ਪਾਕਿ ਖ਼ਿਲਾਫ਼ ਅਫ਼ਗਾਨ ਔਰਤਾਂ ਦਾ ਪ੍ਰਦਰਸ਼ਨ ਜਾਰੀ, ਤਾਲਿਬਾਨੀਆਂ ਨੇ ਵਰ੍ਹਾਏ ਕੋੜੇ

ਨਵੀਂ ਦਿੱਲੀ : ਤਾਲਿਬਾਨੀ ਰੋਕਾਂ ਅਤੇ ਪਾਕਿਸਤਾਨ ਦੇ ਦਖ਼ਲ ਖ਼ਿਲਾਫ਼ ਕਾਬੁਲ ਵਿਚ ਲਗਾਤਾਰ ਚੌਥੇ ਦਿਨ ਬੁੱਧਵਾਰ ਨੂੰ ਵੀ ਪ੍ਰਦਰਸ਼ਨ ਹੋ ਰਹੇ ਹਨ। ਇਨ੍ਹਾਂ ਦੀ ਅਗਵਾਈ ਔਰਤਾਂ ਕਰ ਰਹੀਆਂ ਹਨ। ਇਸ ਦੌਰਾਨ ਤਾਲਿਬਾਨੀਆਂ ਨੇ ਔਰਤਾਂ ਨੂੰ ਰੋਕ ਕੇ ਵਿਰੋਧ ਅਤੇ ਨਾਅਰੇਬਾਜ਼ੀ ਬੰਦ ਕਰਨ ਲਈ ਕਿਹਾ, ਪਰ ਉਹ ਨਾ ਮੰਨੀਆਂ।
ਭੀੜ ਖਿੰਡਾਉਣ ਲਈ ਤਾਲਿਬਾਨੀ ਲੜਾਕਿਆਂ ਨੇ ਔਰਤਾਂ ‘ਤੇ ਕੋੜੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਏਨਾ ਹੀ ਨਹੀਂ, ਸੜਕ ਤੋਂ ਲੰਘ ਰਹੀਆਂ ਕੁੜੀਆਂ ਨੂੰ ਵੀ ਲੜਾਕਿਆਂ ਨੇ ਬੇਰਹਿਮੀ ਨਾਲ ਕੁੱਟਿਆ। ਦੂਜੇ ਪਾਸੇ ਕਾਬੁਲ ਵਿਚ ਕੱਢੀ ਗਈ ਪਾਕਿਸਤਾਨ ਵਿਰੋਧੀ ਰੈਲੀ ਮਗਰੋਂ ਤਾਲਿਬਾਨ ਨੇ ਧਮਕੀ ਦਿੱਤੀ ਹੈ ਕਿ ਜਤਨਕ ਵਿਰੋਧ ਪ੍ਰਦਰਸ਼ਨ ਨਹੀਂ ਚੱਲੇਗਾ।
ਪਾਕਿਸਤਾਨ ਨੇ 200 ਅਫ਼ਗਾਨੀਆਂ ਨੂੰ ਵਾਪਸ ਭੇਜਿਆ
ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਖ਼ੌਫ ਕਾਰਨ ਹਜ਼ਾਰਾਂ ਅਫ਼ਗਾਨੀ ਭੱਜ ਕੇ ਪਾਕਿਸਤਾਨ ਚਲੇ ਗਏ ਸਨ, ਪਰ ਪਾਕਿਸਤਾਨ ਨੇ ਹੁਣ 200 ਲੋਕਾਂ ਨੂੰ ਵਾਪਸ ਭੇਜ ਦਿੱਤਾ ਹੈ। ਇਨ੍ਹਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਪਾਕਿਸਤਾਨੀ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਕ ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਵਾਪਸ ਭੇਜਿਆ ਗਿਆ ਹੈ, ਉਹ ਨਾਜਾਇਜ਼ ਢੰਗ ਨਾਲ ਪਾਕਿਸਤਾਨ ਵਿਚ ਦਾਖ਼ਲ ਹੋਏ ਸਨ।
ਜ਼ਿਕਰਯੋਗ ਹੈ ਕਿ ਤਾਲਿਬਾਨ ਸਰਕਾਰ ਵਿਚ ਮੁੱਲਾ ਮੁਹੰਮਦ ਹਸਨ ਅਖੁੰਦ ਨੂੰ ਮੰਤਰੀ ਪ੍ਰੀਸ਼ੱਦ ਦਾ ਮੁਖੀ ਭਾਵ ਨਵੀਂ ਸਰਕਾਰ ਦਾ ਮੁਖੀਆ ਬਣਾਇਆ ਗਿਆ ਹੈ। ਸਰਕਾਰ ਦਾ ਨਾਮ ‘ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ’ ਹੋਵੇਗਾ। ਤਾਲਿਬਾਨ ਦੇ ਮੁਖੀ ਸ਼ੇਖ ਹਿਬਦੁਲਾਹ ਅਖੁੰਦਜਾਦਾ ਸੁਪਰੀਮ ਲੀਡਰ ਹੋਣਗੇ। ਉਨ੍ਹਾਂ ਨੂੰ ਅਮੀਰ-ਉਲ-ਅਫ਼ਗਾਨਿਸਤਾਨ ਕਿਹਾ ਜਾਵੇਗਾ।
ਮੰਗਲਵਾਰ ਦੀ ਸ਼ਾਮ ਜਿਸ ਸਰਕਾਰ ਦਾ ਐਲਾਨ ਕੀਤਾ ਗਿਆ, ਉਨ੍ਹਾਂ ਵਿਚ ਕੁੱਲ 33 ਮੰਤਰੀ ਸ਼ਾਮਲ ਹਨ। ਦੋਹਾ ਵਿਚ ਭਾਰਤ ਨਾਲ ਗੱਲਬਾਤ ਕਰਨ ਵਾਲੇ ਸ਼ੇਰ ਮੁਹੰਮਦ ਸਟੇਨੇਕਜਈ ਨੂੰ ਉਪ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਔਰਤਾਂ ਨੂੰ ਹੱਕ ਦੇਣ ਦੀ ਗੱਲ ਕਹਿਣ ਵਾਲੇ ਤਾਲਿਬਾਨ ਨੇ ਆਪਣੀ ਸਰਕਾਰ ਵਿਚ ਕਿਸੇ ਔਰਤ ਨੂੰ ਸ਼ਾਮਲ ਨਹੀਂ ਕੀਤਾ ਹੈ।
ਅਮਰੀਕਾ ਦੇ ਮੋਸਟ ਵਾਂਟਡ ਨੂੰ ਗ੍ਰਹਿ ਮੰਤਰੀ ਬਣਾਇਆ
ਤਾਲਿਬਾਨ ਨੇ ਆਪਣੀ ਸਰਕਾਰ ਵਿਚ ਸਿਰਾਜੁਦੀਨ ਹਕਾਨੀ ਨੂੰ ਗ੍ਰਹਿ ਮੰਤਰੀ ਬਣਾਇਆ ਹੈ। ਦਹਿਸ਼ਤੀ ਸੰਗਠਨ ਹਕਾਨੀ ਨੈੱਟਵਰਕ ਦਾ ਚੀਫ਼ ਸਿਰਾਜੁਦੀਨ ਅਮਰੀਕਾ ਦੀ ਦਹਿਸ਼ਤੀ ਸੂਚੀ ਵਿਚ ਮੋਸਟ ਵਾਂਟਡ ਹੈ। ਅਮਰੀਕਾ ਨੇ ਉਸ ‘ਤੇ ਕਰੀਬ 37 ਕਰੋੜ ਰੁਪਏ ਦਾ ਇਨਾਮ ਐਲਾਨਿਆ ਹੈ। ਸਿਰਾਜੁਦੀਨ ਹਕਾਨੀ ਦਾ ਨੈੱਟਵਰਕ ਪਾਕਿਸਤਾਨ ਤੋਂ ਆਪਰੇਟ ਹੁੰਦਾ ਹੈ। ਦੁਨੀਆ ਭਰ ਵਿਚ ਕਈ ਦਹਿਸ਼ਤੀ ਘਟਨਾਵਾਂ ਪਿਛੇ ਇਸ ਦਾ ਹੱਥ ਰਿਹਾ ਹੈ।