ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਵਿੱਚ ਕੈਨੇਡਾ ਦੇ ਆਦਿਵਾਸੀਆਂ ਦੇ ਜੀਵਨ ਤੇ ਸੰਘਰਸ਼ ਦਾ ਵਿਸ਼ਲੇਸ਼ਣ

ਜ਼ੋਰਾਵਰ ਬਾਂਸਲ-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਗਸਤ ਮਹੀਨੇ ਦੀ ਮੀਟਿੰਗ ਜ਼ੂਮ ਰਾਹੀਂ ਹੋਈ ਜਿਸ ਵਿੱਚ ਕੈਲਗਰੀ ਦੇ ਬੁੱਧੀਜੀਵੀਆਂ ਤੇ ਸਾਹਿਤਕ ਪ੍ਰੇਮੀਆਂ ਨੇ ਹਿੱਸਾ ਲਿਆ। ਮੀਟਿੰਗ ਦੇ ਆਗਾਜ਼ ਵਿੱਚ ਮੀਤ ਪ੍ਰਧਾਨ ਬਲਵੀਰ ਗੋਰਾ ਨੇ ਸਭ ਨੂੰ ਜੀ ਆਇਆਂ ਆਖਿਆ ਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਮੀਟਿੰਗ ਦਾ ਵੇਰਵਾ ਸਾਂਝਾ ਕੀਤਾ। ਸ਼ੋਕ ਮਤੇ ਸਾਂਝੇ ਕਰਦਿਆਂ ਪ੍ਰੋ ਲਖਵੀਰ ਸਿੰਘ, ਜੋ ਅਧਿਆਪਕ ਕਿੱਤੇ ਨਾਲ ਸਬੰਧਤ ਸਨ ਅਤੇ ਉਹਨਾਂ ਆਪਣੀ ਸੰਸਥਾ ‘ਪਹਿਲ’ ਰਾਹੀਂ ਕਈ ਸਮਾਜ ਸੇਵਾ ਦੇ ਕੰਮ ਕੀਤੇ, ਆਪਣੀ ਲਿਖਤਾਂ ਵਿੱਚ ਵੀ ਸਮਾਜ ਨੂੰ ਸੇਧ ਦਿੱਤੀ। ਉਹ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਪੀੜਤ ਸਨ। ਡੋਗਰੀ ਸ਼ਾਇਰਾ ਤੇ ਲੇਖਕਾ ਪਦਮਾ ਸਚਦੇਵ, ਜਿਨ੍ਹਾਂ ਦਾ 81ਸਾਲ ਦੀ ਉਮਰ ਵਿੱਚ ਮੁੰਬਈ ਵਿੱਚ ਦੇਹਾਂਤ ਹੋ ਗਿਆ। ਪੰਜਾਬੀ ਲਿਖਾਰੀ ਸਭਾ ਵੱਲੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਅਫ਼ਗਾਨਿਸਤਾਨ ਵਿੱਚ ਜੋ ਮਨੁੱਖੀ ਹੱਕਾਂ ਦਾ ਤੇ ਜਨ ਜੀਵਨ ਦਾ ਘਾਣ ਹੋਇਆ ਹੈ ਉਸ ਤੇ ਵੀ ਦੁੱਖ ਪ੍ਰਗਟ ਕੀਤਾ ਗਿਆ। ਸਾਹਿਤਕ ਰਚਨਾਵਾਂ ਤੇ ਆਗਾਜ਼ ਵਿੱਚ ਪਰਮਿੰਦਰ ਰਮਨ ਨੇ ‘ਸ਼ਬਦ ਅਰਥਾਂ ਤੋਂ ਅਣਜਾਣ’ ਗ਼ਜ਼ਲ ਨਾਲ ਸ਼ੁਰੂਆਤ ਕੀਤੀ। ਪਿਛਲੇ ਦਿਨੀਂ ਚਰਚਾ ਚ ਰਹੀ ਨਵੀਂ ਕਵੀਸ਼ਰੀ ‘ਚਿੱਟੀਆਂ ਰੁਮਾਲਾਂ ਵਾਲੇ’ ਨਾਲ ਮੰਗਲ ਚੱਠਾ ਨੇ ਸਾਹਿਤਕ ਮਾਹੌਲ ਨੂੰ ਅੱਗੇ ਤੋਰਨ ਚ ਵਾਧਾ ਕੀਤਾ, ਜਿਸ ਵਿੱਚ ਓਲੰਪਿਕ ਵਿੱਚ ਖੇਡੇ ਹਾਕੀ ਖਿਡਾਰੀਆਂ ਦੀ ਪ੍ਰਸੰਸਾ ਕੀਤੀ ਗਈ। ਆਜ਼ਾਦੀ ਦਿਵਸ ਨੂੰ ਸਮਰਪਿਤ ਸੁਖਵਿੰਦਰ ਤੂਰ ਨੇ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਦੀ ਗੱਲ ਕਰਦਿਆਂ ‘ਪੈਸੇ ਨਾਲ ਲੈਣੇ ਹਥਿਆਰ ਸਰਾਭੇ ਨੇ’ ਤਰੰਨਮ ਵਿੱਚ ਗਇਆ। ਡਾ ਮਨਮੋਹਨ ਕੌਰ ਨੇ ਰੱਖੜੀ ਦੇ ਤਿਉਹਾਰ ਨਾਲ ਸਬੰਧਤ ਰਿਸ਼ਤਿਆਂ ਦੀ ਗੱਲ ਕੀਤੀ ਕਿ ਪਹਿਲੇ ਸਮੇਂ ਵਿਚ ਜ਼ੁਬਾਨ ਅਤੇ ਸੱਚ ਤੇ ਰਿਸ਼ਤੇ ਨਿਭਦੇ ਸਨ। ਹੁਣ ਦਿਖਾਵੇ ਤੇ ਦੇਣ ਲੈਣ ਨੂੰ ਪਹਿਲ ਦਿੱਤੀ ਜਾਂਦੀ ਹੈ। ਸੱਚੇ ਸਬੰਧਾਂ ਦੀ ਗੱਲ ਕਰਦਿਆਂ ਉਨ੍ਹਾਂ ਗੁਰਬਾਣੀ ਦੀਆਂ ਤੁਕਾਂ ਦੀ ਵਿਆਖਿਆ ਵੀ ਕੀਤੀ ਤੇ ਸਭ ਨੂੰ ਜੜ੍ਹਾਂ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ। ਸਰੂਪ ਸਿੰਘ ਮੰਡੇਰ ਨੇ ਦਿੱਲੀ ਬਾਡਰ ‘ਤੇ ਬੈਠੇ ਕਿਸਾਨਾਂ ਦੀ ਬਾਤ ਪਾਉਦਿਅਾ ਆਪਣੀ ਰਚਨਾ ‘ਕਿਸਾਨਾਂ’ ਨਾਲ ਸਾਂਝ ਪਾਈ।ਹਰੀਪਾਲ ਨੇ ਕੈਨੇਡਾ ਦੇ ਆਦਿਵਾਸੀਆਂ ਦੇ ਰਹਿਣ ਸਹਿਣ ਤੇ ਲੋਕਾਂ ਦਾ ਉਨ੍ਹਾਂ ਬਾਰੇ ਜੋ ਨਜ਼ਰੀਆ ਹੈ, ਉਸ ‘ਤੇ ਵਿਚਾਰ ਚਰਚਾ ਕੀਤੀ।ਚੀਫ ਡੈਨ ਚਾਰਜ ਜਿਸ ਦਾ ਜਨਮ ਆਦਿਵਾਸੀਆਂ ਦੇ ਇੱਕ ਕਬੀਲੇ ਚ ਹੋਇਆ, ਉਸ ਦੀ ਪੂਰੀ ਜ਼ਿੰਦਗੀ ਦਾ ਸੰਖੇਪ ਵਰਣਨ ਕੀਤਾ ਜਿਸ ਨੇ ਕਿਸ਼ਤੀ ਚਲਾਉਣ, ਦਰੱਖਤ ਕੱਟਣ ਤੋਂ ਲੈ ਕੇ ਫ਼ਿਲਮਾਂ ਬਣਾਉਣ ਤੱਕ ਦੇ ਸਾਰੇ ਕੰਮ ਕੀਤੇ, ਜਿਨ੍ਹਾਂ ਵਿਚ ਉਸ ਨੇ ਆਦਿਵਾਸੀਆਂ ਦੀ ਸੱਚਾਈ ਤੇ ਜੱਦੋ-ਜਹਿਦ ਨੂੰ ਉਜਾਗਰ ਕੀਤਾ। ਉਸ ਦੀਆਂ ਕਵਿਤਾਵਾਂ ਨੂੰ ਲੇਖਕ ਦਰਸ਼ਨ ਗਿੱਲ ਨੇ 1981ਵਿੱਚ ‘ਉਕਾਬ ਦੀ ਉਡਾਣ’ ਵਿੱਚ ਪੰਜਾਬੀ ਅਨੁਵਾਦ ਕੀਤਾ। ਇਸੇ ਕਿਤਾਬ ਵਿਚੋਂ ਇਕ ਕਵਿਤਾ ‘ਇੱਛਾ ਐ ਮੇਰੇ ਲੋਕਾਂ ਵਿੱਚ ਜਿਉਣ ਦੀ’ ਵੀ ਸਾਂਝੀ ਕੀਤੀ। ਇਹ ਲੇਖ ਵਿਸਥਾਰਪੂਰਵਕ ਵੇਰਵੇ ਆਉਣ ਵਾਲੇ ਦਿਨਾਂ ਵਿਚ ਸਾਨੂੰ ਅਖ਼ਬਾਰਾਂ ਅਤੇ ਸੇਸ਼ਲ ਮੀਡੀਆ ਉੱਤੇ ਪੜ੍ਹਨ ਨੂੰ ਮਿਲੇਗਾ। ਬਲਜਿੰਦਰ ਸੰਘਾ ਨੇ ਆਪਣੀ ਇਕ ਲਿਖਤ ਨਾਲ ਸਾਂਝ ਪਾਈ ਅਤੇ ਲੇਖਕ ਬਹਾਦੁਰ ਸਿੰਘ ਡਾਲਵੀ ਦੇ ਬੇਟੇ ਨਵ ਡਾਲਵੀ ਵੱਲੋਂ ਆਪਣੇ ਪਿਤਾ ਦੀਆਂ ਪ੍ਰਾਪਤੀਆਂ ਉੱਤੇ ਬਣਾਈ ਗਈ ਫ਼ਿਲਮ ‘ਬਹਾਦਰ ਦੀ ਬਰੇਵ’ ਦੇ ਵੱਖ ਵੱਖ ਪਹਿਲੂਆਂ ਉੱਤੇ ਚਰਚਾ ਕੀਤੀ ਤੇ ਫ਼ਿਲਮ ਸਭ ਨੂੰ ਦੇਖਣ ਲਈ ਪ੍ਰੇਰਿਆ, ਜਿਸ ਵਿੱਚ ਜ਼ਿੰਦਗੀ ਜਿਊਣ ਦੇ ਨੁਕਤੇ ਦੱਸੇ ਗਏ ਹਨ । ਮੀਤ ਪ੍ਰਧਾਨ ਬਲਵੀਰ ਗੋਰਾ ਨੇ ਤਰਕ ਭਰਪੂਰ ਗੀਤ ‘ਗੁੱਸੇ ਵਿੱਚ ਗੱਲ ਦੀ ਗਾਲ੍ਹ ਬਣ ਜਾਏ’ ਅਤੇ ਤਰਲੋਚਨ ਸੈਂਭੀ ਨੇ ਹਰਮੋਨੀਅਮ ਉੱਤੇ ‘ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ’ ਧਾਰਮਿਕ ਗੀਤ ਗਾਇਆ। ਹਰਿਮੰਦਰ ਚੁੱਗ ਨੇ ਰੱਖੜੀ ਦੇ ਤਿਉਹਾਰ ਦੇ ਮਦੇਨਜ਼ਰ ਗੀਤ ‘ਆਇਆ ਸਾਉਣ ਦਾ ਮਹੀਨਾ’ ਖ਼ੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ। ਜ਼ੋਰਾਵਰ ਬਾਂਸਲ ਨੇ ਗਜ਼ਲ ‘ਚੱਲ ਐ ਦਿਲ’, ਗੁਰਚਰਨ ਹੇਅਰ ਨੇ ਮਾਲਵੇ ਦੀ ਮਿੱਠੀ ਬੋਲੀ ਨਾਲ ਗੜੂੰਦ ਸਰਕਾਰ ਤੇ ਵਿਅੰਗ ਕਰਦਾ ‘ਚਿੜੀ ਦਾ ਆਟਾ’ ਗੀਤ ਪੇਸ਼ ਕੀਤਾ, ਜੋ ਸਭ ਨੇ ਬਹੁਤ ਸਰਾਹਿਆ। ਬੱਚੀ ਖ਼ੁਸ਼ੀ ਬਾਂਸਲ ਨੇ ਇਕ ਅੰਗਰੇਜ਼ੀ ਗੀਤ ਦੇ ਨਾਲ ਆਪਣੀ ਹਾਜ਼ਰੀ ਲਵਾਈ। ਇਸ ਮੀਟਿੰਗ ਵਿਚ ਰਣਜੀਤ ਸਿੰਘ,ਨਛੱਤਰ ਪੁਰਬਾ, ਗੁਰਲਾਲ ਰੁਪਾਲੋ ਨੇ ਹਾਜ਼ਰ ਹੋ ਕੇ ਰੌਣਕ ਵਿੱਚ ਵਾਧਾ ਕੀਤਾ। ਸਾਰੇ ਹਾਜ਼ਰੀਨ ਨੇ ਚਲੰਤ ਮਾਮਲਿਆਂ ਮਾਮਲਿਆਂ ਉੱਤੇ ਆਪਣੇ-ਆਪਣੇ ਵਿਚਾਰ ਵੀ ਪੇਸ਼ ਕੀਤੇ। ਅਖੀਰ ਵਿੱਚ ਮੀਤ ਪ੍ਰਧਾਨ ਬਲਵੀਰ ਗੋਰਾ ਨੇ ਆਏ ਹੋਏ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਅਗਲੀ ਮੀਟਿੰਗ, ਜੋ 19 ਸਤੰਬਰ ਨੂੰ ਹੈ,ਵਿੱਚ ਹਾਜ਼ਰ ਹੋਣ ਲਈ ਸੱਦਾ ਵੀ ਦਿੱਤਾ। ਸਭਾ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਮੀਤ ਪ੍ਰਧਾਨ ਬਲਵੀਰ ਗੋਰਾ ਨੂੰ 403 472 2662 ਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੂੰ 587 437 7805 ਨੰਬਰਾਂ ‘ਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।