ਹਾਰਨ ਮਗਰੋਂ ਭੂੱਬਾਂ ਮਾਰ ਰੋਈਆਂ ਭਾਰਤੀ ਹਾਕੀ ਖਿਡਾਰਨਾਂ, ਬਰਤਾਨਵੀਂ ਮੁਟਿਆਰਾਂ ਨੇ ਸਨਮਾਨ ਵਜੋਂ ਖੜੇ ਹੋ ਕੇ ਤਾੜੀਆਂ ਵਜਾਈਆਂ

ਟੋਕੀਓ, 6 ਅਗਸਤ

ਭਾਰਤੀ ਕੁੜੀਆਂ ਵਲੋਂ ਦਮਦਾਰ ਵਾਪਸੀ ਦੇ ਬਾਵਜੂਦ ਅੱਜ ਦੇਸ਼ ਵਾਸੀਆਂ ਦੀਆਂ ਉਮੀਦਾਂ ਪੂਰਾ ਕਰਨ ਵਿਚ ਉਸ ਵੇਲੇ ਅਸਫ਼ਲ ਰਹੀਂਆਂ, ਜਦੋਂ ਉਹ ਕਾਂਸੀ ਤਗਮੇ ਲਈ ਖੇਡੇ ਗਏ ਇੱਕ ਅਹਿਮ ਮੈਚ ਵਿਚ ਬਰਤਾਨੀਆ ਪਾਸੋਂ 4-3 ਨਾਲ ਮਾਤ ਖਾ ਗਈਆਂ। ਭਾਰਤ ਦੀਆਂ ਜਾਈਆਂ ਇੱਕ ਵਾਰ ਸਾਬਕਾ ਚੈਂਪੀਅਨ ਬਰਤਾਨੀਆ ਦੀਆਂ ਹੁੰਦੜਹੇਲ ਕੁੜੀਆਂ ਤੋਂ 3 -2 ਦੀ ਲੀਡ ਬਨਾਉਣ ਵਿੱਚ ਕਾਮਯਾਬ ਹੋ ਗਈਆਂ ਸਨ ਪਰ‌ ਵਾਰ ਵਾਰ ਬਰਤਾਨੀਆ ਦੇ ਅਸਫ਼ਲ ਕਰਦੇ ਪੈਨਲਟੀ ਕਾਰਨਰਾਂ ’ਚੋਂ ਇੱਕ ਸਫਲ ਹੋ ਗਿਆ। ਭਾਰਤੀ ਟੀਮ ਨੇ ਪੰਜ ਮਿੰਟ ਦੇ ਅੰਦਰ ਤਿੰਨ ਗੋਲ ਕੀਤੇ। ਗੁਰਜੀਤ ਕੌਰ ਨੇ 25ਵੇਂ ਅਤੇ 26ਵੇਂ ਮਿੰਟ ਵਿੱਚ, ਜਦਕਿ ਵੰਦਨਾ ਕਟਾਰੀਆ ਨੇ 29ਵੇਂ ਮਿੰਟ ਵਿੱਚ ਗੋਲ ਕੀਤੇ। ਬਰਤਾਨੀਆਂ ਲਈ ਐਲੇਨਾ ਰੇਅਰ (16 ਵੇਂ), ਸਾਰਾ ਰੌਬਰਟਸਨ (24ਵੇਂ), ਕਪਤਾਨ ਹੋਲੀ ਵੈਬ (35ਵੇਂ) ਅਤੇ ਗ੍ਰੇਸ ਬਾਲਡਸਨ ਨੇ 48ਵੇਂ ਮਿੰਟ ਵਿੱਚ ਗੋਲ ਕੀਤੇ। ਓਲੰਪਿਕ ਵਿੱਚ ਭਾਰਤ ਦਾ ਪਿਛਲਾ ਸਰਬੋਤਮ ਪ੍ਰਦਰਸ਼ਨ 1980 ਵਿੱਚ ਸੀ, ਜਦੋਂ ਮਹਿਲਾ ਟੀਮ ਚੌਥੇ ਸਥਾਨ ‘ਤੇ ਰਹੀ ਸੀ। ਉਸ ਸਮੇਂ ਕੋਈ ਸੈਮੀਫਾਈਨਲ ਨਹੀਂ ਸੀ ਅਤੇ ਛੇ ਟੀਮਾਂ ਰਾਊਂਡ ਰੌਬਿਨ ਦੇ ਆਧਾਰ ‘ਤੇ ਖੇਡਦੀਆਂ ਸਨ, ਜਿਨ੍ਹਾਂ ਵਿੱਚੋਂ ਦੋ ਫਾਈਨਲ ਵਿੱਚ ਪਹੁੰਚੀਆਂ ਸਨ।  ਉਂਝ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਭਾਰਤੀ ਕੁੜੀਆਂ ਪਹਿਲੀ ਵਾਰ ਉਲੰਪਿਕ ਖੇਡਾਂ ਦੌਰਾਨ ਚੌਥੀ ਪੁਜੀਸ਼ਨ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਈਆਂ ਹਨ। ਉਨ੍ਹਾਂ ਨੇ ਸ਼ਾਨਦਾਰ ਖੇਡ ਖੇਡਦਿਆਂ ਭਾਵੇਂ ਹਾਰ ਪ੍ਰਾਪਤ ਕੀਤੀ ਹੈ, ਉਨ੍ਹਾਂ ਨੇ ਆਪਣੀ ਖੇਡ ਬਦੌਲਤ ਲੱਖਾਂ ਲੋਕਾਂ ਦੇ ਦਿਲ ਜਿੱਤੇ ਹਨ। ਹਾਰਨ ਤੋਂ ਬਾਅਦ ਭਾਰਤੀ ਕੁੜੀਆਂ ਮੈਦਾਨ ਵਿੱਚ ਭੂੱਬਾਂ ਮਾਰ ਰੋਣ ਲੱਗੀਆਂ ਤੇ ਇਸ ਦੌਰਾਨ ਬਰਤਾਨਵੀਂ ਮੁਟਿਆਰਾਂ ਉਨ੍ਹਾਂ ਨੂੰ ਹੌਸਲਾ ਦੇਣ ਲਈ ਅੱਗੇ ਆਈਆਂ।

Leave a Reply

Your email address will not be published. Required fields are marked *