ਸੇਖਵਾਂ ਪਿਓ-ਪੁੱਤ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ

ਅੰਮ੍ਰਿਤਸਰ: ਜਥੇਦਾਰ ਸੇਵਾ ਸਿੰਘ ਸੇਖਵਾਂ ਤੇ ਉਨ੍ਹਾਂ ਦੇ ਪੁੱਤਰ ਜਗਰੂਪ ਸਿੰਘ ਸੇਖਵਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ ਹੈ ਪਰ ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਾ ਤੇ ਉਨ੍ਹਾਂ ਨੂੰ ਕੋਈ ਜਿੰਮੇਵਾਰੀ ਦਿੱਤੀ ਹੈ ਤੇ ਨਾ ਹੀ ਉਮੀਦਵਾਰ ਐਲਾਨਿਆ ਹੈ। ਅਰਵਿੰਦ ਕੇਜਰੀਵਾਲ ਦੇ ਨਾਲ ਭਗਵੰਤ ਮਾਨ, ਰਾਘਵ ਚੱਢਾ, ਹਰਪਾਲ ਸਿੰਘ ਚੀਮਾ, ਜਰਨੈਲ ਸਿੰਘ, ਕੁੰਵਰ ਵਿਜੈ ਪ੍ਰਤਾਪ ਆਦਿ ਮੌਜੂਦ ਸੀ। ਸੇਖਵਾਂ ਨੇ ਇਸ ਦੌਰਾਨ ਕਿਹਾ ਕਿ “ਕੇਜਰੀਵਾਲ ਦਾ ਧੰਨਵਾਦ ਕਿ ਉਹ ਮੇਰੇ ਘਰ ਆਏ।ਕੇਜਰੀਵਾਲ ਮੈਨੂੰ ਹੌਂਸਲਾ ਦੇਣ ਆਏ ਹਨ, ਕਿਉਂਕਿ ਮੈਂ ਠੀਕ ਨਹੀਂ ਸੀ।ਕੇਜਰੀਵਾਲ ਦੇਸ਼ ਦਾ ਭਵਿੱਖ ਤੇ ਮਹਾਨ ਹਨ।ਅਸੀ ਤਿੰਨ ਪੀੜੀਆਂ ਅਕਾਲੀ ਦਲ ਨੂੰ ਸਮਰਪਿਤ ਰਹੇ ਹਾਂ।ਪਰ ਕੋਈ ਅਕਾਲੀ ਆਗੂ ਮੇਰਾ ਪਤਾ ਲੈਣ ਨਹੀਂ ਆਇਆ।ਕੇਜਰੀਵਾਲ ਬਿਨ੍ਹਾਂ ਕੋਈ ਲਾਲਚ ਮੇਰੇ ਘਰ ਆਏ।ਅੱਜ ਤੋਂ ਬਾਅਦ ਮੈਂ ਕੇਜਰੀਵਾਲ ਨੂੰ ਸਮਰਪਿਤ ਹਾਂ।”

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, “ਸੇਖਵਾਂ ਪਰਿਵਾਰ ਨੇ ਪੰਜਾਬ ਲਈ ਬਹੁਤ ਕੁਝ ਕੀਤਾ ਹੈ ਤੇ ਪੰਜਾਬ ਦੀ ਰਾਜਨੀਤੀ ‘ਚ ਵੀ ਵੱਡਾ ਯੋਗਦਾਨ ਦਿੱਤਾ ਹੈ।ਸੇਖਵਾਂ ਸਾਹਿਬ ਦੀ ਸਿਹਤ ਬਾਰੇ ਪੁੱਛਣ ਆਇਆ ਹਾਂ।” ਕੇਜਰੀਵਾਲ ਨੇ ਅਗੇ ਕਿਹਾ, “ਜਿਵੇਂ ਦਿੱਲੀ ਦੇ ਅੰਦਰ ਚੰਗੇ ਸਕੂਲ ਬਣਾਏ, ਪਾਣੀ ਆਦਿ ਸੇਵਾਵਾਂ ਦਿੱਤੀਆਂ ਉਸੇ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਸਾਡਾ ਮਿਸ਼ਨ ਹੈ।ਅਮੀਰ ਤੇ ਗਰੀਬ ਨੂੰ ਬਰਾਬਰ ਸਹੂਲਤਾਂ ਮਿਲਣ।” ਅਰਵਿੰਦ ਕੇਜਰੀਵਾਲ ਨੇ ਨਵਜੋਤ ਸਿੱਧੂ ਦੇ ਸਲਾਹਕਾਰਾਂ ਵੱਲੋਂ ਕਸ਼ਮੀਰ ਬਾਬਤ ਦਿੱਤੇ ਬਿਆਨ ‘ਤੇ ਕਿਹਾ ਕਿ “ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਭਾਰਤ ਇਕ ਹੈ, ਤੇ ਅਜਿਹੀ ਬਿਆਨਬਾਜ਼ੀ ਆਲੋਚਨਾਤਮਕ ਹੈ।ਉਥੇ ਹੀ ਪੰਜਾਬ ਇਕ ਸਰਹੱਦੀ ਸੂਬਾ ਹੈ ਤੇ ਪੰਜਾਬ-ਦੇਸ਼ ਦੀ ਅਮਨਸ਼ਾਂਤੀ ਲਈ ਅਜਿਹੀ ਬਿਆਨਬਾਜੀ ਤੋਂ ਗੁਰੇਜ ਕਰਨਾ ਚਾਹੀਦਾ ਹੈ।” ਕੇਜਰੀਵਾਲ ਨੇ ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਉਪਲੱਬਧੀਆਂ ਗਿਣਾਉਂਦੇ ਹੋਏ ਕਿਹਾ “ਜੋ ਸਹੂਲਤਾਂ ਦਿੱਲੀ ਦੀ ਸਰਕਾਰ ਦਿੱਲੀ ਵਾਸੀਆਂ ਨੂੰ ਦੇ ਰਹੀ ਹੈ, ਅਜਿਹੀਆਂ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਦੇਣਾ ਸਾਡਾ ਮਿਸ਼ਨ ਹੈ।”

Leave a Reply

Your email address will not be published. Required fields are marked *