ਪਾਇਲ ਨੂੰ ਸਰਵੋਤਮ ਦਸਤਾਵੇਜ਼ੀ ਫ਼ਿਲਮ ਪੁਰਸਕਾਰ, ਵਿਰੋਧ ਪ੍ਰਦਰਸ਼ਨਾਂ ਦੌਰਾਨ ਹੋਈ ਸੀ ਕਾਰਵਾਈ

ਨਵੀਂ ਦਿੱਲੀ : ਮੁੰਬਈ ਦੀ ਫ਼ਿਲਮ ਨਿਰਮਾਤਾ ਪਾਇਲ ਕਪਾਡੀਆ ਨੂੰ 74ਵੇਂ ਕਾਨਸ ਫ਼ਿਲਮ ਉਤਸਵ ਵਿਚ ਉਨ੍ਹਾਂ ਦੀ ਫ਼ਿਲਮ ‘ਅ ਨਾਈਟ ਆਫ ਨੋਇੰਗ ਨਥਿੰਗ’ ਲਈ ਸਰਵੋਤਮ ਦਸਤਾਵੇਜ਼ੀ ਦਾ ਓਈਲ ਡੀ’ਓਰ-ਗੋਲਡਨ ਆਈ ਪੁਰਸਕਾਰ ਮਿਲਿਆ ਹੈ।
ਕਪਾਡੀਆ ਨੇ 2015 ਵਿਚ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਸੰਸਥਾ (ਐਫ.ਟੀ.ਆਈ.ਆਈ.) ਦੇ ਮੁਖੀ ਵਜੋਂ ਗਜੇਂਦਰ ਚੌਹਾਨ ਦੀ ਨਿਯੁਕਤੀ ਖ਼ਿਲਾਫ਼ ਚਾਰ ਮਹੀਨੇ ਤੱਕ ਚੱਲੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ।
ਇਹ ਪ੍ਰਦਰਸ਼ਨ ਐਫ.ਟੀ.ਆਈ.ਆਈ. ਕੈਂਪਸ ਵਿਚ ਸਭ ਤੋਂ ਲੰਬੇ ਚੱਲੇ ਪ੍ਰਦਰਸ਼ਨਾਂ ਵਿਚੋਂ ਇਕ ਸੀ। ਇਸ ਦੌਰਾਨ ਵਿਦਿਆਰਥੀਆਂ ਨੇ ਸੰਸਥਾ ਦੀ ਅਗਵਾਈ ਲਈ ਚੌਹਾਨ ਦੀ ਸਮਰੱਥਾ ‘ਤੇ ਸਵਾਲ ਉਠਾਉਂਦਿਆਂ ਕਲਾਸਾਂ ਦਾ ਬਾਈਕਾਟ ਕੀਤਾ ਸੀ।
ਜ਼ਿਕਰਯੋਗ ਹੈ ਕਿ ਚੌਹਾਨ ਨੇ ਕਈ ਮਿਥਹਾਸਕ ਲੜੀਵਾਰਾਂ ਵਿਚ ਕੰਮ ਕੀਤਾ ਹੈ ਅਤੇ ਨਿਯੁਕਤੀ ਸਮੇਂ ਉਹ ਭਾਜਪਾ ਆਗੂ ਸਨ। ਇਸ ਮਾਮਲੇ ਵਿਚ ਪੁਣੇ ਪੁਲੀਸ ਨੇ ਪਾਇਲ ਕਪਾਡੀਆ ਅਤੇ 34 ਹੋਰਨਾਂ ਵਿਦਿਆਰਥੀਆਂ ਖ਼ਿਲਾਫ਼ ਐਫ.ਆਈ.ਆਰ ਦਰਜ ਵੀ ਕੀਤੀ ਸੀ।
ਦਰਅਸਲ ਐਫ.ਟੀ.ਆਈ.ਆਈ. ਦੇ ਤਤਕਾਲੀ ਡਾਇਰੈਕਟਰ ਪ੍ਰਸ਼ਾਂਤ ਪਥਰਾਬੇ ਨੇ ਅਧੂਰੇ ਅਸਾਈਨਮੈਂਟ ‘ਤੇ ਹੀ ਵਿਦਿਆਰਥੀਆਂ ਨੂੰ ਗਰੇਡਿੰਗ ਦੇਣ ਦਾ ਫ਼ੈਸਲਾ ਕੀਤਾ ਸੀ, ਜਿਸ ਦੇ ਵਿਰੋਧ ਵਿਚ ਕਪਾਡੀਆ ਸਮੇਤ ਇਨ੍ਹਾਂ ਵਿਦਿਆਰਥੀਆਂ ਨੇ ਉਨ੍ਹਾਂ ਦੇ ਦਫ਼ਤਰ ਵਿਚ ਕਥਿਤ ਤੌਰ ‘ਤੇ ਭੰਨ-ਤੋੜ ਕੀਤੀ ਸੀ ਅਤੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਸੀ। ਕਪਾਡੀਆ ਦੇ ਵਜੀਫੇ ਵਿਚ ਵੀ ਕਟੌਤੀ ਕੀਤੀ ਗਈ ਸੀ।
ਹਾਲਾਂਕਿ 2017 ਵਿਚ ‘ਹਿੰਦੂਸਤਾਨ ਟਾਈਮਜ਼’ ਨੇ ਆਪਣੀ ਰਿਪੋਰਟ ਵਿਚ ਦੱਸਿਆ ਸੀ ਕਿ ਕਪਾਡੀਆ ਦੀ 13 ਮਿੰਟ ਦੀ ਫ਼ਿਲਮ ‘ਆਫਟਰਨੂਨ ਕਲਾਉਡਸ’ ਨੂੰ ਕਾਨਸ ਵਿਚ ਸਕਰੀਨਿੰਗ ਲਈ ਚੁਣੇ ਜਾਣ ‘ਤੇ ਐਫ.ਟੀ.ਆਈ.ਆਈ. ਨੇ ਉਨ੍ਹਾਂ ਦੀ ਯਾਤਰਾ ਦਾ ਖ਼ਰਚ ਚੁੱਕਣ ਵਿਚ ਮਦਦ ਦੀ ਪੇਸ਼ਕਸ਼ ਕੀਤੀ ਸੀ। ਉਦੋਂ ਤੱਕ ਚੌਹਾਨ ਦੀ ਥਾਂ ਭਾਜਪਾ ਸਮਰਥਕ ਅਨੂਪਮ ਖੇਰ ਨੂੰ ਐਫ.ਟੀ.ਆਈ.ਆਈ. ਦਾ ਮੁਖੀ ਨਿਯੁਕਤ ਕੀਤਾ ਗਿਆ ਸੀ।
ਕਪਾਡੀਆ ਦੀ ਹਾਲੀਆ ਫ਼ਿਲਮ ‘ਅ ਨਾਈਟ ਆਫ ਨੋਇੰਗ ਨਥਿੰਗ’ ਭਾਰਤ ਵਿਚ ਯੂਨੀਵਰਸਿਟੀ ਵਿਚ ਪੜ੍ਹਨ ਵਾਲੀ ਵਿਦਿਆਰਥਣ ਦੀ ਕਹਾਣੀ ਹੈ, ਜੋ ਆਪਣੇ ਪ੍ਰੇਮੀ ਨੂੰ ਖ਼ਤ ਲਿਖਦੀ ਹੈ, ਜੋ ਉਸ ਤੋਂ ਦੂਰ ਹੈ।
ਡਾਇਰੈਕਟਰਜ਼ ਫੋਰਟਨਾਈਟ ਦੀ ਅਧਿਕਾਰਤ ਵੈੱਬਸਾਈਟ ‘ਤੇ ਲਿਖੀ ਪੋਸਟ ਮੁਤਾਬਕ, ‘ਇਨ੍ਹਾਂ ਖ਼ਤਾਂ ਰਾਹੀਂ ਸਾਨੂੰ ਉਸ ਦੇ ਆਲੇ-ਦੁਆਲੇ ਹੋ ਰਹੇ ਬਦਲਾਵਾਂ ਦੀ ਝਲਕ ਮਿਲਦੀ ਹੈ। ਅਸਲੀਅਤ ਦੇ ਨਾਲ ਫਿਕਸ਼ਨ, ਸੁਪਨੇ, ਯਾਦਾਂ, ਕਲਪਨਾਵਾਂ ਅਤੇ ਬੇਚੈਨੀਆਂ ਨੂੰ ਮਿਲਾ ਕੇ ਇਕ ਬਿਹਤਰੀਣ ਕਹਾਣੀ ਸਾਹਮਣੇ ਆਉਂਦੀ ਹੈ।
ਪੰਜ ਮੈਂਬਰੀ ਜੂਰੀ ਦੀ ਅਗਵਾਈ ਅਮਰੀਕੀ ਡਾਕੂਮੈਂਟਰੀ ਨਿਰਮਾਤਾ ਏਰਜਾ ਐਡੇਲਮੈਨ ਨੇ ਕੀਤਾ। ਜੂਰੀ ਵਿਚ ਹੋਰ ਨਾਮ ਫਰਾਂਸੀਸੀ ਫ਼ਿਲਮ ਨਿਰਮਾਤਾ ਜੂਲੀ ਬਟੁਸੇਰਲੀ, ਫਰਾਂਸੀਸੀ ਅਭਿਨੇਤਾ ਡੇਬੋਰਾ ਫਰੇਂਕੋਈਸ, ਫਰਾਂਸੀਸੀ-ਅਮਰੀਕੀ ਫ਼ਿਲਮ ਸਮੀਖਿਅਕ ਆਈਰਿਸ ਬ੍ਰੇ ਅਤੇ ਐਮਸਟਰਡਮ ਦੇ ਕੌਮਾਂਤਰੀ ਫ਼ਿਲਮ ਉਤਸਵ ਦੇ ਕਲਾਤਮਕ ਡਾਇਰੈਕਟਰ ਓਰਵਾ ਨਯਾਰਾਬਿਆ ਸਨ।

Leave a Reply

Your email address will not be published. Required fields are marked *