ਬਸਤਾੜਾ ਟੌਲ ਪਲਾਜ਼ਾ ‘ਤੇ ਕਿਸਾਨਾਂ ‘ਤੇ ਲਾਠੀਚਾਰਜ ਦੀ ਪੀ.ਪੀ.ਈ.ਈ. ਵਲੋਂ ਸਖ਼ਤ ਨਿਖੇਧੀ

ਐਡਮਿੰਟਨ : ਕਰਨਾਲ (ਹਰਿਆਣਾ) ਦੇ ਬਸਤਾੜਾ ਟੌਲ ਪਲਾਜ਼ਾ ‘ਤੇ ਬੀਤੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਪੁਲੀਸ ਵਲੋਂ ਕੀਤੇ ਲਾਠੀਚਾਰਜ ਦੀ ਪ੍ਰੋਗਰੈਸਿਵ ਪੀਪਲਜ਼ ਫਾਉਂਡੇਸ਼ਨ ਆਫ਼ ਐਡਮਿੰਟਨ (ਪੀ.ਪੀ.ਈ.ਈ.) ਨੇ ਸਖ਼ਤ ਨਿਖੇਧੀ ਕੀਤੀ ਹੈ। ਇਸ ਲਾਠੀਚਾਰਜ ਦੌਰਾਨ ਜਿੱਥੇ ਕਈ ਕਿਸਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਉਥੇ ਕਿਸਾਨ ਸੁਸ਼ੀਲ ਕੁਮਾਰ (50) ਵਾਸੀ ਪਿੰਡ ਰਾਏਪੁਰ ਜਟਾਨ, ਜ਼ਿਲ੍ਹਾ ਕਰਨਾਲ ਦੀ ਮੌਤ ਹੋ ਗਈ। ਸੁਸ਼ੀਲ ਕੁਮਾਰ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 9 ਮਹੀਨਿਆਂ ਤੋਂ ਕਿਸਾਨ ਅੰਦੋਲਨ ਵਿਚ ਹਿੱਸਾ ਲੈਂਦਾ ਆ ਰਿਹਾ ਸੀ। ਪੁਲੀਸ ਦੀ ਕਾਰਵਾਈ ਨੂੰ ਅਣਮਨੁੱਖੀ ਕਾਰਾ ਕਰਾਰ ਦਿੰਦਿਆਂ ਜਥੇਬੰਦੀ ਨੇ ਕਸੂਰਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਆਪਣਾ ਰੋਸ ਜ਼ਾਹਰ ਕਰਨ ਅਤੇ ਕਿਸਾਨਾਂ ਨਾਲ ਹਮਦਰਦੀ ਪ੍ਰਗਟਾਉਣ ਲਈ ਪੀ.ਪੀ.ਈ.ਈ. ਦੇ ਕਾਰਕੁਨਾਂ ਨੇ ਵਿਸ਼ੇਸ਼ ਮੀਟਿੰਗ ਸੱਦੀ ਸੀ।
ਇਸ ਮੌਕੇ ਡਾ. ਪੀ.ਆਰ. ਕਾਲੀਆ, ਮੋਹਿੰਦਰ ਸਿੰਘ ਸੀਲੋਂ, ਬਖ਼ਸ਼ ਸੰਘਾ, ਕਿਰਤਮੀਤ ਸਿੰਘ ਕੋਹਾੜ, ਜੋਗਿੰਦਰ ਰੰਧਾਵਾ, ਦਲਬੀਰ ਸਾਂਗਿਆਨ, ਨਵਤੇਜ ਬੈਂਸ, ਕਸ਼ਮੀਰ ਬਡੇਸ਼ਾ, ਹਰਚੰਦ ਸਿੰਘ ਗਰੇਵਾਲ, ਰਬਿੰਦਰ ਸਰਾਂ, ਸੁਰਿੰਦਰ ਦਿਓਲ ਹਾਜ਼ਰ ਸਨ।