ਜ਼ਿੰਦਾਦਿਲੀ ਬਨਾਮ ਬੇਵਸੀ

ਹਰਪਿੰਦਰ ਰਾਣਾ

ਜੂਨ ਦੀਆਂ ਛੁੱਟੀਆਂ ਦਾ ਪਹਿਲਾ ਅੱਧ ਸੀ ਤੇ ਮੈਂ ਪਹਿਲੀ ਵਾਰ ਕਿਸੇ ਮਹਾਂਨਗਰ ਵਿੱਚ ਸਾਂ। ਅਹਿਮਦਾਬਾਦ ਵਰਗਾ ਮਹਾਂਨਗਰ ਮੈਨੂੰ ਸੁਪਨਨਗਰੀ ਹੀ ਪ੍ਰਤੀਤ ਹੁੰਦਾ ਹੈ। ਜਿੱਥੇ ਦੀ ਹਰ ਜਨਤਕ ਥਾਂ ਤੱਕ ਹਰ ਤਰ੍ਹਾਂ ਦੇ ਵਿਅਕਤੀ ਭਾਵ ਤੰਦਰੁਸਤ ਅਤੇ ਅਪਾਹਜ ਦੀ ਪਹੁੰਚ ਬਾਕਾਇਦਾ ਤੌਰ ‘ਤੇ ਬਣਾਈ ਗਈ ਹੈ। ਭਾਵੇਂ ਤਾਂ ਗਾਂਧੀ ਨਗਰ ਦਾ ਅਕਸ਼ਰਧਾਮ ਹੋਵੇ ਤੇ ਭਾਵੇਂ ਰਾਏਪੁਰ ਦਾ ਬਿੱਗ ਬਾਜ਼ਾਰ। ਡਰਾਈਵਿੰਗ ਓਪਨ ਥੀਏਟਰ ਹੋਵੇ ਜਾਂ ਕੋਈ ਆਮ ਪਾਰਕ ਜਾਂ ਫਿਰ ਮਲਟੀਨੈਸ਼ਨਲ ਕੰਪਲੈਕਸ।

ਕੁਝ ਦਿਨ ਇੱਕ ਪਿੰਡ ਵਿੱਚ ਬਿਤਾਉਣ ਮਗਰੋਂ ਜਦ ਮੈਂ ਮਹਾਂਨਗਰ ਦੇ ਵਿਚਕਾਰ 14 ਮਾਲਿਆਂ ਦੀ ਬਿਲਡਿੰਗ ਦੇ ਦੂਜੇ ਮਾਲੇ ਵਿੱਚ ਕੁਝ ਦਿਨ ਰਹਿਣ ਆਈ ਤਾਂ ਨਿਮਨ ਮੱਧ ਵਰਗ ਦੇ ਕੁਝ ਪਰਿਵਾਰਾਂ ਨਾਲ ਜਾਣ ਪਛਾਣ ਦਾ ਮੌਕਾ ਮਿਲਿਆ। ਗੁਜਰਾਤੀ, ਮਾਰਵਾੜੀ, ਮਦਰਾਸੀ, ਮਰਾਠੀ ਲੋਕਾਂ ਦਾ ਬਸੇਰਾ ਇਸ 14 ਮਾਲਿਆਂ ਦੀ ਇਮਾਰਤ ‘ਤੇ ਸੀ। ਜਗਿਆਸੂ ਲਈ ਇਹ ਮੌਕਾ ਦੁਰਲਭ ਸੀ। ਕੁਝ ਨਾ ਕੁਝ ਆਪਣੇ ਵਰਗਾ ਲੱਭਣ ਲਈ ਮੈਂ ਅਕਸਰ ਪੌੜੀਆਂ ਵੱਲ ਕੁਰਸੀ ਡਾਹ ਕੇ ਬੈਠੀ ਰਹਿੰਦੀ। ਹਰ ਤਰ੍ਹਾਂ ਦੇ ਅਤੇ ਹਰ ਮੰਜ਼ਿਲ ‘ਤੇ ਰਹਿਣ ਵਾਲੇ ਲੋਕ ਅਕਸਰ ਉੱਥੋਂ ਲੰਘਦੇ। ਪਰ ਉਹ ਅਧਖੜ ਉਮਰ ਦੀ ਔਰਤ ਦਿਨ ਵਿੱਚ ਚਾਰ ਪੰਜ ਵਾਰ ਛਪ ਛਪ ਕਰਦੀ ਉਤਰਦੀ ਚੜ੍ਹਦੀ ਹੋਣ ਕਾਰਣ ਮੇਰੀ ਜਗਿਆਸਾ ਦਾ ਕੇਂਦਰ ਬਿੰਦੂ ਸੀ।
ਸਾਂਵਲਾ ਰੰਗ, ਤਿੱਖੇ ਨੈਣ ਨਕਸ਼, ਸਾਦਾ ਜਿਹਾ ਪਹਿਰਾਵਾ, ਗਹਿਰੀਆਂ ਅੱਖਾਂ, ਚਾਲ ਵਿੱਚ ਬੇਤਰਤੀਬੀ, ਬੇਮੁਹਾਰੇ ਖੁੱਲ੍ਹੇ ਵਾਲ, ਗੁੰਦਵਾਂ ਜਿਹਾ ਜਿਸਮ ਭਾਵ ਕਾਲੀ ਪਰੀ ਨਜ਼ਰ ਆਉਂਦੀ, ਜਿਸ ਦੇ ਬੁੱਲ੍ਹ ਇੰਜ ਜਿਵੇਂ ਧਨੁੱਖ ਹੋਵੇ। ਉਹ ਅਕਸਰ ਹੀ ਮੈਨੂੰ ਟੁੰਬਦੀ। 6ਵੇਂ ਮਾਲੇ ‘ਤੇ ਰਹਿੰਦੀ ਇਹ ਜੀਵੀ ਸਾਰੀ ਬਿਲਡਿੰਗ ਦੀਆਂ ਔਰਤਾਂ ਦਾ ਹਾਲ ਚਾਲ ਪੁੱਛਦੀ, ਅੱਧੀ ਹਿੰਦੀ ਤੇ ਅੱਧੀ ਗੁਜਰਾਤੀ ਮਿਲਾ ਕੇ ਬੋਲਦੀ, ਜਦ ਮੇਰੇ ਵੱਲ ਵੇਖਦੀ ਤਾਂ ਉਸ ਦੀਆਂ ਅੱਖਾਂ ਦਾ ਰੰਗ ਪਤਾ ਨਹੀਂ ਕਿਉਂ ਬਦਲ ਜਾਂਦਾ। ਇੰਝ ਲੱਗਦਾ ਜਿਵੇਂ ਸੰਧੂਰ ਵਿੱਚ ਬੇਮਾਲੂਮੀ ਜਿਹੀ ਕਾਲਸ ਘੁਲਦੀ ਹੋਵੇ।


ਇਕ ਦਿਨ ਉਸ ਦੇ ਕਦਮ ਮੇਰੇ ਕੋਲ ਰੁਕੇ ਤੇ ਕੰਨਾਂ ਵਿੱਚ ਉਸ ਦੀ ਖਣਕਦੀ ਆਵਾਜ਼ ਪਈ, ‘ਕੇਮ ਛੇ ਬੇਨ’? ਮੈਂ ਵੀ ਮੁਸਕਰਾ ਕੇ ਗੁਜਰਾਤੀ ਵਿੱਚ ਹੀ ਜਵਾਬ ਦਿੱਤਾ, ‘ਮਜਾ ਛੇ ਬੇਨ’? ਤੇ ਫਿਰ ਉਹ ਕੁਝ ਵੀ ਹੋਰ ਬੋਲੇ ਬਿਨਾ ਛਪ-ਛਪ ਕਰਦੀ ਗਰਾਊਂਡ ਫਲੋਰ ਦੀਆਂ ਪੌੜੀਆਂ ਉਤਰ ਗਈ। ਉਸ ਦਾ ਹਾਸਾ ਅਕਸਰ ਮੈਨੂੰ ਦਿਨ ਵਿੱਚ ਕਈ ਵਾਰ ਸੁਣਨ ਨੂੰ ਮਿਲਦਾ। ਇੰਝ ਲੱਗਦਾ ਜਿਵੇਂ ਉਹ ਸਭ ਨੂੰ ਹੱਸਣਾ ਸਿਖਾ ਰਹੀ ਹੋਵੇ। ਪਰ ਪਤਾ ਨਹੀਂ ਕਿਉਂ ਉਹ ਮੈਨੂੰ ਹਮੇਸ਼ਾ ਦਰਦ ਦੀ ਮੂਰਤੀ ਨਜ਼ਰ ਆਉਂਦੀ।


ਅਗਲੇ ਦਿਨ ਉਹ ਫਿਰ ਕੁਝ ਦੇਰ ਮੇਰੇ ਕੋਲ ਰੁਕੀ। ਉਸੇ ਖਿਚੜੀ ਭਾਸ਼ਾ ਵਿੱਚ ਗੱਲਾਂ ਕਰਦੀ ਕਹਿਣ ਲੱਗੀ, ”ਐਸਾ ਲਾਗੇ ਤੂੰ ਜੋਤਸ਼ੀ ਛੇ। ਤੇਰੀ ਆਂਖੇ ਮਨ ਮੇਂ ਤਲਾਤੁਮ (ਹਲਚਲ, ਭੰਵਰ) ਪੈਦਾ ਕਰੇ ਛੇ।” ਮੈਂ ਕਿਹਾ ਅਜਿਹਾ ਕੁਝ ਨਹੀਂ ਹੈ। ਮੈਂ ਤਾਂ ਮਹਿਜ਼ ਇਕ ਅਧਿਆਪਕਾ ਹਾਂ ਅਤੇ ਆਪਣੇ ਭਰਾ ਨੂੰ ਮਿਲਣ ਆਈ ਹਾਂ। ਇਹ ਘਰ ਮੇਰੇ ਕਜ਼ਨ (ਮਸੇਰ) ਦਾ ਹੈ, ਪਰ ਉਸ ਨੂੰ ਲੱਗਾ ਮੈਂ ਸ਼ਾਇਦ ਝੂਠ ਬੋਲ ਰਹੀ ਹਾਂ। ਉਸ ਨੇ ਅਜੀਬ ਜਿਹੇ ਢੰਗ ਨਾਲ ਮੋਢੇ ਸੰਗੋੜੇ ਤੇ ਝਟਕੇ। ਇਕ ਘੁੰਗਰਾਲੀ ਜਿਹੀ ਲਟ ਉਸ ਦੇ ਮੱਥੇ ‘ਤੇ ਹਮੇਸ਼ਾ ਝੂਲਦੀ ਰਹਿੰਦੀ। ਮੈਨੂੰ ਉਸ ਦੀਆਂ ਅੱਖਾਂ ਕਿਸੇ ਗਹਿਰੇ ਦਰਦ ਵਿੱਚ ਡੁੱਬੀਆਂ ਪ੍ਰਤੀਤ ਹੁੰਦੀਆਂ। ਮੈਨੂੰ ਅਕਸਰ ਉਸ ਦੀਆਂ ਅੱਖਾਂ ਵਿੱਚ ਵੇਖਣਾ ਇੰਝ ਪ੍ਰਤੀਤ ਹੁੰਦਾ ਜਿਵੇਂ ਕੋਈ ਸਾਹਿਲ ਤੋਂ ਬੜੀ ਦੂਰ ਬੈਠਾ ਸਮੁੰਦਰ ਦੀ ਹਲਚਲ ਨੂੰ ਦੂਰਬੀਨ ਨਾਲ ਵੇਖ ਰਿਹਾ ਹੋਵੇ। ਜਲਦੀ ਹੀ ਮੇਰੀ ਵਾਪਸੀ ਟਿਕਟ ਸੀ। ਜਦ ਹੀ ਮੈਂ ਉਸ ਨੂੰ ਦੱਸਿਆ ਤਾਂ ਉਹ ਇੱਕ ਦਮ ਉਦਾਸ ਜਿਹੀ ਹੋ ਗਈ। ਫਿਰ ਗੁਜਰਾਤੀ ਵਿੱਚ ਬੋਲੀ, ਜਿਸ ਦਾ ਭਾਵ ਸੀ ਕਿ, ”ਮੈਂ ਤਾਂ ਹਾਲੇ ਤੇਰੇ ਨਾਲ ਬਹੁਤ ਗੱਲਾਂ ਕਰਨੀਆਂ ਸੀ।” “ਮੈਂ ਕੱਲ੍ਹ ਦਾ ਦਿਨ ਇੱਥੇ ਹੀ ਹਾਂ ਤੂੰ ਜਿੰਨੀਆਂ ਮਰਜ਼ੀ ਗੱਲਾਂ ਕਰੀਂ।” ਮੈਂ ਕਿਹਾ ਤਾਂ ਉਸ ਦੇ ਬੁੱਲ੍ਹ ਮੁਸਕਰਾਏ ਤੇ ਇੰਝ ਖੁੱਲ੍ਹੇ ਜਿਵੇਂ ਕਿਸੇ ਨੇ ਧਨੁੱਸ਼ ਵਿਚੋਂ ਤੀਰ ਛੱਡ ਦਿੱਤਾ ਹੋਵੇ। ਮੈਨੂੰ ਉਹ ਬਹੁਤ ਪਿਆਰੀ ਲੱਗੀ।


ਅਗਲੇ ਦਿਨ ਸਵੇਰੇ ਹੀ ਉਹ ਆ ਗਈ ਤੇ ਦੂਜੇ ਮਾਲੇ ‘ਤੇ ਹੀ ਖਾਲੀ ਪਏ ਇਕ ਫਲੈਟ ਵਿੱਚ ਲੈ ਗਈ, ਜਿਸ ਦੀਆਂ ਖਿੜਕੀਆਂ ਬਾਜ਼ਾਰ ਵੱਲ ਖੁੱਲ੍ਹਦੀਆਂ ਸਨ। ਅਸੀਂ ਇਕ ਖਿੜਕੀ ਕੋਲ ਬੈਠ ਗਈਆਂ। ਉਸ ਦਿਨ ਉਹ ਬਹੁਤ ਉਦਾਸ ਸੀ। ਉਸ ਦੇ ਹੱਥ ਵਾਰ ਵਾਰ ਕੰਬ ਜਿਹੇ ਰਹੇ ਸਨ। ਲੰਮੀਆਂ ਪਲਕਾਂ ਵਿੱਚ ਕਦੇ-ਕਦੇ ਆਏ ਅਥਰੂ ਮੋਤੀ ਵਾਂਗ ਅਟਕ ਜਾਂਦੇ। ਪਰ ਉਹ ਪਲਕਾਂ ਵਿੱਚ ਆਏ ਅੱਥਰੂਆਂ ਨੂੰ ਵੀ ਪੀ ਜਾਣ ਦੀ ਸਮਰੱਥਾ ਰੱਖਦੀ ਸੀ ਤੇ ਫਿਰ ਉਸ ਨੇ ਆਪਣੀ ਜ਼ਿੰਦਗੀ ਦੀ ਜੋ ਕਹਾਣੀ ਸੁਣਾਈ, ਉਸ ਨੇ ਮੇਰੀ ਸਾਰੀ ਚੇਤਨਾ ਖੋਹ ਲਈ। ਮੈਂ ਬੇਜ਼ਾਨ ਜਿਹਾ ਬੁੱਤ ਬਣੀ ਉਸ ਦੀ ਕਹਾਣੀ ਸੁਣਦੀ ਰਹੀ। ਉਸ ਵੇਲੇ ਉਹ ਉਮਰ ਦੇ 40ਵੇਂ ਸਾਲ ਦੇ ਨੇੜੇ ਤੇੜੇ ਸੀ, ਪਰ ਉਸ ਦੇ ਸਰੀਰ ਦੀ ਗੋਂਦ ਉਸ ਦੀ ਉਮਰ ਛੁਪਾ ਰਹੀ ਸੀ। ਦੋ ਹੀ ਭੈਣਾਂ ਸਨ ਉਹ। ਭੋਪਾਲ ਵਿਖੇ ਗੈਸ ਰਿਸਣ ਦੇ ਦੁਖਾਂਤ ਤੋਂ ਪਿੱਛੋਂ ਪੈਦਾ ਹੋਈਆਂ ਨਾਮੁਰਾਦ ਬਿਮਾਰੀਆਂ ਕਾਰਨ ਉਸ ਦੇ ਮਾਂ-ਬਾਪ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਮਰ ਗਏ ਤੇ ਉਹ ਆਪਣੀ ਵਿਆਹੀ ਹੋਈ ਭੈਣ ਨਾਲ ਅਹਿਮਦਾਬਾਦ ਆ ਗਈ। ਭੈਣ ਨੇ ਹੀ ਵਿਆਹ ਕੀਤਾ। ਲਗਾਤਾਰ 10 ਸਾਲ ਵਿਆਹੀ ਵੀ ਰਹੀ ਪਰ ਕੋਈ ਬੱਚਾ ਨਾ ਹੋ ਸਕਿਆ। ਉਸ ਦੇ ਪਤੀ ‘ਤੇ ਬਸ ਵਾਰਸ ਪ੍ਰਾਪਤ ਕਰਨ ਦੀ ਝੱਲ ਸਵਾਰ ਸੀ। ਉਹ ਹੋਰ ਵਿਆਹ ਕਰਵਾਉਣਾ ਚਾਹੁੰਦਾ ਸੀ ਤੇ ਆਖਿਰ ਜੀਵੀ ਤਲਾਕ ਦਾ ਥੱਪੜ ਖਾ ਫਿਰ ਤੋਂ ਆਪਣੀ ਭੈਣ ਦੀ ਦਹਿਲੀਜ਼ ‘ਤੇ ਪਰਤ ਆਈ ਸੀ। ਪਿਛਲੇ ਛੇ ਮਹੀਨੇ ਤੋਂ ਉਸ ਦੀ ਭੈਣ ਤਪਦਿਕ ਦੀ ਗ੍ਰਿਫਤ ਵਿੱਚ ਸੀ ਤੇ ਉਹ ਆਪਣੇ ਜੀਜੇ ਦੀ ਗ੍ਰਿਫਤ ਵਿੱਚ ਸੀ। ਚਾਹੁੰਦੀ ਹੋਈ ਵੀ ਉਹ ਕੁਝ ਨਹੀਂ ਕਰ ਸਕਦੀ ਸੀ। ਜੀਜੇ ਦੇ ਜ਼ੁਲਮ ਦੀਆਂ ਬਹੁਤ ਕਹਾਣੀਆਂ ਉਸ ਨੇ ਡੁਬਡੁਬਾਈਆਂ ਅੱਖਾਂ ਅਤੇ ਰੁੰਧੇ ਹੋਏ ਗਲੇ ਨਾਲ ਸੁਣਾਈਆਂ ਤਾਂ ਮੈਨੂੰ ਆਪਣੀਆਂ ਨਾੜਾਂ ਅੰਦਰ ਖੂਨ ਜੰਮਦਾ ਪ੍ਰਤੀਤ ਹੋਇਆ ਕਿ ਕੋਈ ਮਨੁੱਖ ਐਸਾ ਜਾਨਵਰ ਵੀ ਹੋ ਸਕਦਾ ਹੈ ਕਿ ਔਰਤ ਨੂੰ ਮਹਿਜ਼ ਮਾਸ ਦਾ ਬਣਿਆ ਹੋਇਆ ਮਾਡਲ ਹੀ ਸਮਝੇ ਅਤੇ ਉਸ ਨੂੰ ਰਾਤ ਭਰ ਅਜੰਤਾ ਅਲੋਰਾ ਦੀਆਂ ਮੂਰਤੀਆਂ ਵਾਂਗ ਨਗਨ ਖੜ੍ਹੇ ਹੋਣ ਲਈ ਮਜਬੂਰ ਵੀ ਕਰੇ ਤੇ ਮਨਮਾਨੀ ਵੀ ਕਰੇ। ਕਦੇ ਮਨੁੱਖ ਵਾਂਗ ਕਦੇ ਜਾਨਵਰ ਵਾਂਗ ਉਸ ਨੂੰ ਭੋਗੇ ਵੀ। ਮੈਂ ਖ਼ੁਦ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰ ਰਹੀ ਸੀ ਕਿ ਉਸ ਔਰਤ ਨੂੰ ਕਿਵੇਂ ਹੌਸਲਾ ਦੇਵਾਂ।
ਮੈਂ ਉਸ ਦਾ ਗਮ ਆਪਣੇ ਅੰਦਰ ਛੁਪਾ ਕੇ ਪੰਜਾਬ ਪਰਤ ਆਈ। ਪਰ ਰਹਿ ਰਹਿ ਕੇ ਮੈਨੂੰ ਉਹ ਯਾਦ ਆਉਂਦੀ ਰਹਿੰਦੀ। ਸੈਂਕੜੇ ਮੀਲਾਂ ਦੀ ਦੂਰੀ ਅੱਗੇ ਕੀ ਕੀਤਾ ਜਾ ਸਕਦਾ ਸੀ। ਕੁਝ ਮਹੀਨੇ ਤਾਂ ਮੈਂ ਆਪਣੀ ਮਸੇਰ ਭਾਬੀ ਤੋਂ ਉਸ ਬਾਰੇ ਕਦੇ ਕਦੇ ਫੋਨ ‘ਤੇ ਪੁੱਛ ਲੈਂਦੀ ਸਾਂ, ਪਰ ਫਿਰ ਸਭ ਭੁੱਲ ਗਿਆ। ਡੇਢ-ਦੋ ਸਾਲ ਬਾਅਦ ਅਚਾਨਕ ਜਦ ਫਿਰ ਮੈਂ ਅਹਿਮਦਾਬਾਦ ਜਾਣ ਦੀ ਟਿਕਟ ਕਟਾਈ ਤਾਂ ਪਤਾ ਨਹੀਂ ਦਿਲ ਦਿਮਾਗ ਦੇ ਕਿਹੜੇ ਕੋਨੇ ਵਿੱਚ ਪਈ ਜੀਵੀ ਮੁੜ ਤੋਂ ਸੁਰਜੀਤ ਹੋ ਗਈ। ਦਿਮਾਗ ਕਹਿੰਦਾ, ”ਲੈ ਹੁਣ ਤੱਕ ਉਹ ਕੋਈ ਉੱਥੇ ਹੀ ਰਹਿੰਦੀ ਹੋਵੇਗੀ। ਪਰ ਦਿਲ ਤਾਂ ਅਕਸਰ ਪਾਗਲਾਂ ਵਾਲਾ ਹੀ ਜਵਾਬ ਦਿੰਦਾ ਹੈ। ਅਹਿਮਦਾਬਾਦ ਪਹੁੰਚਿਆ ਹੀ ਭਾਬੀ ਨੂੰ ਫੋਨ ਲਾ ਕੇ ਜੀਵੀ ਬਾਰੇ ਪੁੱਛਿਆ ਤਾਂ ਉਹ ਕਹਿੰਦੀ- ਲੈ ਆਹ ਖੜ੍ਹੀ ਆ ਕਰ ਲੈ ਗੱਲ- ਤਾਂ ਮੈਨੂੰ ਬਹੁਤ ਖੁਸ਼ੀ ਹੋਈ। ਉੱਧਰ ਜੀਵੀ ਵੀ ਖੁਸ਼ੀ ਨਾਲ ਚਹਿਕ ਉੱਠੀ। ਛਣਕਦੀ ਆਵਾਜ਼ ਵਿੱਚ ਬੋਲੀ, ”ਤੁਮ ਜਲਦੀ ਆਓ ਬੇਨ, ਬੌਤ ਵੇਟ ਕਰੈ ਛੇ।” ਮੈਂ ਵੀ ਜਲਦੀ ਮਿਲਣ ਦਾ ਵਾਅਦਾ ਕੀਤਾ।


ਇਸ ਵਾਰ ਮੇਰੇ ਕੋਲ ਸਮਾਂ ਭਾਵੇਂ ਘੱਟ ਸੀ ਫਿਰ ਵੀ ਦੋ ਦਿਨ ਉੱਧਰ ਜਾਣ ਨੂੰ ਮਿਲ ਹੀ ਗਏ। ਜਦ ਮੈਂ ਸਿਟੀ ਜਾਣਾ ਸੀ ਤਾਂ ਜੀਵੀ ਨੂੰ ਪਤਾ ਸੀ। ਉਹ ਸਵੇਰ ਤੋਂ ਹੀ ਪੌੜੀਆਂ ਵਿੱਚ ਖੜੀ ਮੇਰੀ ਰਾਹ ਤੱਕ ਰਹੀ ਸੀ। ਮੈਨੂੰ ਇੰਝ ਮਿਲੀ ਜਿਵੇਂ ਵਰਿਆਂ ਬਾਅਦ ਦੋ ਭੈਣਾਂ ਮਿਲੀਆਂ ਹੋਣ। ਇਸ ਵਾਰ ਜੀਵੀ ਕੁਝ ਬਦਲੀ ਬਦਲੀ ਜਿਹੀ ਲੱਗੀ। ਉਸ ਦੀਆਂ ਹਰਕਤਾਂ ਵਿੱਚ ਬੇਸ਼ਰਮਪਣ, ਉਸ ਦੀ ਜ਼ੁਬਾਨ ਤੇ ਕੁਝ ਭੱਦੀਆਂ ਜਿਹੀਆਂ ਗਾਲਾਂ, ਮੈਨੂੰ ਕੁਝ ਅਜੀਬ ਜਿਹਾ ਲੱਗਾ। ਫਿਰ ਮੈਂ ਧਿਆਨ ਨਾ ਦਿੱਤਾ। ਉਹ ਇਧਰ ਉਧਰ ਦੀ ਗੱਲਾਂ ਮਾਰਦੀ ਚਲੀ ਗਈ। ਸ਼ਾਮ ਨੂੰ ਉਹ ਜੀਨ ਅਤੇ ਟਾੱਪ ਚੁੱਕ ਲਿਆਈ ਤੇ ਕਹਿਣ ਲੱਗੀ ਦੇਖ ਕੇ ਦੱਸੋ ਕਿਹੋ ਜਿਹਾ ਹੈ। ਮੈਂ ਕਿਹਾ ਪਹਿਲਾਂ ਪਾ ਕੇ ਤਾਂ ਵਿਖਾ ਤਾਂ ਉਹ ਝੱਟ ਬਾਥਰੂਮ ਵਿੱਚ ਵੜ੍ਹ ਗਈ। ਜਦ ਉਹ ਬਾਹਰ ਆਈ ਤਾਂ ਤੰਗ ਜੀਨ ਅਤੇ ਟਾੱਪ ਵਿਚ ਕਸੀ ਹੋਈ ਸੀ। ਇਸ ਉਮਰ ਵਿੱਚ ਵੀ ਉਸ ਦੀ ਬਲੈਕ ਬਿਊਟੀ ਡੁੱਲ ਡੁੱਲ ਪੈ ਰਹੀ ਸੀ। ਉਸ ਦੀ ਕਾਲੀ ਬ੍ਰੇਜਰੀ ਉਸ ਦੇ ਗੁਲਾਬੀ ਟਾੱਪ ਚੋਂ ਬਾਹਰ ਝਾਕ ਕੇ ਉਸ ਦੀ ਲੁੱਕ ਨੂੰ ਸੈਕਸੀ ਬਣਾ ਰਹੀ ਸੀ। ਉਹ ਇਕ ਦਮ ਮਾਡਰਨ ਬੰਬ ਲੱਗ ਰਹੀ ਸੀ। ਬੋਲੀ, “ਬੋਲੋ ਬੇਨ ਸੈਕਸੀ ਲਾਗ੍ਹੇ ਜਾਂ ਨਾਹੀਂ।” “ਜੀਵੀ ਬੇਨ ਬੌਤ ਮਸਤ ਲਾਗੇ ਛੇ।’ ਮੈਂ ਅੱਖਾਂ ਮਟਕਾ ਕੇ ਕਿਹਾ ਤਾਂ ਉਹ ਸ਼ਰਮਾ ਗਈ। ਜੀਵੀ ਹਰ ਗੱਲ ਤੋਂ ਉੱਚੀ ਉੱਚੀ ਹੱਸਦੀ ਰਹੀ। ਡੂੰਘੀ ਸ਼ਾਮ ਤੱਕ ਉਹ ਬੈਠੀ ਰਹੀ। ਅਗਲੇ ਦਿਨ ਐਤਵਾਰ ਸੀ। ਸਾਰੇ ਘਰ ਹੋਣ ਕਰਕੇ ਜੀਵੀ ਸਿਰਫ ਇੱਕ ਵਾਰ ਹੀ ਆ ਸਕੀ। ਉਹ ਵਾਰ ਮੇਰੀਆਂ ਅੱਖਾਂ ਵਿੱਚ ਵੇਖਦੀ ਤਾਂ ਇੰਝ ਲੱਗਦਾ ਜਿਵੇਂ ਕੁਝ ਕਹਿਣਾ ਚਾਹ ਰਹੀ ਹੋਵੇ। ਭਾਵੇਂ ਉਹ ਹੱਸ ਤਾਂ ਪਹਿਲਾਂ ਵਾਂਗ ਹੀ ਰਹੀ ਸੀ ਬਣਾਵਟ ਦਰਦੀਲੀ ਸੀ। ਪਹਿਲਾਂ ਉਸ ਦੀ ਬਣਾਵਟ ਵੀ ਮਨ ਨੂੰ ਸਕੂਨ ਦਿੰਦੀ ਸੀ ਕਿਉਂਕਿ ਉਸ ਦਾ ਨਕਲੀ ਜਿਹਾ ਹਾਸਾ ਕਈਆਂ ਨੂੰ ਅਸਲੀ ਹਸਾ ਦਿੰਦਾ ਸੀ। ਮੈਨੂੰ ਇੰਝ ਲੱਗਾ ਜਿਵੇਂ ਉਸ ਦੀ ਬੇਵਸੀ ਉਸ ਦੀ ਜ਼ਿੰਦਾਦਿਲੀ ‘ਤੇ ਭਾਰੂ ਹੋ ਰਹੀ ਹੋਵੇ। ਖੈਰ ਵਕਤ ਕਦੇ ਏਨਾ ਵਕਤ ਨਹੀਂ ਦਿੰਦਾ ਕਿ ਵਕਤ ਦੀਆਂ ਚਾਲਾਂ ਨੂੰ ਵਕਤ ਸਿਰ ਸਮਝਿਆ ਜਾ ਸਕੇ। ਮੈਂ ਉਸੇ ਸ਼ਾਮ ਹੀ ਨਾਰੋਲ ਚੌਕੜੀ ਵਾਲੇ ਘਰ ਪਹੁੰਚਣਾ ਸੀ।


ਕਜ਼ਨ ਨਾਲ ਮੋਟਰਸਾਈਕਲ ‘ਤੇ ਵਾਪਸ ਆ ਰਹੀ ਸੀ। ਵੀਰ ਜੀ ਕਹਿੰਦੇ, ‘ਚੱਲ ਤੈਨੂੰ ਰਾਏਪੁਰ ਦੀ ਮਸ਼ਹੂਰ ਡਿਸ਼ ਖਵਾ ਕੇ ਲਿਆਂਵਾ“ ਅਸੀਂ ਚਾਰ ਦਰਵਾਜ਼ਾ ਚੌਕ ਵੱਲ ਮੋਟਰ ਸਾਈਕਲ ਮੋੜ ਲਿਆ। ਜਦ ਅਸੀਂ ਵਾਪਸ ਮੁੜੇ ਤਾਂ ਕਾਫੀ ਹਨੇਰਾ ਹੋ ਚੁੱਕਾ ਸੀ। ਵੀਰ ਜੀ ਨੇ ਮੋਟਰ ਸਾਈਕਲ ਹਾਈਵੇਅ ‘ਤੇ ਪਾ ਲਿਆ ਅਤੇ ਮੈਨੂੰ ਸੈਰ ਕਰਾਉਣ ਦੇ ਮਨਸ਼ੇ ਨਾਲ ਉਹ ਵਹੀਕਲ ਹੌਲੀ ਚਲਾ ਰਹੇ ਸਨ। ਹਾਈ ਵੇਅ ‘ਤੇ ਕੁਝ ਕੁਝ ਦੂਰੀ ‘ਤੇ ਟਰੱਕਾਂ ਦੀ ਆੜ ਵਿੱਚ ਔਰਤਾਂ ਦੇ ਖੜ੍ਹੇ ਗਰੁੱਪਾਂ ਨੇ ਮੇਰਾ
ਧਿਆਨ ਖਿੱਚਿਆ ਤਾਂ ਮੂੰਹ ਫੱਟ ਸੁਭਾਅ ਵੀਰ ਜੀ ਤੋਂ ਪੁੱਛ ਬੈਠਾ। ਪਹਿਲਾਂ ਤਾਂ ਉਹ ਚੁੱਪ ਰਹੇ ਪਰ ਫਿਰ ਪਤਾ ਨਈਂ ਉਨ੍ਹਾਂ ਦੇ ਮਨ ਵਿੱਚ ਕੀ ਆਇਆ ਕਹਿੰਦੇ “ਟਹੲਸੲ ਅਲਲ ਅਰੲ ਚਅਲਲ ਗਰਿਲਸ“ (ਦੀਜ਼ ਆਲ ਆਰ ਕਾਲ ਗਰਲਜ਼) ਇਹ ਸੁਣਦਿਆਂ ਹੀ ਮੇਰਾ ਮੱਥਾ ਇਕ ਦਮ ਸੁੰਨ ਹੋ ਗਿਆ। ਹਕੀਕਤ ਨੂੰ ਸਾਹਮਣੇ ਵੇਖ ਮੈਂ ਕੁਝ ਪਲਾਂ ਲਈ ਹੈਰਾਨ ਜਿਹੀ ਹੋ ਗਈ।


ਮੈਂ ਮੱਥੇ ‘ਤੇ ਦੋ ਤਿੰਨ ਚੁੰਡੀਆਂ ਵੱਢੀਆਂ ਤਾਂ ਹੌਲੀ ਹੌਲੀ ਮੇਰੀ ਚੇਤਨਾ ਪਰਤੀ। ਵੀਰ ਜੀ ਕਹਿੰਦੇ, ”ਨੇੜੇ ਤੋਂ ਵੇਖਣਾ ਚਾਹੇਂਗੀ? ਇਹ ਆਮ ਘਰਾਂ ਦੀਆਂ ਕੁੜੀਆਂ ਹੀ ਹਨ।” ਮੇਰੇ ਜਵਾਬ ਤੋਂ ਪਹਿਲਾਂ ਹੀ ਉਨ੍ਹਾਂ ਬਾਈਕ ਮੋੜ ਕੇ ਸਾਹਮਣੇ ਵਾਲੀ ਭੀੜੀ ਸੜਕ ‘ਤੇ ਪਾ ਲਿਆ। ਅਚਾਨਕ ਲਾਲ ਬੱਤੀ ਹੋਣ ਕਾਰਣ ਅਤੇ ਭੀੜੀ ਸੜਕ ਹੋਣ ਕਾਰਨ ਲੰਮਾ ਜਾਮ ਲੱਗਾ ਹੋਇਆ ਸੀ। ਮੈਂ ਆਸੇ ਪਾਸੇ ਨਿਗਾਹ ਮਾਰੀ ਤਾਂ ਇਕ ਹੋਰ ਗਰੁੱਪ ਨੇੜੇ ਹੀ ਖੜ੍ਹਾ ਸੀ। ਪਰ ਮੇਰੀ ਨਜ਼ਰ ਗੁਲਾਬੀ ਟਾੱਪ ਤੇ ਨੇਵੀ ਬਲਿਉ ਜੀਨ ਵਾਲੀ ਕੁੜੀ ਵਿੱਚ ਉਲਝ ਗਈ। ਅਚਾਨਕ ਉਸ ਦੀ ਨਜ਼ਰ ਵੀ ਮੇਰੇ ਨਾਲ ਮਿਲੀ। ਉਸ ਨੇ ਵੀ ਹੈਰਾਨੀ ਨਾਲ ਇਕਦਮ ਮੂੰਹ ‘ਤੇ ਹੱਥ ਰੱਖ ਲਿਆ ਅਤੇ ਕਾਹਲੀ ਨਾਲ ਲੰਮੀ ਸਾਰੀ ਗੱਡੀ ਦੀ ਪਿਛਲੀ ਸੀਟ ‘ਤੇ ਬੈਠੇ ਮੋਟੇ ਜਿਹੇ ਥੁਲ-ਥੁਲ ਜਿਹੇ ਆਦਮੀ ਨਾਲ ਗੱਲ ਕਰਨ ਲੱਗੀ। ਇਹ ਸਭ ਪਲਕ ਝਪਕਦਿਆਂ ਹੀ ਹੋਇਆ ਤੇ ਹਰੀ ਬੱਤੀ ਹੋ ਗਈ। ਮੇਰੀ ਤਾਂ ਬੋਲਤੀ ਬੰਦ ਹੋ ਗਈ। ਮੱਥੇ ‘ਤੇ ਪਸੀਨੇ ਦੀਆਂ ਬੂੰਦਾਂ ਉਭਰ ਆਈਆਂ। ਮੈਨੂੰ ਚੁੱਪ ਵੇਖਦਿਆਂ ਵੀਰ ਨੇ ਸ਼ਾਰਟ ਕੱਟ ਲਿਆ ਤੇ ਬਾਈਕ ਨਾਰੋਲ ਚੌਂਕੜੀ ਵੱਲ ਮੋੜ ਲਿਆ। ਕੁਝ ਸਮਾਂ ਚਲਦੇ ਰਹਿਣ ਪਿੱਛੋਂ ਬੋਲੇ : ਜੀਵੀ ਨੂੰ ਵੇਖ ਕੇ ਪਰੇਸ਼ਾਨ ਹੈ?” ਮੇਰੀ ਤਾਂ ਖਾਨਿਓ ਗਈ। ਮੈਂ ਘਬਰਾ ਕੇ ਕਿਹਾ, ”ਤਾਂ…ਤਾਂ…ਕੀ ਤੁਸੀਂ ਵੀ ਉਸ ਨੂੰ ਵੇਖ ਲਿਆ?” ”ਹਾਂ! ਮੇਰਾ ਵੀ ਤੇਰੇ ਵਾਲਾ ਹੀ ਹਾਲ ਹੈ। ਚੱਲ ਘਰ ਚਲਦੇ ਆਂ ਹੁਣ।”
ਅਗਲੇ ਹੀ ਦਿਨ ਮੈਂ ਵਾਪਸ ਆਈ ਪਰ ਇਸ ਵਾਰ ਜੀਵੀ ਵੀ ਮੇਰੇ ਨਾਲ ਹੀ ਆ ਗਈ। ਅੱਜ ਵੀ ਉਹ ਮੇਰੀਆਂ ਅੱਖਾਂ ਅੱਗੇ ਆ ਖੜੋਂਦੀ ਹੈ। ਕਦੇ ਹੱਸਦੀ ਹੋਈ ਕਦੇ ਡੂੰਘੇ ਵਿਚਾਰਾਂ ਵਿੱਚ ਉਤਰੀ ਹੋਈ, ਕਦੇ ਡੁੱਬਡੁਬਾਈਆਂ ਅੱਖਾਂ ਨਾਲ ਮੈਨੂੰ ਤੱਕਦੀ ਹੈ। ਇਕ ਪੀੜ ਜਿਹੀ ਮੇਰੇ ਅੰਦਰ ਉੱਠ ਪੈਂਦੀ ਹੈ ਤਾਂ ਮੈਨੂੰ ਉਰਦੂ ਸ਼ਾਇਰ ਸ਼ਤੀਸ਼ ਬੇ-ਦਾਗ ਜੀ ਦਾ ਸ਼ੇਅਰ ਯਾਦ ਆ ਜਾਂਦਾ ਹੈ:
ਏਕ ਲੜਕੀ ਜੋ ਸਿਖਾਤੀ ਥੀ ਖਿਲਕਰ ਹਸਨਾ
ਆਜ ਯਾਦ ਆਈ ਤੋ ਹੋ ਆਈ ਹੈ ਸੀਲੀ ਮੁਸਕਾਨ।