ਭਾਰਤੀ ਮਹਿਲਾ ਹਾਕੀ ਟੀਮ ਨੇ ਇਤਿਹਾਸ ਰਚਿਆ, ਆਸਟਰੇਲੀਆ ਨੂੰ ਹਰਾ ਸੈਮੀ ਫਾਈਨਲ ਵਿੱਚ ਪਹੁੰਚੀ

ਟੋਕੀਓ : ਭਾਰਤੀ ਮਹਿਲਾ ਹਾਕੀ ਟੀਮ ਇਤਿਹਾਸਕ ਜਿੱਤ ਦਰਜ ਕਰਦਿਆਂ ਪਹਿਲੀ ਵਾਰ ਓਲੰਪਿਕ ਖੇਡਾਂ ਦੇ ਸੈਮੀ ਫਾਈਨਲ ’ਚ ਪਹੁੰਚ ਗਈ ਹੈ। ਡਰੈਗਫਲਿਕਰ ਗੁਰਜੀਤ ਕੌਰ ਦੇ ਗੋਲ ਅਤੇ ਗੋਲਕੀਪਰ ਸਵਿਤਾ ਦੀ ਅਗਵਾਈ ਵਿੱਚ ਰੱਖਿਆ ਪੰਕਤੀ ਵਧੀਆ ਕਾਰਗੁਜ਼ਾਰੀ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਸੋਮਵਾਰ ਨੂੰ ਇੱਥੇ ਟੋਕੀਓ ਓਲੰਪਿਕ ਖੇਡਾਂ ਦੇ ਕੁਆਰਟਰ ਫਾਈਨਲ ਵਿੱਚ ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਆਸਟਰੇਲੀਆ ਨੂੰ 1-0 ਨਾਲ ਹਰਾ ਦਿੱਤਾ। ਭਾਰਤੀ ਮਹਿਲਾ ਟੀਮ ਦਾ ਵਿਸ਼ਵ ਦਰਜਾਬੰਦੀ ’ਚ ਨੌਵਾਂ ਸਥਾਨ ਹੈ। ਸੈਮੀ ਫਾਈਨਲ ਵਿੱਚ ਟੀਮ ਦਾ ਮੁਕਾਬਲਾ ਬੁੱਧਵਾਰ ਨੂੰ ਅਰਜਨਟੀਨਾ ਨਾਲ ਹੋਵੇਗਾ, ਜਿਸ ਨੇ ਇੱਕ ਹੋਰ ਕੁਆਰਟਰ ਫਾਈਨਲ ਵਿੱਚ ਜਰਮਨੀ ਨੂੰ 3-0 ਨਾਲ ਹਰਾਇਆ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਮਹਿਲਾ ਹਾਕੀ ਟੀਮ ਨੇ ਸਭ ਤੋਂ ਵਧੀਆ ਪ੍ਰਦਰਸ਼ਨ 1980 ਦੀਆਂ ਮਾਸਕੋ ਓਲੰਪਿਕ ’ਚ ਖੇਡਾਂ ਵਿੱਚ ਕੀਤਾ ਸੀ। ਮਾਸਕੋ ਓਲੰਪਿਕ ’ਚ ਛੇ ਟੀਮਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਚੌਥੇ ਸਥਾਨ ’ਤੇ ਰਹੀ ਸੀ। ਇਹ ਵੀ ਜ਼ਿਕਰਯੋਗ ਹੈ ਕਿ 41 ਸਾਲ ਪਹਿਲਾਂ 1980 ਦੀਆਂ ਮਾਸਕੋ ਓਲੰਪਿਕ ਵਿੱਚ ਹੀ ਮਹਿਲਾ ਹਾਕੀ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ। ਉਸ ਸਮੇਂ ਮਹਿਲਾ ਹਾਕੀ ਦੇ ਮੁਕਾਬਲੇ ਰਾਊਂਡ ਰੌਬਿਨ ਫਾਰਮੈਟ ਦੇ ਆਧਾਰ ’ਤੇ ਖੇਡੇ ਗਏ ਸਨ।

ਭਾਰਤੀ ਖਿਡਾਰਨ ਗੁਰਜੀਤ ਨੇ 22ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਤੋਂ ਅਹਿਮ ਗੋਲ ਕੀਤਾ। ਇਸ ਮਗਰੋਂ ਭਾਰਤੀ ਟੀਮ ਨੇ ਗੋਲ ਹੋਣ ਤੋਂ ਬਚਾਉਣ ਵਿੱਚ ਆਪਣਾ ਪੂਰਾ ਜ਼ੋਰ ਲਗਾਇਆ, ਜਿਸ ਵਿੱਚ ਟੀਮ ਪੂਰੀ ਤਰ੍ਹਾਂ ਸਫਲ ਵੀ ਰਹੀ। ਗੋਲਕੀਪਰ ਸਵਿਤਾ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ ਅਤੇ ਬਾਕੀ ਡਿਫੈਂਡਰਾਂ ਨੇ ਉਸ ਦਾ ਬਾਖੂਬੀ ਸਾਥ ਦਿੱਤਾ। ਗੁਰਜੀਤ ਨੇ ਮੈਚ ਤੋਂ ਬਾਅਦ ਕਿਹਾ, ‘ਅਸੀਂ ਬਹੁਤ ਖੁਸ਼ ਹਾਂ। ਇਹ ਸਾਡੀ ਕਰੜੀ ਮਿਹਨਤ ਦਾ ਨਤੀਜਾ ਹੈ। ਅਸੀਂ 1980 ’ਚ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਪਰ ਇਸ ਵਾਰ ਅਸੀਂ ਸੈਮੀ ਫਾਈਨਲ ’ਚ ਪਹੁੰਚੀਆਂ ਹਾਂ। ਇਹ ਸਾਡੇ ਲਈ ਮਾਣ ਵਾਲੀ ਘੜੀ ਹੈ।’ ਉਸ ਨੇ ਕਿਹਾ, ‘ਟੀਮ ਇੱਕ ਪਰਿਵਾਰ ਵਾਂਗ ਹੈ। ਅਸੀਂ ਇੱਕ ਦੂਜੇ ਦਾ ਸਮਰਥਨ ਕਰਦੇ ਹਾਂ ਅਤੇ ਸਾਨੂੰ ਦੇਸ਼ ਦਾ ਸਮਰਥਨ ਮਿਲਦਾ ਹੈ। ਅਸੀਂ ਬਹੁਤ ਖੁਸ਼ ਹਾਂ।’ 

Leave a Reply

Your email address will not be published. Required fields are marked *