ਕਹਾਣੀ/ ਵਿਡੰਬਨਾ

ਹਰਪ੍ਰੀਤ ਸੇਖਾ


ਸਿਵੇ ਦੀ ਰਾਖ ਹਾਲੇ ਠੰਢੀ ਨਹੀਂ ਸੀ ਹੋਈ ਤੇ ਉਨ੍ਹਾਂ ਵਿਆਹ ਵੀ ਰੱਖ ਲਿਆ। ਮੈਂ ਕਿਹਾ ਸੀ ਕਿ ਰਹਿਣ ਦਿਓ ਹਾਲੇ ਵਿਆਹ-ਵਿਊ। ਆਪੇ ਹੁੰਦਾ ਫਿਰੂ ਸਾਲ-ਖੰਡ ਤਾਈਂ। ਪਰ ਮੰਨੇ ਨੀਂ, ਦਲੀਲਾਂ ਦੇਣ ਲੱਗ ਪਏ। ਆਖਰ ਮੈਂ ਆਖ ਦਿੱਤਾ, “ ਕਰਲੋ , ਪਰ ਮੈਂ ਨੀਂ ਆ ਸਕਦਾ।“ “ਲੈ ਥੋਡੇ ਤੋਂ ਬਿਨਾਂ ਅਸੀਂ ਕਿਵੇਂ ਕਰਲਾਂਗੇ, ਸਾਨੂੰ ਕਿਹੜਾ ਦੁੱਖ ਨੀਂ। ਇਹ ਤਾਂ ਆਪਾਂ ਨੂੰ ਰਲ-ਮਿਲ ਕੇ ਕੌੜੀ ਘੁੱਟ ਭਰਨੀ ਈ ਪੈਣੀ ਆ,“ ਮੇਰੇ ਸਾਢੂ ਨੇ ਕਿਹਾ।
“ਵੀਰ ਜੀ, ਇਹ ਓਹਦੀ ਇੱਛਾ ਸੀ। ਇਸੇ ਕਰਕੇ ਤਾਂ ਉਹ ਆਇਆ ਸੀ। ਜੇ ਨਾ ਆਉਂਦਾ, ਕਾਹਨੂੰ ਆਹ ਦਿਨ ਦੇਖਣਾ ਪੈਂਦਾ। ਜਿੰਨੀ ਛੇਤੀ ਹੋ ਸਕਦੈ, ਆਪਾਂ ਓਹਦੀ ਇਹ ਆਖਰੀ ਖਾਹਸ਼ ਪੂਰੀ ਕਰੀਏ,“ ਜਦੋਂ ਮੇਰੀ ਸਾਲ਼ੀ ਨੇ ਹਾਉਕੇ ਲੈਂਦਿਆਂ ਇਹ ਕਿਹਾ ਤਾਂ ‘ਹਾਂ’ ਕਹਿਣੀ ਪਈ। ਤੇ ਭੋਗ ਤੋਂ ਚੌਥੇ ਦਿਨ ਵਿਆਹ ਰੱਖ ਲਿਆ। ਪਰ ਮੇਰਾ ਸਰਵਣ ਤਾਂ ਮੇਰੀਆਂ ਅੱਖਾਂ ਤੋਂ ਇਕ ਪਲ ਲਈ ਵੀ ਪਾਸੇ ਨੀਂ ਹੁੰਦਾ। ਜਦੋਂ ਜਾਗ ਪੈਂਦਾ, ਉਹ ਨਾਲ ਹੀ ਜਾਗ ਪੈਂਦਾ। ਰਾਤ ਨੂੰ ਜੇ ਕਦੇ ਥੋੜ੍ਹੀ-ਬਹੁਤੀ ਅੱਖ ਲੱਗਦੀ ਤਾਂ ਸੁਪਨੇ ਵਿੱਚ ਦਿਸਣ ਲੱਗ ਜਾਂਦਾ।
ਰਾਤ ਵੀ ਜਦੋਂ ਮਾੜੀ ਜਿਹੀ ਅੱਖ ਲੱਗੀ ਤਾਂ ਕੋਟ-ਪੈਂਟ ਪਾਈ ਦਿਸਿਆ, ਕੁੜੀ ਨੂੰ ਸਹਾਰਾ ਦੇ ਕੇ ਲਾਵਾਂ ਕਰਵਾਉਂਦਾ। ਤੇ ਫਿਰ ਮੈਨੂੰ ਵਿਆਹ ਵਾਲੀ ਕੁੜੀ ਦੀ ਥਾਂ ਲਾਵਾਂ ਲੈਂਦੀ ਕਿਰਨ, ਮੇਰੀ ਨੂੰਹ ਦਿਸੀ। ਤੇ ਫਿਰ ਮੈਨੂੰ ਆਪਣਾ-ਆਪ ਦਿਸਿਆ: ਹੱਥ ਕੌਲਾ ਫੜਿਆ ਹੋਇਆ। ਸੋਟੀ ਦੇ ਸਹਾਰੇ ਖੜ੍ਹਾ ਭੀਖ ਮੰਗ ਰਿਹਾ। ਮੇਰੀ ਅੱਖ ਖੁੱਲ੍ਹ ਗਈ। ਮੈਂ ਰੋ ਰਿਹਾ ਸੀ। ਮੇਰਾ ਭੁੱਬਾਂ ਮਾਰਨ ਨੂੰ ਜੀਅ ਕੀਤਾ। ‘ਦੂਜੇ ਨਾ ਜਾਗ ਜਾਣ,’ ਸੋਚ ਕੇ ਮੈਂ ਕਮਰੇ ਵਿੱਚੋਂ ਬਾਹਰ ਨਿਕਲ ਆਇਆ। ਖੇਸ ਦੀ ਬੁੱਕਲ ਮਾਰ ਡੁਸਕਦਾ ਮੈਂ ਕੋਠੇ ‘ਤੇ ਚੜ੍ਹ ਗਿਆ। ਮੇਰੀ ਧਾਹ ਨਿਕਲ ਗਈ। ਮੇਰਾ ਜੀਅ ਕਰੇ ਕਿ ਮੈਂ ਉਚੀ-ਉੱਚੀ ਆਵਾਜ਼ਾਂ ਮਾਰਾਂ ਉਸ ਨੂੰ। ‘ਸ਼ਾਇਦ ਉਹ ਉੱਚੇ ਚੜ੍ਹੇ ਤੋਂ ਮੇਰੀਆਂ ਆਵਾਜ਼ਾਂ ਸੁਣ ਹੀ ਲਵੇ,’ ਇਹ ਚਿੱਤ ਵਿੱਚ ਆਉਂਦਿਆਂ ਹੀ ਮੈਂ ਅਗਾਂਹ ਚੁਬਾਰੇ ਦੀ ਛੱਤ ‘ਤੇ ਚੜ੍ਹ ਗਿਆ। ਮੇਰਾ ਕੜ ਪਾਟ ਗਿਆ। ਮੈਂ ਆਵਦੇ ਸਰਵਣ ਪੁੱਤ ਨੂੰ ਆਵਾਜ਼ਾਂ ਮਾਰਨ ਲੱਗ ਪਿਆ: ਓਏ ਸਰਵਣਾ, ਸਰਵਣਾ ਓਏ, ਕਿੱਥੇ ਤੁਰ ਗਿਆ ਤੂੰ। ਆ ਜਾ ਮੁੜਿਆ ਮੇਰਿਆ ਪੁੱਤਾ। ਤੇਰੇ ਬਿਨਾਂ ਅਸੀਂ ਕਿਵੇਂ ਕੱਟਾਂਗੇ। ਆ ਜਾ ਮੇਰਾ ਪੁੱਤ, ਮੇਰਾ ਬੁਢਾਪਾ ਨਾ ਰੋਲ। ਮੈਨੂੰ ਹੋਮਲੈੱਸ ਕਰਕੇ ਨਾ ਜਾ। ਆ ਜਾ ਯਾਰਾ ਮੁੜਿਆ-। ਉੱਥੇ ਝੱਟ ਸਾਰਾ ਅਗਵਾੜ ਇਕੱਠਾ ਹੋ ਗਿਆ। ਮੈਂ ਬਥੇਰਾ ਕਿਹਾ, “ ਛੱਡ ਦਿਓ ਮੈਨੂੰ ‘ਕੱਲੇ ਨੂੰ। ਮੇਰਾ ਪੁੱਤ ਗੁੱਸੇ ਹੋ ਗਿਆ। ਮਨਾ ਲੈਣ ਦਿਓ ਮੈਨੂੰ। ਮੇਰੀ ‘ਵਾਜ਼ ਸੁਣ ਕੇ ਆਊਗਾ ਉਹ। ਮੇਰਾ ਰੋਣਾ ਨੀਂ ਸਹਾਰ ਸਕਦਾ ਉਹ…।
“ਜੇਰਾ ਕਰ, ਜੇਰਾ। ਓਥੇ ਗਿਆ ਕੌਣ ਮੁੜਦੈ। ਐਨੀ ਠੰਢ ਵਿੱਚ ਕੋਠੇ ਚੜ੍ਹਿਆ ਫਿਰਦੈਂ, ਠੰਢ ਲਵਾ ਲਵੇਂਗਾ,“ ਕਿਸੇ ਨੇ ਕਿਹਾ।
“ਜਿਗਰਾ ਵੱਡਿਆਂ ਕਰਨ ਨਾਲ ਹੀ ਗੱਲ ਬਨਣੀ ਐ। ਜੇ ਤੁੰ ਆਪ ਹੀ ਢੇਰੀ ਢਾਹ ਗਿਆ ਤਾਂ ਵਹੁਟੀ ਨੂੰ ਕੌਣ ਦਿਲਾਸਾ ਦੇਊ,“ ਕਿਸੇ ਹੋਰ ਨੇ ਕਿਹਾ। ਤੇ ਫਿਰ ਉਹ ਮੈਨੂੰ ਹੇਠਾਂ ਲੈ ਆਏ। ਮੈਂ ਫਿਰ ਕਿਹਾ, “ਛੱਡੋ, ਮੈਨੂੰ ਰੋ ਤਾਂ ਲੈਣ ਦਿਓ। ਅੱਜ ਮੈਂ ਸਾਰਾ ਰੋਣ ਕੱਢ ਦੇਣਾ। ਫਿਰ ਕੱਲ੍ਹ ਨੂੰ ਰੋਣਾ ਨਾ ਆਊ। ਵਿਆਹ ਐ।“
“ਓਦਣ ਦੇ ਰੋਈ ਜਾਨੈ ਐਂ। ਰੋਇਆਂ ਕੋਈ ਮੁੜਦਾ ਹੋਵੇ ਤਾਂ ਕਾਹਨੂੰ ਤੈਨੂੰ ਹਟਾਈਏ-ਲਾ ਡਾਕਟਰਾ ਕੋਈ ਟੀਕਾ-ਟੂਕਾ ਜੇ ਝੱਟ ਸੌਂ ਜਾਵੇ,“ ਮੇਰੇ ਭਰਾ ਨੇ ਡਾਕਟਰ ਨੂੰ ਕਿਹਾ।
ਟੀਕੇ ਨਾਲ ਮੇਰੀਆਂ ਅੱਖਾਂ ਮਿਚ ਗਈਆਂ।
ਅਗਲੇ ਦਿਨ, ਵਿਆਹ ਵਾਲੀ ਸਵੇਰ ਮੇਰੇ ਇੱਕ ਦੋਸਤ ਨੇ ਮੈਨੂੰ ਦਵਾਈ ਦੇ ਦਿੱਤੀ। ਉਹ ਹੋਮੋਪੈਥੀ ਦਾ ਡਾਕਟਰ ਹੈ। ਕਹਿੰਦਾ, “ਇਸ ਨਾਲ ਤੇਰਾ ਚਿੱਤ ਕਰੜਾ ਰਹੂ। ਰੋਣ ਨੀਂ ਆਉਂਦਾ।“ ਉਹ ਦਵਾਈ ਮੈਂ ਅਪਣੀ ਨੂੰਹ, ਕਿਰਨ ਨੂੰ ਵੀ ਭਿਜਵਾ ਦਿੱਤੀ। ਉਹ ਅਪਣੀ ਭੈਣ ਦੇ ਘਰ ਸੀ, ਜਿਸਦੀ ਕੁੜੀ ਦਾ ਵਿਆਹ ਸੀ।
ਮੈਨੂੰ ਲੱਗਾ ਕਿ ਇਹ ਦਵਾਈ ਕੰਮ ਕਰ ਰਹੀ ਸੀ। ਮਨ ਰਾਤ ਵਾਂਗ ਉੱਛਲ-ਉੱਛਲ ਨਹੀਂ ਸੀ ਆਉਂਦਾ। ਪਰ ਸਰਵਣ ਅੱਖਾਂ ਮੂਹਰੋਂ ਪਾਸੇ ਨਹੀਂ ਸੀ ਹੁੰਦਾ। ਮੈਂ ਭਵਨ ਵਿੱਚ ਸਿੱਧਾ ਹੀ ਪਹੁੰਚ ਗਿਆ, ਜਿੱਥੇ ਵਿਆਹ ਸੀ। ਮੇਰਾ ਭਰਾ ਤੇ ਭਤੀਜਾ ਮੇਰੇ ਨਾਲ ਆਏ। ਮੇਰੇ ਸਾਲ਼ੀ-ਸਾਢੂ ਨੇ ਕਿਹਾ ਵੀ ਕਿ ਉਹ ਆਉਂਦੇ ਹੋਏ ਬਰਾਤ ਵਿਚ ਮੈਨੂੰ ਨਾਲ ਲੈਂਦੇ ਆਉਣਗੇ, ਪਰ ਮੇਰਾ ਮਨ ਨਹੀਂ ਮੰਨਿਆ। ਮੈਂ ਆਖ ਦਿੱਤਾ ਕਿ ਮੈਂ ਤਾਂ ਆਪ ਹੀ ਸਿੱਧਾ ਪਹੁੰਚ ਜਾਊਂ। ਮੈਂ ਸੋਚਿਆ ਕਿ ਬਰਾਤਾਂ ਚੜ੍ਹਦਾ ਮੈਂ ਚੰਗਾ ਲੱਗਦੈਂ। ਭਵਨ ਵਿਚ ਕਿਰਨ ਪਹਿਲਾਂ ਹੀ ਆਈ ਖੜ੍ਹੀ ਸੀ। ਮੈਨੂੰ ਲੱਗਾ ਕਿ ਉਸ ਨੇ ਮਨ ਕਾਬੂ ਕੀਤਾ ਹੋਇਆ। ਦਵਾਈ ਲੈ ਲਈ ਹੋਵੇਗੀ। ਕਿਰਨ ਨੂੰ ਪਹਿਲਾਂ ਹੀ ਖੜ੍ਹੀ ਦੇਖ ਕੇ ਇਕ ਵਾਰ ਤਾਂ ਮੈਨੂੰ ਹੈਰਾਨੀ ਹੋਈ। ਇਹ ਤਾਂ ਕਿਸੇ ਵਿਆਹ ਜਾਂ ਪਾਰਟੀ ‘ਤੇ ਜਾਣਾ ਹੋਵੇ ਤਾਂ ਸ਼ੀਸ਼ੇ ਮੂਹਰੋਂ ਪਾਸੇ ਹੋਣ ਦਾ ਨਾਂ ਨਹੀਂ ਲੈਂਦੀ ਹੁੰਦੀ। ਤਿਆਰ ਹੋ ਕੇ ਆਈ ਨੂੰ ਸਰਵਣ ਛੇੜਦਾ, ਆਖਦਾ,“ਤੇਰੀ ਆਹ ਲਿਟ ਕੁਛ ਜ਼ਿਆਦਾ ਈ ਵੱਡੀ ਆ।“ ਇਹ ਫਿਰ ਸ਼ੀਸੇ ਮੂਹਰੇ ਜਾ ਖੜ੍ਹਦੀ। ਉੱਥੋਂ ਆਵਾਜ਼ ਦਿੰਦੀ, “ਆ ਕੇ ਠੀਕ ਕਰਾਇਓ।“ ਸਰਵਣ ਹੱਸਦਾ, ਉਸਦੇ ਮਗਰ ਅੰਦਰ ਕਮਰੇ ਵਿਚ ਜਾਂਦਾ ਤੇ ਇਹ ਦੋਹੇਂ ਹੌਲੀ-ਹੌਲੀ ਹੱਸਦੇ। ਮੇਰਾ ਕੰਨ ਇਨ੍ਹਾਂ ਵਿੱਚ ਹੁੰਦਾ। ਇਸ ਤਰ੍ਹਾਂ ਇੱਲਤਾਂ ਕਰਦੇ ਮੈਨੂੰ ਇਹ ਚੰਗੇ ਲਗਦੇ। ਭਾਵੇਂ ਕਈ ਵਾਰ ਕਿਸੇ ਦੇ ਫੰਕਸ਼ਨ ‘ਤੇ ਲੇਟ ਪਹੁੰਚਣ ਕਰਕੇ ਮੈਨੂੰ ਨਮੋਸ਼ੀ ਵੀ ਮਹਿਸੂਸ ਹੁੰਦੀ। ਪਰ ਇਨ੍ਹਾਂ ਦੀ ਏਹ ਖੇਡ ਮੈਨੂੰ ਅਪਣੀ ਜਵਾਨੀ ਦੇ ਦਿਨ ਚੇਤੇ ਕਰਾ ਦਿੰਦੀ।
ਮੈਂ ਤੇ ਜਿੰਦਰ ਵੀ ਇਸੇ ਤਰ੍ਹਾਂ ਪੰਗੇ ਲੈਂਦੇ ਰਹਿੰਦੇ। ਬਣ-ਠਣ ਕੇ ਨਿਕਲਦੇ ਬਾਹਰ। ਸਾਥੀ ਅਧਿਆਪਕ ਸਾਡੇ ਪਿਆਰ ‘ਤੇ ਰਸ਼ਕ ਕਰਦੇ। ਇੱਕ ਦੋਸਤ ਆਖਦਾ, “ਇੱਕ-ਦੂਜੇ ਤੋਂ ਮਿਰਚਾਂ ਵਾਰਕੇ ਨਿਕਲਿਆ ਕਰੋ ਘਰੋਂ। ਨਹੀਂ ਤਾਂ ਕਿਸੇ ਕੰਜਰ ਦੇ ਦੀ ਨਜ਼ਰ ਲੱਗੂ।“ ਕਦੇ ਉਹ ਆਖਦਾ, “ਐਨਾ ਨਾ ਇੱਕ-ਦੂਜੇ ਦਾ ਮੋਹ ਕਰਿਆ ਕਰੋ।“ ਉਦੋਂ ਮੈਂ ਹਾਸੇ ਵਿੱਚ ਉਸ ਨੂੰ ਆਖਦਾ, “ਕੰਜਰ ਦਿਆ, ਮੱਚਿਆ ਨਾ ਕਰ ਸਾਨੂੰ ਵੇਖ ਕੇ। ਆਵਦੀ ਘਰਵਾਲੀ ਨਾਲ ਪਿਆਰ ਪਾ।“ ਹੁਣ ਲੱਗਦਾ ਹੈ ਕਿ ਉਸ ਦੀ ਗੱਲ ਠੀਕ ਸੀ। ਜੇ ਜਿੰਦਰ ਨਾਲ ਐਨਾ ਮੋਹ ਨਾ ਹੁੰਦਾ ਤਾਂ ਐਨਾ ਔਖਾ ਤਾਂ ਨਾ ਹੁੰਦਾ। ਤਿੰਨ ਸਾਲ ਹੋ ਗਏ ਪੂਰੀ ਹੋਈ ਨੂੰ। ਜੇ ਇਹ ਸਰਵਣ ਤੇ ਕਿਰਨ ਨਾ ਹੁੰਦੇ, ਮੈਂ ਤਾਂ ਕਦੋਂ ਦਾ ਮਰ-ਖਪ ਗਿਆ ਹੁੰਦਾ। ਦਿਨ ਤਾਂ ਐਧਰ-ਉਧਰ ਤੁਰ-ਫਿਰ ਕੇ ਲੰਘਾ ਲੈਂਦਾ ਸੀ। ਰਾਤਾਂ ਨੂੰ ਉਸਦੀ ਯਾਦ ਹਾਵੀ ਹੋ ਜਾਂਦੀ। ਕਦੇ-ਕਦੇ ਮੇਰੀਆਂ ਭੁੱਬਾਂ ਨਿਕਲ ਜਾਂਦੀਆਂ। ਸਰਵਣ ਤੇ ਕਿਰਨ ਅੱਧੀ-ਅੱਧੀ ਰਾਤੋਂ ਭੱਜ ਕੇ ਮੇਰੇ ਕਮਰੇ ਵਿੱਚ ਆਉਂਦੇ। ਮੈਨੂੰ ਕਲਾਵੇ ਵਿੱਚ ਲੈ ਕੇ ਧਰਵਾਸਾ ਦਿੰਦੇ। ਛੇ ਕੁ ਮਹੀਨਿਆਂ ਤੋਂ ਮਨ ਥੋੜ੍ਹਾ ਜਿਹਾ ਟਿਕਿਆ ਸੀ। ਮੈਂ ਫਿਰ ਤੋਂ ਦਾੜ੍ਹੀ ਨੂੰ ਫਿਕਸੋ ਲਾਉਣ ਲੱਗਿਆ ਸੀ। ਬਾਹਰ ਜਾਣ ਲੱਗਾ ਟਾਈ ਬੰਨਣ ਲੱਗ ਪਿਆ ਸੀ। ਪਰ ਸਰਵਣ ਦਾ ਤਾਂ ਯਾਦ-ਚਿੱਤ ਵੀ ਨਹੀਂ ਸੀ। ਕਿਰਨ, ਜਿਹੜੀ ਮੈਨੂੰ ਦਲਾਸੇ ਦਿੰਦੀ ਸੀ, ਆਪ ਕਿਵੇਂ ਕੱਟੇਗੀ?
ਭਵਨ ਵਿੱਚ ਪਹੁੰਚਦਿਆਂ ਹੀ ਉਹ ਭੱਜ ਕੇ ਮੇਰੇ ਵੱਲ ਆਈ। ਪੁੱਛਣ ਲੱਗੀ, “ਡੈਡੀ, ਠੀਕ ਐਂ ਤੁਸੀਂ? ਰਾਤ ਕੁਝ ਚਿਰ ਅੱਖ ਲੱਗ ਗਈ ਸੀ?“
“ਹਾਂ ਰਾਣੇ, ਮੈਂ ਠੀਕ ਆਂ। ਤੁਸੀਂ ਠੀਕ ਓਂ? ਤੁਸੀਂ ਦਵਾਈ ਲੈ ਲਈ ਸੀ? ਬੱਚਿਆਂ ਨੂੰ ਵੀ ਦੇ ਦੇਣੀ ਸੀ,“ ਮੈਂ ਕਿਹਾ।
“ਅਸੀਂ ਠੀਕ ਆਂ ਡੈਡੀ। ਤੁਸੀਂ ਅਪਣਾ ਖਿਆਲ ਰੱਖਿਓ। ਮੈਂ ਚਾਹ ਲਿਆ ਕੇ ਦੇਵਾਂ?“ ਪਰ ਮੈਂ ਉਸ ਨੂੰ ਰੋਕ ਦਿੱਤਾ।
ਰੋਕਦਾ ਮੈਂ ਉਦੋਂ ਵੀ ਰਿਹਾ ਸੀ, ਜਦੋਂ ਇਹ ਇੱਧਰ ਆਉਣ ਤੋਂ ਪਹਿਲਾਂ ਸਾਡੇ ਲਈ ਖਾਣਾ ਬਣਾ ਕੇ ਰੱਖ ਰਹੀ ਸੀ। ਬਟਰ ਚਿਕਨ, ਬੱਕਰੇ ਦਾ ਮੀਟ ਤੇ ਸੁੱਕਾ ਚਿਕਨ ਬਣਾ-ਬਣਾ ਕੇ ਇਹ ਫਰੀਜ਼ਰ ਵਿਚ ਰੱਖੀ ਜਾਵੇ। ਸਟੋਰ ਵਿੱਚੋਂ ਨਾਨ ਲਿਆ ਕੇ ਰੱਖ ਦਿੱਤੇ। ਸਰਵਣ ਨੇ ਛੇ ਵੱਡੀਆਂ ਬੋਤਲਾਂ ਸ਼ਰਾਬ ਦੀਆਂ ਲਿਆ ਕੇ ਰੱਖ ਦਿੱਤੀਆਂ। ਮੈਂ ਬਥੇਰਾ ਕਿਹਾ ਕਿ ਵੀਹ ਤਾਂ ਦਿਨ ਆ ਐਨੀ ਮੈਂ ਕਿੱਥੋਂ ਸ਼ਰਾਬ ਪੀ ਲਊਂ। ਤੇ ਨਾਲੇ ਐਨਾ ਕੁਝ ਅਸੀਂ ਕਿਵੇਂ ਖਾ ਲਵਾਂਗੇ। ਅੱਗੋਂ ਕਹਿੰਦਾ, “ ਜਦੋਂ ਜੀਅ ਨਾ ਲੱਗੇ ਕਿਸੇ ਯਾਰ-ਦੋਸਤ ਨੂੰ ਬੁਲਾ ਲਿਓ। ਪੀਣ ਦੇ ਮਾਰੇ ਕਈ ਆ ਜਾਂਦੇ ਹੁੰਦੇ ਆ। ਜੇ ਫਰੀਜ਼ਰ ਵਿੱਚੋਂ ਕੱਢ ਕੇ ਤੱਤਾ ਕਰਨ ਨੂੰ ਜੀਅ ਨਾ ਕਰੇ ਤਾਂ ਪੀਜ਼ਾ ਮੰਗਵਾ ਲਿਓ। ਬੱਸ-ਬੁੱਸ ਵਿੱਚ ਨਾ ਜਾਇਓ ਕਿਤੇ। ਟੈਕਸੀ ਮੰਗਵਾ ਲਿਆ ਜੇ।“ ਫੇਰ ਜਵਾਕਾਂ ਨੂੰ ਕਹਿਣ ਲੱਗਾ, “ ਡੈਡੀ ਨੂੰ ਤੰਗ ਨੀ ਕਰਨਾ ਪਿੱਛੋਂ।“ ਫਿਰ ਕਿਰਨ ਵੱਲ ਮੂੰਹ ਕਰਕੇ ਕਹਿਣ ਲੱਗਾ, “ਆਪਾਂ ਜਵਾਕਾਂ ਨੂੰ ਨਾਲ ਈ ਲੈ ਚਲਦੇ ਆਂ , ਤਿੰਨ ਵੀਕਾਂ ਦਾ ਕੀ ਐ। ਸਕੂਲੋਂ ਛੁੱਟੀਆਂ ਕਰਾ ਲੈਨੇ ਆਂ।“
“ਨਹੀਂ-ਨਹੀਂ ਜਵਾਕਾਂ ਦੀ ਪੜ੍ਹਾਈ ਨੀ ਖਰਾਬ ਕਰਨੀ। ਸਾਡਾ ਫਿਕਰ ਨਾ ਕਰੋ, ਤੁਸੀਂ,“ ਮੈਂ ਕਈ ਵਾਰ ਕਿਹਾ।
“ਫਿਕਰ ਤਾਂ ਡੈਡੀ ਰਹੂਗਾ ਈ। ਮੇਰਾ ਤਾਂ ਜਵਾਂ ਜੀਅ ਨੀ ਕਰਦਾ ਤੁਹਾਡੇ ਸਾਰਿਆਂ ਤੋਂ ਬਿਨਾਂ ਜਾਣ ਨੂੰ। ਧਿਆਨ ਤਾਂ ਇੱਥੇ ਹੀ ਰਹੂਗਾ,“ ਕਿਰਨ ਨੇ ਕਿਹਾ ਸੀ।
‘ਕੀ ਪਤਾ ਸੀ ਸਹੁਰੀ ਦਾ ਤਾਂਹੀ ਜੀਅ ਨਹੀਂ ਸੀ ਕਰਦਾ ਜਾਣ ਨੂੰ । ਕੁਦਰਤ ਵੱਲੋਂ ਹੀ ਜਿਵੇਂ ਪਤਾ ਹੋਵੇ ਬਈ ਗਈ ਦਾ ਸਾਰਾ ਕੁਝ ਖਿੰਡ-ਪੁੰਡ ਜਾਣੈ,’ ਮੇਰੇ ਚਿੱਤ ਵਿੱਚ ਆਈ। ਮੇਰੀ ਨਿਗ੍ਹਾ ਕਿਰਨ ਵੱਲ ਗਈ। ਪੁਰਾਣਾ ਜਿਹਾ ਸੂਟ ਪਾਇਆ ਹੋਇਆ ਸੀ। ਮੇਰੇ ਚਿੱਤ ਨੂੰ ਵਾਢ ਪਈ। ਹੁਣ ਤਾਂ ਇਹਨੇ ਉਹ ਸੂਟ ਪਾਉਣੇ ਸਨ, ਜਿਹੜੇ ਸਰਵਣ ਪਟਿਆਲੇ ਤੋਂ ਅਪਣੀ ਪਸੰਦ ਦੇ ਸਪੈਸ਼ਲ ਜਾ ਕੇ ਲਿਆਇਆ ਸੀ। ਫਿਰ ਸਿਉਣੇ ਦਿੱਤੇ ਸਨ। ਕਿਰਨ ਨੂੰ ਉਸ ਨੇ ਨਹੀਂ ਸੀ ਦੱਸਿਆ। ਕਹਿੰਦਾ ਕਿ ਸਰਪ੍ਰਾਈਜ਼ ਦੇਣਾ। ਮੈਨੂੰ ਫੋਨ ‘ਤੇ ਸਾਰੀ ਗੱਲ ਦੱਸ ਦਿੰਦਾ ਸੀ। ਦਰਜੀ ਦਾ ਨਾਂ ਵੀ ਦੱਸ ਦਿੱਤਾ, ਜਿਸਨੂੰ ਸੂਟ ਸਿਉਣੇ ਦਿੱਤੇ। ਉਸ ਕੋਲ ਨਾਪ ਹੈਗਾ। ਉਹ ਹੀ ਇਸਦੇ ਸੂਟ ਸਿਉਂਦਾ। ‘ਸੂਟ ਸਿਓਂ ਕੇ ਖਾਉਰੇ ਦੇ ਗਿਆ ਕਿ ਨਹੀਂ। ਕੰਜਰ ਦਾ ਦੱਬ ਹੀ ਨਾ ਜਾਵੇ। ਹੁਣ ਤਾਂ ਚੌਕੰਨੇ ਹੋ ਕੇ ਰਹਿਣਾ ਪੈਣਾ। ਕਿਰਸ ਨਾਲ ਕੰਮ ਕਰਨੇ ਪੈਣੇ ਆ। ਮੈਨੂੰ ਕਿਹੜਾ ਹਾਲੇ ਪੈਨਸ਼ਨ ਆਉਂਦੀ ਆ। ਤਿੰਨ ਸਾਲ ਪਏ ਆ ਪੈਨਸ਼ਨ ਲੱਗਣ ਵਿੱਚ। ‘ਕੱਲੀ ਕਿਰਨ ਦੀ ਕਮਾਈ ਨਾਲ ਕਿਵੇਂ ਗੱਡੀ ਤੁਰੂ?’ ਮੇਰੇ ਚਿੱਤ ਵਿਚ ਇਸ ਤਰ੍ਹਾਂ ਦੇ ਖਿਆਲ ਆਈ ਜਾਂਦੇ ਹਨ। ਸਰਵਣ ਦਾ ਸਾਢੂ ਮੈਨੂੰ ਫੁੱਲ ਫੜਾ ਕੇ ਆਖਦਾ ਹੈ, “ਆਹ ਲਓ ਮਾਸੜ ਜੀ, ਸਰਵਣ ਓਧਰੋਂ ਬਾਹਰੋਂ ਹੀ ਲੈ ਕੇ ਆਇਆ ਸੀ।“ ਮੈਂ ਫੁੱਲ ਫੜ ਕੇ ਜੇਬ ਵਿਚ ਪਾਉਣ ਲੱਗਦਾ ਹਾਂ। ਉਹ ਆਖਦਾ ਹੈ, “ਇਸ ਨੂੰ ਕੋਟ ‘ਤੇ ਟੰਗ ਲਵੋ। ਸਰਵਣ ਦੀ ਇੱਛਾ ਸੀ ਕਿ ਸਾਰੇ ਬਰਾਤੀਆਂ ਨੇ ਇੱਕੋ-ਜਿਹੇ ਫੁੱਲ ਲਾਏ ਹੋਣ।“
‘ਕਾਹਦੀਆਂ ਇੱਛਾਵਾਂ, ਯਾਰ,’ ਮੇਰੇ ਚਿੱਤ ਵਿੱਚ ਆਉਂਦੀ ਹੈ। ਉਹ ਬਕਸੂਏ ਨਾਲ ਫੁੱਲ ਮੇਰੇ ਕੋਟ ਨਾਲ ਲਾ ਦਿੰਦਾ ਹੈ। ਮੈਂ ਫੁੱਲ ਨੂੰ ਪਲੋਸਣ ਲੱਗਦਾ ਹਾਂ।
ਇਹ ਫੁੱਲ ਸਰਵਣ ਤੇ ਕਿਰਨ ਨੇ ਕਿਰਨ ਦੀ ਕਿਸੇ ਸਹੇਲੀ ਤੋਂ ਬਣਵਾਏ ਸਨ। ਪਹਿਲਾਂ ਸਰਵਣ ਕਈ ਸਟੋਰਾਂ ‘ਤੇ ਗਿਆ ਸੀ ਖਰੀਦਣ, ਪਰ ਕਿਤੋਂ ਪਸੰਦ ਦੇ ਮਿਲੇ ਨਹੀਂ। ਫਿਰ ਸਿਲਕ ਦਾ ਕੱਪੜਾ ਤੇ ਪਲਾਸਟਿਕ ਦੀਆਂ ਡੰਡੀਆਂ ਲਿਆ ਕੇ ਕਿਰਨ ਦੀ ਸਹੇਲੀ ਨੂੰ ਦੇ ਦਿੱਤੀਆਂ। ਕਿਰਨ ਨੇ ਜਾਮਣੀ ਰੰਗ ਦੇ ਕੁੜੀ ਵਾਲਿਆਂ ਲਈ ਤੇ ਸਰਵਣ ਨੇ ਉਨ੍ਹਾਬੀ ਰੰਗ ਦੇ ਮੁੰਡੇ ਵਾਲਿਆਂ ਲਈ ਬਣਵਾਏ ਸਨ।
ਮੇਰੇ ਦੋਹਾਂ ਪੋਤਿਆਂ ਦੇ ਵੀ ਜਾਮਣੀ ਰੰਗ ਦੇ ਫੁੱਲ ਲਾਏ ਹੋਏ ਹਨ। ਉਹ ਦੋਹੇਂ ਮੇਰੇ ਕੋਲ ਆ ਖੜ੍ਹਦੇ ਹਨ। ਛੋਟੇ ਦਾ ਚੁੱਪ-ਚਾਪ ਖੜ੍ਹਨਾ ਮੈਨੂੰ ਓਪਰਾ ਲੱਗਦਾ ਹੈ। ਉਹ ਤਾਂ ਇਕ ਮਿੰਟ ਵੀ ਨਿਚੱਲਾ ਨਹੀਂ ਖੜ੍ਹ ਸਕਦਾ। ਵਿਆਹ-ਸ਼ਾਦੀ ਦੇ ਮੌਕਿਆਂ ‘ਤੇ ਤਾਂ ਇਹ ਸਗੋਂ ਹੋਰ ਚਾਂਭਲ ਜਾਂਦਾ ਹੈ। ਕੁੜੀਆਂ ਦੀਆਂ ਚੁੰਨੀਆਂ ਪਿੱਛੋਂ ਇੱਕ-ਦੂਜੀ ਨਾਲ ਬੰਨ੍ਹ ਦਿੰਦਾ ਹੈ। ਸਰਵਣ ਦੇ ਸਸਕਾਰ ਵਾਲੇ ਦਿਨ ਤਾਂ ਇਹ ਬਹੁਤ ਹੀ ਡਰ ਗਿਆ ਸੀ। ਵਿਹੜੇ ਵਿਚ ਪਈ ਉਸਦੀ ਲਾਸ਼ ਨੂੰ ਪਲੋਸ-ਪਲੋਸ ਦੇਖੇ। ਕਦੇ ਉਸਦੇ ਮੱਥੇ ‘ਤੇ ਹੱਥ ਫੇਰੇ, ਕਦੇ ਗੱਲ੍ਹਾਂ ‘ਤੇ। ਕਦੇ ਉਸਦੇ ਚੇਹਰੇ ਨੂੰ ਦੋਹਾਂ ਹੱਥਾਂ ਵਿਚ ਲੈ ਲਵੇ। ਫਿਰ ਉੱਠ ਕੇ ਪੈਰਾਂ ਵਾਲੇ ਪਾਸੇ ਚਲਾ ਗਿਆ। ਦੋਹਾਂ ਪੈਰਾਂ ਨੂੰ ਅਪਣੇ ਹੱਥਾਂ ਵਿੱਚ ਫੜ ਕੇ ਕਦੇ ਅਪਣਾ ਸਿਰ ਉਨ੍ਹਾਂ ਨਾਲ ਲਾ ਲਵੇ, ਕਦੇ ਬਿਟਰ-ਬਿਟਰ ਉਸਦੇ ਮੂੰਹ ਵੱਲ ਵੇਖੀ ਜਾਵੇ। ਇਸ ਨੂੰ ਇਸ ਤਰ੍ਹਾਂ ਕਰਦਾ ਦੇਖ ਮੇਰੇ ਮਨ ਨੂੰ ਹੋਰ ਡੋਬ ਪਵੇ। ਫਿਰ ਸ਼ਮਸ਼ਾਨਘਾਟ ਜਾ ਕੇ ਪਹਿਲਾਂ ਤਾਂ ਦੇਖਾ-ਦੇਖੀ ਸਰਵਣ ਦੀ ਦੇਹ ‘ਤੇ ਲੱਕੜਾਂ ਚਿਣਦਾ ਰਿਹਾ ਪਰ ਜਦੋਂ ਲਾਂਬੂ ਲਾਇਆ ਤਾਂ ਇਹ ਮੇਰੇ ਨਾਲ ਚੁੰਬੜ ਗਿਆ। ਮੈਨੂੰ ਤਾਂ ਅਪਣੇ-ਆਪ ਦੀ ਸੁਰਤ ਨਹੀਂ ਸੀ। ਜੀਅ ਕਰਦਾ ਸੀ ਕਿ ਸਰਵਣ ਦੇ ਨਾਲ ਲੇਟ ਜਾਵਾਂ। ਜਦੋਂ ਇਹ ਛੋਟਾ ਮੇਰੇ ਨਾਲ ਚੁੰਬੜਿਆ ਨਾਲੇ ਮੈਂ ਲੇਰਾਂ ਮਾਰੀ ਜਾਵਾਂ ਨਾਲੇ ਇਸ ਨੂੰ ਅਪਣੇ ਨਾਲ ਘੁੱਟੀ ਜਾਵਾਂ। “ਦਿਲ ਕਰੜਾ ਕਰ, ਮਾਸਟਰ, ਮੁੰਡਿਆਂ ਦਾ ਖਿਆਲ ਕਰ। ਏਹਨਾਂ ਨੂੰ ਹੌਂਸਲਾ ਦੇ,“ ਕਿਸੇ ਨੇ ਮੇਰਾ ਮੋਢਾ ਫੜ ਕੇ ਝੰਜੋੜਿਆ। ਇਨ੍ਹਾਂ ਬੋਲਾਂ ਨਾਲ ਮੇਰੇ ਵਿਚ ਪਤਾ ਨਹੀਂ ਕਿੱਥੋਂ ਹਿੰਮਤ ਆ ਗਈ। ਮੇਰੀਆਂ ਚੰਘਿਆੜਾਂ ਰੁਕ ਗਈਆਂ। ਮੈਨੂੰ ਵੱਡੇ ਦਾ ਵੀ ਖਿਆਲ ਆਇਆ। ਉਹ ਵੀ ਮੇਰੇ ਮੋਢੇ ਨਾਲ ਚੁੰਬੜਿਆ ਹੋਇਆ ਸੀ। ਮੈਂ ਦੋਹਾਂ ਨੂੰ ਕਲਾਵੇ ਵਿਚ ਲੈ ਕੇ ਵਰਾਉਣ ਲੱਗਾ। ਫਿਰ ਰਾਤ ਨੂੰ ਜਦੋਂ ਇਹ ਅਪਣੇ ਨਾਨਕਿਆਂ ਦੇ ਘਰ ਚਲੇ ਗਏ ਮੈਂ ਸਰਵਣ ਦੇ ਸਿਵੇ ਕੋਲ ਚਲਾ ਗਿਆ। ਮੈਨੂੰ ਲੱਗਾ ਜਿਵੇਂ ਉਹ ਚਾਦਰ ਤਾਣੀ ਪਿਆ ਹੋਵੇ। ਰੋਂਦਾ-ਕਰਲਾਉਂਦਾ ਮੈਂ ਸਰਵਣ ਨੂੰ ਆਵਾਜ਼ਾਂ ਮਾਰਨ ਲੱਗਾ। ਸਿਰ ਵਾਲੇ ਪਾਸਿਓਂ ਸਵਾਹ ਹਟਾਉਣ ਲੱਗਾ। ਮੇਰੇ ਭਰਾ ਨੇ ਮੈਨੂੰ ਮੋਢੇ ਤੋਂ ਫੜ ਕੇ ਹਟਾਇਆ। ਬੋਲਿਆ, “ਕਿਓਂ ਮਾਸਟਰ, ਰਾਖ ਵਿੱਚ ਹੱਥ ਸਾੜਦੈਂ। ਹਾਲੇ ਤੱਤੀ ਆ।“ ਪਰ ਰਾਖ ਵਿੱਚ ਐਨਾਂ ਸੇਕ ਕਿੱਥੇ ਸੀ! ਜੇ ਹੁੰਦਾ ਤਾਂ ਮੈਨੂੰ ਅਪਣੇ ਵਿੱਚ ਭਸਮ ਨਾ ਕਰ ਲੈਂਦੀ। ਮੇਰਾ ਜੀਅ ਕਰਦਾ ਸੀ ਕਿ ਉਹ ਇਸ ਸਵਾਹ ਦੀ ਢੇਰੀ ਵਿੱਚੋਂ ਬਾਹਰ ਆ ਜਾਵੇ। ਪਰ ਉਹ ਨਾ ਆਇਆ। ਮੈਂ ਰੋਂਦਾ-ਕਰਲਾਉਂਦਾ ਖਾਲੀ ਹੱਥ ਵਾਪਸ ਘਰ ਆ ਡਿੱਗਿਆ।
ਨਾ ਉਹ ਉਦੋਂ ਆਇਆ ਤੇ ਨਾ ਹੀ ਹੁਣ ਬਰਾਤ ਨਾਲ ਆਇਆ। ਉਸ ਨੇ ਕਿੱਥੋਂ ਆਉਣਾ ਸੀ! ਇਹ ਤਾਂ ਮੇਰਾ ਹੀ ਇੱਕ ਭਰਮ ਸੀ ਕਿ ਕਾਸ਼! ਉਹ ਵੀ ਬਰਾਤੀਆਂ ਵਿੱਚੋਂ ਕਿਤੋਂ ਸਿਰ ਕੱਢ ਲਵੇ। ਮੈਂ ਬਿੱਟ-ਬਿੱਟ ਉੱਧਰ ਝਾਕਦਾ ਰਿਹਾ, ਜਿੱਧਰੋਂ ਬਰਾਤ ਆਉਦੀਂ ਸੀ। ਵੀਹ-ਪੱਚੀ ਜਣੇ ਹਨ। ਮੇਰੇ ਕੋਲ ਇਕ ਬੰਦਾ ਆ ਖੜ੍ਹਦਾ ਹੈ। ਕੋਈ ਦੂਰ ਦਾ ਰਿਸ਼ਤੇਦਾਰ ਹੈ। ਹੱਥ ਮਿਲਾ ਕੇ ਆਖਦਾ ਹੈ, “ਆਹ ਤਾਂ ਜੀ ਰੱਬ ਨੇ ਬਹੁਤ ਧੱਕਾ ਕੀਤਾ।“
“ਓਹਦੀ ਮਰਜ਼ੀ,“ ਮੈਂ ਸਭ ਨੂੰ ਇਹੀ ਜਵਾਬ ਦਿੰਦਾ। ਵਾਰ-ਵਾਰ ਕਿਹਾ ਹੋਣ ਕਰਕੇ ਇਹ ਆਪ ਹੀ ਮੂੰਹੋਂ ਨਿਕਲ ਜਾਂਦਾ। “ਸਸਕਾਰ ‘ਤੇ ਸਾਥੋਂ ਪਹੁੰਚਿਆ ਨੀ ਗਿਆ। ਊਂ ਭਾਣਾ ਕੀ ਵਾਪਰਿਆ?“ ਉਹ ਪੁੱਛਦਾ ਹੈ।
ਐਕਸੀਡੈਂਟ ਵਾਲੀ ਗੱਲ ਮੇਰੇ ਮੂੰਹੋਂ ਉਵੇਂ ਹੀ ਨਿਕਲ ਜਾਂਦੀ ਹੈ ਜਿਵੇਂ ਕਿਸੇ ਟੇਪ ਰਿਕਾਰਡਰ ਦੇ ਬਟਨ ਨੱਪੇ ਤੋਂ ਉਹ ਚੱਲ ਪਵੇ।
“ਬਹੁਤ ਮਾੜੀ ਹੋਈ। ਬੱਚੇ ਕਿੱਡੇ-ਕਿੱਡੇ ਆ?“
“ਆਹ ਖੜ੍ਹੇ ਆ। ਵੱਡਾ ਬਾਰ੍ਹਾਂ ਸਾਲਾਂ ਦਾ। ਛੋਟਾ ਦਸਾਂ ਦਾ।“
“ਚਲੋ ਹੋਏ ਉਡਾਰ ਦੋ ਸਾਲਾਂ ਨੂੰ। ਹੌਂਸਲਾ ਰੱਖੋ। ਆਹ ਵਿਆਹ ਆਲਾ ਕੰਮ ਵੀ ਤੁਸੀਂ ਚੰਗਾ ਕੀਤਾ। ਏਸੇ ਕੰਮ ਖਾਤਰ ਉਹ ਆਇਆ ਸੀ। ਓਹਦੀ ਇੱਛਾ ਪੂਰੀ ਹੋ ਗਈ,“ ਆਖ ਕੇ ਉਹ ਮਿੰਟ ਕੁ ਪੈਰ ਮਲਦਾ ਹੈ ਤੇ ਫਿਰ ਚਲਿਆ ਜਾਂਦਾ ਹੈ। ਫਿਰ ਮੇਰਾ ਸਾਂਢੂ ਤੇ ਸਾਲ਼ੀ ਮੇਰੇ ਕੋਲ ਆ ਗਏ। ਉਨਾਬੀ ਫੁੱਲ ਮੈਨੂੰ ਫੜਾ ਦਿੱਤਾ। ਮੇਰੇ ਪੋਤਿਆਂ ਨੂੰ ਵੀ ਫੜਾ ਦਿੱਤੇ। ਵੱਡੇ ਪੋਤੇ ਨੇ ਮੇਰੇ ਕੋਟ ‘ਤੇ ਦੂਜੇ ਫੁੱਲ ਦੇ ਨਾਲ ਹੀ ਇਹ ਟੰਗ ਦਿੱਤਾ। ਫਿਰ ਉਸ ਨੇ ਅਪਣੇ ਵੀ ਲਾ ਲਿਆ ਤੇ ਛੋਟੇ ਦਾ ਵੀ ਠੀਕ ਕਰ ਦਿੱਤਾ। ਸਾਡੇ ਦੋ-ਦੋ ਫੁੱਲ ਲੱਗ ਗਏ ਸਨ।
ਇਵੇਂ ਹੀ ਮੈਂ ਕਿਹਾ ਸੀ, “ਤੁਸੀਂ ਝਗੜਦੇ ਕਿਓਂ ਐਂ, ਦੋਹੇਂ ਫੁੱਲ ਲਾਇਓ, ਨਾਲੇ ਪਤਾ ਲੱਗੂ ਬਈ ਵਚੋਲੇ ਆ।“
“ਝਗੜਦੇ ਕਦੋਂ ਆਂ, ਅਸੀਂ ਤਾਂ ਫੰਨ-ਸ਼ੰਨ ਕਰਦੇ ਆਂ। ਫੁੱਲ ਦੋਹੇਂ ਈ ਲਾਵਾਂਗੇ,“ ਆਖ ਕੇ ਸਰਵਣ ਫਿਰ ਤਾੜੀ ਮਾਰ ਕੇ ਹੱਸਿਆ ਸੀ। ਪਹਿਲਾਂ ਉਹ ਕਿਰਨ ਨੂੰ ਆਖਦਾ ਸੀ ਕਿ ਉਹ ਵਿਆਹ ਵਾਲੇ ਦਿਨ ਮੁੰਡੇ ਵਾਲਿਆਂ ਵਾਲਾ ਫੁੱਲ ਲਾਵੇ। ਅੱਗੋਂ ਕਿਰਨ ਬੋਲੀ, “ਸਗੋਂ ਤੁਸੀਂ ਲਾਇਓ ਕੁੜੀ ਵਾਲਿਆਂ ਦਾ ਫੁੱਲ। ਅਸੀਂ ਥੋਡਾ ਮੁੰਡਾ ਨੀ ਸੱਦਣਾ ਕਨੇਡੇ।“
“ਵੱਡੀ ਆ ਗੀ ਕੁੜੀ ਆਲ਼ੀ। ਸਾਰਾ ਦਿਨ ਤਾਂ ਕੁੜੀ ਨੂੰ ਰਾਈਡਾਂ ਦਿੰਦਾ ਮੈਂ ਥੱਕ ਜਾਨੈ। ਨਾਲੇ ਮੈਡਮ ਜੀ, ਥੋਡੀ ਏਸ ਕੁੜੀ ਨੂੰ ਮੈਨੂੰ ਈ ਪਤੈ ਕਿਵੇਂ ਇੱਥੇ ਸੱਦਿਐ।“
“ਤਾਂ ਈ ਤਾਂ ਕਹਿੰਨੀ ਆਂ ਕਿ ਕੁੜੀ ਵਾਲਿਆਂ ਦਾ ਫੁੱਲ ਲਾਇਓ।“ ਇਹ ਸੁਣ ਕੇ ਸਰਵਣ ਨੇ ਤਾੜੀ ਮਾਰੀ ਸੀ। ਮੈਨੂੰ ਸਰਵਣ ਦੀ ਗੱਲਾਂ ਵਿੱਚ ਪਿੱਠ ਲੱਗਣੀ ਚੰਗੀ ਨਹੀਂ ਸੀ ਲੱਗੀ ਤੇ ਮੈਂ ਦੋਹੇਂ ਫੁੱਲ ਲਾਉਣ ਵਾਲੀ ਗੱਲ ਆਖ ਦਿੱਤੀ ਸੀ। ਤੇ ਫੇਰ ਸਰਵਣ ਆਖਣ ਲੱਗਾ, “ਸ਼੍ਰੀਮਤੀ ਜੀ, ਰੀਬਨ ਕੱਟਣ ਵੇਲੇ ਮੈਂ ਤਾਂ ਵਿਆਹ ਆਲੇ ਮੁੰਡੇ ਦੇ ਨਾਲ ਢੁੱਕ ਕੇ ਖੜ੍ਹਣੈ, ਮੇਰਾ ਤਾਂ ਉਹ ਭਰਾ ਐ। ਤੁਸੀਂ ਕਿੱਥੇ ਖੜੋਂਗੇ?“
“ਮੈਂ ਰੀਬਨ ਦੇ ਦੂਜੇ ਪਾਸੇ ਕੁੜੀਆਂ ਨਾਲ ਖੜ੍ਹਾਂਗੀ। ਹੋਰ ਕਿੱਥੇ ?“
“ਉੱਥੇ ਕਿਵੇਂ ਖੜ੍ਹੋਂਗੇ ਜੀਓ, ਉੱਥੇ ਤਾਂ ਮੁੰਡੇ ਦੀਆਂ ਸਾਲ਼ੀਆਂ ਖੜ੍ਹਦੀਆਂ ਹੁੰਦੀਐਂ, ਤੇ ਤੁਸੀਂ ਕੁੜੀ ਦੇ ਮਾਸੀ ਜੀ ਐਂ,“ ਸਰਵਣ ਨੇ ‘ਮਾਸੀ ਜੀ’ ਘਰੋੜ ਕੇ ਕਿਹਾ ਸੀ।
“ਓਥੇ ਇਕ-ਅੱਧੀ ਮਾਸੀ ਵੀ ਹੁੰਦੀ ਐ। ਥੋਡੇ ਵਰਗੇ ਵਿਗੜਿਆਂ-ਤਿਗੜਿਆਂ ਨੂੰ ਸਿੱਧੇ ਕਰਨ ਲਈ,“ ਕਿਰਨ ਲਾਚੜ ਗਈ ਸੀ।
ਹੁਣ ਕਿਰਨ ਰੀਬਨ ਨਾਲ ਰਾਹ ਰੋਕੀ ਖੜ੍ਹੀਆਂ ਕੁੜੀਆਂ ਵਿਚ ਨਹੀਂ ਹੈ। ਉਹ ਪਿੱਛੇ ਅਪਣੀ ਮਾਂ ਕੋਲ ਕੁਰਸੀ ‘ਤੇ ਬੈਠੀ ਹੈ। ਮੁੰਡਿਆਂ ਵਿਚ ਸਰਵਣ ਵੀ ਨਹੀਂ ਹੈ। ਜੇ ਉਹ ਹੁੰਦਾ, ਉਸ ਨੇ ਤਾੜੀਆਂ ਮਾਰ-ਮਾਰ ਹੱਸਣਾ ਸੀ। ਉਸ ਨੇ ਆਪ ਕੁਝ ਨਹੀਂ ਸੀ ਬੋਲਣਾ। ਦੂਜਿਆਂ ਦੀਆਂ ਗੱਲਾਂ ਸੁਣ-ਸੁਣ ਕੇ ਹੱਸਣਾ ਸੀ। ‘ਹੁਣ ਸਰਵਣ ਕਿੱਥੇ!’ ਮੈਂ ਹਾਉਕਾ ਲਿਆ। ਮੈਨੂੰ ਲੱਗਾ ਮੁੰਡੇ ਐਵੇਂ ਹੀ ਵਾਧੂ ਸਮਾਂ ਲਾ ਰਹੇ ਹਨ। ਉਨ੍ਹਾਂ ਦੀ ਹਿੜ-ਹਿੜ ਸੁਣ ਕੇ ਮੇਰਾ ਚਿੱਤ ਕਾਹਲਾ ਪੈਣ ਲੱਗਾ। ਮੈਂ ਨਾਲ ਖੜ੍ਹੇ ਅਪਣੇ ਸਾਂਢੂ ਨੂੰ ਕਿਹਾ, “ਤੋਰੋ ਯਾਰ ਏਨ੍ਹਾਂ ਨੂੰ ਵਾਧੂ ਟਾਈਮ ਲਾਈ ਜਾਂਦੇ ਆ।“
“ਕੋਈ ਨੀ ਵੀਰ ਜੀ ਤੁਰ ਪੈਂਦੇ ਆ। ਇਹ ਰਾੜ-ਬੀੜ ਜੀ ਕਰਨੀ ਈ ਪੈਂਦੀ ਆ। ਮੂਵੀ ਬਣਦੀ ਆ। ਕਈ ਵਾਰੀ ਇਮੀਗਰੇਸ਼ਨ ਵਾਲੇ ਮੂਵੀ ਮੰਗ ਲੈਂਦੇ ਆ। ਜੇ ਇਹ ਸ਼ਗਨ-ਵਿਹਾਰ ਨਾ ਹੋਣ ਤਾਂ ਉਨ੍ਹਾਂ ਨੂੰ ਵਿਆਹ ਦੇ ਨਕਲੀ ਹੋਣ ਦਾ ਭੁਲੇਖਾ ਪੈ ਸਕਦਾ,“ ਉਸ ਨੇ ਮੇਰੇ ਮੋਢੇ ‘ਤੇ ਹੱਥ ਰੱਖ ਕੇ ਕਿਹਾ। ਮੈਂ ਪਿੱਛੇ ਵੱਲ ਹੋਣ ਲੱਗਾ ਤਾਂ ਉਸ ਨੇ ਮੈਨੂੰ ਬਾਹੋਂ ਫੜ੍ਹ ਕੇ ਉੱਥੇ ਹੀ ਖੜ੍ਹਾ ਲਿਆ। ਬੋਲਿਆ, “ ਵੀਰ ਜੀ, ਬੱਸ ਮਿੰਟ ਕੁ।“ ਤੇ ਫੇਰ ਉਹ ਮੁੰਡਿਆਂ ਨੂੰ ਛੇਤੀ ਕਰਨ ਲਈ ਆਖਣ ਲਗਾ। ਅੰਦਰ ਗਿਆਂ ਤੋਂ ਵੱਡਾ ਪੋਤਾ ਮੇਰੇ ਲਈ ਚਾਹ ਲੈ ਆਇਆ। ਹਾਲੇ ਘੁੱਟ ਭਰੀ ਹੀ ਸੀ ਕਿ ਦੋ-ਤਿੰਨ ਜਣੇ ਅਫਸੋਸ ਕਰਨ ਲਈ ਕੋਲ ਆ ਖੜ੍ਹੇ। ਚਾਹ ਪੀਂਦਿਆਂ ਉਹ ਅਫਸੋਸ ਕਰਦੇ ਰਹੇ। ਮੇਰਾ ਜੀਅ ਕਰੇ ਕਿ ਕਦੋਂ ਇਹ ਚਾਹ-ਪਾਣੀ ਮੁੱਕੇ ਤੇ ਕਦੋਂ ਉੱਪਰ ਜਾ ਕੇ ਬੈਠੀਏ, ਜਿੱਥੇ ਆਨੰਦ ਕਾਰਜ ਹੋਣੇ ਸਨ।
ਚਾਹ ਪੀ ਕੇ ਜਦੋਂ ਬਾਹਰ ਨਿਕਲੇ ਤਾਂ ਉੱਥੇ ਮੰਗਤਿਆਂ ਦੀ ਟੋਲੀ ਆ ਖੜ੍ਹੀ ਸੀ। ਮੇਰੇ ਦਿਮਾਗ ਵਿਚ ਮੰਗਤਿਆਂ ਬਾਰੇ ਸਰਵਣ ਨਾਲ ਕੀਤੀ ਗੱਲ-ਬਾਤ ਆ ਗਈ। ਇੰਡੀਆ ਦੀ ਤਿਆਰੀ ਕਰਦੇ-ਫਿਰਦੇ ਸਰਵਣ ਨੂੰ ਮੈਂ ਕਿਹਾ ਸੀ, “ਸਰਵਣਾ, ਪੰਜਾਂ-ਪੰਜਾਂ ਦੇ ਨੋਟਾਂ ਵਾਲੀ ਗੁੱਟੀ ਅੱਡ ਰੱਖੀਂ, ਵਿਆਹ ਆਲੇ ਦਿਨ ਮੰਗਤਿਆਂ ਵਾਸਤੇ। ‘ਕੱਲੇ-‘ਕੱਲੇ ਮੰਗਤੇ ਨੂੰ ਦੇਈਂ। ਨਹੀਂ ਤਾਂ ਤਕੜੇ ਮੰਗਤੇ ਝਪਟ ਲਿਜਾਂਦੇ ਆ। ਮਾੜਿਆਂ ਦੇ ਹੱਥ ਨੀਂ ਲੱਗਦਾ ਕੁਝ।“
ਉਹ ਅੱਗੋਂ ਬੋਲਿਆ, ਪੰਜਾਂ ਨੂੰ ਕੋਈ ਨੀ ਪੁੱਛਦਾ ਡੈਡੀ, ਸੌ-ਪੰਜਾਹ ਤੋਂ ਹੇਠਾਂ ਗੱਲ ਨੀ ਕਰਦੇ ਮੰਗਤੇ। ਨਾਲੇ ‘ਕੱਲੇ ਵਿਆਹ ਆਲੇ ਦਿਨ ਈ ਕਿਓਂ। ਮੈਂ ਕਿਸੇ ਵੀ ਅੱਡੇ ਹੱਥ ਨੂੰ ਖਾਲੀ ਨੀ ਮੋੜਣਾ।“
“ਚੱਲ ਤੁੰ ਆਵਦਾ ਰਾਂਝਾ ਰਾਜੀ ਰੱਖੀਂ। ਗਰੀਬ ਬੰਦੇ ਦੀਆਂ ‘ਸੀਸਾਂ ਈ ਤਾਰ ਦਿੰਦੀਆਂ।“
‘ਕਿਸੇ ਸਾਲੇ ਦੀਆਂ ‘ਸੀਸਾਂ ਨੇ ਨੀ ਤਾਰਿਆ। ਸਗੋਂ ਲੋਕਾਂ ਦੀਆਂ ਨਜ਼ਰਾਂ ਲੈ ਡੁੱਬੀਆਂ,’ ਸੋਚਦਾ ਮੈਂ ਮੰਗਤਿਆਂ ਵਿੱਚੋਂ ਦੀ ਲੰਘ ਕੇ ਉੱਪਰ ਦਰਬਾਰ ਸਾਹਬ ਵੱਲ ਚਲਿਆ ਗਿਆ।
ਮੇਰੇ ਮਗਰ ਹੀ ਹੋਰ ਵੀ ਕਈ ਉੱਪਰ ਆ ਗਏ। ਵਿਆਹ ਵਾਲੇ ਮੁੰਡੇ ਦਾ ਫੁੱਫੜ ਜਾਣੀ ਮੇਰੇ ਸਾਂਢੂ ਦਾ ਭਣੋਈਆ ਮੇਰੇ ਕੋਲ ਆ ਬੈਠਿਆ। ਉਹ ਅਫਸੋਸ ਕਰਨ ਲੱਗਾ। ਮੈਂ ਮਸ਼ੀਨ ਵਾਂਗ ਉਸਦੇ ਪ੍ਰਸ਼ਨਾਂ ਦੇ ਉੱਤਰ ਦੇਈ ਗਿਆ। ਅਫਸੋਸ ਕਰਨ ਵਾਲਿਆਂ ਦੇ ਚੱਲਵੇਂ ਜਿਹੇ ਪ੍ਰਸ਼ਨ ਤੇ ਦਿਲਾਸੇ ਸਗੋਂ ਮੈਨੂੰ ਹੋਰ ਤੰਗ ਕਰਦੇ। ਮੈਨੂੰ ਲਗਦਾ ਜਿਵੇਂ ਉਹ ਮੇਰੇ ਦੁੱਖ ਵਿੱਚੋਂ ਸਵਾਦ ਲੈ ਰਹੇ ਹੋਣ। ਜੇ ਪਾਠੀ ਪਾਠ ਸ਼ੁਰੂ ਕਰ ਦਿੰਦਾ ਤਾਂ ਸ਼ਾਇਦ ਇਹ ਚੁੱਪ ਕਰ ਜਾਵੇ। ਰਾਗੀ ਅਪਣੇ ਸਾਜ ਟਿਕਾਅ ਰਹੇ ਸਨ। ਉਹ ਫਿਰ ਬੋਲਿਆ, “ਐਮਰਜੈਂਸੀ ਵੀਜ਼ੇ ਲਵਾਏ ਹੋਣਗੇ ਐਧਰ ਆਉਣ ਲਈ। ਖੜ੍ਹੇ ਪੈਰ ਤਿਆਰੀ ਕਰਨੀ ਔਖੀ ਆ ਭਰਾਵਾ। …ਜਵਾਕ ਟਿਕੇ ਰਹੇ ਜਾਜ੍ਹ ਵਿੱਚ?“
“ਦੋਸਤਾਂ-ਮਿੱਤਰਾਂ ਨੇ ਰਲ਼-ਮਿਲ਼ ਕੇ ਸਾਰੇ ਕੰਮ ਕਰਾ ਕੇ ਚੜ੍ਹਾ ਦਿੱਤੇ ਜਹਾਜ਼। ਸਾਨੂੰ ਕਿੱਥੇ ਸੁਰਤ ਸੀ। ਡਿੱਗਦੇ-ਢਹਿੰਦੇ। ਇੱਕ-ਦੂਜੇ ਨੂੰ ਵਰਾਉਂਦੇ ਪਹੁੰਚਗੇ ਆਂ ਕਿਵੇਂ ਨਾ ਕਿਵੇਂ।“ ਮੇਰੇ ਦਿਮਾਗ ਵਿਚ ਵੱਡੇ ਪੋਤੇ ਦਾ ਚੇਹਰਾ ਆ ਗਿਆ। ਜਦੋਂ ਮੈਂ ਰੋਣ ਲਗਦਾ, ਉਹ ਮੇਰੇ ਮੋਢੇ ਨੂੰ ਪਲੋਸਦਾ, ਮੈਨੂੰ ਟਿਕਿਆ ਦੇਖ ਉਹ ਆਪ ਚੁੱਪ-ਚਾਪ ਪਰਲ ਪਰਲ ਹੰਝੂ ਕੇਰਨ ਲੱਗਦਾ। ਮੈਂ ਬਥੇਰਾ ਅਪਣੇ-ਆਪ ਨੂੰ ਰੋਕਦਾ ਪਰ ਮਨ ਉੱਛਲ-ਉੱਛਲ ਆਉਂਦਾ। ਛੋਟਾ ਵਾਰ-ਵਾਰ ਆਖਦਾ, “ਬਾਬਾ ਜੀ, ਡੌਂਟ ਵਰੀ, ਆਪਾਂ ਨੂੰ ਦੇਖ ਕੇ ਡੈਡੀ ਨੇ ਬੋਲਣ ਲੱਗ ਜਾਣੈ।“
ਜਹਾਜ਼ ਚੜ੍ਹਾਉਣ ਵੇਲੇ ਮੈਨੂੰ ਬਹੁਤਿਆਂ ਨੇ ਕਿਹਾ ਸੀ ਕਿ ਸਰਵਣ ਦੇ ਕੰਮ ਹੁਣ ਮੇਰੇ ਜਿੰਮੇ ਆ ਪਏ ਆ। ਮੈਨੂੰ ਈ ਤਕੜਾ ਹੋਣਾ ਪੈਣਾ ਹੈ। ਪਰ ਮੈਨੂੰ ਚਾਰੇ ਪਾਸੇ ਹਨੇਰਾ ਲਗਦਾ ਹੈ। ਕਿੱਥੋਂ ਚੁੱਕ ਲਊਂ ਮੈਂ ਕਬੀਲਦਾਰੀ! ਮੈਂ ਤਾਂ ਸਾਰਾ ਕੁਛ ਸਰਵਣ ‘ਤੇ ਛੱਡੀ ਬੈਠਾ ਸੀ। ਕਦੇ ਕਿਸੇ ਗੱਲ ਵੱਲ ਧਿਆਨ ਹੀ ਨਹੀਂ ਸੀ ਦਿੱਤਾ। ਸੋਚਦਾ ਸੀ ਕਿ ਸਰਵਣ ਹੋਰੀਂ ਕਰੀ ਤਾਂ ਜਾਂਦੇ ਆ। ਨਾ ਹੀ ਸਰਵਣ ਕਰਨ ਦਿੰਦਾ ਸੀ। ਆਖਦਾ ਸੀ, “ਤੁਸੀਂ ਓਥੋਂ ਰੀਟਾਇਰਮੈਂਟ ਲੈ ਕੇ ਆਏ ਆਂ। ਇੰਜੁਆਏ ਕਰੋ ਆਵਦੀ ਰੀਟਾਇਰਮੈਂਟ।“ ਜਦੋਂ ਮੈਂ ਨਵਾਂ ਨਵਾਂ ਕਨੇਡਾ ਗਿਆ ਸੀ। ਹੁਣ ਨਾਲੋਂ ਸੱਤ ਸਾਲ ਉਮਰ ਵੀ ਘੱਟ ਸੀ। ਸੱਠਾਂ ਸਾਲਾਂ ਦਾ ਸੀ। ਉਦੋਂ ਕਈ ਮਿੱਤਰਾਂ ਨੇ ਆਖਣਾ ਕਿ ਮੁੰਡੇ ‘ਤੇ ਡੀਪੈਂਡ ਨਾ ਹੋਵਾਂ। ਮੈਨੂੰ ਲੱਗਣਾ ਕਿ ਉਹ ਮੇਰੇ ‘ਤੇ ਜਲਦੇ ਆ। ਉਨ੍ਹਾਂ ਦੇ ਮੁੰਡੇ, ਉਨ੍ਹਾਂ ਦੀ ਸੇਵਾ ਨੀ ਕਰਦੇ, ਏਸੇ ਕਰਕੇ ਮੈਨੂੰ ਵੀ ਅਪਣੇ ਵਾਂਗ ਸਕਿਉਰਿਟੀ ਗਾਰਡ ਬਣਿਆ ਦੇਖਣਾ ਚਾਹੁੰਦੇ ਆ। ਜੇ ਉਦੋਂ ਦੀ ਕੰਮ ਦੀ ਆਦਤ ਪਾਈ ਹੁੰਦੀ—। ਕੀ ਬਣੂੰ, ਜਵਾਕਾਂ ਦੀ ਪੜ੍ਹਾਈ ਹਾਲੇ ਸਿਰ ‘ਤੇ ਪਈ ਆ। ਕਿਵੇਂ ਗੱਡੀ ਚੱਲੂ? ਇਹ ਫ਼ਿਕਰ ਮੇਰਾ ਖਹਿੜਾ ਨਹੀਂ ਛੱਡਦੇ।
ਰਾਗੀ ਸਿੰਘ ਕੋਈ ਸ਼ਬਦ ਗਾਉਣ ਲੱਗੇ ਹਨ। ਮੈਂ ਅੱਖਾਂ ਮੀਚ ਕੇ ਉੱਧਰ ਧਿਆਨ ਲਾਉਣ ਦੀ ਕੋਸ਼ਿਸ਼ ਕਰਦਾ ਹਾਂ। ਪਰ ਮਨ ਟਿਕਦਾ ਨਹੀਂ। ਸਰਵਣ ਦੀ ਲਾਸ਼ ਦਿਸਣ ਲੱਗਦੀ ਹੈ। ਐਕਸੀਡੈਂਟ ਵਿਚ ਫਿੱਸੀਆਂ ਪੱਸਲੀਆਂ ਦਿਸਣ ਲੱਗਦੀਆਂ ਹਨ। ਮੈਂ ਝੱਟ ਅੱਖਾਂ ਖੋਲ੍ਹ ਲੈਂਦਾ ਹਾਂ। ਮਨ ਵਿਚ ਖਿਆਲ ਚੱਲਦੇ ਹਨ: ‘ਮੈਂ ਕਿਓਂ ਭੇਜਿਆ ਏਨ੍ਹਾਂ ਨੂੰ ਇੱਥੇ! ਆਪ ਕਿਓਂ ਨੀ ਆਇਆ! ਜੇ ਉਹ ਨਾ ਆਉਂਦਾ, ਨਾ ਐਕਸੀਡੈਂਟ ਹੁੰਦਾ। ਨਾ ਜਾਨ ਗੁਆਉਂਦਾ। ਕਿਓਂ ਭੇਜਿਆ। ਮੈਂ ਆਪ ਆ ਜਾਂਦਾ। ਮੇਰਾ ਹੋ ਜਾਂਦਾ ਐਕਸੀਡੈਂਟ। ਮੈਂ ਸਾਰੀ ਉਮਰ ਭੋਗ ਲਈ ਐ। ਨਾਲੇ ਜਿੰਦਰ ਕੋਲ ਪਹੁੰਚ ਜਾਂਦਾ। ਕਿਓਂ ਵੈਰ ਪੈ ਗਿਆਂ ਓਏ ਰੱਬਾ! ਕਿਓਂ ਮੇਰੇ ਮੂੰਹੋਂ ਨਾਂਹ ਕਢਾਈ। ਕਿਓਂ ਮੇਰੇ ਚਿੱਤ ਵਿੱਚ ਆਇਆ ਕਿ ਸਰਵਣ ਹੋਰੀਂ ਤੁਰ-ਫਿਰ ਆਉਣ…।
ਰਾਗੀ ਸਿੰਘ ਸ਼ਬਦ ਗਾ ਰਹੇ ਹਨ ‘ਲਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰਿ ਕਰੇ’।
‘ਏਨ੍ਹਾਂ ਨੂੰ ਖੁਸ਼ੀਆਂ ਲੱਗਦੀਆਂ। ਮੇਰਾ ‘ਕੱਲਾ-ਕਾਰਾ ਜਵਾਕ ਸੀ। ਮੇਰੀ ਦੁਨੀਆਂ ਨ੍ਹੇਰੀ ਕਰ ਗਿਆ। ‘ਸਾਲ਼ੇ ਖੁਸ਼ੀਆਂ ਦੇ।’ ਮੈਨੂੰ ਰਾਗੀ ਸਿੰਘਾਂ ‘ਤੇ ਗੁੱਸਾ ਆਉਂਦਾ ਹੈ। ਵਿਆਹ ਵਾਲੀ ਕੁੜੀ ਦਰਬਾਰ ਸਾਹਿਬ ਅੱਗੇ ਆਉਂਦੀ ਹੈ। ਉਸਦੀ ਆਮ ਵਿਆਹ ਵਾਲੀਆਂ ਕੁੜੀਆਂ ਵਾਂਗ ਹੀ ਸਜਾਵਟ ਕੀਤੀ ਹੋਈ ਹੈ। ਮੈਨੂੰ ਉਸਦੀ ਇਹ ਸਜ-ਧਜ ਅੱਖਰਦੀ ਹੈ। ਮੈਂ ਸੋਚਦਾ ਹਾਂ: ਏਥੇ ਕਿਸੇ ਦੇ ਉਹ ਯਾਦ-ਚਿੱਤ ਵੀ ਨੀ। ਕੀ ਥੁੜਿਆ ਪਿਆ ਸੀ ਏਹੋ-ਜਿਹੇ ਪੁੰਨ ਬਿਨਾਂ। ਜੇ ਨਾ ਆਉਂਦਾ ਏਨ੍ਹਾਂ ਦਾ ਵਿਆਹ ਕਰਨ, ਨਾ ਐਕਸੀਡੈਂਟ ਹੁੰਦਾ, ਨਾ ਉਹ ਜਾਨ ਗਵਾਉਂਦਾ। ਲੋਕਾਂ ਦੇ ਕੰਮ ਕਰਦਾ ਈ ਕੋਹੜੀ ਜਾਨ ਗਵਾ ਬੈਠਾ। ਕੀ ਮੈਡਲ ਦੇ ਦਿੰਦੇ ਮਾਸੀ-ਮਾਸੜ, ਜਿਨ੍ਹਾਂ ਦਾ ਮੁੰਡਾ ਸੱਦਣਾ ਸੀ। ਨਾ ਏਸ ਕੁੜੀ ਦੇ ਕੁਛ ਯਾਦ ਐ। ਸਹੁਰੀਏ ਤੇਰੇ ਪਿੱਛੇ ਉਹ ਜਾਨ ਗਵਾ ਗਿਆ। ਪਹਿਲਾਂ ਕਸ਼ਟਾਂ ਨਾਲ ਤੈਨੂੰ ਸੱਦਿਆ। ਸਾਲ ਭਰ ਕੋਲ ਰੱਖਿਆ। ਪੜ੍ਹਾਇਆ। ਕਿੰਨੀਆਂ ਸਕੀਮਾਂ ਬਣਾਈ ਬੈਠਾ ਸੀ। ਓਥੇ ਗਿਆਂ ਨੂੰ ਵੀ ਕੋਲ ਰੱਖਣਾ ਸੀ…। ਹੁਣ ਕਿੱਥੋਂ ਰੱਖ ਲਵਾਂਗੇ ਕੋਲ? ਕਿਰਨ ਵਿਚਾਰੀ ਸਾਨੂੰ ਸਾਂਭੂ ਕਿ ਏਨ੍ਹਾਂ ਨੂੰ ਲੈ ਕੇ ਤੁਰੀ-ਫਿਰੂ।
ਲਾਵਾਂ ਹੋਣ ਲੱਗਦੀਆਂ ਹਨ। ਮੇਰੀ ਨਿਗ੍ਹਾ ਫਿਰ ਵਿਆਹ ਵਾਲੀ ਕੁੜੀ ‘ਤੇ ਪੈਂਦੀ ਹੈ। ਮੈਨੂੰ ਉਸਦੀਆਂ ਅੱਖਾਂ ਭਰੀਆਂ ਲੱਗਦੀਆਂ ਹਨ। ਸਹੁਰੀ ਦੀਆਂ ਅੱਖਾਂ ਹੈ ਵੀ ਮੋਟੀਆਂ-ਮੋਟੀਆਂ। ਡੁੱਲੂੰ-ਡੁੱਲੂੰ ਕਰਦੀਆਂ। ਮੈਨੂੰ ਉਸ ‘ਤੇ ਤਰਸ ਆਉਂਦਾ ਹੈ। ਚਿੱਤ ਵਿੱਚ ਖਿਆਲ ਆਉਂਦਾ ਹੈ ਕਿ ਉਹ ਆਪਣੇ ਵਿਆਹ ਦੀ ਖੁਸ਼ੀ ਕਰੇ ਕਿ ਅਪਣੇ ਮਾਸੜ ਦੇ ਵਿਛੋੜੇ ਦਾ ਸੱਲ੍ਹ ਝੱਲ੍ਹੇ।
ਇਹਦਾ ਸਰਵਣ ਨਾਲ ਪਿਆਰ ਵੀ ਬਹੁਤ ਸੀ। ਸਾਰਾ ਦਿਨ ‘ਅੰਕਲ-ਅੰਕਲ’ ਕਰਦੀ ਰਹਿੰਦੀ। ‘ਹੋਰ ਸਾਲ ਉਡੀਕ ਲੈਂਦੇ ਵਿਆਹ ਨੂੰ,’ ਮੇਰੇ ਫਿਰ ਚਿੱਤ ਵਿਚ ਆਉਂਦਾ ਹੈ। ਮੈਂ ਕੁੜੀ ਦੇ ਮਾਂ-ਪਿਓ ਨੂੰ ਵੀ ਕਿਹਾ ਸੀ। ਪਰ ਅੱਗੋਂ ਇਸਦਾ ਪਿਓ ਕਹਿੰਦਾ ਕਿ ਕਨੇਡਾ-ਅਮਰੀਕਾ ਆਲ਼ੇ ਸਾਰੇ ਰਿਸ਼ਤੇਦਾਰ ਆਏ ਹੋਏ ਆ। ਕਹਿੰਦੇ ਆ ਕਿ ਨਿੱਤ-ਨਿੱਤ ਛੁੱਟੀਆਂ ਲੈ ਕੇ ਆਉਣਾ ਔਖਾ ਹੈ। ਉਨ੍ਹਾਂ ਨੇ ਵਾਪਸ ਵੀ ਮੁੜਣਾ ਹੈ। ਨਾਲੇ ਜਿਹੜੇ ਕੰਮ ਸਰਵਣ ਆਇਆ ਸੀ, ਉਹ ਜਿੰਨੀ ਛੇਤੀ ਨਿੱਬੜੇ, ਚੰਗਾ ਹੈ।“
‘ਕੰਮ ਨਿੱਬੜੇ’ ਵਾਲੀ ਗੱਲ ਮੁੰਡੇ ਦੇ ਪਿਓ ਨੇ ਵੀ ਕਹੀ ਸੀ। ਉਹ ਕਹਿੰਦਾ, “ਜਿੰਨੀ ਛੇਤੀ ਹੋ ਸਕਦਾ, ਆਪਾਂ ਇਹ ਵਿਆਹ ਆਲਾ ਕੰਮ ਨਬੇੜੀਏ। ਜੇ ਸਾਲ ‘ਤੇ ਗੱਲ ਸੁੱਟਤੀ ਤਾਂ ਪਤਾ ਨੀ ਹੁੰਦਾ, ਕਿਸੇ ਹੋਰ ਦਾ ਜ਼ੋਰ ਨਾ ਪੈ ਜਾਵੇ। ਓਨ੍ਹਾਂ ਦਾ ਕੋਈ ਹੋਰ ਰਿਸ਼ਤੇਦਾਰ ਵੀ ਰਿਸ਼ਤਾ ਕਰਾਉਣ ਨੂੰ ਫਿਰਦਾ ਸੀ।“
“ਐਂ ਕਿਵੇਂ ਜ਼ੋਰ ਪੈ ਜਾਊ, ਜਦੋਂ ਸਾਰੀ ਗੱਲ ਪੱਕੀ ਹੋਈ ਵੀ ਆ। ਕਾਰਡ ਵੀ ਵੰਡੇ ਗਏ ਸੀ,“ ਮੈਂ ਕਿਹਾ।
“ਇੱਥੇ ਕੋਈ ਨੀਂ ਪਤਾ ਲੱਗਦਾ। ਕਨੇਡਾ ਦੇ ਨਾਂ ‘ਤੇ ਬੰਦੇ ਝੱਟ ਬਦਲ ਜਾਂਦੇ ਆ।“
ਮੇਰੀ ਨਿਗ੍ਹਾ ਫਿਰ ਕੁੜੀ ‘ਤੇ ਪੈਂਦੀ ਹੈ। ਉਹ ਰੁਮਾਲ ਨਾਲ ਨੱਕ ਪੂੰਝ ਰਹੀ ਹੈ। ਮੇਰੇ ਚਿੱਤ ਵਿੱਚ ਆਉਂਦੀ ਹੈ, ‘ਇਹ ਕੁੜੀ ਨਾ ਬਦਲ ਜਾਵੇ ਕਿਤੇ। ਜੇ ਸਿਆਣੀ ਹੋਈ ਤਾਂ ਕਿਰਨ ਦਾ ਸਹਾਰਾ ਬਣੇਗੀ।’ ਫਿਰ ਚਿੱਤ ਵਿੱਚ ਆਉਂਦੀ ਹੈ, ‘ਸਹਾਰੇ ਕੌਣ ਬਣਦੈ, ਇਹ ਤਾਂ ਆਪ ਨੂੰ ਈ ਕੱਟਣੀ ਪੈਣੀ ਆ।’ ਦੂਜਾ ਚਿੱਤ ਆਖਦਾ ਹੈ, ‘ਕਿਵੇਂ ਕੱਟਾਂਗੇ ਸਰਵਣ ਤੋਂ ਬਿਨਾਂ? ਕਿਰਨ ਨੇ ਵੀ ਸਾਰਾ ਕੁਛ ਸਰਵਣ ‘ਤੇ ਈ ਸੁੱਟਿਆ ਹੋਇਆ ਸੀ। ਕਿਵੇਂ ਚੱਲੂ ਕੰਮ…
ਰਾਗੀ ਸਿੰਘ ‘ਵਧਾਈਆਂ’ ਦਾ ਸ਼ਬਦ ਗਾਇਨ ਕਰ ਰਹੇ ਹਨ। ਮੈਨੂੰ ਇਹ ਸ਼ਬਦ ਵੀ ਚੰਗਾ ਨਹੀਂ ਲਗਦਾ। ਤਬਲੇ ਤੇ ਛੈਣਿਆਂ ਦੀ ਆਵਾਜ਼ ਮੈਨੂੰ ਵਿਉਹ ਵਰਗੀ ਲਗਦੀ ਹੈ। ਮੇਰਾ ਜੀਅ ਕਰਦਾ ਹੈ ਕਿ ਇਹ ਛੇਤੀਂ-ਛੇਤੀਂ ਸ਼ਬਦ ਮੁਕਾਉਣ ਤੇ ਕੰਮ ਨਿੱਬੜੇ। ਪਰ ਕੰਮ ਨਿੱਬੜਦਾ ਨਹੀਂ। ਸਗੋਂ ਲੰਮੇਰਾ ਹੋਣ ਲਗਦਾ ਹੈ। ਕੁੜੀ ਦੇ ਮਾਂ-ਪਿਓ ਮੁੰਡੇ ਵਾਲਿਆਂ ਨੂੰ ਵਾਰੀ-ਵਾਰੀ ਸੱਦ ਕੇ ਉਨ੍ਹਾਂ ਨੂੰ ਗਹਿਣੇ-ਗੱਟੇ ਦੇਣ ਲੱਗਦੇ ਹਨ। ਨਾਲ-ਨਾਲ ਫੋਟੋਆਂ ਲਹਿੰਦੀਆਂ ਹਨ।
‘ਏਨ੍ਹਾਂ ਨੇ ਕੀ ਖਲਾਰਾ ਪਾ ਲਿਐ। ਚੁੱਪ ਕਰ ਕੇ ਨੀ ਦੇ ਹੁੰਦਾ, ਜਿਹੜਾ ਕੁਝ ਦੇਣਾ।’ ਮੇਰੇ ਚਿੱਤ ਵਿੱਚ ਆਉਂਦੀ ਹੈ ਪਰ ਮੈਂ ਚੁੱਪ ਰਹਿੰਦਾ ਹਾਂ। ਪਰ ਬਹੁਤਾ ਚਿਰ ਮੈਥੋਂ ਚੁੱਪ ਨਹੀਂ ਰਿਹਾ ਜਾਂਦਾ। ਜਦੋਂ ਉਹ ਮੈਨੂੰ ਵਿਚੋਲੇ ਦੀ ਛਾਪ ਦੇਣ ਲੱਗਦੇ ਹਨ ਤਾਂ ਮੇਰੇ ਮੂੰਹੋ ਨਿਕਲ ਹੀ ਜਾਂਦਾ ਹੈ, “ਤੁਸੀਂ ਕੰਮ ਨਬੇੜਣ ਦੀ ਕਰੋ। ਇਹ ਤੁਸੀਂ ਖਿਲਾਰਾ ਜਿਆ ਪਾ ਲਿਐ।“ ਮੇਰਾ ਸਾਂਢੂ ਆਖਦਾ ਹੈ, “ਇਹ ਜੀ ਕਰਨਾ ਈ ਪੈਂਦਾ। ਇਮੀਗਰੇਸ਼ਨ ਵਾਲਿਆਂ ਦਾ ਵੀ ਫੋਟੋਆਂ ਨਾਲ ਢਿੱਡ ਭਰਨਾ ਹੁੰਦਾ।“
ਪਰ ਇਹ ਫੋਟੋਆਂ ਵਾਲਾ ਕੰਮ ਜ਼ਿਆਦਾ ਹੀ ਲਮਕ ਗਿਆ ਲੱਗਦਾ ਹੈ। ਸ਼ਗਨ ਪੈਣ ਲੱਗਦੇ ਹਨ। ਪੋਜ਼ ਬਣਾ-ਬਣਾ ਖੜ੍ਹਦੇ ਲੋਕ ਮੈਨੂੰ ਬੁਰੇ ਲੱਗਦੇ ਹਨ। ਮੈਂ ਭਰਿਆ-ਪੀਤਾ ਪਾਸੇ-ਜਿਹੇ ਹੋ ਕੇ ਬੈਠ ਜਾਂਦਾ ਹਾਂ। ਭਵਨ ਦੇ ਸੇਵਾਦਾਰ ਲੱਗਦੇ ਦੋ ਬੰਦੇ ਮੇਰੇ ਕੋਲ ਆ ਬੈਠਦੇ ਹਨ। ਉਨ੍ਹਾਂ ਵਿੱਚੋਂ ਇੱਕ ਆਖਦਾ ਹੈ, “ ਸਰਦਾਰ ਜੀ, ਬਹੁਤ ਦੁੱਖ ਦੀ ਘੜੀ ਆ ਪਈ ਆਪ ‘ਤੇ। ਪ੍ਰਮਾਤਮਾ ਦਾ ਭਾਣਾ ਹੈ। ਮਿੱਠਾ ਕਰਕੇ ਮੰਨਣ ਦਾ ਪ੍ਰਮਾਤਮਾ ਆਪ ਨੂੰ ਬਲ ਬਖਸ਼ੇ।“ ਇੱਕ-ਦੋ ਹੋਰ ਅਫਸੋਸ ਦੀਆਂ ਗੱਲਾਂ ਕਰਕੇ ਉਨ੍ਹਾਂ ਵਿੱਚੋਂ ਇਕ ਆਖਦਾ ਹੈ, “ਭਵਨ ਦੀ ਕਾਰਸੇਵਾ ਚੱਲ ਰਹੀ ਹੈ। ਜੇ ਤੁਸੀਂ ਕਾਕਾ ਜੀ ਦੀ ਯਾਦ ਵਿਚ ਕੋਈ ਦਾਨ-ਪੁੰਨ ਕਰਨਾ ਚਾਹੋ ਤਾਂ? ਕੋਈ ਕਮਰਾ ਬਨਵਾਉਣਾ ਹੋਵੇ,“
‘ਦਾਨ-ਪੁੰਨ ਨੂੰ ਮੈਂ ਇੱਥੇ ਪੋਤਰੇ ਦੀ ਛਟੀ ਕਰਨ ਆਇਐਂ, ਸਾਲੇ ਕਮਰੇ ਦੇ। ਸਾਨੂੰ ਆਵਦੀ ਰੋਟੀ ਦਾ ਫਿਕਰ ਐ ਕਿ ਕਿਵੇਂ ਚੱਲੂ,’ ਮੇਰੇ ਚਿੱਤ ਵਿੱਚ ਆਉਂਦੀ ਹੈ ਪਰ ਮੈਂ ਉਨ੍ਹਾਂ ਨੂੰ ਆਖਦਾ ਨਹੀਂ ਤੇ ਚੁੱਪ-ਚਾਪ ਇੱਕ ਨੋਟ ਉਨ੍ਹਾਂ ਨੂੰ ਫੜਾ ਦਿੰਦਾ ਹਾਂ। ਇਸੇ ਤਰ੍ਹਾਂ ਹੀ ਸਰਵਣ ਦੇ ਭੋਗ ਤੋਂ ਬਾਅਦ ਪਿੰਡ ਦੇ ਗੁਰਦੁਆਰੇ ਆਲਿਆਂ ਨੂੰ ਮੈਂ ਮੰਗਿਆ ਦਾਨ ਦਿੱਤਾ ਸੀ। ਉਹ ਰਸੀਦ ਕੱਟ ਕੇ ਚਲੇ ਜਾਂਦੇ ਹਨ। ਪੈ ਰਹੇ ਸ਼ਗਨ ਦੀਆਂ ਫੋਟੋਆਂ ਹਾਲੇ ਲਹਿ ਰਹੀਆਂ ਹਨ। ਮੈਂ ਹਾਲ ਵਿੱਚੋਂ ਉੱਠ ਕੇ ਹੇਠ ਚਲਿਆ ਜਾਂਦਾ ਹਾਂ। ਭਵਨ ਦੇ ਗੇਟ ਕੋਲ ਕੁਰਸੀਆਂ ‘ਤੇ ਬੈਠਿਆਂ ਕੋਲ ਜਾ ਬੈਠਦਾ ਹਾਂ। ਉੱਥੇ ਮੰਗਤਿਆਂ ਦੀ ਟੋਲੀ ਖੜ੍ਹੀ ਹੈ। ਉਨ੍ਹਾਂ ਦੇ ਮੰਗਣ ਦੀ ਆਵਾਜ਼ ਮੈਨੂੰ ਕਾਵਾਂ-ਰੌਲੀ ਲਗਦੀ ਹੈ। ਮੇਰਾ ਉੱਥੋਂ ਪਾਸੇ ਚਲੇ ਜਾਣ ਨੂੰ ਜੀਅ ਕਰਦਾ ਹੈ। ਪਰ ਛੇਤੀ ਹੀ ਕੋਈ ਮੰਗਤਿਆਂ ਨੂੰ ਉੱਥੋਂ ਸ਼ਿਸ਼ਕਾਰ ਦਿੰਦਾ ਹੈ। ਵੱਡਾ ਪੋਤਾ ਮੇਰੇ ਕੋਲ ਆਣ ਬੈਠਦਾ ਹੈ। ਕੁਝ ਮਿੰਟ ਚੁੱਪ ਰਹਿਣ ਤੋਂ ਬਾਅਦ ਉਹ ਬੋਲਦਾ ਹੈ, “ਬਾਬਾ ਜੀ, ਵਿਆਹ ਵਾਲਾ ਟਾਈਮ ਸੈਲੀਬਰੇਸ਼ਨ ਵਾਲਾ ਹੁੰਦਾ ਹੈ ਨਾ?“
ਮੈਂ ਉਸ ਵੱਲ ਵੇਖਿਆ। ਉਸਦੇ ਅੰਦਰ ਚੱਲ ਰਹੇ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗਾ। ਮੈਨੂੰ ਲੱਗਾ ਕਿ ਉਹ ਵੀ ਮੇਰੇ ਵਾਂਗ ਹੀ ਮਹਿਸੂਸ ਕਰ ਰਿਹਾ ਹੈ। ਮੈਂ ਅਪਣਾ ਹੱਥ ਉਸ ਦੇ ਗੋਡੇ ‘ਤੇ ਰੱਖ ਕੇ ਉਸ ਨੂੰ ਘੁੱਟਿਆ। ਉਹ ਫਿਰ ਆਖਦਾ ਹੈ, “ਇਜ਼ ਇਟ ਰੀਅਲੀ ਟਾਈਮ ਫਾਰ ਸੈਲੀਬਰੇਸ਼ਨ?“
ਮੈਨੂੰ ਉਸਦਾ ਕੋਈ ਜਵਾਬ ਨਾ ਅਹੁੜਿਆ। ਮੇਰੇ ਅੰਦਰ ਵਾਢ ਪਈ। ਮੈਂ ਉਸ ਨੂੰ ਅਪਣੇ ਨਾਲ ਘੁੱਟ ਲਿਆ। ਮੰਗਤੀਆਂ ਅੰਦਰ ਆ ਕੇ ਮੇਰੇ ਮੂਹਰੇ ਖੜ੍ਹ ਗਈਆਂ। “ਏ ਸਰਦਾਰ, ਤੂੰ ਤਾਂ ਵਿਚੋਲਾ ਐਂ, ਬਾਹਰੋਂ ਆਇਐਂ। ਦੇ ਕੁਛ ਗਰੀਬਾਂ ਨੂੰ ਵੀ ਏਸ ਖੁਸ਼ੀ ਦੇ ਮੌਕੇ“ ਉਹ ਵਾਰ-ਵਾਰ ਆਖਣ ਲੱਗਦੀਆਂ ਹਨ। ਮੈਨੂੰ ਉਨ੍ਹਾਂ ਦੀ ਚਿਆਂ-ਚਿਆਂ ਬੁਰੀ ਲਗਦੀ ਹੈ। ਮੈਂ ਆਖਦਾ ਹਾਂ, “ਜਾਓ ਭੱਜ ਜਾਓ ਐਥੋਂ, ਥੋਨੂੰ ਇਹ ਖੁਸ਼ੀ ਦਾ ਮੌਕਾ ਲੱਗਦੈ। ਸਾਡੇ ਏਥੇ ਸੋਗ ਪਿਆ ਵਾ ਐ।“
“ਪੈਸੇ ਦੇਣ ਦਾ ਮਾਰਾ ਏਵੇਂ ਤਾਂ ਨਾ ਬੋਲ ਸਰਦਾਰਾ। ਅਸੀਂ ਗਰੀਬਾਂ ਨੇ ਤਾਂ ਦਿਨ-ਦਿਹਾਰ ਨੂੰ ਹੀ ਲਾਗ ਲੈਣਾ ਹੁੰਦੈ,“ ਉਹ ਕਈ ਇੱਕਠੀਆਂ ਹੀ ਬੋਲੀਆਂ।
ਮੇਰੀਆਂ ਬਾਹਾਂ ਵਿੱਚੋਂ ਸੇਕ ਨਿਕਲਣ ਲਗਦਾ ਹੈ। ਮੈਂ ਚੰਘਿਆੜਦਾ ਥੱਪੜ ਚੁੱਕ ਕੇ ਉਨ੍ਹਾਂ ਵੱਲ ਅਹੁਲਦਾ, ਆਖਦਾ ਹਾਂ, “ਜਾਨੀਆਂ ਕਿ ਨਹੀਂ ਖੁਸ਼ੀ-ਖੁਸ਼ੀ ਲਾਈ ਐ। ਸਾਡਾ ਰੋਮ-ਰੋਮ ਰੋਈ ਜਾਂਦੈ। ਥੋਨੂੰ ਲਾਗ ਚਾਹੀਦੇ ਆ।“
“ਸਰਦਾਰਾ ਕੁਫ਼ਰ ਨਾ ਤੋਲ, ਜੇ ਨਹੀਂ ਕੁਛ ਦੇਣਾਂ ਤਾਂ ਨਾ ਦੇ,“ ਕਈ ਆਖਦੀਆਂ ਹਨ।
“ਥੋਨੂੰ ਕੁਫ਼ਰ ਲਗਦੈ, ਮੇਰਾ ਪੁੱਤ ਮਰ ਗਿਆ,“ ਮੈਂ ਫਿਰ ਦਹਾੜਦਾ ਹਾਂ।
“ਚਲੋ ਨੀ, ਚਲੋ ਸੱਚੀਂ ਵਿਚਾਰੇ ਦਾ ਪੁੱਤ ਮਰਿਆ ਲਗਦੈ, ਵੇਖੋ ਕਿਵੇਂ ਡਡਿਆਉਂਦੈ,“ ਉਨ੍ਹਾਂ ਵਿੱਚੋਂ ਇੱਕ ਮੰਗਤੀ ਆਖਦੀ ਹੈ ਅਤੇ ਉਹ ਉਥੋਂ ਚਲੀਆਂ ਜਾਂਦੀਆਂ ਹਨ।

Leave a Reply

Your email address will not be published. Required fields are marked *