ਕਰਨਾਲ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ, ਮੰਗਾਂ ਨਾ ਮੰਨਣ ‘ਤੇ ਸਕੱਤਰੇਤ ਘੇਰਨ ਦਾ ਐਲਾਨ

ਕਰਨਾਲ : ਕਰਨਾਲ ਵਿੱਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਨੂੰ ਲੈ ਕੇ ਕਿਸਾਨਾਂ ਦੀ ਮਹਾਂਪੰਚਾਇਤ ਹੋਈ। ਇਸ ਪੰਚਾਇਤ ਵਿੱਚ ਤਿੰਨ ਅਹਿਮ ਫੈਸਲੇ ਲਏ ਗਏ ਹਨ। ਕਿਸਾਨਾਂ ਨੇ ਮਹਾਪੰਚਾਇਤ ਜ਼ਰੀਏ ਮੰਗ ਕੀਤੀ ਹੈ ਕਿ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਅਫ਼ਸਰਾਂ ਉੱਤੇ ਮੁਕੱਦਮਾ ਦਰਜ ਕੀਤਾ ਜਾਵੇ। ਲਾਠੀਚਾਰਜ ਦੌਰਾਨ ਜਿਸ ਕਿਸਾਨ ਦੀ ਮੌਤ ਹੋਈ ਹੈ ਉਸ ਦੇ ਪਰਿਵਾਰ ਵਾਲਿਆਂ ਨੂੰ 25 ਲੱਖ ਰੁਪਏ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਦੇ ਨਾਲ ਹੀ ਜ਼ਖ਼ਮੀ ਕਿਸਾਨਾਂ ਨੂੰ ਦੋ-ਦੋ ਲੱਖ ਰੁਪਏ ਦਾ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇ। ਕਿਸਾਨਾਂ ਨੇ ਕਿਹਾ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ 6 ਸਿਤੰਬਰ ਤੱਰ ਨਹੀਂ ਮੰਨੀਆਂ ਗਈਆਂ ਤਾਂ ਉਹ 7 ਸਿਤੰਬਰ ਨੂੰ ਕਰਨਾਲ ਦੀ ਅਨਾਜ ਮੰਡੀ ਵਿੱਚ ਵੱਡੀ ਮਹਾਪੰਚਾਇਤ ਕਰਨਗੇ ਤੇ ਅਨਿਸ਼ਚਿਤ ਵਕਤ ਲਈ ਸਕੱਤਰੇਤ ਦਾ ਘਿਰਾਓ ਕਰਨਗੇ। ਸ਼ਨੀਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਵਿਧਾਨ ਸਭਾ ਖੇਤਰ ਵਿੱਚ ਇੱਕ ਸਮਾਗਮ ਲਈ ਆਉਣਾ ਸੀ ਅਤੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।
ਵਿਰੋਧ ਪ੍ਰਦਰਸ਼ਨ ਦੌਰਾਨ ਤੈਨਾਤ ਪੁਲਿਸ ਬਲ ਵੱਲੋਂ ਕਿਸਾਨਾਂ ਉਪਰ ਲਾਠੀਚਾਰਜ ਕੀਤਾ ਗਿਆ ਜਿਸ ਨਾਲ ਕਈ ਕਿਸਾਨ ਫੱਟੜ ਹੋ ਗਏ ਅਤੇ ਕਈਆਂ ਨੂੰ ਹਸਪਤਾਲ ਭੇਜਿਆ ਗਿਆ ਸੀ। ਕੇਂਦਰ ਸਰਕਾਰ ਵੱਲੋਂ ਲਿਆਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਬੀਤੇ ਕਈ ਮਹੀਨਿਆਂ ਤੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੀ ਮੰਗ ਹੈ ਕਿ ਇਹ ਤਿੰਨੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ। ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ ਕਈ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਫੈਸਲਾ ਨਹੀਂ ਹੋ ਸਕਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਨਗੇ ਤੇ ਉਹ ਕਾਨੂੰਨਾਂ ਵਿੱਚ ਸੋਧ ਕਰਨ ਲਈ ਤਿਆਰ ਹਨ।