ਰੋਜ਼ ਡਰਦੀ, ਖ਼ੁਦ ਨਾਲ ਲੜਦੀ ਫੇਰ ਜਿੱਤਦੀ ਹੋਈ ਇਕ ਇਨਕਲਾਬੀ ਦੀ ਮਾਂ…

ਅਨੁਵਾਦ – ਕਮਲ ਦੁਸਾਂਝ
ਹਿੰਦੁਸਤਾਨ ਵਿਚ ਮਾਵਾਂ ਦੇ ਬੜੇ ਕਿੱਸੇ ਹਨ, ਕਈ ਗੱਲਾਂ ਹਨ। ਮਾਂ ਦਾ ਆਸ਼ੀਰਵਾਦ, ਮਾਂ ਦਾ ਪਿਆਰ ਅਤੇ ਦੁਲਾਰ, ਮਾਂ ਦੀ ਚੱਪਲ, ਮਾਂ ਦੇ ਪੈਰਾਂ ਹੇਠ ਜੰਨਤ। ਮਾਂ ਔਰਤ ਹੈ ਪਰ ਔਰਤ ਨਹੀਂ ਹੈ। ਮਾਂ ਜਾਦੂਮਈ ਕ੍ਰਿਸ਼ਮਾ ਹੈ। ਮਾਂ ਕੋਈ ਅਸਮਾਨੀ ਮੋਜਿਜ਼ਾ (ਅਲੌਕਿਕ ਚਮਤਕਾਰ) ਹੈ।
ਸਾਡੇ ਸਾਰਿਆਂ ਦੇ ਦੁਨੀਆ ਵਿਚ ਹੋਣ ਦਾ ਕਾਰਨ ਇਕ ਮਾਂ ਹੀ ਹੈ। ਮੇਰੀ ਵੀ ਅਤੇ ਤੁਹਾਡੀ ਵੀ। ਉਮਰ ਖਾਲਿਦ ਦੀ ਵੀ ਮਾਂ ਹੈ। ਮੈਂ ਆਪਣੀਆਂ ਅੱਖਾਂ ਨਾਲ ਦੇਖ ਕੇ ਆਇਆ ਹਾਂ, ਮਿਲ ਕੇ ਆਇਆ ਹਾਂ। ਪਰ ਮਿਲਣ ‘ਤੇ ਥੋੜ੍ਹਾ ਉਦਾਸ ਹੋਇਆ।
ਇਹ ਕਿਹੋ ਜਿਹੀ ਮਾਂ ਹੈ ਜੋ ਸਾਨੂੰ ਦੋਸਤਾਂ ਨੂੰ ਕਹਿ ਰਹੀ ਸੀ, ‘ਜਦੋਂ ਉਮਰ ਬਾਹਰ ਆਏ ਤਾਂ ਉਸ ਨੂੰ ਕਹਿਣਾ, ‘ਹਿੰਦੁਸਤਾਨ ਛੱਡ ਕੇ ਚਲਾ ਜਾਵੇ, ਨਹੀਂ ਤਾਂ ਫੇਰ ਉਸ ਨੂੰ ਕਿਸੇ ਝੂਠੇ ਕੇਸ ਵਿਚ ਫਸਾ ਦਿੱਤਾ ਜਾਵੇਗਾ… ਸੜਕ ‘ਤੇ ਕੋਈ ਲੜ ਰਿਹਾ ਹੁੰਦਾ ਹੈ ਤਾਂ ਭੱਜ ਕੇ ਪਹੁੰਚ ਜਾਂਦਾ ਹੈ, ਲੜਾਈ ਰੋਕਣ ਲਈ। ਖ਼ੂਨ-ਖਰਾਬੇ ਅਤੇ ਲੜਾਈ ਝਗੜੇ ਤੋਂ ਉਸ ਨੂੰ ਬਹੁਤ ਨਫ਼ਤਰ ਹੈ ਕਿ ਖ਼ੁਦ ਨੂੰ ਮੁਸੀਬਤ ਵਿਚ ਪਾ ਦਿੰਦਾ ਹੈ। ਦੱਸੋ, ਉਹ ਕਰਵਾਏਗਾ ਦੰਗੇ? ਜੋ ਸੜਕ ‘ਤੇ ਲੋਕਾਂ ਨੂੰ ਲੜਨ ਨਹੀਂ ਦਿੰਦਾ, ਸਮਝੌਤਾ ਕਰਵਾਉਣ ਪਹੁੰਚ ਜਾਂਦਾ ਹੈ?
ਅਸੀਂ ਸਾਰੇ ਚੁੱਪ-ਚਾਪ ਬੈਠੇ ਰਹੇ। ਨਾ ਸਾਡੇ ਕੋਲ ਕੋਈ ਜਵਾਬ ਸੀ ਨਾ ਕੋਈ ਉਪਾਅ। ਅਤੇ ਅਜਿਹੀਆਂ ਸਥਿਤੀਆਂ ਵਿਚ ਚੁੱਪ ਰਹਿਣਾ ਹੀ ਮੁਨਾਸਿਬ ਹੁੰਦਾ ਹੈ। ਕਿ ਅਜੀਬ-ਜਿਹੀ ਖਾਮੋਸ਼ੀ ਸੀ, ਉਮਰ ਦੇ ਵਾਲਿਦ (ਪਿਤਾ) ਵੀ ਉਥੇ ਸਨ। ਉਹ ਕਾਫ਼ੀ ਦੇਰ ਤੋਂ ਵਾਲਿਦ ਦਾ ਰੋਲ ਅਦਾ ਕਰ ਰਹੇ ਸਨ। ਇਕ ਇਨਕਲਾਬੀ ਦਾ ਬਾਪ ਹੋਣਾ ਵੱਡਾ ਕੰਮ ਹੈ, ਆਪਣੇ ਅਸਲੀ ਜਜ਼ਬਾਤ ਦਬਾਉਣੇ ਪੈਂਦੇ ਹਨ, ਖੂਨ ਦੇ ਘੁੱਟ ਪੀਣੇ ਪੈਂਦੇ ਹਨ ਕਿ ਕਿਸੇ ਨੂੰ ਪਤਾ ਨਾ ਚੱਲ ਜਾਵੇ।
ਸਾਨੂੰ ਲੱਗਾ ਕਿ ਉਹ ਕੁਝ ਉਮਰ ਦੀ ਅੰਮਾ ਨੂੰ ਹੌਸਲਾ ਦੇਣਗੇ। ਕੁਝ ਅਜਿਹੀਆਂ ਗੱਲਾਂ ਕਹਿਣਗੇ ਕਿ ਜ਼ਿੰਮੇਵਾਰੀ ਸਾਡੇ ਮੋਢਿਆਂ ਤੋਂ ਹਟੇਗੀ। ਉਨ੍ਹਾਂ 5-6 ਸੈਕੰਡ ਕੁਝ ਨਾ ਕਿਹਾ। ਸ਼ਾਇਦ ਵਾਲਿਦ ਸਾਹਿਬ ਦੀ ਵੀ ਹਿੰਮਤ ਨਹੀਂ ਸੀ, ਜਾਂ ਸ਼ਾਇਦ ਉਨ੍ਹਾਂ ਕੋਲ ਵੀ ਕੋਈ ਜਵਾਬ ਨਹੀਂ ਸੀ।
ਜਦੋਂ ਕੋਈ ਕੁਝ ਨਾ ਬੋਲਿਆ, ਜਾਂ ਇਹ ਕਹਾਂ ਕਿ ਕੁਝ ਨਾ ਬੋਲਿਆ ਜਾ ਸਕਿਆ, ਤਾਂ ਉਹ ਖੁਦ ਬੋਲੀ, ‘ਮੈਂ ਏਅਰਪੋਰਟ ‘ਤੇ ਸੀ, ਜਦੋਂ ਉਮਰ ਦੀ ਖ਼ਬਰ ਆਈ ਕਿ ਕਿਸੇ ਨੇ ਉਸ ‘ਤੇ ਗੋਲੀ ਚਲਾਈ ਹੈ। ਹਿੰਦੀ ਨਿਊਜ਼ ਚੈਨਲ ‘ਤੇ ਉਹ ਨੰਬਰ ਤੋਂ ਖ਼ਬਰਾਂ ਚੱਲਦੀਆਂ ਨੇ ਨਾ, ਉਸ ਵਿਚ ਨੰਬਰ ਇਕ ‘ਤੇ ਉਮਰ ਦੀ ਖ਼ਬਰ ਸੀ। ਮੈਂ ਇਸ ਕਦਰ ਬੇਚੈਨ ਹੋਈ ਕਿ ਟੀਵੀ ਸਾਹਮਣੇ ਜਾ ਕੇ ਬੈਠ ਗਈ। ਅਤੇ ਉਥੇ ਹੀ ਹਿਜਾਬ (ਬੁਰਕੇ) ਅੰਦਰ ਹੁਬਕੀ-ਹੁਬਕੀ ਰੋਣ ਲੱਗੀ। ਹੰਝੂ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸਨ। ਫੇਰ ਕੁਝ ਦੇਰ ਬਾਅਦ ਪਤਾ ਚੱਲਿਆ ਕਿ ਪਿਸਤੌਲ ਜਾਮ ਹੋ ਗਈ ਸੀ, ਗੋਲੀ ਚੱਲੀ ਨਹੀਂ, ਉਮਰ ਠੀਕ-ਠੀਕ ਹੈ। ਤਾਂ ਕਿਤੇ ਜਾ ਕੇ ਜਾਨ ਵਿਚ ਜਾਨ ਆਈ। ਬਾਅਦ ਵਿਚ ਜਦੋਂ ਉਮਰ ਨੂੰ ਮੈਂ ਇਹ ਗੱਲ ਦੱਸੀ ਤਾਂ ਕਹਿੰਦਾ- ਅੰਮਾ, ਇਵੇਂ ਜਨਤਕ ਤੌਰ ‘ਤੇ ਬੁਰਕੇ ਵਿਚ ਨਾ ਰੋਇਆ ਕਰੋ, ਲੋਕ ਤਿੰਨ ਤਲਾਕ ਦੀ ਤੌਹਮਤ ਲਗਾ ਦੇਣਗੇ।- ਦੇਖੋ ਕੰਬਖ਼ਤ, ਹਰ ਵਕਤ ਮਜ਼ਾਕ ਕਰਦਾ ਹੈ।’
ਅਸੀਂ ਵੀ ਜ਼ੋਰ-ਜ਼ੋਰ ਦੀ ਹੱਸ ਪਏ। ਸਾਨੂੰ ਸਾਰਿਆਂ ਨੂੰ ਲੱਗਾ, ਬਚ ਗਏ ਕਿਉਂਕਿ ਉਨ੍ਹਾਂ ਦੇ ਪਹਿਲੇ ਸਵਾਲ ਦਾ ਜਵਾਬ ਸਾਡੇ ਕੋਲ ਨਹੀਂ ਸੀ। ਹਾਲੇ ਕੁਝ ਵਰ੍ਹੇ ਪਹਿਲਾਂ ਆਮਿਰ ਖਾਨ ਨੇ ਵੀ ਕੁਝ ਅਜਿਹਾ ਹੀ ਸਵਾਲ ਕੀਤਾ ਸੀ ਕਿ ‘ਉਨ੍ਹਾਂ ਦੀ ਪਤਨੀ (ਕਿਰਨ) ਨੂੰ ਵੀ ਇੱਥੇ ਡਰ ਲੱਗਣ ਲੱਗਾ ਹੈ।’ ਅਤੇ ਲੋਕਾਂ ਨੇ ਫੇਰ ਉਨ੍ਹਾਂ ਨੂੰ ਏਨਾ ਡਰਾ ਦਿੱਤਾ ਕਿ ਉਨ੍ਹਾਂ ਦਾ ਬੋਲਣਾ ਅਤੇ ਡਰ ਦੋਵੇਂ ਖ਼ਤਮ ਹੋ ਗਏ।
ਹੁਣ ਜੇਕਰ ਉਮਰ ਖਾਲਿਦ ਦੀ ਮਾਂ ਸਾਨੂੰ ਇਹ ਕਹਿੰਦੀ ਹੈ ਕਿ ਉਮਰ ਨੂੰ ਹਿੰਦੁਸਤਾਨ ਛੱਡ ਦੇਣਾ ਚਾਹੀਦਾ ਹੈ ਤਾਂ ਕਾਫ਼ੀ ਲੋਕ ਇਹ ਕਹਿਣਗੇ ਕਿ ਉਸ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ। ਜਾਂ ਸ਼ਾਇਦ ਅੱਜ ਕੱਲ੍ਹ ਅਫ਼ਗਾਨਿਸਤਾਨ ਜ਼ਿਆਦਾ ਚਲਣ ਵਿਚ ਹੈ।
ਪਰ ਗੱਲ ਤਾਂ ਸਹੀ ਹੈ। ਹੁਣ ਇੰਦੌਰ ਦੇ ਕਿੱਸੇ ਨੂੰ ਹੀ ਲੈ ਲਓ। ਇਕ ਚੂੜੀਵਾਲੇ ਨੂੰ ਸਿਰਫ਼ ਤੇ ਸਿਰਫ਼ ਇਸ ਲਈ ਮਾਰਿਆ ਜਾਂਦਾ ਹੈ ਕਿ ਉਹ ਮੁਸਲਮਾਨ ਹੈ। ਫੇਰ ਜਦੋਂ ਮੁਸਲਮਾਨਾਂ ਦੀ ਭੀੜ ਇਸ ਗੱਲ ‘ਤੇ ਆਪਣਾ ਵਿਰੋਧ ਦਰਜ ਕਰਵਾਉਣ ਥਾਣੇ ਜਾਂਦੀ ਹੈ, ਤਾਂ ਉਨ੍ਹਾਂ ਵਿਚੋਂ ਕੁਝ ‘ਤੇ ਗੰਭੀਰ ਦੋਸ਼ਾਂ ਤਹਿਤ ਕੇਸ ਕਰ ਦਿੱਤੇ ਜਾਂਦੇ ਹਨ। ਚੂੜੀਵਾਲੇ ਨੂੰ ਪਾਕਸੋ ਦੇ ਕੇਸ ਵਿਚ ਹਿਰਾਸਤ ਵਿਚ ਲਿਆ ਜਾਂਦਾ ਹੈ।
ਦੂਸਰੇ ਦਿਨ ਹਜ਼ਾਰਾਂ ਦੀ ਭੀੜ ਉਨ੍ਹਾਂ ਦੇ ਸਮਰਥਨ ਵਿਚ ਜਮ੍ਹਾ ਹੁੰਦੀ ਹੈ, ਜਿਨ੍ਹਾਂ ਨੇ ਉਸ ਚੂੜੀਵਾਲੇ ਨੂੰ ਮਾਰਿਆ। ਮਤਲਬ ਬਿਲਕੁਲ ਸਾਫ਼ ਹੈ, ਅਸੀਂ ਤੁਹਾਨੂੰ ਮਾਰਾਂਗੇ ਵੀ ਅਤੇ ਜੇਕਰ ਤੁਸੀਂ ਆਵਾਜ਼ ਵੀ ਕੱਢੀ ਤਾਂ ਤੁਹਾਨੂੰ ਅਤੇ ਤੁਹਾਡੇ ਸਾਰੇ ਹਮਾਇਤੀਆਂ ਨੂੰ ਜੇਲ੍ਹ ਵਿਚ ਸੁੱਟ ਦਿਆਂਗੇ।
ਹੁਣ ਅਜਿਹੇ ਹਾਲਾਤ ਵਿਚ ਜੇਕਰ ਉਮਰ ਖਾਲਿਦ ਦੀ ਮਾਂ ਚਾਹੁੰਦੀ ਹੈ ਕਿ ਉਹ ਦੇਸ਼ ਛੱਡ ਦੇਵੇ, ਤਾਂ ਕੀ ਗ਼ਲਤ ਕਹਿੰਦੀ ਹੈ।
ਪਰ ਹਾਲੇ ਕਹਾਣੀ ਵਿਚ ਟਵਿਸਟ ਹੈ, ਕਿਉਂਕਿ ਉਹ ਜੋ ਅੱਗੇ ਕਹਿੰਦੀ ਹੈ ਉਹ ਵੀ ਤੁਹਾਡੇ ਲਈ ਜਾਣਨਾ ਜ਼ਰੂਰੀ ਹੈ। ਉਹ ਕਹਿੰਦੀ ਹ ੈ, ‘ਪਰ ਉਹ ਬਾਹਰ ਜਾਏਗਾ ਕਿੱਥੇ? ਪਤਾ ਨਹੀਂ ਖ਼ੁਦਾ ਨੇ ਉਸ ਦੇ ਕੰਨ ਵਿਚ ਕੀ ਕਹਿ ਕੇ ਭੇਜਿਆ ਹੈ ਕਿ ਡਰਦਾ ਹੀ ਨਹੀਂ ਹੈ। ਹਿੰਮਤ ਹਾਰਨਾ ਤਾਂ ਜਿਵੇਂ ਉਸ ਨੇ ਸਿੱਖਿਆ ਹੀ ਨਹੀਂ ਹੈ। ਹੁਣ ਸਾਲ ਭਰ ਤੋਂ ਜੇਲ੍ਹ ਵਿਚ ਬੰਦ ਹੈ, ਪਰ ਹਮੇਸ਼ਾ ਮੈਨੂੰ ਕਹਿੰਦਾ ਹੈ, ‘ਇਹ ਕੰਧਾਂ ਹੀ ਤਾਂ ਹਨ, ਅਤੇ ਕੰਧਾਂ ਕਿੱਥੇ ਆਜ਼ਾਦ ਖ਼ਿਆਲਾਂ ਨੂੰ ਰੋਕ ਸਕੀਆਂ ਹਨ।’
ਸਾਨੂੰ ਅਹਿਸਾਸ ਹੁੰਦਾ ਹੈ ਕਿ ਸ਼ਾਇਦ ਉਹ ਸਾਡੇ ਨਾਲ ਗੱਲ ਹੀ ਨਹੀਂ ਕਰ ਰਹੀ ਹੈ। ਇਹ ਉਨ੍ਹਾਂ ਦਾ ਕੋਈ ਇਨਰ ਡਾਇਲਾਗ ਚੱਲ ਰਿਹਾ ਹੈ ਅਤੇ ਅਸੀਂ ਬੱਸ ਇੱਥੇ ਦਰਸ਼ਕ ਹਾਂ ਜੋ ਉਸ ਨੂੰ ਸੁਣ ਰਹੇ ਹਾਂ। ਫੇਰ ਉਹ ਕਹਿੰਦੀ ਹੈ, ‘ਕਰਨ ਦਿਓ ਜੋ ਕਰਨਾ ਹੈ ਉਨ੍ਹਾਂ ਲੋਕਾਂ ਨੂੰ। ਦੇਖਦੇ ਹਾਂ ਅਸੀਂ ਵੀ ਆਖ਼ਰ ਕਿੰਨਾ ਜ਼ੁਲਮ ਬਚਿਆ ਹੈ ਉਨ੍ਹਾਂ ਅੰਦਰ।’
ਫੇਰ ਮੁਸਕਰਾਉਂਦੀ ਹੈ, ‘ਹੁਣ ਤਾਂ ਮੈਂ ਵੀ ਬਦਲ ਗਈ ਹਾਂ। ਹਾਲੇ ਜੰਤਰ ਮੰਤਰ ‘ਤੇ ਕੋਈ ਰੈਲੀ ਸੀ। ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਕੀ ਮਸਲਾ ਹੈ, ਇਕ ਪੁਲੀਸ ਵਾਲਾ ਬਾਹਰ ਦਰਵਾਜ਼ੇ ‘ਤੇ ਆ ਕੇ ਖੜ੍ਹਾ ਹੋ ਗਿਆ। ਅਸੀਂ ਜਦੋਂ ਪੁੱਛਿਆ ਕਿ ਤੂੰ ਇੱਥੇ ਕੀ ਕਰ ਰਿਹਾ ਹੈਂ ਤਾਂ ਕਹਿੰਦਾ, ਹੁਕਮ ਹੈ ਕਿ ਤੁਹਾਨੂੰ ਸਾਰਿਆਂ ਨੂੰ ਉਸ ਰੈਲੀ ਵਿਚ ਜਾਣ ਤੋਂ ਰੋਕਿਆ ਜਾਵੇ। ਬਸ ਫੇਰ ਕੀ ਸੀ, ਮੈਂ ਉਲਟਾ ਜਵਾਬ ਦਿੱਤਾ ਕਿ ਵੈਸੇ ਤਾਂ ਮੈਨੂੰ ਪਤਾ ਨਹੀਂ ਹੈ ਕਿਹੜੀ ਰੈਲੀ ਹੈ, ਪਰ ਇਕ ਗੱਲ ਕੰਨ ਖੋਲ੍ਹ ਕੇ ਸੁਣ ਲੈ, ਜੇਕਰ ਮੈਂ ਜਾਣਾ ਹੋਇਆ ਤਾਂ ਕੋਈ ਤਾਕਤ ਮੈਨੂੰ ਇਥੋਂ ਜਾਣ ਤੋਂ ਨਹੀਂ ਰੋਕ ਸਕਦੀ। ਉਹ ਹੱਕਾ-ਬੱਕਾ ਖੜ੍ਹਾ ਮੇਰਾ ਮੂੰਹ ਦੇਖਦਾ ਰਹਿ ਗਿਆ.. ਹੁਣ ਮੈਂ ਵੀ ਬਦਲ ਗਈ ਹਾਂ…’
ਅਸੀਂ ਸਾਰੇ ਮੁਸਕਰਾਉਣ ਲੱਗੇ। ਇਹ ਅਸਲ ਵਿਚ ਇਕ ਇਨਕਲਾਬੀ ਦੀ ਮਾਂ ਦੇ ਖ਼ਿਆਲਾਂ ਦਾ ਸਫ਼ਰ ਸੀ, ਜਿਸ ਨੂੰ ਅੱਜ ਅਸੀਂ ਆਪਣੀਆਂ ਅੱਖਾਂ ਸਾਹਮਣੇ ਖੁੱਲ੍ਹਦੇ, ਪਲਟਦੇ, ਸੰਭਲਦੇ ਅਤੇ ਫੇਰ ਪਰਵਾਜ਼ ਹੁੰਦੇ ਦੇਖਿਆ।
ਸ਼ਾਇਦ ਸਾਰੇ ਇਨਕਲਾਬੀਆਂ ਦੀਆਂ ਮਾਵਾਂ ਇਵੇਂ ਦੀਆਂ ਹੀ ਹੁੰਦੀਆਂ ਹਨ। ਡਰਦੀਆਂ ਵੀ ਹੋਣਗੀਆਂ। ਖ਼ੁਦ ਨਾਲ ਲੜਦੀਆਂ ਵੀ ਹੋਣਗੀਆਂ, ਖ਼ੁਦ ਤੋਂ ਜਿੱਤਦੀਆਂ ਵੀ ਹੋਣਗੀਆਂ। ਰੋਜ਼ ਸਵੇਰੇ-ਸ਼ਾਮ ਬੱਸ ਇਹੀ ਕਰਦੀਆਂ ਹੋਣਗੀਆਂ।
ਮੁਲਕ ਦਾ ਹਾਲ ਤੁਹਾਡੇ ਸਾਹਮਣੇ ਹੈ, ਮੈਂ ਉਸ ‘ਤੇ ਇੱਥੇ ਕੋਈ ਗਿਆਨ ਨਹੀਂ ਦਿਆਂਗਾ। ਪਰ ਇਕ ਗੱਲ ਜ਼ਰੂਰ ਹੈ, ਉਮਰ ਖਾਲਿਦ ਦੀ ਮਾਂ ਵਰਗੀਆਂ ਕਈ ਮਾਵਾਂ ਅੱਜ ਹਿੰਦੁਸਤਾਨ ਵਿਚ ਹਨ।
ਤੁਹਾਡੇ ਜ਼ਹਿਨ ਸ਼ਾਇਦ ਦਾਲ-ਰੋਟੀ ਦੀ ਜੱਦੋ-ਜਹਿਦ ਵਿਚ ਉਲਝੇ ਹਨ। ਸੋਚਿਆ, ਜੋ ਲੋਕ ਤੁਹਾਡੀ ਦਾਲ-ਰੋਟੀ ਲਈ ਲੜ ਰਹੇ ਹਨ, ਤੁਹਾਨੂੰ ਦੱਸ ਦਿਆਂ, ਉਨ੍ਹਾਂ ਦੇ ਘਰਾਂ ਵਿਚ ਵੀ ਲੋਕ ਸਵੇਰੇ-ਸ਼ਾਮ ਆਪਣੇ ਡਰਾਂ, ਬੇਚੈਨੀਆਂ, ਆਪਣੀ ਵੇਚਾਰਗੀ ਨਾਲ ਵੀ ਲੜ ਰਹੇ ਹਨ। ਇਹ ਲੜਾਈ ਹਰ ਚੌਕ ‘ਤੇ, ਹਰ ਗਲੀ ਵਿਚ ਜਾਰੀ ਹੈ ਅਤੇ ਸਾਨੂੰ ਸਾਰਿਆਂ ਨੂੰ ਦੱਸਿਆ ਗਿਆ ਸੀ :
ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ,
ਹਮ ਬੁਲਬੁਲੇਂ ਹੈ ਇਸਕੀ, ਯੇ ਗੁਲਸਿਤਾਂ ਹਮਾਰਾ…
ਯੇ ਗੁਲਸਿਤਾਂ ਹਮਾਰਾ, ਹੁੰਹ!
(ਦਾਰਾਬ ਫਾਰੂਕੀ ਪਟਕਥਾ ਲੇਖਕ ਹਨ ਅਤੇ ਫ਼ਿਲਮ ‘ਡੇਢ ਇਸ਼ਕੀਆ’ ਦੀ ਕਹਾਣੀ ਲਿਖ ਚੁੱਕੇ ਹਨ)
‘ਦ ਵਾਇਰ’ ਵਿੱਚੋਂ ਧੰਨਵਾਦ ਸਹਿਤ