ਪੁਰਾਤਨ ਤੇ ਆਧੁਨਿਕ ਓਲੰਪਿਕ ਖੇਡਾਂ

ਪ੍ਰਿ. ਸਰਵਣ ਸਿੰਘ

ਪੁਰਾਤਨ ਓਲੰਪਿਕ ਖੇਡਾਂ 776 ਪੂਰਵ ਈਸਵੀ ਵਿਚ ਸ਼ੁਰੂ ਹੋਈਆਂ ਸਨ। ਪਹਿਲਾਂ ਸਟੇਡੀਅਮ ਦੀ ਇਕੋ ਦੌੜ ਲੱਗੀ ਸੀ ਤੇ ਖੇਡਾਂ ਇਕੋ ਦਿਨ ਵਿਚ ਸਮਾਪਤ ਹੋ ਗਈਆਂ ਸਨ। ਲਾਂਗਰੀ ਕੋਰੋਬਸ ਇਹ ਦੌੜ ਜਿੱਤਿਆ ਜਿਸ ਨੂੰ ਪ੍ਰਥਮ ਓਲੰਪਿਕ ਚੈਂਪੀਅਨ ਮੰਨਿਆ ਜਾਂਦਾ ਹੈ। ਫਿਰ ਇਹ ਖੇਡਾਂ ਪੰਜ ਦਿਨ ਹੋਣ ਲੱਗੀਆਂ ਤੇ ਈਵੈਂਟ ਵੀ ਪੰਜ ਹੋ ਗਏ ਜਿਨ੍ਹਾਂ ਵਿਚ ਕੁਸ਼ਤੀਆਂ ਤੇ ਰਥ ਦੌੜਾਂ ਸ਼ਾਮਲ ਸਨ। ਉਦੋਂ ਔਰਤਾਂ ਲਈ ਓਲੰਪਿਕ ਖੇਡਾਂ ਵੇਖਣੀਆਂ ਮਨ੍ਹਾਂ ਸਨ। ਕੋਈ ਵੇਖ ਲੈਂਦੀ ਤਾਂ ਲਾਗਲੀ ਪਹਾੜੀ ਤੋਂ ਸੁੱਟ ਕੇ ਮਾਰਨ ਦੀ ਸਜ਼ਾ ਸੀ। ਉਨ੍ਹਾਂ ਲਈ ਵੱਖਰੀ ਜਗ੍ਹਾ ਸੌ ਫੁੱਟ ਦੀ ਦੌੜ ਹੁੰਦੀ ਸੀ। ਇਹ ਖੇਡਾਂ ਚਾਰ ਸਾਲ ਪਿੱਛੋਂ ਜੂਨ-ਜੁਲਾਈ ਦੀ ਪੂਰਨਮਾਸ਼ੀ ਨੂੰ ਹੁੰਦੀਆਂ ਜਿਨ੍ਹਾਂ ਨੂੰ ਓਲੰਪੀਅਦ ਕਿਹਾ ਜਾਂਦਾ।

ਯੂਨਾਨ ਦੇ ਐਲਿਸ ਰਾਜ ਵਿਚ ਓਲਿੰਪੀਆ ਨਾਂ ਦਾ ਨਗਰ ਸੀ। ਉਹਦੇ ਦੱਖਣ-ਪੱਛਮ ਵੱਲ ਐਲਥੀਅਸ ਨਦੀ ਵਹਿੰਦੀ ਸੀ ਜੋ ਓਲਿੰਪੀਆ ਦੀ ਵਾਦੀ ਨੂੰ ਖੇੜਾ ਬਖਸ਼ਦੀ। ਦੂਜੇ ਪਾਸੇ ਕਲਾਦੀਅਸ ਨਦੀ ਸੀ। ਯੂਨਾਨ ਨੇ ਸੰਸਾਰ ਨੂੰ ਫ਼ਲਸਫ਼ਾ, ਰੰਗ-ਮੰਚ, ਮਹਾਂ-ਕਾਵਿ, ਬੁਤਕਾਰੀ, ਇਮਾਰਤਸਾਜ਼ੀ ਤੇ ਨਾਟਕ-ਚੇਟਕ ਵਾਲੀ ਅਮੀਰ ਸੱਭਿਅਤਾ ਹੀ ਨਹੀਂ ਦਿੱਤੀ ਸਗੋਂ ‘ਬਲਵਾਨ ਜੁੱਸੇ ਵਿਚ ਬਲਵਾਨ ਬੁੱਧੀ’ ਦਾ ਵਾਧਾ ਕਰਨ ਵਾਲੀਆਂ ਓਲੰਪਿਕ ਖੇਡਾਂ ਵੀ ਦਿੱਤੀਆਂ। ਓਲੰਪਿਕ ਖੇਡਾਂ ਬਾਰੇ ਕਈ ਕਥਾਵਾਂ ਹਨ। ਇਕ ਦੰਦ-ਕਥਾ ਅਨੁਸਾਰ ਐਲਿਸ ਰਾਜ ਦੇ ਰਾਜੇ ਓਨੋਮਸ ਨੇ ਸ਼ਰਤ ਰੱਖੀ ਸੀ ਕਿ ਉਹ ਆਪਣੀ ਧੀ ਹਿਪੋਡੇਮੀਆ ਉਸੇ ਰਾਜਕੁਮਾਰ ਨਾਲ ਵਿਆਹੇਗਾ ਜਿਹੜਾ ਰਾਜੇ ਦੇ ਰੱਥ ਨੂੰ ਡਾਹੀ ਨਾ ਦੇਵੇ। ਡਾਹੀ ਲੈਣ ਦੀ ਸੂਰਤ ਵਿਚ ਭਾਲੇ ਨਾਲ ਮਾਰੇ ਜਾਣ ਦੀ ਸਜ਼ਾ ਸੀ। ਰਾਜਕੁਮਾਰੀ ਨੂੰ ਵਿਆਹੁਣ ਲਈ ਰਾਜਕੁਮਾਰ ਨਿੱਤਰਦੇ ਰਹੇ। ਉਹ ਰਾਜਕੁਮਾਰੀ ਨੂੰ ਆਪਣੇ ਰੱਥ ਵਿਚ ਬਿਠਾ ਕੇ ਦੌੜਦੇ ਤੇ ਸ਼ਾਹੀ ਰੱਥ ਪਿੱਛਾ ਕਰਦਾ। ਇੰਜ ਕਰਦਿਆਂ ਓਨੋਮਸ ਨੇ ਤੇਰਾਂ ਉਮੀਦਵਾਰ ਜੁਆਈਆਂ ਨੂੰ ਮਾਰਿਆ।

ਫਿਰ ਜੀਅਸ ਦੇ ਪੁੱਤਰ ਪੈਲੋਪਸ ਦੀ ਵਾਰੀ ਆਈ। ਉਸ ਨੇ ਸ਼ਾਹੀ ਰੱਥ ਦੀ ਧੁਰੀ ਢਿੱਲੀ ਕਰਵਾ ਦਿੱਤੀ। ਜਦੋਂ ਪੈਲੋਪਸ ਰਾਜਕੁਮਾਰੀ ਨੂੰ ਲੈ ਕੇ ਦੌੜਿਆ ਤਾਂ ਓਨੋਮਸ ਨੇ ਪਿੱਛਾ ਕੀਤਾ। ਓਨੋਮਸ ਪੈਲੋਪਸ ਤਕ ਪੁੱਜਣ ਹੀ ਵਾਲਾ ਸੀ ਕਿ ਸ਼ਾਹੀ ਰੱਥ ਦਾ ਪਹੀਆ ਨਿਕਲ ਗਿਆ, ਰੱਥ ਉਲਟ ਗਿਆ ਤੇ ਓਨੋਮਸ ਦੀ ਮੌਤ ਹੋ ਗਈ। ਪੈਲੋਪਸ ਨੂੰ ਨਾ ਕੇਵਲ ਰਾਜਕੁਮਾਰੀ ਮਿਲੀ ਬਲਕਿ ਐਲਿਸ ਦਾ ਰਾਜ ਵੀ ਮਿਲ ਗਿਆ। ਰਾਜ ਭਾਗ ਮਿਲਣ ਦੀ ਖ਼ੁਸ਼ੀ ਵਿਚ ਉਸ ਨੇ ਓਲੰਪਿਕ ਖੇਡਾਂ ਕਰਾਉਣ ਦਾ ਜਸ਼ਨ ਮਨਾਇਆ।

ਪੁਰਾਤਨ ਓਲੰਪਿਕ ਖੇਡਾਂ 776 ਪੂਰਵ ਈਸਵੀ ਤੋਂ 392 ਈਸਵੀ ਤਕ ਹਰ ਚਾਰ ਸਾਲਾਂ ਬਾਅਦ ਹੁੰਦੀਆਂ ਰਹੀਆਂ। ਖੇਡਾਂ ਦੌਰਾਨ ਲੜਾਈਆਂ ਬੰਦ ਰਹਿੰਦੀਆਂ। ਫਿਰ ਰੋਮ ਦੇ ਸ਼ਹਿਨਸ਼ਾਹ ਥਿਓਡਾਸੀਅਸ ਪਹਿਲੇ ਨੇ 393 ਈਸਵੀ ਵਿਚ ਓਲਿੰਪੀਆ ਦੇ ਮੰਦਰਾਂ ਵਿਚ ਜਾਣ ’ਤੇ ਪਾਬੰਦੀ ਲਗਾ ਦਿੱਤੀ ਤੇ 426 ਈਸਵੀ ਵਿਚ ਥਿਓਡਾਸੀਅਸ ਦੂਜੇ ਨੇ ਮੰਦਰਾਂ ਨੂੰ ਅੱਗ ਲੁਆ ਦਿੱਤੀ। ਦੋ ਸਦੀਆਂ ਪਿੱਛੋਂ ਓਲਿੰਪੀਆ ਦੀ ਵਾਦੀ ਵਿਚ ਭੂਚਾਲ ਆਇਆ ਜਿਸ ਨਾਲ ਖੇਡਦੀ-ਮੱਲ੍ਹਦੀ ਨਗਰੀ ਥੇਹ ਬਣ ਗਈ। ਕਲ-ਕਲ ਵਹਿੰਦੀ ਕਲਾਦੀਅਸ ਨਦੀ ਐਲਥੀਅਸ ਨਦੀ ਵਿਚ ਜਾ ਮਿਲੀ ਤੇ ਓਲਿੰਪੀਆ ਨਗਰੀ ਉਹਦੀ ਕੁੱਖ ਵਿਚ ਸਮਾ ਗਈ।

ਲਗਭਗ ਪੰਦਰਾਂ ਸੌ ਸਾਲ ਕਿਸੇ ਨੇ ਓਲਿੰਪੀਆ ਦੀ ਸਾਰ ਨਾ ਲਈ। 1875 ਤੋਂ 1881 ਈਸਵੀ ਤਕ ਕੀਤੀ ਖੁਦਾਈ ਨੇ ਓਲਿੰਪੀਆ ਦੇ ਖੰਡਰ ਲੱਭ ਲਏ। 25 ਨਵੰਬਰ 1892 ਨੂੰ ਫਰਾਂਸ ਦੇ ਸ਼ਹਿਰ ਸੋਰਬੋਨ ਵਿਖੇ ਪੀਅਰੇ ਦਿ ਕੂਬਰਤਿਨ ਨੇ ਓਲੰਪਿਕ ਖੇਡਾਂ ਦੀ ਪੁਨਰ ਸੁਰਜੀਤੀ ਦੇ ਵਿਸ਼ੇ ’ਤੇ ਭਾਸ਼ਨ ਦਿੱਤਾ। ਜੂਨ 1894 ਵਿਚ ਪੈਰਿਸ ਵਿਖੇ ਖੇਡ ਪ੍ਰੇਮੀਆਂ ਦੀ ਕੌਮਾਂਤਰੀ ਮੀਟਿੰਗ ਸੱਦੀ ਗਈ ਜਿਸ ਵਿਚ 12 ਦੇਸ਼ਾਂ ਦੇ 79 ਡੈਲੀਗੇਟ ਤੇ 49 ਖੇਡ ਸਭਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ। ਉੱਥੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਬਣਾ ਕੇ ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ 1900 ਈਸਵੀ ਵਿਚ ਪੈਰਿਸ ਵਿਖੇ ਕਰਾਉਣ ਦਾ ਪ੍ਰੋਗਰਾਮ ਬਣਿਆ।

ਜਦੋਂ ਕੂਬਰਤਿਨ ਪੁਰਾਤਨ ਓਲੰਪਿਕ ਖੇਡਾਂ ਦੇ ਦੇਸ਼ ਯੂਨਾਨ ਦੇ ਦੌਰੇ ’ਤੇ ਗਿਆ ਤਾਂ ਏਥਨਜ਼ ਵਾਸੀਆਂ ਨੇ ਕਿਹਾ ਕਿ ਓਲੰਪਿਕ ਖੇਡਾਂ ਏਥਨਜ਼ ਤੋਂ ਹੀ ਪੁਨਰ ਸੁਰਜੀਤ ਹੋਣੀਆਂ ਚਾਹੀਦੀਆਂ ਹਨ। ਤਦ ਫੈਸਲਾ ਹੋਇਆ ਕਿ ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ 1896 ਵਿਚ ਏਥਨਜ਼ ਵਿਖੇ ਹੋਣਗੀਆਂ। 23 ਜੁਲਾਈ 2021 ਤੋਂ 8 ਅਗਸਤ ਤਕ 32ਵੀਆਂ ਓਲੰਪਿਕ ਖੇਡਾਂ ਹੋ ਰਹੀਆਂ ਹਨ।