ਅਫ਼ਗਾਨਿਸਤਾਨ : ਰੱਖਿਆ ਮੰਤਰੀ ਦੇ ਘਰ ‘ਤੇ ਹੋਏ ਹਮਲੇ ‘ਚ ਚਾਰ ਲੋਕਾਂ ਦੀ ਮੌਤ

ਕਾਬੁਲ : ਅਫ਼ਗਾਨਿਸਤਾਨ ਦੇ ਰੱਖਿਆ ਮੰਤਰੀ ਦੇ ਘਰ ‘ਤੇ ਹੋਏ ਹਮਲੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਬੰਦੂਕਧਾਰੀਆਂ ਨੇ ਕਾਬੁਲ ਦੇ ਕਾਫੀ ਸੁਰੱਖਿਆ ਵਾਲੇ ਗ੍ਰੀਨ ਜ਼ੋਨ ਦੇ ਨੇੜੇ ਕਾਰ ਬੰਬ ਧਮਾਕਾ ਕੀਤਾ ਅਤੇ ਗੋਲੀਬਾਰੀ ਕੀਤੀ ਤਾਂ ਬਿਸਮਿੱਲਾ ਖਾਨ ਮੁਹੰਮਦੀ ਮੰਗਲਵਾਰ ਨੂੰ ਘਰ ਵਿੱਚ ਨਹੀਂ ਸਨ। ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਹਮਲਾਵਰ ਮਾਰੇ ਗਏ ਹਨ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਅਫਗਾਨਿਸਤਾਨ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਜੰਗ ਜਾਰੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਹਿੰਸਾ ਨੂੰ ਤੁਰੰਤ ਖਤਮ ਕਰਨ ਦੀ ਮੰਗ ਕੀਤੀ ਹੈ।
ਸੁਰੱਖਿਆ ਅਧਿਕਾਰੀਆਂ ਨੇ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਹਮਲੇ ਵਿੱਚ ਚਾਰ ਲੋਕ ਮਾਰੇ ਗਏ। ਇਟਲੀ ਦੀ ਮੈਡੀਕਲ ਚੈਰਿਟੀ ਐਮਰਜੈਂਸੀ ਨੇ ਪੁਸ਼ਟੀ ਕੀਤੀ ਕਿ ਜ਼ਖ਼ਮੀ ਹੋਏ 11 ਜਣਿਆਂ ਨੂੰ ਕਾਬੁਲ ਵਿਖੇ ਉਨ੍ਹਾਂ ਦੇ ਸਹਾਇਤਾ ਕੇਂਦਰ ਵਿੱਚ ਲਿਆਂਦਾ ਗਿਆ। ਮੈਡੀਕਲ ਚੈਰਿਟੀ ਐਮਰਜੈਂਸੀ ਮੁਤਾਬਕ 4 ਜਣਿਆਂ ਦੀਆਂ ਲਾਸ਼ਾਂ ਵੀ ਕੇਂਦਰ ਵਿਚ ਲਿਆਂਦੀਆਂ ਗਈਆਂ, ਜੋ ਇਸ ਹਮਲੇ ਵਿੱਚ ਮਾਰੇ ਗਏ। ਰਿਪੋਰਟਾਂ ਦੇ ਅਨੁਸਾਰ ਚਾਰ ਹਮਲਾਵਰ ਵੀ ਮਾਰੇ ਗਏ ਹਨ। ਰੱਖਿਆ ਮੰਤਰੀ ਮੁਹੰਮਦੀ ਨੇ ਹਮਲੇ ਤੋਂ ਬਾਅਦ ਟਵੀਟ ਕੀਤਾ, “ਚਿੰਤਾ ਨਾ ਕਰੋ, ਸਭ ਕੁਝ ਠੀਕ ਹੈ!” ਅਮਰੀਕੀ ਸਟੇਟ ਵਿਭਾਗ ਨੇ ਕਿਹਾ ਕਿ ਇਸ ਹਮਲੇ ਵਿੱਚ ਤਾਲਿਬਾਨ ਦੇ ਹਮਲੇ ਵਾਲੇ “ਸਾਰੇ ਸੰਕੇਤ” ਸਨ।
ਹਮਲੇ ਦੇ ਕੁਝ ਘੰਟਿਆਂ ਬਾਅਦ, ਕਾਬੁਲ ਵਾਸੀਆਂ ਦੀ ਭੀੜ ਤਾਲਿਬਾਨ ਦੇ ਹਮਲਿਆਂ ਦਾ ਵਿਰੋਧ ਕਰਦੇ ਹੋਏ, ਮੰਗਲਵਾਰ ਸ਼ਾਮ ਨੂੰ ਅੱਲਾਹੂ ਅਕਬਰ (ਸਭ ਤੋਂ ਮਹਾਨ ਰੱਬ) ਦੇ ਨਾਅਰੇ ਲਗਾਉਂਦੇ ਹੋਏ ਸੜਕਾਂ ਅਤੇ ਛੱਤਾਂ ‘ਤੇ ਆ ਗਈ, ਨਾਲ ਹੀ ਇਸ ਸੰਬੰਧੀ ਸੋਸ਼ਲ ਮੀਡੀਆ’ ‘ਤੇ ਵੀਡੀਓ ਵੀ ਸਾਂਝੇ ਕੀਤੇ ਗਏ। ਅਜਿਹਾ ਹੀ ਦ੍ਰਿਸ਼ ਸੋਮਵਾਰ ਨੂੰ ਹੇਰਾਤ ਸ਼ਹਿਰ ਵਿੱਚ ਦੇਖਿਆ ਕੀਤਾ ਗਿਆ, ਜਿੱਥੇ ਹਾਲ ਹੀ ਦੇ ਦਿਨਾਂ ਵਿੱਚ ਭਿਆਨਕ ਲੜਾਈ ਦੇਖਣ ਨੂੰ ਮਿਲੀ ਹੈ।