਦਰਿਆ’ ਦੇ ਆਖ਼ਰੀ ਅੰਕ ਵਿੱਚ ਮੇਰਾ ਆਰਟੀਕਲ ਛਪਿਆ। ਸਿਰਲੇਖ ਸੀ – ”ਅੰਮ੍ਰਿਤਾ ਪ੍ਰੀਤਮ ਦੇ ਨਾਂ ਇਕ ਅਸਤਿਤਵਵਾਦੀ ਕਵੀ ਦੀ ਖੁੱਲ੍ਹੀ ਚਿੱਠੀ।”
ਸਾਰਤਰ ਨੂੰ ਉਦੋਂ ਨੋਬੇਲ ਪੁਰਸਕਾਰ ਮਿਲ਼ਿਆ ਹੀ ਸੀ। ਮਂੈ ਉਸ ਨੂੰ ਕਿਸੇ ਤਰ੍ਹਾਂ ਪੰਜਾਬੀ ਵਿੱਚ ਇੰਟਰੋਡਿਊਜ਼ ਕਰਾਉਣਾ ਚਾਹੁੰਦਾ ਸੀ। ਇਸ ਆਰਟੀਕਲ ਵਿੱਚ ਅੰਮ੍ਰਿਤਾ ਦੇ ਕਿਸੇ ਨਾਵਲ ਦਾ “ਹੋਂਦ ਵਾਦ” ਦੇ ਨੁਕਤੇ ਤੋਂ ਵਿਵੇਚਨ ਕੀਤਾ ਗਿਆ ਸੀ। ਆਰਟੀਕਲ ਦੇ ਨਾਲ਼ ਮੈਂ ਗਾਰਗੀ ਦੀ ਖਿੱਚੀ ਅੰਮ੍ਰਿਤਾ ਪ੍ਰੀਤਮ ਦੀ ਦਿਲਕਸ਼ ਫ਼ੋਟੋ ਭੇਜੀ ਤੇ ਮੋਹਨ ਸਿੰਘ ਨੂੰ ਲਿਖਿਆ- “ਆਰਟੀਕਲ ਪਸੰਦ ਹੋਵੇ ਤਾਂ ਮੇਰੇ ਧੰਨਭਾਗ। ਪਰ ਇਸ ਨੂੰ
ਛਾਪਣ ਤੋਂ ਬਾਅਦ ਫ਼ੋਟੋ ਵਾਪਸ ਭੇਜਣੀ ਪਏਗੀ। ਇਹ ਅੰਮ੍ਰਿਤਾ ਦੀ ਮੈਨੂੰ ਨਿੱਜੀ ਦਾਤ ਹੈ।”
ਕੁਝ ਦਿਨਾਂ ਬਾਅਦ ਮੋਹਨ ਸਿੰਘ ਦਾ ਜਵਾਬ ਆਇਆ- “ਤੇਰਾ ਆਰਟੀਕਲ ਛਾਪ ਰਿਹਾ ਹਾਂ। ਪਰ ਫ਼ੋਟੋ ਵਾਪਸ ਨਹੀਂ ਭੇਜਣੀ।”
ਅੰਮ੍ਰਿਤਾ ਦੀ ਫ਼ੋਟੋ ਉਸ ਨੇ ਆਰਟ ਪੇਪਰ ‘ਤੇ ਛਾਪੀ। ਮੈਨੂੰ ਉਹ ਵਾਪਸ ਕਦੇ ਨਾ ਮਿਲ਼ੀ। ਨਾ ਹੀ ਮੈਂ ਕਦੇ ਮੰਗੀ।
ਮੋਹਨ ਸਿੰਘ ਦੇ ਇਸ ਝੱਲ ਜਾਂ ਇਸ਼ਕ ਨੂੰ ਪ੍ਰੋਫ਼ੈਸਰ ਪ੍ਰੀਤਮ ਸਿੰਘ ਨੇ ਮੂਰਤਾਂ ਵਿੱਚ ਖ਼ੂਬਸੂਰਤੀ ਨਾਲ਼ ਚਿਤਰਿਆ ਹੈ। ਲਾਹੌਰ ਨਿਸਬਤ ਰੋਡ ‘ਤੇ ਚਾਹ ਪੀਂਦਿਆਂ ਇਕ ਵਾਰ ਅੰਮ੍ਰਿਤਾ ਦੀ ਉਂਗਲ਼ ਮੋਹਨ ਸਿੰਘ ਦੀ ਚੀਚੀ ਨੂੰ ਛੁਹ ਗਈ ਸੀ। ਉਸ ਨੇ ਕਵਿਤਾ ਲਿਖ ਮਾਰੀ। ਇਸ ਦਾ ਸੀਰਸ਼ਕ ਸੀ “ਉਂਗਲੀ ਕੋਈ ਰੰਗੀਨ।” ਕਵਿਤਾ ਸੁਣਾ ਕੇ ਮੋਹਨ ਸਿੰਘ ਪ੍ਰੋਫ਼ੈਸਰ ਸਾਹਿਬ ਨੂੰ ਬੋਲਿਆ “ਐਸ ਚੀਚੀ ਦਾ ਖ਼ੁਮਾਰ ਕੋਈ ਲਾਹ ਸਕਦੈ, ਜਿਹਨੂੰ ਮਰਮਰੀ ਪੋਟਿਆਂ ਦੀ ਛੁਹ ਨੇ ਅਮਰ ਬਣਾ ਦਿੱਤੈ?”
ਅੰਮ੍ਰਿਤਾ ਦੇ ਇਸ਼ਕ ਨੇ ਮੋਹਨ ਸਿੰਘ ਨੂੰ ਲਾਜਵਾਬ ਕਵਿਤਾਵਾਂ ਦਿੱਤੀਆਂ। ਸ਼ਾਇਦ ਉਸ ਨੂੰ ਕਾਵਿਕ ਪ੍ਰੇਰਣਾ ਦੀ ਹੀ ਲੋੜ ਸੀ, ਅੰਮ੍ਰਿਤਾ ਦੀ ਇੰਨੀ ਨਹੀਂ।
ਹੁਣ : ਹਰਿਭਜਨ ਤੇ ਅੰਮ੍ਰਿਤਾ ਇਕ ਦੂਜੇ ਨਾਲ ਸਾਲਾਂ ਤੋਂ ਮੌਨ ਕਿਉਂ ਸੀ?
ਸਤੀ : ਅਮ੍ਰਿਤਾ ਨਾਲ ਨਾ ਬੋਲਣਾ ਵੀ ਇਸੇ ਸਿੰਡਰੋਮ ਦਾ ਹਿੱਸਾ ਹੈ, ਅਜਿਹੇ ਪਾਤਰ ਵੀ ਅਨੇਕ ਹਨ, ਭਾਵੇਂ ਸਾਰੇ ਹਰਿਭਜਨ ਵਾਂਗ ਵਿਦਵਾਨ
ਨਹੀਂ, ਇਸ ਵਿਦਵਾਨ ਦਾ ਇਕ ਭਾਵ-ਪੱਖ ਵੀ ਸੀ, ਜਿਸ ਤੋਂ ਪੰਜਾਬੀ ਦੇ ਬਹੁਤ ਪਾਠਕ ਤੇ ਲੇਖਕ ਪਰਿਚਿਤ ਨਹੀਂ।
ਹਰਿਭਜਨ ਨੂੰ ਅੰਮ੍ਰਿਤਾ ਨਾਲ ਕਿੰਨੀ ਖਿੱਚ ਸੀ ਇਸ ਦਾ ਪਤਾ ਮੈਨੂੰ 64-65 ਵਿੱਚ ਲੱਗਾ। ਉਦੋਂ ਮੈਂ ਦਿੱਲੀ ਯੂਨੀਵਰਸਿਟੀ ਦੀ ਸਾਹਿਤ ਸਭਾ ਦਾ ਪ੍ਰੈਜ਼ੀਡੈਂਟ ਹੁੰਦਾ ਸੀ। ਅੰਮ੍ਰਿਤਾ ਉਨ੍ਹੀਂ ਦਿਨੀਂ ਪੰਜਾਬੀ ਸਾਹਿਤ ਦੇ ਆਕਾਸ਼ ਤੇ ਦੂਜ ਦੇ ਚੰਨ ਵਾਂਗ ਚੜ੍ਹੀ ਕਿਸੇ ਕਿਸੇ ਨੂੰ ਹੀ ਨਜ਼ਰ ਆਉਂਦੀ ਸੀ। ਬਲਕਿ ਨਜ਼ਰ ਆਉਂਦੀ ਹੀ ਨਹੀਂ ਸੀ। ਉਸ ਨੇ ਪੰਜਾਬੀ ਤੋਂ ਅਲੋਪ-ਵਾਸ ਲਿਤਾ ਹੋਇਆ ਸੀ। ਇਸ ਅਲੋਪ-ਵਾਸ ਦੇ ਇਕ ਪਾਸੇ, ਉਰਦੂ ਦੇ ਮਾਸਿਕ 20ਵੀਂ ਸਦੀ ਲਈ ਉਸ ਸਮੇਂ ਇਲਸਟਰੇਸ਼ਨਾਂ ਕਰਦਾ, ਬਾਂਕਾ ਮੁੰਡਾ ਇੰਦਰਜੀਤ ਸੀ ਤੇ ਦੂਜੇ ਪਾਸੇ ਸ਼ਰਾਬ ਤੇ ਸ਼ਾਇਰੀ ਦੋਵਾਂ ਲਈ ਮਸ਼ਹੂਰ ਬੰਬਈ ਬੈਠਾ ਸਾਹਿਰ ਵੀ। ਵਿਚਾਰੇ ਪੰਜਾਬੀ ਸਾਹਿਤਕਾਰਾਂ ਲਈ ਅੰਮ੍ਰਿਤਾ ਇਕ ਮਿਸਟਰੀ ਹੀ ਸੀ। ਉਹਨਾਂ ਦੀਆਂ ਅੱਖਾਂ ਆਕਾਸ਼ ‘ਤੇ ਟਿਕੀਆਂ ਰਹਿੰਦੀਆਂ। ਪਰ ਇਹ ਚੰਨ ਦਿਸਦਾ ਕਿਤੇ ਨਾ। ਹਰਿਭਜਨ ਲਾਸਾਂ ਤੇ ਤਾਰ ਤੁਬਕਾ ਲਿਖ ਕੇ ਪੰਜਾਬੀ ਵਿੱਚ ਛਾ ਚੁੱਕਿਆ ਸੀ। ਪਰ ਅੰਮ੍ਰਿਤਾ ਨੂੰ ਦੇਖਿਆ ਕਦੇ ਉਸ ਨੇ ਵੀ ਨਹੀਂ ਸੀ।
ਅੰਮ੍ਰਿਤਾ ਦੇ ਇਸ ਦੌਰ ਵਿੱਚ ਮੈਂ ਉਸ ਨੂੰ ਦਿੱਲੀ ਯੂਨੀਵਰਸਿਟੀ ਆਉਣ ਲਈ ਮਨਾ ਲਿਆ। ”ਅੰਮ੍ਰਿਤਾ ਪ੍ਰੀਤਮ ਨੂੰ ਮਿਲੋ” ਦਾ ਐਲਾਨ ਕਰਵਾ ਕੇ ਮੈਂ ਉਸ ਨੂੰ ਟੈਕਸੀ ਵਿੱਚ ਜਾ ਕੇ ਲੈ ਆਇਆ। ਲੰਬੇ ਗੁਪਤਵਾਸ ਤੋਂ ਬਾਅਦ, ਪੰਜਾਬੀ ਲੇਖਕਾਂ ਦੇ ਭਾਗੀਂ, ਅੰਮ੍ਰਿਤਾ ਪਹਿਲੀ ਵਾਰ ਸਭਨਾਂ ਮੂਹਰੇ ਪਰਗਟ ਹੋ ਰਹੀ ਸੀ। ਉਸ ਨੂੰ ਵੇਖਣ ਸੁਣਨ ਲਈ ਕੋਈ ਦੋ ਕੁ ਸੌ ਦੀ ਭੀੜ ਜੁੜ ਗਈ। ਉਹ ਟੀਨਏਜ ਕੁੜੀਆਂ ਦੀ ਹੀਰੋਇਨ ਸੀ। (ਇਸ ਮਿਲਾਪ ਦੀ ਖੁਸ਼ੀ ਵਿੱਚ ਦਿੱਲੀ ਯੂਨੀਵਰਸਿਟੀ ਦੀਆਂ ਕੁੜੀਆਂ ਨੇ ਮੈਨੂੰ 101 ਫੁੱਲਾਂ ਦਾ ਗੁਲਦਸਤਾ ਦਿੱਤਾ ਸੀ। ਉਹ ਗੁਲਦਸਤਾ ਹੌਜ਼ਖਾਸ ਪੁਚਾ ਦਿੱਤਾ)। ਡਾ. ਹਰਿਭਜਨ ਸਿੰਘ ਵੀ ਕਿਰਪਾਲ ਭਾਬੀ ਅਤੇ ਹਰਨਾਮ ਨੂੰ ਨਾਲ ਲੈ ਕੇ ਕੈਂਪਸ ਪਹੁੰਚਿਆ। ਮੈਂ ਉਹਨਾਂ ਦੋਵਾਂ ਨੂੰ ਮਿਲਾਇਆ। ਫਿਰ ਉਹ ਆਪ ਹੀ ਫੋਨ ਕਰਕੇ ਦਰਸ਼ਨ ਨੂੰ ਚਲਾ ਜਾਂਦਾ। ਇਹਨਾਂ ਦਿਨਾਂ ਵਿਚ ਹੀ ਹਰਿਭਜਨ ਨੇ ਆਪਣਾ ਇਤਿਹਾਸਕ ਫ਼ਿਕਰਾ ਕਿਹਾ ਸੀ, ”ਮੈਨੂੰ ਮਾਣ ਹੈ ਕਿ ਮੈਂ ਅੰਮ੍ਰਿਤਾ ਦੇ ਯੁੱਗ ਵਿੱਚ ਜਨਮਿਆ ਹਾਂ”। ਇਸ ਐਲਾਨ ਦਾ ਉਸ ਨੂੰ ਬਾਅਦ ਵਿੱਚ ਪਛਤਾਵਾ ਹੋਇਆ ਸੀ।
ਦਿੱਲੀ ਵਾਲੇ ਸਮਾਗਮ ਪਿੱਛੋਂ ਅੰਮ੍ਰਿਤਾ ਨੂੰ ਘਰ ਛੱਡ ਕੇ ਮੈਂ ਡਾ. ਸਾਹਿਬ ਦੇ ਘਰ ਚਲਾ ਗਿਆ, ਉੱਥੇ ਹਰਨਾਮ ਵੀ ਬੈਠਾ ਸੀ। ਉਸ ਸ਼ਾਮ ਦੀਆਂ ਮੈਨੂੰ ਦੋ ਗੱਲਾਂ ਯਾਦ ਨੇ। ਭਾਬੀ ਕਿਰਪਾਲ ਨੇ ਮੈਨੂੰ ਦੇਖਦੇ ਹੀ ਕਿਹਾ, ”ਕਪਿਲ ਤੇਰਾ ਸ਼ੁਕਰੀਆ। ਤੂੰ ਸਾਨੂੰ ਇੰਦਰਾ ਗਾਂਧੀ ਨੂੰ ਮਿਲਾ ਦਿੱਤਾ। ਅਸੀਂ ਸਾਰੇ ਹੱਸ ਪਏ। ਡਾ. ਸਾਹਿਬ ਨੇ ਉਸ ਦੀ ਗ਼ਲਤੀ ਠੀਕ ਕੀਤੀ ”ਇੰਦਰਾ ਗਾਂਧੀ ਨਹੀਂ, ਅੰਮ੍ਰਿਤਾ ਪ੍ਰੀਤਮ!”
ਪਰ ਕਿਰਪਾਲ ਤੋਂ ਇਹ ਗ਼ਲਤੀ ਅੱਗੋਂ ਵੀ ਅਕਸਰ ਹੁੰਦੀ ਰਹੀ। ਸਮਾਂ ਪਾ ਕੇ ਅੰਮ੍ਰਿਤਾ ਅਤੇ ਇੰਦਰਾ ਇਕ ਦੂਜੀ ਦੇ ਨੇੜੇ ਆ ਕੇ ਇਕ ਹੋ ਗਈਆਂ। ਕਿਰਪਾਲ ਦੀ ਸੁਤੇ ਸਿੱਧ ਆਖੀ ਗੱਲ ਪੇਸ਼ੀਨਗੋਈ ਸਿੱਧ ਹੋਈ।
ਦੂਜੀ ਗੱਲ ਇਹ ਕਿ ਹਰਿਭਜਨ ਨੇ ਮੈਨੂੰ ਈਸ਼ਵਰ ਚਿਤਰਕਾਰ ਦੀ ਬਣਾਈ ਇਕ ਪੇਂਟਿੰਗ ਭੇਟ ਕੀਤੀ। ਈਸ਼ਵਰ ਨੇ ਪੰਜ ਸੱਤ ਕੈਨਵਸ ਹਰਿਭਜਨ ਕੋਲ ਰੱਖ ਛੱਡੇ ਸੀ। ਹਰਨਾਮ ਨੇ ਉਹਨੂੰ ਆਪਣੀ ਸ਼ੀਸ਼ਿਆਂ ਦੀ ਦੁਕਾਨ ਵਿੱਚ ਫਰੇਮ ਕੀਤਾ। ਮੇਰੀ ਨਾਲਾਇਕੀ ਕਿ ਅਗਲੇ ਸਾਲਾਂ ‘ਵਿੱਚ ਉਹ ਪੇਂਟਿੰਗ ਕਿਤੇ ਰੁਲ-ਰੁਲਾ ਗਈ।
ਡਾ. ਸਾਹਿਬ ਦੀ ਮੌਤ ਤੋਂ ਇਕ ਕੁ ਸਾਲ ਪਹਿਲਾਂ ਮੈਂ ਭਾਪਾ ਪ੍ਰੀਤਮ ਸਿੰਘ ਨੂੰ ਕਿਹਾ ‘ਵਿੱਚਲੋ ਦੋ ਚੁੱਪ ਕੀਤੇ ਲੇਖਕਾਂ ਨੂੰ ਮਿਲ ਕੇ ਆਈਏ!” ਮੇਰੇ ਜ਼ਿਹਨ ਵਿੱਚ ਹਰਿਭਜਨ ਤੇ ਸਤਿਆਰਥੀ ਸਨ।
ਡਾ. ਸਾਹਿਬ ਲੇਟੇ ਹੋਏ ਸਨ। ਉਹਨਾਂ ਦਾ ਪਹਿਲਾ ਸਵਾਲ ਸੀ, ”ਤੂੰ ਅੰਮ੍ਰਿਤਾ ਨੂੰ ਮਿਲਿਆ?”
”ਨਹੀਂ” ਮੈਂ ਕਿਹਾ।
”ਮੈਂ ਵੀ ਨਹੀਂ ਮਿਲਿਆ!” ਕਹਿ ਕੇ ਹਰਿਭਜਨ ਨੇ ਸਿਰ ਹਿਲਾਇਆ। ਜਿਵੇਂ ਇਹੋ ਉਚਿਤ ਸੀ। ਫਿਰ ਕੁਝ ਸੋਚ ਕੇ ਬੋਲੇ ”ਮੈਨੂੰ ਕਬੀਰ ਪੁਰਸਕਾਰ ਮਿਲਿਆ। ਉਸ ਨੇ ਟੈਲੀਫੋਨ ਤੱਕ ਨਹੀਂ ਕੀਤਾ!”
ਹਰਿਭਜਨ ਦੀ ਇਸ ਸ਼ਿਕਾਇਤ ‘ਤੇ ਮੈਨੂੰ ਕੁਝ ਹੈਰਾਨੀ ਹੋਈ ਸੀ। ਅੰਮ੍ਰਿਤਾ ਦੇ ਟੈਲੀਫੋਨ ਦੀ ਘੰਟੀ ਤੋਂ ਬਿਨਾਂ ਕਬੀਰ ਦੇ ਪੁਰਸਕਾਰ
ਵਿੱਚ ਜਿਵੇਂ ਕੁਝ ਕਸਰ ਰਹਿ ਗਈ ਹੋਵੇ।
ਸੋ ਇਹ ਚੁੱਪੀ ਇੰਨੀ ਸੰਘਣੀ ਨਹੀਂ ਸੀ।
ਹੁਣ: ਦੁੱਗਲ ਨੇ ਕਿਹਾ ਸੀ ਕਿ ਮੋਹਨ ਸਿੰਘ ‘ਤੇ ਕਵਿਤਾ ਦੀ ਬਰਸਾਤ ਹੁੰਦੀ ਸੀ। ਕੀ ਤੇਰੇ ‘ਤੇ ਵੀ ਕਦੀ ਹੋਈ ਹੈ ?
ਸਤੀ: ਇਹ ਬਰਸਾਤ ਸ਼ਿਵ ਕੁਮਾਰ ‘ਤੇ ਵੀ ਹੁੰਦੀ ਸੀ। ਉਸ ਉੱਤੇ ਤਾਂ ਝੜੀ ਹੀ ਲੱਗ ਜਾਂਦੀ ਸੀ ਇਸ ਬਰਸਾਤ ਦੀ। ਉਸ ‘ਤੇ ਹਮੇਸ਼ਾ ਮੌਨਸੂਨ ਦੀ ਰੁੱਤ ਰਹਿੰਦੀ ਸੀ। ਇਸ ਬਰਸਾਤ ਦੇ ਪਰਣਾਲਿਆਂ ਦਾ ਪਾਣੀ ਕਦੇ ਮੁੱਕਦਾ ਹੀ ਨਹੀਂ ਸੀ। ਇਹ ਰੁਮਾਂਟਿਕ ਦੌਰ ਸੀ। ਇਸ ਬਰਸਾਤ ਵਿੱਚ ਪੱਕੀਆਂ ਫ਼ਸਲਾਂ ਅਮਰ ਰਹਿਣ। ਮੈਂ ਇਸ ਘੇਰੇ ਤੋਂ ਬਾਅਦ ਦਾ ਲੇਖਕ ਹਾਂ। ਮੇਰੀ ਜੈਨੇਰੇਸ਼ਨ ‘ਤੇ ਇਹ “ਮੈਟਾਫ਼ਰ” ਲਾਗੂ ਨਹੀਂ ਹੁੰਦਾ। ਪਰ ਜੇ ਇਸੇ ਮੈਟਾਫ਼ਰ ਵਿੱਚ ਗੱਲ ਕਰਨੀ ਹੋਵੇ, ਤਾਂ ਕਹਿਣਾ ਚਾਹੀਦਾ ਹੈ ਕਿ ਰੋਮਾਂਟਿਕ ਯੁੱਗ ਤੋਂ ਬਾਅਦ ਦੀ ਕਵਿਤਾ ਬਰਸਾਤ ਪਿੱਛੋਂ ਚੜ੍ਹੇ ਸੂਰਜ ਵਰਗੀ ਹੈ।
ਮੀਂਹ ਦੀਆਂ ਕੁਝ ਕਣੀਆਂ ਇਸ ਦੀ ਧੁੱਪ ਵਿੱਚ ਵੀ ਰਲ਼ੀਆਂ ਹੋਈਆਂ ਹਨ, ਪਰ ਇਸ ਵਿਚ ਸੋਗ, ਵਿਰਲਾਪ ਜਾਂ ਵਿਛੋੜੇ ਦਾ ਸ਼ੋਰ ਨਹੀਂ। ਰੋਮਾਂਟਿਕ
ਕਵਿਤਾ ਵਿੱਚ ਦਰਦ ਦਾ ਉੱਦਾਤੀਕਰਨ ਹੁੰਦਾ ਸੀ। ਪੰਜਾਬੀ ਵਿੱਚ ਅੰਮ੍ਰਿਤਾ ਪ੍ਰੀਤਮ ਦਰਦ ਦੀ ਆਖ਼ਰੀ ਕਵਿਤਰੀ ਹੈ। ਉਸ ਤੋਂ ਬਾਅਦ ਦੀਆਂ ਲੇਖਿਕਾਵਾਂ ਇਸ ਪਰੰਪਰਾ ਤੋਂ ਟੁੱਟਣ ਦਾ ਐੇਲਾਨ ਕਰ ਦੇਂਦੀਆਂ ਹਨ। ਵਨੀਤਾ ਆਪਣੀ ਕਿਸੇ ਕਵਿਤਾ ਵਿੱਚ ਆਖਦੀ ਹੈ – ਚਰਖੇ ਦੀ ਹੁਣ ਲੋੜ ਨਾ ਬੁੱਲਿਆ। ਇਸ ਕਵਿਤਾ ਵਿੱਚ ਅੰਮ੍ਰਿਤਾ ਦੀ ਕਵਿਤਾ ਅੱਜ ਆਖਾਂ ਵਾਰਿਸ਼ਾਹ ਨੂੰ ਦਾ ਪੈਰਾਡਾਈਮ ਸਪਸ਼ਟ ਬਦਲਦਾ ਵੇਖਿਆ ਜਾ ਸਕਦਾ ਹੈ।
ਦੁੱਗਲ ਸਾਹਿਬ ਛਤਰੀ ਲਾਹ ਲੈਣ । ਕਵਿਤਾ ਵਿੱਚ ਬਰਸਾਤ ਹੋਣੀ ਹੁਣ ਬੰਦ ਹੋ ਗਈ ਹੈ।

ਕਾਮਰੂਪ ਨੂੰ ਸਲਾਮ
ਹੁਣ: ਅਸਾਮ ਵਿੱਚ ਤੇਰੇ ਕੋਲ਼ ਕੇਂਦਰੀ ਸਰਕਾਰ ਦੀ ਵਧੀਆ ਨੌਕਰੀ ਸੀ। ਤੂੰ ਭਾਰਤ ਕਿਉਂ ਛੱਡਿਆ?
ਸਤੀ: ਇਹ ਅੰਮ੍ਰਿਤਾ ਪ੍ਰੀਤਮ ਦੀ ਮਿਹਰਬਾਨੀ ਸੀ। ਮੈਂ ਇਸ ਨੂੰ ਜਲਾਵਤਨੀ ਕਹਿੰਦਾ ਹੁੰਦਾ ਸੀ। ਮੈਨੂੰ ਭਾਰਤ ਛੱਡਣ ਦੀ ਲੋੜ ਨਹੀਂ ਸੀ ਤੇ ਨਾ ਹੀ ਕਦੇ ਅਜੇਹਾ ਸੁਪਨਾ ਲਿਆ ਸੀ। ਅਸਾਮ ਦੀਆਂ ਵਣਵਾਸਨਾਂ ਨੂੰ ਛੱਡਣ ਲੱਗਿਆਂ ਮੇਰਾ ਦਿਲ ਕਾਫ਼ੀ ਰੋਇਆ ਸੀ।
ਦਿੱਲੀ ਕਲਚਰਲ ਕੌਂਸਲ ਦੀ ਰਿਸੈਪਸ਼ਨ ਵਿੱਚ ਅੰਮ੍ਰਿਤਾ ਬਲਗਾਰੀਅਨ ਅੰਬੈਸੀ ਦੇ ਕਲਚਰਲ ਸੈਕਟਰੀ ਨੂੰ ਮਿਲ਼ੀ ਸੀ। ਸੋਫ਼ੀਆ ਯੂਨੀਵਰਸਿਟੀ ਨੇ ਭਾਰਤ ਨੂੰ ਦੋ ਸਕੌਲਰਸ਼ਿਪ ਦੇਣੇ ਸਨ। ਇਕ ਕੈਂਡੀਡੇਟ- ਕੇਰਲ ਦਾ ਰਾਮਾਚੰਦਰਨ – ਹਿੰਦੋਸਤਾਨ ਦੀ ਕਮਿਉਨਿਸਟ ਪਾਰਟੀ ਨੇ ਸੁਝਾਇਆ ਸੀ। ਦੂਜੇ ਦਾ ਸੁਝਾਉ ਉਸ ਨੇ ਅੰਮ੍ਰਿਤਾ ਤੋਂ ਮੰਗਿਆ। ਉਸ ਨੇ ਕਿਹਾ ਕਿ ਮੈਂ ਆਪਣੇ ਦੋਸਤ ਤੋਂ ਪੁੱਛ ਕੇ ਦੱਸਾਂਗੀ। ਉਦੋਂ ਮੈਂ ਚਾਅ ਨਾਲ਼ ਕਾਮਰੂਪ ਜਾਣ ਦੀ ਤਿਆਰੀ ਕਰ ਰਿਹਾ ਸੀ। ਇਹ ਨੌਕਰੀ ਦੁਆਣ ਪਿੱਛੇ ਹਰੀਵੰਸ਼ ਰਾਇ ਬੱਚਨ ਦਾ ਹੱਥ ਸੀ।
ਸਾਡੀ ਯੂਨੀਵਰਸਿਟੀ ਵਿੱਚ ਆ ਕੇ ਕਦੇ ਉਸ ਨੇ ਮਧੁਸ਼ਾਲਾ ਦੇ ਗੀਤ ਗਾਏ ਸੀ। ਉਸ ਦਾ ਗਾਇਆ- ‘ਜਾਉ ਲਾਉ ਪੀਆ ਨਦੀਆ ਸੇ ਸੋਨ ਮਛਲੀ ਮੈਨੂੰ ਅਜੇ ਵੀ ਯਾਦ ਹੈ। ਉਹ ਇੰਦਰਾ ਗਾਂਧੀ ਪਰਿਵਾਰ ਦਾ ਪੁਰੋਹਿਤ ਵੀ ਸੀ ਤੇ ਕੇਂਦਰੀ ਸਰਕਾਰ ਦਾ ਅਡਵਾਈਜ਼ਰ ਵੀ। ਜਦੋਂ ਅੰਮ੍ਰਿਤਾ ਨੇ
ਬਲਗਾਰੀਆ ਦੀ ਗੱਲ ਕੀਤੀ, ਤਾਂ ਮੈਨੂੰ ਲੱਗਿਆ ਉਹ ਮੈਨੂੰ ਕਾਲ਼ੇ ਪਾਣੀ ਭੇਜ ਰਹੀ ਹੈ। ਮੈਂ ਬਲਗਾਰੀਆ ਦਾ ਕਦੇ ਨਾਂ ਹੀ ਨਹੀਂ ਸੀ ਸੁਣਿਆ।
ਸਾਡਾ ਫ਼ੈਸਲਾ ਹੋਇਆ ਕਿ ਕਲਚਰਲ ਸੈਕਟਰੀ ਨੂੰ ਤਾਂ ਮਿਲ਼ ਹੀ ਆਵਾਂ, ਬਲਗਾਰੀਆ ਜਾਵਾਂ ਭਾਵੇਂ ਨਾ। ਸੈਕਟਰੀ ਨਾਲ਼ ਮੇਰੀ ਮੁਲਾਕਾਤ
ਨਿਰਣੇਕਾਰੀ ਸਿੱਧ ਹੋਈ। ਉਸ ਨੇ ਐਤਵਾਰ ਵਾਲ਼ੇ ਦਿਨ ਮੈਨੂੰ ਗੋਲਫ਼ ਲਿੰਕ ਐਂਬੈਸੀ ਵਿੱਚ ਬੁਲਾਇਆ। ਉਸ ਨੌਜਵਾਨ ਕਲਚਰਲ ਸੈਕਟਰੀ ਦਾ ਨਾਮ ਸੀ ਬੋਰਿਸ ਜ਼ਿਬਰੋਵ। ਉਹ ਕੁੱਕੜ ਵਾਂਗ ਚੁਸਤ ਤੇ ਰਾਂਗਲਾ ਸੀ। ਕਿਸੇ ਗੋਰੇ ਬੰਦੇ ਨਾਲ਼ ਮੇਰੀ ਇਹ ਪਹਿਲੀ ਮੁਲਾਕਾਤ ਸੀ।
ਮੈਂ ਪਹੁੰਚਿਆ ਤਾਂ ਅੰਬੈਸੀ ਦੇ ਬਾਹਰ ਬੈਠਾ ਉਹ ਦੇਸੀ ਨਾਈ ਤੋਂ ਹਜਾਮਤ ਕਰਵਾ ਰਿਹਾ ਸੀ। ਲੋਹੇ ਦਾ ਫਾਟਕ ਖੋਲ੍ਹ ਕੇ ਮੈਂ ਉਹਦੇ ਮੂਹਰੇ
ਜਾ ਖੜ੍ਹਾ ਹੋਇਆ। ਮੇਰਾ ਹੁਲੀਆ ਕਾਫ਼ੀ ਖ਼ਰਾਬ ਸੀ। ਪਸੀਨੇ ਵਿੱਚ ਭਿੱਜਿਆ ਕੁੜਤਾ। ਖੁੱਲ੍ਹਾ ਗਲਾਮਾ ਤੇ ਹਵਾ ਵਿੱਚ ਬਿਖਰੇ ਵਾਲ਼। ਸੋਚਿਆ ਆ ਕੇ ਗ਼ਲਤੀ ਕੀਤੀ। ਉਸ ਨੇ ਹੱਸ ਕੇ ਪੁੱਛਿਆ:
“ਹਜਾਮਤ ਕਰਾਏਂਗਾ?”
ਮੈਨੂੰ ਸੱਚਮੁਚ ਹੀ ਹਜਾਮਤ ਦੀ ਲੋੜ ਸੀ। ਮੈਂ ਉਂਗਲ਼ਾਂ ਨਾਲ਼ ਵਾਲ਼ ਠੀਕ ਕਰ ਕੇ ਬੋਲਿਆ:
“ਸ਼ੁਕਰੀਆ, ਪਰ ਅਜੇ ਨਹੀਂ।”
ਇਹ ਡਾਇਲਾਗ ਸਾਡੀ ਲੰਬੀ ਦੋਸਤੀ ਦੀ ਸ਼yੁਰੂਆਤ ਸੀ। ਉਹ ਮਸਾਂ 35 ਸਾਲ ਦਾ ਸੁਨੱਖਾ ਜਵਾਨ। ਪਤਨੀ ਉਹਦੀ ਐੇਕਟਰੱਸ।
ਮੇਰੇ ਵਿੱਚ ਪਤਾ ਨਹੀਂ ਉਸ ਨੂੰ ਕੀ ਚੰਗਾ ਲੱਗਾ। ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹ ਕੇ ਬਾਹਰ ਨਿਕਲ਼ੇ ਮੁੰਡਿਆਂ ਵਾਲ਼ੀ ਮੜ੍ਹਕ ਜਾਂ ਮੇਰਾ ਰੁਲ਼ਦੂਪਣ?
ਪਤਾ ਨਹੀਂ ਕੀ।
ਮੈਂ ਛੇ ਕੁ ਮਹੀਨੇ ਅਸਾਮ ਦੀ ਨੌਕਰੀ ਕੀਤੀ। ਇਕ ਦਿਨ ਅੰਮ੍ਰਿਤਾ ਦੀ ਚਿੱਠੀ ਆਈ ਕਿ ਤੈਨੂੰ ਜ਼ਿਬਰੋਵ ਯਾਦ ਕਰਦੈ। ਮੈਂ ਨੌਕਰੀਓਂ ਤੁਰੰਤ ਅਸਤੀਫ਼ਾ ਦੇ ਦਿੱਤਾ; ਕਾਮਰੂਪ ਨੂੰ ਸਲਾਮ ਕਰਕੇ ਹਵਾਈ ਜਹਾਜ਼ ਫੜਿਆ ਤੇ ਦਿੱਲੀ ਆ ਉਤਰਿਆ। ਇਹ ਮੇਰੀ ਪਹਿਲੀ ਹਵਾਈ
ਯਾਤਰਾ ਸੀ। ਅਗਲਾ ਪੜਾਅ ਸੋਫ਼ੀਆ ਸੀ।
ਦੋ ਕੁ ਸਾਲ ਬਾਅਦ ਜ਼ਿਬਰੋਵ ਵੀ ਸੋਫ਼ੀਆ ਆ ਗਿਆ। ਬਲਗਾਰੀਆ ਦੇ ਪ੍ਰੈਜ਼ੀਡੈਂਟ ਤੋਦੋਰ ਯਿਵਕੋਵ ਦੇ ਅਧੀਨ ਪਰੋਟੋਕੋਲ ਸੈਕਸ਼ਨ ਦਾ ਬੌਸ ਬਣ ਕੇ। ਇਵਾਂਕਾ ਨਾਲ ਮੇਰਾ ਵਿਆਹ ਹੋਇਆ, ਤਾਂ ਉਹ ਤੇ ਉਹਦੀ ਪਤਨੀ ਸਾਡੇ ਮੁੱਖ ਮਹਿਮਾਨ ਸਨ।
ਜਹਾਜ਼ ਚੜ੍ਹਾਉਣ ਵੇਲੇ ਪਾਲਮ ਹਵਾਈ ਅੱਡੇ ‘ਤੇ ਅੰਮ੍ਰਿਤਾ ਨੇ ਹੱਸ ਕੇ ਮੈਨੂੰ ਪੁੱਛਿਆ ਸੀ, “ਦੱਸ ਮੈਂ ਵੱਡੀ ਹਾਂ ਕਿ ਇੰਡੀਆ ਦੀ ਕਮਿਊਨਿਸਟ ਪਾਰਟੀ?”
ਅੰਮ੍ਰਿਤਾ ਸ਼ੇਖੀਖ਼ੋਰ ਨਹੀਂ ਸੀ। ਇਸ ਤੁਲਨਾ ‘ਤੇ ਉਹ ਖ਼ੁਸ਼ ਸੀ। ਮੈਂ ਹੱਸ ਪਿਆ।

ਨਾਗਮਣੀ ਦਾ ਆਰੰਭ
ਹੁਣ: ਸੁਣਦੇ ਹਾਂ ਕਿ ਨਾਗਮਣੀ ਤੂੰ ਹੀ ਕਢਵਾਇਆ ਸੀ।
ਸਤੀ: ਅੰਮ੍ਰਿਤਾ ਨੂੰ ਮੈਂ ਨਾਗਮਣੀ ਦਿੱਤੀ, ਬਦਲੇ ਵਿੱਚ ਅੰਮ੍ਰਿਤਾ ਨੇ ਮੈਨੂੰ ਬਲਗਾਰੀਆ।ਦਿੱਲੀ ਵਿੱਚ ਇਹੋ ਜਿਹੀ ਚਰਚਾ ਚੱਲੀ ਸੀ। ਇਹ ਗੱਲ ਮੈਨੂੰ
ਕੁਝ ਵਲਗਰ ਲੱਗਦੀ ਹੈ। ਮੈਂ ਇਸ ਵਿੱਚ ਨਹੀਂ ਪੈਣਾ ਚਾਹੁੰਦਾ। ਮੇਰਾ ਮਿੱਤਰ ਸ਼ਾਂਤੀਦੇਵ ਸ਼ਰੇਆਮ ਆਖਦਾ ਫਿਰਦੈ ਕਿ ਮੇਰੇ ਪ੍ਰਭਾਵ ਹੇਠ ਅੰਮ੍ਰਿਤਾ ਮੌਡਰਨ ਕਵਿਤਾ ਲਿਖਣ ਲੱਗ ਪਈ ਸੀ। ਉਸ ਦੇ ਨੇੜੇ ਮੈਂ ਨਾ ਹੁੰਦਾ, ਤਾਂ ਕਾਗ਼ਜ਼ ਤੇ ਕੈਨਵਸ ਦੀਆਂ ਕਵਿਤਾਵਾਂ ਹੋਂਦ ਵਿੱਚ ਨਹੀਂ ਸੀ ਆਉਣੀਆਂ।
ਮੇਰੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਅੰਮ੍ਰਿਤਾ ਗੱਦ ਕਵਿਤਾਵਾਂ ਨਹੀਂ ਸੀ ਲਿਖਦੀ। ਇਸ ਚਰਚਾ ਦਾ ਪਿਛੋਕੜ ਇਹ ਹੈ।
‘ਨਾਗਮਣੀ’ ਮੇਰਾ ਆਪਣਾ ਕੰਸੈਪਟ ਸੀ। ਸ਼ੁਰੂ ਵਿੱਚ ਉਹ ਤਿਆਰ ਨਹੀਂ ਸੀ। ਕਾਫ਼ੀ ਤਰਕ-ਵਿਤਰਕ ਤੋਂ ਬਾਅਦ ਉਹ ਸਹਿਮਤ ਹੋਈ। ‘ਰਸੀਦੀ ਟਿਕਟ’ ਵਿੱਚ ਲਿਖੀ ਅੰਮ੍ਰਿਤਾ ਦੀ ਗੱਲ ਕਾਫ਼ੀ ਠੀਕ ਹੈ- ਦੋਸਤੀ ਸੀ ਸਾਹਿਤ ਵਿਚ ਕਦਰਾਂ-ਕੀਮਤਾਂ ਦੀ ਤੇ ਜਿਹਦੀ ਇਕ ਬੈਠਕ ਵਿਚ ‘ਨਾਗਮਣੀ’ ਦੀ ਰੂਪਰੇਖਾ ਬਣੀ ਸੀ।
ਸ਼ੁਰੂ ਵਿੱਚ ਅੰਮ੍ਰਿਤਾ ਚਾਹੁੰਦੀ ਸੀ ਕਿ ਪਰਚਾ ਮੇਰਾ ਸੁਪਨਾ ਸੀ ਤੇ ਇਸ ਨੂੰ ਆਪ ਹੀ ਕੱਢਾਂ; ਪਰ ਮੈਨੂੰ ਪਿਛੋਕੜ ਵਿੱਚ ਰਹਿਣਾ ਪਸੰਦ ਹੈ। ਮੈਂ ਜਾਣਦਾ ਸੀ ਕਿ ਅੰਮ੍ਰਿਤਾ ਦੇ ਨਾਂ ਨਾਲ਼ ਪਰਚੇ ਦੇ ਕਾਮਯਾਬ ਹੋਣ ਦਾ ਬਹੁਤਾ ਚਾਂਸ ਸੀ। ਮੇਰੇ ਨਾਂ ਨਾਲ਼ ਵਿਰੋਧੀਆਂ ਨੂੰ ਕੜਵੱਲ ਪੈ ਜਾਂਦੇ ਸੀ। ਪੈਸਾ ਵੀ ਉਦੋਂ ਉਸੇ ਕੋਲ਼ ਸੀ। ਮੇਰੀਆਂ ਜੇਬਾਂ ਵਿੱਚ ਤਾਂ ਸੁਪਨੇ ਹੀ ਸਨ। ਮੇਰੀ ਦਲੀਲ ਸੀ ਕਿ ਪੰਜਾਬੀ ਦੇ ਨਵੇਂ ਲੇਖਕਾਂ ਨੂੰ ਮੂਹਰੇ ਲਿਆਉਣ ਲਈ ਅਜੇਹੇ ਮੰਚ ਦੀ ਤਤਕਾਲ ਲੋੜ ਸੀ। ‘ਪ੍ਰੀਤਲੜੀ’, ‘ਆਰਸੀ’ ਤੇ ‘ਪੰਜ ਦਰਿਆ’ ਆਦਿ ਸਥਾਪਤ ਪਰਚਿਆਂ ਨੇ ਸਾਹਿਤ ਦੀ ਅਜੇਹੀ ਨਾਕਾਬੰਦੀ ਕੀਤੀ ਹੋਈ ਸੀ ਕਿ ਚਿੜੀ ਨਹੀਂ ਸੀ ਨੇੜੇ ਫੜਕਣ ਦੇਂਦੇ। ਇਸ ਗੜ੍ਹ ਨੂੰ ਤੋੜਨ ਦੀ ਲੋੜ ਸੀ।
ਅੰਮ੍ਰਿਤਾ ਖੁਦ ਪਰੰਪਰਾ ਦਾ ਪ੍ਰਤੀਕ ਸੀ, ਪਰ ਆਪਣੀ ਪੀੜ੍ਹੀ ਵਿੱਚੋਂ ਸਿਰਫ਼ ਉਸੇ ਨੇ ਇਸ ਤਬਦੀਲੀ ਦੀ ਲੋੜ ਨੂੰ ਵੇਖਣ ਤੇ ਕਬੂਲਣ ਦੀ ਦੂਰਦਰਸ਼ਿਤਾ ਦਿਖਾਈ। ਪਰੋਗਰੈਸਿਵ ਲੇਖਕਾਂ ਤੋਂ ਐਲਾਨੀਆ ਟੁੱਟਣ ਦੀ ਦਲੇਰੀ ਵੀ ਸਿਰਫ਼ ਉਸੇ ਵਿੱਚ ਹੀ ਸੀ। ਇਹ ਦਲੇਰੀ ਨਾ ਮੋਹਨ ਸਿੰਘ
ਵਿਚ ਸੀ ਨਾ ਅੰਮ੍ਰਿਤਾ ਦੇ ਸਮਕਾਲੀ ਕਿਸੇ ਹੋਰ ਲੇਖਕ ਵਿੱਚ ਨਜ਼ਰ ਆਈ।
ਮੈਂ ਹਰ ਰੋਜ਼ ਦਲੀਲਾਂ ਦਿੰਦਾ ਰਿਹਾ। ਅੰਮ੍ਰਿਤਾ ਸੋਚਦੀ ਰਹੀ। ਇਕ ਦਿਨ ਅਚਾਨਕ ਬੋਲੀ, “ਚਲ ਮਨਜ਼ੂਰ। ਪਰ ਮੈਂ ਚਾਹੁੰਦੀ ਹਾਂ ਕਿ ਇਸ ਪਰਚੇ ਦਾ ਨਾਂ ਨਾਗਮਣੀ ਰੱਖਿਆ ਜਾਵੇ।”
ਅੰਮ੍ਰਿਤਾ “ਮਨਜ਼ੂਰ!” ਕਹਿ ਦੇਵੇ ਤਾਂ ਉਸ ਦੇ ਫ਼ੈਸਲੇ ਨੂੰ ਰੱਬ ਵੀ ਨਹੀਂ ਸੀ ਟਾਲ਼ ਸਕਦਾ। ‘ਨਾਗਮਣੀ’ ਨਾਂ ਵਿੱਚ ਡੰਗ ਵੀ ਸੀ ਤੇ ਸਾਊਂਡ ਵੀ ਮੈਨੂੰ ਪਸੰਦ ਆਇਆ। ਮੈਂ ਵੀ ਖ਼ੁਸ਼ੀ ਨਾਲ਼ ਕਿਹਾ, “ਮਨਜ਼ੂਰ!”
ਅਗਲਾ ਇਤਿਹਾਸ ਸਭ ਜਾਣਦੇ ਨੇ।
ਅੰਮ੍ਰਿਤਾ ਪੰਜਾਬੀ ਵਿੱਚ ਸਿਖਰ ਛੁਹ ਚੁੱਕੀ ਸੀ। ਬਹੁਤੇ ਲੇਖਕ ਇਥੇ ਆ ਕੇ ਰੁਕ ਜਾਂਦੇ ਨੇ। ‘ਨਾਗਮਣੀ’ ਉਸ ਦੀ ਸਾਹਿਤਕ ਜ਼ਿੰਦਗੀ ਦਾ ਦੂਜਾ ਆਰੰਭ ਸੀ। ਕਾਗਜ਼ ਤੇ ਕੈਨਵਸ ਦੀਆਂ ਪਰੋਜ਼ ਕਵਿਤਾਵਾਂ ਛਾਪ ਕੇੇ ਅੰਮ੍ਰਿਤਾ ਪ੍ਰੀਤਮ ਨੇ ਪੰਜਾਬੀ ਕਾਵਿ ਦੀ ਉਸ ਲੰਬੀ ਪਰੰਪਰਾ ‘ਤੇ ਕਾਟਾ ਫੇਰ ਦਿੱਤਾ, ਜਿਸ ਦੀ ਉਹ ਆਪ ਪ੍ਰਤੀਕ ਸੀ। ‘ਨਾਗਮਣੀ’ ਸਚਮੁੱਚ ਪੰਜਾਬੀ ਵਿੱਚ ਧਮਾਕਾ ਸਿੱਧ ਹੋਇਆ। ਅੰਮ੍ਰਿਤਾ ਨੂੰ ਅੱਗੇ ਤੁਰਨ ਦਾ ਰਾਹ ਲੱਭ
ਗਿਆ। ਇਸ ਦੇ ਪ੍ਰਕਾਸ਼ਨ ਦਾ ਫ਼ਾਇਦਾ ਆਉਣ ਵਾਲ਼ੇ ਕਵੀਆਂ ਨੂੰ ਵੀ ਹੋਇਆ।
ਪਰਚਾ ਕੱਢਣ ਦੀ ਸਕੀਮ ਅੰਮ੍ਰਿਤਾ ਦੀ ਰਸੋਈ ਵਿੱਚ ਬਣੀ ਸੀ। ਨਿਰਣਾ ਹੋ ਗਿਆ, ਤਾਂ ਆਵਾਜ਼ ਮਾਰ ਕੇ ਇੰਦਰਜੀਤ ਨੂੰ ਸੂਚਿਤ ਕੀਤਾ ਗਿਆ। ਅਜੇ ਉਹ ਇਮਰੋਜ਼ ਨਹੀਂ ਸੀ ਬਣਿਆ। ਉਹ ਪੰਦਰਾਂ ਕੁ ਮਿੰਟ ਬਾਅਦ ਹੀ ਕਵਰ ਦਾ ਡਿਜ਼ਾਈਨ ਬਣਾ ਕੇ ਲੈ ਆਇਆ। ‘ਨਾਗਮਣੀ’ ਸ਼ੁਰੂ ਹੋ ਗਈ।
ਹੁਣ: ਤੇਰੇ ਸਮੇਂ ‘ਨਾਗਮਣੀ’ ਦੀ ਪੌਲੀਸੀ ਕੀ ਸੀ ?
ਸਤੀ: ਪੌਲੀਸੀ ਬੜੀ ਸਰਲ ਸੀ। ‘ਨਾਗਮਣੀ’ ਦਾ ਨਿਕਲਣਾ ਸਥਾਪਤੀ ਨੂੰ ਸਿੱਧਾ ਚੈਲੰਜ ਸੀ। ਜੋ ਵੀ ਰੜਕਦਾ ਹੈ / ਪਾਣੀ ਵਿੱਚ ਰੋੜ੍ਹ ਦਿਉ
ਵਰਗੀਆਂ ਨਜ਼ਮਾਂ ਲਿਖਣ ਕਰਕੇ ਮੈਂ ਤਾਂ ਬਦਨਾਮ ਸੀ ਹੀ, ‘ਨਾਗਮਣੀ’ ਕਾਰਣ ਅੰਮ੍ਰਿਤਾ ਵੀ ਪੰਜਾਬੀ ਵਿੱਚ ਬਲੈਕ-ਲਿਸਟ ਹੋ ਗਈ। ਸਥਾਪਨਾ ਨੇ
ਇਸ ਨੂੰ ਅੰਮ੍ਰਿਤਾ ਉਤੇ ਮੇਰੇ ਮਾੜੇ ਪ੍ਰਭਾਵ ਦਾ ਪ੍ਰਮਾਣ ਸਮਝਿਆ। ਭਾਪਾ ਪ੍ਰੀਤਮ ਸਿੰਘ ਨੇ ‘ਨਾਗਮਣੀ’ ਛਾਪਣੋਂ ਹੀ ਇਨਕਾਰ ਕਰ ਦਿੱਤਾ, ਹਾਲਾਂ
ਕਿ ਸਾਹਿਤ ਛਾਪਣਾ ਉਹਦਾ ਬਿਜ਼ਨਸ ਸੀ। ਸਾਰੇ ਜਾਣਦੇ ਨੇ ਕਿ ‘ਆਰਸੀ’ ਅੰਮ੍ਰਿਤਾ ਪ੍ਰੀਤਮ ਦੀ ਨਿਗਰਾਨੀ ਵਿੱਚ ਸ਼ੁਰੂ ਹੋਈ ਸੀ ਤੇ ਉਸ ਦੀ
ਪੌਪੁਲੈਰਿਟੀ ਦਾ ਕਾਰਣ ਵੀ ਉਹੋ ਸੀ। ਅੰਮ੍ਰਿਤਾ ਨੇ ਭਾਪਾ ਪ੍ਰੀਤਮ ਸਿੰਘ ਦੇ ਇਸ ਵਰਤਾਉ ਨੂੰ ਸ਼ਾਇਦ ਹੀ ਕਦੇ ਮਾਫ਼ ਕੀਤਾ ਹੋਵੇ। ਸੁਨੇਹੜੇ ਤੋਂ
ਬਾਅਦ ਅੰਮ੍ਰਿਤਾ ਪ੍ਰੀਤਮ ਨੇ ਆਪਣੀ ਕੋਈ ਵੀ ਕਿਤਾਬ ‘ਨਵਯੁਗ’ ਤੋਂ ਨਹੀਂ ਛਪਵਾਈ। ‘ਨਾਗਮਣੀ’ ਪ੍ਰਕਾਸ਼ਨ ਦੀ ਸ਼ੁਰੂਆਤ ਵੀ ‘ਨਵਯੁਗ’ ਤੋਂ
ਮੁਕਤ ਹੋਣ ਲਈ ਕੀਤੀ ਗਈ ਸੀ। ਪੰਜਾਬੀ ਸਭਿਆਚਾਰ ਦੇ ਦੋ ਸਿਰਮੌਰ ਹਸਤੀਆਂ ਦੇ ਇਸ ਦਵੰਦ ਦਾ ਪੰਜਾਬੀ ਸਾਹਿਤ ਦੀ ਨਵੀਂ ਪੌਧ ਨੂੰ ਬਹੁਤਾ ਗਿਆਨ ਨਹੀਂ। ਪੰਜਾਬੀ ਸਾਹਿਤ ਦੇ ਕਈ ਕਾਂਡ ਅਜੇ ਅਣਲਿਖੇ ਹੀ ਪਏ ਨੇ।
ਨਵੇਂ ਕਵੀਆਂ ਨੂੰ ਅੱਗੇ ਆਉਣ ਲਈ ਪਲੇਟਫ਼ਾਰਮ ਦੀ ਲੋੜ ਸੀ। ਵੱਡੇ ਪਰਚਿਆਂ ਤੋਂ ਰੱਦ ਹੋਏ ਲੇਖਕ ‘ਨਾਗਮਣੀ’ ਵਿੱਚ ਛਪ ਸਕਦੇ ਸੀ, ਜਦ ਕਿ ਵੱਡੇ ਲੇਖਕਾਂ ਨੂੰ ਰੱਦ ਕਰ ਦਿੱਤਾ ਜਾਂਦਾ ਸੀ। ਬਾਅਦ ਵਿੱਚ ਅੰਮ੍ਰਿਤਾ ਨੇ ਇਹ ਪੌਲੀਸੀ ਬਦਲ ਲਈ ਤੇ ਹਰ ਕਿਸਮ ਦਾ ਲੇਖਕ ਛਪਣ ਲੱਗ ਪਿਆ, ਪਰ ਸ਼ੁਰੂ ਵਿੱਚ ਅਸੀਂ ਮੋਹਨ ਸਿੰਘ ਤੇ ਸ਼ਿਵ ਕੁਮਾਰ ਨੂੰ ਵੀ ਨਹੀਂ ਸੀ ਛਾਪਦੇ। ਉਹਨਾਂ ਦੀਆਂ ਭੇਜੀਆਂ ਕਵਿਤਾਵਾਂ ਵਾਪਸ ਹੋ ਜਾਂਦੀਆਂ। ਸ਼ਿਵ ਕੁਮਾਰ ਤਾਂ ਇਕ ਵਾਰ ਆ ਕੇ ਰੋ ਹੀ ਪਿਆ ਸੀ। ਨਵੇਂ ਤੇ ਪੁਰਾਣੇ ਵਿਚਕਾਰ ਸਪਸ਼ਟ ਲਕੀਰ ਖਿੱਚਣਾ ਜ਼ਰੂਰੀ ਸੀ। ‘ਨਾਗਮਣੀ’ ਵਿੱਚ ਮੇਰਾ ਕਾਲਮ ਹੁੰਦਾ ਸੀ – ਅੰਦਰਸ। ਇਸ ਕਾਲਮ ਵਿੱਚ ਨਵੇਂ ਦੇ ਸੋਹਲੇ ਗਾਏ ਜਾਂਦੇ ਤੇ ਪੁਰਾਣੇੇ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ। ਨਵਿਆਂ
ਦੇ ਹੌਸਲੇ ਵਧ ਗਏ। ਸ਼ੁਰੂ ਵਿੱਚ ਅਸੀਂ ਦੋਵੇਂ ਹੀ ‘ਨਾਗਮਣੀ’ ਦੇ ਪੰਨੇ ਭਰਦੇ ਸਾਂ। ਹੌਲ਼ੀ-ਹੌਲ਼ੀ ਕਈ ਨਵੇਂ ਲੇਖਕ ਨਾਲ਼ ਆਣ ਜੁੜੇ। ਮੁਸੀਬਤ ਇਹ
ਹੈ ਕਿ ਸਥਾਪਨਾ ਨੂੰ ਉਲਟਣ ਲਈ ਚੁੱਕਿਆ ਪੈਰ ਇਕ ਦਿਨ ਖ਼ੁਦ ਸਥਾਪਨਾ ਵਿੱਚ ਬਦਲ ਜਾਂਦਾ ਹੈ। ‘ਨਾਗਮਣੀ’ ਨਾਲ਼ ਵੀ ਇਹੋ ਹੋਇਆ।
‘ਨਾਗਮਣੀ’ ਨੇ ਕਈ ਨਵੇਂ ਲੇਖਕ ਸਾਮ੍ਹਣੇ ਲਿਆਂਦੇ। ਪਿਛਲੇ ਸਾਲਾਂ ਵਿੱਚ ਪਹਿਲੇ ਸਫ਼ੇ ਤੇ ਚੰਗੀਆਂ ਕਵਿਤਾਵਾਂ ਦੇ ਨਾਲ਼-ਨਾਲ਼ ਕੱਚਾ ਮਾਲ ਵੀ ਛਪਦਾ ਰਿਹਾ ਹੈ। ਮਿੰਦਰ ਤੇ ਮੋਹਨਜੀਤ ਚੰਗੇ ਕਵੀ ਹਨ। ਪਰ ਇਹੋ ਜਿਹੇ ਉਦਾਹਰਣ ਬਹੁਤੇ ਨਹੀਂ।
ਕਿਸੇ ਸਮੇਂ ‘ਨਾਗਮਣੀ’ ਨੇ ਸਥਾਪਨਾ ਨੂੰ ਚੈਲੰਜ ਕੀਤਾ ਸੀ। ‘ਨਾਗਮਣੀ’ ਨੇ ਪੰਜਾਬੀ ਸਾਹਿਤ ਦਾ ਸੀਨ ਬਦਲ ਦਿੱਤਾ- ਉਸ ਦਾ ਅਸਲ ਮਹੱਤਵ ਇਸ ਤੱਥ ਵਿੱਚ ਹੈ। ਉਸ ਵਿਚ ਕੌਣ ਛਪਿਆ ਜਾਂ ਨਾ ਛਪਿਆ, ਇਸ ਗੱਲ ਦਾ ਘੱਟ ਮਹੱਤਵ ਹੈ।

‘ਪੰਚਮ’ ‘ਤੇ ਮੁਕੱਦਮਾ
ਹੁਣ: ਤੇਰੀ ਪਹਿਲੀ ਕਿਤਾਬ ‘ਪੰਚਮ’ ਛਪਣ ਵੇਲੇ ਡਾਕਟਰ ਹਰਿਭਜਨ ਸਿੰਘ ਤੇਰੇ ‘ਤੇ ਮੁਕੱਦਮਾ ਕਰਨ ਚੱਲਿਆ ਸੀ। ਮਾਮਲਾ ਕੀ ਸੀ?
ਸਤੀ: ਗੱਲ ਮਾੜੀ ਜੀ ਸੀ। ਸ਼ਰੀਕਾਂ ਨੇ ਐੇਵੇਂ ਵਧਾ ਦਿੱਤੀ। ਸਾਡਾ ਦਿਨ ਕਰੋਲ ਬਾਗ਼ ਦੇ ਮਦਰਾਸ ਕੈਫ਼ੇ ਤੋਂ ਸ਼ੁਰੂ ਹੋਇਆ ਕਰਦਾ ਸੀ। ਹਰਨਾਮ ਤੇ ਹਰਿਭਜਨ ਤਾਂ ਰਹਿੰਦੇ ਹੀ ਉਥੇ ਸੀ। ਮੈਂ ਈਸਟ ਪਟੇਲ ਨਗਰੋਂ ਪੈਦਲ ਚੱਲ ਕੇ ਆੳਂੁਦਾ। ਕੌਫ਼ੀ ਦਾ ਬਿੱਲ ਹਮੇਸ਼ਾ ਹਰਨਾਮ ਤਾਰਦਾ। ਸਾਡੇ ਵਿੱਚੋਂ ਅਮੀਰ ਵੀ ਉਹੋ ਸੀ। ਡਾਕਟਰ ਸਾਹਿਬ ਖ਼ੈਰ ਗ਼ਰੀਬ ਤਾਂ ਨਹੀਂ ਸਨ ਪਰ ਕੋਈ ਬਿਲ ਤਾਰਦਿਆਂ ਉਹਨਾਂ ਨੂੰ ਮੈਂ ਕਦੇ ਨਹੀਂ ਵੇਖਿਆ। ਇਹ ਅਧਿਕਾਰ ਡਾਕਟਰ ਸਾਹਿਬ ਨੇ ਹਰਨਾਮ ਨੂੰ ਦਿੱਤਾ ਹੋਇਆ ਸੀ। ਹਰਨਾਮ ਨੂੰ ਇਕ ਹੋਰ ਅਧਿਕਾਰ ਵੀ ਪ੍ਰਾਪਤ ਸੀ। ਹਰਿਭਜਨ ਦੀ ਕਵਿਤਾ ਵਿੱਚ ਨੁਕਸ ਕੱਢਣ ਦਾ। ਇਹ ਅਧਿਕਾਰ ਕਿਸੇ ਹੋਰ ਨੂੰ ਨਹੀਂ ਸੀ। ਭਾਵੁਕਤਾ ਵਿੱਚ ਹਰਨਾਮ ਜੇ ਕਦੇ ਡਾਕਟਰ ਦੇ ਖ਼ਿਲਾਫ਼ ਬੋਲ ਵੀ ਜਾਂਦਾ, ਤਾਂ ਡਾਕਟਰ ਸਾਹਿਬ ਹੱਸ ਕੇ ਕਹਿੰਦੇ, “ਉਏ ਉਹਨੂੰ ਹੱਕ ਹੈ।”
ਹਰਿਭਜਨ ਹਰ ਕਿਸੇ ਨਾਲ਼ ਨਹੀਂ ਸੀ ਬੈਠਦਾ। ਭਾਵੇਂ ਸੁਬਾਹ ਦੀ ਕੌਫ਼ੀ ਹੋਵੇ, ਜਾਂ ਸ਼ਾਮ ਦੀ ਸ਼ਰਾਬ ਜਾਂ ਗੁਰਦਵਾਰਾ ਰੋਡ ਦੇ ਢਾਬੇ ‘ਤੇ ਮਾਹਾਂ ਦੀ ਦਾਲ਼ ਨਾਲ਼ ਤੰਦੂਰੀ ਰੋਟੀ। ਹਰਨਾਮ ਦੁਕਾਨ ਦੇ ਗੱਲੇ ਵਿੱਚੋਂ ਰੁਪੱਈਆਂ ਦਾ ਰੁੱਗ ਕਢ ਕੇ ਜੇਬ ਵਿੱਚ ਪਾ ਲੈਂਦਾ ਤੇ ਮੇਰੇ ਵਰਗੇ ਮਲੰਗ ਲੇਖਕਾਂ ‘ਤੇ ਲੁਟਾਉਂਦਾ ਰਹਿਂਦਾ। ਇਸ ਨੂੰ ਉਹ ਆਪਣਾ ਫ਼ਰਜ਼ ਸਮਝਦਾ ਸੀ। ਇਕ ਦਿਨ ਕੌਫ਼ੀ ਪੀਂਦਿਆਂ ਮੈਂ ਕਵਿਤਾ ਸੁਣਾਈ: ਤੂੰ ਪਰ-ਅੰਗ ਨਹੀਂ ਸੁੱਤੀ। ਇਹ ਕਵਿਤਾ ਪੰਜਾਬੀ ਆਲੋਚਨਾ ਵਿੱਚ ਹੁਣ ਤਾਈਂ ਕਾਫ਼ੀ ਪਿਟ ਚੁੱਕੀ ਹੈ। ਪਰ ਇਸ ਕਵਿਤਾ ਕਾਰਣ ਦਿੱਲੀ ਵਿੱਚ ਚੱਲੀ ਹਨੇਰੀ ਬਹੁਤਿਆਂ ਨੂੰ ਪਤਾ ਨਹੀਂ। ਕਵਿਤਾ ਸੁਣ ਕੇ ਡਾਕਟਰ ਸਾਹਿਬ ਉਤਸ਼ਾਹ ਵਿੱਚ ਆ ਗਏ ਤੇ ਉਥੇ ਬੈਠਿਆਂ ਹੀ ਉਹਨਾਂ ਨੇ ਪੰਜਾਬੀ ਦੇ ਪੰਜ ਕਵੀਆਂ ਦੀ ਐਂਥਾਲੌਜੀ ਛਾਪਣ ਦਾ ਪ੍ਰੋਗਰਾਮ ਬਣਾ ਲਿਆ। ਇਹਨਾਂ ਪੰਜ ਕਵੀਆਂ ਨੂੰ ਇਹ ਤਰਤੀਬ ਦਿੱਤੀ ਗਈ: ਸਤੀ ਕੁਮਾਰ, ਜਸਵੰਤ ਸਿੰਘ ਨੇਕੀ, ਜਸਬੀਰ ਸਿੰਘ
ਆਹਲੂਵਾਲੀਆ, ਹਰਨਾਮ ਅਤੇ ਤਾਰਾ ਸਿੰਘ। ਕਿਤਾਬ ਦਾ ਨਾਮਕਰਣ ਕੀਤਾ ਗਿਆ ‘ਪੰਚਮ’ ।
ਡਾਕਟਰ ਅਨੁਸਾਰ ਆਹਲੂਵਾਲੀਆ ਚੰਗਾ ਕਵੀ ਨਹੀਂ ਸੀ, ਪਰ ਪੰਜਾਬ ਵਿੱਚ ਪਰਚਾਰ ਕਰਨ ਨੂੰ ਚੰਗਾ ਸੀ। ਤਾਰਾ ਸਿੰਘ ਦਾ ਕਨਾਟ ਪਲੇਸ ਦੇ ਟੀ-ਹਾਊਸ ਵਿੱਚ ਰੋਜ਼ ਨਿੰਦਿਆ-ਦਰਬਾਰ ਲਗਦਾ ਸੀ। ਉਸ ਦਾ ਸਾਈਕਲ ਦਿੱਲੀ ਦੇ ਹਰ ਕੋਨੇ ਵਿੱਚ ਘੁੰਮਦਾ ਰਹਿੰਦਾ। ਸੋ ਉਸ ਨੂੰ ਨਾਲ਼ ਰੱਖਣ ਵਿੱਚ ਹੀ ਭਲਾਈ ਸੀ। ਪਰ ਇਹ ਭਰਮ ਹੀ ਸੀ। ਤਾਰਾ ਸਿੰਘ ਪਹਿਲਾਂ ਹੀ ਦਿੱਲੀ ਵਿੱਚ ਆਖਦਾ ਫਿਰ ਰਿਹਾ ਸੀ ਕਿ ਕਿਤਾਬ ਆ ਲਵੇ, ਫੇਰ ਦੇਖਿਉ!
ਜਲੰਧਰੋਂ ਛਾਬੜੇ ਦੇ ਸੰਕੇਤ ਅਤੇ ਹੋਰ ਰਸਾਲਿਆਂ ਵਿੱਚ ‘ਪੰਚਮ’ ਦੇ ਇਸ਼ਤਿਹਾਰ ਛਪਣੇ ਸ਼ੁਰੂ ਹੋ ਗਏ। ਖਰੜਾ ਪ੍ਰੈੱਸ ਚਲਾ ਗਿਆ।
ਹਮਦਮ ਕਰੋਲ ਬਾਗ਼ ਵਿੱਚ ਬੇਰੁਜ਼ਗਾਰ ਫਿਰਦਾ ਸੀ। ਕਵਰ ਅਤੇ ਲੇਅ-ਆਉਟ ਦਾ ਕੰਮ ਉਹਨੂੰ ਦੇ ਦਿੱਤਾ ਗਿਆ। ਫ਼ਰਮੇ ਵੀ ਛਪ ਗਏ। ਫਿਰ
ਪਤਾ ਨਹੀਂ ਕੀ ਹੋਇਆ ਕਿ ਡਾਕਟਰ ਨੇ ਅਚਾਨਕ ਇਸ ਪ੍ਰੋਜੈਕਟ ਤੋਂ ਮੂੰਹ ਫੇਰ ਲਿਆ। ਬਿਨਾਂ ਕੋਈ ਸਪਸ਼ਟੀਕਰਨ ਦਿੱਤੇ।
ਅੱਜ ਡਾਕਟਰ ਸਾਹਿਬ ਦਾ ਇਸ ਤਰ੍ਹਾਂ ਅਚਾਨਕ ਪਿੱਛੇ ਹਟ ਜਾਣਾ ਰਹੱਸ ਨਹੀਂ ਲਗਦਾ। ਚੁਣੇ ਹੋਏ ਕਵੀਆਂ ਵਿੱਚ ਕੋਈ ਸਿਧਾਂਤਕ ਸਾਂਝ ਨਹੀਂ ਸੀ। ਅਤਰ ਸਿੰਘ ਦੀ ਸੰਪਾਦਨਾ ਹੇਠ ਲੁਧਿਆਣਿਓਂ ਛਪਦੇ ਪਰਚੇ ਆਲੋਚਨਾ ਵਿੱਚ ਡਾਕਟਰ ਸਾਹਿਬ ਦਾ ਕਾਲਮ ਹੁੰਦਾ ਸੀ- ਨਿਮਖ ਚਿਤਵੀਏ ਨਿਮਖ ਸਲਾਹੀਏ। ਤੂੰ ਪਰ ਅੰਗ ਨਹੀਂ ਸੁੱਤੀ ਕਵਿਤਾ ਬਾਰੇ ਲੇਖ ਡਾਕਟਰ ਨੇ ਆਪਣੇ ਕਾਲਮ ਲਈ ਅਤਰ ਸਿੰਘ ਨੂੰ ਭੇਜ ਦਿਤਾ।
ਕਵਿਤਾ ਦਾ ਵਿਸ਼ਾ ਸੈਕਸ ਅਤੇ ਡਾਕਟਰ ਦਾ ਵਿਵੇਚਨ ਗ਼ੈਰ-ਮਾਰਕਸੀ ਹੋਣ ਦੇ ਬਾਵਜੂਦ ਅਤਰ ਸਿੰਘ ਨੇ ਮੇਰੀ ਕਵਿਤਾ ਉਤੇ ਉਹ ਲੇਖ ਆਲੋਚਨਾ ਵਿੱਚ ਛਾਪ ਦਿੱਤਾ। ਉਹ ਲੇਖ ਪੰਚਮ ਦੀ ਭੂਮਿਕਾ ਲਈ ਸੋਚੇ ਗਏ ਵਿਚਾਰਾਂ ਦਾ ਸੰਖੇਪ ਸੀ। ਹੋ ਸਕਦੈ, ਬਾਕੀ ਦੇ ਕਵੀਆਂ ਦਾ ਭੇਜਿਆ
ਮੈਟੀਰੀਅਲ ਅਤੇ ਉਹਨਾਂ ਦੇ “ਆਤਮ ਕਥਨ” ਡਾਕਟਰ ਦੇ ਵਿਚਾਰਾਂ ਤੋਂ ਉਲ਼ਟ ਜਾਂਦੇ ਹੋਣ ਤੇ ਇਸ ਵਿਵਾਦ ਵਿੱਚ ਪੈਣਾ ਖ਼ਤਰਾ ਲੱਗਿਆ ਹੋਵੇ।
ਡਾਕਟਰ ਸਾਹਿਬ ਵਾਤਸਾਇਨ ਦੇ ਕਾਇਲ ਸਨ ਤੇ ਉਹ ਚਾਹੁੰਦੇ ਸਨ ਕਿ ਪੰਚਮ ਦਾ ਪ੍ਰਭਾਵ ਵੀ ਹਿੰਦੀ ਵਿੱਚ ਵਾਤਸਾਇਨ ਦੀ ਸੰਪਾਦਿਤ ਐਂਥਾਲੌਜੀ ਤਾਰਸਪਤਕ ਵਰਗਾ ਦੂਰਗਾਮੀ ਹੋਵੇ। ਪਰ ਡਾਕਟਰ ਹਰਿਭਜਨ ਵਾਤਸਾਇਨ ਨਹੀਂ ਸੀ ਤੇ ਨਾ ਹੀ ਪੰਚਮ ਤਾਰ-ਸਪਤਕ ਹੋ ਸਕਦਾ ਸੀ। ਸੋ ਇਸ ਸਾਹਿਤਕ ਪ੍ਰੋਜੈਕਟ ਨੇ ਕਿਸੇ ਨਾ ਕਿਸੇ ਮੋੜ ‘ਤੇ ਠੱਪ ਹੋਣਾ ਹੀ ਸੀ।
ਕੇਸ ਦਾ ਪਿਛੋਕੜ ਇਹ ਸੀ।
ਕੁਝ ਮਹੀਨੇ ਗੁਜ਼ਰ ਗਏ। ਪ੍ਰੈੱਸ ਵਿੱਚ ਪਏ ਫ਼ਰਮਿਆਂ ਨੂੰ ਸਿਉਂਕ ਖਾਣ ਲੱਗ ਪਈ, ਤਾਂ “ਸਿੰਘ ਬ੍ਰਦਰਜ਼ ਪ੍ਰੈੱਸ” ਦਾ ਮਾਲਕ ਹਰਭਜਨ ਕਰੋਲ ਬਾਗ਼ ਆ ਕੇ ਬੋਲਿਆ, “ਮੇਰੇ ਕੋਲ਼ੋਂ ਆਪਣੇ ਫ਼ਰਮੇ ਚੁੱਕੋ। ਉਹਨਾਂ ਨੂੰ ਕੀੜਾ ਖਾ ਰਿਹਾ ਹੈ। ਨਹੀਂ ਤਾਂ ਮੈਂ ਰੱਦੀ ਵਾਲੇ ਨੂੰ ਚੁਕਾ ਦੂੰਗਾ।”
ਡਾਕਟਰ ਨੇ ਉਸ ਦੀ ਗੱਲ ਨਾ ਸੁਣੀ। ਉਹ ਮੇਰੇ ਕੋਲ਼ ਆਇਆ ਤੇ ਬੋਲਿਆ, “ਤੁਸੀਂ ਚਾਹੋ ਤਾਂ ਆਪਣੇ ਫ਼ਰਮੇ ਚੁੱਕ ਲਉ। ਬਾਕੀ ਫ਼ਰਮੇ ਮੈਂ ਕਬਾੜੀਆਂ ਨੂੰ ਚੁਕਾ ਰਿਹਾਂ।”
ਮੈਂ ਉਸ ਨੂੰ ਮੇਰੇ ਪੰਨਿਆਂ ਨੂੰ ‘ਕੱਠਾ ਕਰ ਕੇ ਪੰਚਮ ਛਾਪਣ ਦੀ ਪਰਵਾਨਗੀ ਦੇ ਦਿਤੀ। ਕਿਤਾਬ ਛਪਣ ਤੇ ਪੰਜਾਬ ਤੇ ਦਿੱਲੀ ਵਿੱਚ ਕਾਫ਼ੀ
ਰੌਲ਼ਾ ਪਿਆ। ਤਾਰਾ ਸਿੰਘ ਦਾ ਸਾਈਕਲ ਕੁਝ ਹੋਰ ਤੇਜ਼ ਚੱਲਣ ਲੱਗਾ। ਹਰਨਾਮ ਅਨੁਸਾਰ ਤਾਰਾ ਸਿੰਘ ਦੇ ਕਹਿਣ ਤੇ ਡਾਕਟਰ ਹਰਿਭਜਨ ਨੇ
ਮੇਰੇ ‘ਤੇ ਮੁਕੱਦਮਾ ਕਰਨ ਦਾ ਨਿਸ਼ਚਾ ਕੀਤਾ ਸੀ। ਕਸ਼ਮੀਰੀ ਗੇਟ ਦੇ ਇਕ ਵਕੀਲ ਨਾਲ ਸਲਾਹ ਕੀਤੀ ਗਈ। ਪੰਜਾਬੀ ਕਹਾਣੀਕਾਰ ਮਹਿੰਦਰ
ਸਿੰਘ ਜੋਸ਼ੀ ਉਹਨੀਂ ਦਿਨੀਂ ਕਸ਼ਮੀਰੀ ਗੇਟ ਸੈਸ਼ਨ-ਜੱਜ ਹੁੰਦਾ ਸੀ। ਉਸ ਦੀ ਰਾਇ ਵੀ ਲਿਤੀ ਗਈ।
ਇਕ ਦਿਨ ਹਰਨਾਮ ਸੁਨੇਹਾ ਲੈ ਕੇ ਆਇਆ ਤੇ ਬੋਲਿਆ “ਮੁਕੱਦਮਾ ਦਾਇਰ ਕਰਨ ਤੋਂ ਪਹਿਲਾਂ ਡਾਕਟਰ ਤੈਨੂੰ ਮਿਲਣਾ ਚਾਹੁੰਦਾ ਹੈ। ਪ੍ਰੈਸ ਵਾਲ਼ੇ ਹਰਭਜਨ ਨੂੰ ਵੀ ਬੁਲਾਇਆ ਹੋਇਆ ਹੈ। ਤੂੰ ਕਲ੍ਹ ਸਵੇਰੇ ਆ ਜਾ!”
ਸਾਡੇ ਚੌਹਾਂ ਦੀ ਇਹ ਸੰਖਿਪਤ ਮੀਟਿੰਗ ਕਰੋਲ ਬਾਗ਼ ਦੇ ਮਦਰਾਸ ਕੌਫ਼ੀ ਹਾਊਸ ਵਿੱਚ ਹੋਈ। “ਤੂੰ ਮੇਰੇ ਨਾਲ਼ ਬੜੀ ਭੈੜੀ ਕੀਤੀ,” ਹਰਿਭਜਨ ਪ੍ਰੈੱਸ ਵਾਲ਼ੇ ਹਰਭਜਨ ਨੂੰ ਮੁਖ਼ਾਤਿਬ ਹੋ ਕੇ ਬੋਲਿਆ।
”ਮਾੜੀ ਤਾਂ ਮੇਰੇ ਨਾਲ਼ ਹੋਈ ਏ ਡਾਕਟਰ ਸਾਹਿਬ,” ਹਰਭਜਨ ਬੋਲਿਆ “ਮੈਂ ਤੁਹਾਡੇ ਮੂਹਰੇ ਹਾੜ੍ਹੇ ਕੱਢੇ ਕਿ ਕਿਤਾਬ ਚੁੱਕ ਲਉ। ਤੁਸੀਂ ਇਕ ਨਾ ਸੁਣੀ। ਹੁਣ ਤੁਸੀਂ ਕੇਸ ਕਰ ਲਉ। ਮੈਂ ਸਤੀ ਦੇ ਨਾਲ਼ ਕੋਰਟ ਵਿੱਚ ਆਊਂਗਾ।”
ਇਹ ਸੁਣ ਕੇ ਡਾਕਟਰ ਬਿਨਾਂ ਕੁਝ ਕਹੇ ਉਠ ਕੇ ਚਲਾ ਗਿਆ। ਮੁਕੱਦਮਾ ਵਿਚੇ ਰਹਿ ਗਿਆ। ਇਸ ਪਿੱਛੋਂ ਮੇਰੇ ਨਾਲ਼ ਹਰਿਭਜਨ ਨੇ ਇਕ ਸਾਲ ਬੋਲਚਾਲ ਬੰਦ ਰੱਖੀ। ਇਕ ਦਿਨ ਉਹ ਤੇ ਹਰਨਾਮ ਪਟੇਲ ਨਗਰ ਮੇਰੀ ਮਿਆਨੀ ਵਿੱਚ – ਜੋ ਮੇਰੇ ਆਪਣੇ ਕੱਦ ਨਾਲ਼ੋਂ ਵੀ ਛੋਟੀ ਸੀ, ਪਰ ਜਿਸ ਵਿੱਚ ਹਰ ਛੋਟੇ-ਵੱਡੇ ਲੇਖਕ ਦੇ ਚਰਨ ਪੈਂਦੇ ਰਹਿੰਦੇ ਸੀ – ਪਟੇਲ ਨਗਰ ਆਏ ਤੇ ਬੀਤੇ ਦਿਨਾਂ ਵਾਂਗ ਬੈਠੇ ਕਵਿਤਾਵਾਂ ਸੁਣਾਉਂਦੇ ਰਹੇ। ਰੋਸ ਨਾਲ਼ੋਂ ਕਵਿਤਾ ਵੱਡੀ ਸੀ। ਕਵਿਤਾ ਦੀ ਸਾਂਝ ਸਾਡੇ ਵਿਚਕਾਰ ਕਦੇ ਨਾ ਟੁੱਟੀ।
ਇਸ ਪ੍ਰਸੰਗ ਵਿੱਚ ਇਹ ਗੱਲ ਵੀ ਦਿਲਚਸਪ ਹੈ ਕਿ ਬਾਅਦ ਵਿੱਚ ਮੇਰੇ ‘ਤੇ ਮੁਕੱਦਮੇ ਲਈ ਕੀਤੇ ਉਸੇ ਵਕੀਲ ਨੇ ਮੇਰੇ ਕਹਿਣ ‘ਤੇ ‘ਨਾਗਮਣੀ’ ਦੀ ਰਜਿਸਟਰੇਸ਼ਨ ਕਰਵਾ ਕੇ ਦਿੱਤੀ ਸੀ ਤੇ ਉਸੇ ਹਰਭਜਨ ਦੀ ਸਿੰਘ ਬ੍ਰਦਰਜ਼ ਪ੍ਰੈੱਸ ਤੋਂ ਨਾਗਮਣੀ ਦਾ ਪਹਿਲਾ ਅੰਕ ਛਪਿਆ।
ਅੰਮ੍ਰਿਤਾ ਸਦਰ ਬਾਜ਼ਾਰ ਦੀ ਤੰਗ ਗਲ਼ੀ ਵਿੱਚ ਲੱਗੀ ਇਸ ਪ੍ਰੈੱਸ ਵਿੱਚ ਜਾ ਕੇ ‘ਨਾਗਮਣੀ’ ਦੇ ਪਰੂਫ਼ ਪੜ੍ਹਿਆ ਕਰਦੀ ਸੀ। ਘੋੜਿਆਂ ਦੀ ਉਡੀਕ ਵੀ
ਇਸੇ ਪ੍ਰੈੱਸ ਵਿੱਚ ਛਪੀ ਸੀ।

ਉਹਨਾਂ ਵਾਂਗ ਆਪਣੇ ਸਮੇਂ ਤੋਂ ਹਤਾਸ਼ ਮੈਂ ਵੀ ਸਾਂ। ਪਰ ਇਸ ਰੋਹ ਲਈ ਮੈਨੂੰ ਐਲਨ ਗੀਨਜ਼ਬਰਗ ਦੀ ਲੋੜ ਨਹੀਂ ਸੀ। ਰੋਹ ਲਈ ਭਾਰਤ ਵਿੱਚ ਜੰਮਣਾ ਹੀ ਕਾਫ਼ੀ ਹੈ, ਮੋਹਭੰਗ ਆਪੇ ਹੀ ਹੋ ਜਾਂਦਾ ਹੈ। ਮੇਰੀ ਕਵਿਤਾ ਮਾਦਾ ਬਿੰਬ ਵਿਚਲਾ ਰੋਹ ਬਾਹਰੋਂ ਨਹੀਂ ਆਇਆ। ਇਹ ਖੱਦਰ ਵਾਂਗ ਸਵਦੇਸ਼ੀ ਹੈ। ਪਰ ਗਿਨਜ਼ਬਰਗ ਅਤੇ ਮੈਂ ਇਕੋ ਸਮੇਂ ਵਿੱਚੋਂ ਲੰਘ ਰਹੇ ਸੀ। ਸਾਡਾ ਸਮਾਂ ਸਾਂਝਾ ਹੈ। ਮੈਨੂੰ ਜੋ ਦਿੱਲੀ ਵਿੱਚ ਦਿਸ ਰਿਹਾ ਸੀ, ਉਸ ਨੂੰ
ਉਹ ਨਿਉ ਯੋਰਕ ਵਿੱਚ ਬੈਠਾ ਵੇਖ ਰਿਹਾ ਸੀ। ਉਹ ਨਿਉੁ ਯੋਰਕ ਬੈਠਾ ਗਰਜ ਰਿਹਾ ਸੀ ਤੇ ਮੈਂ ਦਿੱਲੀ ਬੈਠਾ।
…ਫ਼ਿਲਾਸਫ਼ਰ, ਰਾਜਨੀਤਕ ਅਤੇ ਸਾਇੰਸਦਾਨ
ਕਾਹਵਾ ਘਰਾਂ ਵਿੱਚ ਬੈਠੇ
ਬੁੱਢੇ ਹੋ ਰਹੇ ਹਨ
ਸ਼ਾਇਰ, ਅਦੀਬ ਅਤੇ ਅੰਦੋਲਨ
ਸ਼ੇਰ ਵਾਂਗ ਮੈਦਾਨ ਵਿੱਚ ਉਤਰਦੇ ਹਨ
ਦਹਾੜਦੇ ਹੋਏ
ਅਤੇ ਬੱਕਰੀ ਨਾਲ਼ ਪਾਣੀ ਪੀ ਕੇ ਮੁੜ ਜਾਂਦੇ ਹਨ…

ਜੇਰੇ ਵਾਲ਼ੇ ਲੇਖਕ

ਹੁਣ: “ਵਿਰੋਧ ਅਕਸਰ ਰਚਨਾ ਦੀ ਸ਼ਕਤੀ ਦਾ ਪ੍ਰਮਾਣ ਹੁੰਦਾ ਹੈ।” ਤੇਰਾ ਇਹ ਕਥਨ ਤੇਰੇ ਆਪਣੇ ‘ਤੇ ਕਿੰਨਾ ਕੁ ਲਾਗੂ ਹੁੰਦਾ ਹੈ?
ਸਤੀ: ਸਾਹਿਤ ਜਨਮਦਾ ਹੀ ਵਿਰੋਧ ਵਿੱਚੋਂ ਹੈ, ਸੰਮਤੀ ਵਿੱਚੋਂ ਨਹੀਂ। ਇਹ ਵਿਰੋਧ ਵਿੱਚੋਂ ਜਨਮਦਾ ਹੀ ਨਹੀਂ, ਵਿਰੋਧ ਨੂੰ ਪੈਦਾ ਵੀ ਕਰਦਾ ਹੈ। ਸੋਲਜ਼ੇਨਿਤਸਨ ਦਾ ਗੁਲਾਗ ਆਰਕੀਪੇਲਾਗ ਛਪਣ ਵੇਲੇ ਸੋਵੀਅਤ ਸੰਘ ਹੀ ਨਹੀਂ, ਸੰਸਾਰ ਭਰ ਦੀਆਂ ਕਮਿਊਨਿਸਟ ਪਾਰਟੀਆਂ ਉਸ ਦੇ ਖ਼ਿਲਾਫ਼ ਹੋ ਗਈਆਂ ਸਨ। ਮੈਂ ਉਦੋਂ ਬਲਗਾਰੀਆ ਵਿੱਚ ਸੀ। ਉਥੋਂ ਦੀ ਲਿਖਾਰੀ ਸਭਾ ਨੇ ਪਾਰਲੀਮੈਂਟ ਹਾਊਸ ਵਿੱਚ ਮੀਟਿੰਗ ਬੁਲਾ ਕੇ ਇਸ ਨਾਵਲ ਦੇ
ਖ਼ਿਲਾਫ਼ ਮਤਾ ਪਾਸ ਕੀਤਾ ਸੀ। ਪਰ ਕੁਝ ਲੇਖਕ ਉਦੋਂ ਇਹ ਕਹਿ ਕੇ ਬਚ ਨਿਕਲ਼ੇ ਕਿ ਵੋਟ ਕੀ ਪਾਈਏ, ਅਸੀਂ ਤਾਂ ਇਹ ਨਾਵਲ ਹੀ ਨਹੀਂ ਪੜ੍ਹਿਆ। ਇਹਨਾਂ ਲੇਖਕਾਂ ਵਿੱਚ ਬਲਾਗਾ ਦਿਮਿਤਰੋਵਾ ਵੀ ਸੀ, ਉੱਤਰ-ਸਮਾਜਵਾਦੀ ਬਲਗਾਰੀਆ ਦੀ ਉਪ-ਰਾਸ਼ਟਰਪਤੀ। ਇਹ ਗੱਲ ਮੈਨੂੰ ਬਲਾਗਾ ਨੇ ਹੀ ਦੱਸੀ ਸੀ। ਬਲਗਾਰੀਅਨ ਭਾਸ਼ਾ ਵਿੱਚ ਇੰਡੀਆਨ ਐਂਥੋਲੋਜੀ ਛਾਪਣ ਵਿੱਚ ਜਿਨ੍ਹਾਂ ਲੇਖਕਾਂ ਨੇ ਮੈਨੂੰ ਸਹਿਯੋਗ ਦਿੱਤਾ ਸੀ, ਉਨ੍ਹਾਂ ਵਿੱਚ ਉਹ ਵੀ ਸ਼ਾਮਲ ਸੀ।
ਬਲਗਾਰੀਅਨ ਲੇਖਕਾਂ ਨੇ ਵਿਚਕਾਰਲਾ ਰਾਹ ਚੁਣਿਆ। ਫ਼ਰਾਂਸ ਦੇ ਮਾਰਕਸਿਸਟ ਬੁੱਧੀਜੀਵੀਆਂ ਦੀ ਗੱਲ ਹੋਰ ਹੈ। ਜਦੋਂ ਵੀ ਕਿਸੇ
ਲੇਖਕ ‘ਤੇ ਭੀੜ ਪਈ ਹੈ, ਉਹਨਾਂ ਨੇ ਉਸ ਦੇ ਪੱਖ ਵਿੱਚ ਆਵਾਜ਼ ਉਠਾਈ ਹੈ। ਪੰਜਾਬ ਦੇ ਕਿਸੇ ਵੀ ਅਖੌਤੀ ਮਾਰਕਸਵਾਦੀ ਨੇ ਅਜੇਹੇ ਮੌਕੇ ਕਦੇ
ਸਪਸ਼ਟ ਸਟੈਂਡ ਨਹੀਂ ਲਿਆ। ਸਮੂਹਕ ਚੁੱਪੀ ਸਾਹਿਤ ਵਿੱਚ ਸਮੂੁਹਕ ਆਤਮਘਾਤ ਬਰਾਬਰ ਹੁੰਦੀ ਹੈ। ਚੁੱਪ ਰਹਿਣ ਲਈ ਕੋਈ ਲੇਖਕ ਨਹੀਂ
ਬਣਦਾ। ਵਿਰੋਧੀ ਹਾਲਤਾਂ ਵਿੱਚ ਜਦੋਂ ਲੇਖਕ ਚੁੱਪੀ ਤੋੜਨ ਦਾ ਸਾਹਸ ਕਰਦਾ ਹੈ, ਤਾਂ ਹੀ ਸਾਹਿਤ ਅਗਾਹਾਂ ਤੁਰਦਾ ਹੈ। ਔਖੇ ਸਮੇਂ ਵਿਰੋਧ ਲੇਖਕ ਦੀ ਸ਼ਕਤੀ ਦਾ ਪਰਮਾਣ ਹੁੰਦਾ ਹੈ ਤੇ ਸਹਿਮਤੀ ਕਾਇਰਤਾ ਦਾ।
ਸਾਡੇ ਕੁਝ ਲੇਖਕ ਸੋਵੀਅਤ ਸੰਘ ਦੀ ਸੇਵਾ ਵਿੱਚ ਸਾਲਾਂਬੱਧੀ ਮਾਸਕੋ ਵਿੱਚ ਰਹੇ ਨੇ। ਕਰਨਜੀਤ ਸਿੰਘ ਤੇ ਦਰਸ਼ਨ ਸਿੰਘ ਜਾਣੇ-ਪਛਾਣੇ ਨਾਂ ਹਨ। ਮੈਂ ਮਾਸਕੋ ਗਿਆ ਤਾਂ ਇਨ੍ਹਾਂ ਨੇ ਉਥੇ ਘਰ ਬੁਲਾ ਕੇ ਮੈਨੂੰ ਭੋਜਨ ਵੀ ਖੁਆਇਆ ਸੀ। ਹੁਣ ਇਹ ਸੱਜਣ ਦਿੱਲੀ ਵਿੱਚ ਭਾਪੇ ਪ੍ਰੀਤਮ ਸਿੰਘ
ਦੀ ਚਲਾਈ ਪੰਜਾਬੀ ਸਾਹਿਤ ਸਭਾ ਦੇ ਕਰਣਧਾਰ ਹਨ। ਇਹਨਾਂ ਦਾ ਸੋਵੀਅਤ ਸੰਘ ਦਾ ਡਾਇਰੈਕਟ ਅਨੁਭਵ ਸੁਣਨਾ ਦਿਲਚਸਪ ਹੁੰਦਾ। ਪਰ
ਦੋਹਾਂ ਨੇ ਅਜੇ ਤਾਈਂ ਚੁੱਪ ਧਾਰੀ ਹੋਈ ਹੈ। ਵੈਸੇ ਅਜੇਹੀ ਚੁੱਪ ਵੀ ਸਾਹਿਤਕਾਰ ਦਾ ਬਿਆਨ ਹੁੰਦੀ ਹੈ।
ਜ਼ਾਹਰ ਹੀ ਕੁਝ ਲੇਖਕਾਂ ਲਈ ਵਿਚਾਰਧਾਰਾ ਜਾਂ ਪਾਰਟੀ ਨਾਲ ਵਫ਼ਾਦਾਰੀ ਸਾਹਿਤ ਨਾਲ਼ ਵਫ਼ਾਦਾਰੀ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ।ਸਾਹਿਤ ਚੂਰੇ ਵਿੱਚ ਮਿਲਿਆ ਹੁੰਦਾ ਹੈ, ਅਮਲੀਆਂ ਵਾਂਗੂੰ ਫੱਕੀ ਜਾਂਦੇ ਹਨ। ਲੇਖਕ ਦੇ ਅਖ਼ਲਾਕੀ ਸਾਹਸ ਦਾ ਇਕ ਉਦਾਹਰਣ ਜਾਂ ਪਾਲ ਸਾਰਤਰ ਹੈ। ਸੱਠਾਂ ਵਿੱਚ ਪੈਰਿਸ ਦੇ ਸਟੂਡੈਂਟ ਅੰਦੋਲਨ ਦਾ ਮੋਹਰੀ ਸੀ ਸਾਰਤਰ। ਫ਼ਰਾਂਸ ਦੇ ਪ੍ਰੈਜ਼ੀਡੈਂਟ ਜਨਰਲ ਡੇਗਾਲ ਨੂੰ ਸਲਾਹ ਦਿੱਤੀ ਗਈ ਕਿ ਸਾਰਤਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਏ, ਤਾਂ ਮੁਸੀਬਤ ਟਲ਼ ਸਕਦੀ ਸੀ। ਡੇਗਾਲ ਦਾ ਜਵਾਬ ਸੀ, “ਬੂਦਲੇਅਰ ਨੂੰ ਕੌਣ ਫੜ ਸਕਦਾ ਹੈ?”
ਪੰਜਾਬ ਵਿੱਚ ਖੱਬੇ ਅੱਤਵਾਦ ਦੇ ਬਖੀਏ ਉਧੇੜਣੇ ਸ਼ੁਰੂ ਕਰਕੇ ਅਮਰਜੀਤ ਚੰਦਨ ਕਾਮਰੇਡਾਂ ਦੇ ਕੋ੍ਰਪ ਦਾ ਭਾਜਕ ਬਣ ਬੈਠਾ ਹੈ। ਅਜੇਹੇ ਜੇਰੇ ਵਾਲ਼ੇ ਲੇਖਕ ਸਾਡੀ ਭਾਸ਼ਾ ਵਿੱਚ ਬਹੁਤੇ ਨਹੀਂ। ਪੰਜਾਬੀ ਸਾਹਿਤ ਵੀ ਅਜੇਹੇ ਲੇਖਕਾਂ ਦੇ ਸਹਾਰੇ ਹੀ ਅਗਾਹਾਂ ਤੁਰ ਰਿਹਾ ਹੈ।
ਸਾਹਿਤ ਵਿੱਚ ਮੇਰੇ ਆਪਣੇ ਰੋਲ ਦੀ ਜਜਮੈਂਟ ਦੂਜਿਆਂ ਨੇ ਕਰਨੀ ਹੈ। ਸਾਹਿਤ ਵਿੱਚ ਮੇਰਾ ਸਫ਼ਰ ਹੀ ਪ੍ਰਗਤੀਵਾਦੀਆਂ ਦੇ ਵਿਰੋਧ ਤੋਂ ਹੋਇਆ ਸੀ। ਜਿਸ ਮੌਡਰਨਿਜ਼ਮ ਨਾਲ਼ ਮੇਰਾ ਨਾਂ ਜੋੜਿਆ ਜਾਂਦਾ ਹੈ, ਉਹ ਮੂਲ ਤੌਰ ‘ਤੇ ਮੁਖ਼ਾਲਫ਼ਤ ਦਾ ਦਰਸ਼ਨ ਹੈ। ਇਹ ਐਵੇਂ ਨਹੀਂ ਕਿ ਫ਼ਰਾਂਸ ਦੇ ਕੁਝ ਮੌਡਰਨਿਸਟ ਕਵੀ ਟਰੌਟਸਕੀ ਦੇ ਨੇੜੇ ਰਹੇ ਹਨ। ਮੌਡਰਨਿਜ਼ਮ ਬਾਰੇ ਪੰਜਾਬੀ ਵਿੱਚ ਕਾਫ਼ੀ ਭੁਲੇਖੇ ਨੇ। ਇਸ ਨੂੰ ਸਹੀ ਅਰਥਾਂ ਵਿੱਚ ਨਹੀਂ ਸਮਝਿਆ ਗਿਆ।

ਔਖੀ ਕਵਿਤਾ
ਹੁਣ: ਨਾਗਮਣੀ ਵਿੱਚ ਕਦੇ ਕਿਸੇ ਲੇਖਕ ਨੇ ਸਵਾਲ ਕੀਤਾ ਸੀ- “ਸਤੀ ਨੂੰ ਸਮਝਣ ਲਈ ਸੱਤ ਵਾਰ ਪੜ੍ਹਨਾ ਪੈਂਦਾ ਹੈ। ਕੀ ਉਹ ਪੰਜਾਬੀ ਕਵਿਤਾ
ਦਾ ਕਰੌਸ ਵਰਡ ਹੈ?” ਅੰਮ੍ਰਿਤਾ ਦਾ ਜਵਾਬ ਸੀ- “ਇਸ ਦਾ ਮਤਲਬ ਹੈ ਉਹ ਸੱਤ ਗੁਣਾ ਵੱਧ ਧਿਆਨ ਮੰਗਦਾ ਹੈ।” ਤੇਰੀ ਕਵਿਤਾ ਔਖੀ ਕਿਉਂ ਹੁੰਦੀ ਹੈ?
ਸਤੀ: ਇਹ ਮਹਿਜ਼ ਮਿਥ ਹੈ। ਇਹ ਤਰਕ ਮੈਂ 35 ਸਾਲਾਂ ਤੋਂ ਸੁਣਦਾ ਆ ਰਿਹਾ ਹਾਂ। ਇਹ ਪਿਛਾਂਹ ਖਿੱਚੂ ਬੁੱਧੀਜੀਵੀਆਂ ਦਾ ਤਰਕ ਹੈ। ਮੇਰੀ ਕਵਿਤਾ ਔਖੀ ਨਹੀਂ। ਪਾਠਕ ਜ਼ਰੂਰ ਕੁਝ ਔਖਾ ਹੈ। ਪਾਠਕ ਦੀ ਔਖਿਆਈ ਇਸ ਵਿੱਚ ਹੈ ਕਿ ਉਹ ਅਜੇ ਵੀ ਆਪਣੇ ਪਿੱਛਿਉਂ ਪੈਂਦੀ ਰੌਸ਼ਨੀ ਵਿੱਚ ਖਲੋਤਾ ਹੈ। ਉਹਦੇ ਕਾਵਿ ਸੰਸਕਾਰ ਅਜੇ ਵੀ ਰਵਾਇਤੀ ਨੇ। ਮੇਰਾ ਮਸ਼ਵਰਾ ਹੈ ਕਿ ਨਵੀਂ ਕਵਿਤਾ ਨੂੰ ਰੌਸ਼ਨੀ ਬੁਝਾ ਕੇ ਪੜ੍ਹਿਆ ਜਾਏ। ਹਨੇਰੇ ਵਿੱਚ ਉਸ ਦੇ ਅੱਖਰ ਉੱਘੜ ਆਉਣਗੇ। ਇਤਨੀ ਸੌਖੀ ਭਾਸ਼ਾ ਵਿੱਚ ਕਵਿਤਾ ਪੰਜਾਬੀ ਵਿੱਚ ਪਹਿਲਾਂ ਕਦੇ ਨਹੀਂ ਲਿਖੀ ਗਈ।
ਨਵੀਂ ਕਵਿਤਾ ਦੀ ਪਰਵਾਨਗੀ ਵਿੱਚ ਮਹਿਜ਼ ਇਕ ਲਫ਼ਜ਼ ਰੁਕਾਵਟ ਬਣਿਆ ਹੋਇਆ ਹੈ: ਸਮਝਣਾ। ਪਾਠਕ ਨੂੰ “ਸਮਝਾਉਣਾ” ਜਾਂ ਸੱਚ ਵਿਖਾਲਣਾ ਕਵਿਤਾ ਦੀ ਪਹੁੰਚ ਤੋਂ ਬਾਹਰਲੇ ਵਿਸ਼ੇ ਹਨ। ਜੇ ਕਿਸੇ ਨੂੰ ਇਹ ਕਵਿਤਾ ਸਮਝ ਨਹੀਂ ਆਉਂਦੀ ਤਾਂ ਇਸ ਦਾ ਇੱਕੋ-ਇਕ ਕਾਰਣ ਇਹ ਹੈ ਕਿ ਕਵੀ “ਸਮਝਾਉਣ” ਲਈ ਲਿਖਦਾ ਹੀ ਨਹੀਂ। ਸਮਝਣਾ-ਸਮਝਾਉਣਾ ਦਰਸ਼ਨ ਦਾ ਵਿਸ਼ਾ ਹੈ, ਕਵਿਤਾ ਦਾ ਨਹੀਂ। ਇਹ ਗੱਲ ਵੱਖਰੀ ਹੈ ਕਿ ਬਹੁਤੇ ਕਵੀ ਕਵਿਤਾ ਦੇ ਨਾਂ ਤੇ ਦਰਸ਼ਨ ਤੇ ਅਧਿਆਤਮ ਘੋਟ ਕੇ ਪਿਲਾ ਰਹੇ ਹਨ। ਸਮਝਣ ਜਾਂ ਸਮਝਾਉਣ ਲਈ ਨਾ ਕਵਿਤਾ ਨੂੰ ਪੜ੍ਹਨ ਦੀ ਲੋੜ ਹੈ, ਨਾ ਕਵਿਤਾ ਲਿਖਣ ਦੀ। ਟੀ ਐੱਸ ਈਲਿਅਟ ਦਾ ਮਸ਼ਹੂਰ ਕਥਨ ਹੈ – ਕਵਿਤਾ ਸਮਝ ਆਉਣ ਤੋਂ ਪਹਿਲਾਂ ਪੱਲੇ ਪੈ ਸਕਦੀ ਹੈ।
ਕਵਿਤਾ ਦੇ ਸੰਦਰਭ ਬਦਲ ਗਏ ਹਨ, ਪਰ ਪਾਠਕ ਨੇ ਅਜੇ ਆਪਣੀ ਥਾਂ ਨਹੀਂ ਬਦਲੀ। ਉਹ ਉਥੇ ਹੀ ਖੜ੍ਹਾ ਹੈ। ਸੁਤਿੰਦਰ ਨੂਰ ਅਤੇ ਉਸ ਦੀ ਰੀਸ ਵਿੱਚ ਉਸ ਦੇ ਸ਼ਿਸ਼ ਮੇਰੀ ਕਵਿਤਾ ਨਾਲ਼ “ਖ਼ਿਲਾਅ” ਦੀ ਥਿਉਰੀ ਲਾਉਂਦੇ ਆਏ ਨੇ। ਇਸ ਨਾਲ਼ ਗੱਲ ਹੋਰ ਉਲ਼ਝ ਗਈ। ਥਿਉਰੀਆਂ
ਨਾਲ਼ ਆਮ ਪਾਠਕ ਦਾ ਕੋਈ ਭਲਾ ਨਹੀਂ ਹੁੰਦਾ। ਕਵਿਤਾ ਅਕਾਡੈਮਿਕਸ ਦਾ ਅੰਗ ਬਣ ਕੇ ਰਹਿ ਜਾਂਦੀ ਹੈ। ਥਿਉਰੀਆਂ ਮਰ ਜਾਂਦੀਆਂ ਹਨ, ਚੰਗੀ
ਕਵਿਤਾ ਫਿਰ ਵੀ ਜਿਉਂਦੀ ਰਹਿੰਦੀ ਹੈ।
ਮੈਂ ਇਸ ਸਿੱਟੇ ‘ਤੇ ਪੁੱਜਿਆ ਹਾਂ ਕਿ ਨਵੀਂ ਕਵਿਤਾ ਸੌਖੀ ਹੋਣ ਕਰਕੇ ਔਖੀ ਲਗਦੀ ਹੈ। ਨਵੀਂ ਕਵਿਤਾ ਅਲੰਕਾਰਕ ਨਹੀਂ। ਇਹ ਹਵਾ ਪਾਣੀ ਵਾਂਗ ਕੁਦਰਤਨ ਹੈ। ਪਾਠਕ ਨੂੰ ਇਸ ਕਰਕੇ ਵੀ ਨਹੀਂ ਦਿਸਦੀ। ਨਿਊ ਗੀਨਿਆ ਦੇ ਕਿਸੇ ਆਦਿਵਾਸੀ ਨੂੰ ਇਕ ਵਾਰ ਕੈਮਰੇ ਨਾਲ਼ ਉਸ ਦੀ ਫ਼ੋਟੋ ਖਿੱਚ ਕੇ ਵਿਖਾਈ ਗਈ। ਉਹ ਖ਼ੁਦ ਨੂੰ ਤਾਂ ਫ਼ੋਟੋ ਵਿੱਚ ਨਾ ਵੇਖ ਸਕਿਆ, ਪਰ ਆਪਣੇ ਪਿੱਛੇ ਖੜ੍ਹੀ ਬਕਰੀ ਨੂੰ ਪਛਾਣ ਗਿਆ। ਉਸ ਨੇ ਆਪਣਾ ਚਿਹਰਾ ਕਦੇ ਵੇਖਿਆ ਹੀ ਨਹੀਂ ਸੀ, ਉਸ ਨੂੰ ਪਛਾਣਦਾ ਕਿਵੇਂ? ਪੰਜਾਬੀ ਵਿੱਚ ਨਵੀਂ ਕਵਿਤਾ ਅਤੇ ਪਾਠਕ ਦਾ ਰਿਲੇਸ਼ਨ ਵੀ ਕੁਝ ਐਸਾ ਹੀ ਹੈ।

ਹੁਣ ਤਕ ਪਾਠਕ ਅਤੇ ਕਵਿਤਾ ਦਾ ਰਿਲੇਸ਼ਨ ਥੋਕ-ਉਤਪਾਦਨ ਅਤੇ ਥੋਕ-ਖਪਤ ਦਾ ਰਿਹਾ ਹੈ। ਨਵਾਂ ਕਵੀ ਇਸ ਪੈਟਰਨ ਨੂੰ ਤੋੜਦਾ ਹੈ। ਪੰਜਾਬੀ ਕਵਿਤਾ ਵਿੱਚ ਆਈ ਇਹ ਕ੍ਰਾਂਤੀਕਾਰੀ ਤਬਦੀਲੀ ਹੈ। ਸਾਹਿਤਕ ਵਿਧਾਵਾਂ ਵਿੱਚੋਂ ਕਵਿਤਾ ਸਭ ਤੋਂ ਔਖੀ ਵਿਧਾ ਹੈ। ਇਹ ਨਵੀਂ ਗੱਲ ਨਹੀਂ। ਅਸਪਸ਼ਟਤਾ ਕਵਿਤਾ ਦੇ ਸੌਂਦਰਯ ਸ਼ਾਸਤਰ ਦਾ ਅਨਿਖੱੜਵਾਂ ਭਾਗ ਹੈ। ਕਵਿਤਾ ਉਤੇ ਔਖਤਾ ਦਾ ਦੋਸ਼ ਲਾਉਣ ਵਾਲ਼ਿਆਂ ਮੂਹਰੇ ਪਾਸਕਲ ਨੇ ਅਰਜ਼ੋਈ ਕੀਤੀ ਸੀ- ਸਾਡੇ ਤੇ ਅਸਪਸ਼ਟਤਾ ਦਾ ਦੋਸ਼ ਨਾ ਲਾਉ, ਇਹ ਸਾਡਾ ਧਰਮ ਹੈ।

ਹੁਣ: ਆਰਥਰ ਲੁੰਡਕਵਿਸਟ ਨਾਲ਼ ਤੇਰੀ ਗੱਲਬਾਤ ਟਾਈਮਜ਼ ਆੱਫ਼ ਇੰਡੀਆ ਵਿੱਚ ਛਪੀ ਸੀ। ਇਸ ਤੋਂ ਪਤਾ ਲੱਗਾ ਕਿ ਭਾਰਤੀ ਸਾਹਿਤ ਹੋਰ
ਬੋਲੀਆਂ ਤੋਂ ਬਹੁਤ ਪਿੱਛੇ ਰਹਿ ਗਿਆ ਹੈ। ਕੀ ਤੂੰ ਇਹਦੇ ਨਾਲ ਸਹਿਮਤ ਹੈਂ?
ਸਤੀ: 1950 ਵਿੱਚ ਲੁੰਡਕਵਿਸਟ ਦੀ ਕਿਤਾਬ ਛਪੀ ਸੀ ਇੰਡੀਆ ਬਰੈਂਡ। ਇਸ ਦਾ ਸ਼੍ਰੀਗਣੇਸ਼ ਰਿਗਵੇਦ ਦੇ ਪਹਿਲੇ ਮੰਤਰ ਨਾਲ਼ ਹੁੰਦਾ ਹੈ। ਭਾਰਤੀ ਸਭਿਆਚਾਰ ਤੇ ਸਾਹਿਤ ਦਾ ਬਿੰਬ ਸਵੀਡਨ ਵਿੱਚ 288 ਪੰਨਿਆਂ ਦੀ ਇਸ ਪੋਥੀ ਦਾ ਉਸਾਰਿਆ ਹੋਇਆ ਹੈ। ਇਹ ਬਿੰਬ ਬੁਹਤਾ ਪੋਜ਼ਿਟਿਵ ਨਹੀਂ। ਆਪਣੇ ਸਫ਼ਰ ਦੌਰਾਨ ਲੁੰਡਕਵਿਸਟ ਨੂੰ ਨਾ ਬਨਾਰਸ ਦੇ ਪਾਂਡੇ ਪਸੰਦ ਆਏ ਸੀ ਤੇ ਨਾ ਹੀ ਏਸ਼ੀਅਨ ਕਮਿਊਨਿਜ਼ਮ ਜਿਸ ਦੀ ਹਵਾ ਉਦੋਂ ਭਾਰਤ ਵਿੱਚ ਵੀ ਵਗ ਰਹੀ ਸੀ। ਮੈ ਉਸ ਨੂੰ ਮਜ਼ਾਕ ਵਿੱਚ ਕਿਹਾ ਕਰਦਾ ਸੀ, “ਜੇ ਤੂੰ ਇਹ ਕਿਤਾਬ ਨਾ ਲਿਖੀ ਹੁੰਦੀ, ਤਾਂ ਟੈਗੋਰ ਤੋਂ ਬਾਅਦ ਭਾਰਤ ਨੂੰ ਇਕ ਹੋਰ ਨੋਬੇਲ ਪੁਰਸਕਾਰ ਮਿਲ ਚੁਕਿਆ ਹੁੰਦਾ!”
ਉਹ ਉਦੋਂ ਨੋਬੇਲ ਜਿਉਰੀ ਦਾ ਜਵਾਨ ਮੈਂਬਰ ਸੀ ਤੇ ਹਰ ਥਾਂ ਇਸ ਦੀ ਆਉ-ਭਗਤ ਹੋਈ। ਦਿੱਲੀ ਇਸ ਨੇ ਜਵਾਹਰ ਲਾਲ ਨਹਿਰੂ ਨਾਲ ਤ੍ਰਿਮੂਰਤੀ ਭਵਨ ਦੇ ਬਾਗ਼ ਵਿੱਚ ਬੈਠ ਕੇ ਗੱਲਾਂ ਕੀਤੀਆਂ। ਉਦੋਂ ਇਕ ਸੁਹਣੀ ਕੁੜੀ ਵੀ ਉਨ੍ਹਾਂ ਕੋਲ਼ ਆ ਬੈਠੀ ਸੀ। ਇਹ ਇੰਦਰਾ ਗਾਂਧੀ ਸੀ।
ਕਸ਼ਮੀਰ ਵਿੱਚ ਸ਼ੇਖ ਅਬਦੁੱਲੇ ਨੇ ਉਹਨੂੰ ਰਸੀਵ ਕੀਤਾ ਸੀ। ਪ੍ਰੋਗਰੈਸਿਵ ਲਹਿਰ ਓਦੋਂ ਸਿਖਰਾਂ ‘ਤੇ ਸੀ। ਨਾਜ਼ਿਮ ਹਿਕਮਤ ਅਤੇ ਪਾਬਲੋ ਨਰੂਦਾ
ਵਰਗੇ ਕਵੀ ਉਸ ਦੇ ਮਿੱਤਰਾਂ ਵਿੱਚੋਂ ਸਨ। ਪਰ ਇਸ ਲਹਿਰ ਤੋਂ ਉਹ ਛੇਤੀ ਹੀ ਉਕਤਾ ਗਿਆ। ਸਵੀਡਿਸ਼ ਭਾਸ਼ਾ ਵਿੱਚ ਫ਼ਰਾਂਸ ਦੇ ਮੌਡਰੇਨਿਸਟ
ਕਵੀਆਂ ਨੂੰ ਸਵੀਡੀ ਭਾਸ਼ਾ ਵਿੱਚ ਉਲਥਾਉਣ ਦੀ ਪਹਿਲ ਉਹਨੇ ਕੀਤੀ ਸੀ।
ਗੀਤਾਂਜਲੀ ਤੋਂ ਬਾਅਦ ਲਿਖੇ ਗਏ -ਖ਼ਾਸਕਰ ਸਾਡੀਆਂ ਪ੍ਰਾਂਤਕ ਜ਼ਬਾਨਾਂ ਵਿੱਚ ਲਿਖੇ ਜਾ ਰਹੇ ਸਾਹਿਤ ਬਾਰੇ- ਨੋਬੇਲ ਕਮੇਟੀ ਦੇ ਮੈਂਬਰਾਂ ਨੂੰ ਕੁਝ ਪਤਾ ਨਹੀਂ। ਆਪਣੀ ਇਸ ਸੀਮਾ ਦਾ ਲੁੰਡਕਵਿਸਟ ਨੂੰ ਵੀ ਪਤਾ ਸੀ। ਨੋਬੇਲ ਲਾਇਬ੍ਰੇਰੀ ਨੇ ਇਕ ਵਾਰ ਮੇਰੇ ਕੋਲ਼ੋਂ ਭਾਰਤੀ ਸਾਹਿਤ ਦਾ ਸਰਵੇ ਕਰਵਾਇਆ ਸੀ। ਪਰ ਇਹ ਰੁਟੀਨ ਹੀ ਹੈ। ਉਹਨਾਂ ਨੇ ਹਿਬਰੂ ਵਰਗੀ ਭਾਸ਼ਾ ਦੇ ਕਿਸੇ ਨਾਵਲਕਾਰ ਨੂੰ ਪੁਰਸਕਾਰ ਦਿੱਤਾ ਹੋਇਆ ਹੈ। ਪਿਛਲੀ ਸਦੀ ਵਿੱਚ ਉਹਨਾਂ ਨੂੰ ਕੋਈ ਪੰਜਾਬੀ ਕਵੀ ਵੀ ਲੱਭ ਸਕਦਾ ਸੀ। ਪਰ ਇਹ ਸੁਪਨਾ ਹੀ ਹੈ। ਪੰਜਾਬੀ ਮੇਨ ਰੋਡ ‘ਤੇ ਜੁ ਨਹੀਂ
ਪੈਂਦੀ।

ਲੁੰਡਕਵਿਸਟ ਤੇ ਸਤੀ

ਹੁਣ: ਤੂੰ ਰਾਈਟਰ ਯੂਨੀਅਨ ਦੇ ਸੱਦੇ ‘ਤੇ ਸੋਵੀਅਤ ਯੂਨੀਅਨ ਵੀ ਗਿਆ ਸੀ। ਤੂੰ ਤਾਂ ਕਮਿਉਨਿਸਟ ਨਹੀਂ। ਫੇਰ ਤੇਰਾ ਕਿਵੇਂ ਦਾਅ ਲੱਗ ਗਿਆ?
ਸਤੀ: ਇਹੋ ਸਵਾਲ ਮੈਂ ਮੀਰਾ ਸਾਲਜੇਨਿਕ ਤੋਂ ਵੀ ਪੁੱਛਿਆ ਸੀ। ਉਹ ਮਾਸਕੋ ਰਾਈਟਰ ਯੂਨੀਅਨ ਦੇ ਏਸ਼ੀਆ ਵਿਭਾਗ ਦੀ ਇੰਚਾਰਜ ਸੀ।
ਉਸ ਦਾ ਜਵਾਬ ਸੀ – “ਦਿੱਲੀ ਤੇਰੇ ਬੜੇ ਪ੍ਰਸ਼ੰਸਕ ਨੇ। ਦੂਜਾ ਕਾਰਣ ਸੀ ਕਿ ਬਲਗਾਰੀਆ ਨੇੜੇ ਹੈ। ਂਇੰਡੀਆ ਤੋਂ ਕਿਸੇ ਨੂੰ ਬੁਲਾਉਣ ਦੀ ਥਾਂ ਬਲਗਾਰੀਆਂ ਤੋਂ ਤੈਨੂੰ ਬੁਲਾਉਣਾ ਸਸਤਾ ਪੈਂਦਾ ਸੀ।” ਦੂਜਾ ਕਾਰਣ ਤਾਂ ਮੈਨੂੰ ਸਮਝ ਆ ਗਿਆ। ਪਰ ਦਿੱਲੀ ਦੇ ਪ੍ਰਸ਼ੰਸਕਾਂ ਬਾਰੇ ਉਹ ਮੇਰੇ
ਪੁੱਛਣ ‘ਤੇ ਵੀ ਚੁੱਪ ਰਹੀ।
ਬਲਗਾਰੀਆ ਰੂਸ ਦਾ ਉਪ-ਗ੍ਰਹਿ ਸੀ। ਰੂਸੀਆਂ ਨੇ ਬਲਗਾਰੀਆ ਨੂੰ ਦੋ ਵਾਰ ਆਜ਼ਾਦ ਕਰਾਇਆ ਸੀ। ਪਹਿਲਾਂ ਤੁਰਕੀਆਂ ਤੋਂ, ਫਿਰ ਨਾਜ਼ੀਆਂ ਤੋਂ। ਰੂਸੀ ਇਸ ਨੂੰ ਆਪਣਾ ਹੀ ਦੇਸ਼ ਸਮਝਦੇ ਸਨ। ਗਰਮੀਆਂ ਵਿੱਚ ਕਾਲੇ ਸਮੁੰਦਰ ਦਾ ਆਨੰਦ ਲੈਣ ਉਹ ਜਿਵੇਂ ਬਲਗਾਰੀਆ ਆਉਂਦੇ ਸੀ, ਉਵੇਂ ਆਪਣੇ ਸਭਿਆਚਾਰਕ ਏਜੰਟਾਂ ਰਾਹੀਂ ਉਥੇ ਦੀਆਂ ਸਾਹਿਤਕ ਗਤੀਵਿਧੀਆਂ ‘ਤੇ ਵੀ ਨਜ਼ਰ ਰੱਖਦੇ ਸੀ। ਅਖ਼ਬਾਰਾਂ ਰਸਾਲਿਆਂ ਵਿੱਚ ਲਗਾਤਾਰ ਛਪਣ ਕਾਰਣ ਮੈਂ ਬਲਗਾਰੀਆ ਵਿੱਚ ਕਾਫ਼ੀ ਮਸ਼ਹੂਰ ਸੀ। ਉਥੇ ਛਪੀਆਂ ਕਿਤਾਬਾਂ ਨੇ ਮੈਨੂੰ ਅਮੀਰ ਵੀ ਬਣਾ ਦਿੱਤਾ ਸੀ। ਬਲਗਾਰੀਅਨ ਲੇਖਕਾਂ ਕੋਲ ਸਕੋਡਾ ਕਾਰ ਹੁੰਦੀ ਸੀ, ਮੈਂ ਫ਼ੋਰਡ ਮੁਸਟਾਂਗ ਰੱਖੀ ਹੋਈ ਸੀ। ਕਮਿਊਨਿਸਟ ਦੇਸ਼ ਵਿੱਚ ਮਂੈ ਬੁਰਯੁਆ ਲੇਖਕਾਂ ਵਾਂਗ ਰਹਿੰਦਾ ਸੀ। ਚੋਟੀ ਦੇ ਕਮਿਊਨਿਸਟ ਆਪ ਬੁਰਯੁਆ ਮੈਂਟੈਲਿਟੀ ਦੇ ਸਨ। ਰੂਸੀਆਂ ਤੋਂ ਮੇਰੀਆਂ ਹਰਕਤਾਂ ਛੁਪੀਆਂ ਨਹੀਂ ਹੋਣੀਆਂ। ਕੋਈ ਵੱਡੀ ਗੱਲ ਨਹੀਂ ਮੇਰੇ ਗਲ਼ ਵਿੱਚ ਵੀ ਪਟਾ ਪਾਉਣ ਲਈ ਉਹਨਾਂ ਨੇ ਮਾਸਕੋ ਦਾ ਟਿਕਟ ਭੇਜ ਦਿੱਤਾ ਹੋਵੇ। ਉਂਜ ਵੀ ਖਰੁਸ਼ਚੋਵ ਤੋਂ ਬਾਅਦ ਲੇਖਕਾਂ ਦੀਆਂ ਵਾਗਾਂ ਕੁਝ ਢਿੱਲੀਆਂ ਹੋਣੀਆਂ ਸ਼yੁਰੂ ਹੋ ਗਈਆਂ ਸੀ ਤੇ ਕਦੇ-ਕਦੇ ਮੇਰੇ ਵਰਗੇ ਗ਼ੈਰ-ਕਮਿਊਨਿਸਟ ਦੇ ਭਾਗ ਵੀ ਖੁੱਲ੍ਹ ਜਾਂਦੇ ਸੀ। ਨਾਲੇ ਮੈਂ ਦੇਖਣ ਨੂੰ ਹੀ ਬੁਰਯੁਆ ਲੱਗਦਾ ਹਾਂ, ਅੰਦਰੋਂ ਕਾਫ਼ੀ ਸੁਰਖ਼ ਹਾਂ! ਮੁਗ਼ਲਾਂ ਦੇ ਰਾਜ ਕਾਲ ਵਿੱਚ ਤਾਂ ਮੈਂ ਜੰਮਿਆ ਨਹੀਂ ਸੀ, ਚਲੋ ਇਸ ਜੀਵਨ ਵਿੱਚ ਰੂਸੀ ਸਲਤਨਤ ਦਾ ਨਜ਼ਾਰਾ ਤਾਂ ਵੇਖ ਹੀ ਲਿਆ। ਇਹ ਸੋਚ ਕੇ ਖ਼ੁਸ਼ੀ ਹੁੰਦੀ ਹੈ।

ਸਥਾਪਤੀ ਦਾ ਨੰਦੀ
ਹੁਣ: ਅਜੀਤ ਕੌਰ ਨਾਲ ਗੱਲਾਂ ਕਰਦਿਆ ਤੂੰ ਕਿਹਾ – ਲੇਖਕ ਸਥਾਪਤੀ ਦਾ ਉਲ਼ਟਾ ਪਾਸਾ ਹੈ। – ਤੂੰ ਸਥਾਪਤੀ ਦਾ ਕਿਹੜਾ ਪਾਸਾ ਹੈਂ?
ਸਤੀ: ਮੈਂ ਇਕ ਕਵਿਤਾ ਵਿੱਚ ਇਹ ਵੀ ਆਖਿਆ ਹੈ- ਕੁਝ ਕਵੀ ਹੁੰਦੇ ਹਨ / ਕੁਝ ਕਵਿਤਾ ਦੇ ਕਰਮਚਾਰੀ। – ਭਾਰਤ ਛੱਡਣ ਕਰਕੇ ਮੈਂ ਕਵਿਤਾ
ਦਾ ਕਰਮਚਾਰੀ ਬਣਨ ਤੋਂ ਬਚ ਗਿਆ। ਦੋ ਤਰ੍ਹਾਂ ਦੇ ਲੇਖਕ ਹੁੰਦੇ ਨੇ; ਸ਼ਾਸਨ ਦੇ ਨਾਲ ਤੁਰਨ ਵਾਲ਼ੇ ਤੇ ਇਕੱਲੇ ਤੁਰਨ ਵਾਲ਼ੇ। ਸੱਤਾ ਨਾਲ਼ ਕਦਮ
ਮਿਲ਼ਾ ਕੇ ਤੁਰਨ ਵਾਲ਼ੇ ਭਾਰਤ ਵਿੱਚ ਐਸ਼ ਕਰਦੇ ਨੇ। ਇਸ ਐਸ਼ ਦੀ ਤਲਾਸ਼ ਨਾ ਮੈਨੂੰ ਭਾਰਤ ਵਿੱਚ ਸੀ ਨਾ ਇਥੇ ਹੈ।
ਮੈ ਮਹਜ਼ ਕਵੀ ਹਾਂ। ਮੈਨੂੰ ਕੋਈ ਹੋਰ ਵਿਸ਼ੇਸ਼yਣ ਨਹੀਂ ਲੱਗਦਾ। ਕਵਿਤਾ ਦੀ ਭਾਸ਼ਾ ਸਮਰਥਨ ਦੀ ਭਾਸ਼ਾ ਨਹੀਂ ਹੁੰਦੀ। ਭਾਰਤ ਵਿੱਚ ਹੁੰਦਾ, ਤਾਂ ਮੈਨੂੰ ਵੀ ਕਿਤੇ ਸਾਹਿਤ ਦੀ ਅਫ਼ਸਰੀ ਮਿਲ਼ ਜਾਂਦੀ। ਯੌਰਪ ਵਿੱਚ ਆ ਜਾਣ ਕਰਕੇ ਮੈਂ ਇਹ ਪਾਪੜ ਵੇਲਣੋਂ ਬਚ ਗਿਆ। ਮੇਰੇ ਤੇ ਕਲਮ ਵਿਚਕਾਰਲੀ ਸਪੇਸ ਦੁੱਧ-ਚਿੱਟੀ ਹੈ। ਹਿੰਦ ਮਹਾਸਾਗਰ ਦੇ ਇਸ ਪਾਸੇ ਬੈਠੇ ਹੋਣ ਦਾ ਸਭ ਤੋਂ ਵੱਡਾ ਆਨੰਦ ਇਹੋ ਹੈ। ਹਿੰਦੋਸਤਾਨ ਵਿੱਚ ਰਹਿੰਦਿਆ ਵੀ ਜੋ ਕੁਝ ਕੁ ਲੇਖਕ ਦੁੱਧ-ਚਿੱਟੀ ਸਪੇਸ ਵਿੱਚ ਰਹਿ ਰਹੇ ਹਨ, ਉਹ ਮੇਰੇ ਹੀਰੋ ਹਨ।
ਮੇਰਾ ਮਾਮਾ ਹੁੰਦਾ ਸੀ। ਉਹਨੇ ਸ਼ਰਾਬ ਪੀ ਕੇ ਰਾਮਪੁਰੇ ਮੰਡੀ ਦੀਆਂ ਗਲ਼ੀਆਂ ਵਿੱਚ ਲੰਡਰ ਫਿਰਦੇ ਢੱਠੇ ਨਾਲ਼ ਲੜਨ ਲੱਗ ਪੈਣਾ।
ਉਸ ਦੀ ਖ਼ੁਸ਼ਕਿਸਮਤੀ ਕਿ ਢੱਠਾ ਸ਼ਰੀਫ਼ ਸੀ। ਉਸ ਨੂੰ ਕੁਝ ਨਾ ਕਹਿੰਦਾ। ਖੜ੍ਹਾ ਜੁਗਾਲ਼ੀ ਕਰਦਾ ਰਹਿੰਦਾ ਤੇ ਉਸ ਦੀਆਂ ਗਾਲ੍ਹਾਂ ਸੁਣਦਾ ਰਹਿੰਦਾ।
ਗਲ਼ੀ ਦੀਆਂ ਔਰਤਾਂ ਨੇ ਉਸ ਢੱਠੇ ਦਾ ਨਾਉਂ ਨੰਦੀ ਮਾਹਰਾਜ ਪਾਇਆ ਹੋਇਆ ਸੀ ਤੇ ਉਸ ਨੂੰ ਰੋਜ਼ ਆਟੇ ਦੇ ਪੇੜੇ ਖੁਆਂਦੀਆਂ। ਸ਼ਿਵਾਂ ਦੀ ਸਵਾਰੀ ਜੁ ਸੀ।
ਸ਼ਰਾਬ ਪੀ ਕੇ ਮੇਰੇ ਪਿਤਾ ਤੋਂ ਡਰਦਾ ਮਾਮਾ ਸਾਡੇ ਘਰ ਨਹੀਂ ਸੀ ਆਉਂਦਾ। ਨਿਰਣੇ ਕਾਲ਼ਜੇ ਕਿਸੇ ਦਿਨ ਸਾਡੇ ਘਰ ਆਉਂਦਾ, ਤਾਂ ਮੈਂ
ਉਸ ਨਾਲ਼ ਖੇਡਿਆ ਕਰਦਾ ਸੀ। ਇਕ ਦਿਨ ਮੇਰੇ ਮਾਮੇ ਨੂੰ ਕੁਝ ਜ਼ਿਆਦਾ ਹੀ ਚੜ੍ਹ ਗਈ। ਕੁਝ ਦੇਰ ਬੋਤਲ ਹੱਥ ਵਿੱਚ ਫੜੀ ਉਹ ਢੱਠੇ ਨੂੰ ਗਾਲ੍ਹਾਂ ਕੱਢਦਾ ਰਿਹਾ। ਢੱਠਾ ਹਮੇਸ਼ਾ ਵਾਂਗ ਸ਼ਾਂਤ ਖੜ੍ਹਾ ਉਸ ਨੂੰ ਵੇਖਦਾ ਰਿਹਾ। ਮਾਮੇ ਨੂੰ ਹੋਰ ਹਰਖ ਆ ਗਿਆ। ਉਸ ਨੇ ਢੱਠੇ ਦੀ ਪਿੱਠ ਤੇ ਖ਼ਾਲੀ ਬੋਤਲ ਵਗਾਹ ਮਾਰੀ। ਢੱਠਾ ਫਿਰ ਵੀ ਸ਼ਾਂਤ ਰਿਹਾ। ਫਿਰ ਮਾਮੇ ਨੇ ਕੁੜਤਾ ਲਾਹ ਕੇ ਪਰ੍ਹਾਂ ਸੁੱਟ ਦਿੱਤਾ ਤੇ ਆਪੇ ਤੋਂ ਬਾਹਰ ਹੋ ਕੇ ਉਸ ਨੇ ਢੱਠੇ ਨੂੰ ਸਿੰਗਾਂ ਤੋਂ ਜਾ ਫੜਿਆ। ਉਹ ਢੱਠੇ ਨੂੰ ਢਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਢੱਠੇ ਦਾ ਸਬਰ ਟੁੱਟ ਗਿਆ। ਨੰਦੀ ਮਾਹਰਾਜ ਨੇ ਹੌਲ਼ੇ ਫੁੱਲ ਵਾਂਗ ਮਾਮੇ ਨੂੰ ਸਿੰਗਾਂ ਤੇ ਚੁੱਕ ਕੇ ਆਕਾਸ਼ ਵੱਲ ਵਗਾਹ ਮਾਰਿਆ। ਮਾਮਾ ਉਸ ਦਿਨ ਆਕਾਸ਼ ਤੋਂ ਧਰਤੀ ‘ਤੇ ਡਿਗਾ ਤੇ ਮਰ ਗਿਆ।
ਲੇਖਕ ਤੇ ਸਥਾਪਤੀ ਦਾ ਰਿਲੇਸ਼ਨ ਵੀ ਕੁਝ ਇਸੇ ਤਰ੍ਹਾਂ ਦਾ ਹੁੰਦਾ ਹੈ। ਲੇਖਕ ਦੀ ਹੋਣੀ ਮੇਰੇ ਮਾਮੇ ਵਰਗੀ ਹੁੰਦੀ ਹੈ। ਸਥਾਪਤੀ ਨੂੰ ਹਮੇਸ਼ਾ ਚੈਲੰਜ ਕਰਦੇ ਰਹਿਣਾ।

ਜਿਹੜੀ ਅੱਗ ਸੇਕਾਂ ਉਸ ਵਿੱਚ ਬਲਾਂ ਵੀ
ਹੁਣ: ਅੱਠ ਸਾਲ ਪਹਿਲਾਂ ਕੈਂਸਰ ਨਾਲ਼ ਇਵਾਂਕਾ ਦੀ ਮੌਤ ਨੇ ਤੈਨੂੰ ਝੰਬ ਸੁਟਿਆ ਸੀ। ਉਸ ਦੀ ਮੌਤ ‘ਤੇ ਲਿਖੀਆਂ ਤੇਰੀਆਂ ਕਵਿਤਾਵਾਂ ਨੂੰ ਪੰਜਾਬੀ
ਵਿੱਚ ਭਰਪੂਰ ਹੁੰਗਾਰਾ ਮਿਲਿਆ। ਫਿਰ ਤੈਨੂੰ ਆਪ ਕੈਂਸਰ ਹੋ ਗਿਆ। ਸੁੱਖ ਨਾਲ ਤੂੰ ਬਚ ਗਿਆ। ਤੈਨੂੰ ਮੌਤ ਤੋਂ ਡਰ ਨਹੀਂ ਲਗਦਾ?
ਸਤੀ: ਮੌਤ ਤੋਂ ਨਹੀਂ, ਜਿਉਣ ਤੋਂ ਡਰ ਲਗਦਾ ਹੈ ਕਦੇ-ਕਦੇ। ਇਵਾਂਕਾ ਦੇ ਤੁਰ ਜਾਣ ਪਿੱਛੋਂ ਪੰਜ ਸਾਲ ਮੈਂ ਸਟੌਕਹੋਮ ਵਿੱਚ ਧੌਣ ਸੁੱਟੀ ਫਿਰਦਾ
ਰਿਹਾ। ਸਿਰ ਚੁੱਕ ਕੇ ਕਦੇ ਸੂਰਜ ਨਾ ਵੇਖਿਆ। ਇਵਾਂਕਾ ਦੀ ਮੌਤ ਮੈਂ ਅਜੇ ਵੀ ਨਹੀਂ ਕਬੂਲੀ। ਘਰੇ ਉਹਦਾ ਜਨਮ ਦਿਨ ਹੁਣ ਵੀ ਮਨਾਉਂਦੇ ਹਾਂ।
ਉਸ ਦੀ ਮੌਤ ਦਾ ਦਿਨ ਮੇਰੇ ਚੇਤੇ ਵਿੱਚ ਹੀ ਨਹੀਂ। ਕਿਸੇ ਸੁਹਿਰਦ ਪਾਠਕ ਨੇ ਲਿਖਿਆ ਸੀ ਕਿ ਉਹ ਕਵਿਤਾਵਾਂ ਹੈ ਤਾਂ ਮੌਤ ਬਾਰੇ ਸਨ, ਪਰ ਲੱਗਿਆ ਜਿਵੇਂ ਉਹ ਜ਼ਿੰਦਗੀ ਬਾਰੇ ਹੋਣ। ਇਹੋ ਜਹੇ ਤੇਜ਼ ਦਿਮਾਗ਼ ਪਾਠਕ ਵੀ ਪੰਜਾਬੀ ਵਿੱਚ ਹਨ।
ਇਵਾਂਕਾ ਗੁਡ ਨਾਈਟ ਕਹਿ ਕੇ ਹਮੇਸ਼ਾ ਲਈ ਸੌਂ ਗਈ, ਤਾਂ ਨਰਸ ਕਮਰੇ ਵਿੱਚ ਚਿੱਟੀ ਮੋਮਬੱਤੀ ਬਾਲ਼ ਕੇ ਰੱਖ ਗਈ ਸੀ। ਹਸਪਤਾਲ ਦਾ ਕਮਰਾ ਵਿਜ਼ਿਟ ਕਰਨ ਆਏ ਦੋਸਤਾਂ ਦੇ ਲਿਆਂਦੇ ਫੁੱਲਾਂ ਨਾਲ਼ ਭਰਿਆ ਹੋਇਆ ਸੀ। ਮੈਂ ਰੋਣ ਦੀ ਥਾਵੇਂ ਸਾਰੀ ਰਾਤ ਇਵਾਂਕਾ ਦੇ ਸਰ੍ਹਾਣੇ ਮੋਮਬੱਤੀ ਦੀ ਕੰਬਦੀ ਲਾਟ ਮੂਹਰੇ ਬੈਠਾ ਡਾਇਰੀ ਭਰਦਾ ਰਿਹਾ। ਉਹ ਕਵਿਤਾਵਾਂ ਉਸ ਰਾਤ ਦੀ ਡਾਇਰੀ ਦੇ ਕੁਝ ਪੰਨੇ ਸਨ।
ਸਵੀਡਨ ਦੇ ਡਾਕਟਰ ਮੇਰੇ ਕੈਂਸਰ ਦਾ ਕਾਰਣ ਸੋਗ ਮੰਨਦੇ ਹਨ। ਸੋਗ ਵਿੱਚ ਮਨੁੱਖ ਕੁਝ ਸੁੰਗੜ ਜਾਂਦਾ ਹੈ। ਧਰਤੀ ਤੋਂ ਪੈਰ ਉੱਖੜ ਜਾਂਦੇ ਨੇ। ਨਾ ਮੈਂ ਸਿਗਰਟ ਪੀਂਦਾ ਹਾਂ, ਨਾ ਮਾਸਾਹਾਰੀ ਹਾਂ। ਕੋਈ ਐਬ ਹੈ ਤਾਂ ਸਿਰਫ਼ ਲਿਖਣ ਦਾ।
ਡਾਕਟਰਾਂ ਦੀ ਗੱਲ ਵਿੱਚ ਕੁਝ ਸੱਚ ਹੋ ਸਕਦਾ ਹੈ। ਨੈਪੋਲੀਅਨ ਦੀ ਕੈਂਸਰ ਨੂੰ ਵਾਟਰਲੂ ਦੇ ਮੈਦਾਨ ਵਿੱਚ ਉਹਦੀ ਹਾਰ ਦਾ ਕਾਰਣ ਮੰਨਿਆ ਜਾਂਦਾ ਹੈ। ਫ਼ਰਾਇਡ, ਵਿਟਗੈੱਨਸ਼ਟਾਈਨ ਅਤੇ ਚੈਖੋਵ ਵੀ ਕੈਂਸਰ ਨਾਲ ਮਰੇ ਸੀ। ਉਹ ਵੀ ਨਿਰਾਸ਼ਾ ਦੇ ਸ਼ਿਕਾਰ ਸਨ। ਇਕ ਵਾਰ ਜ਼ਿੰਦਗੀ ਵਿੱਚ ਵਾਟਰਲੂ ਦੀ ਲੜਾਈ ਸਭ ਨੂੰ ਹਾਰਨੀ ਪੈਂਦੀ ਹੈ, ਹਾਰ ਜਾਣ ਦਾ ਅਹਿਸਾਸ ਦਿਲ ਵਿੱਚ ਬੈਠ ਜਾਏ, ਤਾਂ ਬਚਣਾ ਮੁਸ਼ਕਲ ਹੋ ਜਾਂਦਾ ਹੈ। ਮੇਰਾ ਆਪਣਾ ਮਹਿਬੂਬ ਕਵੀ ਰਿੰਬੋ ਵੀ ਕੈਂਸਰ ਨਾਲ਼ ਮਰਿਆ ਸੀ। ਉਸ ਦਾ ਵਾਟਰਲੂ ਸ਼ੁਰੂ ਹੋਇਆ, ਤਾਂ 25 ਸਾਲ ਦੀ ਉਮਰ ਵਿੱਚ ਹੀ ਉਸ ਨੇ ਕਲਮ ਸੰਤੋਖ
ਦਿੱਤੀ। ਪੈਰਿਸ ਦੀ ਜ਼ਿੰਦਗੀ ਛੱਡ ਕੇ ਅਫ਼ਰੀਕਾ ਵਿੱਚ ਫਿਰਦੇ ਨੂੰ ਕੈਂਸਰ ਹੋ ਗਿਆ। ਮੇਰੇ ਮਾਤਾ ਪਿਤਾ ਦੀ ਮੌਤ ਸਮੇਂ ਮੈਂ ਯੌਰਪ ਵਿੱਚ ਬੈਠਾ ਸੀ। ਹਾਰ
ਅਤੇ ਬੇਵਸੀ ਦਾ ਅਹਿਸਾਸ ਮੈਨੂੰ ਉਦੋਂ ਵੀ ਹੋਇਆ ਸੀ। ਪਰ ਇਵਾਂਕਾ ਦੀ ਮੌਤ ਮੇਰਾ ਅਸਲ ਵਾਟਰਲੂ ਸੀ।
ਮੈਨੂੰ ਕੈਂਸਰ ਦਾ ਨਾਂ ਸੁਣ ਕੇ ਬਹੁਤਾ ਡਰ ਲਗਿਆ ਸੀ, ਮੌਤ ਤੋਂ ਘੱਟ। ਇਹ ਡਰ ਮੇਰੇ ਸੰਸਕਾਰਾਂ ਵਿੱਚ ਸੀ। ਸਮਾਜਕ ਬੁਰਾਈਆਂ ਦੀ ਤੁਲਨਾ ਹਮੇਸ਼ਾ ਕੈਂਸਰ ਨਾਲ ਦਿੱਤੀ ਜਾਂਦੀ ਹੈ। 1920 ਵਿੱਚ ਇਟਲੀ ਦੇ ਕਵੀ ਮੇਰੀਨੇਟੀ ਨੇ ਕਮਿਊਨਿਜ਼ਮ ਦੀ ਤੁਲਨਾ ਕੈਂਸਰ ਨਾਲ ਕੀਤੀ ਸੀ।
ਟਰੌਟਸਕੀ ਆਪਣੇ ਇਕ ਖ਼ਤ ਵਿੱਚ “ਸਟਾਲਿਨੀ ਸਿਫਲਸ” ਦੀ ਗੱਲ ਕਰਦਾ ਹੈ। ਉਹ ਲਿਖਦਾ ਹੈ “ਭਖੇ ਹੋਏ ਲੋਹੇ ਨਾਲ ਕਾਮਿਆਂ ਦੀ ਲਹਿਰ
ਵਿੱਚੋਂ ਇਸ ਕੈਂਸਰ ਨੂੰ ਸਾੜ ਕੇ ਕਢਣਾ ਹੀ ਪੈਣਾ ਹੈ।” ਕੈਂਸਰ ਦਾ ਇਹ ਬਿੰਬ ਸੀ ਮੇਰੇ ਜ਼ਿਹਨ ਵਿੱਚ।
ਕੈਂਸਰ ਦੇ ਮੈਟਾਫ਼ਰ ਦੁਆਲ਼ੇ ਹੁਣ ਬਹੁਤੀ ਮਿਸਟਰੀ ਨਹੀਂ ਰਹੀ। ਇਸ ਦੀ ਸ਼ਨਾਖ਼ਤ ਕੀਤੀ ਜਾ ਸਕਦੀ ਹੈ ਤੇ ਅਕਸਰ ਇਲਾਜ ਵੀ ਹੋ ਜਾਂਦੈ। ਦੋ ਸਾਲ ਇਸ ਕਮਜ਼ਾਤ ਬਿਮਾਰੀ ਨਾਲ ਯੁੱਧ ਕਰਕੇ ਮੈਂ ਆਪ ਬਚ ਨਿਕਲਿਆ। ਪਰ ਇਵਾਂਕਾ ਨੂੰ ਨਹੀਂ ਬਚਾ ਸਕਿਆ। ਇਸ ਦੁੱਖ ਨੇ ਮੈਨੂੰ ਕਦੇ ਨਹੀਂ ਛੱਡਣਾ।
ਇਵਾਂਕਾ ਨੂੰ ਚੈੱਕ ਕਰਨ ਪਿੱਛੋਂ ਜਦੋਂ ਡਾਕਟਰਾਂ ਨੇ ਬਾਹਰ ਆ ਕੇ “ਕੈਂਸਰ” ਦਾ ਨਾਂ ਲਿਆ ਸੀ, ਤਾਂ ਮੈ ਸੁੰਨ ਹੋ ਕੇ ਧਰਤੀ ‘ਤੇ ਬਹਿ
ਗਿਆ ਸੀ। ਡਿਪਰੈਸ਼ਨ ਤੇ ਕੈਂਸਰ ਵਿਚਕਾਰ ਕੋਈ ਰਿਸ਼ਤਾ ਹੈ, ਤਾਂ ਮੇਰੀ ਕੈਂਸਰ ਉਸੇ ਛਿਣ ਸ਼yੁਰੂ ਹੋ ਗਈ ਸੀ। ਆਪਣੀ ਕੈਂਸਰ ਤੋਂ ਮੈਨੂੰ ਡਰ ਨਹੀਂ ਸੀ ਲੱਗਿਆ। ਬਲਕਿ ਅੰਦਰੋ-ਅੰਦਰ ਖ਼ੁਸ਼ ਹੋਇਆ ਸੀ। ਜੀਵਨ ਦੀ ਲਾਲਸਾ ਮੁੱਕ ਚੱਲੀ ਸੀ। ਇਵਾਂਕਾ ਨੂੰ ਨਰਸ ਦੀ ਬਾਲੀ ਚਿੱਟੀ ਮੋਮਬੱਤੀ ਵਾਂਗ ਹੌਲ਼ੀ-ਹੌਲ਼ੀ ਘਟਦੀ ਜਾਂਦੇ ਵੇਖਣਾ ਤੇ ਫਿਰ ਕੰਬਦੀ ਲਾਟ ਵਾਂਗ ਅਚਾਨਕ ਉਸ ਦੇ ਬੁਝ ਜਾਣ ਦੀ ਸਿਮਰਤੀ ਹੁਣ ਵੀ ਦਿਲ ਵਿੱਚ ਹੌਲ ਪਾ ਦਿੰਦੀ ਹੈ।
ਮੇਰੀਆਂ ਕਵਿਤਾਵਾਂ ਵਿੱਚ ਮੌਤ ਦਾ ਆਕਰਸ਼ਨ ਹੈ, ਡਰ ਨਹੀਂ। ਅਰਦਾਸ ਕਵਿਤਾ ਵਿੱਚ ਇਹ ਸਤਰ ਆਉਂਦੀ ਹੈ: ਓ ਹਤਿਆਰੀ ਚੱਟਾਨ
/ ਤੈਨੂੰ ਲੱਭਦਾ ਹੈ / ਮੇਰੇ ਮੱਥੇ ਦਾ ਲਹੂ। ਜ਼ਖਮ ਕਵਿਤਾ ਵਿੱਚ ਵੀ ਮਰਨ ਦੀ ਚਾਹਤ ਹੈ: ਹੇ ਰੱਬਾ / ਜਿਹੜੀ ਅੱਗ ਸੇਕਾਂ / ਉਸ ਵਿੱਚ ਬਲਾਂ ਵੀ! – ਇਕ
ਹੋਰ ਕਵਿਤਾ ਸਮਾਂ ਵਿੱਚ ਵੀ ਮੌਤ ਤੋਂ ਮੈਂ ਅਚੰਭਿਤ ਹਾਂ, ਭੈਅਭੀਤ ਨਹੀਂ।

ਸ਼ਹਿਦ ਵਾਲ਼ੇ ‘ਛੱਤੇ
ਹੁਣ: ਅੱਜ ਕੱਲ੍ਹ ਪੰਜਾਬੀ ਵਿਚ ਇਨਾਮਾਂ ਦੀ ਦੌੜ ਦਾ ਜੁਗਾੜੀ ਕਲਚਰ ਹੈ। ਤੂੰ ਇਹਦੇ ਬਾਰੇ ਕੀ ਸੋਚਦੈਂ?
ਸਤੀ: ਇਸ ਕਲਚਰ ਦੀ ਨੀਂਹ ਤਾਂ ਅੰਮ੍ਰਿਤਾ ਪ੍ਰੀਤਮ ਨੇ ਸੁਨੇਹੜੇ ਸਮੇਂ ਆਪਣਾ ਕਾਸਟਿੰਗ ਵੋਟ ਖ਼ੁਦ ਨੂੰ ਹੀ ਪਾ ਕੇ ਰੱਖ ਦਿਤੀ ਸੀ। ਹੁਣ ਤਾਂ ਇਹ ਤਾਸ਼ ਖੇਡਦਿਆਂ ਪੱਤੇ ਲੁਕਾਉਣ ਦੀ ਵੀ ਲੋੜ ਨਹੀਂ ਸਮਝੀ ਜਾਂਦੀ। ਕੁਝ ਸਾਲ ਪਹਿਲਾਂ ਕਿਸੇ ਉਰਦੂ ਲੇਖਕ ਨੇ ਆਪਣੇ ਬਾਰੇੇ ਕਿਤਾਬਾਂ ਲਿਖਾ ਕੇ ਪੈਸੇ ਦੇ ਜ਼ੋਰ ਅਕੈਡਮੀ ਇਨਾਮ ਜਿੱਤ ਲਿਆ ਸੀ। ਇਸ ਸਕੈਂਡਲ ਬਾਰੇ ਪੰਜਾਬੀ ਮੀਡੀਏ ਵਿੱਚ ਵੀ ਰੌਲ਼ਾ ਪਿਆ। ਜਦੋਂ ਇਹੋ ਕਰਾਮਾਤ ਪੰਜਾਬੀ ਦੇ ਚਿਤਰਕਾਰ ਦੇਵ ਨੇ ਕਰ ਦਿਖਾਈ, ਤਾਂ ਕੋਈ ਕੁਸਕਿਆ ਤਕ ਨਹੀਂ।
ਪੰਜਾਬੀ ਦੇ ਅਖ਼ਬਾਰ ਰਸਾਲੇ ਕਹਿਣ ਨੂੰ ਹੀ ਸੁਤੰਤਰ ਨੇ। ਇਹ ਇੱਕੋ ਥਾਲ਼ੀ ਵਿੱਚੋਂ ਖਾਣ ਵਾਲ਼ਾ ਕਟੁੰਬ ਹੈ। ਦੇਵ ਦੇ ਬ੍ਰਹਮਭੋਜ ਵਿਚ ਸ਼ਾਮਲ ਹੋਣ ਲਈ ਪੰਜਾਬੀ ਦੇ ਕਹਾਣੀਕਾਰ ਵੀ ਰਾਤੋ-ਰਾਤ ਕਵਿਤਾ ਦੇ ਪਰਖੀਏ ਬਣ ਗਏ। ਸਨਦਾਂ ਜਿੰਨੀਆਂ ‘ਕੱਠੀਆਂ ਹੋ ਜਾਣ ਉਨਾ ਹੀ ਚੰਗਾ। ਦੁੱਗਲ ਨੇ ਆਰਸੀ ਵਿੱਚ ਉਪਰੋਕਤ ਕਵੀ ਦੇ ਸੋਹਲੇ ਗਾਏ। ਗੁਲਜ਼ਾਰ ਸੰਧੂ ਨੇ ਇਹੋ ਕੰਮ ਸਿਰਜਣਾ ਵਿੱਚ ਬਹਾਦਰੀ ਨਾਲ ਨਿਭਾਇਆ।
‘ਨਵਯੁਗ’ ਨੇ ਸੁੰਦਰ ਕਿਤਾਬਾਂ ਛਾਪਣ ਦੇ ਦੋ ਤਿੰਨ ਹੋਰ ਕ੍ਰਿਸ਼ਮੇ ਕਰ ਵਿਖਾਏ। ਇੰਡੀਆ ਵਿੱਚ ਸਰਕਾਰ/ਸਿਆਸਤ ਅਤੇ ਸਾਹਿਤਕਾਰਾਂ ਵਿੱਚ ਫ਼ਾਸਲਾ ਨਹੀਂ, ਜਿਵੇਂ ਕਿ ਯੌਰਪ ਵਿੱਚ ਹੈ। ਸਾਹਿਤਕ ਭ੍ਰਿਸ਼ਟਾਚਾਰ ਦਾ ਇਕ
ਕਾਰਨ ਇਹ ਵੀ ਹੈ। ਸਾਡੇ ਲੇਖਕ ਜਿੰਨਾ ਵੱਡੇ ਸਾਹਿਤਕਾਰ ਹਨ, ਉਨਾ ਹੀ ਵੱਡੇ ਉਹ ਭ੍ਰਿਸ਼ਟਾਕਾਰ ਹਨ। ਬਲਕਿ ਕਹਿਣਾ ਇਹ ਚਾਹੀਦਾ ਹੈ ਕਿ
ਪੰਜਾਬੀ ਵਿੱਚ ਕੱਝ ਸਾਹਿਤਕਾਰ ਹਨ ਤੇ ਕੱਝ ਭ੍ਰਿਸ਼ਟਾਕਾਰ। ਸਾਹਿਤਕਾਰ ਤਾਂ ਵਿਚਾਰੇ ਬਹੁਤੇ ਨਹੀਂ, ਭ੍ਰਿਸ਼ਟਾਕਾਰਾਂ ਦੀ ਲੰਮੀ ਸੂਚੀ ਬਣਾਈ ਜਾ
ਸਕਦੀ ਹੈ।
ਸਾਡੀ ਸਾਹਿਤ ਅਕੈਡਮੀ ਵਰਗੇ ਸਭਿਆਚਾਰਕ ਸੰਸਥਾਨ ਦਾ ਮੁਖੀਆ ਜਿਸ ਨੂੰ ਚਾਹੇ ਆਪਣੀ ੳਂੁਗਲ਼ੀ ‘ਤੇ ਨਚਾ ਸਕਦਾ ਹੈ। ਮੁਖੀਏ ਦੇ ਬਦਲਣ ਨਾਲ਼ ਅਚਾਨਕ ਨੱਚਣ ਵਾਲ਼ੇ ਵੀ ਬਦਲ ਜਾਂਦੇ ਹਨ। ਹਮੇਸ਼ਾ ਅਗਰਭੂਮੀ ਵਿੱਚ ਦਿਸਣ ਵਾਲ਼ੇ ਪਿੱਠਭੂੁਮੀ ਵਿੱਚ ਗਾਇਬ ਹੋ ਜਾਂਦੇ
ਹਨ, ਤੇ ਪਿਠਭੂਮੀ ਦੇ ਹਨੇਰੇ ਵਿੱਚ ਖੜ੍ਹੇ ਗੁਮਨਾਮ ਲੇਖਕ ਅਚਾਨਕ ਅਗਰਭੂਮੀ ਦੀ ਰੌਸ਼ਨੀ ਵਿੱਚ ਖੜ੍ਹੇ ਨਜ਼ਰ ਆਉਂਦੇ ਹਨ। ਹਰ ਸਾਲ ਇਹ ਸੀਨ ਬਦਲਦਾ ਵੇਖ ਕੇ ਹਾਸੀ ਆਉਂਦੀ ਹੈ, ਵੈਸੇ ਰੋਣਾ ਚਾਹੀਦਾ ਹੈ।
ਦਿੱਲੀ ਦਾ ਪਰਛਾਵਾਂ ਪੰਜਾਬ ਵਿੱਚ ਦੂਰ ਤਾਈਂ ਪੈ ਰਿਹਾ ਹੈ। ਇਸ ਪਰਛਾਵੇਂ ਵਿੱਚੋਂ ਨਿਕਲ਼ ਕੇ ਪੰਜਾਬ ਵੱਲ ਵਾਗਾਂ ਮੋੜਨ ਦੀ ਲੋੜ ਹੈ।
ਦਿੱਲੀ ਵਿੱਚ ਸਾਹਿਤ ਦੀ ਸਿਆਸਤ ਹੈ, ਪੰਜਾਬੀ ਸਾਹਿਤ ਦੀਆਂ ਜੜ੍ਹਾਂ ਪੰਜਾਬ ਵਿੱਚ ਹਨ। ਦੋ ਤਰ੍ਹਾਂ ਦੇ ਲੇਖਕ ਹੁੰਦੇ ਹਨ: ਸੁਖੀ ਜਾਂ ਇਮਾਨਦਾਰ। ਸੁਖ ਦੀ ਭਾਲ ਵਿੱਚ ਨਿਕਲ਼ੇ ਲੇਖਕ ਇਮਾਨਦਾਰ ਨਹੀਂ ਰਹਿ ਸਕਦੇ। ਲੇਖਕ ਨੂੰ ਸ਼ਹਿਦ ਵਾਲ਼ੇ ਛੱਤਿਆਂ ਤੋਂ ਬਚਣਾ ਚਾਹੀਦੈ, ਭਾਵੇਂ ਉਨ੍ਹਾਂ ਵਿੱਚ ਕਿੰਨੀ ਵੀ ਖੰਡ ਹੋਵੇ। ਚੰਗੇ ਭਾਗਾਂ ਨੂੰ ਪੰਜਾਬ ਵਿੱਚ ਕੁਝ ਇਮਾਨਦਾਰ ਲੇਖਕ ਵੀ ਨੇ ਜੋ
ਹਰ ਸ਼ਾਮ ਦਿੱਲੀ ਵੱਲ ਮੂੰਹ ਕਰਕੇ ਨਹੀਂ ਸੌਂਦੇ।
ਇਸ ਆਦਿ-ਜੁਗਾਦੀ ਖੇਡ ਦੇ ਜੇਤੂ ਦਾ ਪਹਿਲਾਂ ਹੀ ਪਤਾ ਹੁੰਦਾ ਹੈ।
ਸਾਰੀ ਰਾਤ ਹੱਥ ਵਿੱਚ
ਜਗਦੀ ਲਾਲਟੇਨ ਫੜੀ
ਇਕ ਟੰਗ ਤੇ
ਅਡੋਲ ਖੜੋਤਾ ਰਹਿਂਦਾ ਹੈ
ਹਰ ਵਾਰ
ਉਸਦੀ ਸੇਵਾ ਤੇ ਦੰਗ ਹੋਇਆ
ਮੈਂ ਆਖਦਾ ਹਾਂ:
ਧੰਨ ਤੇਰੇ
ਲ਼ਾਲਟੇਨ ਫੜਣ ਦੀ ਕਲਾ !
ਉਸਦੇ ਵੰਡੇ ਪਤਿੱਆਂ ਨੂੰ
ਧੰਨ ਧੰਨ ਹੋਇਆ
ਮੈਂ ਹੱਥਾਂ ਵਿੱਚ ਸਮੇਟ ਲੈਂਦਾ ਹਾਂ
ਤੇ ਲੁਕੋ ਕੇ ਰੱਖਾਂ ਉਹਨਾਂ ਨੂੰ
ਉਸਦੀ ਪਾਰਦਰਸ਼ੀ ਅੱਖ ਤੋਂ
ਇਹ ਜਾਣਦੇ ਹੋਏ ਵੀ
ਕਿ ਉਸ ਕੋਲ
ਇਸ ਵਾਰ ਵੀ
ਮੇਰੇ ਨਾਲੋਂ ਵੱਡਾ ਪੱਤਾ ਹੈ
ਧੰਨ !
ਅਸਤ ਹੁੰਦੇ ਸੂਰਜ ਨੂੰ
ਦੰਡੌਤ ਕਰਨ ਪਿੱਛੋਂ
ਉਸਦਾ ਨੱਚਦਾ ਟੱਪਦਾ ਬੌਣਾ
ਸੀਤ ਹੋਏ ਫਰਸ਼ ਤੇ
ਸਾਡੇ ਲਈ ਇਕ ਦਰੀ ਵਿਛਾ ਦਿੰਦਾ ਹੈ
ਹਰ ਵਾਰ
ਉਸਦੀ ਫੁਰਤੀ ਤੇ ਦੰਗ ਹੋਇਆ
ਮੈਂ ਆਖਦਾ ਹਾਂ:
ਧੰਨ ਤੇਰੇ
ਦਰੀ ਵਿਛਾਉਨਣ ਦੀ ਕਲਾ !
ਮੈਂ ਅਤੇ ਮੇਰਾ ਰੱਬ
ਹਨੇਰੇ ਵਿੱਚ
ਵਿੱਚੌਂਕੜੀ ਮਾਰ ਬੈਠ ਜਾਂਦੇ ਹਾਂ
ਆਹਮਣੇ ਸਾਹਮਣੇ
ਤੇ ਅਗਲਾ ਸੂਰਜ ਚੜ੍ਹਣ ਤਾਈਂ
ਤਾਸ਼ ਖੇੜ੍ਹਦੇ ਹਾਂ
ਉਸਦਾ ਨੱਚਦਾ ਟੱਪਦਾ ਬੌਣਾ

ਹੁਣ: ‘ਆਰਸੀ’ ਵਿਚ ਛਪੇ ਲੇਖ ਵਿਚ ਇਵਾਂਕਾ ਕਹਿੰਦੀ ਹੈ ਕਿ ਤੂੰ ਮਹਾਭਾਰਤ ਤੇ ਰਾਮਾਇਣ ਨੂੰ ਬਲਗਾਰੀਅਨ ਵਿੱਚ ਉਲਥਾ ਕੇ ਲੱਖਾਂ ਰੁਪਏੇ ਕਮਾ ਲਏ ਸਨ। ਕੀ ਉਥੇ ਇੰਨੇ ਸਾਰੇ ਪੈਸੇ ਮਿਲ਼ਦੇ ਸਨ?
ਸਤੀ: ਬਲਗਾਰੀਆ ਵਿੱਚ ਕਾਵਿ ਪੰਗਤੀਆਂ ਦੇ ਹਿਸਾਬ ਨਾਲ਼ ਮਿਹਨਤਾਨਾ ਦਿੱਤਾ ਜਾਂਦਾ ਸੀ। ਇਕ ਕਾਵਿ ਪੰਗਤੀ ਦਾ ਇਕ ਲੇਵਾ। ਬਲਗਾਰੀਅਨ
ਮੁਦਰਾ ਦਾ ਇਕ ਲੇਵਾ ਉਦੋਂ ਕਰੀਬ ਇਕ ਡਾਲਰ ਦੇ ਕਰੀਬ ਹੁੰਦਾ ਸੀ। ਅਨੁਵਾਦਿਤ ਕਾਵਿ-ਪੰਗਤੀਆਂ ਦਾ ਰੇਟ ਵੀ ਇਹੋ ਸੀ। ਰਾਮਾਇਣ ਤੇ
ਮਹਾਭਾਰਤ ਕਾਫ਼ੀ ਮੋਟੇ ਗ੍ਰੰਥ ਨੇ। ਰੂਸੀਆਂ ਨੇ ਇਹਨਾਂ ਦਾ ਅਨੁਵਾਦ ਪ੍ਰੋਜ਼ ਵਿਚ ਕੀਤਾ ਹੋਇਆ ਹੈ। ਸਾਡਾ ਅਨੁਵਾਦ ਪੋਈਟਰੀ ਟੁ ਪੋਈਟਰੀ ਸੀ।
ਮੇਰੇ ਸਹਿ-ਅਨੁਵਾਦਕ ਕੋਈ ਬਲਗਾਰੀਅਨ ਕਵੀ ਤੇ ਇਵਾਂਕਾ ਸੀ। ਪਹਿਲੀ ਐਡੀਸ਼ਨ 40 ਹਜ਼ਾਰ ਕਾਪੀਆਂ ਦੀ ਛਪੀ ਸੀ, ਜੋ ਇਕ ਮਹੀਨੇ ਵਿੱਚ ਹੀ ਵਿਕ ਗਈ ਸੀ। ਉਥੇ ਕਿਤਾਬ ਦੀ ਰਾਇਲਟੀ ਕਿਤਾਬ ਦੇ ਛਪਣ ਤੋਂ ਪਹਿਲਾਂ ਹੀ ਦੇ ਦਿੱਤੀ ਜਾਂਦੀ ਸੀ, ਕਿਤਾਬ ਵਿਕੇ ਜਾਂ ਨਾ।
ਇਟ ਇਜ਼ ਏ ਸਕਸੈੱਸ ਸਟੋਰੀ। ਇਸ ਤੋਂ ਇਹ ਵੀ ਪਤਾ ਚਲਦੈ ਕਿ ਬਲਗਾਰੀਅਨ ਲੋਕਾਂ ਨੂੰ ਭਾਰਤ ਨਾਲ਼ ਕਿੰਨਾ ਪਿਆਰ ਹੈ। ਬਲਗਾਰੀਆ ਮਿਹਨਤਾਨੇ ਦਾ ਭੁਗਤਾਨ ਨਕਦ ਕੀਤਾ ਜਾਂਦਾ ਸੀ। ਚੈੱਕਬੁਕ ਦਾ ਰਿਵਾਜ ਨਹੀਂ। ਨੋਟਾਂ ਦੇ ਬੰਡਲ ਮੈਂ ਪਲਾਸਟਿਕ ਦੇ ਬੈਗ ਵਿੱਚ ਭਰ ਕੇ ਘਰ ਲਿਆਇਆ ਸੀ। ਮੈਨੂੰ ਲੱਛਮੀ ਦਾ ਸੰਗ ਪਸੰਦ ਨਹੀਂ। ਇਵਾਂਕਾ ਨੇ ਪੁੱਛਿਆ – ਇਹਨਾਂ ਲੇਵਿਆਂ ਦਾ ਕੀ ਕਰਾਂਗੇ, ਤਾਂ ਮੈਂ ਆਖਿਆ- ਇਹਨਾਂ ਨਾਲ ਅੱਗ ਬਾਲ਼ਾਂਗੇ। ਅਸੀਂ ਕੀਤਾ ਵੀ ਇਵੇਂ ਹੀ। ਸਾਥੋਂ ਤਾਂ ਮੇਰੀ ਯੂਨੀਵਰਸਿਟੀ ਦੀ ਤਨਖ਼ਾਹ ਹੀ ਨਹੀਂ ਸੀ ਮੁੱਕਦੀ। ਸੋਫ਼ੀਆ ਯੂਨੀਵਰਸਿਟੀ ਵਿੱਚ ਚੇ ਗੁਵੇਰੇ ਦੇ ਭਗਤ ਬੋਲੀਵੀਆ ਤੋਂ ਆਏ ਦੋ ਮੁੰਡੇ ਡਾਕਟਰੇਟ ਕਰਦੇ ਸਨ। ਉਹ ਸਾਡੇ ਦੋਸਤ ਸੀ। ਉਹਨਾਂ ਨਾਲ ਰਲ਼ ਕੇ ਸ਼ਾਮ ਨੂੰ ਅਸੀਂ ਲਾਈਟਰ ਨਾਲ ਲੇਵਿਆਂ ਨੂੰ ਬਾਲ਼ ਕੇ ਸਿਗਰਟਾਂ ਸੁਲਗਾਈਆਂ ਸੀ। ਹਾਲਾਂਕਿ ਮੈਂ ਸਿਗਰਟ ਨਹੀਂ ਪੀਂਦਾ। ਅਮਰੀਕਾ ਦੀਆਂ ਵੈਸਟਰਨ ਫ਼ਿਲਮਾਂ ਵਿੱਚ ਰੇਲ ਗੱਡੀਆਂ ਦੇ ਡਕੈਤਾਂ ਨੂੰ ਅਸੀਂ ਡਾਲਰਾਂ ਨਾਲ਼ ਸਿਗਰਟਾਂ ਸੁਲਗਾਉਂਦੇ ਵੇਖਿਆ ਹੋਇਆ ਸੀ। ਅਨੁਵਾਦ ਕਰਨ ਵਿੱਚ ਦੋ ਸਾਲ ਲੱਗ ਗਏ ਸੀ। ਫਿਰ ਵੀ ਇਹ ਲੇਵੇ ਮੈਨੂੰ ਲੁੱਟ ਦੀ ਕਮਾਈ ਲੱਗਦੇ ਸੀ। ਬਾਅਦ ਵਿੱਚ ਅਸੀਂ ਸਵੀਡਨ ਆ ਗਏ। ਲੇਵਿਆਂ ਨੂੰ ਮੈਂ ਸਹੁਰੇ ਘਰ ਰੱਖ ਆਇਆ। ਇਹਨਾਂ ਉਲੱਥਿਆਂ ਦੀ ਬਦੌਲਤ ਅਸੀਂ ਹਰ ਸਾਲ ਗਰਮੀਆਂ ਵਿੱਚ ਬਲਗਾਰੀਆ ਦੇ ਕਾਲ਼ੇ ਸਮੁੰਦਰ ‘ਤੇ ਇਕ ਮਹੀਨਾਂ ਮੌਜਾਂ ਕਰਕੇ ਆਉਂਦੇ ਸੀ। ਵਿਆਹ ਪਿੱਛੋਂ ਹਨੀਮੂਨ ਦੇ ਨਾਂ ਹੇਠ ਪੂਰਬੀ ਤੇ
ਪੱਛਮੀ ਯੌਰਪ ਵਿੱਚ ਦੋ ਮਹੀਨੇ ਆਵਾਰਾਗਰਦੀ ਵੀ ਕੀਤੀ। ਕਵੀਆਂ ਨੂੰ ਅਜੇਹੇ ਅ-ਯਥਾਰਥਕ ਮੁਆਵਜ਼ੇ ਦੇਣਾ ਕਮਿਊਨਿਸਟ ਦੇਸ਼ਾਂ ਦੀ ਪੌਲੀਸੀ ਸੀ। ਲੇਖਕਾਂ ਨੂੰ ਖ਼ੁਸ਼ ਰੱਖਣ ਲਈ। ਮੈਂ ਰੂਸ ਵਿਚ ਸਾਂ, ਤਾਂ ਮਾਸਕੋ ਤੋਂ ਛਪਦੇ ਲਿਟਰੇਰੀ ਗਜ਼ੇਟ (ਲਿਟਰਾਤੁਰਨਾਇਆ ਗਾਜ਼ੇਤਾ) ਵਿੱਚ ਮੇਰੀਆਂ ਦਸ ਕਵਿਤਾਵਾਂ ਅਨੁਵਾਦ ਹੋ ਕੇ ਛਪੀਆਂ ਸੀ।
ਮੁਆਵਜ਼ੇ ਵਿੱਚ ਮਿਲੇ ਰੂਬਲਾਂ ਨਾਲ਼ ਮੇਰੀ ਜੇਬ ਭਰ ਗਈ ਸੀ। ਉਹਨਾਂ ਨਾਲ਼ ਮੈ ਇਵਾਂਕਾ ਲਈ ਹੀਰਾ ਖ਼ਰੀਦ ਕੇ ਲਿਆਇਆ ਸੀ ਤੇ ਆਪਣੇ ਲਈ ਸਾਮੋਵਾਰ ਖ਼ਰੀਦਿਆ ਸੀ। ਸਾਮੋਵਾਰ ਖ਼ਰੀਦਣਾ ਮੇਰਾ ਪੁਰਾਣਾ ਸੁਪਨਾ ਸੀ। ਦੋਸਤੋਏਵਸੀ ਤੇ ਟਾਲਸਟਾਇ ਦੇ ਨਾਵਲਾਂ ਦੇ ਪਾਤਰ ਹਮੇਸ਼ਾ
ਸਾਮੋਵਾਰ ਦੀ ਚਾਹ ਪੀਂਦੇ ਨੇ। ਇਹਨਾਂ ਦਿਨਾਂ ਦੀ ਯਾਦ ਹੁਣ ਇਹ ਸਾਮੋਵਾਰ ਹੀ ਮੇਰੇ ਕੋਲ ਸਵੀਡਨ ਵਿੱਚ ਬਚਿਆ ਹੈ। ਮੇਰੇ ਘਰ ਕੁਝ ਲੇਖਕ ‘ਕੱਠੇ ਹੋ ਜਾਣ ਤਾਂ ਸਭਨਾਂ ਨੂੰ ਇਸ ਸਾਮੋਵਾਰ ਵਿੱਚੋਂ ਹੀ ਚਾਹ ਵਰਤਾਈ ਜਾਂਦੀ ਹੈ।
ਇਹ ਕਹਾਣੀ ਹੈ ਉਹਨਾਂ ਅਨੁਵਾਦਾਂ ਦੀ। ਮੈਨੂੰ ਧਰਮ ਵਿੱਚ ਤਾਂ ਬਹੁਤਾ ਵਿਸ਼ਵਾਸ ਨਹੀਂ। ਪਰ ਧਰਮ ਗ੍ਰੰਥਾਂ ਦੀ ਅਸੀਸ ਮੈਨੂੰ ਲੱਗ ਗਈ ਸੀ।

ਲਾਲ ਸੂਰਜ ਦੀ ਧੁੱਪ
ਹੁਣ: ਬਲਗਾਰੀਆ ਰਹਿ ਕੇ ਤੂੰ ਸੋਸ਼ਲਿਸਟ ਸਿਸਟਮ ਨੂੰ ਬਹੁਤ ਨੇੜਿਉਂ ਵੇਖਿਆ ਹੈ। ਕੀ ਤੈਨੂੰ ਵੀ ਇਹਦਾ ਕੋਈ ਕੁਹਜ ਨਜ਼ਰ ਆਇਆ ਸੀ?
ਸਤੀ: ਦਿੱਲੀਓਂ ਉਡ ਕੇ ਮੈਂ ਸੋਫ਼ੀਆ ਦੇ ਹਵਾਈ ਅੱਡੇ ‘ਤੇ ਉਤਰਿਆ ਸੀ, ਤਾਂ ਕਾਫ਼ੀ ਉਤਸ਼ਾਹਿਤ ਸਾਂ। ਬਲਗਾਰੀਅਨ ਐਂਬੈਸੀ ਤੋਂ ਜ਼ਿਬਰੋਵ ਦਾ
ਭੇਜਿਆ ਮੈਂ ਕਾਫ਼ੀ ਲਿਟਰੇਚਰ ਪੜ੍ਹਿਆ ਹੋਇਆ ਸੀ। ਮੇਰੀਆਂ ਅੱਖਾਂ ਵਿੱਚ ਸੋਸ਼ਲਿਸਟ ਬਲਗਾਰੀਆ ਦੀ ਗੁਲਾਬੀ ਤਸਵੀਰ ਸੀ। ਹਵਾਈ ਅੱਡੇ ਤੋਂ
ਬਾਹਰ ਆ ਕੇ ਮੈ ਆਕਾਸ਼ ਵੱਲ ਵੇਖਿਆ। ਸਮਾਜਵਾਦ ਦਾ ਲਾਲ ਸੂਰਜ ਚੜ੍ਹਿਆ ਹੋਇਆ ਸੀ। ਅਗਲੇ ਪੰਜ ਛੇ ਵਰ੍ਹੇ ਮੈਂ ਇਸ ਸੂਰਜ ਦੀ ਧੁੱਪ
ਸੇਕਣੀ ਸੀ।
ਉਸ ਸ਼ਾਮ ਮੈਂ ਡਾਇਰੀ ਲਿਖਣੀ ਸ਼ੁਰੂ ਕੀਤੀ। ਪਹਿਲੇ ਸਫ਼ੇ ਉੱਤੇ ਲਿਖਿਆ – ਸੁਰਗ ਦਾ ਪਹਿਲਾ ਦਿਨ। ਇਹੋ ਸਿਰਲੇਖ ਕਈ ਮਹੀਨੇ ਚੱਲਦਾ ਰਿਹਾ। ਦੂਜਾ ਦਿਨ, ਤੀਜਾ ਦਿਨ, ਚੌਥਾ ਦਿਨ। ਮੈਗਜ਼ੀਨਾਂ ਵਿੱਚ ਆਰਟ ਪੇਪਰ ‘ਤੇ ਦੇਖੇ ਫੁੱਲਾਂ ਦੀ ਵਾਦੀ ਦੇ ਚਿੱਤਰਾਂ ਨੂੰ ਮੈਂ ਜ਼ਿਹਨ ਵਿੱਚੋਂ ਮਿਟਣ ਨਹੀਂ ਸੀ ਦੇਣਾ ਚਾਹੁੰਦਾ। ਸ਼ੂਰਜ ਮੂਹਰੇ ਅੱਖਾਂ ਚੁੰਧਿਆ ਜਾਣ ਤਾਂ ਕਾਫ਼ੀ ਦੇਰ ਕੁਝ ਨਜ਼ਰ ਨਹੀਂ ਆਉਂਦਾ। ਪਹਿਲੇ ਸਾਲ ਇਸ ਸੂਰਜ ਮੂਹਰੇ ਮੇਰੀਆਂ ਅੱਖਾਂ ਵੀ ਚੁੰਧਿਆਈਆਂ ਰਹੀਆਂ। ਮੈਨੂੰ ਵੀ ਹੌਲ਼ੀ-ਹੌਲ਼ੀ ਦਿਸਣਾ ਸ਼ੁਰੂ ਹੋਇਆ।
ਸਭ ਤੋਂ ਵੱਡੀ ਨਿਰਾਸ਼ਾ ਮੈਨੂੰ ਇਸ ਗੱਲ ਦੀ ਸੀ ਕਿ ਕਮਿਊਨਿਜ਼ਮ ਦੀ ਧਰਤੀ ‘ਤੇ ਲੋਕ ਬਰਾਬਰ ਨਹੀਂ ਸਨ। ਸਮਾਜ ਬੇਰਹਿਮੀ ਨਾਲ਼ ਦੋ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ: ਪਾਰਟੀ-ਬੁਕ ਵਾਲੇ ਤੇ ਬਿਨਾਂ ਪਾਰਟੀ ਬੁਕ ਤੋਂ। ਪਾਰਟੀ-ਬੁੱਕਾਂ ਵਾਲ਼ਿਆਂ ਨੂੰ ਕਮਿਊਨਿਜ਼ਮ ਦੇ ਬ੍ਰਾਹਮਣ ਕਿਹਾ ਜਾ ਸਕਦਾ ਹੈ ਤੇ ਬਾਕੀ ਨਾਗਰਿਕਾਂ ਨੂੰ ਸ਼ੁਦਰ। ਮੇਰੇ ਦੋਸਤਾਂ ਵਿੱਚ ਬ੍ਰਾਹਮਣ ਵੀ ਸੀ ਤੇ ਸ਼ੁੂਦਰ ਵੀ। ਬਲਗਾਰੀਅਨ ਕਵੀ ਲੇਵਚੇਵ ਬ੍ਰਾਹਮਣਾਂ ਵਿੱਚੋਂ ਸੀ। ਉਹ ਰਾਈਟਰ ਯੂਨੀਅਨ ਦਾ ਪ੍ਰੈਜ਼ੀਡੈਂਟ ਸੀ ਤੇ ਬਲਗਾਰੀਆ ਦੇ ਉਚਤਮ
ਬ੍ਰਾਹਮਣ ਬਲਗਾਰੀਆ ਦੇ ਪਰੈਜ਼ੀਡੈਂਟ ਯਿਵਕੋਵ ਨਾਲ ਸ਼ਿਕਾਰ ਖੇਡਣ ਜਾਇਆ ਕਰਦਾ ਸੀ। ਲੇਵਚੇਵ ਦਾ ਅਰਥ ਹੈ ਖੱਬੇ ਹੱਥ ਵਾਲ਼ਾ ਜਾਂ
ਖੱਬਚੂ। ਕੈਨੇਡਾ ਵਿੱਚ ਉਸ ਦੀਆਂ ਅੰਗ੍ਰੇਜ਼ੀ ਕਵਿਤਾਵਾਂ ਦੀ ਕਿਤਾਬ ਛਪੀ, ਤਾਂ ਉਸ ਦਾ ਨਾਂ ਸੀ ਦਿ ਲੈਫ਼ਟ ਹੈਂਡਡ । ਇਹ ਬ੍ਰਾਹਮਣ ਮੇਰਾ ਪੱਕਾ ਦੋਸਤ ਸੀ। ਵੌਜ਼ਨੇਸੇਂਸਕੀ -ਕਿਸੇ ਵੇਲੇ ਰੂਸ ਦਾ ਸੁਪਰਸਟਾਰ ਮੌਡਰਨ ਕਵੀ- ਸੋਫ਼ੀਆ ਆਇਆ ਸੀ ਤਾਂ ਮੈਂ ਉਸ ਨੂੰ ਖੱਬਚੂ ਨਾਲ਼ ਮਿਲਾਇਆ ਸੀ। ਵੌਜ਼ਨੇਸੇਂਸਕੀ ਮੇਰਾ ਦੋਸਤ ਮਾਸਕੋ ਬਣਿਆ ਸੀ। ਅਸੀਂ ਇੱਕੋ ਮੰਚ ਤੋਂ ਕਵਿਤਾਵਾਂ ਪੜ੍ਹੀਆਂ ਸੀ। ਘੋੜਿਆਂ ਦੀ ਉਡੀਕ ਵਿੱਚ ਇਕ ਕਵਿਤਾ ਹੈ –
ਮਾਸਕੋ ਵਿੱਚ ਕਵਿਤਾ ਪਾਠ। ਇਸ ਕਵਿਤਾ ਵਿੱਚ ਵੌਜ਼ਨੇਸੇਂਸਕੀ ਦਾ ਨਾਂ ਵੀ ਆਉਂਦਾ ਹੈ।
ਇਸ ਕੁਹਜ ਦੇ ਡਾਂਟੇ ਦੇ ਨਰਕ ਵਾਂਗ ਕਈ ਸਰਕਲ ਹਨ। ਇਥੇ ਇਸ ਨਰਕ ਦੀ ਸਿਰਫ਼ ਇੱਕੋ ਡੀਟੇਲ ਕਾਫ਼ੀ ਹੈ: ਜਿਸ ਕੁੜੀ ਨਾਲ਼
ਮੇਰਾ ਪਿਆਰ ਪਿਆ ਉਹ ਸੋਸ਼ਲਿਜ਼ਮ ਦੇ ਸ਼ੂੁਦਰਾਂ ਵਿੱਚੋਂ ਸੀ। ਸੋਸ਼ਲਿਜ਼ਮ ਤੋਂ ਪਹਿਲਾਂ ਇਵਾਂਕਾ ਦਾ ਪਰਿਵਾਰ ਪੁਸ਼ਤਾਂ ਤੋਂ ਸੋਫੀਆਂ ਤੋਂ ਬਾਹਰ ਅੰਗੂਰਾਂ ਦੇ ਖੇਤਾਂ ਦਾ ਮਾਲਕ ਸੀ। ਜ਼ਾਰ ਸਿਮੋਨ ਦੇ ਦਰਬਾਰ ਵਿੱਚ ਉਹਨਾਂ ਦੇ ਅੰਗੂਰ ਜਾਇਆ ਕਰਦੇ ਸਨ। ਸੋਸ਼ਲਿਜ਼ਮ ਆਇਆ, ਤਾਂ ਇਹ ਬਾਗ
ਸਰਕਾਰੀ ਹੋ ਗਏ। ਇਵਾਂਕਾ ਦਾ ਪਿਤਾ ਪ੍ਰਾਇਮਰੀ ਸਕੂਲ ਵਿੱਚ ਪੜ੍ਹਾ ਕੇ ਆਪਣਾ ਤੇ ਪਰਿਵਾਰ ਦਾ ਢਿੱਡ ਪਾਲਣ ਲੱਗ ਪਿਆ। ਉਸ ਕੋਲ ਪਾਰਟੀ
ਬੁਕ ਨਹੀਂ ਸੀ, ਇਸ ਲਈ ਉਸ ਦੇ ਬੱਚਿਆਂ ਨੂੰ ਉੱਚ ਸਿੱਖਿਆ ਦਾ ਅਧਿਕਾਰ ਨਹੀਂ ਸੀ। ਕਾਲਜ ਤੋਂ ਬਾਅਦ ਇਵਾਂਕਾ ਨੂੰ ਸੋਫ਼ੀਆ
ਯੂਨੀਵਰਸਿਰਟੀ ਵਿੱਚ ਦਾਖ਼ਲਾ ਇਸ ਆਧਾਰ ‘ਤੇ ਨਹੀਂ ਸੀ ਮਿਲ਼ਿਆ, ਕਿਉਂਕਿ ਉਸ ਦਾ ਬਾਪ ਲੋਕਾਂ ਦਾ ਦੁਸ਼ਮਣ ਸੀ। ਉਹ ਸਿਰਫ਼ ਇਸ ਲਈ ਕਿ ਕਦੇ ਬਲਗਾਰੀਆਂ ਦਾ ਰਾਜਾ ਉਨ੍ਹਾਂ ਦੇ ਬਾਗ਼ ਦੇ ਅੰਗੂਰ ਖ਼ਰੀਦਿਆ ਕਰਦਾ ਸੀ।
ਡਾਂਟੇ ਦੇ ਸ਼ਾਇਦ ਪੰਜਵੇਂ ਸਰਕਲ ਵਿੱਚ ਕੁਝ ਲੋਕਾਂ ਨੂੰ ਨਾਰਕੀ-ਅੱਗ ਵਿੱਚ ਇਸ ਲਈ ਸਾੜਿਆ ਜਾਂਦਾ ਹੈ, ਕਿਉਂਕਿ ਉਹਨਾਂ ਨੇ ਯੀਸੂ ਮਸੀਹ ਤੋਂ ਪਹਿਲਾਂ ਜਨਮ ਲਿਆ ਸੀ। ਕਮਿਊਨਿਸਟਾਂ ਨੇ ਵੀ ਲੋਕਾਂ ਨੂੰ ਕੁਝ ਇਸ ਤਰ੍ਹਾਂ ਹੀ ਵੰਡਿਆ ਹੋਇਆ ਸੀ।
80 ਪ੍ਰਤੀਸ਼ਤ ਆਬਾਦੀ ਦਾ ਸ਼ੁਦਰੀਕਰਨ ਕਰਕੇ ਸਿਰਫ਼ 20 ਪ੍ਰਤੀਸ਼ਤ ਪਾਰਟੀ ਬੁੱਕ-ਧਾਰੀ ਸੋਸ਼ਲਿਜ਼ਮ ਦੇ ਬ੍ਰਾਹਮਣ ਕਮਿਊਨਿਸਟ ਦੇਸ਼ਾਂ ਵਿੱਚ
ਰਾਜ ਕਰਦੇ ਰਹੇ ਹਨ। ਡੈਮੋਕਰੇਸੀ ਦੇ ਇਸ ਕਰੂਪ ਤੇ ਮੈਂ ਕਦੇ ਨਾਵਲ ਲਿਖਣਾ ਚਾਹੁੰਦਾ ਹਾਂ।

ਹੁਣ: ਤੂੰ ਨਾਵਲ ਲਿਖਿਆ ਵੀ ਸੀ, ਜੋ ਸ਼ਾਇਦ ਨਾਗਮਣੀ ਵਿੱਚ ਛਪਿਆ ਸੀ। ਬਲਰਾਜ ਸਾਹਨੀ ਨੇ ਇਹ ਬੜਾ ਸਲਾਹਿਆ ਵੀ ਸੀ।
ਸਤੀ: ਉਸ ਨਾਵਲ ਦਾ ਨਾਂ ਸੀ – ਕਹਾਣੀ ਤੋਂ ਬਾਹਰਲੇ ਪਾਤਰ। ਉਹ ਮੈਂ ਦੋ ਹਫ਼ਤਿਆਂ ਵਿੱਚ ਅਸਾਮ ਦੇ ਕਿਸੇ ਹਸਪਤਾਲ ਵਿੱਚ ਪਿਆਂ ਲਿਖਿਆ ਸੀ।
ਨਾਗਮਣੀ ਦੇ ਪਹਿਲੇ ਸਾਲ ਦੇ ਕਿਸੇ ਅੰਕ ਵਿੱਚ ਉਹ ਛਪਿਆ ਸੀ।
ਇਹ ਨਾਵਲ ਦੂਜੀ ਜੰਗ ਲੜਨ ਗਏ ਬੰਦਿਆਂ ਦੇ ਵਾਪਸ ਆਉਣ ਦੀ ਉਡੀਕ ਕਰ ਰਹੇ ਕੁਝ ਪਾਤਰਾਂ ਦੀ ਕਹਾਣੀ ਸੀ। ਪਾਤਰ ਬਾਹਰੋਂ ਮੌਨ ਹਨ, ਸਿਰਫ਼ ਉਹਨਾਂ ਦੇ ਮਸਤਿਸ਼ਕ ਅੰਦਰ ਭਾਸ਼ਾ ਹਰਕਤ ਵਿੱਚ ਆਉਂਦੀ ਹੈ। ਇਹ ਮਨੋਵਿਗਿਆਨਕ ਐੇਕਸਪੈਰੀਮੈਂਟ ਬਲਰਾਜ ਸਾਹਨੀ ਤੇ ਕੁਝ ਨਵੇਂ ਲੇਖਕਾਂ ਨੂੰ ਕਾਫ਼ੀ ਪਸੰਦ ਆਇਆ ਸੀ। ਪਰ ਰੂੜ੍ਹੀਵਾਦੀ ਧੜਾ ਉਦੋਂ ਮੇਰੇ ਖ਼ਿਲਾਫ਼ ਸੀ। ਨਾ ਭਾਪਾ ਪ੍ਰੀਤਮ ਸਿੰਘ ਹੀ ਉਸ ਨੂੰ ਛਾਪਣ ਲਈ ਤਿਆਰ ਸੀ, ਨਾ ਪਿਆਰਾ ਸਿੰਘ ਦਾਤਾ।
ਮੈਂ ਕੁਝ ਅਰਸੇ ਤੋਂ ਉਸ ਨਾਗਮਣੀ ਦੀ ਕਾਪੀ ਲੱਭ ਰਿਹਾਂ, ਤਾਂ ਕਿ ਹੁਣ ਉਹ ਕਿਤਾਬ ਦੇ ਰੂਪ ਵਿੱਚ ਛਪ ਸਕੇ। ਇਹ ਇੰਟਰਵਿਊ ਪੜ੍ਹ ਕੇ ਜੇ ਕਿਸੇ ਸੱਜਣ ਨੇ ਉਸ ਨਾਵਲ ਦੀ ਕੋਈ ਖ਼ਬਰ-ਸਾਰ ਮੈਨੂੰ ਦਿੱਤੀ, ਤਾਂ ਸਮਝਾਂਗਾ ਕਿ ਤੇਰੇ ਨਾਲ਼ ਕੀਤੀਆਂ ਗੱਲਾਂ ਦਾ ਬੜਾ ਲਾਭ ਹੋਇਆ। ਕਹਾਣੀ ਤੋਂ ਬਾਹਰਲੇ ਪਾਤਰ ਲੱਭਣ ਦੀ ਦੋਸਤਾਂ ਤੇ ਪਾਠਕਾਂ ਨੂੰ ਦਾਅਵਤ ਹੈ।

ਮੇਰੇ ਹਿੱਸੇ ਦੀ ਧਰਤੀ
ਹੁਣ: ਕੀ ਤੇਰਾ ਦਿਲ ਕਰਦਾ ਹੈ ਕਿ ਅਪਣਾ ਬੁਢਾਪਾ ਪਿੰਡ ਜਾ ਕੇ ਆਪਣੇ ਲੋਕਾਂ ਵਿਚ ਗੁਜ਼ਾਰੇਂ ?
ਸਤੀ: ਤੂੰ ਖ਼ੁਸ਼ਕਿਸਮਤ ਹੈਂ ਕਿ ਵਲੈਤ ਛੱਡ ਕੇ ਫਿਰ ਆਪਣੀ ਧਰਤੀ ਨਾਲ਼ ਜਾ ਜੁੜਿਆ ਹੈਂ। ਮੈਂ ਉਹਨਾਂ ਵਿੱਚ ਸ਼ਾਮਲ ਹਾਂ, ਜੋ ਆਪਣੀ ਧਰਤੀ ਤੋਂ
ਹਮੇਸ਼ਾ ਲਈ ਉੱਜੜੇ ਹੋਏ ਨੇ। ਮੈਂ ਭਾਰਤ ਜਾਵਾਂ, ਤਾਂ ਜਹਾਜ਼ੋਂ ਉਤਰ ਕੇ ਮਿੱਟੀ ਚੁੱਕ ਮੱਥੇ ਨੂੰ ਲਾਇਆ ਕਰਦਾ ਹਾਂ। ਬਸ ਇੰਨੀ ਕੁ ਧਰਤੀ ਬਚੀ ਹੈ ਮੇਰੇ ਲਈ।
ਹੁਣ: ਤੇਰਾ ਆਪਣੇ ਬੱਚਿਆਂ ਨਾਲ਼ ਕਿਹੋ ਜਿਹਾ ਰਿਸ਼ਤਾ ਹੈ? ਤੂੰ ਉਹਨਾਂ ਦੇ ਭਵਿੱਖ ਬਾਰੇ ਕੀ ਸੋਚਦਾ ਏਂ ?
ਸਤੀ: ਸਾਡਾ ਮੋਹ ਦਾ ਰਿਸ਼ਤਾ ਹੈ। ਉਹ ਮੇਰੇ ਜਿਗਰੀ ਦੋਸਤ ਨੇ। ਉਹ ਵੀ ਮੈਨੂੰ ਪਿਤਾ ਘੱਟ ਆਪਣਾ ਦੋਸਤ ਵੱਧ ਸਮਝਦੇ ਨੇ। ਰਵਾਇਤੀ ਰੋਲ
ਕਦੇ ਮੈਨੂੰ ਮਾਫ਼ਿਕ ਨਹੀਂ ਆਏ। ਇਵਾਂਕਾ ਵੀ ਪਤਨੀ ਤੋਂ ਜ਼ਿਆਦਾ ਮੇਰੀ ਦੋਸਤ ਸੀ। ਮੇਰੀ ਹੀ ਨਹੀਂ। ਮੇਰੇ ਦੋਸਤਾਂ ਦੀ ਦੋਸਤ ਸੀ ਉਹ।
ਹਰਨਾਮ ਨੇ ਉਸ ਨੂੰ ਹਫ਼ਤੇ ਦੇ ਸੱਤ ਦਿਨਾਂ ਲਈ ਅੱਡ-ਅੱਡ ਰੰਗ ਦੀਆਂ ਸੱਤ ਸਾੜ੍ਹੀਆਂ ਦਿੱਤੀਆਂ ਸਨ। ਉਹ ਰੂਸੀ ਤੇ ਬਲਗਾਰੀਆ ਲੋਕ-ਗੀਤਾਂ
ਦੀ ਸਿੰਗਰ ਸੀ। ਉਹ ਆਪਣੀਆਂ ਸਹੇਲੀਆਂ ਨੂੰ ਕਹਿੰਦੀ: “ਆਹ ਮੁੰਡਾ ਮੇਰਾ ਦੋਸਤ ਹੈ, ਵੈਸੇ ਸਾਡਾ ਵਿਆਹ ਵੀ ਹੋਇਐ।” ਦਿੱਲੀ ਦੀਆਂ
ਮਹਿਫ਼ਲਾਂ ਵਿੱਚ ਉਹ ਰੂਸ ਦੇ ਲੋਕ ਗੀਤ ਗਾ ਕੇ ਸੁਣਾਇਆ ਕਰਦੀ ਸੀ।
ਆਦਿਤੀ, ਮੇਰੀ ਧੀ, ਅੰਗ੍ਰੇਜ਼ੀ ਦੀ ਸਕਰਿਪਟ ਰਾਈਟਰ ਤੇ ਡਰਾਮਾਟਿਸਟ ਹੈ। ਹੁਣ ਉਸ ਦਾ ਤੀਜਾ ਨਾਟਕ ਮਿਨੇਆਪੋਲਿਸ ਵਿੱਚ
ਖੇਡਿਆ ਜਾ ਰਿਹਾ ਹੈ। ਮਿਨੇਸੋਟਾ ਯੂਨੀਵਰਸਿਟੀ ਤੋਂ ਅੰਗ੍ਰੇਜ਼ੀ ਸਾਹਿਤ ਦੀ ਪੜ੍ਹਾਈ ਪਿੱਛੋਂ ਉਹ ਅਮਰੀਕਾ ਵਿੱਚ ਹੀ ਸੈਟਲ ਹੋ ਗਈ ਸੀ। ਉਹ
ਆਇਰਿਸ਼ ਮੂਲ ਦੇ ਅਮਰੀਕਨ ਮੁੰਡੇ ਸ਼ੌਨ ਨਾਲ਼ ਵਿਆਹੀ ਹੋਈ ਹੈ, ਜੋ ਟੈਲੀਵੀਯਨ ਲਈ ਡੋਕੂਮੈਂਟਰੀ ਫ਼ਿਲਮਾਂ ਬਣਾਉਂਦਾ ਹੈ। ਦੋਵੇਂ ਕਾਲਜ ਵਿੱਚ
‘ਕੱਠੇ ਪੜ੍ਹਦੇ ਸੀ। ਸਾਲ ਵਿੱਚ ਇਕ ਵਾਰ ਕਿਤੇ ਨਾ ਕਿਤੇ ਅਸੀਂ ਜ਼ਰੂਰ ਮਿਲਦੇ ਹਾਂ। ਕੁਝ ਸਾਲ ਪਹਿਲਾਂ ਭਾਰਤ ਵਿੱਚ ਇਕ ਫ਼ਿਲਮ ਦੀ ਸ਼ੂਟਿੰਗ ਲਈ ਉਹਨਾਂ ਨੂੰ ਗਰਾਂਟ ਮਿਲੀ ਸੀ। ਉਦੋਂ ਮੈਂ ਵੀ ਉਹਨਾਂ ਨਾਲ ਦੋ ਹਫ਼ਤੇ ਭਾਰਤ ਘੁੰਮਿਆ।
ਮੇਰਾ ਬੇਟਾ ਮਾਈਕਲ ਅਜੇ ਸਟੌਕਹੋਮ ਵਿੱਚ ਹੀ ਹੈ। ਮੇਰੇ ਘਰ ਤੋਂ ਦੋ ਸੌ ਗ਼ਜ਼ ਦੇ ਫ਼ਾਸਲੇ ‘ਤੇ ਉਸ ਦਾ ਫ਼ਲੈਟ ਹੈ। ਉਹ ਇਸੇ ਸਾਲ ਇੰਜਨੀਅਰਿੰਗ ਕਰਕੇ ਨੌਕਰੀ ਲੱਗਾ ਹੈ। ਹਰ ਸ਼ਨੀ ਜਾਂ ਐਤਵਾਰ ਅਸੀਂ ਡਿਨਰ ‘ਕੱਠੇ ਖਾਂਦੇ ਹਾਂ । ਮੈਂ ਬਿਮਾਰ ਹੋਇਆ, ਤਾਂ ਆਦਿਤੀ ਅਮਰੀਕਾ ਛੱਡ ਕੇ ਆ ਗਈ ਸੀ। ਮਾਈਕਲ ਉਦੋਂ ਚੀਨ ਵਿੱਚ ਬੈਠਾ ਥੀਸਿਸ ਲਿਖ ਰਿਹਾ ਸੀ। ਉਹ ਪੀਕਿੰਗ ਛੱਡ ਕੇ ਦੌੜਾ ਆਇਆ। ਇਹਨਾਂ ਦਾ ਮੋਹ ਮੇਰੀ ਸਭ ਤੋਂ ਵੱਡੀ ਦੌਲਤ ਹੈ।


ਹੁਣ: ਇਵਾਂਕਾ ਨਾਲ ਤੇਰਾ ਵਿਆਹ ਅੰਤਰਰਾਸ਼ਟਰੀ ਸੀ। ਹੁਣ ਤੇਰੀ ਦੋਸਤ ਏਵਾ ਸਵੀਡੀ ਮੂਲ ਦੀ ਹੈ। ਕੀ ਤੈਨੂੰ ਕਦੀ ਝਟਕੇ ਵੀ ਲੱਗੇ ਜਾਂ
ਲੱਗਦੇ ਹਨ?
ਸਤੀ: ਮੇਰੀ ਜਵਾਨੀ ਯੌਰਪ ਵਿੱਚ ਬੀਤੀ ਹੈ। ਸੁਭਾਵਕ ਹੀ ਕੁੜੀਆਂ ਨਾਲ਼ ਦੋਸਤੀਆਂ ਵੀ ਏਧਰ ਹੀ ਹੋਣੀਆਂ ਸੀ। ਦੇਸੀ ਕੁੜੀਆਂ ਨਾ ਬਲਗਾਰੀਆ
ਵਿੱਚ ਸੀ ਨਾ ਸਵੀਡਨ ਵਿੱਚ ਹੀ ਇੰਨੀਆਂ ਹਨ, ਜਿਵੇਂ ਕਿ ਇੰਗਲੈਂਡ ਜਾਂ ਕੈਨੇਡਾ ਵਿੱਚ ਹਨ। ਉਂਜ ਵੀ ਵਰਣ ਵੇਖ ਕੇ ਮੈਂ ਕਦੇ ਦੋਸਤ ਨਹੀਂ ਚੁਣੇ। ਇਸ ਪੱਖੋਂ ਮੇਰੇ ਵਿਚਾਰ ਕਾਫ਼ੀ ਲਿਬਰਲ ਨੇ। ਏਧਰ ਆਏ ਕਾਲ਼ੇ ਲੋਕ ਜ਼ਿੰਦਗੀ ਭਰ ਕਾਲ਼ੇ ਦਾਇਰਿਆਂ ਵਿੱਚ ਰਹੀ ਜਾਂਦੇ ਨੇ। ਧਰਮ ਤੇ ਹੀਣਤਾ ਦਾ ਭਾਵ ਉਹਨਾਂ ਨੂੰ ਗੋਰਿਆਂ ਨਾਲ ਇੰਟੈਗਰੇਟ ਨਹੀਂ ਹੋਣ ਦਿੰਦਾ। ਬੌਧਿਕ ਪੱਧਰ ‘ਤੇ ਅਸੀਂ ਭਾਵੇਂ ਕਾਫ਼ੀ ਲਿਬਰਲ ਹਾਂ, ਪਰ ਇਮੋਸ਼ਨਲੀ ਅਸੀਂ ਅਜੇ ਮੱਧਕਾਲ ਵਿੱਚ ਖੜ੍ਹੇ ਹਾਂ। ਮੈਨੂੰ ਇਹ ਸਮੱਸਿਆ ਨਹੀਂ ਆਈ। ਮੇਰੇ ਸੋਸ਼ਲ ਸਰਕਲ ਵਿੱਚ ਹਰ ਨਸਲ ਤੇ ਰੰਗ ਦੇ ਲੋਕ ਨੇ। ਕੁੜੀਆਂ ਨਾਲ ਰਿਲੇਸ਼ਨ ਦੇ ਝਟਕੇ ਮੈਨੂੰ ਭਾਰਤ ਵਿੱਚ ਲੱਗਦੇ ਸੀ। ਦਿੱਲੀ ਯੂਨੀਵਰਸਿਟੀ ਦੇ ਦਿਨਾਂ ਵਿੱਚ ਬਥੇਰੀਆਂ ਕੁੜੀਆਂ ਮੇਰੀ ਜ਼ਿੰਦਗੀ ਵਿੱਚ ਆਈਆਂ ਤੇ ਗਈਆਂ। ਸਭ ਦੇ ਜ਼ਿਹਨ ਵਿੱਚ ਵਿਆਹ ਅਤੇ ਬੱਚੇ ਹੁੰਦੇ ਸੀ। ਇਨ੍ਹਾਂ ਦੋਹਾਂ ਗੱਲਾਂ ਤੋਂ ਹੀ ਮੈਨੂੰ ਡਰ ਲੱਗਦਾ। ਇਸ ਬਿੰਦੂ ਤੇ ਆ ਕੇ ਰੁਮਾਂਸ ਟੁੱਟ ਜਾਂਦਾ। ਦੋ ਵਾਰ ਘਰਦਿਆਂ ਨੇ ਵੀ ਮੈਨੂੰ ਅ-ਗਿਆਤ ਕੁੜੀਆਂ ਦੇ ਲੜ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਇਸ ਪਿੱਛੋਂ ਮੈਂ ਘਰ ਜਾਣਾ ਹੀ ਛੱਡ ਦਿੱਤਾ ਸੀ।
ਯੌਰਪ ਦੀਆਂ ਕੁੜੀਆਂ ਇਸ ਤਰ੍ਹਾਂ ਅ-ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ। ਜਿਹਦੇ ਨਾਲ ਜ਼ਿੰਦਗੀ ਗੁਜ਼ਾਰਨੀ ਹੋਵੇ, ਉਸ ਨਾਲ
ਬੌਧਿਕ ਤੇ ਭਾਵਨਾਤਮਕ ਸਾਂਝ ਜ਼ਰੂਰੀ ਹੈ, ਵਿਆਹ ਦਾ ਹੋਣਾ ਇੰਨਾ ਲਾਜ਼ਮੀ ਨਹੀਂ। ਸਵੀਡਨ ਵਿੱਚ ਤਾਂ ਵਿਆਹ ਦੀ ਸੰਸਥਾ ਹੀ ਖ਼ਤਮ ਹੋ ਚੁੱਕੀ ਹੈ।
ਇਵਾਂਕਾ ਨਾਲ਼ ਮੇਰੇ ਵਿਆਹ ਦੀ ਖ਼ਬਰ ਸੁਣ ਕੇ ਰਾਮਪੁਰੇ ਘਰ ਦਿਆਂ ਨੂੰ ਕਾਫ਼ੀ ਝਟਕਾ ਲੱਗਾ ਸੀ। ਸਾਡੇ ਆਉਣ ਤੋਂ ਪਹਿਲਾਂ ਉਹ ਦਿੱਲੀ ਤੋਂ ਕਰੌਕਰੀ ਖ਼ਰੀਦ ਕੇ ਲੈ ਗਏ। ਰੋਟੀ ਖਾਣ ਲਈ ਟੇਬਲ ਕੁਰਸੀ ਡਾਹ ਦਿੱਤੇ ਗਏ। ਇਵਾਂਕਾ ਕੁਰਸੀ ਤੋਂ ਉੱਠ ਕੇ ਥਾਲੀ ਲੈ ਕੇ ਭਾਬੀਆਂ
ਕੋਲ ਰਸੋਈ ਵਿੱਚ ਫ਼ਰਸ਼ ‘ਤੇ ਜਾ ਬੈਠੀ। ਜਿੰਨੇ ਦਿਨ ਅਸੀਂ ਘਰੇ ਰਹੇ, ਮੇਰੀ ਮਾਂ ਉਸ ਨੂੰ ਆਪਣੇ ਕੋਲ਼ ਬਿਠਾ ਕੇ ਚੁੱਲ੍ਹੇ ਦੀ ਅੱਗ ਵਿੱਚ ਰੋਟੀਆਂ ਰਾੜ੍ਹਰਾੜ੍ਹ ਖਵਾਂਦੀ ਰਹੀ। ਉਹ ਸਾਡੇ ਘਰ ਦੀ ਸਭ ਤੋਂ ਲਾਡਲੀ ਨੂੰਹ ਸੀ।
ਵਿਆਹ ਅੰਤਰਰਾਸ਼ਟਰੀ ਹੁੰਦੇ ਹੋਣਗੇ। ਦਿਲਾਂ ਦੇ ਮਾਮਲਿਆਂ ਵਿੱਚ ਨਾ ਮੁੰਡੇ ਅੰਤਰਰਾਸ਼ਟਰੀ ਹੁੰਦੇ ਹਨ, ਨਾ ਹੀ ਕੁੜੀਆਂ। ਪਿਆਰ ਦੀ ਕੋਈ ਨਸਲ ਨਹੀਂ। ਇਸ ਦਾ ਹਰ ਦੇਸ਼ ਵਿੱਚ ਇੱਕੋ ਰੰਗ ਹੈ।


 • ਸਟੌਕਹੋਮ.ਅਕਤੂਬਰ 2005
  ਅਵਤਾਰ ਜੰਡਿਆਲਵੀ ਵਲੋਂ ਕੀਤੀ ਲੰਮੀ ਮੁਲਾਕਾਤ ਦੇ ਕੁਝ ਅੰਸ਼
  (‘ਹੁਣ’ ਵਿਚੋਂ ਧੰਨਵਾਦ ਸਹਿਤ)

Leave a Reply

Your email address will not be published. Required fields are marked *