ਕਰੋਨਾ ਦੇ ਪ੍ਰਛਾਵੇਂ ਹੇਠ 32ਵੀਂ ਓਲੰਪਿਕ ਖੇਡਾਂ ਸ਼ੁਰੂ

ਟੋਕੀਓ : ਕਰੋਨਾ ਮਹਾਮਾਰੀ ਕਾਰਨ ਇਕ ਸਾਲ ਦੀ ਦੇਰੀ ਨਾਲ ਹੋ ਰਹੇ ਟੋਕੀਏ ਓਲੰਪਿਕ ਦੀ ਸ਼ੁੱਕਰਵਾਰ ਸ਼ਾਮ ਓਪਨਿੰਗ ਸੈਰਾਮਨੀ ਸ਼ੁਰੂ ਹੋ ਗਈ। ਆਮ ਤੌਰ ‘ਤੇ ਓਪਨਿੰਗ ਸੈਰਾਮਨੀ ਅਤੇ ਸਾਰੇ ਦੇਸ਼ਾਂ ਦੇ ਖਿਡਾਰੀਆਂ ਦਾ ਮਾਰਚ ਪਾਸਟ ਓਲੰਪਿਕ ਖੇਡਾਂ ਦੇ ਮੁੱਖ ਆਕਰਸ਼ਨ ਵਿਚੋਂ ਇਕ ਹੁੰਦਾ ਹੈ, ਪਰ ਇਸ ਵਾਰ ਕਰੋਨਾ ਕਾਰਨ ਸਿਰਫ਼ ਇਕ ਹਜ਼ਾਰ ਖਿਡਾਰੀ ਅਤੇ ਅਧਿਕਾਰੀ ਹੀ ਇਸ ਪ੍ਰੋਗਰਾਮ ਵਿਚ ਮੌਜੂਦ ਹਨ। ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਅਨੁਮਾਨ ਮੁਤਾਬਕ ਦੁਨੀਆ ਭਰ ਵਿਚ ਕਰੀਬ 350 ਕਰੋੜ ਲੋਕ ਟੀ.ਵੀ. ਸਮਾਰਟਫੋਨ, ਲੈਪਟਾਪ ਵਰਗੇ ਡਿਵਾਈਸਾਂ ‘ਤੇ ਇਹ ਸਮਾਰਹੋ ਦੇਖ ਰਹੇ ਹਨ।
ਇਸ ਵਾਰ ਓਲੰਪਿਕ ਵਿਚ ਕਰੀਬ 11,238 ਖਿਡਾਰੀ 33 ਖੇਡਾਂ ਵਿਚ 339 ਗੋਲਡ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਓਪਨਿੰਗ ਸੈਰਾਮਨੀ ਵਿਚ ਜਪਾਨ ਦੇ ਸਮਰਾਟ ਨਾਰੂਹਿਤੋ ਵੀ ਸ਼ਾਮਲ ਹੋਏ ਹਨ। ਨੋਬੇਲ ਸ਼ਾਂਤੀ ਪੁਰਸਕਾਰ ਜਿੱਤ ਚੁੱਕੇ ਬੰਗਲਾਦੇਸ਼ ਦੇ ਮੁਹੰਮਦ ਯੂਨੁਸ ਨੂੰ ਵਿਸ਼ੇਸ਼ ਓਲੰਪਿਕ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।
ਇਸ ਵਾਰ ਓਲੰਪਿਕ ਵਿਚ ਭਾਰਤ ਦੇ 124 ਐਥਲੀਟ ਹਿੱਸਾ ਲੈ ਰਹੇ ਹਨ। ਇਸ ਵਿਚ 69 ਪੁਰਸ਼ ਅਤੇ 55 ਔਰਤਾਂ ਐਥਲੀਟ ਅਤੇ ਬਾਕੀ ਸਟਾਫ ਮੈਂਬਰ ਹੋਣਗੇ। ਭਾਰਤੀ ਐਥਲੀਟ ਇਸ ਵਾਰ 85 ਮੈਡਲ ਲਈ ਦਾਅਵੇਦਾਰੀ ਪੇਸ਼ ਕਰਨਗੇ। ਭਾਰਤ ਨੇ ਓਪਨਿੰਗ ਸੈਰਾਮਨੀ ਲਈ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ 6 ਵਾਰ ਦੀ ਬਾਕਸਿੰਗ ਵਰਲਡ ਚੈਂਪੀਅਨ ਐਮ.ਸੀ. ਮੈਰੀਕਾਮ ਨੂੰ ਝੰਡਾ ਫੜਾਇਆ ਗਿਆ।