ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ – ਰੈਜ਼ੀਡੈਂਸ਼ਲ ਸਕੂਲਾਂ ਦੇ ਇਤਿਹਾਸ ਉੱਤੇ ਗੰਭੀਰ ਸੰਵਾਦ

ਜ਼ੋਰਾਵਰ ਬਾਂਸਲ – ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਮੀਟਿੰਗ ਦੇ ਆਗਾਜ਼ ਵਿੱਚ ਮੀਤ ਪ੍ਰਧਾਨ ਬਲਵੀਰ ਗੋਰਾ ਅਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਸਾਂਝੇ ਤੌਰ ਤੇ ਆਏ ਹੋਏ ਹਾਜ਼ਰੀਨ ਨੂੰ ‘ਜੀ ਆਇਆਂ’ ਆਖਿਆ। ਸ਼ੋਕ ਮਤੇ ਸਾਂਝੇ ਕਰਦਿਆਂ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਭਾਵੁਕ ਸ਼ਬਦਾਂ ਨਾਲ ਡਾ ਹਰਨੇਕ ਸਿੰਘ ਕੋਮਲ, ਜਿਨ੍ਹਾਂ ਬਾਲ ਸਾਹਿਤ,ਦੋਹਾ,ਮਿੰਨੀ ਕਹਾਣੀਆਂ ਤੇ ਗ਼ਜ਼ਲਾਂ ਦੀਆਂ ਮੁੱਲਵਾਨ ਕਿਤਾਬਾਂ ਪੰਜਾਬੀ ਪਾਠਕਾਂ ਦੀ ਨਜ਼ਰ ਕੀਤੀਆਂ, ਪੱਤਰਕਾਰ ਦਾਨਿਸ਼ ਸਿੱਦੀਕੀ, ਜੋ ਫੋਟੋਗ੍ਰਾਫੀ ਲਈ ਵਿਸ਼ਵ ਵੱਕਾਰੀ ਪੁਲਿਤਜ਼ਰ ਐਵਾਰਡ ਨਾਲ ਸਨਮਾਨੇ ਜਾ ਚੁੱਕੇ ਹਨ ਅਤੇ ਅਫ਼ਗ਼ਾਨਿਸਤਾਨ ਦੇ ਵਿੱਚ ਲੰਮੇ ਸਮੇਂ ਤੋਂ ਰਿਪੋਰਟਿੰਗ ਕਰ ਰਹੇ ਸਨ। ਅਫ਼ਗ਼ਾਨਿਸਤਾਨ ਵਿੱਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ,ਜਮਹੂਰੀਅਤ ਹੱਕਾਂ ਦੇ ਘੁਲਾਟੀਏ ਅਤੇ ਇਸਾਈ ਪਾਦਰੀ 84 ਸਾਲਾ ਸਟੈਨ ਸਵਾਮੀ, ਜੋ ਭੀਮਾ ਕੋਰੇਗਾਓਂ ਮਾਮਲੇ ਵਿਚ ਨਿਆਂਇਕ ਹਿਰਾਸਤ ਵਿਚ ਸਨ।ਉਹ ਕੇਰਲ ਦੇ ਰਹਿਣ ਵਾਲੇ ਸਨ ਤੇ ਆਪਣਾ ਸਭ ਕੁਝ ਛੱਡ ਕੇ ਝਾਰਖੰਡ ਦੇ ਆਦਿਵਾਸੀਆਂ ਦੇ ਹੱਕਾਂ ਲਈ ਅੰਦੋਲਨ ਕਰ ਰਹੇ ਸਨ। ਇਨ੍ਹਾਂ ਸਾਹਿਤਕ ਤੇ ਸਮਾਜਿਕ ਰੂਹਾਂ ਦੇ ਵਿੱਛੜ ਜਾਣ ‘ਤੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ,ਸ਼ਰਧਾ ਦੇ ਅਕੀਦੇ ਭੇਟ ਕੀਤੇ ਗਏ। ਕੈਨੇਡਾ ਦੇ ਰੈਜ਼ੀਡੈਂਸ਼ਲ ਸਕੂਲਾਂ ਬਾਰੇ ਰਾਜ ਧਾਲੀਵਾਲ ਨੇ ਬਹੁਤ ਵਿਸਥਾਰ ਨਾਲ ਖੁਲਾਸਾ ਕੀਤਾ ਕਿ ਕਿਵੇਂ ਛੇ ਤੋਂ ਚੌਦਾਂ ਸਾਲ ਦੇ ਬੱਚਿਆਂ ਨੂੰ ਮਾਂ ਬਾਪ ਕੋਲੋਂ ਖੋਹ ਕੇ, ਜਬਰੀ ਉਨ੍ਹਾਂ ‘ਤੇ ਅੱਤਿਆਚਾਰ ਤੇ ਮਾਨਸਿਕ ਦਬਾਓ ਬਣਾ ਕੇ ਰੱਖਿਆ ਗਿਆ ਤੇ ਮਾਰਿਆ ਗਿਆ। ਬੱਚਿਆ ਉੱਤੇ ਤਸ਼ੱਦਦ ਦੀ ਦਾਸਤਾਨ ਸੁਣ ਸਭ ਦੀਆਂ ਅੱਖਾਂ ਭਰ ਆਈਆਂ। ਸਾਲਾ-ਸਦੀਆਂ ਤੇ ਸਰਕਾਰਾਂ ਦੀ ਕਾਰਗੁਜ਼ਾਰੀ ਦਾ ਵੇਰਵਾ ਦੇ ਕੇ ਬਹੁਤ ਡੂੰਘੀ ਤੇ ਗੰਭੀਰ ਜਾਣਕਾਰੀ ਸਾਂਝੀ ਕੀਤੀ।ਜਿਸ ਨੇ ਸਭ ਦੇ ਰੌਂਗਟੇ ਖੜ੍ਹੇ ਕਰ ਦਿੱਤੇ।ਬਾਕੀ ਬੁਲਾਰਿਆਂ ਵੱਲੋਂ ਕਈ ਸਵਾਲ ਪੁੱਛੇ ਗਏ, ਰਾਜ ਧਾਲੀਵਾਲ ਨੇ ਬਹੁਤ ਹੀ ਜਾਣਕਾਰੀ ਭਰਪੂਰ ਜਵਾਬ ਦਿੱਤੇ। ਜਗਦੇਵ ਸਿੱਧੂ ਨੇ ਇਸ ਜਾਣਕਾਰੀ ਵਿੱਚ ਹੋਰ ਵਾਧਾ ਕੀਤਾ, ਤੇ ਰਾਜ ਧਾਲੀਵਾਲ ਦੇ ਕਰੋਨਾ ਮਹਾਂਮਾਰੀ ਦਰਮਿਆਨ ਕੀਤੇ ਕੰਮਾਂ ਦੀ ਬੜੀ ਸ਼ਲਾਘਾ ਕੀਤੀ। ਗੁਰਲਾਲ ਰੁਪਾਲੋਂ ਨੇ ਵੀ ਰਿਹਾਇਸ਼ੀ ਸਕੂਲਾਂ ਵਿੱਚ ਹੋਏ ਵਰਤਾਰੇ ਪ੍ਰਤੀ ਦੁੱਖ ਪ੍ਰਗਟ ਕੀਤਾ। ਬਾਕੀ ਬੁਲਾਰਿਆਂ ਨੇ ਵੀ ਇਸ ਗੰਭੀਰ ਚਰਚਾ ਵਿੱਚ ਯੋਗਦਾਨ ਪਾਇਆ। ਸੁਖਜੀਤ ਸੈਣੀ ਨੇ ਕੁਝ ਸ਼ੇਅਰ ਸਾਂਝੇ ਕੀਤੇ। ਰਚਨਾਵਾਂ ਦੇ ਦੌਰ ਵਿੱਚ ਸੁਖਵਿੰਦਰ ਤੂਰ ਨੇ ਪਾਲ ਢਿੱਲੋਂ ਦੀ ਕਵਿਤਾ ‘ਮੈਂ ਚਾਹੁੰਦਾ ਹਾਂ’, ਪਰਮਿੰਦਰ ਰਮਨ ਨੇ ਗ਼ਜ਼ਲ ‘ਪੱਥਰ ਦਿਲ ਤੇ ਧਰ ਲੈਂਦਾ ਹਾਂ’, ਮੰਗਲ ਚੱਠਾ ਨੇ ‘ਅਸੀਂ ਸਿੱਖ’ ਬਹੁਤ ਪ੍ਰਭਾਵਸ਼ਾਲੀ ਵਰਤਮਾਨ ਸਮੇਂ ਦੀ ਤਸਵੀਰ ਕਵਿਤਾ ਰਾਹੀ ਪੇਸ਼ ਕੀਤੀ, ਰਾਜਵੰਤ ਮਾਨ ਨੇ ਫ਼ੈਜ਼ ਅਹਿਮਦ ਫ਼ੈਜ਼ ਦਾ ਇੱਕ ਸ਼ੇਅਰ ਅਤੇ ਕਵਿਤਾ ‘ਮਿਹਨਤੀ ਇਨਸਾਨ’ ਕਿਸਾਨੀ ਸੰਘਰਸ਼ ਨਾਲ ਸਬੰਧਤ ਸੁਣਾਈ। ਗੁਰਦੀਸ਼ ਗਰੇਵਾਲ ਨੇ ‘ਬਿਰਹਣ ਦਾ ਸਾਵਣ’ ਸਾਉਣ ਦੇ ਮਹੀਨੇ ਦੀ ਮਹੱਤਤਾ ਬਿਆਨਦੀ ਕਵਿਤਾ ਸੁਣਾਈ। ਇਸੇ ਨਾਲ ਮੇਲ ਖਾਂਦਾ ਤਰਲੋਚਨ ਸੈਂਭੀ ਨੇ ਹਰਮੋਨੀਅਮ ਉੱਤੇ ਦੀਪਕ ਜੈਤੋਈ ਦਾ ਗੀਤ ‘ਆਹ ਲੈ ਮਾਏ ਸਾਂਭ ਕੁੰਜੀਆਂ’ ਖ਼ੂਬਸੂਰਤ ਅੰਦਾਜ਼ ਵਿਚ ਸੁਣਾਇਆ। ਹਰਮਿੰਦਰ ਚੁੱਘ ਨੇ ‘ਸੁਣ ਨੀ ਮਾਏ’ ਆਜ਼ਾਦੀ ਨਾਲ ਸਬੰਧਤ ਗੀਤ ਤਰੰਨਮ ਵਿੱਚ ਗਾਇਆ।ਸਰਬਜੀਤ ਉੱਪਲ ਨੇ ‘ਜੋਗੀਆ’ ਸਿਰਲੇਖ ਹੇਠ ‘ਟੱਪੇ’ ਪੇਸ਼ ਕੀਤੇ। ਮਹਿੰਦਰਪਾਲ ਐਸ ਪਾਲ ਨੇ ਬਹੁਤ ਹੀ ਖ਼ੂਬਸੂਰਤ ਵਤਨ ਦੀ ਯਾਦ ਕਰਵਾਉਂਦਾ ‘ਘਰ ਤੋ ਤੁਰ ਆਏ ਸਾਂ’ ਭਾਵੁਕ ਨਜ਼ਮ ਸਾਂਝੀ ਕੀਤੀ। ਇਸੇ ਸੰਦਰਭ ਵਿੱਚ ਮੀਤ ਪ੍ਰਧਾਨ ਬਲਵੀਰ ਗੋਰਾ ਨੇ ਇਕ ਗੀਤ ਦਾ ਅੰਤਰਾ ਤੇ ਦੂਸਰਾ ਪਿੰਡ ਦੀਆਂ ਯਾਦਾਂ ਨਾਲ ਸਬੰਧਤ ਗੀਤ ‘ਪਿੰਡ’ ਸੁਣਾ ਕੇ ਸਭ ਦੀ ਵਾਹ ਵਾਹ ਖੱਟੀ।ਡਾ ਮਨਮੋਹਨ ਕੌਰ ਨੇ ਗੁਰੂ ਹਰਗੋਬਿੰਦ ਜੀ ਦੇ ਵੱਲੋਂ ਤਖ਼ਤ ਸਾਹਿਬ ਜੀ ਦੀ ਨੀਂਹ ਰੱਖਣ ਵੇਲੇ ਉਸ ਵਿਧਾ ਨਾਲ ਜੁੜਿਆ ਪ੍ਰਸੰਗ ਸਾਂਝਾ ਕੀਤਾ ਤੇ ਡਾ. ਦੇਵਿੰਦਰ ਕੌਰ ਦੀ ਨਜ਼ਮ’ ਕਿਸ ਨੇ ਸੋਚਿਆ ਸੀ’ ਸੁਣਾਈ। ਬਲਜਿੰਦਰ ਸੰਘਾ ਤੇ ਰਣਜੀਤ ਸਿੰਘ ਇਸ ਮੌਕੇ ਹਾਜ਼ਰ ਸਨ। ਅਖੀਰ ਵਿੱਚ ਮੀਤ ਪ੍ਰਧਾਨ ਬਲਵੀਰ ਗੋਰਾ ਨੇ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਅਗਲੀ ਮੀਟਿੰਗ ਜੋ 15 ਅਗਸਤ ਨੂੰ ਹੈ।ਹਾਲਾਤ ਸਾਰਥਕ ਰਹੇ ਅਤੇ ਸਿਹਤ ਤੇ ਸਰਕਾਰੀ ਹਦਾਇਤਾਂ ਦੇ ਮੱਦੇਨਜ਼ਰ ਸ਼ਾਇਦ ਕੋਸੋ ਹਾਲ ਵਿੱਚ ਹੋਵੇਗੀ। ਉਸ ਦੀ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403 993 2201 ਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੂੰ 587 437 7805 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।