ਕਰੋਨਾ ਵਾਇਰਸ ਦਾ ਨਵਾਂ ਰੂਪ ਮਿਲਿਆ, ਅਕਤੂਬਰ-ਨਵੰਬਰ ਵਿੱਚ ਹੋ ਸਕਦੀ ਹੈ ਤੀਜੀ ਲਹਿਰ ਦੀ ਸਿਖਰ

ਨਵੀਂ ਦਿੱਲੀ : ਕਰੋਨਾ ਨਾਲ ਜੂਝ ਰਹੇ ਦੇਸ਼ਾਂ ਲਈ ਇਕ ਹੋਰ ਬੁਰੀ ਖਬਰ ਸਾਹਮਣੇ ਆਈ ਹੈ। ਕਰੋਨਾ ਮਹਾਮਾਰੀ ਲਈ ਜ਼ਿੰਮੇਵਾਰ ਵਾਇਰਸ ਸਾਰਸ ਕੋਵ-2 ਦਾ ਨਵਾਂ ਰੂਪ ਮਿਲਿਆ ਹੈ। ਇਹ ਰੂਪ ਪਹਿਲਾਂ ਦੱਖਣੀ ਅਫਰੀਕਾ ਤੇ ਉਸ ਤੋਂ ਬਾਅਦ ਹੋਰ ਦੇਸ਼ਾਂ ਵਿਚ ਮਿਲਿਆ ਹੈ। ਖੋਜ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਰੂਪ ਜ਼ਿਆਦਾ ਖਤਰਨਾਕ ਹੈ ਤੇ ਵੈਕਸੀਨ ਲਗਾਉਣ ਤੋਂ ਬਾਅਦ ਵੀ ਇਸ ਤੋਂ ਬਚਿਆ ਨਹੀਂ ਜਾ ਸਕਦਾ। ਦੱਖਣੀ ਅਫਰੀਕਾ ਦੇ ਨੈਸ਼ਨਲ ਇੰਸਟੀਚਿਊਟ ਫਾਰ ਕਮਿਊਨੀਕੇਬਲ ਡਿਜ਼ੀਜ਼ ਤੇ ਕਵਾਜੁਲੂ ਨੇਟਾਲ ਰਿਸਰਚ ਇਨੋਵੇਸ਼ਨ ਐਂਡ ਸੀਕਵੈਂਸਿੰਗ ਪਲੇਟਫਾਰਮ ਦੇ ਵਿਗਿਆਨੀਆਂ ਨੇ ਕਿਹਾ ਕਿ ਇਸ ਸਾਲ ਮਈ ਵਿਚ ਪਹਿਲੀ ਵਾਰ ਸੀ.1.2 ਦੇ ਨਵੇਂ ਰੂਪ ਦਾ ਪਤਾ ਲੱਗਾ। ਇਸ ਤੋਂ ਬਾਅਦ 13 ਅਗਸਤ ਤਕ ਇਹ ਰੂਪ ਚੀਨ, ਮਾਰਸ਼ੀਅਸ, ਇੰਗਲੈਂਡ, ਨਿਊਜ਼ੀਲੈਂਡ , ਪੁਰਤਗਾਲ ਤੇ ਸਵਿੱਟਜ਼ਰਲੈਂਡ ਵਿਚ ਪਾਇਆ ਗਿਆ।
ਕਰੋਨਾ ਮਹਾਮਾਰੀ ਦੀ ਗਣਿਤ ਅਧਾਰਿਤ ਮੌਡਲਿੰਗ ਵਿੱਚ ਸ਼ਾਮਲ ਵਿਗਿਆਨੀ ਨੇ ਦਾਅਵਾ ਕੀਤਾ ਹੈ ਕਿ ਜੇਕਰ ਕਰੋਨਾ ਦੇ ਮੌਜੂਦਾ ਰੂਪ/ਕਿਸਮ ਤੋਂ ਵੱਧ ਘਾਤਕ ਕੋਈ ਹੋਰ ਕਿਸਮ ਸਤੰਬਰ ਤਕ ਸਾਹਮਣੇ ਆਉਂਦੀ ਹੈ ਤਾਂ ਅਕਤੂਬਰ ਤੋਂ ਨਵੰਬਰ ਦਰਮਿਆਨ ਭਾਰਤ ਵਿੱਚ ਕੋਵਿਡ-19 ਦੀ ਤੀਜੀ ਲਹਿਰ ਦੀ ਸਿਖਰ ਵੇਖਣ ਨੂੰ ਮਿਲ ਸਕਦੀ ਹੈ। ਆਈਆਈਟੀ ਕਾਨਪੁਰ ਦੇ ਵਿਗਿਆਨੀ ਮਨਿੰਦਰ ਅਗਰਵਾਲ, ਜੋ ਕਰੋਨਾ ਦੀ ਲਾਗ ਦੇ ਕੇਸਾਂ ਵਿੱਚ ਉਛਾਲ ਨੂੰ ਲੈ ਕੇ ਪੇਸ਼ੀਨਗੋਈ ਕਰਨ ਵਾਲੀ ਤਿੰਨ ਮੈਂਬਰੀ ਮਾਹਿਰਾਂ ਦੀ ਕਮੇਟੀ ਵਿੱਚ ਸ਼ਾਮਲ ਹੈ, ਨੇ ਕਿਹਾ ਕਿ ਜੇ ਕੋਈ ਨਵੀਂ ਘਾਤਕ ਕਿਸਮ ਸਾਹਮਣੇ ਨਾ ਆਈ ਤਾਂ ਹਾਲਾਤ ਵਿੱਚ ਵੱਡੇ ਫੇਰਬਦਲ ਦੇ ਕੋਈ ਆਸਾਰ ਨਹੀਂ ਹੋਣਗੇ। ਤੀਜੀ ਲਹਿਰ ਦੇ ਆਪਣੀ ਸਿਖਰ ’ਤੇ ਰਹਿਣ ਮੌਕੇ ਮੁਲਕ ਵਿੱਚ ਰੋਜ਼ਾਨਾ ਇਕ ਲੱਖ ਕੇਸ ਰਿਪੋਰਟ ਹੋ ਸਕਦੇ ਹਨ ਜਦੋਂਕਿ ਮਈ ਵਿਚ ਦੂਜੀ ਲਹਿਰ ਦੀ ਸਿਖਰ ਮੌਕੇ ਰੋਜ਼ਾਨਾ 4 ਲੱਖ ਦੇ ਕਰੀਬ ਕੇਸ ਰਿਪੋਰਟ ਹੁੰਦੇ ਸਨ।