ਪ੍ਰਸ਼ਾਂਤ ਕਿਸ਼ੋਰ ਹੋ ਸਕਦੇ ਹਨ ਕਾਂਗਰਸ ਵਿਚ ਸ਼ਾਮਲ, 2024 ਲਈ ਕਾਂਗਰਸ ਨੂੰ ਕਰਨਗੇ ਤਿਆਰ

ਸੋਨੀਆ, ਰਾਹੁਲ ਅਤੇ ਪ੍ਰਿਯੰਕਾ ਨਾਲ ਹੋਈ ਪ੍ਰਸ਼ਾਂਤ ਦੀ ਮੀਟਿੰਗ
2022 ਵਿਧਾਨ ਸਭਾ ਚੋਣਾਂ ਨਹੀਂ, 2024 ਲੋਕ ਸਭਾ ਚੋਣਾਂ ‘ਤੇ ਚਰਚਾ
2024 ਲਈ ਕਾਂਗਰਸ ਨੂੰ ਤਿਆਰ ਕਰਨ ਵਿਚ ਪ੍ਰਸ਼ਾਂਤ ਕਿਸ਼ੋਰ ਦਾ ਹੋਵੇਗਾ ਵੱਡਾ ਰੋਲ
ਨਵੀਂ ਦਿੱਲੀ : ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਜਦੋਂ ਮੰਗਲਵਾਰ ਨੂੰ ਦਿੱਲੀ ਵਿਚ ਰਾਹੁਲ ਗਾਂਧੀ ਦੇ ਘਰ ਪਹੁੰਚੇ ਤਾਂ ਦੇਸ਼ ਦੀ ਸਿਆਸਤ ਵਿਚ ਹਲਚਲ ਮਚ ਗਈ। ਮੀਟਿੰਗ ਵਿਚ ਪ੍ਰਿਯੰਕਾ ਗਾਂਧੀ ਅਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਮੌਜੂਦ ਸਨ। ਇਸ ਮੁਲਾਕਾਤ ਨੂੰ ਲੈ ਕੇ ਕਿਹਾ ਇਹ ਗਿਆ ਕਿ ਮਾਮਲਾ ਪੰਜਾਬ ਵਿਚ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵਿਚਾਲੇ ਚੱਲ ਰਹੇ ਝਗੜੇ ਦਾ ਹੈ। ਪਰ ਹੁਣ ਸਾਹਮਣੇ ਆ ਰਿਹਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ। ਕਾਂਗਰਸ ਦੀ ਪਲਾਨਿੰਗ ਹੈ ਕਿ ਕਿਸ਼ੋਰ ਕੌਮੀ ਪੱਧਰ ‘ਤੇ ਉਸ ਲਈ ਅਹਿਮ ਰੋਲ ਨਿਭਾਉਣ।
ਨਿਊਜ਼ ਪੋਰਟਲ ਐਨ.ਡੀ.ਟੀ.ਵੀ. ਨੇ ਸੂਤਰਾਂ ਦੇ ਹਵਾਲੇ ਨਾਲ ਇਕ ਰਿਪੋਰਟ ਵਿਚ ਕਿਸ਼ੋਰ ਦੇ ਕਾਂਗਰਸ ਵਿਚ ਜਲਦੀ ਸ਼ਾਮਲ ਹੋਣ ਦੀ ਗੱਲ ਕਹੀ ਹੈ। ਸੂਤਰਾਂ ਮੁਤਾਬਕ ਮੁਲਾਕਾਤ ਵਿਚ ਰਾਹੁਲ ਅਤੇ ਪ੍ਰਿਯੰਕਾ ਹੀ ਨਹੀਂ, ਸਗੋਂ ਸੋਨੀਆ ਗਾਂਧੀ ਵੀ ਮੌਜੂਦ ਸਨ। ਇਹ ਮੀਟਿੰਗ ਪੰਜਾਬ ਦੇ ਝਗੜੇ ਜਾਂ ਉੱਤਰ ਪ੍ਰਦੇਸ਼ ਅਤੇ ਪੰਜਾਬ ਵਿਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਨਹੀਂ, ਸਗੋਂ 2024 ਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਸੀ।
ਸੂਤਰਾਂ ਨੇ ਦੱਸਿਆ ਕਿ ਕਾਂਗਰਸ ਨੇ ਇਸ ਮੀਟਿੰਗ ਵਿਚ ਕੁਝ ਵੱਡਾ ਪਲਾਨ ਕੀਤਾ ਹੈ। ਪਾਰਟੀ ਲੋਕ ਸਭਾ ਚੋਣਾਂ ਵਿਚ ਪ੍ਰਸ਼ਾਂਤ ਕਿਸ਼ੋਰ ਦਾ ਵੱਡਾ ਰੋਲ ਚਾਹੁੰਦੀ ਹੈ ਤਾਂ ਕਿ ਉਹ ਫੈਸਲਾਕੁਨ ਲੜਾਈ ਲਈ ਕਾਂਗਰਸ ਨੂੰ ਤਿਆਰ ਕਰ ਸਕਣ।
ਕੀ ਹੈ ਗੇਮ ਪਲਾਨ?
- 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਦੋਂ ਕਾਂਗਰਸ ਨੇ ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਨਾਲ ਚੋਣਾਂ ਵਿਚ ਜਾਣ ਦਾ ਫ਼ੈਸਲਾ ਕੀਤਾ ਤਾਂ ਪ੍ਰਸ਼ਾਂਤ ਕਿਸ਼ੋਰ ਹੀ ਸਿਆਸੀ ਰਣਨੀਤੀ ਘਾੜੇ ਸਨ। ਉਨ੍ਹਾਂ ਨੇ ਹੀ ਨਾਅਰਾ ਦਿੱਤਾ ਸੀ- ‘ਯੂ.ਪੀ. ਕੇ ਲੜਕੇ’ ਅਤੇ ‘ਯੂ.ਪੀ. ਕੋ ਯੇ ਸਾਥ ਪਸੰਦ ਹੈ’। ਹਾਲਾਂਕਿ, ਇਹ ਗਠਜੋੜ ਚੋਣਾਂ ਜਿੱਤ ਨਹੀਂ ਸਕਿਆ ਸੀ। ਬਾਅਦ ਵਿਚ ਸਾਹਮਣੇ ਆਇਆ ਕਿ ਪ੍ਰਸ਼ਾਂਤ ਕਿਸ਼ੋਰ ਚਾਹੁੰਦੇ ਸਨ ਕਿ ਉਨ੍ਹਾਂ ਚੋਣਾਂ ਵਿਚ ਚਿਹਰਾ ਪ੍ਰਿਯੰਕਾ ਹੋਵੇ ਅਤੇ ਇੰਜ ਨਹੀਂ ਹੋਇਆ।
- 2021 ਵਿਚ ਪ੍ਰਸ਼ਾਂਤ ਕਿਸ਼ੋਰ ਨੇ ਪੱਛਮੀ ਬੰਗਾਲ ਵਿਚ ਤ੍ਰਿਣਾਮੂਲ ਦੀ ਜਿੱਤ ਲਈ ਯੋਜਨਾ ਬਣਾਈ। ਦਾਅਵਾ ਕੀਤਾ ਕਿ ਭਾਜਪਾ ਜੇਕਰ 100 ਅੰਕੜੇ ਪਾਰ ਗਈ ਤਾਂ ਉਹ ਚੋਣ ਰਣਨੀਤੀ ਬਣਾਉਣ ਦਾ ਕੰਮ ਛੱਡ ਦੇਣਗੇ। ਭਾਜਪਾ 100 ਦੇ ਅੰਦਰ ਹੀ ਸਿਮਟ ਗਈ ਅਤੇ ਪ੍ਰਸ਼ਾਂਤ ਦਾ ਦਾਅਵਾ ਕਾਇਮ ਰਿਹਾ।
- ਹੁਣ ਪ੍ਰਸ਼ਾਂਤ ਕਿਸ਼ੋਰ ਅਮਰਿੰਦਰ ਦੇ ਮੁੱਖ ਸਲਾਹਕਾਰ ਹਨ ਅਤੇ ਉਹ ਵੀ ਮਹਿਜ਼ ਇਕ ਰੁਪਏ ਦੀ ਤਨਖ਼ਾਹ ‘ਤੇ। ਅਗਲੇ ਸਾਲ ਪੰਜਾਬ ਦੀਆਂ ਚੋਣਾਂ ਵੀ ਹਨ। ਅਜਿਹੇ ਵਿਚ ਪੰਜਾਬ ਵਿਚ ਉਨ੍ਹਾਂ ਦੀ ਮੌਜੂਦਗੀ ਕਾਂਗਰਸ ਲਈ ਵੱਡੀ ਰਾਹਤ ਦੀ ਗੱਲ ਹੈ, ਪਰ ਚੋਣਾਂ ਤੋਂ ਠੀਕ ਪਹਿਲਾਂ ਸਿੱਧੂ ਅਤੇ ਅਮਰਿੰਦਰ ਦਾ ਟਕਰਾਅ ਮੁਸ਼ਕਲ ਖੜ੍ਹੀ ਕਰ ਸਕਦਾ ਹੈ। ਅਜਿਹੇ ਵਿਚ ਇਸ ਨੂੰ ਤੁਰੰਤ ਸੁਲਝਾਉਣਾ ਜ਼ਰੂਰੀ ਹੈ ਅਤੇ ਇਸ ਲਈ ਪ੍ਰਸ਼ਾਂਤ ਕਿਸ਼ੋਰ ਤੋਂ ਬਿਹਤਰ ਕੋਈ ਨਹੀਂ।
- ਪ੍ਰਿਯੰਕਾ ਗਾਂਧੀ ਵੀ ਉੱਤਰ ਪ੍ਰਦੇਸ਼ ਚੋਣਾਂ ਨੂੰ ਲੈ ਕੇ ਸਰਗਰਮ ਹੋ ਚੁੱਕੀ ਹੈ। ਉਨ੍ਹਾਂ ਨੇ ਸੋਮਵਾਰ ਨੂੰ ਹੀ ਯੂ.ਪੀ. ਦੇ ਕਾਂਗਰਸੀ ਆਗੂਆਂ ਨਾਲ ਅਹਿਮ ਮੀਟਿੰਗ ਕੀਤੀ ਹੈ। ਇਸ ਦੌਰਾਨ ਗਾਂਧੀ ਪਰਿਵਾਰ ਨਾਲ ਮੁਲਾਕਾਤ ਨਾਲ ਇਕ ਵਾਰ ਫੇਰ ਅਟਕਲਾਂ ਤੇਜ਼ ਹੋ ਗਈਆਂ ਹਨ ਕਿ ਯੂ.ਪੀ. ਚੋਣਾਂ ਵਿਚ ਪ੍ਰਸ਼ਾਂਤ ਕਿਸ਼ੋਰ ਦਾ ਰੋਲ ਵੱਡਾ ਹੋ ਸਕਦਾ ਹੈ ਅਤੇ ਇਹ ਵੀ ਸੰਭਵ ਹੈ ਕਿ ਇਸ ਨੂੰ ਧਿਆਨ ਵਿਚ ਰੱਖਦਿਆਂ ਹੀ ਕਾਂਗਰਸ ਆਪਣਾ ਗੇਮ ਪਲਾਨ ਤਿਆਰ ਕਰ ਰਹੀ ਹੋਵੇ।
- ‘ਦੈਨਿਕ ਭਾਸਕਰ’ ਦੀ ਰਿਪੋਰਟ