ਭਾਰਤੀ ਹਾਕੀ ਟੀਮ ਨੇ 41 ਸਾਲ ਬਾਅਦ ਉਲੰਪਿਕ ਵਿੱਚ ਤਗਮਾ ਜਿੱਤਿਆ

ਰਾਣਾ ਗੁਰਜੀਤ ਵਲੋਂ ਪੰਜਾਬੀ ਖਿਡਾਰੀਆਂ ਨੂੰ ਇੱਕ ਇੱਕ ਕਰੋੜ ਰੁਪਏ ਦੇਣ ਦਾ ਐਲਾਨ
ਸ਼੍ਰੋਮਣੀ ਕਮੇਟੀ ਵੀ ਦੇਵੇਗੀ ਇਕ ਕਰੋੜ ਰੁਪਇਆ
ਪਹਿਲਵਾਨ ਰਵੀ ਦਹੀਆ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ
ਟੋਕੀਓ ਉਲੰਪਿਕ ਖੇਡਾਂ ਵਿਚ ਅੱਜ ਖੇਡੇ ਗਏ ਪੁਰਸ਼ਾਂ ਦੇ ਇੱਕ ਬੇਹੱਦ ਅਹਿਮ ਮੈਚ ਵਿਚ ਭਾਰਤ ਨੇ ਜਰਮਨੀ ਨੂੰ ਹਰਾਕੇ ਕਾਂਸੀ ਦਾ ਤਗਮਾ ਜਿੱਤਿਆ ਲਿਆ। ਇਸ ਮੈਚ ਵਿਚ ਭਾਰਤ ਨੇ ਜਰਮਨੀ ਤੋਂ ਪਛੜਨ ਦੇ ਬਾਵਜੂਦ 5- 4 ਨਾਲ ਹਰਾ ਦਿੱਤਾ। 1980 ਦੀ ਮਾਸਕੋ ਉਲੰਪਿਕ ਵਿਚ ਸੋਨ ਤਗਮੇ ਤੋਂ ਬਾਅਦ ਭਾਰਤ ਹਾਕੀ ਟੀਮ ਨੇ ਪਹਿਲੀ ਵਾਰ ਕੋਈ ਤਗਮਾ ਜਿੱਤਿਆ ਹੈ।ਆਖਰੀ ਪਲਾਂ ਵਿੱਚ ਜਿਵੇਂ ਹੀ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਤਿੰਨ ਵਾਰ ਦੀ ਚੈਂਪੀਅਨ ਜਰਮਨੀ ਦੀ ਪੈਨਲਟੀ ਨੂੰ ਰੋਕਿਆ, ਭਾਰਤੀ ਖਿਡਾਰੀਆਂ ਦੇ ਨਾਲ ਟੀਵੀ ਉੱਤੇ ਇਹ ਇਤਿਹਾਸਕ ਮੈਚ ਵੇਖ ਰਹੇ ਕਰੋੜਾਂ ਭਾਰਤੀਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਭਾਰਤ ਵੱਲੋਂ ਸਿਮਰਨਜੀਤ ਸਿੰਘ (17ਵੇਂ ਅਤੇ 34ਵੇਂ), ਹਾਰਦਿਕ ਸਿੰਘ (27ਵੇਂ), ਹਰਮਨਪ੍ਰੀਤ ਸਿੰਘ (29ਵੇਂ) ਅਤੇ ਰੁਪਿੰਦਰ ਪਾਲ ਸਿੰਘ (31ਵੇਂ) ਨੇ ਗੋਲ ਕੀਤੇ।
ਭਾਰਤੀ ਪਹਿਲਵਾਨ ਰਵੀ ਦਹੀਆ ਵੀਰਵਾਰ ਨੂੰ ਇਥੇ ਟੋਕੀਓ ਓਲੰਪਿਕ ਵਿੱਚ ਕੁਸ਼ਤੀ ਦੇ ਪੁਰਸ਼ਾਂ ਦੇ 57 ਕਿਲੋਗ੍ਰਾਮ ਵਰਗ ਵਿੱਚ ਰੂਸੀ ਓਲੰਪਿਕ ਕਮੇਟੀ ਦੇ ਜ਼ਾਵੁਰ ਯੁਵੁਗੇਵ ਤੋਂ ਹਾਰਨ ਦੇ ਬਾਅਦ ਇਤਿਹਾਸਕ ਸੋਨ ਤਮਗੇ ਤੋਂ ਖੁੰਝ ਗਏ ਅਤੇ ਉਨ੍ਹਾਂ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ। ਯੁਵੁਗੇਵ ਨੇ ਅੰਕਾਂ ਦੇ ਆਧਾਰ ‘ਤੇ ਮੈਚ 7-4 ਨਾਲ ਜਿੱਤ ਲਿਆ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰਵੀ ਦਹੀਆ ਨੂੰ 4 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।
ਭਾਰਤੀ ਭਲਵਾਨ ਦੀਪ ਪੂਨੀਆ (86 ਕਿਲੋ) ਕਾਂਸੀ ਦੇ ਤਗਮੇ ਦੇ ਮੁਕਾਬਲੇ ’ਚ ਸਾਂ ਮੇਰੀਨੋ ਦੇ ਨਾਜ਼ਮ ਮਾਇਲੇਸ ਤੋਂ 2-4 ਨਾਲ ਹਾਰ ਗਿਆ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੀ ਹਾਕੀ ਟੀਮ ਨੂੰ ਓਲੰਪਿਕ ਖੇਡਾਂ ਦੌਰਾਨ ਅੱਜ ਕਾਂਸੀ ਦਾ ਤਗਮਾ ਜਿੱਤਣ ਲਈ ਵਧਾਈ ਦਿੰਦਿਆਂ ਕਿਹਾ ਕਿ ਅੱਜ ਦਾ ਦਿਨ ਭਾਰਤੀਆਂ ਲਈ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰਨ ਵਾਲਾ ਹੈ, ਕਿਉਂਕਿ ਭਾਰਤੀ ਹਾਕੀ ਟੀਮ ਨੇ 41 ਸਾਲਾਂ ਬਾਅਦ ਕੋਈ ਮੈਡਲ ਜਿੱਤਿਆ ਹੈ। ਅੱਜ ਦੇ ਮੈਚ ਵਿਚ ਸਾਰੇ ਗੋਲ ਪੰਜਾਬੀ ਖਿਡਾਰੀਆਂ ਸਿਮਰਨਜੀਤ, ਹਾਰਦਿਕ, ਹਰਮਨਪ੍ਰੀਤ, ਰੁਪਿੰਦਰ ਪਾਲ ਵਲੋਂ ਕੀਤੇ ਗਏ। ਇਸੇ ਦੌਰਾਨ ਭਾਰਤੀ ਹਾਕੀ ਟੀਮ ਨੂੰ ਵੱਖਰੇ ਤੌਰ ‘ਤੇ ਵਧਾਈ ਦਿੰਦਿਆਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਇਸ ਟੀਮ ਵਿਚਲੇ ਪੰਜਾਬੀ ਖਿਡਾਰੀਆਂ ਨੂੰ ਇੱਕ ਇੱਕ ਕਰੋੜ ਰੁਪਏ ਦੇਣ ਦਾ ਟਵੀਟ ਕਰਕੇ ਐਲਾਨ ਕੀਤਾ ਗਿਆ ਹੈ.
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਓਲੰਪਿਕਸ ਵਿੱਚ ਕਾਂਸੀ ਦਾ ਤਗਮਾ ਜੇਤੂ ਭਾਰਤੀ ਹਾਕੀ ਟੀਮ ਨੂੰ ਇਕ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਐੱਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਇਥੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿੱਚ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਇਹ ਵੀ ਐਲਾਨ ਕੀਤਾ ਕਿ ਓਲੰਪਿਕਸ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਪੰਜ-ਪੰਜ ਲੱਖ ਰੁਪਏ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਜਾਣਗੇ।