ਮੀਰਾਬਾਈ ਚਾਨੂ ਨੇ ਓਲੰਪਿਕਸ ਵਿੱਚ ਜਿੱਤਿਆ ਚਾਂਦੀ ਦਾ ਤਗਮਾ, ਭਾਰਤੀ ਹਾਕੀ ਟੀਮ ਨੇ ਕੀਤੀ ਜੇਤੂ ਸ਼ੁਰੂਆਤ

ਟੋਕੀਓ : ਓਲੰਪਿਕਸ ਵਿੱਚ ਅੱਜ ਭਾਰਤ ਦੀ ਵੇਟਲਿਫਟਰ ਮੀਰਾਬਾਈ ਚਾਨੂ ਨੇ 49 ਕਿਲੋਗ੍ਰਾਮ ਵਰਗ ’ਚ ਚਾਂਦੀ ਦਾ ਤਗਮਾ ਜਿੱਤ ਲਿਆ। ਮੀਰਾਬਾਈ ਚਾਨੂ ਨੇ ਓਲੰਪਿਕ ਵਿਚ ਵੇਟਲਿਫਟਿੰਗ ਮੈਡਲ ਦੇ 21 ਸਾਲ ਦੇ ਇੰਤਜ਼ਾਰ ਨੂੰ ਖਤਮ ਕੀਤਾ। ਚਾਨੂ ਨੇ ਕਲੀਨ ਤੇ ਜਰਕ ਵਿੱਚ 115 ਕਿਲੋ ਤੇ ਸਨੈਚ ਵਿੱਚ 87 ਕਿਲੋ ਨਾਲ ਕੁੱਲ 202 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਇਸ ਤੋਂ ਪਹਿਲਾਂ ਸਾਲ 2000 ਵਿੱਚ ਕਰਨਮ ਮੱਲੇਸ਼ਵਰੀ ਨੇ ਸਿਡਨੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਚੀਨ ਨੇ ਇਸ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਇਸ ਪ੍ਰਾਪਤੀ ਮਗਰੋਂ ਚਾਨੂ ਨੇ ਕਿਹਾ ਕਿ ਉਹ ਬੇਹੱਦ ਖੁ਼ਸ਼ ਹੈ ਤੇ ਪਿਛਲੇ ਪੰਜ ਸਾਲ ਤੋਂ ਇਹ ਸੁਫ਼ਨਾ ਦੇਖ ਰਹੀ ਸੀ। ਇਸ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਨੂ ਨੂੰ ਵਧਾਈ ਦਿੱਤੀ ਹੈ।

ਭਾਰਤੀ ਪੁਰਸ਼ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਇਥੇ ਓਲੰਪਿਕਸ ਆਪਣੀ ਜੇਤੂ ਸ਼ੁਰੂਆਤ ਕੀਤੀ। ਫੈਸਲਾਕੁਨ ਸਮੇਂ ਦੌਰਾਨ ਗੋਲਕੀਪਰ ਸ੍ਰੀਜੇਸ਼ ਦੀ ਸ਼ਾਨਦਾਰ ਖੇਡ ਦੀ ਬਦੌਲਤ ਭਾਰਤ ਨੇ ਇਕ ਗੋਲ ਨਾਲ ਪਛੜਣ ਦੇ ਬਾਵਜੂਦ ਇਹ ਮੈਚ ਜਿੱਤਿਆ। ਨਿਊਜ਼ੀਲੈਂਡ ਲਈ ਪਹਿਲਾ ਗੋਲ ਛੇਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਾਹਰ ਕੇਨ ਰਸਲ ਨੇ ਕੀਤਾ। ਰੁਪਿੰਦਰ ਪਾਲ ਸਿੰਘ ਨੇ 10ਵੇਂ ਮਿੰਟ ਵਿੱਚ ਪੈਨਲਟੀ ਸਟਰੋਕ ਉੱਤੇ ਗੋਲ ਕਰਕੇ ਭਾਰਤ ਨੂੰ ਬਰਾਬਰ ਕਰ ਦਿੱਤਾ। ਹਰਮਨਪ੍ਰੀਤ ਸਿੰਘ ਨੇ 26ਵੇਂ ਅਤੇ 33ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨਾਲ ਗੋਲ ਕੀਤੇ, ਜਦਕਿ ਸਟੀਫਨ ਜੈਨਿਸ ਨੇ 43ਵੇਂ ਮਿੰਟ ਵਿੱਚ ਨਿਊਜ਼ੀਲੈਂਡ ਲਈ ਦੂਜਾ ਗੋਲ ਕੀਤਾ।

Leave a Reply

Your email address will not be published. Required fields are marked *