ਕਿਸਾਨਾਂ ਨੇ ਬਲਬੀਰ ਸਿੱਧੂ ਨੂੰ ਨਹੀਂ ਕਰਨ ਦਿੱਤਾ ਉਦਘਾਟਨ, ਬੋਲੇ- ਹਰ ਪਾਰਟੀ ਆਗੂ ਦਾ ਹੋਵੇਗਾ ਵਿਰੋਧ

ਜਲੰਧਰ : ਖੇਤੀ ਸੁਧਾਰ ਕਾਨੂੰਨ ਰੱਦ ਨਾ ਹੋਣ ਕਾਰਨ ਗੁੱਸੇ ਵਿਚ ਆਏ ਕਿਸਾਨਾਂ ਨੇ ਹੁਣ ਭਾਜਪਾ ਤੋਂ ਬਾਅਦ ਕਾਂਗਰਸ ਦਾ ਵੀ ਵਿਰੋਧ ਸ਼ੁਰੂ ਕਰ ਦਿੱਤਾ ਹੈ। ਬੁੱਧਵਾਰ ਨੂੰ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਜਲੰਧਰ ਦੇ ਪਿੰਡ ਧਨੋਵਾਲੀ ਵਿਚ ਅਰਬਨ ਹੈਲਥ ਡਿਸਪੈਂਸਰੀ ਦਾ ਉਦਘਾਟਨ ਕਰਨ ਆਉਣਾ ਸੀ। ਇਸ ਤੋਂ ਪਹਿਲਾਂ ਹੀ ਕਿਸਾਨਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਇਸ ਦਾ ਪਤਾ ਚਲਦਿਆਂ ਹੀ ਪੁਲੀਸ ਅਲਰਟ ਹੋ ਗਈ। ਜਿਸ ਤੋਂ ਬਾਅਦ ਮੰਤਰੀ ਦਾ ਦੌਰਾ ਰੱਦ ਕਰ ਦਿੱਤਾ ਗਿਆ। ਭੜਕੇ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਐਲਾਨ ਕਰ ਦਿੱਤਾ ਕਿ ਹੁਣ ਸਿਰਫ਼ ਭਾਜਪਾ ਨਹੀਂ ਸਗੋਂ ਕਾਂਗਰਸ, ਆਮ ਆਦਮੀ ਪਾਰਟੀ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਜਾਵੇਗਾ। ਫ਼ਿਲਹਾਲ ਪੁਲੀਸ ਨੇ ਮਾਹੌਲ ਵਿਗੜਦਿਆਂ ਦੇਖ ਉਦਘਾਟਨ ਸਮਾਰੋਹ ਟਾਲ ਦਿੱਤਾ ਹੈ।
ਪਿੰਡ ਦੇ ਕਿਸਾਨ ਆਗੂ ਹਰਜੋਤ ਸਿੰਘ ਨੇ ਕਿਹਾ ਕਿ ਡਿਸਪੈਂਸਰੀ ਬਣਿਆਂ 5 ਸਾਲ ਹੋ ਗਏ ਹਨ। ਹੁਣ ਤੱਕ ਇਹ ਬੰਦ ਪਈ ਸੀ ਪਰ ਅੱਜ ਅਚਾਨਕ ਮੰਤਰੀ ਦੇ ਆਉਣ ਦੀ ਗੱਲ ਹੋ ਗਈ। ਉਨ੍ਹਾਂ ਕਿਹਾ ਕਿ ਕਿਸਾਨ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਸੰਘਰਸ਼ ਕਰ ਰਹੇ ਹਨ। ਇਸ ਦੇ ਬਾਵਜੂਦ ਸਿਆਸੀ ਧਿਰਾਂ ਉਨ੍ਹਾਂ ਦਾ ਸਾਥ ਨਹੀਂ ਦੇ ਰਹੀਆਂ ਤਾਂ ਉਨ੍ਹਾਂ ਦੇ ਆਗੂਆਂ ਨੂੰ ਪਿੰਡਾਂ ਵਿਚ ਨਹੀਂ ਵੜਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਿਸਪੈਂਸਰੀ ਦਾ ਉਦਘਾਟਨ ਕਰਨ ਦਾ ਹੱਕ ਕਿਸਾਨ ਯੂਨੀਅਨ ਦਾ ਹੈ।
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬੁਲਾਰੇ ਕਸ਼ਮੀਰ ਸਿੰਘ ਜੰਡਿਆਲਾ ਨੇ ਕਿਹਾ ਕਿ ਕਿਸਾਨ ਪ੍ਰੇਸ਼ਾਨ ਹਨ ਅਤੇ ਆਗੂ ਸਿਆਸਤ ਚਮਕਾ ਰਹੇ ਹਨ। ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਸਿਰਫ਼ ਭਾਜਪਾ ਨਹੀਂ ਸਗੋਂ ਹਰ ਪਾਰਟੀ ਦਾ ਪਿੰਡ ਵਿਚ ਦਾਖ਼ਲਾ ਰੋਕਿਆ ਜਾਵੇਗਾ।