ਸੱਦਾਮ ਦੁਨੀਆ ਲਈ ਕੋਈ ਖ਼ਤਰਾ ਨਹੀਂ ਸੀ : ਚਿੱਲਕਾਟ, ਜਾਂਚ ਰਿਪੋਰਟ ਅਨੁਸਾਰ-ਟੋਨੀ ਬਲੇਅਰ ਸਥਿਤੀਆਂ ਦੀ ਭਿਆਨਕਤਾ ਤੋਂ ਕੋਰਾ ਸੀ ਤੇ ਸਰਕਾਰ ਨੇ ਮਾੜੇ ਸਿੱਟਿਆਂ ਬਾਰੇ ਵਿਚਾਰਿਆ ਤਕ ਨਹੀਂ

ਲੰਡਨ : ਬਰਤਾਨੀਆ ਦੀ ਇਰਾਕ ਯੁੱਧ ਬਾਰੇ ਜਾਂਚ ਕਮੇਟੀ ਸਰ ਜਾਨ ਚਿੱਲਕਾਟ ਨੇ ਚਿਰਾਂ ਤੋਂ ਉਡੀਕੀ ਜਾ ਰਹੀ ਆਪਣੀ ਰਿਪੋਰਟ ਵਿਚ ਸਿੱਟਾ ਕੱਢਿਆ ਹੈ ਕਿ ਉਸ ਵੇਲੇ ਦੇ ਬਰਤਾਨਵੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਦੇ ਇਰਾਕ ਨਾਲ ਯੁੱਧ ਦੇ ਲਏ ਗਏ ਕਾਨੂੰਨੀ ਦਾਅਪੇਚ ‘ਸੰਤੁਸ਼ਟੀ ਤੋਂ ਕੋਹਾਂ ਦੂਰ’ ਹਨ।
ਦੱਸਣਯੋਗ ਹੈ ਕਿ ਬਰਤਾਨੀਆ ਦੀ ਸੰਸਦ ਵਿਚ ਸਰ ਜਾਨ ਚਿੱਲਕਾਟ ਨੇ 6000 ਪੰਨਿਆ ਦੀ ਜਾਂਚ ਰਿਪੋਰਟ ਤਿਆਰ ਕੀਤੀ ਹੈ। ਇਸ ਵਿਚ 26 ਲੱਖ ਸ਼ਬਦਾਂ ਵਿਚ ਉਸ ਸਮੇਂ ਦੀ ਭਿਆਨਕਤਾ ਨੂੰ ਪੇਸ਼ ਕੀਤਾ ਗਿਆ ਹੈ। ਇਸ ਰਿਪੋਰਟ ਦਾ ਨਾਂ ਹੈ ‘ਦ ਇਰਾਕ ਇਨਕੁਆਇਰੀ’। ਸਰ ਚਿੱਲਕਾਟ ਨੂੰ 2001 ਤੋਂ 2009 ਦਰਮਿਆਨ ਇਰਾਕ ਨੂੰ ਲੈ ਕੇ ਬਰਤਾਨਵੀ ਨੀਤੀਆਂ ਦਾ ਅਧਿਐਨ ਕਰਨ ਲਈ ਕਿਹਾ ਗਿਆ ਸੀ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ 2003 ਵਿਚ ਇਰਾਕ ‘ਤੇ ਹਮਲਾ ਕਰਨਾ ਸਹੀ ਤੇ ਜ਼ਰੂਰੀ ਸੀ। ਇਹ ਸਵਾਲ ਇਸ ਲਈ ਉਠ ਰਹੇ ਸਨ ਕਿਉਂਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬਰਤਾਨੀਆ ਪਹਿਲੀ ਵਾਰ ਕਿਸੇ ਮੁਲਕ ‘ਤੇ ਹਮਲਾ ਕਰਨ, ਕਬਜ਼ਾ ਕਰਨ ਦੇ ਯੁੱਧ ਵਿਚ ਸ਼ਾਮਲ ਹੋਇਆ ਸੀ। ਸਰ ਚਿੱਲਕਾਟ ਦੀ ਰਿਪੋਰਟ ਇਸ ਸਿੱਟੇ ‘ਤੇ ਪੁੱਜੀ ਹੈ ਕਿ ਬਰਤਾਨੀਆ ਨੇ ਯੁੱਧ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਸ਼ਾਂਤੀਪੂਰਨ ਬਦਲਾਵਾਂ ਦੀ ਚੋਣ ਨਹੀਂ ਕੀਤੀ। ਉਸ ਵੇਲੇ ਫ਼ੌਜੀ ਕਾਰਵਾਈ ਆਖ਼ਰੀ ਬਦਲ ਨਹੀਂ ਸੀ।
ਬੇਲੋੜੀ ਯੋਜਨਾ :
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਰਾਕ ਵਲੋਂ ਹਥਿਆਰਾਂ ਦੇ ਜ਼ੋਰ ਨਾਲ ਮਨੁੱਖਤਾ ਦੀ ਤਬਾਹੀ ਦਾ ਖ਼ਤਰਾ ਹੈ, ਪੂਰੀ ਤਰ੍ਹਾਂ ਤਰਕ ਸੰਗਤ ਨਹੀਂ ਸੀ। ਦੂਜਾ, ਚਿਤਾਵਨੀਆਂ ਦੇ ਬਾਵਜੂਦ ਮਿਸਟਰ ਬਲੇਅਰ ਨੇ ਇਸ ਯੁੱਧ ਦੇ ਨਿਕਲਣ ਵਾਲੇ ਭਿਆਨਕ ਸਿੱਟਿਆਂ ਨੂੰ ਨਜ਼ਰਅੰਦਾਜ਼ ਕੀਤਾ। ਉਸ ਨੇ ਇਹ ਅੰਦਾਜ਼ਾ ਹੀ ਨਹੀਂ ਲਾਇਆ ਕਿ ਯੁੱਧ ਤੋਂ ਬਾਅਦ ਹਾਲਾਤ ਕਿਹੋ ਜਿਹੇ ਹੋਣਗੇ। ਤੀਜਾ, ਸੱਦਾਮ ਤੋਂ ਬਾਅਦ ਸਥਿਤੀਆਂ ਕਿਹੋ ਜਿਹੀਆਂ ਹੋਣਗੀਆਂ, ਇਸ ਦੀ ਕੋਈ ਯੋਜਨਾ ਨਹੀਂ ਘੜੀ ਗਈ ਤੇ ਆਖ਼ਰੀ ਗੱਲ ਇਹ ਕਿ ਸਰਕਾਰ ਆਪਣੇ ਮੁਲਕ ਵਾਸੀਆਂ ਦੀਆਂ ਭਾਵਨਾਵਾਂ ਸਮਝਣ ਵਿਚ ਪੂਰੀ ਨਾਕਾਮ ਰਹੀ। ਟੋਨੀ ਬਲੇਅਰ ਨੇ ਇਰਾਕ ਯੁੱਧ ਤੋਂ ਠੀਕ ਸਾਲ ਪਹਿਲਾਂ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਯੂ ਬੁੱਸ਼ ਦਾ ਡੱਟ ਕੇ ਸਾਥ ਦਿੱਤਾ ਅਤੇ ਕਿਹਾ, ‘ਜੋ ਵੀ ਮੈਂ ਤੁਹਾਡੇ ਨਾਲ ਖੜ੍ਹਾ ਹਾਂ। ਇਸ ਮਸਲੇ ‘ਤੇ ਹਰ ਪਾਸੇ ਹੋ ਰਹੀ ਆਲਚੋਨਾ ਦਾ ਬਲੇਅਰ ਨੇ ਇਕ ਵਾਰ ਵੀ ਨੋਟਿਸ ਨਹੀਂ ਲਿਆ।
ਯੁੱਧ ਦਾ ਮਜ਼ਬੂਤ ਸਮਰਥਕ :
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਲੇਅਰ ਸਿਰਫ਼ ਜਾਰਜ ਬੁੱਸ਼ ਦੇ ਆਗਿਆਕਾਰੀ ਜੂਨੀਅਰ ਭਾਈਵਾਲ ਵਜੋਂ ਹੀ ਨਹੀਂ ਉਭਰਿਆ, ਸਗੋਂ ਸ਼ਕਤੀਸ਼ਾਲੀ ਸਮਰਥਕ ਤੇ ਕਈ ਵਾਰ ਤਾਂ ਬੁੱਸ਼ ਨਾਲੋਂ ਵੀ ਦੋ ਕਦਮ ਅੱਗੇ ਹੀ ਸਿੱਧ ਹੋਇਆ। ਪਹਿਲਾਂ ਨੇ ਉਸ ਨੇ ਲੋਕਾਂ ਨੂੰ ਇਰਾਕ ਵਿਚ ਤਖ਼ਤ ਪਲਟ ਵੱਲ ਧਕਿਆ, ਫੇਰ ਫ਼ੌਜੀ ਹਮਲੇ ਲਈ ਉਕਸਾਇਆ।
ਬਲੇਅਰ ਨੇ ਸਤੰਬਰ 2002 ਵਿਚ ਸੰਸਦ ਵਿਚ ਗ਼ਲਤ ਬਿਆਨਬਾਜ਼ੀ ਕੀਤੀ ਅਤੇ ਚੌਕਸ ਕੀਤਾ ਕਿ ਉਸ ਵੇਲੇ ਦਾ ਇਰਾਕੀ ਰਾਸ਼ਟਰਪਤੀ ਸੱਦਾਮ ਹੁਸੈਨ ਰਸਾਇਣਕ ਤੇ ਜੈਵਿਕ ਹਥਿਆਰਾਂ ਦੀ ਸਮਰੱਥਾ ਰੱਖਦਾ ਹੈ ਤੇ ਬਰਤਾਨੀਆ ਲਈ ਵੀ ਵੱਡਾ ਖ਼ਤਰਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜ਼ਾਹਰਾ ਤੌਰ ‘ਤੇ ਇਹ ਨਿਆਂਸੰਗਤ ਨਹੀਂ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਲੇਅਰ ਨੇ ਲੱਖਾਂ ਲੋਕਾਂ ਨੂੰ ਮਰਵਾਉਣ ਦੀ ਖੇਡ ਵਿਚ ਸ਼ਾਮਲ ਹੋਣ ਦਾ ਫ਼ੈਸਾਲ ਕੀਤਾ। ਇਸ ਲਈ ਆਪਣੇ ਮੰਤਰੀ ਮੰਡਲ ਨੂੰ ਝੂਠ ਬੋਲਿਆ। ਆਪਣੀ ਸੰਸਦ ਨੂੰ ਝੂਠ ਬੋਲਿਆ। ਉਸ ਨੇ ਯੁੱਧ ਤੋਂ ਬਾਅਦ ਨਿਕਲਣ ਵਾਲੇ ਸਿੱਟਿਆਂ ਸਬੰਧੀ ਕੋਈ ਤਿਆਰੀ ਨਹੀਂ ਕੀਤੀ ਸੀ ਤੇ ਇਸ ਨਾਲ ਸਿੱਝਣ ਲਈ ਨਾ ਹੀ ਕੋਈ ਯੋਜਨਾ ਘੜੀ ਸੀ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਦੋਂ ਮਾਰਚ 2003 ਵਿਚ ਅਮਰੀਕੀ ਤੇ ਬਰਤਾਨਵੀ ਫ਼ੌਜਾਂ ਇਰਾਕ ਵਿਚ ਦਾਖ਼ਲ ਹੋਈਆਂ ਤਾਂ ਉਸ ਵੇਲੇ ਸੱਦਾਮ ਹੁਸੈਨ ਵਲੋਂ ਕੋਈ ਵੀ ਧਮਕੀ ਨਹੀਂ ਦਿੱਤੀ ਗਈ ਸੀ। ਇਰਾਕ ਵਿਚ ਫ਼ੌਜੀ ਕਾਰਵਾਈ ਉਦੋਂ ਹੀ ਹੋ ਸਕਦੀ ਸੀ ਜੇਕਰ ਉਥੋਂ ਕੋਈ ਖ਼ਤਰੇ ਦੀ ਬੋਅ ਆਉਂਦੀ। ਜ਼ਿਕਰਯੋਗ ਹੈ ਕਿ 2009 ਵਿਚ ਜਦੋਂ ਬਰਤਾਨਵੀ ਫ਼ੌਜਾਂ ਵਾਪਸ ਆਈਆਂ, ਉਦੋਂ ਤਕ 150000 ਤੋਂ ਵੱਧ ਇਰਾਕੀ ਲੋਕ ਮਾਰੇ ਜਾ ਚੁੱਕੇ ਸਨ ਜਦਕਿ 179 ਬਰਤਾਨਵੀ ਫ਼ੌਜੀ ਵੀ ਆਪਣੀਆਂ ਜਾਨਾਂ ਗਵਾ ਚੁੱਕੇ ਸਨ।
ਸੱਤ ਵਰ੍ਹਿਆਂ ਦੀ ਮਿਹਨਤ ਨਾਲ ਰਿਪੋਰਟ ਤਿਆਰ ਕਰਨ ਵਾਲੇ ਸਰ ਚਿੱਲਕਾਟ ਦਾ ਕਹਿਣਾ ਹੈ ਕਿ ਦਖ਼ਲਅੰਦਾਜ਼ੀ ਦਾ ਇਹ ਫ਼ੈਸਲਾ ਪੂਰੀ ਤਰ੍ਹਾਂ ਗ਼ਲਤ ਸਿੱਧ ਹੋਇਆ, ਜੋ ਅੱਜ ਦੇ ਦਿਨ ਭਿਆਨਕ ਸਿੱਟੇ ਵਜੋਂ ਸਾਹਮਣੇ ਹੈ। ਜਿਸ ਵੇਲੇ ਇਹ ਰਿਪੋਰਟ ਪੇਸ਼ ਕੀਤੀ ਜਾ ਰਹੀ ਸੀ ਤਾਂ ਸੈਂਟਰ ਦੇ ਬਾਹਰ ਸੌ ਤੋਂ ਵੱਧ ਜੰਗ ਵਿਰੋਧੀ ਪ੍ਰਦਰਸ਼ਨਕਾਰੀ ਨਾਅਰੇਬਾਜ਼ੀ ਕਰ ਰਹੇ ਸਨ। ਵਿਖਾਵਾਕਾਰੀ ਕਹਿ ਰਹੇ ਸਨ-‘ਬਲੇਅਰ ਨੇ ਝੂਠ ਬੋਲਿਆ, ਹਜ਼ਾਰਾਂ ਲੋਕ ਮਰੇ’ ਤੇ ਟੋਨੀ ਬਲੇਅਰ ਦੋਸ਼ੀ ਹੈ।
ਵਿਸ਼ਵ ਦਾ ਸਭ ਤੋਂ ਭਿਆਨਕ ਦਹਿਸ਼ਤਵਾਦ :
ਇਰਾਕ ਯੁੱਧ ਦੌਰਾਨ ਮਾਰੇ ਗਏ ਬਰਤਾਨੀਆ ਦੇ 179 ਫ਼ੌਜੀਆਂ ਦੇ ਪਰਿਵਾਰਾਂ ਅਤੇ 23 ਨਾਗਰਿਕਾਂ ਨੇ ਕਿਹਾ ਕਿ ਇਸ ਰਿਪੋਰਟ ਨੇ ਉਨ੍ਹਾਂ ਦੇ ਜ਼ਖ਼ਮ ਫੇਰ ਅੱਲੇ ਕਰ ਦਿੱਤੇ ਹਨ। ਉਹ ਮੰਜ਼ਰ ਉਨ੍ਹਾਂ ਲਈ ਭੁੱਲਣਾ ਬੇਹੱਦ ਖ਼ੌਫ਼ਨਾਕ ਹੈ। 2005 ਵਿਚ ਮਾਰੇ ਗਏ 34 ਸਾਲਾ ਮੇਜਰ ਮੈਥਿਊ ਬੈਕਨ ਦੇ ਪਿਤਾ ਰੋਜਰ ਬੈਕਨ ਨੇ ਕਿਹਾ, ‘ਬਰਤਾਨਵੀਆ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਲਈ ਅਜਿਹੀਆਂ ਗ਼ਲਤੀਆਂ ਨਹੀਂ ਦੁਹਰਾਉਣੀਆਂ ਚਾਹੀਦੀਆਂ। ਅਜਿਹੇ ਕਦਮ ਨਹੀਂ ਚੁੱਕਣੇ ਚਾਹੀਦੇ ਕਿ ਕਿਸੇ ਮੁਲਕ ਨੂੰ ਤਬਾਹੀ ਵੱਲ ਧੱਕ ਦਿੱਤਾ ਜਾਵੇ ਤੇ ਜਿਸ ਦੇ ਕੋਈ ਸਾਰਥਕ ਸਿੱਟੇ ਵੀ ਨਾ ਨਿਕਲਣ।’ ਸਰ੍ਹਾ ਓ’ਕੂਨਰ, ਜਿਸ ਦਾ ਭਰਾ ਇਸ ਜੰਗ ਵਿਚ ਮਾਰਿਆ ਗਿਆ ਸੀ, ਨੇ ਭਾਵੁਕ ਹੁੰਦਿਆਂ ਆਪਣੇ ਭਰਾ ਦੀ ਮੌਤ ਲਈ ਟੋਨੀ ਬਲੇਅਰ ਨੂੰ ਜ਼ਿੰਮੇਵਾਰ ਠਹਿਰਾਇਆ। ਉਸ ਨੇ ਕਿਹਾ, ‘ਇਸ ਸੰਸਾਰ ਵਿਚ ਕੋਈ ਦਹਿਸ਼ਤਗਰਦ ਨਹੀਂ ਹੈ ਜਿਸ ਤੋਂ ਕਿ ਸੰਸਾਰ ਨੂੰ ਚੌਕਸ ਹੋਣ ਦੀ ਲੋੜ ਹੈ ਤੇ ਸੰਸਾਰ ਦੇ ਸਭ ਤੋਂ ਖ਼ਤਰਨਾਕ ਅੱਤਵਾਦੀ ਦਾ ਨਾਂ ਟੋਨੀ ਬਲੇਅਰ ਹੈ।’
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਰਾਕ ਵਿਚ ਮਰੇ ਲੋਕਾਂ ਦੀ ਗਿਣਤੀ ਲਈ ਵੈੱਬਸਾਈਟ ਵਜੂਦ ਵਿਚ ਆ ਗਈ ਹੈ। ਇਸ ਅਨੁਸਾਰ 2003 ਤੋਂ ਲੈ ਕੇ ਹੁਣ ਤਕ ਯੁੱਧ ਅਤੇ ਧਮਾਕਿਆਂ ਵਿਚ 16 ਲੱਖ ਲੋਕ ਮਾਰੇ ਗਏ ਹਨ। ਫ਼ੌਜੀਆਂ ਦੀ ਮੌਤ ਜੇਕਰ ਇਸ ਅੰਕੜੇ ਵਿਚ ਜੋੜ ਦਈਏ ਤਾਂ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਉਂਦੇ ਹਨ।
ਸਹੀ ਫ਼ੈਸਲਾ ਲਿਆ ਸੀ : ਬਲੇਅਰ
ਜਦੋਂ ਇਹ ਰਿਪੋਰਟ ਨਸ਼ਰ ਹੋਈ ਤਾਂ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਬੜੀ ਢੀਠਤਾਈ ਨਾਲ ਕਿਹਾ ਕਿ ਦਸ ਸਲ ਬਰਤਾਨੀਆ ਦਾ ਪ੍ਰਧਾਨ ਮੰਤਰੀ ਰਹਿੰਦਿਆਂ ਇਰਾਕ ‘ਤੇ ਯੁੱਧ ਦਾ ਫ਼ੈਸਲਾ ਮੇਰੇ ਲਈ ਸਭ ਤੋਂ ਮੁਸ਼ਕਲ, ਸਭ ਤੋਂ ਵੱਡਾ ਤੇ ਸਭ ਤੋਂ ਦਰਦ ਭਰਿਆ ਸੀ। ਕਿਰਪਾ ਕਰਕੇ ਇਹ ਨਾ ਕਹੋ ਕਿ ਮੈਂ ਝੂਠ ਬੋਲ ਰਿਹਾ ਸੀ ਜਾਂ ਫਿਰ ਮੇਰੀ ਮਨਸ਼ਾ ਕੁਝ ਬੇਈਮਾਨੀ ਭਰੀ ਸੀ। ਇਕ ਵੀ ਦਿਨ ਅਜਿਹਾ ਨਹੀਂ ਬੀਤਿਆ, ਜਦੋਂ ਮੈਂ ਇਹ ਨਹੀਂ ਸੋਚਦਾ ਕਿ ਕੀ ਹੋਇਆ, ਅਮਰੀਕਾ ਦੀ ਅਗਵਾਈ ਵਿਚ ਯੁੱਧ ‘ਚ ਸਾਥ ਦੇਣ ਦਾ ਮੇਰਾ ਫ਼ੈਸਲਾ ਸਹੀ ਸੀ ਕਿਉਂਕਿ ਸੱਦਾਮ ਹੁਸੈਨ ਦੇ ਸੱਤਾ ਵਿਚ ਨਾ ਰਹਿਣ ਤੋਂ ਬਾਅਦ ਦੁਨੀਆ ਬਿਹਤਰ ਥਾਂ ਹੋ ਗਈ ਹੈ। ਜੇਕਰ ਅੱਜ ਵੀ ਉਸੇ ਤਰ੍ਹਾਂ ਦੀ ਕੋਈ ਜਾਣਕਾਰੀ ਮੈਨੂੰ ਮਿਲੀ ਤਾਂ ਮੈਂ ਅਜਿਹਾ ਹੀ ਫ਼ੈਸਲਾ ਲਵਾਂਗਾ।
ਜ਼ਿਕਰਯੋਗ ਹੈ ਕਿ ਸਰ ਜਾਨ ਚਿੱਲਕਾਟ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਬਲੇਅਰ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਬਲੇਅਰ ਨੇ ਕਿਹਾ, ‘ਇਰਾਕ ਯੁੱਧ ਦੌਰਾਨ ਜੋ ਮਾਰੇ ਗਏ, ਮੈਨੂੰ ਉਨ੍ਹਾਂ ਲਈ ਬੇਹੱਦ ਅਫ਼ਸੋਸ ਹੈ। ਬਲੇਅਰ ਦੇ ਸ਼ਬਦ ਭਾਵੇਂ ਭਾਵੁਕਤਾ ਪੈਦਾ ਕਰਨ ਵਾਲੇ ਸਨ ਪਰ ਉਨ੍ਹਾਂ ਦੇ ਸ਼ਬਦਾਂ ਵਿਚ ਇਸ ਕਾਰੇ ਲਈ ਕਿਸੇ ਤਰ੍ਹਾਂ ਦੀ ਕੋਈ ਮੁਆਫ਼ੀ ਨਹੀਂ ਝਲਕਦੀ ਸੀ। ਬਲੇਅਰ ਨੇ ਸਗੋਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜੇਕਰ ਅਮਰੀਕਾ ਦੀ ਅਗਵਾਈ ਹੇਠ 2003 ਵਿਚ ਸੱਦਾਮ ਦੀ ਚੁਣੌਤੀ ਦਾ ਸਾਹਮਣੇ ਨਾ ਕਰਦੇ ਤਾਂ ਇਨ੍ਹਾਂ ਤਾਕਤਾਂ ਨੂੰ ਇਕਜੁੱਟ ਕਰਨਾ ਮੁਸ਼ਕਲ ਹੋਣਾ ਸੀ ਤੇ ਸੱਦਾਮ ਹੁਸੈਨ ਹੋਰ ਵੀ ਮਜ਼ਬੂਤ ਹੋਣਾ ਸੀ। ਰਿਪੋਰਟ ਵਿਚ ਜੋ ਵੀ ਕਿਹਾ ਗਿਆ ਹੈ ਪਰ ਮੈਂ ਮੰਨਦਾ ਹਾਂ ਕਿ ਜੋ ਮੈਂ ਫ਼ੈਸਲਾ ਲਿਆ ਸੀ, ਉਹੀ ਦੇਸ਼ ਦੇ ਹਿੱਤ ਵਿਚ ਸੀ। ਸੰਯੁਕਤ ਰਾਸ਼ਟਰ ਦੀ ਮਨਜ਼ੂਰੀ ਤੋਂ ਬਿਨਾਂ ਇਰਾਕ ਨਾਲ ਯੁੱਧ ਦੇ ਫੈਸਲੇ ਬਾਰੇ ਟੋਨੀ ਬਲੇਅਰ ਨੇ ਕਿਹਾ ਕਿ ਉਨ੍ਹਾਂ ਕੋਲ ਦੇਰੀ ਕਰੇ ਬਿਨਾਂ ਕੋਈ ਫ਼ੈਸਲਾ ਲੈਣਾ ਜ਼ਰੂਰੀ ਸੀ।
ਪਾਰਵਤੀ ਮੈਨਨ