ਮਾਲੜੀ ਦੇ ਨਾਵਲ ‘ਅਸੀਂ ਨੀ ਜਾਣਾ ਪਾਤਾਲ ਲੋਕ’ ‘ਤੇ ਵਿਚਾਰ-ਚਰਚਾ

ਜਲੰਧਰ : ਹਰਮੇਸ਼ ਮਾਲੜੀ ਦੇ ਨਾਵਲ ‘ਅਸੀਂ ਨੀ ਜਾਣਾ ਪਾਤਾਲ ਲੋਕ’ ‘ਤੇ ਹੋਈ ਵਿਚਾਰ-ਚਰਚਾ ਵਿੱਚ ਸਮਾਜ ਅੰਦਰ ਜਾਤੀ, ਜਮਾਤੀ ਪਾੜੇ, ਦਾਬੇ, ਅਨਿਆ ਅਤੇ ਜਬਰ ਸਿਤਮ ਦੇ ਸੰਤਾਪ ਅਤੇ ਇਸ ਖ਼ਿਲਾਫ਼ ਪਨਪਦੇ ਰੋਹ, ਵਿਦਰੋਹ ਦੀ ਮਾਰਮਕ ਪੇਸ਼ਕਾਰੀ ਦੇ ਗੁੰਦਵੇਂ ਵਰਤਾਰਿਆਂ ਨੂੰ ਮਰਕਜ਼ ਵਿੱਚ ਰੱਖਿਆ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਵਿਚਾਰ-ਚਰਚਾ ਦੇ ਮੁੱਖ ਵਕਤਾ ਪ੍ਰੋ.ਮਨਪ੍ਰੀਤ ਜਸ, ਭਗਵੰਤ ਰਸੂਲਪੁਰੀ ਅਤੇ ਦੇਸ ਰਾਜ ਕਾਲੀ ਮੰਚ ‘ਤੇ ਸਸ਼ੋਭਤ ਸਨ।
ਅੰਮ੍ਰਿਤਪਾਲ ਬਠਿੰਡਾ ਦੇ ਗੀਤ ਉਪਰੰਤ ਨਾਵਲ ‘ਤੇ ਹੋਈ ਵਿਚਾਰ-ਚਰਚਾ ਵਿੱਚ ਬੋਲਦਿਆਂ ਪ੍ਰੋ.ਮਨਪ੍ਰੀਤ ਜਸ ਨੇ ਕਿਹਾ ਕਿ ਨਾਵਲ ਦੀ ਅਸਲ ਵਿੱਚ ਮੁੱਖ ਪਾਤਰ ਮਿੰਦੋ ਹੈ ਜਿਹੜੀ ਜਾਤ-ਪਾਤੀ ਅਤੇ ਜਮਾਤੀ ਕੋਹਲੂ ਵਿੱਚ ਪੀੜੀ ਜਾਂਦੀ ਅਖੀਰ ਨਾਬਰ ਹੋ ਕੇ ਨਵੀਂ ਜ਼ਿੰਦਗੀ ਦਾ ਰਾਹ ਚੁਣਦੀ ਹੈ।
ਪ੍ਰੋ. ਜਸ ਨੇ ਕਿਹਾ ਕਿ ਸਾਡੇ ਸਮਿਆਂ ਦੀ ਵਿਆਪਕ ਅਤੇ ਤਿੱਖੀ ਤ੍ਰਾਸਦੀ ਨੂੰ ਨਾਵਲ ਫੜਨ ਦਾ ਯਤਨ ਕਰਦਾ ਹੈ ਜਿਹੜੀ ਇਹ ਦਰਸਾਉਂਦੀ ਹੈ ਕਿ ਹਨੇਰੀ ਲੰਮੀ ਗੁਫ਼ਾ ਵਰਗੀ ਜ਼ਿੰਦਗੀ ਭੋਗਦੀ ਬਹੁ-ਪਰਤੀ ਦਲਿਤ ਸ਼ੇ੍ਰਣੀ ਵਕਤ ਦੀਆਂ ਚਪੇੜਾਂ ਖਾਣ ਦੀ ਬਜਾਏ ਆਪਣੀ ਕਿਰਤ ਲਈ ਮਾਣ-ਮੱਤਾ ਸਥਾਨ ਹਾਸਲ ਕਰਨਾ ਲੋਚਦੀ ਹੋਈ ਵੀ ਕਿਹੋ ਜਿਹੇ ਬੈਰੀਕੇਡ ਉੱਤੇ ਘਿਰੀ ਖੜ੍ਹੀ ਹੈ। ਡੇਰਿਆਂ ਤੋਂ ਦੀਕਸ਼ਾ ਦੀ ਆਸ ਰੱਖਦੀ ਭਟਕਣ ਹੰਢਾ ਰਿਹਾ ਮਿਹਨਤਕਸ਼ ਆਵਾਮ, ਨਾਵਲ ਵਿੱਚ ਆਪਣੇ ਮਨ ਦੀ ਬਾਤ ਪਾਉਂਦਾ ਨਜ਼ਰ ਆਉਂਦਾ ਹੈ।
ਭਗਵੰਤ ਰਸੂਲਪੁਰੀ ਨੇ ਕਿਹਾ ਕਿ ਹਰਮੇਸ਼ ਮਾਲੜੀ ਨੇ ਆਪਣੇ ਨਾਵਲ ਵਿੱਚ ਪਰੰਪਰਾਵਾਂ ਤੋਂ ਹਟਕੇ ਨਵੀਆਂ ਅਤੇ ਖੂਬਸੂਰਤ ਗੱਲਾਂ ਕੀਤੀਆਂ ਹਨ। ਨਾਵਲ ਵਿੱਚ ਪ੍ਰਤਿਭਾਵਾਨ ਪਾਤਰਾਂ ਰਾਹੀਂ ਦੁਆਬੇ ਵਿੱਚ ਵਸਦੀ ਵਿਸ਼ੇਸ਼ ਸ਼ੇ੍ਰਣੀ ਦੀ ਹਿਰਦੇਵੇਦਕ ਕਹਾਣੀ ਨੂੰ ਰੂਪਮਾਨ ਕੀਤਾ ਹੈ।
ਦੇਸ਼ ਰਾਜ ਕਾਲੀ ਨੇ ਕਿਹਾ ਕਿ ਦਲਿਤ ਰੋਹ ਦੀ ਮੁੱਲਵਾਨ ਅਤੇ ਨਿਵੇਕਲੀ ਦਾਸਤਾਂ ਹੈ; ‘ਅਸੀਂ ਨਹੀਂ ਜਾਣਾ ਪਾਤਾਲ ਲੋਕ’।
ਉੱਘੇ ਕਹਾਣੀਕਾਰ ਅਤਰਜੀਤ, ਜਸਪਾਲ ਮਾਨਖੇੜਾ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਮੰਗਤ ਰਾਮ ਪਾਸਲਾ, ਸੁਰਿੰਦਰ ਕੁਮਾਰੀ ਕੋਛੜ, ਰਮੇਸ਼ ਚੋਹਕਾ, ਡਾ. ਸੈਲੇਸ਼, ਨਾਵਲਕਾਰ ਜਸਵਿੰਦਰ ਜਸ ਹੋਰਾਂ ਨੇ ਨਾਵਲ ਦੇ ਅਨੇਕਾਂ ਪੱਖਾਂ ‘ਤੇ ਚਰਚਾ ਕਰਦਿਆਂ ਕਿਹਾ ਕਿ ਸਮਾਜਕ ਯਥਾਰਥ ਨੂੰ ਬਾਰੀਕੀ ਅਤੇ ਗਹਿਰਾਈ ਨਾਲ ਫੜਦਿਆਂ ਹਰਮੇਸ਼ ਮਾਲੜੀ ਨੇ ਸਮਾਜ ਦੇ ਅਦਿਖ ਵਰਤਾਰੇ ਰੌਸ਼ਨੀ ਵਿੱਚ ਲਿਆਂਦੇ ਹਨ।
ਵਿਚਾਰ-ਚਰਚਾ ‘ਤੇ ਸਮੇਟਵੀਂ ਟਿੱਪਣੀ ਕਰਦਿਆਂ ਡਾ. ਪਰਮਿੰਦਰ ਨੇ ਕਿਹਾ ਕਿ ਪੇਂਡੂ ਅਰਥਚਾਰੇ, ਸਮਾਜਕ/ਸਭਿਆਚਾਰਕ ਬਣਤਰ ਉਪਰ ਮਜ਼ਬੂਤ ਪਕੜ ਦਾ ਸਬੂਤ ਦਿੰਦੇ ਹੋਏ ਸਮਾਜ ਦੇ ਦਰੜੇ ਇੱਕ ਵਿਸ਼ੇਸ਼ ਤਬਕੇ ਦੀ ਪੀੜ ਅਤੇ ਵਿਦਰੋਹ ਦੀ ਨਾਲ-ਨਾਲ ਤੁਰਦੀ ਦਾਸਤਾਂ ਨੂੰ ਨਾਵਲ ਅੰਦਰ ਬਾਖ਼ੂਬੀ ਬਿਆਨ ਕੀਤਾ ਹੈ। ਉਹਨਾਂ ਸੁਝਾਅ ਦਿੱਤਾ ਕਿ ਮਾਲੜੀ ਦੀ ਜਿੰਨੀ ਮਜ਼ਬੂਤ ਪਕੜ ਕਹਾਣੀ ਸੰਗ੍ਰਹਿ ਦੀ ਸਿਰਜਣਾ ਵਿੱਚ ਸਾਹਮਣੇ ਆਈ ਹੈ, ਉਥੇ ਨਾਵਲ ਸ਼ਿਲਪਕਾਰੀ ਲਈ ਉਚੇਰੀ ਪਰਵਾਜ਼ ਦੀ ਮਿਹਨਤ ਸੰਗ ਉਮੀਦ ਬੱਝਦੀ ਹੈ। ਹਰਮੇਸ਼ ਮਾਲੜੀ ਨੇ ਨਾਵਲ ਸਬੰਧੀ ਹੋਈ ਵਿਚਾਰ-ਚਰਚਾ ਨੂੰ ਉਸਾਰੂ ਦ੍ਰਿਸ਼ਟੀ ਤੋਂ ਲੈਦਿਆਂ ਸਭਨਾਂ ਦਾ ਹਾਰਦਿਕ ਸੁਆਗਤ ਅਤੇ ਧੰਨਵਾਦ ਕੀਤਾ।
ਅਖੀਰ ਵਿੱਚ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਹਰਮੇਸ਼ ਮਾਲੜੀ ਨੂੰ ਕਮੇਟੀ ਵੱਲੋਂ ਮੁਬਾਰਕ ਦਿੰਦੇ ਹੋਏ ਕਿਹਾ ਕਿ ਦਲਿਤ ਵਰਗ ਅੰਦਰ ਚੇਤਨਾ ਦੇ ਚਾਨਣ ਦਾ ਛੱਟਾ ਦੇੇਣ ਲਈ ਸਾਹਿਤਕ ਪਿੜ੍ਹ ਅੰਦਰ ਵੀ ਮਾਲੜੀ ਓਨੀ ਸਿੱਦਤ ਨਾਲ ਹੀ ਕੰਮ ਕਰ ਰਿਹਾ ਹੈ ਜਿੰਨੀ ਸਿੱਦਤ ਨਾਲ ਉਹ ਮਿਹਨਤਕਸ਼ ਲੋਕਾਂ ਦੀ ਮੁਕਤੀ ਲਈ ਸੰਘਰਸ਼ ਦੇ ਪਿੜ ਵਿੱਚ ਸਰਗਰਮ ਹੈ।