ਦੁੱਲਾ ਭਾਊ

ਜਗਜੀਤ ਗਿੱਲ

ਆਖ਼ਰ ਉਹੀ ਗੱਲ ਹੋਈ ਜਿਸਦਾ ਸਭ ਨੂੰ ਭੈਅ ਸੀ। ਦੁੱਲਾ ਭਾਊ ਮਰ ਗਿਆ। ਉਸਦੀ ਲਾਸ਼ ਸੁਰਸਿੰਘੋਂ ਮਾਹਣੇ ਮੱਲ੍ਹੀਆਂ ਨੂੰ ਜਾਂਦੇ ਰਾਹ ਉੱਤੇ ਟਾਹਲੀ ਨਾਲ ਲਮਕਦੀ ਮਿਲੀ। ਆਂਹਦੇ ਦੁੱਲੇ ਨੇ ਖ਼ੁਦਕੁਸ਼ੀ ਕਰ ਲਈ। ਪਰ ਦੁੱਲਾ ਇੰਝ ਨਹੀਂ ਸੀ ਕਰ ਸਕਦਾ। ਉਹ ਇੰਨਾ ਕਮਜ਼ੋਰ ਨਹੀਂ ਸੀ ਕਿ ਜ਼ਿੰਦਗੀ ਰੂਪੀ ਸੰਘਰਸ਼ ਤੋਂ ਡਰ ਕੇ ਅਪਣੇ-ਆਪ ਨੂੰ ਖਤਮ ਕਰ ਲੈਂਦਾ। ਉਹ ਤਾਂ ਸਗੋਂ ਲੋਕਾਂ ਨੂੰ ਸਮਝਾਉਂਦਾ ਹੁੰਦਾ ਸੀ-“ਸਿੰਘ ਕਦੇ ਖ਼ੁਦਕੁਸ਼ੀ ਨਹੀਂ ਕਰਦੇ। ਜੰਮਣ ਮਰਨ ਵਾਹਿਗੁਰੂ ਨੇ ਅਪਣੇ ਹੱਥ ਰੱਖਿਆ ਏ। ਜੇ ਇਹ ਬੰਦੇ ਦੇ ਹੱਥ ਹੋਵੇ ਤਾਂ ਦੁਨੀਆ ਉੱਤੇ ਕੋਈ ਕਿਸੇ ਨੂੰ ਜੀਣ ਈ ਨਾ ਦੇਵੇ। ਨਾਲੇ ਜਦੋਂ ਪ੍ਰਮਾਤਮਾ ਦੇ ਕੰਮਾਂ ਵਿੱਚ ਆਪਾਂ ਦਖ਼ਲ ਦੇਵਾਂਗੇ ਤਾਂ ਫ਼ਿਰ ਪ੍ਰਮਾਤਮਾ ਇਸਦਾ ਹਿਸਾਬ ਵੀ ਕਰਦਾ ਏ” ਕਰਜ਼ੇ ਥੱਲੇ ਨੱਪੇ ਖ਼ੁਦਕੁਸ਼ੀ ਕਰਨ ਵਾਲੇ ਦਰਬਾਰੇ ਦੇ ਭੋਗ ਉੱਤੇ ਉਹ ਕਥਾ ਕਰਦਾ ਭੁੱਲ ਗਿਆ ਸੀ ਕਿ ਇਹ ਸਭ ਕੁਝ ਉਹਨੇ ਕਦੀ ਆਪ ਨਹੀਂ ਸੀ ਸੋਚਿਆ। ਆਪ ਸੋਚਿਆ ਹੁੰਦਾ ਤਾਂ ਉਹ ਅੱਜ ‘ਡਰਾਉਣਾ’ ਬਣ ਕੇ, ਸਿਰ ਨੀਵਾਂ ਸੁੱਟ ਕੇ ਟਾਹਲੀ ਨਾਲ ਨਾ ਲਮਕ ਰਿਹਾ ਹੁੰਦਾ। ਪਰ ਦੁੱਲੇ ਦੀ ਖ਼ੁਦਕੁਸ਼ੀ ਵਾਲੀ ਗੱਲ ਤਾਂ ਝੂਠੀ ਲਗਦੀ ਹੈ। ਲਗਦੀ ਤਾਂ ਕੋਈ ਗੜਬੜ ਹੈ, ਨਹੀਂ ਤਾਂ ਸ਼ੇਰ ਜਿੱਡੇ ਜਿਗਰੇ ਵਾਲਾ ਦੁੱਲਾ ਜ਼ਿੰਦਗੀ ਤੋਂ ਘਬਰਾ ਕੇ ਸਹਿਜੇ ਮਰਨ ਵਾਲਾ ਨਹੀਂ ਸੀ; ਉਹ ਤਾਂ ਮੌਤ ਨੂੰ ਡਾਹੀ ਨਾ ਦੇਵੇ। ਨਾਲੇ ਹੁਣ ਤਾਂ ਉਹ ਸਿੱਧਾ ਵੀ ਹੋ ਗਿਆ ਸੀ।
“ਕਿਉਂ ਪਾੜ੍ਹਿਆ, ਨਾਂ ਕੀ ਲਈਦਾ, ਕੀ ਆਂਹਦੀ ਆ ਤੇਰੀ ਪੜ੍ਹਾਈ? ਦੁੱਲਾ ਆਪ ਮਰਿਆ ਹੋਊ ਕਿ ਕਿਹੇ ਨੇ ਮਾਰ ਕੇ ਟੰਗਿਆ?”ਪਿੰਡ ਵਿੱਚ ਬਾਕੀਆਂ ਨਾਲੋਂ ਕੁਝ ਕੁ ਜਮਾਤਾਂ ਜ਼ਿਆਦਾ ਪੜ੍ਹ ਲੈਣ ਕਰਕੇ ਸਾਰੇ ਬਜ਼ੁਰਗ, ਭੀਨੇ ਨੂੰ ਪਾੜ੍ਹਾ ਕਹਿ ਕੇ ਸੱਦਦੇ।
“ਲਗਦੈ ਤਾਂ ਨਹੀਂ ਆਪ ਮਰਿਆ, ਬਾਬਿਓ, ਪਰ ਜਿੰਨਾ ਚਿਰ ਉੱਘ ਸੁੱਘ ਨਹੀਂ ਨਿਕਲਦੀ ਕੀ ਕਿਹਾ ਜਾ ਸਕਦਾ। ਆਪਾਂ ਕਿਹੜਾ ਕੋਲ ਸੀ ਉਦੋਂ। ਕੀ ਪਤਾ ਕੀਹਨੇ ਮਾਰਿਆ ਜਾਂ ਆਪੇ ਹੀ ਨਹੀਂ ਮਰਿਆ? ਕਾਹਨੂੰ ਗਲਤ ਅੰਦਾਜ਼ਾ ਲਾ ਕੇ ਕਿਸੇ ਨੂੰ ਅਜਾਈਂ ਫਸਾਉਣਾ..ਹੈਂ ਕਿ ਨਹੀਂ ..?” ਭੀਨੇ ਨੇ ਅਪਣੀ ਵਿਦਵਤਾ ਦਾ ਮੁਜ਼ਾਹਰਾ ਕੀਤਾ।
“ਠੀਕ ਆ ਵੱਡੇ ਭਾਈ, ਠੀਕ ਆ। ਸੋਲ਼੍ਹਾਂ ਆਨੇ ਸੱਚੀ ਕਹੀ ਤੂੰ ਤਾਂ…” ਹਰੇਕ ਨੂੰ ‘ਵੱਡੇ ਭਾਈ’ ਕਹਿਣ ਦੀ ਚੂਹਿਆਂ ਦੇ ਚਰਨੇ ਨੂੰ ਆਦਤ ਸੀ। ‘ਚੂਹੇ’ ਉਨ੍ਹਾਂ ਦੀ ਅੱਲ ਸੀ। ਇੱਕ ਤਾਂ ਉਨ੍ਹਾਂ ਦੇ ਨੱਕ ਮੂੰਹ ਚੂਹਿਆਂ ਵਰਗੇ ਸਨ ਤੇ ਦੂਜਾ ਉਨ੍ਹਾਂ ਨੂੰ ਵੱਟ ਉਤੇ ਬੈਠ ਕੇ ਗੁਆਂਢੀ ਦੀਆਂ ਵੱਟਾਂ ਨੂੰ ਦਾਤਰੀ ਦੀ ਨੋਕ ਨਾਲ ਖੁਰਚ-ਖੁਰਚ ਕੇ ਅਪਣੀ ਪੈਲੀ ਵਿੱਚ ਮਿਲਾਉਣ ਦੀ ਆਦਤ ਸੀ। ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਅੱਲ ਉਨ੍ਹਾਂ ਦੀ ਇਸ ਖੁਰਚਣ ਵਾਲੀ ਗੱਲ ਕਰਕੇ ਪਈ ਜਾਂ ਫ਼ਿਰ ਚੂਹਿਆਂ ਵਰਗੇ ਨੱਕ ਮੂੰਹ ਕਰਕੇ।
“ਨਹੀਂ ਚਰਨ ਸਿਹਾਂ, ਬੰਦਾ ਭਾਵੇਂ ਕਿੱਡਾ ਵੀ ਨਾਢੂ ਖਾਂ ਕਿਉਂ ਨਾ ਹੋਵੇ, ਇੱਕ ਦਿਨ ਢਹਿ ਈ ਜਾਂਦੈ। ਤੇ ਢਾਹੁਣ ਵਾਲਾ ਵੀ ਕੋਈ ਨਾ ਕੋਈ ਬਹਾਨਾ ਤਾਂ ਬਣਾ ਹੀ ਦਿੰਦਾ। ”ਇਹ ‘ਬਉਂਗਿਆਂ’ ਦਾ ਬਾਬਾ ਪੁੰਨਾ ਸੀ ਜਿਹੜਾ ਸੀ ਤਾਂ ਭਾਵੇਂ ਪਿੰਡ ਵਿੱਚ ਸਭ ਤੋਂ ਬਜ਼ੁਰਗ ਪਰ ਅਖਵਾਉਂਦਾ ਅਜੇ ਵੀ ਬਉਂਗਾ ਹੀ ਸੀ। ਇਸ ਵਿਚ ਉਹਦਾ ਕਸੂਰ ਨਹੀਂ ਸੀ। ਇਹ ਉਸਦੇ ਵੱਡਿਆਂ ਦੀਆਂ ਕੀਤੀਆਂ ਦਾ ਫ਼ਲ ਸੀ ਜੋ ਉਹ ਇਸ ਨਾਮ ਨੂੰ ਹੰਢਾਅ ਰਿਹਾ ਸੀ। ਆਂਹਦੇ ਨੇ ਉਸਦੇ ਵਡੇਰਿਆਂ ਦੀ ਮਾਂ ਨੇ ਚਾਟੀ ਵਿੱਚ ਵੜੇਵੇਂ ਪਾ ਕੇ ਹਾਰੇ ਉੱਤੇ ਧਰੇ ਸਨ ਤਾਂ ਕਿ ਤ੍ਰਿਕਾਲ਼ਾਂ ਨੂੰ ਡੰਗਰਾਂ ਲਈ ਗੁਤਾਵਾ ਕੀਤਾ ਜਾ ਸਕੇ। ਬਾਹਰੋਂ ਇਨ੍ਹਾਂ ਦਾ ਵਡੇਰਾ ਜਿਸਦਾ ਨਾਮ ਹੁਣ ਕਿਸੇ ਨੂੰ ਪਤਾ ਨਹੀਂ ਕੀ ਸੀ, ਉਹਨੇ ਆਅ ਵੇਖਿਆ ਨਾ ਤਾਅ, ਝੱਟ ਦੇਣੀ ਦਲ਼ੀਆ ਸਮਝ ਕੇ ਵੜੇਵਿਆਂ ਦਾ ਬੁੱਕ ਭਰ ਕੇ ਖਾ ਲਿਆ ਤਾਂ ਉਨ੍ਹਾਂ ਦੀ ਬੁੱਢੜੀ ਨੇ ਝੱਟ ਦੇਣੀ ਕਿਹਾ -“ਵੇ ਬਉਂਗਿਆ! ਇਹ ਤਾਂ ਡੰਗਰਾਂ ਵਾਸਤੇ ਵੰਡ ਰਿੰਨ੍ਹਣਾ ਧਰਿਆ ਸੀ।” ਬੱਸ ਉਹ ਦਿਨ ਜਾਵੇ ਤੇ ਅੱਜ ਦਾ ਆਵੇ ਪਹਿਲਾਂ ਉਨ੍ਹਾਂ ਦੇ ਟੱਬਰ ਦੀ ਅੱਲ ਬਉਂਗੇ ਪੈ ਗਈ ਤੇ ਫ਼ਿਰ ਸਾਰੀ ਪੱਤੀ ਨੂੰ ਹੀ ਬਉਂਗਿਆਂ ਦੀ ਪੱਤੀ ਕਿਹਾ ਜਾਣ ਲੱਗਾ। ਹੁਣ ਭਾਵੇਂ ਉਨ੍ਹਾਂ ਦਾ ਟੱਬਰ ਵਾਹਵਾ ਪੜ੍ਹ ਲਿਖ ਵੀ ਗਿਆ। ਕੋਈ ਡਾਕਟਰ ਤੇ ਕੋਈ ਮਾਸਟਰ ਬਣ ਗਿਆ ਪਰ ਫਿਰ ਵੀ ਅਖਵਾਉਂਦੇ ਬਉਂਗੇ ਹੀ ਸਨ। ਹੁਣ ਬਾਬਾ ਪੁੰਨਾ ਸਭ ਤੋਂ ਸਿਆਣਾ ਹੋਣ ਦੇ ਬਾਵਜੂਦ ਵੀ ਬਉਂਗਾ ਅਖਵਾ ਕੇ ਕਿਤੇ ਖ਼ੁਸ਼ ਥੋੜ੍ਹਾ ਹੁੰਦਾ ਸੀ, ਇਹ ਤਾਂ ਉਹਦਾ ਦਿਲ ਹੀ ਪੁੱਛਿਆ ਜਾਣਦਾ ਕਿ ਕੀ ਬੀਤਦੀ ਹੈ ਉਸ ਉੱਤੇ ਜਦੋਂ ਕੋਈ ਉਸਨੂੰ ਬਉਂਗਾ ਕਹਿੰਦਾ।
ਦੁੱਲੇ ਦੀ ਮੌਤ ਨਾਲ ਇਲਾਕੇ ਵਿੱਚ ਪਾਰ੍ਹਿਆ-ਪਾਰ੍ਹਿਆ ਹੋ ਗਈ ਸੀ। ਘੁਸਰ ਮੁਸਰ ਕਰਦਿਆਂ ਸਭ ਇਹੀ ਸ਼ੱਕ ਕਰ ਰਹੇ ਸਨ ਕਿ ਦੀਪੋ ਦੇ ਮੁੰਡੇ ਘੱਕੀ ਫ਼ੌਜੀ ਨੇ ਉਸ ਨੂੰ ਮਾਰਿਆ। ਪਰ ਉੱਭਾਸਰਦਾ ਕੋਈ ਨਹੀਂ ਸੀ।
ਠੱਠੀ ਵੱਲ ਵਧਦੇ ਜਾਂਦੇ ਗੇੜਿਆਂ ਨੇ ਸ਼ੱਕ ਤਾਂ ਉਦੋਂ ਹੀ ਪਾ ਦਿੱਤਾ ਸੀ ਪਰ ਗੁਰਦੁਆਰੇ ਦਾ ਭਾਈ ਹੋਣ ਕਰਕੇ ਤੇ ਗਾਤਰੇ ਪਾਈ ਰੁਮਾਲੇ ਦੀ ਬਣਾਈ ਗਜੇ ਵਾਲੀ ਗੰਢੜੀ ਕਰਕੇ ਦੁੱਲੇ ਨੂੰ ਕੋਈ ਕੁਝ ਨਾ ਆਖਦਾ। ਉਹਨੂੰ ਸਿਖ਼ਰ ਦੁਪਿਹਰੇ ਦੀਪੋ ਦੇ ਘਰੇ ਜਾਂਦਿਆਂ ਨੂੰ ਪਿੰਡ ਦੀਆਂ ਜ਼ਨਾਨੀਆਂ ਨੇ ਬੜੀ ਵਾਰ ਵੇਖਿਆ ਸੀ ਪਰ ਰੱਬ ਦੇ ਭਉ ਕਰਕੇ ਚੁੱਪ ਰਹੀਆਂ ਸਨ ਕਿ ਕਿਤੇ ‘ਬਾਬਾ ਜੀ’ ਉੱਤੇ ਝੂਠਾ ਦੋਸ਼ ਲਾ ਕੇ ਨਰਕਾਂ ਦੀਆਂ ਭਾਗੀ ਨਾ ਬਣ ਜਾਣ। ਦੂਜਾ, ਬੰਦਾ ਗੁਆ ਚੁੱਕੀ ਦੀਪੋ ਉੱਤੇ ਵੀ ਤਰਸ ਕਰ ਲੈਂਦੀਆਂ-‘ਇਹਾ ਜਿਹੀ ਤਾਂ ਕਿਸੇ ਵੈਰੀ ਦੁਸ਼ਮਣ ਨਾਲ ਵੀ ਨਾ ਹੋਵੇ, ਵਿਚਾਰੀ ਨੇ ਦਿਨ ਕਟੀ ਤਾਂ ਕਰਨੀ ਹੋਈ। ‘ਪਰ ਗੱਲ ਰਾਤ ਨੂੰ ਬਿਸਤਰੇ ਥਾਣੀਂ ਬੁੱਢੀਆਂ ਤੋਂ ਬੰਦਿਆਂ ਤੱਕ ਪਹੁੰਚ ਗਈ।
‘ਸਤਿਨਾਮ ਵਾਹਿਗੁਰੂ’ਦੀ ਆਵਾਜ਼ ਦਿੰਦਿਆਂ ਦੁੱਲਾ ਭਾਊ ਦੁੱਧ ਪਰਸ਼ਾਦਿਆਂ ਦਾ ਗਜ਼ਾ ਕਰਨ ਪਿੰਡ ਵਿੱਚ ਨਿਕਲ ਤੁਰਦਾ ਤੇ ਸਭ ਤੋਂ ਅਖੀਰ ਵਿੱਚ ਠੱਠੀ ਦੇ ਪਰਲੇ ਬੰਨੇ ਦੀਪੋ ਦੀਆਂ ਬਰੂਹਾਂ ਟੱਪ ਜਾਂਦਾ। ਇਕੱਠਾ ਕੀਤਾ ਆਟਾ ਦੀਪੋ ਦੀ ਭੜੋਲੀ ਪਾ ਦਿੰਦਾ ਤੇ ਦੁੱਧ ਨੂੰ ਦੀਪੋ ਕਾੜ੍ਹਨੇ ਵਿੱਚ ਪਾ ਕੇ ਰੱਖ ਦਿੰਦੀ। ਰੋਟੀ ਦਾ ਡੰਗ ਹੋ ਜਾਂਦਾ। ਦੀਪੋ ਦਾ ਮੁੰਡਾ ਘੱਕੀ ਦੁੱਧ ਪੀ ਕੇ ਚਿੱਟੀਆਂ ਮੁੱਛਾਂ ਨੂੰ ਪੂੰਝਦਿਆਂ ਕਹਿੰਦਾ -“ਮੈਂ ਤਾਂ ਫ਼ੌਜੀ ਬਣਨਾ” ਤੇ ਉਹ ਫ਼ੌਜੀ ਬਣ ਗਿਆ।
ਜਦੋਂ ਦਾ ਦੀਪੋ ਦਾ ਮੁੰਡਾ ਭਰਤੀ ਹੋਇਆ ਸੀ, ਦੁੱਲਾ ਦੀਪੋ ਦੇ ਘਰੇ ਹੀ ਰਹਿਣ ਲੱਗ ਪਿਆ ਸੀ। ਦੁੱਲੇ ਨੇ ਔਖੀ ਘੜੀ ਵਿੱਚ ਦੀਪੋ ਦੀ ਬਾਂਹ ਫੜੀ ਸੀ ਤੇ ਅਜਿਹੀ ਫੜੀ ਸੀ ਕਿ ਸਾਰੀ ਉਮਰ ਉਸੇ ਦਾ ਹੋ ਕੇ ਰਹਿ ਗਿਆ। ਇਹੋ ਦੀਪੋ ਪਹਿਲਾਂ ਦੁੱਲੇ ਤੋਂ ਕੌੜ ਮਨਾਉਂਦੀ ਸੀ। ਅਪਣੇ ਤੋਂ ਉਮਰ ਵਿੱਚ ਕਈ ਸਾਲ ਵੱਡਾ ਹੋਣ ਦੇ ਬਾਵਜੂਦ ਉਹਨੇ ਦੀਪੋ ਦੇ ਮਨ ਵਿੱਚ ਅਪਣੀ ਥਾਂ ਬਣਾ ਲਈ। ਦੇਹੀ ਦੀ ਭੁੱਖ ਕਰਕੇ ਦੀਪੋ ਨੇ ਦੁੱਲੇ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ।
ਜਿੰਦੂ, ਦੀਪੋ ਦਾ ਖਸਮ, ਗੁਜਰਾਤ ਵਿੱਚ ਇੱਕ ਕਾਰਖਾਨੇ ਵਿੱਚ ਕੰਮ ਕਰਦਾ ਸੀ। ਹੱਡ ਭੰਨਵੀਂ ਮਿਹਨਤ ਕਰਕੇ ਉਹ ਥੋੜ੍ਹੇ ਬਹੁਤੇ ਪੈਸੇ ਮਨੀਆਰਡਰ ਰਾਹੀਂ ਦੀਪੋ ਨੂੰ ਘੱਲਦਾ ਰਹਿੰਦਾ ਸੀ। ਪਰ ਨਿਰੇ ਪੈਸਿਆਂ ਨੂੰ ਕੀ ਕਰਨਾ ਜਦੋਂ ਬੰਦੇ ਦੇ ਹੁੰਦਿਆਂ ਸੁੰਦਿਆਂ ਰੰਡੀਆਂ ਵਾਂਗ ਜੂਨ ਹੰਢਾਉਣੀ ਏ ਤਾਂ। ਵਰ੍ਹਾ ਵਰ੍ਹਾ ਉਹ ਬਿਨਾਂ ਬੰਦੇ ਦਾ ਮੂੰਹ ਵੇਖਿਆਂ ਕੱਢ ਦਿੰਦੀ। ਠਰੀਆਂ ਰਾਤਾਂ ਨੂੰ ਢਿੱਡ ਵਿੱਚ ਗੋਡੇ ਲੈ ਕੇ ਸੌਂਦਿਆਂ, ਮਰਦ ਦੇ ਸਰੀਰ ਵਾਲ਼ਾ ਨਿੱਘ ਸਿਰਹਾਣੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਦੀ। ਅੰਗੀਠੀ ਉੱਤੇ ਪਈ ਜਿੰਦੂ ਦੀ ਫ਼ੋਟੋ ਵੀ ਉਸਦੀ ਅੱਗ ਨੂੰ ਠੰਢਾ ਨਾ ਕਰਦੀ। ਇੱਕ ਇੱਕ ਦਿਨ ਗਿਣ ਕੇ ਉਹ ਜਿੰਦੂ ਦੇ ਆਉਣ ਦੀ ਉਡੀਕ ਕਰਦੀ। ਪਰ ਜਦੋਂ ਉਹ ਘਰੇ ਆਉਂਦਾ ਤਾਂ ਕਲ਼ੇਸ਼ ਪੈ ਜਾਂਦਾ।
“ਹਰਾਮਦੀ ਕਿੰਝ ਭੁੱਖਿਆਂ ਵਾਂਗੂ ਪੈਂਦੀ ਆ ਜਿੱਦਾਂ ਕਦੀ ਬੰਦਾ ਨ੍ਹੀ ਵੇਖਿਆ ਹੁੰਦਾ। ਕੁੱਤੀਏ ਤੂੰ ਤਾਂ ਚਾਰ ਦਿਨ ਨਾ ਕੱਢੇਂ, ਵਰ੍ਹਾ ਕਿੱਥੋਂ ਕੱਢਦੀ ਹੋਏਂਗੀ। ਕੋਈ ਖਸਮ ਰੱਖਿਆ ਹੋਣੈਂ, ਤੇਰੇ ਵਰਗੀਆਂ ਭੋਰਾ ਨ੍ਹੀ ਰਹਿੰਦੀਆਂ ਬੰਦੇ ਤੋਂ ਬਿਨਾਂ… ” ਉਹਨੂੰ ਸਕਤਾ ਮਾਰ ਗਿਆ। ਬੇਜਾਨ ਬੁੱਤ ਵਾਂਗ ਉਹ ਉੱਥੇ ਜੰਮ ਗਈ। ਜਿੰਦੂ ਦੀ ਹਿੱਕ ਦੇ ਵਾਲ਼ਾਂ ਵਿੱਚ ਫਿਰਦਾ ਉਸ ਦਾ ਹੱਥ ਸੁੰਨ ਹੋ ਗਿਆ। ਅੱਖਾਂ ਵਿੱਚੋਂ ਸੇਕ ਨਿਕਲਣ ਲੱਗਾ।
“ਘੱਕੀ ਕੀਹਦਾ ਬੀਅ ਆ, ਸੱਚੋ ਸੱਚ ਦੱਸ ਦੇ” ਜਿੰਦੂ ਦੇ ਮੂੰਹੋਂ ਨਿਕਲੇ ਇਨ੍ਹਾਂ ਸ਼ਬਦਾਂ ਨੇ ਦੀਪੋ ਦੇ ਅੰਦਰ ਬਲ਼ਦੀ ਅੱਗ ਉੱਤੇ ਪਾਣੀ ਦੀ ਬਾਲਟੀ ਸੁੱਟ ਦਿੱਤੀ ਸੀ। ਸਵੇਰ ਦਾ ਉਸਨੇ ਪੰਜ ਛੇ ਵਾਰ ਮੂੰਹ ਧੋਤਾ ਸੀ। ਭਾਵੇਂ ਸਉਲ਼ਾ ਰੰਗ ਚਿੱਟਾ ਤਾਂ ਨਹੀਂ ਸੀ ਹੋਇਆ ਪਰ ਉਸਦੇ ਮਨ ਨੂੰ ਤਸੱਲੀ ਸੀ ਕਿ ਉਹ ਜਿੰਦੂ ਨੂੰ ਜ਼ਰੂਰ ਸੋਹਣੀ ਲੱਗੇਗੀ। ਦੰਦਾਸਾ ਮਲ਼ਣ ਨਾਲ ਲਾਲ ਹੋਏ ਬੁੱਲ੍ਹਾਂ ਵਿੱਚੋਂ ਲਿਸ਼ਕਦੇ ਚਿੱਟੇ ਦੰਦਾਂ ਨੂੰ ਵਾਰ-ਵਾਰ ਵੇਖ ਕੇ ਉਹ ਨਸ਼ਿਆਈ ਜਾ ਰਹੀ ਸੀ। ਹੱਥਾਂ ਉੱਤੇ ਲੱਗਾ ਗੋਹੇ ਦਾ ਰੰਗ ਮਹਿੰਦੀ ਨੇ ਕੱਜ ਲਿਆ ਸੀ। ਸਿਰ ਵਿੱਚ ਵੀ ਉਹਨੇ ਲੱਸੀ ਦੀ ਥਾਂ ‘ਤੇ ਸ਼ੈਂਪੂ ਮੰਗਵਾ ਕੇ ਪਾਇਆ ਸੀ। ਤੇ ਸੂਈ ਨਾਲ ਚੰਗੀ ਤਰ੍ਹਾਂ ਮੈਲ਼ ਕੱਢ ਕੇ ਉਸ ਕੋਕਾ ਵੀ ਲਿਸ਼ਕਾ ਸੁੱਟਿਆ ਸੀ। ਲਾਵਾਂ ਵਾਲ਼ਾ ਲਾਲ ਜੋੜਾ ਤੇ ਝਿੰਮੀ ਉਹਨੇ ਪੇਟੀ ਵਿੱਚੋਂ ਕੱਢ ਕੇ ਉਤਲੇ ਟਰੰਕ ਵਿੱਚ ਰੱਖ ਲਈ। ਘੱਕੀ ਦੇ ਜੰਮਣ ਤੋਂ ਬਾਅਦ ਉਹਦਾ ਸਰੀਰ ਥੋੜ੍ਹਾ ਭਾਰਾ ਹੋ ਗਿਆ ਸੀ ਪਰ ਜੇ ਉਹ ਪਾਕੇ ਵਹੁਟੀ ਬਣਨ ਨੂੰ ਕਹੇਗਾ ਤਾਂ ਉਹ ਪਾ ਲਵੇਗੀ। ਉਸਨੂੰ ਬੰਦਿਆਂ ਦੇ ਸੁਭਾਅ ਬਾਰੇ ਉਹਦੀ ਸੱਸ ਨੇ ਪਹਿਲੀ ਰਾਤੇ ਹੀ ਸਭ ਸਮਝਾ ਦਿੱਤਾ ਸੀ ਕਿ ਰਾਤ ਨੂੰ ਬੰਦਾ ਜਿਵੇਂ ਆਖੀ ਜਾਵੇ, ਮੰਨੀ ਜਾਉ ਤੇ ਦਿਨੇ ਭਾਵੇਂ ਜੋ ਮਰਜ਼ੀ ਕਰਵਾ ਲਵੋ। ਪਰ ਹੁਣ ਜਿੰਦੂ ਦੇ ਕਹੇ ਇਨ੍ਹਾਂ ਸ਼ਬਦਾਂ ਨੇ ਉਸ ਨੂੰ ਵਿੰਨ੍ਹ ਘੱਤਿਆ। ਉਹ ਦਹਾੜ ਮਾਰ ਕੇ ਉੱਠੀ।
“ਕਿਉਂ, ਯਕੀਨ ਨ੍ਹੀਂ ਅਪਣੇ ਆਪ ‘ਤੇ? ਹਾਂ ਰੱਖਿਆ ਈ ਮੈਂ ਖਸਮ, ਜੇ ਤੂੰ ਕਿਸੇ ਕੰਜਰੀ ਦਾ ਗੂੰਹ ਖਾਂਦਾ ਹੋਏਂਗਾ ਬਾਹਰ ਤਾਂ ਮੈਂ ਵੀ ਰੱਖਿਆ ਈ ਖਸਮ। ਤੂੰ ਕਰ ਲੈ ਜੋ ਕਰਨਾ ਈ… ਤੂੰ ਸਿੱਧਾ ਕਿਉਂ ਨਹੀਂ ਕਹਿੰਦਾ ਕਿ ਸਰ ਗਿਆ ਏ ਤੇਰੇ ਵਾਲਾ, ਨਹੀਂ ਤਾਂ ਬੰਦਾ ਵਰ੍ਹੇ ਛਿਮਾਹੀ ਘਰ ਵੜੇ ਤਾਂ ਸਾਰੀ ਰਾਤ ਬੁੱਢੀ ਨੂੰ ਸੌਣ ਨਹੀਂ ਦਿੰਦਾ… ” ਦੀਪੋ ਦੇ ਅੰਦਰਲੀ ਅੱਗ ਜਿਵੇਂ ਉਸਦੀਆਂ ਅੱਖਾਂ ਵਿੱਚ ਆ ਗਈ ਸੀ। ਉਹ ਬੋਲੀ ਜਾ ਰਹੀ ਸੀ ਜੋ ਉਸਦੇ ਮੂੰਹ ਅੱਗੇ ਆ ਰਿਹਾ ਸੀ। ਉਹ ਜਿਵੇਂ ਗੱਲ ਹੰਨੇ ਜਾਂ ਬੰਨੇ ਲਾ ਦੇਣਾ ਚਾਹੁੰਦੀ ਸੀ। ਜਿੰਦੂ ਚੁੱਪ ਸੀ। ਬੰਦਾ ਹਰ ਵੱਡੀ ਤੋਂ ਵੱਡੀ ਗਾਹਲ਼ ਬਰਦਾਸ਼ਤ ਕਰ ਲੈਂਦਾ ਹੈ ਪਰ ‘ਸਰਿਆ’ ਅਖਵਾਉਣਾ ਕਦੀ ਬਰਦਾਸ਼ਤ ਨਹੀਂ ਕਰ ਸਕਦਾ। ਇੰਨਾ ਕਹਿਣ ਦੀ ਦੇਰ ਸੀ ਕਿ ਜਿੰਦੂ ਨੇ ਦੀਪੋ ਨੂੰ ਗੁੱਤੋਂ ਫ਼ੜ ਕੇ ਸੁੱਟ ਲਿਆ ਤੇ ਫ਼ਿਰ ਨ੍ਹੀ ਦੀਪੋ ਨੂੰ ਪਤਾ ਲੱਗਾ ਕਿ ਉਸਦੇ ਕਿੱਥੇ ਵੱਜਦੀਆਂ ਹਨ। ਘੱਕੀ ਦੇ ਬੈਟ ਨਾਲ ਉਸਨੇ ਦੀਪੋ ਦੇ ਪਿੰਡੇ ਉੱਤੇ ਕੋਈ ਥਾਂ ਐਸਾ ਨਹੀਂ ਸੀ ਛੱਡਿਆ ਜਿਸ ਉੱਤੇ ਨਹੀਂ ਸੀ ਮਾਰਿਆ। ਉਸਦਾ ਸਰੀਰ ਸੱਟਾਂ ਨਾਲ ਸੁੰਨ ਹੋ ਗਿਆ। ਦੀਪੋ ਨੇ ਆ ਵੇਖਿਆ ਨਾ ਤਾਅ, ਰਾਤੀਂ ਹੀ ਘੱਕੀ ਨੂੰ ਕੁੱਛੜ ਚੁੱਕ ਕੇ ਵਿਚੋਲਣ ਦੇ ਘਰੇ ਜਾ ਵੜੀ। ਵਿਚੋਲਣ ਨੂੰ ਨਾਲ ਲੈ ਕੇ ਦੀਪੋ ਨੇ ਤੜਕੇ ਜਦੋਂ ਘਰੇ ਪੈਰ ਪਾਇਆ ਤਾਂ ਜਿੰਦੂ ਪੱਖੇ ਨਾਲ ਲਮਕ ਰਿਹਾ ਸੀ। ਨਿੱਕੇ ਜਿਹੇ ਘੱਕੀ ਨੂੰ ਕੁੱਛੜ ਚੁੱਕੀ ਦੀਪੋ ਕਦੇ ਘੱਕੀ ਨੂੰ ਵੇਖਦੀ ਕਦੇ ਪੱਖੇ ਨਾਲ ਲਮਕਦੇ ਜਿੰਦੂ ਨੂੰ।
…………
ਦੁੱਲਾ ਸ਼ੁਰੂ ਤੋਂ ਹੀ ਪਿੰਡ ਵਾਲਿਆਂ ਦੀ ਚਰਚਾ ਦਾ ਵਿਸ਼ਾ ਰਿਹਾ ਸੀ। ਕਦੀ ਕਿਸੇ ਦੇ ਡੰਗਰ ਨੂੰ ਬੇਕਿਰਕੀ ਨਾਲ ਕੁੱਟ ਸੁੱਟਣਾ ਜਿਹੜਾ ਉਸਦੀ ਫ਼ਸਲ ਦਾ ਨੁਕਸਾਨ ਕਰਦਾ ਤੇ ਉਲ਼ਾਹਮਾ ਦੇਣ ਆਏ ਕਿਸੇ ਬਜ਼ੁਰਗ ਨੂੰ ਮੰਦਾ ਚੰਗਾ ਬੋਲ ਦੇਣਾ। ਕਦੇ ਮਾਸਟਰਾਂ ਨੂੰ ਗਾਲ਼ਾਂ ਕੱਢ ਕੇ ਤੇ ਕਦੀ ਦਾਰੀ ਦੀ ਹੱਟੀ ਤੋਂ ਪਕੌੜੇ ਖਾ ਕੇ ਬਿਨਾਂ ਪੈਸੇ ਦੇਣ ਤੋਂ ਭੱਜ ਜਾਣਾ। ਸ਼ਾਹਬਾਜ਼ਪੁਰੋਂ ਦਸਵੀਂ ਕਰਕੇ ਉਹ ਪੱਟੀ ਸਰਕਾਰੀ ਕਾਲਜ ਪੜ੍ਹਨੇ ਪੈ ਗਿਆ। ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦਾ ਸਰਗਰਮ ਕਾਰਕੁੰਨ ਬਣ ਗਿਆ। ਜਦੋਂ ਕਿਤੇ ਕੋਈ ‘ਸਿੰਘ ਸ਼ਹੀਦ’ ਹੋ ਜਾਣਾ, ਅੱਗੇ ਲੱਗ ਕੇ ਕਾਲਜ ਵਿੱਚ ਹੜਤਾਲ ਉਸ ਨੇ ਹੀ ਕਰਵਾਉਣੀ। ਖਾੜਕੂਆਂ ਦੇ ਨਾਲ ਸਬੰਧ ਰੱਖਣ ਕਰਕੇ ਉਸ ਦਾ ਨਾਮ ‘ਭਾਊ’ ਵੱਜਣ ਲੱਗ ਪਿਆ। ਦੁੱਲੇ ਤੋਂ ਕਾਲਜ ਸਟਾਫ਼ ਨੇ ਕਦੇ ਹਾਜ਼ਰੀ ਦੇਣ ਬਾਰੇ ਨਹੀਂ ਸੀ ਪੁੱਛਿਆ। ਪੱਟੀ ਵਿੱਚ ਦੁੱਲਾ ਭਾਊ ਦੁੱਲਾ ਭਾਊ ਹੁੰਦੀ ਸੀ।
ਦੁੱਲਾ ਭਿੰਡਰਾਂਵਾਲੇ ਦਾ ਸਿੰਘ ਉਦੋਂ ਬਣਿਆ ਸੀ ਜਦੋਂ ਚੁਰਾਸੀ ਵਾਲਾ ਘੱਲੂਘਾਰਾ ਅਜੇ ਨਹੀਂ ਸੀ ਹੋਇਆ। ਉਦੋਂ ਉਹ ਅੰਮ੍ਰਿਤਸਰੋਂ ਭਿੰਡਰਾਂਵਾਲੇ ਦਾ ਭਾਸ਼ਣ ਸੁਣ ਕੇ ਆਇਆ ਸੀ। ਭਾਸ਼ਣ ਤੋਂ ਪ੍ਰਭਾਵਤ ਹੋਇਆ ਦੁੱਲਾ ਜਦੋਂ ਪਿੰਡ ਵੜਿਆ ਤਾਂ ਜੈਕਾਰੇ ਛੱਡਦਾ ਆਵੇ ‘ਹੁਣ ਬਣਾ ਕੇ ਛੱਡਣਾ ਖ਼ਾਲਿਸਤਾਨ। ਗੰਗੂ ਦੀ ‘ਲ਼ਾਦ ਨੂੰ ਹੁਣ ਜਮਨਾ ਪਾਰ ਘੱਲਾਂਗੇ। ਧੋਤੀ ਟੋਪੀ ਤੇ ਸਿਗਟਾਂ ਬੀੜੀਆਂ ਵਾਲੇ, ਖ਼ਾਲਿਸਤਾਨ ਵਿੱਚ ਨਹੀਂ ਰਹਿਣਗੇ ਹੁਣ।’ ਅੱਖਾਂ ਵਿੱਚ ਲਾਲੀ ਹੱਦੋਂ ਵੱਧ ਸੀ ਜਿਵੇਂ ਕੋਈ ਨਸ਼ਾ ਕੀਤਾ ਹੋਵੇ। ਉਸ ਦਿਨ ਉਸਨੇ ਸਿਖ਼ਰ ਦੁਪਿਹਰੇ ਚਹੁੰ ਕਿੱਲਿਆਂ ਦੀਆਂ ਵੱਟਾਂ ਇੱਕੇ ਸਾਹੇ ਛਾਂਗ ਮਾਰੀਆਂ ਸਨ। ਕਣਕ ਦੇ ਵੱਢ ਨੂੰ ਪਾਣੀ ਲਾਉਣ ਨਾਲ ਖੁੱਡਾਂ ਵਿੱਚੋਂ ਚੂਹੇ ਬਾਹਰ ਆ ਰਹੇ ਸਨ। ਪੂਰੇ ਸੱਤ ਚੂਹੇ ਉਸਨੇ ਕਹੀ ਦੇ ਪੱਤ ਨਾਲ ਵੱਢ ਦਿੱਤੇ ਸਨ ਤੇ ਫ਼ਿਰ ਇੱਕੇ ਲਾਈਨ ਵਿੱਚ ਪਾ ਕੇ ਕਿੰਨਾ ਚਿਰ ਹੱਸਦਾ ਰਿਹਾ। ‘ਅੱਈਦਾਂ ਵਿਛਾਉਣੇ ਈ ਹੁਣ ਅੱਈਦਾਂ… !’ ਉਸਨੂੰ ਜੀਵ ਹੱਤਿਆ ਕਰਨ ਲੱਗਿਆਂ ਭੋਰਾ ਤਰਸ ਨਹੀਂ ਸੀ ਆਉਂਦਾ। ਕੁੱਕੜ ਦੀ ਧੌਣ ਉਹ ਹੱਥ ਨਾਲ ਮਰੋੜ ਕੇ ਤੜਕਾ ਲਾ ਦੇਂਦਾ। ਸੂਰਜਮੁਖੀ ਦੀ ਫ਼ਸਲ ਦੀ ਰਾਖੀ ਕਰਨ ਲਈ ਉਸਨੇ ਤੋਤੇ ਮਾਰਨ ਵਾਲੀ ਰਾਈਫ਼ਲ ਲੈ ਆਂਦੀ। ਅਖੇ-“ਜੇ ਇਨ੍ਹਾਂ ਦੀ ਜ਼ਿੰਦਗੀ ਦਾ ਸੋਚਦੇ ਰਹੇ ਤਾਂ ਅਸੀਂ ਆਪ ਭੁੱਖੇ ਮਰ ਜਾਵਾਂਗੇ” ਜੀਵ ਹੱਤਿਆ ਦੇ ਪਿੱਛੇ ਉਸ ਦੀ ਮਨਸ਼ਾ ਇਹ ਵੀ ਹੁੰਦੀ-“ਮੁਕਤੀ ਹੋ ਗਈ ਸਗੋਂ ਸਾਲ਼ਿਆਂ ਦੀ, ਅਗਲੇ ਜਨਮ ਵਿੱਚ ਕੋਈ ਚੰਗੀ ਚੀਜ਼ ਬਣ ਕੇ ਆਉਣਗੇ” ਇੱਕ ਵਾਰ ਇੱਕ ਕੁੱਤੀ ਦੇ ਨਵਜੰਮੇ ਛੇ ਕਤੂਰੇ ਉਸ ਨੇ ਰੋਹੀ ਦੇ ਵਗਦੇ ਪਾਣੀ ਵਿੱਚ ਭੁਆਂ-ਭੁਆਂ ਕੇ ਮਾਰੇ ਤੇ ਫ਼ਿਰ ਕਹਿਣ ਲੱਗਾ -“ਸਾਲਿਉ ਅਗਲੇ ਜਨਮ ਵਿੱਚ ਬੰਦੇ ਦੇ ਪੁੱਤ ਬਣ ਕੇ ਆਇਓ, ਕੁੜੀ ਜ੍ਹਾਵਿਓ! ਸਾਰੀ ਉਮਰ ਕੁੱਤੀ ਦੇ ਪੁੱਤ ਈ ਅਖਵਾਉਣਾ ਸੀ।” ਉਸ ਦਾ ਦਿਲ ਬੜਾ ਸਖ਼ਤ ਸੀ। ਇਸ ਦਾ ਕਾਰਨ ਉਹ ਦੱਸਦਾ-‘ਜੇ ਕਿਤੇ ਕੋਈ ਬੰਦਾ ਮੈਨੂੰ ਮਾਰਨ ਪੈ ਜਾਵੇ ਤਾਂ ਕੀ ਕਰੂੰਗਾ? ਉਹਨੂੰ ਅੱਗੋਂ ਮਾਰੂੰਗਾ ਜਾਂ ਇਹ ਕਹੂੰਗਾ ਕਿ ਚੱਲ ਮੈਨੂੰ ਮਾਰ ਲੈ ਯਾਰ, ਮੈਂ ਤਾਂ ਤੈਨੂੰ ਨਹੀਂ ਮਾਰ ਸਕਦਾ… ਮੇਰਾ ਤਾਂ ਦਿਲ ਨ੍ਹੀਂ ਹੈਗਾ… ! ਤੇ ਜੇ ਉਸ ਨੂੰ ਮਾਰਨਾ ਪੈ ਜਾਵੇ ਤਾਂ ਫੌਜ ਕੋਲੋਂ ਟਰੇਨਿੰਗ ਲੈਣ ਜਾਊਂਗਾ ਜਾਂ ਫ਼ਿਰ ਕਿਸੇ ਤਕੜੇ ਦੇ ਗਾੜੀ ਜਾ ਕੇ ਘੋੜੀ ਬਣਾਂਗਾ ਕਿ ਚੱਲੋ ਜੀ, ਮੇਰੇ ਨਾਲ ਜੋ ਮਰਜ਼ੀ ਕਰ ਲਵੋ ਪਰ ਹੁਣ ਮੈਨੂੰ ਬਚਾ ਲਓ।” ਉਹ ਇੱਕ ਜੁਝਾਰੂ ਕਵੀ ਦੀਆਂ ਸਤਰਾਂ ਵੀ ਬੋਲਦਾ-‘ਕਦੋਂ ਤੱਕ ਮੋਮ ਦੇ ਬੁੱਤ ਬਣੇ ਰਹੋਗੇ, ਅਪਣੇ-ਆਪ ਨੂੰ ਪੱਥਰ ਦੇ ਕਰ ਲਵੋ, ਸਿਖ਼ਰ ਦੁਪਹਿਰ ਸਿਰ ‘ਤੇ ਹੈ, ਗੁੰਮ ਜਾਵੇ ਨਾ ਕਿਤੇ ਤੁਹਾਡਾ ਵਜੂਦ’ ਉਸ ਦਾ ਤਰਕ ਲੋਕਾਂ ਨੂੰ ਕੁਝ ਹੱਦ ਤੱਕ ਠੀਕ ਵੀ ਲੱਗਦਾ ਸੀ ਕਿ ਜੇ ਦਿਲ ਨੂੰ ਇੰਨਾ ਸਖ਼ਤ ਨਾ ਕੀਤਾ ਤਾਂ ਲੋੜ ਪੈਣ ਵੇਲੇ ਹਮਲਾਵਰ ਸਾਡਾ ਹੀ ਹਥਿਆਰ ਖੋਹ ਕੇ ਸਾਨੂੰ ਮਾਰ ਜਾਵੇਗਾ। ਪਰ ਉਸ ਦੀਆਂ ਅਜਿਹੀਆਂ ਗੱਲਾਂ ਤੋਂ ਕਈ ਵਾਰ ਡਰ ਲੱਗਣ ਲੱਗ ਪੈਂਦਾ।
ਸੰਤਾਂ ਦੇ ਖਿਲਾਫ਼ ਉਹ ਇੱਕ ਵੀ ਸ਼ਬਦ ਨਾ ਸੁਣਦਾ। ਸੰਤਾਂ ਦਾ ਉਸ ਉੱਤੇ ਇੰਨਾ ਅਸਰ ਹੋਇਆ ਕਿ ਸਿਰ ਉੱਤੇ ਉਸੇ ਤਰ੍ਹਾਂ ਦਾ ਦੁਮਾਲਾ ਵੀ ਲਪੇਟਦਾ। ਜਦੋਂ ਉਸ ਨੂੰ ਕੋਈ ਕਹਿੰਦਾ ਕਿ ‘ਸੰਤ ਭਿੰਡਰਾਂਵਾਲੇ ਵਰਗਾ ਲੱਗਦਾ ਏਂ’ ਤਾਂ ਉਹ ਬੜਾ ਖ਼ੁਸ਼ ਹੁੰਦਾ।
ਦੁੱਲਾ ਜੰਮਿਆ ਈ ਅੱਤਵਾਦੀ ਨਹੀਂ ਸੀ। ਅੱਤਵਾਦੀ ਉਸ ਨੂੰ ਬਣਨਾ ਪਿਆ ਸੀ। ਪੱਟੀ ਕਾਲਜ ਪੜ੍ਹਦਿਆਂ ਪੁਲੀਸ ਨੇ ਛੱਲੀਆਂ ਵਾਂਙ ਕੁੱਟਿਆ ਸੀ। ਦਿਆਲਪੁਰੇ ਦਾ ਸੁਖਜੀਤ ਉਹਦਾ ਜਮਾਤੀ ਸੀ। ਦੁੱਲਾ ਭਿੱਖੀਵਿੰਡ ਸਬਜ਼ੀ ਮੰਡੀ ਵਿੱਚ ਗੋਭੀ ਵੇਚ ਕੇ ਸਾਈਕਲ ਦਿਆਲਪੁਰੇ ਸੁਖਜੀਤ ਦੇ ਘਰੇ ਲਾਉਂਦਾ ਤੇ ਉੱਥੋਂ ਬੱਸੇ ਚੜ੍ਹ ਕੇ ਉਹ ਪੱਟੀ ਕਾਲਜ ਜਾਂਦੇ। ਸੁਖਜੀਤ ਬ੍ਰਾਹਮਣਾਂ ਦਾ ਮੁੰਡਾ ਸੀ ਤੇ ਉਹਦਾ ਮਾਮਾ ਸੰਮਾ ਅੱਤਵਾਦੀਆਂ ਵਿੱਚ ਸੀ। ਅੱਤਵਾਦੀ ਬਣਨ ਤੋਂ ਪਹਿਲਾਂ ਉਹ ਨਿੱਕੀਆਂ ਮੋਟੀਆਂ ਚੋਰੀਆਂ ਕਰਦਾ ਸੀ। ਪਰ ਕਮਾਂਡੋ ਫ਼ੋਰਸ ਦਾ ਏਰੀਆ ਕਮਾਂਡਰ ਬਣਨ ਨਾਲ ਉਹਦਾ ਅਹੁਦਾ ਵਧ ਗਿਆ ਸੀ। ਉਸ ਦਿਨ ਭਿੱਖੀਵਿੰਡ ਨੂੰ ਜਾਂਦਿਆਂ ਜਦੋਂ ਦੁੱਲਾ ਪੱਧਰੀ ਦੇ ਗੁਰਦੁਆਰੇ ਲਾਗੋਂ ਲੰਘ ਰਿਹਾ ਸੀ ਤਾਂ ਬਾਬਾ ਸਪੀਕਰ ਵਿੱਚ ਬੋਲ ਰਿਹਾ ਸੀ-“ਸਾਧ ਸੰਗਤ ਜੀ, ਖਾਲਿਸਤਾਨ ਕਮਾਂਡੋ ਫ਼ੋਰਸ ਦਾ ਏਰੀਆ ਕਮਾਂਡਰ ਭਾਈ ਸਰਵਣ ਸਿੰਘ ਸੰਮਾ ਤੇ ਲੈਫ਼ਟੀਨੈਂਟ ਜਨਰਲ ਭਾਈ ਸੁਰਜੀਤ ਸਿੰਘ ਫਰੰਦੀਪੁਰ ਪੁਲੀਸ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਹਨ। ਸਾਧ ਸੰਗਤ ਜੀ, ਉਨ੍ਹਾਂ ਦੇ ਸਰੀਰ ਲੈਣ ਪੱਟੀ ਜਾਣਾ ਹੈ। ਸੋ ਬੇਨਤੀ ਕੀਤੀ ਜਾਂਦੀ ਹੈ ਕਿ ਟਰੈਕਟਰ ਟਰਾਲੀਆਂ ਲੈ ਕੇ ਪੱਟੀ ਸਰਕਾਰੀ ਹਸਪਤਾਲ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਜੀ।” ਇਲਾਕੇ ਦੇ ਵੀਹ ਪੰਝੀ ਪਿੰਡਾਂ ਦੇ ਲੋਕ ਉਨ੍ਹਾਂ ਦੀਆਂ ਲਾਸ਼ਾਂ ਲੈਣ ਪਹੁੰਚ ਗਏ ਸਨ। ਹਸਪਤਾਲ ਵਾਲੇ ਰਾਹ ਥਾਣੀਂ ਕਾਲਜ ਜਾਂਦਿਆਂ ਦੁੱਲਾ ਤੇ ਸੁਖਜੀਤ ਵੀ ਭੀੜ ਵਿੱਚ ਰਲ਼ ਗਏ। ਲਾਸ਼ਾਂ ਲੈਣ ਆਈ ਭੀੜ ਨੇ ਸਾਰਾ ਸ਼ਹਿਰ ਬੰਦ ਕਰਵਾ ਦਿੱਤਾ ਸੀ। ਇੰਨੇ ਨੂੰ ਪੁਲੀਸ ਨੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਸੁਖਜੀਤ ਸਣੇ ਸਾਰੇ ਸ਼ੂਟਾਂ ਵੱਟ ਗਏ। ਦੁੱਲਾ ਸੜਕ ‘ਤੇ ਧਰਨਾ ਲਾ ਕੇ ਬੈਠ ਗਿਆ। ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਨ ਲੱਗ ਪਿਆ। ਪੁਲੀਸ ਵਾਲੇ ਜਦੋਂ ਸਾਰਿਆਂ ਨੂੰ ਦੂਰ ਕੱਢ ਆਏ ਤਾਂ ਉਸ ਉੱਤੇ ਉਨ੍ਹਾਂ ਦਾ ਧਿਆਨ ਪਿਆ।
“ਆਹ ਕਿਹੜਾ ਬੈਠਾ ਸਾਲਾ … ਦਾ” ਤੇ ਨਾਲ ਹੀ ਇੱਕ ਪੁਲਸੀਏ ਨੇ ਤਕੜਾ ਠੁੱਡਾ ਉਹਦੇ ਲੱਕ ਵਿੱਚ ਦੇ ਮਾਰਿਆ। ਦੁੱਲੇ ਦੀ ਪੱਗ ਲੱਥ ਗਈ। ਉਸ ਨੇ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ। ਪੁਲੀਸ ਨੇ ਫੜ ਕੇ ਗੱਡੀ ਵਿੱਚ ਸੁੱਟ ਲਿਆ ਤੇ ਵਾਇਰਲੈੱਸ ਕਰ ਦਿੱਤੀ ਕਿ ਇੱਕ ਅੱਤਵਾਦੀ ਫ਼ੜ ਲਿਆ ਹੈ। ਰਾਤ ਨੂੰ ਪੁਲਸੀਆਂ ਨੇ ਦਾਰੂ ਪੀ ਕੇ ਉਹਨੂੰ ਛੱਲੀਆਂ ਵਾਂਙ ਕੁੱਟਿਆ। ਕਈ ਜਣੇ ਇੱਕੋ ਵੇਲੇ ਰੀਝ ਨਾਲ ਕੁੱਟ ਰਹੇ ਸਨ। ਕੋਈ ਏ.ਕੇ. ਸੰਤਾਲ਼ੀ ਦੇ ਬੱਟਾਂ ਨਾਲ ਕੁੱਟ ਰਿਹਾ ਸੀ ਤੇ ਕੋਈ ਸੋਟਿਆਂ ਨਾਲ। ਕੋਈ ਗੋਡਿਆਂ ਉੱਤੇ ਮਾਰਦਾ ਤਾਂ ਕੋਈ ਕੂਹਣੀਆਂ ਉੱਤੇ। ਉਸ ਨੂੰ ਹਵਾਲਾਤੇ ਚੋਰਾਂ ਤੇ ਨਸ਼ੇੜੀਆਂ ਨਾਲ ਡੱਕ ਦਿੱਤਾ ਗਿਆ। ਨਿੱਕੇ ਜਿਹੇ ਕਮਰੇ ਵਿੱਚ ਉਸ ਤੋਂ ਇਲਾਵਾ ਦਸ ਬਾਰਾਂ ਬੰਦੇ ਹੋਰ ਸਨ। ਪਰ੍ਹੇ ਨੁੱਕਰੇ ਇੱਕ ਚੌਂਕਾ ਜਿਹਾ ਵਲ਼ਿਆ ਸੀ ਜਿਸ ਵਿੱਚ ਬਣੇ ਚੁੱਲ੍ਹਿਆਂ ਵਿੱਚ ਹਵਾਲਾਤੀ ਟੱਟੀ-ਪਿਸ਼ਾਬ ਕਰਦੇ। ਗੰਦ ਚੁੱਕਿਆ ਨਹੀਂ ਸੀ ਜਾਂਦਾ। ਗੰਦ ਦੇ ਢੇਰ ਦੇ ਨੇੜੇ ਪਾਣੀ ਵਾਲੀ ਝੱਜਰੀ ਪਈ ਸੀ ਜਿਸ ਵਿੱਚਲੇ ਪਾਣੀ ਨਾਲ ਟੱਟੀ ਵਾਲ਼ੇ ਹੱਥ ਧੋਤੇ ਜਾਂਦੇ ਤੇ ਤ੍ਰੇਹ ਲੱਗਣ ‘ਤੇ ਉਹੀ ਪੀਤਾ ਵੀ ਜਾਂਦਾ। ਰਾਤ ਨੂੰ ਲਾਲ ਮਿਰਚਾਂ ਵਾਲੀ ਪਤਲੀ ਦਾਲ਼ ਤੇ ਦੋ ਦੋ ਸੜੇ ਤੇ ਸੁੱਕੇ ਫ਼ੁਲਕੇ ਲਾਂਗਰੀ ਸਾਰਿਆਂ ਦੇ ਅੱਗੇ ਸੁੱਟੀ ਗਿਆ। ਬਾਕੀਆਂ ਤਾਂ ਸੱਤ ਕਰ ਕੇ ਰੋਟੀ ਖਾ ਲਈ ਪਰ ਦੁੱਲੇ ਨੇ ਮੂੰਹ ਨਾ ਲਾਇਆ। ਪੋਹ ਦੀ ਸੀਤ ਹੱਡ ਚੀਰਦੀ ਜਾ ਰਹੀ ਸੀ। ਉਸ ਦਾ ਕੁੱਟ ਨਾਲ ਸੁੰਨ ਹੋਇਆ ਸਰੀਰ ਜਿਉਂ-ਜਿਉਂ ਹਰਕਤ ਵਿੱਚ ਆ ਰਿਹਾ ਸੀ, ਹੋਰ ਚੀਸਾਂ ਪੈਣ ਲੱਗੀਆਂ ਸਨ। ਕੋਈ ਅੰਗ ਨਹੀਂ ਸੀ ਜਿਹੜਾ ਨਾ ਦੁੱਖ ਰਿਹਾ ਹੋਵੇ।
“ਇਨ੍ਹਾਂ ਦੀ ਭੈਂ…, ਚੰਗੇ ਰਹਿਣਗੇ ਜੇ ਮੈਨੂੰ ਮਾਰ ਦੇਣਗੇ ਤਾਂ ਨਹੀਂ ਤਾਂ ਮੈਂ ਨਹੀਂ ਛੱਡਣਾ ਇਨ੍ਹਾਂ ਦੇ ਟੱਬਰਾਂ ਨੂੰ, ਜ਼ਖ਼ਮੀ ਸ਼ੇਰ ਤੇ ਸੱਪ ਕਦੇ ਨਹੀਂ ਛੱਡੀਦੇ, ਪੁੱਤ, ਇਹ ਤਾਂ ਬਦਲਾ ਲੈ ਕੇ ਰਹਿੰਦੇ ਆ” ਦੁੱਲਾ ਬੁੜ ਬੁੜ ਕਰੀ ਜਾ ਰਿਹਾ ਸੀ।
“ਕਾਹਦੇ ਵਿੱਚ ਆਏ ਜੇ ਭਾਊ ਜੀ?” ਲਾਗੇ ਪੈਰਾਂ ਭਾਰ ਬੈਠੇ ਇੱਕ ਚੋਰ ਨੇ ਪੁੱਛਿਆ।
“ਤੂੰ ਅੰਨ੍ਹਾ ਹੋਇਆਂ, ਤੈਨੂੰ ਨ੍ਹੀ ਪਤਾ ਲੱਗਣ ਡਿਆ ਕਾਹਦੇ ਵਿੱਚ ਲਿਆਂਦਾ ਜਵਾਈ ਨੂੰ?”
“ਆਹ ਗੋਲ਼ੀਆਂ ਖਾ ਲਉ, ਨੀਂਦ ਸੌਖੀ ਆ ਜਾਊਗੀ…” ਉਹਨੇ ਨੀਂਦ ਦੀਆਂ ਗੋਲ਼ੀਆਂ ਦਿੰਦਿਆਂ ਕਿਹਾ। ਕਿੰਨਾ ਚਿਰ ਚੁੱਪ ਛਾਈ ਰਹੀ। ਕੋਈ ਕੋਈ ਕੈਦੀ ਪੀੜ ਨਾਲ ਕਰਾਹੁੰਦਾ ਤਾਂ ਚੁੱਪ ਟੁੱਟਦੀ।
“ਰਾਤੀਂ ਇੱਕ ਮੁੰਡਾ ਲਿਆਂਦਾ ਸੀ ਇਨ੍ਹਾਂ ਨੇ ਅਲੂੰਆਂ ਜਿਹਾ, ਵਿਚਾਰਾ ਸਾਰੀ ਰਾਤ ਰੋਂਦਾ ਰਿਹਾ। ਕਹਿੰਦਾ ‘ਮੇਰੇ ਮਾਪੇ ਕੀ ਕਰਨਗੇ ਮੇਰੇ ਤੋਂ ਬਗੈਰ, ਉਹ ਤਾਂ ਮਰ ਜਾਣਗੇ ਊਂ ਈ, ਮੇਰਾ ਤਾਂ ਕਿਸੇ ਜਥੇਬੰਦੀ ਨਾਲ ਕੋਈ ਸਬੰਧ ਨਹੀਂ, ਮੈਂ ਤਾਂ ਮਾਪਿਆਂ ਦਾ ਕੱਲ੍ਹਾ ਕੱਲ੍ਹਾ ਪੁੱਤ ਆਂ, ਭੈਣ ਨੂੰ ਲੋਹੜੀ ਦੇਣ ਆਇਆਂ ਸਾਂ ਬੁਰਜ ਨੱਥੂ ਕੇ, ਫ਼ੜ ਲਿਆਏ, ਕਦੀ ਕਹਿਣ ਤੇਰੇ ਘਰੇ ਸੰਘਾ ਆਉਂਦਾ, ਕਦੀ ਕਹਿਣ ਤੂੰ ਪੰਮੇ ਪੰਜਵੜੀਏ ਨਾਲ ਕੰਮ ਕਰਦਾ, ਕਦੀ ਕਹਿਣ ਤੂੰ ਪੱਟੀ ਸਿਨਮੇ ਵਿੱਚ ਬੰਬ ਸੁੱਟਿਆ। ਮੈਂ ਤਾਂ ਕਦੀ ਪਿੰਡੋਂ ਬਾਹਰ ਨਹੀਂ ਨਿਕਲਿਆ… ਮੇਰੀ ਮਾਂ ਤਾਂ ਮੇਰੇ ਤੋਂ ਬਗੈਰ ਰੋਟੀ ਨਹੀਂ ਖਾਂਦੀ, ਅੱਜ ਉਹ ਭੁੱਖੀ ਬੈਠੀ ਹੋਊ, ਮੇਰਾ ਪਿਉ ਤਾਂ ਕਹਿੰਦਾ ਸੀ, ਇਸ ਕਣਕ ਤੋਂ ਤੈਨੂੰ ਨਵਾਂ ਝੱਗਾ ਲੈ ਕੇ ਦਿਉਂਗਾ। ਕੀ ਕਰਨਗੇ, ਓਇ ਮੇਰੇ ਮਾਪਿਆਂ ਨੂੰ ਮਿਲਾ ਦਿਉ ਜ਼ਾਲਮੋਂ, ਮੈਂ ਨਹੀਂ ਕੋਈ ਅੱਤਵਾਦੀ, ਮੈਂ ਤਾਂ ਹਾਲੇ ਹੋਰ ਪੜ੍ਹਨਾ ਏ…” ਉਹਦੀ ਰੋਂਦੇ ਦੀ ਘਿੱਗੀ ਬੱਝ ਗਈ ਪਰ ਕਿਸੇ ਉਸ ‘ਤੇ ਤਰਸ ਨਾ ਕੀਤਾ ਤੇ ਕੁੱਟਣ ਲੱਗ ਪਏ। ਪੁੱਠੇ ਲੰਮੇ ਪਾ ਕੇ ਪੈਰਾਂ ਦੀਆਂ ਤਲ਼ੀਆਂ ਉੱਤੇ ਡੰਡੇ ਮਾਰਨ, ਉਂਗਲ਼ਾਂ ਵਿੱਚ ਸੋਟੀ ਦੇ ਕੇ ਮਰੋੜੇ ਚਾੜ੍ਹਣ, ਮੁੰਡਾ ਤਾਂ ਛੱਤੀਂ ਹੱਥ ਪਾਵੇ, ਫਿਰ ਇਕ ਨੂੰ ਪਤਾ ਨਹੀਂ ਕੀ ਸੁੱਝੀ। ਵਾਲ਼ਾਂ ਤੋਂ ਫ਼ੜ ਕੇ ਉਹਨੇ ਅਪਣੇ ਗੋਡਿਆਂ ਵਿਚ ਉਹਦਾ ਸਿਰ ਦੇ ਲਿਆ ਤੇ ਦੂਜੇ ਨੇ ਉਹਦੇ ਪਿੱਛੇ ਡੰਡਾ ਤੁੰਨ ਦਿੱਤਾ। ਉਸ ਦੀਆਂ ਡਾਡਾਂ ਕੰਧਾਂ ਪਾੜ ਰਹੀਆਂ ਸਨ। ਜ਼ਾਲਮਾਂ ਦੇ ਹਾਸੇ ਵਿੱਚ ਉਸ ਦੀਆਂ ਡਾਡਾਂ ਹੋਰ ਭਿਆਨਕ ਹੋ ਗਈਆਂ ਸਨ। ਸੰਘ ਪਾੜਦਾ ਉਹ ਬੇਹੋਸ਼ ਹੋ ਗਿਆ। ਅੱਧੀ ਰਾਤੀਂ ਉਸ ਨੂੰ ਗੱਡੀ ਵਿੱਚ ਸੁੱਟ ਕੇ ਲੈ ਗਏ। ਵਿਚਾਰੇ ਦੇ ਮਾਪੇ ਤਾਂ ਵਿਲਕਦਿਆਂ ਮਰ ਗਏ ਹੋਣਗੇ…” ਉਹ ਸੁਣਾ ਰਿਹਾ ਸੀ ਤਾਂ ਦੁੱਲਾ ਉਸ ਮੁੰਡੇ ਦੀ ਥਾਂ ਖ਼ੁਦ ਨੂੰ ਵੇਖ ਰਿਹਾ ਸੀ। ਉਹ ਚੁੱਪ ਹੋ ਗਿਆ ਤੇ ਫਿਰ ਉਸ ਦੁੱਲੇ ਦੇ ਮੂੰਹ ਵੱਲ ਵੇਖਿਆ ਜਿਵੇਂ ਉਸ ਨੇ ਰਾਤ ਵਾਲੇ ਮੁੰਡੇ ਨੂੰ ਆਖਰੀ ਵਾਰ ਵੇਖਿਆ ਸੀ- “ਤੂੰ ਵੀ ਪੜ੍ਹਦੈਂ ਭਾਊ?” ਉਸ ਪੁੱਛਿਆ। ਦੁੱਲਾ ਪਹਿਲਾਂ ਤਾਂ ਚੁੱਪ ਕੀਤਾ ਰਿਹਾ, ਫਿਰ ਭੁੜਕ ਕੇ ਉੱਠਿਆ।
“ਲੈ ਜਾਣ ਜਿੱਥੇ ਮਰਜ਼ੀ ਹੁਣ, ਆਪਾਂ ਤਾਂ ਲਾ’ਤੀ ਜਿੰਦ ਕੌਮ ਦੇ ਲੇਖੇ… ” ਉਹ ਜਿਉਂ-ਜਿਉਂ ਗੰਦੀਆਂ ਗਾਲ਼੍ਹਾਂ ਪੁਲੀਸ ਨੂੰ ਕੱਢਦਾ ਉਸ ਦੀ ਪੀੜ ਘਟਦੀ ਜਾਂਦੀ। ਤੇ ਫਿਰ ਰਾਤ ਵਾਲੀ ਸਾਰੀ ਕਹਾਣੀ ਦੁਹਰਾਈ ਗਈ। ਇਸ ਵਾਰ ਉਸ ਮੁੰਡੇ ਦੀ ਥਾਂ ਦੁੱਲਾ ਸੀ।
ਅੱਧੀ ਰਾਤ ਨੂੰ ਜਦੋਂ ਉਹ ਨੂੰ ਭੂਰਿਆਂ ਵਾਲੀ ਰੋਹੀ ‘ਤੇ ਲਿਜਾ ਕੇ ਮੁਕਾਬਲਾ ਬਣਾਉਣ ਦੀ ਤਿਆਰੀ ਕਰ ਰਹੇ ਸਨ ਤਾਂ ਕਿਸੇ ਨੇ ਆਣ ਦੱਸਿਆ ਕਿ ਪੱਟੀ ਦੇ ਠਾਣੇਦਾਰ ਮੇਜਰ ਸਿੰਹੁ ਦਾ ਸਾਂਢੂ, ਜੀਤਾ ‘ਦਰਿਆ’ ਮਰ ਗਿਆ ਹੈ ਤੇ ਉਸ ਨੂੰ ਉੱਥੇ ਜਾਣਾ ਪਿਆ ਹੈ। ਅਗਲੇ ਦਿਨ ਪਿੰਡ ਦੀ ਪੰਚਾਇਤ ਨੇ ਤੇ ਕਾਲਜ ਦੇ ਸਟਾਫ਼ ਨੇ ਆ ਕੇ ਉਸ ਨੂੰ ਛੁਡਵਾ ਲਿਆਂਦਾ। ਦੁੱਲਾ ਇੱਕ ਵਾਰ ਤਾਂ ਮੌਤ ਨੂੰ ਝਕਾਨੀ ਦੇਣ ਵਿੱਚ ਸਫ਼ਲ ਹੋ ਗਿਆ।
ਉਦੋਂ ਜਿਹੜਾ ਇੱਕ ਵਾਰ ਪੁਲੀਸ ਦੀ ਕੁੱਟ ਖਾ ਲੈਂਦਾ ਸੀ, ਉਹ ਬਾਅਦ ਵਿੱਚ ਕੌਮ ਵਾਸਤੇ ਸ਼ਹੀਦੀ ਪਾਉਣ ਦਾ ਤਹੱਈਆ ਕਰ ਹੀ ਲੈਂਦਾ ਸੀ। ਰਾਤ ਨੂੰ ਟਾਈਗਰ ਫ਼ੋਰਸ ਦੇ ਸੱਤਾ ਭੱਗੂਪੁਰੀਆ, ਡਾਕਟਰ ਚੂਸਲੇਵੜ੍ਹੀਆ, ਜਿੰਦਾ ਖਾਲੜੀਆ ਪੰਡਤ ਤੇ ਦੋ ਹੋਰ ਸਿੰਘ ਉਹਦੇ ਘਰੇ ਆ ਗਏ ਪਤਾ ਲੈਣ।
“ਸੁਣਾ ਜਹੇਦਾਰਾ, ਕਿੱਦਾਂ ਫ਼ਿਰ, ਕਰ ‘ਤੀ ਸੇਵਾ ਸਹੁਰਿਆਂ ਨੇ?”
ਦੁੱਧ ਵਿੱਚ ਹਲ਼ਦੀ ਪਾ ਕੇ ਪੀ ਰਹੇ ਦੁੱਲੇ ਦੀ ਮਾਂ ਨੇ ਉਹਦੀਆਂ ਮੌਰਾਂ ਤੋਂ ਝੱਗਾ ਚੁੱਕ ਕੇ ਨੀਲ ਵਿਖਾਏ ਤਾਂ ਸ਼ਾਬਾਸ਼ ਦਿੰਦਿਆਂ ਸੱਤਾ ਬੁੜਕ ਉੱਠਿਆ।
“ਤੇਰੇ ਵਰਗੇ ਚੜ੍ਹਦੀ ਕਲਾ ਵਾਲੇ ਸਿੰਘਾਂ ਦੀ ਕੌਮ ਨੂੰ ਲੋੜ ਆ। ਪਿੰਡੇ ‘ਤੇ ਪਈਆਂ ਇਹਨਾਂ ਲਾਸਾਂ ਤੇ ਨੀਲਾਂ ਦਾ ਬਦਲਾ ਲੈਣ ਦਾ ਹੁਣ ਵੇਲਾ ਆ ਗਿਆ ਏ ਜਹੇਦਾਰਾ… ”
“ਨਹੀਂ ਵੇ ਵੀਰਾ, ਅਸੀਂ ਨ੍ਹੀਂ ਲੈਣਾ ਕਿਸੇ ਤੋਂ ਬਦਲਾ ਬੁਦਲਾ, ਆਹ। ਆਪੇ ਮਾਹਰਾਜ ਵੇਖੂਗਾ ਇਨ੍ਹਾਂ ਦੁਸ਼ਟਾਂ ਨੂੰ ਜਿਨ੍ਹਾਂ ਮੇਰੇ ਪੁੱਤ ਨਾਲ ਜੱਗੋਂ ਤੇਰ੍ਹਵੀਂ ਕੀਤੀ ਆ। ਮੇਰਾ ਤਾਂ ਸਭ ਕੁਝ ਇਹੀ ਆ… ਇਸੇ ਨੂੰ ਵੇਖ ਕੇ ਤਾਂ ਮੈਂ ਜਿਉਂਦੀ ਆਂ… ਜੇ ਇਹ ਵੀ… ” ਨੰਤੀ ਨੂੰ ਪਤਾ ਸੀ ਜਿਹੜਾ ਇੱਕ ਵਾਰ ਸਿੰਘਾਂ ਵਿਚ ਚਲਾ ਗਿਆ, ਜਿਉਂਦਾ ਵਾਪਸ ਨਹੀਂ ਆਉਂਦਾ। ਨੰਤੀ ਨੇ ਸਾਫ਼ ਨਾਂਹ ਕਰ ਦਿੱਤੀ।
ਨੰਤੀ ਨੂੰ ਦੁੱਲੇ ਦੀ ਚਿੰਤਾ ਲੱਗ ਗਈ ਸੀ। ਉਸ ਅਪਣੀ ਸਹੇਲੀ ਜਗੀਰੋ ਨਾਲ ਗੱਲ ਕੀਤੀ ਤਾਂ ਉਹਨੇ ਦੁੱਲੇ ਨੂੰ ਨੱਥ ਪਾਉਣਾ ਹੀ ਇਸ ਦਾ ਹੱਲ ਦੱਸਿਆ। ਛੜੀਆਂ ਮਾਰਦੇ ਕਈ ਮੁੰਡੇ ਇੰਜ ਹੀ ਕਾਬੂ ਕੀਤੇ ਉਸ ਵੇਖੇ ਸਨ। ਜਗੀਰੋ ਨੇ ਅਪਣੀ ਭਣੇਵੀਂ ਮਿੰਦੋ ਦਾ ਸਾਕ ਦੁੱਲੇ ਨੂੰ ਕਰਵਾਉਣ ਦੀ ਗੱਲ ਚਲਾਈ। ਪਰ ਉਸ ਨੇ ਤਾਂ ਮੌਤ ਨਾਲ ਵਿਆਹ ਕਰਵਾ ਲਿਆ ਸੀ ਤੇ ਕੀ ਪਤਾ ਕਿੱਥੇ, ਕਿਸ ਵੇਲ਼ੇ ਉਹ ਮੁਠਭੇੜ ਵਿੱਚ ਜਾਂ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਿਆ ਜਾਵੇ। ਮਿੰਦੋ ਦਾ ਕੀ ਕਸੂਰ ਕਿ ਉਹ ਉਸ ਦੀ ਵਿਧਵਾ ਬਣ ਕੇ ਉਮਰ ਕੱਟੇ। ਇਹ ਸੋਚ ਕੇ ਨੇ ਉਸ ਨੇ ਸਿਰ ਨਾਂਹ ਵਿੱਚ ਮਾਰ ਦਿੱਤਾ। ਪਰ ਜਗੀਰੋ ਦਾ ਇਹ ਤਰਕ ਸੀ -“ਇੱਕ ਵਾਰੀ ਦੁੱਲਾ ਘਰਵਾਲੀ ਨਾਲ ਰੁੱਝ ਗਿਆ ਤਾਂ ਫ਼ਿਰ ਉਹ ਭਾਊਆਂ ਨਾਲ ਰਲਣ ਦੀ ਨਹੀਂ ਸੋਚੇਗਾ। ਜ਼ਨਾਨੀ ਵਿੱਚ ਬੜੀ ਤਾਕਤ ਹੁੰਦੀ ਆ ਬੰਦੇ ਨੂੰ ਵੱਸ ਵਿੱਚ ਕਰਨ ਦੀ। ਜ਼ਨਾਨੀ ਚਾਹੇ ਤਾਂ ਬੰਦਾ ਉਸ ਦੇ ਸਾਹੀਂ ਜੀਵੇ। ਘਰ ਨੂੰ ਬਣਾਉਣਾ ਜਾਂ ਉਜਾੜਣਾ ਜ਼ਨਾਨੀ ਦੇ ਹੱਥ ਵੱਸ ਹੀ ਹੁੰਦਾ ਹੈ। ਮਿੰਦੋ ਬੜੀ ਸਿਆਣੀ ਕੁੜੀ ਹੈ। ਸਾਰਾ ਗਾਂਢਾ ਤੋਪਾ ਵੀ ਕਰ ਲੈਂਦੀ ਹੈ ਤੇ ਚੁੱਲ੍ਹਾ ਚੌਂਕਾ ਵੀ। ਲਾਹੁਣ ਪਾਉਣ ਤੇ ਉੱਠਣ ਬਹਿਣ ਦੀ ਵੀ ਪੂਰੀ ਸਨਾਸ ਆ ਉਹ ਨੂੰ। ਵੇਖੀਂ ਇੱਕ ਵਾਰ ਦੁੱਲੇ ਨੇ ਉਹ ਨੂੰ ਹੰਢਾਅ ਲਿਆ ਤਾਂ ਉਹਨੇ ਘਰੋਂ ਬਾਹਰ ਪੈਰ ਨ੍ਹੀਂ ਪੁੱਟਣਾ। ਤੂੰਹੀਉਂ ਕਹਿਣਾ ਫ਼ਿਰ, ਭਈ ਤਾਂ ਇਹ ਰੰਨ ਦੇ ਗੋਡੇ ਮੁੱਢ ਬੈਠਾ ਰਹਿੰਦਾ… ਹਾ… ਹਾ… ” ਜਗੀਰੋ ਦੀ ਸਲਾਹ ਨਾਲ ਨੰਤੀ ਸਹਿਮਤ ਸੀ।
ਦੁੱਲੇ ਨੇ ਮਾਂ ਦੇ ਆਖਿਆਂ ਲਾਵਾਂ ਤਾਂ ਲੈ ਲਈਆਂ ਪਰ ਵਿਚਾਰੀ ਮਿੰਦੋ ਕੁਆਰੀ ਹੀ ਪਰਤ ਗਈ। ਉਹ ਮੁਕਲਾਵੇ ਵਾਲੀ ਰਾਤ ਉਹਦੇ ਲਾਗੇ ਨਹੀਂ ਸੀ ਗਿਆ। ਅੱਤ ਦੀ ਸੀਤ ਵਿੱਚ ਨਵਾਰੀ ਪਲ਼ੰਘ ਉੱਤੇ ਝੁੰਗਲ਼ਮਾਟੇ ਵਿੱਚ ਇਕੱਠੀ ਜਿਹੀ ਹੋ ਕੇ ਬੈਠੀ ਮਿੰਦੋ ਪ੍ਰਾਹੁਣੇ ਨੂੰ ਉਡੀਕਦੀ ਉੱਥੇ ਹੀ ਸੌਂ ਗਈ ਸੀ। ਪੰਜਵੇਂ ਦਿਨ ਪੇਕੀਂ ਪੈਰ ਪਾਉਣ ਗਈ ਮੁੜ ਨਾ ਪਰਤੀ। ਦੁੱਲਾ ਛੜਾ ਹੀ ਰਿਹਾ।
…………
ਦੁੱਲਾ ਅਪਣੇ ਪਿਉ ਦਾ ਨਹੀਂ ਸੀ। ਉਹਦਾ ਪਿਉ ਕੰਮੀ ਸੀ। ਉਸ ਦੀ ਮਾਂ ਨੰਤੀ ਸਤਨਾਮ ਦੀ ਬਹਿਕ ‘ਤੇ ਗੋਹਾ ਕੂੜਾ ਕਰਦੀ ਸੀ। ਨੰਤੀ ਦੇ ਖਸਮ ਦੇ ਚਲਾਣੇ ਤੋਂ ਮਹੀਨਾ ਕੁ ਮਹੀਨੇ ਬਾਅਦ ਜਦੋਂ ਦੁੱਲਾ ਉਹਦੀ ਕੁੱਖੇ ਪੈ ਗਿਆ ਤਾਂ ਪਿੰਡ ਵਿੱਚ ਨੰਤੀ ਤੇ ਸਤਨਾਮ ਦੀ ਯਾਰੀ ਜੱਗ ਜਾਹਰ ਹੋ ਗਈ। ਤੇ ਦੁੱਲੇ ਦੇ ਚੌੜੇ ਨੱਕ ਤੇ ਡੂੰਘੀਆਂ ਅੱਖਾਂ ਤੋਂ ਸਤਨਾਮ ਦਾ ਝੌਲ਼ਾ ਸਪਸ਼ਟ ਪੈਂਦਾ। ਜੱਗ ਦੀਆਂ ਗੱਲਾਂ ਤੋਂ ਬੇਪ੍ਰਵਾਹ ਨੰਤੀ ਸਤਨਾਮ ਦੇ ਆਸਰੇ ਦਿਨ ਕੱਟ ਗਈ ਤੇ ਸਤਨਾਮ ਨੇ ਨੰਤੀ ਦੇ ਉੱਤੋਂ ਚਾਰ ਪੈਲ਼ੀਆਂ ਵਾਰ ਦਿੱਤੀਆਂ। ਬੁੱਢੀਆਂ ਦੀਆਂ ਗੱਲਾਂ ਦਾ ਜਵਾਬ ਨੰਤੀ ਨੂੰ ਆਉਂਦਾ ਸੀ- ‘ਮੇਰਾ ਤਾਂ ਪਤਾ ਲੱਗ ਗਿਐ ਤੇ ਜਿਹਨਾਂ ਖਸਮਾਂ ਵਾਲ਼ੀਆਂ ਦਾ ਪਤਾ ਨਹੀਂ ਲੱਗਦਾ ਤੇ ਨਿੱਤ ਢਾਰਿਆਂ ਵਿੱਚ ਖੇਹ ਖਾ ਕੇ ਅੰਬੋ ਦਾਈ ਤੋਂ ਬਾਂਹ ਪੁਆਉਂਦੀਆਂ ਨੇ, ਭੁੱਲ ਉਨ੍ਹਾਂ ਦੀ ਵੀ ਪਿੰਡ ਵਿੱਚ ਕਿਸੇ ਨੂੰ ਨਹੀਂ। ਘੱਟੋ ਘੱਟ ਮੈਂ ਦੁੱਲੇ ਨੂੰ ਕੁੱਖ ਵਿੱਚ ਕਤਲ ਕਰਾ ਕੇ ਪਾਪ ਤਾਂ ਨਹੀਂ ਖੱਟਿਆ?’ ਚਰਿੱਤਰ ਪੱਖੋਂ ਕਾਣੀਆਂ ਬੁੱਢੀਆਂ ਠਿੱਠ ਹੋ ਜਾਂਦੀਆਂ ਖ਼ਾਸ ਕਰ ਕੇ ਨੰਤੀ ਦੀ ਜਠਾਣੀ ਜਿਹੜੀ ਦੁਆਬੀਆਂ ਦੇ ਬੱਬੇ ਨਾਲ ਡੰਗਰਾਂ ਵਾਲ਼ੇ ਢਾਰੇ ਵਿੱਚ ਖੇਹ ਖਾਂਦੀ ਉਹਦੇ ਖ਼ਸਮ ਨੇ ਕਈ ਵਾਰ ਫ਼ੜੀ ਸੀ ਤੇ ਉਹਦਾ ਖ਼ਸਮ ਬੱਬੇ ਤੋਂ ਦੇਸੀ ਦਾਰੂ ਦੀ ਬੋਤਲ ਲੈ ਕੇ ਚੁੱਪ ਕਰ ਜਾਂਦਾ ਸੀ। ਜੱਸੇ ਮਾਲਚੱਕੀਏ ਨਾਲ ਸ਼ਾਹਣੀ ਦੇ ਚਰਚੇ ਵੀ ਕਿਸੇ ਤੋਂ ਛੁਪੇ ਨਹੀਂ ਸਨ ਜਿਹੜੇ ਤਰਨ ਤਾਰਨ ਦੇ ਹੋਟਲ ਵਿੱਚ ਰੰਗਰਲ਼ੀਆਂ ਮਨਾਉਂਦਿਆਂ ਪੁਲੀਸ ਨੇ ਫ਼ੜ ਲਏ ਸਨ ਤੇ ਅਖ਼ਬਾਰ ਵਿੱਚ ਮੂੰਹ ਢੱਕ ਕੇ ਫ਼ੋਟੋ ਵੀ ਛਪੀ ਸੀ।
ਦੁੱਲਾ ਕਈ ਵਾਰ ਸੋਚਦਾ ਕਿ ਅਪ੍ਰਵਾਨਿਤ ਰਿਸ਼ਤਿਆਂ ਦੀ ਸਿਰਜਣਾ ਕਰਨ ਵਿੱਚ ਵੀ ਅਪਣਾ ਹੀ ਇੱਕ ਸੁਆਦ ਹੁੰਦਾ ਹੈ। ਉਸ ਦੀ ਮਾਂ ਸਤਨਾਮ ਨਾਲ ਰਹੀ, ਆਪ ਉਹ ਦੀਪੋ ਨਾਲ ਰਹਿ ਰਿਹਾ ਏ। ਇਹ ਔਰਤ ਮਰਦ ਦਾ ਰਿਸ਼ਤਾ ਕਿਹੋ ਜਿਹਾ ਹੈ, ਸੰਵੇਦਨਾ ਦਾ, ਦੇਹਾਂ ਦਾ, ਮਨਾਂ ਦਾ ਕਿ ਗਰਜ਼ਾਂ ਦਾ?
ਦੁੱਲੇ ਨੇ ਇਹ ਸਮਾਜਕ ਤੌਰ’ਤੇ ਅਪ੍ਰਵਾਨਿਤ ਰਿਸ਼ਤਾ ਬੜੀ ਸੁੱਚਮਤਾ ਨਾਲ ਨਿਭਾਇਆ ਸੀ। ਇੱਕ ਗੱਲ ਦੀ ਤਾਂ ਸ਼ਾਹਦੀ ਭਰਨੀ ਪਊ ਕਿ ਜਦੋਂ ਤੋਂ ਉਹਨੇ ਦੀਪੋ ਦਾ ਲੜ ਫ਼ੜਿਆ ਸੀ ਉਹਨੇ ਕਿਸੇ ਹੋਰ ਵੱਲ ਨਿਗਾਹ ਚੁੱਕ ਕੇ ਨਹੀਂ ਤੱਕਿਆ ਤੇ ਅੰਤ ਤੱਕ ਉਹਨੇ ਦੀਪੋ ਦਾ ਮੰਜੇ ਪਈ ਦਾ ਗੂੰਹ ਮੂਤ ਵੀ ਸੁੱਟਿਆ ਤੇ ਲਿਬੜੀਆਂ ਸੁੱਥਣਾਂ ਵੀ ਧੋਤੀਆਂ। ਉਹਦੀ ਸਾਕ ਸਕੀਰੀ ਵੀ ਨਿਭਾਈ। ਉਹਨੇ ਪਤੀ ਦੇ ਹੱਕ ਨਾਲ ਦੀਪੋ ਦੀ ਚਿਤਾ ਨੂੰ ਲਾਂਬੂ ਲਾਇਆ ਸੀ।
ਹਰ ਵਾਰ ਜਦੋਂ ਘੱਕੀ ਛੁੱਟੀ ਆਉਂਦਾ ਤਾਂ ਕਲ਼ੇਸ਼ ਪੈ ਜਾਂਦਾ। ਦੁੱਲੇ ਤੇ ਉਹਦੀ ਮਾਂ ਦੇ ਚਰਚੇ ਪਹਿਲਾਂ ਵੀ ਘੱਕੀ ਤੋਂ ਨਹੀਂ ਸਨ ਲੁਕੇ ਪਰ ਹੁਣ ਉਹਦੇ ਹੱਥ ਵਿੱਚ ਹਥਿਆਰ ਸੀ ਤੇ ਰਾਤ ਨੂੰ ਬੈਰਕ ਵਿੱਚ ਇਕੱਲੇ ਪਿਆਂ ਉਸ ਨੂੰ ਇਨ੍ਹਾਂ ਸਬੰਧਾਂ ਅਤੇ ਇਨ੍ਹਾਂ ਬਾਰੇ ਹੁੰਦੀਆਂ ਗੱਲਾਂ ਦੀਆਂ ਗੂੰਜਾਂ ਸੌਣ ਨਾ ਦਿੰਦੀਆਂ। ਸਰਹੱਦ ਉੱਤੇ ਸ਼ਾਂਤੀ ਸੀ। ਪਾਕਿਸਤਾਨ ਵਾਲ਼ੇ ਬੰਨਿਉਂ ਹੁਣ ਕੋਈ ਖੜਕਾ-ਦੜਕਾ ਨਹੀਂ ਸੀ ਹੁੰਦਾ ਪਰ ਇੱਕ ਯੁੱਧ ਘੱਕੀ ਦੇ ਅੰਦਰ ਹਰ ਵੇਲ਼ੇ ਚੱਲਦਾ ਰਹਿੰਦਾ ਸੀ। ਉਹਨੇ ਹਾਣੀਆਂ ਦੁਆਰਾ ਠਿੱਠ ਕਰਨ ਕਰ ਕੇ ਦੁੱਲੇ ਤੋਂ ਕੌੜ ਮਨਾਉਣੀ ਸ਼ੁਰੂ ਕਰ ਦਿੱਤੀ ਸੀ, ਜਦੋਂ ਉਹ ਉਸ ਨੂੰ ਛੇੜ ਕੇ ਕਹਿੰਦੇ – “ਅਹੁ ਤੇਰੀ ਮਾਂ ਦਾ ਖਸਮ ਜਾਂਦਾ ਈ।” ਲੋਕਾਂ ਦੀਆਂ ਛਿੱਬੀਆਂ ਦਾ ਭੰਨਿਆ ਘੱਕੀ ਜਦੋਂ ਅਪਣੀ ਮਾਂ ਨਾਲ ਖਹਿਬੜਦਾ ਸੀ ਤਾਂ ਉਹ ਸ਼ਰੇਆਮ ਕਹਿ ਦਿੰਦੀ – “ਤੇਰੇ ਪਿਉ ਦੇ ਮਰਨ ਤੋਂ ਬਾਦ ਉਸੇ ਨੇ ਆਪਾਂ ਨੂੰ ਢੋਈ ਦਿੱਤੀ ਆ। ਤੈਨੂੰ ਫ਼ੌਜ ਵਿੱਚ ਵੀ ਉਸੇ ਈ ਕਰਵਾਇਆ ਨਹੀਂ ਤਾਂ ਜੱਟਾਂ ਦੀਆਂ ਖੁਰਲੀਆਂ ਉੱਤੇ ਉਮਰ ਲੰਘ ਜਾਣੀ ਸੀ ਤੇਰੀ। ਜੇ ਉਸਦਾ ‘ਹਸਾਨ ਨਹੀਂ ਮੰਨਣਾ ਤਾਂ ਘੱਟੋ-ਘੱਟ ਮਾੜਾ ਤਾਂ ਨਾ ਬੋਲ… … … ਸਾਧ ਆ ਉਹ ਤਾਂ ਵਿਚਾਰਾ” ਉਹਦਾ ਗੱਚ ਭਰ ਆਉਂਦਾ ਤਾਂ ਘੱਕੀ ਮੂੰਹ ਵਿੱਚ ਬੁੜ ਬੁੜ ਕਰਦਾ ਬਾਹਰ ਨਿਕਲ ਜਾਂਦਾ।
ਘੱਕੀ ਦਾ ਜੀਅ ਕਰਦਾ ਕਿ ਜਿਹੜਾ ਦੁੱਲੇ ਨੂੰ ਉਸ ਦੀ ਮਾਂ ਦਾ ਖ਼ਸਮ ਆਖਦਾ, ਉਸ ਦੇ ਸੀਨੇ ਵਿੱਚੋਂ ਦਾਤਰੀ ਲੰਘਾ ਦੇਵੇ ਤੇ ਜਾਂ ਅਪਣੀ ਮਾਂ ਨੂੰ ਹੀ ਮਾਰ ਦੇਵੇ। ਪਰ ਨਾ ਤਾਂ ਉਸ ਅੰਦਰ ਅਪਣੀ ਮਾਂ ਨੂੰ ਮਾਰਨ ਦਾ ਹੌਸਲਾ ਪਿਆ ਤੇ ਨਾ ਕਿਸੇ ਹੋਰ ਨੂੰ। ਹਾਂ ਉਸ ਨੇ ਇਹ ਜ਼ਰੂਰ ਸੋਚ ਰੱਖਿਆ ਸੀ ਕਿ ਮਾਂ ਦੇ ਖਸਮ ਦੁੱਲੇ ਨੂੰ ਉਹ ਜ਼ਰੂਰ ਮਾਰ ਮੁਕਾਏਗਾ। ਨੇੜਲੇ ਪਿੰਡ ਪੱਧਰੀ ਦੇ ਜਾਗਰ ਫ਼ੌਜੀ ਨੇ ਇੱਕ ਕੰਡਾ ਇਵੇਂ ਹੀ ਕੱਢਿਆ ਸੀ। ਉਸ ਨੇ ਫ਼ੌਜ ਵਿੱਚ ਹਾਜ਼ਰੀ ਲਾ ਕੇ ਰਾਤੋ-ਰਾਤ ਪਿੰਡ ਆ ਕੇ ਅਪਣੇ ਸ਼ਰੀਕ ਤਾਰੀ ਨਿਹੰਗ ਨੂੰ ਪਾਰ ਲਾਇਆ ਸੀ। ਤਾਰੀ ਨੂੰ ਮਾਰ ਕੇ ਰਾਤੋ-ਰਾਤ ਪਠਾਨਕੋਟ ਚਲਾ ਗਿਆ। ਜਦੋਂ ਕੇਸ ਚੱਲਿਆ ਤਾਂ ਉੱਥੇ ਲੱਗੀ ਹਾਜ਼ਰੀ ਮੁਤਾਬਕ ਉਹ ਤਾਂ ਡਿਊਟੀ ‘ਤੇ ਹਾਜ਼ਰ ਸੀ ਤੇ ਉਹ ਸਾਫ਼ ਹੀ ਬਰੀ ਹੋ ਗਿਆ।
ਮਾਂ ਨਾਲ ਝਗੜਦਾ ਘੱਕੀ ਛੁੱਟੀ ਕੱਟ ਕੇ ਚਲਾ ਜਾਂਦਾ। ਸਾਲ ਸੌਖਾ ਲੰਘ ਜਾਂਦਾ। ‘ਫੌਜੀਆਂ ਨੂੰ ਖੌਰੇ ਕੀ ਚੰਦਰੀ ਫਿਟਕ ਹੁੰਦੀ ਆ ਪਿੰਡ ਨਾਲੋਂ ਪੁੱਠਿਆਂ ਚੱਲਣ ਦੀ ਐਵੇਂ ਨ੍ਹੀ ਇਨ੍ਹਾਂ ਨੂੰ ਆਂਹਦੇ ਕਿ ਇਨ੍ਹਾਂ ਦੀ ਰਫ਼ਲ ਤੇ ਅਕਲ ਉੱਥੇ ਰੱਖ ਲੈਂਦੇੇ ਨੇ’ ਦੀਪੋ ਸੋਚਦੀ। ਪਿਛਲੀ ਸਰਪੰਚੀ ਦੀਆਂ ਵੋਟਾਂ ਵਿੱਚ ਵੀ ਫੌਜੀ ਨੇ ਸਰਪੰਚ ਗਿੰਦਰ ਤੋਂ ਉਲਟ ਚੱਲਦਿਆਂ ਸ਼ਾਹਾਂ ਦੇ ਜੱਸੇ ਨੂੰ ਵੋਟ ਪਾ ਦਿੱਤੀ। ਇਸੇ ਵਹੁ ਵਿੱਚ ਗਿੰਦਰ ਨੇ ਸਰਪੰਚ ਬਣਨ ਤੋਂ ਬਾਅਦ ਪਹਿਲਾ ਕੰਮ ਦੀਪੋ ਦੀ ਵਿਧਵਾ ਪੈਨਸ਼ਨ ਕਟਵਾਉਣ ਦਾ ਕੀਤਾ। ਜਦੋਂ ਪੁੱਛਿਆ ਤਾਂ ਗਿੰਦਰ ਸਰਪੰਚ ਬਿਨਾਂ ਕਿਸੇ ਝਿਜਕ ਤੋਂ ਬੋਲਿਆ- “ਕਾਹਦੀ ਪੈਨਸ਼ਨ ਭਾਬੀ? ਪੈਨਸ਼ਨ ਤਾਂ ਵਿਧਵਾ ਦੀ ਲੱਗਦੀ ਏ। ਤੂੰ ਤਾਂ ਵਿਧਵਾ ਹੈ ਈ ਨਹੀਂ ਤੂੰ ਤਾਂ ਦੁੱਲੇ ਦੇ ਵੱਸੀ ਏਂ। ਕਿਉਂ ਵਿਧਵਾਵਾਂ ਦਾ ਅੱਗਾ ਮਾਰਦੀਂ ਏਂ?” ਇਸ ਤੋਂ ਬਾਅਦ ਦੀਪੋ ਨੇ ਕਦੇ ਉਸ ਨੂੰ ਪੈਨਸ਼ਨ ਲਾਉਣ ਦੀ ਗੱਲ ਪੁੱਛਣ ਦਾ ਹੀਆ ਹੀ ਨਹੀਂ ਕੀਤਾ। ਦੁੱਲੇ ਨੇ ਘੱਕੀ ਦੀ ਜ਼ਿੰਦਗੀ ਬਣਾਈ ਸੀ ਤੇ ਦੀਪੋ ਨੂੰ ਸਹਾਰਾ ਦਿੱਤਾ ਸੀ। ਅੱਜ ਜੇ ਘੱਕੀ ਅਪਣੇ ਪੈਰਾਂ ਸਿਰ ਸੀ ਤਾਂ ਸਿਰਫ਼ ਦੁੱਲੇ ਦੀ ਵਜ੍ਹਾ ਨਾਲ।
…………
ਦੁੱਲਾ ਕਦੇ ਕਦੇ ਅੱਧੀ ਰਾਤ ਨੂੰ ਪਿੰਡ ਮਾਂ ਨੂੰ ਮਿਲਣ ਆਉਂਦਾ।
ਮਾਂ ਤਰਲੇ ਪਾਉਂਦੀ-“ਇੱਕ ਗੋਲੀ ਮੇਰੇ ਕਲ਼ੇਜੇ ਵਿੱਚ ਵੀ ਮਾਰ ਜਾ ਮੇਰਿਆ ਪੁੱਤਾ। ਤੇਰੇ ਹੱਥੋਂ ਮਰੂੰਗੀ ਤਾਂ ਮਨ ਨੂੰ ਤਸੱਲੀ ਤਾਂ ਹੋਊਗੀ ਕਿ ਢਿੱਡੋਂ ਜਾਏ ਨੇ ਮੇਰੀ ਮੁਕਤੀ ਕਰ ਦਿੱਤੀ। ਦਗੜ ਦਗੜ ਕਰਦੇ ਆ ਧਮਕਦੇ ਨੇ, ਪੁਲੀਸ ਵਾਲ਼ੇ। ਰੋਜ਼ ਮੈਨੂੰ ਬੇਪੱਤ ਕਰ ਕੇ ਜਾਂਦੇ ਆ, ਗੰਦੀਆਂ ਗਾਲ਼ਾਂ ਕੱਢਦਿਆਂ ਉਨ੍ਹਾਂ ਦੀ ਜ਼ੁਬਾਨ ਨੂੰ ਲਕਵਾ ਵੀ ਨਹੀਂ ਮਾਰਦਾ। ਕੀੜੇ ਪੈਣੇਂ ਨੇ ਇਨ੍ਹਾਂ ਦੁਸ਼ਟਾਂ ਨੂੰ, ਕੀੜੇ। ਰੋਡਿਆਂ ਨੇ ਤਾਂ ਭਲਾ ਮਾੜਾ ਚੰਗਾ ਬੋਲਣਾ ਈ ਹੋਇਆ, ਉਹ ਤਾਂ ਬਿਗਾਨੇ ਆ, ਬੀੜੀਆਂ ਫ਼ੂਕਣੇ, ਕਿਹੜੇ ਸਾਡੇ ਸਕੇ ਆ। ਪਰ ਆਹ ਅਪਣੇ ਸਰਦਾਰ ਕੰਜਰ ਵੀ ਉਨ੍ਹਾਂ ਦੇ ਨਾਲ ਈ ਰਲ਼ ਗਏ ਆ। ਆਉਂਦਿਆਂ ਕੋਈ ਕੰਧ ਟੱਪ ਕੇ ਕਿਸੇ ਅੰਦਰ ਵੜ ਜਾਂਦਾ, ਕੋਈ ਕਿਸੇ ਅੰਦਰ, ਅਖੇ ਦੁੱਲਾ ਕਿੱਥੇ ਵਾੜਿਆ ਈ ਬੁੜੀਏ? ਅਖੇ ਅਸੀਂ ਤਾਂ ਉੱਥੋਂ ਵੀ ਕੱਢ ਲਿਆਵਾਂਗੇ ਦੁੱਲੇ ਨੂੰ ਬਾਂਹ ਪਾ ਕੇ… । ਅਖੇ ਕਦੋਂ ਆਉਂਦਾ ਘਰੇ? ਪੁੱਤ ਮੈਨੂੰ ਇਹੀਉ ਦਿਨ ਵਿਖਾਉਣੇ ਬਾਕੀ ਸਨ? ਜੱਸੇ ਟੌਅਟ ਦਾ ਤਾਂ ਧਿਆਨ ਈ ਏਧਰ ਰਹਿੰਦਾ। ਕੌਣ ਆਉਂਦਾ, ਕੌਣ ਜਾਂਦਾ। ਸਾਰਾ ਸ੍ਹਾਬ ਰੱਖਦਾ। ਉਹਨੂੰ ਤਾਂ ਉਨ੍ਹਾਂ ਵੈਰਲੈੱਸ ਵੀ ਲੈ ਕੇ ਦਿੱਤੀ ਆ, ਭਈ ਜਦੋਂ ਆਵੇ ਤਾਂ ਦੱਸ ਦੇਵੀਂ… । ਮੈਂਥੋਂ ਨ੍ਹੀ ਵੇਖੀ ਜਾਣੀ ਤੇਰੀ ਲੋਥ… ਪੁੱਤਾ ਮੇਰਿਆ… ਵੇਖ ਕੀ ਬਣਨ ਡਿਆ ਏ… । ਘਰਾਂ ਦੇ ਘਰ ਉੱਜੜੀ ਜਾ ਰਹੇ ਨੇ। ਕੀ ਪਿਆ ਇਨ੍ਹਾਂ ਕੰਮਾਂ ਵਿੱਚ? ਬੜੀ ਸੌਖੀ ਨੀਂਦੇ ਸੌਂਦੇ ਸਾਂ… ”
ਦੁੱਲਾ ਚੁੱਪ ਕੀਤਾ ਸੁਣਦਾ ਰਹਿੰਦਾ ਤੇ ਫ਼ਿਰ ਚੁੱਪਚਾਪ ਚਲਾ ਜਾਂਦਾ। ਨੰਤੀ ਰੋ ਖਪ ਕੇ ਚੁੱਪ ਕਰ ਜਾਂਦੀ। ਦਿਨੋ ਦਿਨ ਉਹ ਗਮਾਂ ਵਿੱਚ ਲਹਿੰਦੀ ਜਾਂਦੀ। ਡਾਂਗ ਉੱਤੇ ਪਾਉਣ ਵਾਲ਼ੀ ਹੋ ਗਈ। ਇੱਕ ਦਿਨ ਦੁੱਲੇ ਦੇ ਸਾਥੀ ਦਗੜ-ਦਗੜ ਕਰਦੇ ਆ ਵੜੇ। ਬੰਦੂਕਾਂ ਸਿੱਧੀਆਂ ਕਰ ਲਈਆਂ।
“ਦੁੱਲਾ ਨੀ੍ਹ ਆਇਆ ਬੁੜ੍ਹੀਏ?”
“ਨਹੀਂ, ਉਹ ਤਾਂ ਤੁਹਾਡੇ ਨਾਲ ਈ ਨਹੀਂ ਸੀ?”
“ਉਹ ਲੁੱਟਾਂ ਖੋਹਾਂ ਕਰਨ ਲੱਗ ਪਿਆ ਏ ਤੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਵੀ ਹੱਥ ਪਾਉਣ ਲੱਗ ਪਿਆ ਏ। ਜਹੇਦਾਰ ਲਾਭ ਸਿਹੁੰ ਪੰਜਵੜੀਏ ਨੇ ਉਹਨੂੰ ਸੋਧਣ ਦਾ ਹੁਕਮ ਦਿੱਤਾ ਏ ਤੇ ਅਸੀਂ ਹੁਣ ਉਸਨੂੰ ਸੋਧ ਕੇ ਹੀ ਪਰਸ਼ਾਦਾ ਛਕਣਾ ਏ… ਜੇ ਆਇਆ ਤਾਂ ਉਸਨੂੰ ਸਾਡੇ ਆਉਣ ਬਾਰੇ ਨਾ ਦੱਸੀਂ, ਨਹੀਂ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਣਾ”
ਉਹ ਕਹਿ ਕੇ ਚਲੇ ਗਏ ਤੇ ਨੰਤੀ ਢਿੱਡ ਫ਼ੜ ਕੇ ਬਹਿ ਗਈ।
“ਹਾਇ ਹੁਣ ਨ੍ਹੀਂ ਬਚਦਾ ਪੁੱਤ ਮੇਰਾ… ਮੇਰਾ ਦੁੱਲਾ ਪੁੱਤ… ਤੈਨੂੰ ਰੋਕਿਆ ਸੀ ਵੇ ਦੁੱਲਿਆ… ਹਾਇ… ਇਨ੍ਹਾਂ ਦੀ ਯਾਰੀ ਵੀ ਮਾੜੀ, ਇਨ੍ਹਾਂ ਦਾ ਵੈਰ ਵੀ ਮਾੜਾ… ਹਾਇ… ” ਕੀਰਨੇ ਪਾਉਂਦੀ ਨੂੰ ਘੁਮੇਰ ਆਈ ਤੇ ਚੌਫ਼ਾਲ਼ ਡਿੱਗ ਪਈ। ਦੁੱਲਾ ਮਾਂ ਦੀ ਦੇਹ ਨੂੰ ਲਾਂਬੂ ਲਾਉਣ ਵੀ ਨਾ ਆ ਸਕਿਆ। ਦੁੱਲੇ ਨੇ ਅਪਣੀ ਮਾਂ ਦੀ ਮੌਤ ਵਾਸਤੇ ਜੁੰਮੇਵਾਰ ਮੁੰਡਿਆਂ ਦੇ ਘਰੀਂ ਜਾ ਜਾ ਕੇ ਉਹਨਾਂ ਦੇ ਨਿੱਕੇ ਨਿੱਕੇ ਬੱਚਿਆਂ ਸਣੇ ਪੂਰੇ ਦੇ ਪੂਰੇ ਟੱਬਰਾਂ ਨੂੰ ਕੋਹ ਕੋਹ ਕੇ ਮਾਰ ਦਿੱਤਾ। ਭਰਾ ਮਾਰੂ ਜੰਗ ਦੇ ਚੱਲਦਿਆਂ ਇੱਕ ਦੂਜੇ ਦੇ ਘਰਦਿਆਂ ਨੂੰ ਜਿਉਂਦੇ ਸਾੜਿਆ ਜਾਣ ਲੱਗਾ। ਅੱਤਵਾਦੀਆਂ ਦੇ ਰਿਸ਼ਤੇਦਾਰਾਂ ਦਾ ਪੂਰੇ ਦਾ ਪੂਰਾ ਪਰਿਵਾਰ ਮਾਰਨ ਦੀ ਲੀਹ ਪੈ ਗਈ। ਪੁਲੀਸ ਨੇ ਅਪਣੇ ਬੰਦੇ ਵੀ ਵਿੱਚ ਵਾੜ ਦਿੱਤੇ। ਲਹਿਰ ਦਾ ਮੰਤਵ ਖਿੱਲਰ-ਪੁੱਲਰ ਗਿਆ। ਜਿਸ ਘਰੇ ਰੋਟੀ ਖਾਣੀ, ਉਸੇ ਦੀ ਧੀ ਭੈਣ ਨਾਲ ਉਸੇ ਦੇ ਚੁਬਾਰੇਵਿੱਚ ਦਸਾਂ ਦਸਾਂ ਜਣਿਆਂ ਨੇ ਸਾਰੀ ਸਾਰੀ ਰਾਤ ਖੇਹ ਖਾਣੀ। ਤੇ ਫ਼ਿਰ ਪੁਲੀਸ ਨੂੰ ਸ਼ਿਕਾਇਤ ਕਰਨ ‘ਤੇ ਸਾਰਾ ਟੱਬਰ ਗੋਲ਼ੀਆਂ ਨਾਲ ਛਲਣੀ ਕਰ ਸੁੱਟਣਾ। ਅਖੇ ਸਿੰਘਾਂ ਦੀ ਮੁਖ਼ਬਰੀ ਕਰਨ ਵਾਲਿਆਂ ਨੂੰ ਇਵੇਂ ਹੀ ਸੋਧਾ ਲਾਇਆ ਜਾਂਦਾ ਹੈ। ਪੰਜਾਬ ਦੇ ਲੋਕਾਂ ਨੇ ਅਜਿਹੀਆਂ ਵਾਰਦਾਤਾਂ ਕਰਕੇ ਉਨ੍ਹਾਂ ਨੂੰ ਸਹਿਯੋਗ ਦੇਣਾ ਬੰਦ ਕਰ ਦਿੱਤਾ ਤੇ ਪੁਲੀਸ ਲਈ ਮੁਖ਼ਬਰੀ ਕਰਨ ਲੱਗ ਪਏ। ਸ਼ਿਕੰਜਾ ਦਿਨ ਬ ਦਿਨ ਕੱਸੀਦਾ ਜਾਣ ਕਰਕੇ ਬਹੁਤੇ ਸਾਰੇ ਅੱਤਵਾਦੀ ਯੂ.ਪੀ. ਨੂੰ ਨਿਕਲ ਗਏ। ਪੁਲੀਸ ਨੇ ਕਾਲਜੀਂ ਜਾਂਦੇ ਪਾੜ੍ਹਿਆਂ ਨੂੰ ਅੱਤਵਾਦੀ ਕਹਿ ਕੇ ਮਾਰਨਾ ਸ਼ੁਰੂ ਕਰ ਦਿੱਤਾ। ਨਿੱਕੀਆਂ ਨਿੱਕੀਆਂ ਦਾੜ੍ਹੀ ਮੁੱਛਾਂ ਵਾਲੇ ਮੁੰਡੇ, ਖ਼ਾਕੀ ਵਰਦੀ ਉੱਤੇ ਚਮਕਦੇ ਸਿਤਾਰਿਆਂ ਵਿੱਚ ਵਾਧਾ ਕਰਨ ਲੱਗੇ।
ਘਰਾਂ ਦੇ ਘਰ ਸੁੰਨੇ ਕਰ ਕੇ, ਪੀੜ੍ਹੀਆਂ ਦੀਆਂ ਪੀੜ੍ਹੀਆਂ ਦਾ ਬੀਅ ਨਾਸ਼ ਕਰਕੇ ਆਖ਼ਰ ਹੁਣ ਅੱਤਵਾਦ ਖਤਮ ਹੋਣ ਦੇ ਕੰਢੇ ਆ ਗਿਆ ਸੀ ਪਰ ਕਿਤੇ ਕਿਤੇ ਅਜੇ ਵੀ ਟਾਵਾਂ ਟਾਵਾਂ ਅੱਤਵਾਦੀ ਬਚਿਆ ਸੀ। ਉਹ ਜਿੱਥੇ ਜਿੱਥੇ ਸੀ ਉੱਥੇ ਉੱਥੇ ਹੀ ਰੁਕੇ ਰਹੇ। ਕਈ ਪਾਕਿਸਤਾਨ ਬੈਠੇ ਵੱਡੇ ਵੱਡੇ ਅੱਤਵਾਦੀ ਸਰਕਾਰ ਨਾਲ ਮਿਲ ਕੇ ਗਿਣੀ ਮਿਥੀ ਸਲਾਹ ਨਾਲ ਆਤਮ ਸਮਰਪਣ ਕਰ ਰਹੇ ਸਨ। ਕਈ ਇਸ ਮੁਹਿੰਮ ਵਿੱਚੋਂ ਨਿਕਲਣ ਲਈ ਹਥਿਆਰ ਸੁੱਟ ਰਹੇ ਸਨ। ਮਾੜੀ ਮੋਟੀ ਸਜ਼ਾ ਕੱਟ ਕੇ ਉਹ ਫ਼ਿਰ ਅਪਣੇ ਕਾਰੋਬਾਰਾਂ ਵਿੱਚ ਰੁੱਝ ਗਏ ਸਨ। ਅਮਰੀਕਾ ਕੈਨੇਡਾ ਵਿੱਚ ਰਹਿ ਕੇ ਗਤੀਵਿਧੀਆਂ ਚਲਾਉਣ ਵਾਲੇ ਵੱਡੇ ਵੱਡੇ ਖ਼ਾਲਿਸਤਾਨੀ ਵੀ ਅਪਣੇ ਘਰ ਵਾਪਸ ਆ ਗਏ ਸਨ। ਭੜਕਾਅ ਭੜਕਾਅ ਕੇ ਨੌਜਵਾਨਾਂ ਨੂੰ ਅੱਤਵਾਦ ਦੇ ਰਾਹ ਪਾ ਕੇ, ਮਾਵਾਂ ਦੇ ਪੁੱਤ ਮਰਵਾ ਕੇ ਹੁਣ ਉਹੀ ਲੋਕ ਇਸ ਲਹਿਰ ਨੂੰ ਗਲਤ ਦੱਸ ਰਹੇ ਸਨ। ਇਨ੍ਹਾਂ ਵਿੱਚੋਂ ਕਈਆਂ ਨੂੰ ਵਜ਼ਾਰਤਾਂ ਵਿੱਚ ਥਾਂ ਮਿਲ ਗਈ ਤੇ ਕਈ ਚੇਅਰਮੈਨ ਬਣ ਗਏ।
ਸਾਰਾ ਪੰਜਾਬ ਸੋਧਿਆ ਜਾ ਚੁੱਕਾ ਸੀ। ਪੁਲੀਸ ਨੇ ਅੱਤਵਾਦੀ ਸੋਧ ਦਿੱਤੇ ਸਨ ਤੇ ਅੱਤਵਾਦੀਆਂ ਨੇ ਪੰਥ ਦੇ ਦੋਖੀ। ਕਿੰਨੇ ਲੋਕ ਸਨ ਜੋ ਬਿਨਾਂ ਕਸੂਰ ਤੱੋਂ ਹੀ ‘ਸੋਧ’ ਦਿੱਤੇ ਗਏ। ਨਵੇਂ ਭਰਤੀ ਹੋਇਆਂ ਨੇ ਤਾਂ ਗੋਲੀ ਚਲਾਉਣੀ ਸਿੱਖਣ ਦੇ ਨਾਂ ਉੱਤੇ ਹੀ ਕਈਆਂ ਨੂੰ ‘ਸੋਧ’ਦਿੱਤਾ। ਕਈਆਂ ਨੂੰ ‘ਬਾਬਾ ਜੀ’ ਨਾ ਕਹਿਣ’ਤੇ, ਕਈਆਂ ਨੂੰ ਸਕੂਲੇ ਨਕਲ ਮਾਰਨ ਤੋਂ ਰੋਕਣ’ਤੇ, ਕਈਆਂ ਨੂੰ ਅਪਣੀ ਧੀ ਭੈਣ ਰਾਤ ਕਿਸੇ ਚੁਬਾਰੇ ਵਿੱਚ ਲਿਜਾਣ ਤੋਂ ਰੋਕਣ ‘ਤੇ, ਕਿਸੇ ਨੂੰ ਟ੍ਰੈਕਟਰ ਨਾ ਦੇਣ ‘ਤੇ, ਕਿਸੇ ਨੂੰ ਖ਼ਬਰਾਂ ਨਾ ਛਾਪਣ ਕਰ ਕੇ, ਕਿਸੇ ਨੂੰ ਕਮਾਦ ਨਾ ਬੀਜਣ’ਤੇ, ਕਿਸੇ ਨੂੰ ਗਾਉਣ ‘ਤੇ, ਕਿਸੇ ਨੂੰ ਨੱਚਣ ‘ਤੇ, ਕਿਸੇ ਨੂੰ ਸੱਚ ਲਿਖਣ ‘ਤੇ, ਕਿਸੇ ਨੂੰ ਸੱਚ ਦੱਸਣ ‘ਤੇ, ਕਿਸੇ ਨੂੰ ਰਿਕਸ਼ੇ ਦਾ ਕਿਰਾਇਆ ਮੰਗਣ ‘ਤੇ, ਕਿਸੇ ਨੂੰ ਦੁੱਧ ਦੇ ਪੈਸੇ ਮੰਗਣ ‘ਤੇ, ਕਿਸੇ ਨੂੰ ਕੱਟੇ ਵਾਲਾਂ ਕਰ ਕੇ ਤੇ ਕਿਸੇ ਨੂੰ ਵਾਲ ਕੱਟਣ ਦੇ ਕੰਮ ਨੂੰ ਰੋਟੀ ਖਾਣ ਦਾ ਵਸੀਲਾ ਬਣਾਉਣ ‘ਤੇ, ਕਿਸੇ ਨੂੰ ਬੋਲਣ ‘ਤੇ, ਕਿਸੇ ਨੂੰ ਨਾ ਬੋਲਣ ‘ਤੇ ਮਾਰ ਦਿੱਤਾ ਗਿਆ। ਹਰ ਕਿਸੇ ਨੇ ਕਿਸੇ ਨਾ ਕਿਸੇ ਨੂੰ ਮਾਰਿਆ। ਖ਼ਾਕੀ ਵਰਦੀ ਪਾਉਣ ਵਾਲੇ ਅੱਤਵਾਦੀਆਂ ਨੇ ਵੀ ਅਪਣੇ ਜੌਹਰ ਵਿਖਾਏ। ਕੁੰਢੀਆਂ ਮੁੱਛਾਂ ਵਾਲੇ ਇੱਕ ਅਫ਼ਸਰ ਨੇ ਦਿਨਾਂ ਵਿੱਚ ਅੱਤਵਾਦ ਖਤਮ ਕਰ ਦਿੱਤਾ। ਅਪਣੀਆਂ ਹੀ ਮਾਵਾਂ ਉੱਤੇ ਨੰਗਿਆਂ ਕਰ ਕੇ ਚੜ੍ਹਾਇਆ ਗਿਆ। ਪਿਉਆਂ ਦੀਆਂ ਨਜ਼ਰਾਂ ਸਾਹਵੇਂ ਉਨ੍ਹਾਂ ਦੀਆਂ ਧੀਆਂ ਨਾਲ ਖੇਹ ਖਾਧੀ, ਟ੍ਰੈਕਟਰਾਂ ਦੇ ਹਲਾਂ ਦੇ ਨਾਲ ਸਿਰ ਦੇ ਵਾਲ਼ਾਂ ਤੋਂ ਬੰਨ੍ਹ ਕੇ ਧੂਹੇ ਗਏ। ਗੱਲ ਕੀ, ਜਿੱਦਾਂ ਕਿੱਦਾਂ ਕਰ ਕੇ ਵੀ, ਅੱਤਵਾਦ ਖਤਮ ਕਰ ਦਿੱਤਾ। ਸਭ ਨੇ ਸੁੱਖ ਦਾ ਸਾਹ ਲਿਆ ਸਿਵਾਏ ਉਨ੍ਹਾਂ ਤੋਂ ਜਿਨ੍ਹਾਂ ਦੇ ਘਰ ਉੱਜੜੇ ਸਨ ਤੇ ਜਿਨ੍ਹਾਂ ਘਰਾਂ ਦੇ ਦੀਵੇ ਸਦਾ ਲਈ ਬੁਝ ਗਏ ਸਨ। ਮੁੱਖ ਮੰਤਰੀ ਨੂੰ ਬੰਬ ਧਮਾਕੇ ਵਿੱਚ ਉਡਾ ਕੇ ਅੱਤਵਾਦੀਆਂ ਸਿਰਫ਼ ਇਹੀ ਦੱਸਿਆ ਸੀ ਕਿ ਉਹ ਅਜੇ ਹੈਗੇ ਆ ਪਰ ਹੌਲੀ-ਹੌਲੀ ਗੱਡੀ ਲੀਹ ਉੱਤੇ ਆ ਗਈ।
ਦੁੱਲੇ ਨੇ ਵੀ ਸਖ਼ਤੀ ਹੋ ਜਾਣ ਕਰ ਕੇ ਪਿਸਤੌਲ ਤੇ ਹੋਰ ਗੋਲੀ ਸਿੱਕਾ ਛੱਪੜ ਵਿੱਚ ਸੁੱਟ ਦਿੱਤਾ ਤੇ ਖੁਦ ਝਾੜ ਸਾਹਿਬ ਦੇ ਗੁਰਦੁਆਰੇ ਦਾ ਗ੍ਰੰਥੀ ਬਣ ਕੇ ਬਹਿ ਗਿਆ। ਪਿੰਡ ਵਾਲਿਆਂ ਨੇ ਉਸ ਤੋਂ ਡਰਦਿਆਂ ਤੇ ਉਸ ਦੀ ‘ਕੌਮ ਪ੍ਰਤੀ ਸੇਵਾ’ ਨੂੰ ਵੇਖ ਕੇ ਉਸ ਨੂੰ ਗ੍ਰੰਥੀ ਵਜੋਂ ਸੇਵਾ ਦੇਣ ਤੋਂ ਇਨਕਾਰ ਨਾ ਕੀਤਾ। ਸ਼ਾਂਤੀ ਹੋਣ ਤੱਕ ਉਸ ਨੇ ਅਪਣੇ ਮਨ ਨੂੰ ਸਮਝਾ ਲਿਆ ਸੀ- “ਕੁਝ ਨਹੀਂ ਪਿਆ ਇਨ੍ਹਾਂ ਕੰਮਾਂ ਵਿੱਚ। ਬਥੇਰੀ ਐਸ਼ ਕਰ ਲਈ ਤੂੰ। ਅੱਜ ਜੇ ਤੂੰ ਜਿਉਨਾਂ ਹੈਂ ਤਾਂ ਇਸ ਨੂੰ ਵਾਹਿਗੁਰੂ ਵੱਲੋਂ ਬਖਸ਼ਿਆ ਦੂਜਾ ਜਨਮ ਸਮਝ। ਨਹੀਂ ਤਾਂ ਹੁਣ ਨੂੰ ਤੇਰੇ ਨਾਂ ਦਾ ਵੀ ਨਿਸ਼ਾਨ ਸਾਹਿਬ ਚੜ੍ਹਿਆ ਹੋਣਾ ਸੀ। ਹੁਣ ਤੱਕ ਤਾਂ ਉਹ ਵੀ ਵੱਢਿਆ ਜਾ ਚੁੱਕਾ ਹੋਣਾ ਸੀ। ਹੁਣ ਬੰਦਾ ਬਣ ਜਾ ਦੁੱਲਿਆ, ਬੰਦਾ… !” ਤੇ ਉਹ ਗੁਰੂ ਦਾ ਵਜ਼ੀਰ ਬਣਕੇ ਪ੍ਰਮਾਤਮਾ ਦਾ ਨਾਮ ਲੈਣ ਲੱਗ ਪਿਆ। ਸ਼ਾਮ ਨੂੰ ਕਥਾ ਕਰਦਾ ਤੇ ਬਦੋਬਦੀ ਉਸ ਦੇ ਕੌੜੇ ਅਨੁਭਵ ਉਸ ਦੀ ਕਥਾ ਵਿੱਚ ਆ ਜਾਂਦੇ।
…………
ਵਰੇਸ ਵਡੇਰੀ ਹੋ ਜਾਣ ਕਰ ਕੇ ਦੁੱਲੇ ਦੇ ਨੈਣਾਂ ਦੀ ਜੋਤ ਨਿੰਮੀ ਹੋ ਗਈ ਸੀ। ਨਿਗਾਹ ਘਟਣ ਕਰ ਕੇ ਪਾਠ ਕਰਨ ਲੱਗਿਆਂ ਗ਼ਲਤੀਆਂ ਹੋਣ ਲੱਗ ਪਈਆਂ ਸਨ ਤੇ ਪਿੰਡ ਵਾਲਿਆਂ ਹੁਣ ਨਵਾਂ ਭਾਈ ਰੱਖ ਲਿਆ ਸੀ। ਅਪਣੇ ਆਪ ਨੂੰ ਰੁੱਝਿਆਂ ਰੱਖਣ ਲਈ ਉਹ ਇਕੱਲਾ ਬੈਠਾ ਕੁਝ ਨਾ ਕੁਝ ਕਰਨ ਲੱਗ ਪੈਂਦਾ। ਉਸ ਨੇ ਮੋਟੇ ਅੱਖਰਾਂ ਵਾਲਾ ਗੁਟਕਾ ਸਾਹਿਬ ਮੰਗਵਾ ਲਿਆ ਸੀ। ਸਾਰਾ-ਸਾਰਾ ਦਿਨ ਸੁਖਮਨੀ ਸਾਹਿਬ ਦਾ ਪਾਠ ਕਰਦਾ ਰਹਿੰਦਾ।
ਪੂਰੇ ਯੁੱਗ ਜਿੱਡੀ ਉਮਰਾ ਲੰਘ ਗਈ। ਇੱਕ ਤਕੜਾ ਤੂਫ਼ਾਨ ਦੁੱਲੇ ਦੇ ਚੇਤੇ ਦੇ ਪਿੰਡੇ ਨੀਲ ਪਾ ਗਿਆ ਸੀ। ਉਹ ਦੀਦਿਆਂ ਵਿੱਚੋਂ ਨਿਕਲਦੇ ਖਾਰੇ ਤੇ ਕੋਸੇ ਪਾਣੀ ਨਾਲ ਸਾਰੀ ਰਾਤ ਟਕੋਰ ਕਰਦਾ ਰਹਿੰਦਾ। ਰਾਤ, ਜੇ ਕਿਤੇ ਅੱਖ ਲੱਗਦੀ ਤਾਂ ਉਸ ਦੇ ਦਿਲ ਉੱਤੇ ਪੱਥਰ ਵਰਗਾ ਭਾਰਾ ਕੁਝ ਮਹਿਸੂਸ ਹੁੰਦਾ ਰਹਿੰਦਾ। ਉਹ ਉੱਚੀ-ਉੱਚੀ ਰੌਲ਼ਾ ਪਾਉਂਦਾ ਮੁੜ੍ਹਕੋ ਮੁੜ੍ਹਕੀ ਹੋ ਜਾਂਦਾ। ਉਹਦਾ ਪਤਾ ਲੈਣ ਆਏ ਬਾਬੇ ਦੈਂਗੜੀ ਨੇ ਉਸ ਨੂੰ ਦੱਸਿਆ ਸੀ ਕਿ ਉਹ ਦੇ ਇਹ ਦੱਬਾ ਪੈਂਦਾ ਹੈ। ਕੋਈ ਰੂਹ ਉਸਦੀ ਹਿੱਕ ਉੱਤੇ ਚੜ੍ਹ ਕੇ ਬੈਠ ਜਾਂਦੀ ਹੈ ਤੇ ਉਸਤੋਂ ਹਿਸਾਬ ਮੰਗਦੀ ਹੈ। ਦੁੱਲਾ ਬਾਬੇ ਦੈਂਗੜੀ ਨੂੰ ਗਾਲ਼ੀਂ ਟੱਕਰ ਪਿਆ-“ਚੱਲ ਭੱਜ ਜਾ ਕੁੱਤੀਏ ਝੜ੍ਹੰਮੇ… ਵੱਡਾ ਤੂੰ ਬਾਬਾ… ਮੈਨੂੰ ਤਾਂ ਤੂੰ ਈ ਸਭ ਤੋਂ ਵੱੱਡੀ ਬਦਰੂਹ ਲੱਗਦੈਂ, ਸਾਲ਼ਾ ਰੂਹਾਂ ਦਾ… ” ਉਹ ਰੂਹਾਂ ਤੇ ਆਤਮਾਵਾਂ ਵਿੱਚ ਵਿਸ਼ਵਾਸ ਨਹੀਂ ਸੀ ਕਰਦਾ। ਉਸ ਨੇ ਕਈ ਪੀਰਾਂ ਦੀਆਂ ਕਬਰਾਂ ਨੂੰ ਢਾਹ ਕੇ ਲੋਕਾਂ ਨੂੰ ਦਿਖਾਇਆ ਸੀ ਕਿ ਇਹ ਰੂਹਾਂ ਬਦਰੂਹਾਂ ਵਹਿਮ ਭਰਮ ਹੀ ਹੁੰਦੀਆਂ ਹਨ। ਉਸ ਨੇ ਤਾਂ ਖੇਡ ਦੇਣ ਤੇ ਢੋਲਕੀਆਂ ਛੈਣਿਆਂ ਨਾਲ ਚੌਕੀਆਂ ਦੇਣ ਵਾਲਿਆਂ ਨੂੰ ਵੀ ਸੋਧਿਆ ਸੀ। ਦੁੱਲੇ ਨੇ ਬਾਬੇ ਦੈਂਗੜੀ ਨੂੰ ਤਾਂ ਭਜਾ ਦਿੱਤਾ ਪਰ ਅੰਦਰੋਂ ਉਹ ਸੱਚੀਂ ਡਰ ਗਿਆ ਸੀ। ਉਸ ਦੀਆਂ ਅੱਖਾਂ ਸਾਹਵੇਂ ਉਹ ਸਭ ਚਿਹਰੇ ਆ ਗਏ ਜਿਨ੍ਹਾਂ ਨੂੰ ਉਸ ਨੇ ਅਪਣੇ ਹੱਥੀਂ ਮਾਰਿਆ ਸੀ।
ਕਦੀ-ਕਦੀ ਉਹ ਨੂੰ ਲੱਗਦਾ ਕਿ ਉਸ ਦਾ ਕੁਝ ਗਵਾਚ ਗਿਆ ਹੈ ਪਰ ਪਤਾ ਨਾ ਲੱਗਦਾ ਕਿ ਕੀ ਗੁਆਚਾ ਹੈ ਤੇ ਕਿੱਥੇ ਗੁਆਚਾ ਹੈ। ਉਹ ਅੱਧੀ ਰਾਤ ਨੂੰ ਹੀ ਘਰੋਂ ਨਿਕਲ ਤੁਰਦਾ ਤੇ ਸੱਥ ਵਿੱਚ ਆ ਕੇ ਲੰਮੇ ਪੈ ਜਾਂਦਾ। ਸਵੇਰੇ ਜਦੋਂ ਕੁੱਤਿਆਂ ਦੇ ਭੌਂਕਣ ਦੀ ਅਵਾਜ਼ ਨਾਲ ਉਹਦੀ ਅੱਖ ਖੁੱਲ੍ਹਦੀ ਤਾਂ ਅੱਭੜਵਾਹੇ ਉੱਠ ਕੇ ਘਰ ਨੂੰ ਤੁਰ ਪੈਂਦਾ। ਕੁਝ ਦਿਨ ਪਹਿਲਾਂ ਜਦੋਂ ਘੁਮਿਆਰਾਂ ਦੇ ਵਿਹੜੇ ਵਾਲ਼ੇ ਬੋਹੜ ਥੱਲੇ ਚੱਕਰ ਖਾ ਕੇ ਡਿੱਗਾ ਸੀ ਤਾਂ ਸਾਂਹਸੀਆਂ ਦੇ ਬਾਗੇ ਨੇ ਦੱਸਿਆ ਸੀ ਭਈ ਉਹਦਾ ਬਲੱਡ ਵੱਧਦਾ ਹੈ। ਉਸ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਸੀ। ਪਰ ਪੁਰਾਣੀਆਂ ਯਾਦਾਂ ਨਹੀਂ ਸੀ ਖਹਿੜਾ ਛੱਡਦੀਆਂ। ਧਿਆਨ ਵਾਰ ਵਾਰ ਕਈ ਕਈ ਵਰ੍ਹੇ ਪਿੱਛੇ ਚਲਾ ਜਾਂਦਾ।
ਕਦੇ ਉਹ ਉੱਚੀ-ਉੱਚੀ ਰੌਲ਼ਾ ਪਾਉਣ ਲੱਗ ਪੈਂਦਾ। ਕਦੇ ਅਪਣੀ ਡਾਂਗ ਨੂੰ ਵਗਾਹ ਕੇ ਮਾਰਦਾ ਤੇ ਫ਼ਿਰ ਤਲਵਾਰ ਵਾਂਗ ਘੁਮਾਉਣ ਲੱਗ ਪੈਂਦਾ। ਕਦੇ ਝੱਲ ਵਲੱਲੀਆਂ ਮਾਰਨ ਲੱਗਦਾ। ਬੁੱਢੀਆਂ ਅਪਣੇ ਨਿਆਣਿਆਂ ਨੂੰ ਉਸ ਤੋਂ ਦੂਰ ਰਹਿਣ ਲਈ ਸਮਝਾਉਂਦੀਆਂ। ਬੁੜ੍ਹੀ ਤਾਰੋ ਬੂਹੇ ਨੂੰ ਠਕੋਰ ਕੇ ਰੋਟੀ ਬਰੂਹਾਂ ਵਿੱਚ ਰੱਖ ਕੇ ਮੁੜਨ ਦੀ ਕਰਦੀ-“ਭਾਊ ਰੋਟੀ… ” ਉਸ ਨੂੰ ਜੇ ਸੁਣ ਜਾਂਦਾ ਤਾਂ ਖਾ ਲੈਂਦਾ, ਜੇ ਸੋਚੀਂ ਪਿਆ ਨਾ ਸੁਣਦਾ ਤਾਂ ਉੱਥੇ ਪਈ ਨੂੰ ਕੋਈ ਕੁੱਤਾ ਬਿੱਲਾ ਲੈ ਕੇ ਭੱਜ ਜਾਂਦਾ। ਕਿਸੇ ਨੂੰ ਉਸਦੀ ਇਸ ਹਾਲਤ ਦਾ ਕਾਰਣ, ਜਵਾਨੀ ਵਿੱਚ ਪਈ ਪੁਲੀਸ ਦੀ ਕੁੱਟ ਦਾ ਅਸਰ ਲੱਗਦਾ ਤੇ ਕੋਈ ਇਸ ਨੂੰ ਲੋਕਾਂ ਦੀਆਂ ਬਦਅਸੀਸਾਂ ਦਾ ਫ਼ਲ਼ ਦੱਸਦਾ। ਕਿਸੇ ਦੇ ਹਿਸਾਬ ਨਾਲ ਉਸ ਨੂੰ ਉਸ ਦੇ ਕੀਤੇ ਪਾਪਾਂ ਦਾ ਪਰਤਾਵਾ ਮਿਲ ਰਿਹਾ ਸੀ।
ਉਹਦਾ ਜੀਅ ਕਰਦਾ ਕਿ ਕਿਸੇ ਤਰ੍ਹਾਂ ਅਪਣੇ ਪਿਛਲੇ ਜੀਵਨ ਨੂੰ ਵੀ ਉਵੇਂ ਹੀ ਪੋਚ ਲਵੇ ਜਿਵੇਂ ਨਿੱਕੇ ਹੁੰਦਿਆਂ ਗ਼ਲਤ ਪੂਰਨੇ ਪੈਣ ‘ਤੇ ਫ਼ੱਟੀ ਫ਼ਿਰ ਪੋਚ ਲੈਂਦਾ ਸੀ। ਇਸੇ ਕਰ ਕੇ ਉਸ ਨੇ ਪਿਛਲੇ ਇੱਕੇ ਮਹੀਨੇ ਦੇ ਵਿਚ-ਵਿਚ ਦੋ ਤਿੰਨ ਵਾਰ ਅੰਮ੍ਰਿਤ ਛਕਿਆ ਸੀ। ਬੇਸ਼ੱਕ ਪਹਿਲਾ ਅੰਮ੍ਰਿਤ ਭੰਗ ਨਹੀਂ ਸੀ ਹੋਇਆ ਪਰ ਫਿਰ ਵੀ ਸੰਗਰਾਂਦ ਉੱਤੇ ਉਹਨੇ ਬਾਬਾ ਬੁੱਢਾ ਸਾਹਿਬ ਤੋਂ ਤੇ ਫਿਰ ਮੱਸਿਆ ਉੱਤੇ ਤਰਨ ਤਾਰਨ ਸਾਹਿਬ ਤੋਂ ਅੰਮ੍ਰਿਤ ਛਕਿਆ ਸੀ, ਸਿਰਫ਼ ਪੰਜਾਂ ਪਿਆਰਿਆਂ ਦੇ ਮੂੰਹੋਂ ਵਾਰ-ਵਾਰ ਇਹੀ ਸੁਣਨ ਲਈ ਕਿ-‘ਹੁਣ ਇਹ ਤੁਹਾਡਾ ਨਵਾਂ ਜਨਮ ਹੈ, ਪਿਛਲੇ ਜਨਮ ਵਿਚ ਕੀਤੇ ਚੰਗੇ ਮਾੜੇ ਕੰਮਾਂ ਨਾਲ ਹੁਣ ਤੁਹਾਡਾ ਕੋਈ ਸਬੰਧ ਨਹੀਂ। ਹੁਣ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਤੇ ਜਨਮ ਅਸਥਾਨ ਸ੍ਰੀ ਆਨੰਦਪੁਰ ਸਾਹਿਬ।’ ਇਹ ਸੁਣਨਾ ਉਸ ਨੂੰ ਬੜਾ ਸਕੂਨ ਦਿੰਦਾ। ਉਹ ਅਪਣੇ ਆਪ ਨੂੰ ਦਿਲਾਸਾ ਦਿੰਦਾ ਕਿ ਹੁਣ ਇਸ ਜਨਮ ਵਿੱਚ ਤਾਂ ਉਸ ਨੇ ਕੋਈ ਪਾਪ ਨਹੀਂ ਕੀਤਾ। ਪਰ ਫਿਰ ਉਹ ਬੇਚੈਨ ਕਿਉਂ ਹੈ? ਉਸ ਦੇ ਕੀਤੇ ਕਰਮਾਂ ਦੇ ਦਾਗ਼ ਅਜੇ ਵੀ ਉਸ ਦੀ ਚਾਦਰ ਉੱਤੇ ਉੱਭਰ ਆਉਂਦੇ ਜਿਨ੍ਹਾਂ ਨੂੰ ਲੁਕਾਉਂਦਾ ਉਹ ਥੱਕ ਗਿਆ ਸੀ। ਇਹ ਕਿਹੋ ਜਿਹੇ ਦਾਗ਼ ਹਨ ਜੋ ਅੰਮ੍ਰਿਤ ਦੇ ਛਿੱਟਿਆਂ ਦੇ ਨਾਲ ਵੀ ਨਹੀਂ ਲੱਥ ਰਹੇ।
ਉਸ ਦਿਨ ਵੀ ਉਹ ਅੰਮ੍ਰਿਤਸਰੋਂ ਅੰਮ੍ਰਿਤ ਛਕਣ ਗਿਆ ਸੀ। ਉਸ ਨੂੰ ਲੱਗਾ ਕਿ ਉਸ ਦੇ ਚਿਹਰੇ ਉੱਤੇ ਕੁਝ ਦਾਣਿਆਂ ਦੇ ਰੂਪ ਵਿੱਚ ਪਾਪ ਨਿਕਲ ਆਏ ਹਨ। ਉਸ ਨੇ ਹੱਥ ਲਾ ਕੇ ਟੋਹਿਆ। ਫ਼ਿਰ ਉਸ ਦੁਖਭੰਜਨੀ ਬੇਰੀ ਥੱਲਿਉਂ ਪਵਿੱਤਰ ਜਲ ਨਾਲ ਮੂੰਹ ਧੋਤਾ। ਉਹ ਵਾਰ-ਵਾਰ ਸਰੋਵਰ ਦੇ ਜਲ ਨਾਲ ਅਪਣਾ ਮੂੰਹ ਧੋਂਦਾ, ਹੋਰ ਚੰਗੀ ਤਰ੍ਹਾਂ ਤੇ ਰਗੜ-ਰਗੜ ਕੇ ਪਰ ਉਸ ਦੇ ਚਿਹਰੇ ਉੱਤੇ ਪਾਪਾਂ ਦੇ ਮੋਟੇ ਮੋਟੇ ਫੋੜੇ ਬਣ ਜਾਂਦੇ। ਉਸ ਨੂੰ ਲੱਗਦਾ ਕਿ ਹੁਣ ਸਭ ਨੂੰ ਪਤਾ ਲੱਗ ਜਾਏਗਾ ਇਨ੍ਹਾਂ ਫੋੜਿਆਂ ਤੋਂ ਕਿ ਉਹਦੇ ਗੁਰੂ ਨੇ ਤਾਂ ਉਸ ਦੇ ਪੁਰਾਣੇ ਪਾਪ ਵੀ ਨਹੀਂ ਧੋਤੇ। ਜੇ ਉਹ ਇਵੇਂ ਹੀ ਪਿੰਡ ਗਿਆ ਤਾਂ ਲੋਕਾਂ ਤੋਂ ਚਿਹਰਾ ਲੁਕਾਇਆ ਨਹੀਂ ਜਾਣਾ। ਉਸ ਦਾ ਜੀਅ ਕੀਤਾ ਕਿ ਉਹ ਪਿੰਡ ਜਾਵੇ ਹੀ ਨਾ। ਹੁਣ ਉਸ ਦਾ ਪਿੰਡ ਵਿੱਚ ਕੀ ਹੈ। ਪਰ ਪਿੰਡ ਉਸ ਦੀ ਮਾਂ ਨੰਤੀ ਤੇ ਦੁੱਖ ਸੁੱਖ ਦੀ ਭਾਈਵਾਲ਼ ਦੀਪੋ ਦੀਆਂ ਯਾਦਾਂ ਨੇ। ਉਹ ਭੁੜਕ ਕੇ ਪਰਿਕਰਮਾ ਵਿੱਚੋਂ ਉੱਠਿਆ, ਜਿਵੇਂ ਉਸ ਨੂੰ ਕੁਝ ਗੁਆਚਾ ਲੱਭ ਗਿਆ ਹੋਵੇ ਤੇ ਬਿਨਾਂ ਦੇਰੀ ਕੀਤੇ ਉੱਥੋਂ ਤੁਰ ਪਿਆ। ਸੂਰਜ ਡੁੱਬੇ ਉਹ ਪਿੰਡ ਪਹੁੰਚਿਆ ਪਰ ਘਰੇ ਜਾਣ ਦੀ ਬਜਾਇ ਸਿੱਧਾ ਸਰਪੰਚ ਵੱਲ ਗਿਆ। ਚੋਖਾ ਚਿਰ ਲਾ ਕੇ ਮੁੜਿਆ ਦੁੱਲਾ ਘਰੇ ਆ ਕੇ ਅੱਧੀ ਰਾਤ ਤੱਕ ਜਾਗਦਾ ਉੱਸਲ਼ਵੱਟੇ ਭੰਨਦਾ ਰਿਹਾ ਸੀ। ਅਚਾਨਕ ਆਈ ਮਿੰਦੋ ਦੀ ਯਾਦ ਨੇ ਉਸ ਨੂੰ ਬੇਚੈਨ ਕਰ ਸੁੱਟਿਆ ਸੀ। ਮਿੰਦੋ ਤੇ ਦੀਪੋ ਦੇ ਚਿਹਰੇ ਵਾਰੀ-ਵਾਰੀ ਉਸ ਦੀਆਂ ਅੱਖਾਂ ਸਾਹਵੇਂ ਆਉਂਦੇ ਰਹੇ ਤੇ ਚਿਰਾਂ ਤੋਂ ਜਮ੍ਹਾਂ ਹੋਈਆਂ ਗੱਲਾਂ ਕਰਦੇ ਰਹੇ। ਮਿੰਦੋ ਨੂੰ ਯਾਦ ਕਰਕੇ ਤਾਂ ਉਸ ਦਾ ਰੋਣ ਨਿਕਲ ਗਿਆ। ਜੇ ਉਸ ਨੇ ਉਹ ਗਲਤੀ ਨਾ ਕੀਤੀ ਹੁੰਦੀ ਤਾਂ ਅੱਜ ਪਿੰਡ ਵਿੱਚ ਉਸ ਦਾ ਵੀ ਭਾਈਚਾਰਾ ਹੋਣਾ ਸੀ। ਉਸ ਦੇ ਵੀ ਬੱਚੇ ਹੋਣੇ ਸੀ। ਘੱਕੀ ਜਿੱਡੇ ਤਾਂ ਹੋਣੇ ਸੀ। ਨਹੀਂ, ਉਸ ਤੋਂ ਵਾਹਵਾ ਵੱਡੇ ਹੋਣੇ ਸੀ। ਘੱਕੀ ਤਾਂ ਲਿੱਸੜ ਏ, ਸਤਮਾਹਿਆ ਜਿਹਾ ਪਰ ਉਸ ਦੇ ਮੁੰਡੇ ਹੁੰਦੜਹੇਲ ਹੋਣੇ ਸੀ। ਉਨ੍ਹਾਂ ਨੂੰ ਵੀ ਫ਼ੌਜ ਵਿੱਚ ਭਰਤੀ ਕਰਵਾਉਂਦਾ ਤਾਂ ਮਿੰਦੋ ਕਿੰਨੀ ਖੁਸ਼ ਹੁੰਦੀ। ਕਿਤੇ ਦਹੀਂ ਨਾਲ ਟੁੱਕ ਖਾਂਦੀ ਹੋਵੇਗੀ ਮਿੰਦੋ। ਕਿੱਥੇ ਹੋਵੇਗੀ? ਜਿਉਂਦੀ ਵੀ ਹੋਏਗੀ ਜਾਂ ਮਰ ਗਈ ਹੋਏਗੀ? ਕੀ ਪਤਾ ਉਹ ਵੀ ਕੁਆਰੀ ਹੀ ਹੋਵੇ ਮੇਰੇ ਵਾਂਗ। ਪਰ ਨਹੀਂ, ਧੀਆਂ ਨੂੰ ਵੀ ਕਦੇ ਘਰੇ ਬਿਠਾਇਆ ਜਾਂਦਾ ਏ? ਮਾਪਿਆਂ ਨੇ ਉਸ ਨੂੰ ਹੋਰ ਲੱਭ ਦਿੱਤਾ ਹੋਊ। ਉਸ ਦੇ ਹੋਣੇ ਨੇ ਨਿਆਣੇ ਫੌਜੀ, ਜ਼ਰੂਰ ਹੋਣੇ ਨੇ… ਨਹੀਂ ਤਾਂ ਵਾਹੀ ਤਾਂ ਕਰਦੇ ਹੋਣਗੇ… ਜਾਂ ਕੀ ਪਤਾ… ”
ਉਹ ਬੜਾ ਚਿਰ ਮਿੰਦੋ ਦੇ ਹੇਰਵੇ ਵਿੱਚ ਡੁੱਬਾ ਰਿਹਾ। ਦੀਪੋ ਦੇ ਬਾਰੇ ਸੋਚ ਕੇ ਤਾਂ ਉਸ ਦੀ ਰੂਹ ਕੰਬ ਗਈ। ਜਿੱਦੇਂ ਹਜ਼ੂਰ ਸਾਹਿਬ ਦੇ ਦਰਸ਼ਨਾਂ ਤੋਂ ਮੁੜਿਆ ਸੀ ਤਾਂ ਘਰੇ ਪੈਰ ਪਾਉਂਦਿਆਂ ਈ ਉਸ ਨੂੰ ਦੇਬੇ ਕੇ ਗੋਲੂ ਨੇ ਦੱਸਿਆ -“ਚਾਚੀ ਵਿੰਗੀ ਹੋ ਗਈ, ਮੂਤ ਵੀ ਸੁੱਥਣ ਵਿੱਚ ਈ ਨਿਕਲ ਗਿਆ… ” ਉਸ ਵੇਖਿਆ ਕਿ ਦੀਪੋ ਅੱਧੀ ਮੰਜੇ ‘ਤੇ ਪਈ ਸੀ ਅੱਧੀ ਭੁੰਜੇ। ਉਹਦਾ ਤ੍ਰਾਹ ਨਿਕਲ ਗਿਆ।
“ਕੀ ਹੋਇਆ ਦੀਪੋ?”
“ਊਂ ਊਂ ਊਂ… ” ਬੱਸ ਦੀਪੋ ਦੀ ਜ਼ੁਬਾਨ ਇੰਨਾ ਹੀ ਕਹਿ ਸਕੀ। ਤੇ ਉਦੋਂ ਤੋਂ ਬਾਅਦ ਉਹ ਇਸ ਊਂ ਊਂ ਨਾਲ ਹੀ ਸਭ ਕੁਝ ਸਮਝਾਉਂਦੀ। ਤੇ ਦੀਪੋ ਤੇ ਦੁੱਲੇ ਵਿਚਲਾ ਸੰਵਾਦ ਇਹਨਾਂ ਸ਼ਬਦਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਸੀ। ਇਹੀ ਸ਼ਬਦ ਕੁਝ ਮੰਗਦੇ, ਇਹੀ ਸ਼ਬਦ ਉਸ ਨੂੰ ਰੋਕਦੇ, ਇਹੀ ਸ਼ਬਦ ਉਸ ਨੂੰ ਸਮਝਾਉਂਦੇ, ਇਹੀ ਸ਼ਬਦ ਉਸ ਦੇ ਗਲ਼ ਲੱਗ ਕੇ ਰੋ ਲੈਣ ਦੀ ਆਗਿਆ ਮੰਗਦੇ ਤੇ ਜੇ ਦੁੱਲੇ ਦੀਆਂ ਅੱਖਾਂ ਵਿੱਚੋਂ ਵੀ ਪਾਣੀ ਸਿੰਮਣ ਲੱਗਦਾ ਤਾਂ ਇਹੀ ਸ਼ਬਦ ਉਸ ਨੂੰ ਚੁੱਪ ਹੋ ਜਾਣ ਲਈ ਕਹਿੰਦੇ। ਇਨ੍ਹਾਂ ਸ਼ਬਦਾਂ ਦਾ ਬੱਝਾ ਉਹ ਘਰੋਂ ਬਾਹਰ ਨਾ ਨਿਕਲਦਾ। ਕੀ ਪਤਾ ਕਦੋਂ ਦੀਪੋ ਨੂੰ ਕਾਹਦੀ ਲੋੜ ਪੈ ਜਾਵੇ। ਉਹ ਉਸ ਕੋਲੋਂ ਇੱਕ ਪਲ ਵੀ ਪਰ੍ਹੇ ਨਾ ਜਾਂਦਾ। ਅਸਲ ਵਿੱਚ ਉਸ ਨੂੰ ਡਰ ਸੀ ਕਿ ਜੇ ਉਹ ਪਰ੍ਹੇ ਹੋਇਆ ਤਾਂ ਰੱਬ ਈ ਉਸ ਨੂੰ ਨਾ ਲੈ ਜਾਏ। ਹੁਣ ਤਾਂ ਰੱਬ ਦੁੱਲੇ ਤੋਂ ਤ੍ਰਬਕਦਾ ਸੀ। ਤਾਹੀਂਏਂ ਨੇੜੇ ਨਹੀਂ ਸੀ ਫਟਕਦਾ। ਜੇ ਨੇੜੇ ਫਟਕਦਾ ਤਾਂ ਉਹ ਉਸ ਨੂੰ ਜੀਵਨ ਭਰ ਕੀਤੇ ਪਾਪਾਂ ਤੋਂ ਨਾ ਰੋਕਦਾ। ਉਸ ਨੂੰ ਸਮਝਾਉਂਦਾ ਨਾ ਕਿ ਪੁੱਤ ਤੂੰ ਜਿਹੜੇ ਕੰਮ ਕਰਨ ਡਿਆ ਏਂ ਉਹਨਾਂ ਦਾ ਅੰਤ ਬੜਾ ਮਾੜਾ ਈ। ਪਰ ਨਹੀਂ, ਰੱਬ ਨੇ ਤਾਂ ਉਸ ਨੂੰ ਇੱਕ ਵਾਰ ਵੀ ਨਹੀਂ ਘੂਰਿਆ ਤੇ ਉਹਦੀਆਂ ਰੈਅ ਵਾਗਾਂ ਹੋਈਆਂ ਰਹੀਆਂ। ਹੁਣ ਰਹੀ ਖਹੀ ਕਸਰ ਦੀਪੋ ਦੀ ਬਿਮਾਰੀ ਨੇ ਪੂਰੀ ਕਰ ਦਿੱਤੀ। ਅਧਰੰਗ ਨੇ ਉਸ ਨੂੰ ਮੰਜੀ ਨਾਲ ਮੰਜੀ ਹੀ ਕਰ ਛੱਡਿਆ ਸੀ। ਦੀਪੋ ਨੂੰ ਮਿਲਣ ਲਈ ਘੱਕੀ ਛੁੱਟੀ ਮਿਲਣ ‘ਤੇ ਹੀ ਆਉਂਦਾ। ਅਪਣੀ ਮਾਂ ਨੂੰ ਜਦੋਂ ਇਸ ਹਾਲਤ ਵਿੱਚ ਵੇਖ ਜਾਂਦਾ ਤਾਂ ਕਈ ਕਈ ਦਿਨ ਬੇਚੈਨ ਰਹਿੰਦਾ। ਦੁੱਲੇ ਨੂੰ ਸਿੱਧਾ ਤਾਂ ਨਾ ਆਖਦਾ ਪਰ ਮਨੋਂ ਨਿਸ਼ਚਿੰਤ ਰਹਿੰਦਾ ਕਿ ਉਹ ਤਾਂ ਮਾਂ ਦੇ ਕੋਲ ਹੈ ਈ ਏ ਨਾ, ਫ਼ਿਰ ਚਿੰਤਾ ਕਾਹਦੀ… ! ਉਸ ਦਾ ਮਨ ਹੁਣ ਦੁੱਲੇ ਪ੍ਰਤੀ ਬਦਲਣ ਲੱਗ ਪਿਆ ਸੀ। ਗੂੰਹ-ਮੂਤ ਨਾਲ ਲਿਬੜੀ ਦੀਪੋ ਨੂੰ ਜਦੋਂ ਦੁੱਲੇ ਵਰਗਾ ਕਹਿੰਦਾ ਕਹਾਉਂਦਾ ਖਾੜਕੂ ਸਾਫ਼ ਕਰ ਰਿਹਾ ਹੁੰਦਾ ਤਾਂ ਉਸ ਨੂੰ ਲੱਗਦਾ ਕਿ ਜੇ ਉਸ ਦਾ ਸਕਾ ਪਿਉ ਵੀ ਅੱਜ ਜਿਉਂਦਾ ਹੁੰਦਾ ਤਾਂ ਉਸ ਦੀ ਮਾਂ ਦੀ ਇੰਨੀ ਸੇਵਾ ਉਹ ਵੀ ਨਾ ਕਰਦਾ। ਘੱਕੀ ਦੇ ਮਨ ਵਿਚਲੇ ਦੁੱਲੇ ਦੇ ਚਿਹਰੇ ਉਤਲੀਆਂ ਝੁਰੜੀਆਂ ਵਿੱਚੋਂ ਉਸ ਦੇ ਅੱਤਵਾਦੀ ਹੋਣ ਦੇ ਚਿੰਨ੍ਹ ਨਹੀਂ ਸਨ ਲੱਭਦੇ ਸਗੋਂ ਕਿਸੇ ਸਾਧੂ ਦੇ ਤਿਆਗ ਤੇ ਮਿਲਾਪ ਦੀਆਂ ਬੂੰਦਾਂ ਉਸ ਦੇ ਡੂੰਘੇ ਕੋਇਆਂ ਵਿੱਚ ਆ ਕੇ ਰੁਕ ਗਈਆਂ ਦਿੱਸਦੀਆਂ ਸਨ।
ਦੀਪੋ ਦੀ ਬਿਮਾਰੀ ਨੇ ਦੀਪੋ ਦੇ ਨਾਲ ਨਾਲ ਉਹ ਨੂੰ ਵੀ ਤੋੜ ਕੇ ਰੱਖ ਦਿੱਤਾ ਸੀ। ਅਧਰੰਗ ਦੇ ਦੌਰੇ ਨੇ ਐਸੀ ਮੰਜੇ ‘ਤੇ ਪਾਈ ਕਿ ਅੰਤ ਹੋਣੀ ਉਸ ਨੂੰ ਲੈ ਕੇ ਹੀ ਛੁੱਟੀ। ਦੀਪੋ ਦੇ ਤੁਰ ਜਾਣ ਤੋਂ ਬਾਅਦ ਤਾਂ ਉਹਨੇ ਜਿਵੇਂ ਘਰੋਂ ਨਿਕਲਣਾ ਹੀ ਬੰਦ ਕਰ ਦਿੱਤਾ।
ਅੱਖਾਂ ਸਾਹਵੇਂ ਜ਼ਿੰਦਗੀ ਭਰ ਕੀਤੇ ਪਾਪਾਂ ਦੀ ਜਿਵੇਂ ਇੱਕ ਝੜੀ ਜਿਹੀ ਲੱਗ ਗਈ ਤੇ ਦੁੱਲਾ ਉਸ ਝੜੀ ਤੋਂ ਅਪਣਾ ਆਪ ਬਚਾਉਣ ਲਈ ਤ੍ਰਬਕ ਕੇ ਅਪਣੀਆਂ ਅੱਖਾਂ ਖੋਲ੍ਹ ਲੈਂਦਾ ਤੇ ਹੋਰ ਚੌੜੀਆਂ ਕਰ ਲੈਂਦਾ ਤਾਂ ਕਿ ਯਾਦਾਂ ਉਸ ਦੀਆਂ ਅੱਖਾਂ ਵਿੱਚੋਂ ਉੱਡ ਕੇ ਬਾਹਰ ਨਿਕਲ ਜਾਣ। ਪਰ ਉਸ ਨੂੰ ਲੱਗਦਾ ਕਿ ਉਹ ਤੋਤੇ ਜਿਹੜੇ ਉਹਨੇ ਸੂਰਜਮੁਖੀ ਦੀ ਰਾਖੀ ਕਰਦਿਆਂ ਮਾਰੇ ਸਨ, ਟਰੈਂ-ਟਰੈਂ ਕਰਦੇ ਉਹਦੇ ਮੰਜੇ ਦੁਆਲੇ ਆ ਗਏ ਹਨ ਤੇ ਉਸ ਦਾ ਸਰੀਰ ਚੂੰਡ ਰਹੇ ਹਨ। ਕੁੱਤੀ ਦੇ ਕਤੂਰੇ ਵੱਡੇ ਹੋ ਗਏ ਹਨ। ਉਸ ਨੂੰ ਲੱਭਦੇ ਲੁੱਭਾਉਂਦੇ ਉਸ ਦੀ ਪੁਆਂਦੀਂ ਆਣ ਬੈਠੇ ਹਨ ਤੇ ਹੁਣ ਉਸ ਨੂੰ ਪਾੜ ਰਹੇ ਹਨ। ਕਣਕ ਦੇ ਵੱਢਾਂ ਵਿੱਚ ਮਾਰੇ ਚੂਹੇ ਉਸ ਦੇ ਪੈਰਾਂ ਦੀਆਂ ਤਲੀਆਂ ਨੂੰ ਦੰਦੀਆਂ ਵੱਢ ਰਹੇ ਹਨ। ਇੱਕਦਮ ਉਸ ਦੇ ਪੈਰਾਂ ਵਿੱਚ ਜਲੂਹਣ ਹੋਈ। ਉਸ ਨੇ ਜੀਅ ਭਿਆਣੇ ਨੇ ਪੈਂਦ ਨਾਲ ਪੈਰ ਖੁਰਚੇ। ਹੋਰ ਖੁਰਚੇ ਤੇ ਫਿਰ ਹੋਰ। ਖੁਰਚਦਿਆਂ-ਖੁਰਚਦਿਆਂ ਉਸ ਦੇ ਪੈਰਾਂ ਵਿੱਚੋਂ ਲਹੂ ਸਿੰਮ ਆਇਆ। ਉਸ ਨੂੰ ਲੱਗਾ ਬਾਹਰ ਕੋਈ ਕੁੱਤਾ ਰੋਇਆ ਹੈ। ਆਂਹਦੇ ਕੁੱਤੇ ਜਦੋਂ ਰੋਂਦੇ ਨੇ ਤਾਂ ਪਿੰਡ ਵਿੱਚ ਕਿਸੇ ਨਾ ਕਿਸੇ ਦੀ ਮੌਤ ਜ਼ਰੂਰ ਹੁੰਦੀ ਹੈ ਕਿਉਂਕਿ ਉਨ੍ਹਾਂ ਨੂੰ ਯਮਦੂਤ ਦਿਖਾਈ ਦਿੰਦੇ ਹਨ। ਉਹ ਇਨ੍ਹਾਂ ਗੱਲਾਂ ਨੂੰ ਤਾਂ ਨਹੀਂ ਸੀ ਮੰਨਦਾ। ਉਸ ਨੇ ਰੋਣ ਦੀਆਂ ਅਵਾਜ਼ਾਂ ਤਾਂ ਬਹੁਤ ਸੁਣੀਆਂ ਸੀ। ਹੁਣ ਤੱਕ ਉਹ ਰੋਣ ਹੀ ਤਾਂ ਸੁਣਦਾ ਆਇਆ ਸੀ ਪਰ ਐਂਤਕੀਂ ਕਿਸੇ ਦੇ ਰੋਣ ਦੀ ਅਵਾਜ਼ ਤੋਂ ਉਹ ਪਹਿਲੀ ਵਾਰੀ ਡਰਿਆ ਸੀ। ਉਸ ਨੂੰ ਲੱਗਾ, ਇਕ ਅੰਨ੍ਹੀ ਬੁੱਢੜੀ ਅਪਣੇ ਪੁੱਤ ਦੀ ਦੇਹ ਨਾਲ ਚਿੰਬੜੀ ਉਹ ਨੂੰ ਬਦਅਸੀਸਾਂ ਦੇ ਰਹੀ ਹੈ। ਚੁਬਾਰੇ ਵਿੱਚ ਵਲੂੰਦਰੀ ਤੇਰ੍ਹਾਂ ਸਾਲਾਂ ਦੀ ਨਿਆਣੀ ਦੀਆਂ ਚੀਕਾਂ ਅਜੇ ਵੀ ਉਸ ਦੇ ਕੰਨਾਂ ਵਿੱਚ ਗੂੰਜ ਰਹੀਆਂ ਹਨ। ਕੁੜੀ ਦੀ ਮਾਂ ਨੇ ਉਹਦੇ ਸਾਹਵੇਂ ਅਪਣੇ ਕੱਪੜੇ ਪਾੜ ਸੁੱਟੇ ਸਨ ਕਿ ਉਹ ਉਸ ਨਾਲ ਖੇਹ ਖਾ ਲਵੇ ਪਰ ਉਸ ਦੀ ਧੀ ਨੂੰ ਛੱਡ ਦੇਵੇ ਪਰ ਉਸ ਵੇਲੇ ਜਿਵੇਂ ਉਸ ਦੇ ਕੰਨ ਬੰਦ ਹੋ ਗਏ ਸਨ। ਪਰ ਜੇ ਕੰਨ ਬੰਦ ਹੋ ਗਏ ਸਨ ਤਾਂ ਇਹ ਚੀਕਾਂ ਦੀ ਅਵਾਜ਼ ਕਿੱਥੋਂ ਸੁਣ ਰਹੀ ਸੀ? ਇਹ ਦਿਮਾਗ਼ ਵਿੱਚ ਕਿਧਰ ਦੀ ਵੜ ਗਈਆਂ ਸਨ। ਕੁੜੀ ਦੀਆਂ ਅੱਖਾਂ ਵਿਚਲਾ ਡਰ ਉਸ ਦੀਆਂ ਅਪਣੀਆਂ ਅੱਖਾਂ ਵਿੱਚ ਕਿਵੇਂ ਆ ਗਿਆ ਸੀ? ਉਹ ਅੱਭੜਵਾਹੇ ਉੱਠਿਆ ਤੇ ਨਲਕੇ ‘ਤੇ ਗਿਆ। ਅੱਖਾਂ ਨੂੰ ਛਿੱਟੇ ਮਾਰੇ, ਹਰ ਵਾਰ ਛਿੱਟੇ ਉਹ ਪਹਿਲਾਂ ਨਾਲੋਂ ਵੀ ਵੱਧ ਜ਼ੋਰ ਨਾਲ ਮਾਰਦਾ। ਛਿੱਟਿਆਂ ਨਾਲ ਉਹ ਅਪਣੀਆਂ ਅੱਖਾਂ ਵਿੱਚੋਂ ਸਭ ਘਟਨਾਵਾਂ ਕੱਢ ਦੇਣਾ ਚਾਹੁੰਦਾ ਸੀ ਜੋ ਉਸ ਦੀਆਂ ਅੱਖਾਂ ਵਿੱਚ ਰੋੜ ਬਣ ਕੇ ਖੁੱਭ ਗਈਆਂ ਸਨ।
…………
‘ਮਾੜਾ ਹੋਇਆ ਬਈ, ਬਾਹਲ਼ਾ ਈ ਮਾੜਾ… ‘ ਮਾਹਨੇ ਨੇ ਸਿਰ ਹਿਲਾਇਆ ਪਤਾ ਨਹੀਂ ਦੁੱਖ ਕਰ ਕੇ, ਪਤਾ ਨਹੀਂ ਨਸ਼ੇ ਦੀ ਤੋਟ ਕਰ ਕੇ।
‘ਮਾੜੇ ਵਰਗਾ ਮਾੜਾ, ਪਿੰਡ ਈ ਸੁੰਨਾ ਕਰ ਗਿਆ ਦੁੱਲਾ ਭਾਊ ਤਾਂ ਅਪਣਾ।” ਭਾਲੀ ਨੇ ਹਾਂ ਵਿੱਚ ਹਾਂ ਮਿਲਾਈ ਤੇ ਨਾਲ ਹੀ ਧੜੱਮ ਕਰ ਕੇ ਪੱਲੇ ਉੱਤੇ ਲੱਤਾਂ ਚੌੜੀਆਂ ਕਰ ਕੇ ਪਥੱਲਾ ਮਾਰ ਕੇ ਬਹਿ ਗਿਆ। ਉਸ ਦਾ ਢਿੱਡ ਇੰਨਾ ਵਧ ਗਿਆ ਸੀ ਉਸ ਤੋਂ ਅਪਣਾ ਥੱਲਾ ਨਹੀਂ ਸੀ ਦਿੱਸਦਾ।
‘ਉਂਜ ਹੁਣ ਉਹ ਸਿੱਧਾ ਹੋ ਗਿਆ ਸੀ ਪਰ ਡਾਹਢੇ ਨੂੰ ਤਾਂ ਕੁਝ ਹੋਰ ਈ ਮਨਜ਼ੂਰ ਸੀ। ‘ ਫੌਰੇ ਮੂਸੀਏ ਨੇ ਹੌਲ਼ੀ ਜਿਹੀ ਕਿਹਾ। ਘੱਕੀ ਨੂੰ ਸੁਨੇਹਾ ਭੇਜ ਦਿੱਤਾ ਗਿਆ ਸੀ। ਉਹਦੇ ਆਉਣ ‘ਤੇ ਹੀ ਦੁੱਲੇ ਦਾ ਸੰਸਕਾਰ ਕੀਤਾ ਜਾਣਾ ਸੀ। ਮੁਲਾਹਜ਼ਾ ਤਾਂ ਸਰਪੰਚ ਤੇ ਸ਼ਰੀਕੇ ਭਾਈਚਾਰੇ ਨੇ ਕਰਵਾ ਲਿਆਂਦਾ ਸੀ। ਆਂਹਦੇ ਗਲ਼ ਘੁੱਟਣ ਨਾਲ ਹੀ ਮਰਿਆ ਸੀ। ਆਥਣ ਵੇਲੇ ਤੱਕ ਘੱਕੀ ਵੀ ਆ ਗਿਆ। ਉਹ ਦੁੱਲੇ ਦਾ ਸਰੀਰ ਵੇਖ ਕੇ ਰੋ ਨਾ ਸਕਿਆ। ਬੱਸ ਉਸ ਨੇ ਮੂੰਹ ਤੋਂ ਪੱਲਾ ਚੁੱਕ ਕੇ ਦਰਸ਼ਨ ਕੀਤੇ ਤੇ ਲੋਕਾਂ ਵਿੱਚ ਜਾ ਬੈਠਾ। ਅੱਖਾਂ ਦੀ ਲਾਲੀ ਦੱਸਦੀ ਸੀ ਕਿ ਦੁੱਖ ਉਹ ਨੂੰ ਵੀ ਡਾਹਢਾ ਹੋਇਆ ਹੈ ਪਰ ਪਿੰਡ ਵਾਲਿਆਂ ਦੀਆਂ ਗੱਲਾਂ ਤੋਂ ਡਰਦਾ ਉਹ ਉੱਚੀ ਨਹੀਂ ਸੀ ਰੋ ਰਿਹਾ।
“ਫ਼ੌਜੀਆ ਮਨ ਹੌਲ਼ਾ ਨਾ ਕਰੀਂ। ਰਾਤੀਂ ਦੁੱਲਾ ਖੌ ਪੀਏ ਸਰਪੰਚ ਕੋਲੇ ਗਿਆ ਸੀ। ਕੀ ਪਤਾ ਉਹਦੇ ਦਿਲ ਵਿੱਚ ਕੀ ਆਈ ਹੋਵੇਗੀ ਵਿਚਾਰਾ ਦੁੱਲਾ… ਸਾਰੀ ਉਮਰ ਲੋਕਾਂ ਨੂੰ ਦਿਲ ਸਖ਼ਤ ਕਰ ਲੈਣ ਦਾ ਹੋਕਾ ਦਿੰਦਾ ਰਿਹਾ ਤੇ ਹੁਣ ਆਪ ਈ ਜ਼ਿੰਦਗੀ ਤੋਂ ਡਰ ਗਿਆ! ਉਹ ਤਾਂ ਆਤਮ ਹੱਤਿਆ ਦੇ ਵਿਰੁੱਧ ਸੀ ਸਗੋਂ”
ਸਰਪੰਚ ਨੇ ਘੱਕੀ ਨੂੰ ਹੌਲੀ ਜਿਹੀ ਦੱਸਿਆ-“ਰਾਤੀਂ ਖਉ ਪੀਏ ਆਇਆ ਸੀ ਦੁੱਲਾ ਭਾਊ ਮੇਰੇ ਕੋਲ਼ੇ। ਲੰਮੇਰੀਆਂ ਸਲਾਹੀਂ ਟੱਕਰਿਆ ਰਿਹਾ। ਕੀ ਪਤਾ ਸੀ, ਕੀ ਚੱਲ ਰਿਹੈ ਉਹਦੇ ਢਿੱਡ ਵਿੱਚ। ਉਹ ਅਪਣਾ ਹਿੱਸਾ ਤੇਰੇ ਨਾਂ ਲਵਾਉਣਾ ਚਾਹੁੰਦਾ ਸੀ। ਕਹਿੰਦਾ ਸੀ ਮਾਂ ਪਿਉ ਵਾਹਰਾ ਬੱਚਾ ਏ। ਦੁਨੀਆ ‘ਤੇ ਹੁਣ ਉਹਦਾ ਕੋਈ ਵੀ ਨਹੀਂ ਏ। ਵਿਚਾਰਾ ਕਿਤੇ ਸ਼ਰੀਕਾਂ ਹੱਥੋਂ ਨਾ ਰਗੜਿਆ ਜਾਵੇ!”
ਘੱਕੀ ਚੁੱਪ ਸੀ। ਸ਼ਰੀਕੇ ਭਾਈਚਾਰੇ ਨੇ ਦੁੱਲੇ ਦੇ ਨੜੋਏ ਨੂੰ ਮੋਢਾ ਦਿੱਤਾ ਤੇ ਸਿੜੀ ਚਿਣ ਕੇ ਉਸ ਉੱਤੇ ਟਿਕਾ ਦਿੱਤਾ। ਬਾਬੇ ਸੋਮੇ ਨੇ ਅਰਦਾਸ ਕੀਤੀ ‘ਗੁਰਮੁਖਿ ਜਨਮ ਸਵਾਰਿ ਦਰਗਹਿ ਚੱਲਿਆ’ ਦੇ ਮਹਾਂਵਾਕਾਂ ਅਨੁਸਾਰ ਗੁਰੂ ਘਰ ਦੇ ਸੇਵਕ ਭਾਈ ਦੁੱਲਾ ਸਿੰਘ ਆਪ ਜੀ ਵੱਲੋਂ ਬਖ਼ਸ਼ੀ ਸੁਆਸਾਂ ਦੀ ਪੂੰਜੀ ਭੋਗ ਕੇ ਆਪ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਨੇ, ਲਾਂਬੂ ਲਾਉਣ ਦੀ ਆਗਿਆ ਬਖ਼ਸ਼ੋ ਜੀ।’
ਦੁੱਲੇ ਦਾ ਸ਼ਰੀਕੇ ਵਿੱਚੋਂ ਲੱਗਦਾ ਭਤੀਜਾ ਅਜੇ ਲਾਂਬੂ ਲਾਉਣ ਲਈ ਅੱਗੇ ਵਧਣ ਹੀ ਲੱਗਾ ਸੀ ਕਿ ਘੱਕੀ ਨੇ ਉਸ ਦੇ ਹੱਥੋਂ ਲਾਂਬੂ ਫ਼ੜ ਲਿਆ। ਲਾਂਬੂ ਲਾ ਕੇ ਉਹਦਾ ਚਿਰਾਂ ਤੋਂ ਡੱਕ ਕੇ ਰੱਖਿਆ ਬੰਨ੍ਹ ਉੱਛਲ਼ ਗਿਆ- “ਭਾਊ ਓਇ…!” ਉਹਨੇ ਡਾਡ ਮਾਰੀ। ਇਸ ਤੋਂ ਵੱਧ ਉਹਦੇ ਮੂੰਹੋਂ ਕੁਝ ਨਾ ਨਿਕਲਿਆ। ਪਿੰਡ ਵਾਲ਼ਿਆਂ ਦੀਆਂ ਪੱਥਰਾਈਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ। ਲੋਕਾਂ ਦੀਆਂ ਗੱਲਾਂ ਦਾ ਉਸ ਨੂੰ ਹੁਣ ਕੋਈ ਡਰ ਨਹੀਂ ਸੀ। ਉਸ ਨੂੰ ਧਰਵਾਸਾ ਸੀ ਕਿ ਉਹਦਾ ਭਾਊ ਦੁੱਲਾ ਨਵਲ਼ਦ ਨਹੀਂ ਸੀ ਗਿਆ।
ਮੋਬਾਈਲ : 98769-39090