ਪਹਿਲਵਾਨ ਰਵੀ ਦਹੀਆ ਫਾਈਨਲ ‘ਚ, ਹਾਕੀ ‘ਚ ਮਹਿਲਾ ਹਾਕੀ ਟੀਮ ਸੈਮੀਫਾਈਨਲ ਹਾਰੀ

ਟੋਕੀਓ : ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਨੇ ਟੋਕੀਓ ਓਲੰਪਿਕ ਵਿੱਚ ਇਤਿਹਾਸ ਰਚਦਿਆਂ ਅੱਜ ਸੈਮੀ-ਫਾਈਨਲ ਮੁਕਾਬਲੇ ਵਿੱਚ ਕਜ਼ਾਖਸਤਾਨ ਦੇ ਪਹਿਲਵਾਨ ਨੂੰ ਮਾਤ ਦੇ ਕੇ ਚਾਂਦੀ ਦਾ ਤਗਮਾ ਪੱਕਾ ਕਰ ਲਿਆ ਹੈ। ਰਵੀ ਕੁਮਾਰ ਨੇ ਪੁਰਸ਼ਾਂ ਦੇ ਫਰੀਸਟਾਈਲ 57 ਕਿਲੋ ਭਾਰ ਵਰਗ ਦੇ ਕੁਸ਼ਤੀ ਦੇ ਸੈਮੀ-ਫਾਈਨਲ ਮੁਕਾਬਲੇ ਵਿੱਚ ਕਜ਼ਾਖਸਤਾਨ ਦੇ ਸਾਨਾਯੇਵ ਨੂਰੀਸਲਾਮ ਨੂੰ ਹਰਾ ਕੇ ਟੋਕੀਓ ਓਲੰਪਿਕ ਦੇ ਫਾਈਲਲ ਮੁਕਾਬਲੇ ਵਿੱਚ ਥਾਂ ਬਣਾ ਲਈ ਹੈ। ਹਰਿਆਣਾ ਦੇ ਇਸ ਪਹਿਲਵਾਨ ਨੇ ਆਪਣੇ ਅਤੇ ਭਾਰਤ ਦੇਸ਼ ਲਈ ਚਾਂਦੀ ਦਾ ਤਗਮਾ ਪੱਕਾ ਕਰ ਲਿਆ ਹੈ। ਰਵੀ ਕੁਮਾਰ ਸ਼ੁਰੂਆਤੀ ਮੁਕਾਬਲੇ ਵਿੱਚ ਪਿਛੜ ਰਿਹਾ ਸੀ। ਉਹ 5-9 ਤੋਂ ਪਿੱਛੇ ਚੱਲ ਰਿਹਾ ਸੀ। ਆਖਰ ਵਿੱਚ ਰਵੀ ਨੇ ਵਿਰੋਧੀ ਸਾਨਾਯੇਵ ਦੀ ਪਿੱਠ ਲਗਾ ਦਿੱਤੀ ਤੇ ਅੰਕ ਘੱਟ ਹੋਣ ਦੇ ਬਾਵਜੂਦ ਉਸ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ। ਇਸੇ ਦੌਰਾਨ ਸੋਨੀਪਤ ਵਿੱਚ ਜਸ਼ਨ ਦਾ ਮਾਹੌਲ ਹੈ।
ਟੋਕੀਓ : ਇਥੇ ਓਲੰਪਿਕ ਖੇਡਾਂ ਦੇ ਮਹਿਲਾ ਹਾਕੀ ਸੈਮੀ-ਫਾਈਨਲ ਮੁਕਾਬਲੇ ਵਿੱਚ ਅੱਜ ਅਰਜਨਟੀਨਾ ਦੀ ਟੀਮ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ 2-1 ਨਾਲ ਮਾਤ ਦੇ ਦਿੱਤੀ ਹੈ। ਅਰਜਨਟੀਨਾ ਦੀ ਟੀਮ ਨੇ ਦੋਵੇਂ ਗੋਲ ਪੈਨਲਟੀ ਕਾਰਨਰ ਰਾਹੀਂ ਕੀਤੇ। ਇਹ ਗੋਲ ਟੀਮ ਦੀ ਕਪਤਾਨ ਮਾਰੀਆ ਬਾਰਿਓਨਿਓਵੋ ਵੱਲੋਂ ਕੀਤੇ ਗਏ। ਇਸ ਤੋਂ ਪਹਿਲਾਂ ਖੇਡ ਦੇ ਸ਼ੁਰੂਆਤੀ ਦੌਰ ਵਿੱਚ ਹੀ ਭਾਰਤੀ ਖਿਡਾਰਨ ਗੁਰਜੀਤ ਕੌਰ ਨੇ ਖੇਡ ਸ਼ੁਰੂ ਹੋਣ ਦੇ ਦੋ ਮਿੰਟਾਂ ਵਿੱਚ ਹੀ ਪਹਿਲਾ ਗੋਲ ਕਰ ਕੇ ਅਰਜਨਟੀਨਾ ਖ਼ਿਲਾਫ਼ ਚੜ੍ਹਤ ਬਣਾ ਲਈ ਸੀ। ਇਹ ਚੜ੍ਹਤ ਬਹੁਤੀ ਦੇਰ ਤੱਕ ਬਰਕਰਾਰ ਨਾ ਰਹਿ ਸਕੀ। ਭਾਰਤੀ ਟੀਮ ਦਾ ਹੁਣ ਕਾਂਸੀ ਦੇ ਤਗਮੇ ਲਈ ਮੈਚ ਬ੍ਰਿਟੇਨ ਦੀ ਟੀਮ ਨਾਲ ਹੋਵੇਗਾ।