ਮੌਤ ‘ਤੇ ਜਿੱਤ – ਨਿਕੋਲਾਈ ਓਸਤਰੋਵਸਕੀ

ਹਰਭਜਨ ਸਿੰਘ ਹੁੰਦਲ

ਮੈਨੂੰ ਪਤਾ ਨਹੀਂ ਕਿ ਹੇਠ ਲਿਖੀ ਟੂਕ ਮੈਂ ਕਿਥੋਂ ਪੜ੍ਹੀ ਸੀ ਪਰ ਅਜੀਬ ਗੱਲ ਇਹ ਹੈ ਕਿ ਕਈ ਦਹਾਕੇ ਬੀਤਣ ਬਾਅਦ ਵੀ ਇਹ ਮੈਨੂੰ ਭੁੱਲੀ ਨਹੀਂ। ਮੈਂ ਉਸ ਲੇਖਕ ਦਾ ਨਾਂ, ਥਹੁ-ਪਤਾ ਕਰਨਾ ਚਾਹਿਆ ਤਾਂ ਕਿ ਉਸ ਦੀ ਰਚਨਾ ਮੌਲਿਕ ਰੁੂਪ ਵਿਚ ਪੜ੍ਹ ਸਕਾਂ। ਟੂਕ ਇਸ ਤਰ੍ਹਾਂ ਸੀ :-
”ਆਦਮੀ ਦੀ ਸਭ ਤੋਂ ਪਿਆਰੀ ਦੌਲਤ ਉਸ ਦੀ ਜ਼ਿੰਦਗੀ ਹੈ। ਇਹ ਉਸ ਨੂੰ ਇਸ ਤਰ੍ਹਾਂ ਬਤੀਤ ਕਰਨੀ ਚਾਹੀਦੀ ਹੈ ਕਿ ਅੰਤ ‘ਤੇ ਅਜਾਈਂ ਗਵਾਏ ਸਾਲਾਂ ਦਾ ਦੁਖਦਾਈ ਅਫ਼ਸੋਸ ਨਾ ਹੋਵੇ ਤੇ ਨਾ ਹੀ ਆਪਣੇ ਨਿਗੂਣੇ ਤੇ ਘਟੀਆ ਢੰਗ ਨਾਲ ਬਿਤਾਏ ਸਾਲਾਂ ਦੀ ਸ਼ਰਮਿੰਦਗੀ ਹੋਵੇ। ਤਾਂ ਕਿ ਅੰਤਮ ਵੇਲੇ ਉਹ ਕਹਿ ਸਕੇ ਮੈਂ ਆਪਣੀ ਜ਼ਿੰਦਗੀ ਸੰਸਾਰ ਦੇ ਸਭ ਤੋਂ ਸੁੰਦਰ ਉਦੇਸ਼ ਅਥਵਾ ਮਨੁੱਖੀ ਜ਼ਿੰਦਗੀ ਦੀ ਮੁਕਤੀ ਦੇ ਸੰਗਰਾਮ ਨੂੰ ਸਮਰਪਤ ਕਰ ਦਿੱਤੀ ਹੈ।”
ਯਾਦ ਆਉਂਦਾ ਹੈ ਕਿ 1962 ਵਿਚ ਜਦੋਂ ਮੇਰੀ ਰੀੜ੍ਹ ਦੀ ਹੱਡੀ ਦੀ ਇਕ ਘੁੰਡੀ ਹਿੱਲ ਜਾਂ ਵੱਧ ਗਈ ਸੀ ਤਾਂ ਮੇਰੇ ਲੱਕ ਦਾ ਪਲੱਸਤਰ ਕਰ ਕੇ ਡਾਕਟਰਾਂ ਨੇ ਮੈਨੂੰ ਘਰ ਭੇਜ ਦਿੱਤਾ ਸੀ। ਮੈਂ ਛੇ ਮਹੀਨੇ ਮੰਜੇ ‘ਤੇ ਪਿਆ ਰਿਹਾ ਸੀ। ਅਖ਼ੀਰ ਆਪਣੇ ਛੋਟੇ ਭਰਾ ਨੂੰ ਆਖਿਆ ਕਿ ਉਹ ਕਾਲਜ ਵਿਚੋਂ ਕੋਈ ਨਾਵਲ ਪੜ੍ਹਨ ਲਈ ਲਿਆਵੇ ਤਾਂ ਕਿ ਮੇਰੀ ਦਿਹਾੜੀ ਤੇ ਰਾਤ ਸੌਖੀ ਤਰ੍ਹਾਂ ਲੰਘ ਜਾਇਆ ਕਰੇ। ਉਹ ਦੋ ਨਾਵਲ ਲੈ ਕੇ ਆਇਆ। ਇਕ ਸੀ ਰੂਸੀ ਨਾਵਲਕਾਰ ਬੋਰਿਸ ਪੋਲੀਵਾਈ ਦਾ ਨਾਵਲ ‘ਅਸਲੀ ਇਨਸਾਨ ਦੀ ਕਹਾਣੀ’ ਤੇ ਦੂਜਾ ਸੀ ਨਿਕੋਲਾਈ ਓਸਤਰੋਵਸਕੀ ਦਾ ‘ਸੂਰਮੇ ਦੀ ਸਿਰਜਣਾ’। ਇਨ੍ਹਾਂ ਦੋਵਾਂ ਨਾਵਲਾਂ ਦੇ ਪਾਠ ਨੇ ਮੈਨੂੰ ਆਪਣੀ ਪੀੜ ਨੂੰ ਜਰਨ ਦੀ ਜਾਚ ਦੱਸੀ। ਪਿਛੋਂ ਇਹ ਨਾਵਲ ਦੁਬਾਰਾ ‘ਕਬਹੂ ਨਾ ਛਾਡੈ ਖੇਤ’ ਦੇ ਨਾਂ ਹੇਠ ਛਪਿਆ। ਉਸ ਨਾਵਲ ਨੂੰ ਪੜ੍ਹ ਕੇ ਮੈਨੂੰ ਉਕਤ ਟੂਕ ਦੇ ਲੇਖਕ ਦਾ ਥਹੁ-ਪਤਾ ਲੱਗਾ।
ਇਹ ਲੇਖਕ ਕੋਈ ਪੇਸ਼ਾਵਾਰ ਨਾਵਲਕਾਰ ਨਹੀਂ ਸੀ, ਫਿਰ ਵੀ ਉਸ ਦੇ ਨਾਵਲ ਨੇ ਵਿਸ਼ਵ ਦੇ ਗਲਪ-ਜਗਤ ਵਿਚ ਆਪਣੀ ਜ਼ਿਕਰਯੋਗ ਥਾਂ ਬਣਾ ਲਈ ਸੀ। ਰੂਸ ਦੀ 19ਵੀਂ ਸਦੀ ਵਿਚਲੀ ਯਥਾਰਥਵਾਦੀ ਗਲਪ ਦੀ ਅਮੀਰ ਪਰੰਪਰਾ ਨੂੰ ਬਦਲਦੇ ਹਾਲਾਤ ਅਨੁਸਾਰ, ਸਮਾਜਵਾਦੀ ਯਥਾਰਥਵਾਦ ਦੀ ਅਗਲੇਰੀ ਸਟੇਜ ‘ਤੇ ਪਹੁੰਚਾ ਕੇ ਓਸਤਰੋਵਸਕੀ ਨੇ ਅਜਿਹੀ ਰਚਨਾ ਕੀਤੀ ਸੀ, ਜੋ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ-ਸਰੋਤ ਬਣ ਗਈ ਸੀ।

2
ਆਓ ਵੇਖੀਏ ਕੌਣ ਸੀ ਇਹ ਨਾਵਲਕਾਰ ਤੇ ਇਸ ਦੀ ਗਲਪ-ਰਚਨਾ ਦਾ ਜਨਮ ਕਿਵੇਂ ਤੇ ਕਿਥੋਂ ਹੋਇਆ। ਇਥੋਂ ਇਹ ਵੀ ਸਪੱਸ਼ਟ ਹੋ ਜਾਵੇਗਾ ਕਿ ਪ੍ਰਤਿਭਾ ਕਿਵੇਂ ਜਨਮਦੀ ਤੇ ਪ੍ਰਫੁਲਤ ਹੋ ਕੇ ਮਹਾਨ ਪ੍ਰਾਪਤੀਆਂ ਕਰਦੀ ਹੈ। ਵੇਖਣਾ ਇਹ ਵੀ ਹੁੰਦਾ ਹੈ ਕਿ ਬੰਦੇ ਨੇ ਜੀਵਨ ਵਿਚ ਰਗੜੇ ਕਿੰਨੇ ਕੁ ਖਾਧੇ ਹੁੰਦੇ ਹਨ ਤੇ ਕਲਮ ਕਦੋਂ ਚੁੱਕਣ ਨੂੰ ਉਸ ਦਾ ਚਿੱਤ ਚਾਹਿਆ ਸੀ। ਇਹ ਰਗੜੇ ਹੀ ਅਸਲ ਵਿਚ ਨਵੇਂ ਅਨੁਭਵ ਦੀ ਪ੍ਰਾਪਤੀ ਦਾ ਸੋਮਾ ਹੁੰਦੇ ਹਨ। ਕਈ ਮਨੁੱਖ ਰਗੜੇ ਖਾਂਦੇ-ਖਾਂਦੇ ਬਿਲਕੁਲ ਹੀ ਰਗੜੇ ਜਾਂਦੇ ਹਨ ਤੇ ਫਿਰ ਉਠਣ ਜੋਗੇ ਨਹੀਂ ਰਹਿੰਦੇ। ਜਿਹੜਾ ਡਿੱਗ ਕੇ ਉਠ ਖਲੋਂਦਾ ਹੈ, ਉਹੀ ਸਾਡੇ ਲਈ ਰੌਸ਼ਨ ਸਿਤਾਰਾ ਬਣਦਾ ਹੈ।
ਓਸਤਰੋਵਸਕੀ ਦਾ ਜਨਮ ਗ਼ਰੀਬ ਪਰਿਵਾਰ ਵਿਚ ਹੋਇਆ, ਉਸ ਦਾ ਪਿਤਾ ਸ਼ਰਾਬ ਦੇ ਕਾਰਖਾਨੇ ਵਿਚ ਮਜ਼ਦੂਰ ਸੀ। ਗੁਜ਼ਾਰਾ ਔਖਾ ਚਲਦਾ ਸੀ। ਚਾਰ ਬੱਚੇ ਸਨ। ਮਾਂ ਵੱਡੇ ਘਰ ਵਿਚ ਸੀਣ-ਪਰੋਣ ਤੇ ਘਰ ਦੀ ਸਫ਼ਾਈ ਕਰ ਕੇ ਚਾਰ ਛਿੱਲੜ ਕਮਾ ਲਿਆਉਂਦੀ ਸੀ। ਪਿੰਡ ਦੇ ਆਲੇ-ਦੁਆਲੇ, ਦੂਰ ਤੀਕਰ ਭੌਂ-ਮਾਲਕ ਦੀ ਭੋਂਏਂ ਸੀ, ਇਹ ਕਾਊੁਂਟ ਅਥਵਾ ਰਾਠ ਮੋਗਨਨਿਕੀ ਅਤੇ ਚਾਪਲਿੰਕੀ ਸਨ। ਇਲਾਕੇ ਵਿਚ 1905 ਦੇ ਇਨਕਲਾਬ ਦੀਆਂ ਕਨਸੋਆਂ ਪਹੁੰਚ ਰਹੀਆਂ ਸਨ। 1913 ਵਿਚ ਓਸਤਰੋਵਸਕੀ ਨੇ ਪਿੰਡ ਦੇ ਸਕੂਲ ਵਿਚੋਂ ਮੁਢਲੀ ਸਿੱਖਿਆ ਪ੍ਰਾਪਤ ਕੀਤੀ। ਬਸ ਇਹੀ ਪੜ੍ਹਾਈ ਸੀ, ਜੋ ਉਸ ਨੇ ਕੀਤੀ। ਅੱਗੇ ਨਹੀਂ ਪੜ੍ਹਿਆ। 1915 ਵਿਚ ਉਸ ਦਾ ਪਰਿਵਾਰ ਰੋਜ਼ੀ-ਰੋਟੀ ਦੀ ਭਾਲ ਵਿਚ ਘਰ ਛੱਡ ਕੇ ਇਕ ਕਸਬੇ ਵਿਚ ਆ ਗਿਆ, ਜਿਥੇ ਰੇਲਵੇ ਸਟੇਸ਼ਨ ਤੇ ਰੇਲਵੇ ਵਰਕਸ਼ਾਪ ਸੀ। ਇਥੇ ਰੇਲਵੇ ਦੀਆਂ ਵਾਰਸਾ ਤੇ ਕੀਵ ਨੂੰ ਜਾਂਦੀਆਂ ਰੇਲਵੇ ਲਾਈਨਾਂ ਮਿਲਦੀਆਂ ਸਨ। ਇਸੇ ਹੀ ਕਸਬੇ ਵਿਚ ਓਸਤਰੋਵਸਕੀ ਦੀ ਜੀਵਨ ‘ਯੂਨੀਵਰਸਿਟੀ’ ਬਣੀ।
ਓਸਤਰੋਵਸਕੀ ਅੱਖਰ ਉਠਾਉਣ ਜੋਗਾ ਗਿਆਨ ਤਾਂ ਪ੍ਰਾਪਤ ਕਰ ਚੁੱਕਾ ਸੀ। ਉਸ ਦਾ ਕਿਤਾਬਾਂ ਨਾਲ ਸੰਪਰਕ ਜੁੜ ਗਿਆ। ਜਿਹੜੀ ਵੀ ਕਿਤਾਬ, ਕਿਤਿਓਂ ਵੀ ਮਿਲਦੀ, ਰਾਤ ਨੂੰ ਪੜ੍ਹਦਾ। ਉਹ ਕਿਤਾਬਾਂ ਵਿਚਲੇ ਨਾਇਕਾਂ ਵਰਗਾ ਬਣਨਾ ਚਾਹੁੰਦਾ ਸੀ। ਸਾਲਾਂ ਬਾਅਦ ਕਿਸੇ ਨੇ ਉਸ ਨੂੰ ਪੁੱਛਿਆ, ਯਾਰ ??? ਲੇਖਕ ਕਿਵੇਂ ਬਣਿਆ ਤਾਂ ਉਹ ਦੱਸਣ ਲੱਗਾ, ” ਮੈਂ ਆਮ ਕਰ ਕੇ ਨਾਵਲਾਂ ਤੇ ਕਹਾਣੀਆਂ ਦੇ ਮੁੱਖ ਪਾਤਰਾਂ ਨਾਲ ਸੰਤੁਸ਼ਟ ਨਹੀਂ ਸੀ ਹੁੰਦਾ। ਮੈਂ ਮਾਂ ਨੂੰ ਉਚੀ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ ਤੇ ਮੈਂ ਅਚੇਤ ਹੀ ਪੜ੍ਹਦੇ ਵੇਲੇ ਕਹਾਣੀ ਨੂੰ ਆਪਣੇ ਆਪ ਹੀ, ਬਦਲੀ ਜਾਂਦਾ ਹੁੰਦਾ ਸੀ ਤੇ ਚਾਹੁੰਦਾ ਸੀ ਕਿ ਕਹਾਣੀ ਇੰਝ ਦੀ ਹੋਵੇ। ਕਲਪਨਾ ਦਾ ਖਿੱਚਿਆ ਮੈਂ ਵਿਰੋਧਾਂ ਦੀਆਂ ਗੰਢਾਂ ਵਿਚ ਫਸ ਜਾਂਦਾ ਤੇ ਮਾਂ ਮੇਰੀ ਗੱਲ ਨੂੰ ਫੜ ਲੈਂਦੀ ਤੇ ਆਖਦੀ, ”ਤੂੰ ਝੂਠ ਬੋਲਦਾ ਹੈਂ।” ਮੈਨੂੰ ਸੱਟ ਵੱਜਦੀ ਤੇ ਸ਼ਰਮ ਆਉਂਦੀ।”
ਇਕ ਵਾਰ ਇਕ ਕਿਤਾਬ ਵਿਚ ਇਕ ਕਾਊਂਟ (ਨਵਾਬ) ਸੀ, ਜਿਸ ਨੂੰ ਨੌਕਰਾਂ ਨੂੰ ਕੁੱਟ ਕੇ ਤੰਗ ਕਰ ਕੇ ਮਜ਼ਾ ਆਉਂਦਾ ਸੀ। ਮੈਂ ਕਹਾਣੀ ਸੁਣਾਉਂਦੇ ਹੋਏ, ਉਸ ਵਿਚ ਤਬਦੀਲੀ ਕਰ ਦਿੱਤੀ ਤਾਂ ਮਾਂ ਆਖਣ ਲੱਗੀ, ‘ਠਹਿਰ! ਕਾਊਂਟ ਨੂੰ ਕੌਣ ਕੁੱਟ ਸਕਦਾ ਹੈ। ਇਹ ਗੱਲ ਕਦੇ ਸੁਣੀ ਨਹੀਂ ਗਈ। ਤੂੰ ਝੂਠ ਬੋਲਦਾ ਹੈਂ?’
ਮੈਂ ਗੁੱਸੇ ਵਿਚ ਕਿਤਾਬ ਚੁੱਕ ਕੇ ਮਾਰੀ ਤੇ ਕਿਹਾ, ”ਮੈਂ ਅਜਿਹੇ ਨਵਾਬ ਦਾ ਜੁਬਾੜਾ ਭੰਨ ਦਿਆਂਗਾ।” ਇੰਝ ਸ਼ੁਰੂ ਹੋਈ ਮੇਰੀ ਸਿਰਜਣ ਪ੍ਰਕਿਰਿਆ।
ਇਹੀ ਮੁੰਡਾ ਹੌਲੀ ਹੌਲੀ ਜਬਰ ਜੁਲਮ ਸਹਿਣ ਤੋਂ ਆਕੀ ਹੋ ਗਿਆ। ਲਾਗਲੇ ਸਟੇਸ਼ਨ ਦੇ ਰੈਸਟੋਰੈਂਟ ਵਿਚ ਮੁੰਡੂ ਵਜੋਂ ਕੰਮ ਕਰਨ ਲੱਗਾ। ਉਥੇ ਨਿੱਕੀ-ਨਿੱਕੀ ਗੱਲ ‘ਤੇ ਟੋਕਾ-ਟਾਕੀ ਹੁੰਦੀ ਵੇਖ ਜਰ ਨਾ ਸਕਿਆ ਤੇ ਛੱਡ ਕੇ ਆ ਗਿਆ। ਫਿਰ 1917 ਦਾ ਫ਼ਰਵਰੀ ਇਨਕਲਾਬ ਤੇ ਪਿਛੋਂ ਅਕਤੂਬਰ ਇਨਕਲਾਬ ਆ ਗਿਆ। ਕੰਧਾਂ ‘ਤੇ ਸੁਰਖ ਰੰਗ ਦੇ ਲੱਗੇ ਇਸ਼ਤਿਹਾਰ ਪੜ੍ਹਦੇ ਨੂੰ ਉਸ ਨੂੰ ਇਕ ਬਾਲਸ਼ਵਿਕ ਟੱਕਰ ਗਿਆ। ਓਸਤਰੋਵਸਕੀ ਨੇ ਕਿਹਾ, ”ਮੈਨੂੰ ਵੀ ਕੋਈ ਕੰਮ ਦੱਸਿਆ ਕਰੋ।” ਉਨ੍ਹਾਂ ਨੇ ਉਸ ਨੂੰ ਪਾਰਟੀ ਦੇ ਸੁਨੇਹੇ ਭੇਜਣ ਲਾ ਦਿੱਤਾ।
ਬੜੇ ਭਿਆਨਕ ਸਮੇਂ ਸਨ। ਪਾਰਟੀ ਨੂੰ ਗੁਪਤ ਰਹਿ ਕੇ ਕੰਮ ਕਰਨਾ ਪਿਆ ਤੇ ਓਸਤਰੋਵਸਕੀ ਵੀ ਬਦਲਦੀ ਸਥਿਤੀ ਅਨੁਸਾਰ ਕੰਮ ਕਰਨ ਲੱਗਾ। ਖਤਰਨਾਕ ਤੋਂ ਖਤਰਨਾਕ ਡਿਊਟੀ ਨਿਭਾਉਣ ਲੱਗਾ। ਇਨ੍ਹਾਂ ਹੀ ਦਿਨਾਂ ਵਿਚ ਉਹ ਰੇਲਵੇ ਦੀ ਵਰਕਸ਼ਾਪ ਵਿਚ ਕੰਮ ਕਰਨ ਲੱਗ ਪਿਆ ਤੇ ਨਾਲ ਹੀ ਸਕੂਲ ਵਿਚ ਪੜ੍ਹਾਈ ਕਰਨ ਲੱਗਾ।
ਇਕ ਦਿਨ ਉਸ ਨੇ ਵੇਖਿਆ ਕਿ ਪੁਲੀਸ ਵਾਲੇ ਇਕ ਪਾਰਟੀ ਆਗੂ ਨੂੰ ਗ੍ਰਿਫ਼ਤਾਰ ਕਰ ਕੇ ਲਈ ਜਾ ਰਹੇ ਹਨ। ਓਸਤਰੋਵਸਕੀ ਉਸ ਵਿਅਕਤੀ ਨੂੰ ਜਾਣਦਾ ਸੀ। ਉਸ ਨੂੰ ਛੁਡਾਉਣ ਲਈ ਝੜਪ ਹੋਈ ਤਾਂ ਉਸ ਵਿਚ ਉਹ ਆਗੂ ਭੱਜ ਗਿਆ ਤੇ ਓਸਤਰੋਵਸਕੀ ਨੂੰ ਫੜ ਲਿਆ ਗਿਆ। ਉਸ ਦੀ ਕੁੱਟਮਾਰ ਹੋਈ ਪਰ ਉਸ ਨੇ ਕੁਝ ਨਾ ਦੱਸਿਆ। ਹੌਲੀ-ਹੌਲੀ 1919 ਦੇ ਲਾਗੇ ਸੋਵੀਅਤ ਸਰਕਾਰ ਪੱਕੇ ਪੈਰੀਂ ਸਥਾਪਤ ਹੋ ਗਈ ਤੇ ਓਸਤਰੋਵਸਕੀ ਯੰਗ ਕਮਿਊਨਿਸਟ ਲੀਗ ਦਾ ਮੈਂਬਰ ਬਣ ਕੇ ਕੰਮ ਕਰਨ ਲੱਗਾ।

3
ਨੌਜਵਾਨ ਓਸਤਰੋਵਸਕੀ ਨੇ ਭਾਵੇਂ ਆਪਣੇ ਜੀਵਨ ਦਾ ਅਸਲ ਮਾਰਗ ਲੱਭ ਲਿਆ ਸੀ ਪਰ ਇਸ ਵਿਚ ਬੜੇ ਆਂਖ਼ਤਰਨਾਕ ਮੋੜ ਆਉਂਦੇ ਰਹੇ। ਇਹ ਰਾਹ ਸੰਘਰਸ਼ ਦਾ ਰਾਹ ਸੀ, ਕੁਰਬਾਨੀ ਦਾ ਮਾਰਗ, ਜਿਥੇ ਪੈਰ-ਪੈਰ ‘ਤੇ ਖ਼ਤਰੇ ਸਨ। ਜਾਨ ਹਥੇਲੀ ‘ਤੇ ਰੱਖ ਕੇ ਤੁਰਨਾ ਪੈਣਾ ਸੀ। ਨੌਜਵਾਨ ਲੀਗ ਦਾ ਮੈਂਬਰ ਬਣਨ ਦੇ ਤਿੰਨ ਹਫ਼ਤੇ ਬਾਅਦ ਉਹ ਵਲੰਟੀਅਰ ਵਜੋਂ ਫ਼ਰੰਟ ‘ਤੇ ਚਲਾ ਗਿਆ ਤੇ ਲੜਾਈ ਵਿਚ ਹਿੱਸਾ ਲਿਆ। ਘੋੜ ਸਵਾਰ ਦਸਤੇ ਦਾ ਮੈਂਬਰ ਬਣ ਕੇ ਸਕਾਊਟਿੰਗ ਪਾਰਟੀ ਦੀ ਡਿਊਟੀ ਸਾਂਭੀ। ਲੜਾਈ ਵਿਚ ਫੱਟੜ ਹੋ ਗਿਆ ਤੇ ਮਹੀਨਾ ਭਰ ਹਸਪਤਾਲ ਦਾਖ਼ਲ ਰਿਹਾ। ਅਜੇ ਜ਼ਖ਼ਮ ਪੂਰੀ ਤਰ੍ਹਾਂ ਆਠਰੇ ਨਹੀਂ ਸਨ ਕਿ ਆਪਣੇ ਯੂਨਿਟ ਨਾਲ ਜਾ ਰਲ਼ਿਆ।
1920 ਵਿਚ ਪੋਲੈਂਡ ਦੀਆਂ ਫ਼ੌਜਾਂ ਵਿਰੁੱਧ ਸੋਵੀਅਤ ਫ਼ੌਜਾਂ ਵਲੋਂ ਲੜਿਆ। ਫਿਰ ਲਾਲ ਫ਼ੌਜਾਂ ਦੀ ਪ੍ਰਚਾਰ ਗੱਡੀ ਦਾ ਰਖਵਾਲਾ ਬਣ ਗਿਆ। ਫਿਰ ਚੌਥੀ ਘੋੜ-ਸਵਾਰ ਫ਼ੌਜ ਵਿਚ ਰਲ਼ਿਆ। ਉਥੇ ਲੜਦਿਆਂ ਬਹਾਦਰੀ ਦਾ ਤਮਗ਼ਾ ਜਿੱਤਿਆ। ਅਗਸਤ ਮਹੀਨੇ ਵਿਚ ਲੜਦਿਆਂ ਦੁਬਾਰਾ ਜ਼ਖ਼ਮੀ ਹੋ ਗਿਆ। ਇਸ ਵਾਰ ਜ਼ਖ਼ਮ ਪੇਟ ਤੇ ਸਿਰ ‘ਤੇ ਲੱਗੇ। ਐਤਕੀਂ ਦੋ ਮਹੀਨੇ ਹਸਪਤਾਲ ਰਿਹਾ। ਕਈ ਦਿਨ ਬੇਹੋਸ਼ੀ ਰਹੀ। ਡਾਕਟਰਾਂ ਨੇ ਆਸ ਲਾਹ ਛੱਡੀ ਸੀ ਪਰ ਨੌਜਵਾਨ ਤੇ ਸਰੀਰਕ ਤੌਰ ‘ਤੇ ਤਕੜਾ ਹੋਣ ਕਾਰਨ, ਉਸ ਦੇ ਜ਼ਖ਼ਮ ਹੌਲੀ-ਹੌਲੀ ਠੀਕ ਹੋ ਗਏ। ਬੰਬ ਦੀ ਕਿਸੇ ਛਿਲਤਰ ਨਾਲ ਅੱਖ ਦੀ ਕੋਈ ਨਾੜੀ ਨੁਕਸਾਨੀ ਗਈ ਸੀ, ਜਿਸ ਕਾਰਨ ਆਮ ਨਜ਼ਰ ਵਿਚ ਕੁਝ ਫ਼ਰਕ ਪੈ ਗਿਆ। ਹੁਣ ਇਸ ਘਾਟ ਕਾਰਨ ਫ਼ੌਜ ਵਿਚ ਪਰਤਣਾ ਸੰਭਵ ਨਹੀਂ ਸੀ। ਸੋ ਉਸ ਨੂੰ ਚੀਕਾ ਵਿਚ ਭੇਜ ਦਿੱਤਾ, ਜਿਥੇ ਡਾਕੂਆਂ ਤੇ ਲੁਟੇਰਿਆਂ ਨੂੰ ਕਾਬੂ ਕਰਨਾ ਸੀ। ਕੁਝ ਚਿਰ ਬਾਅਦ ਉਸ ਨੂੰ ਰੇਲਵੇ ਦੀਆਂ ਕੇਂਦਰੀ ਦੁਕਾਨਾਂ ਦੀ ਮੁਰੰਮਤ ਲਈ ਡਿਊਟੀ ਸੌਂਪੀ ਗਈ।
1921 ਵਿਚ ਕੀਵ ਸ਼ਹਿਰ ਵਾਸੀ ਸੀਤ ਲਹਿਰ ਤੋਂ ਬਹੁਤ ਤੰਗੀ ਕੱਟ ਰਹੇ ਸਨ। ਲੱਕੜ ਦੀ ਬੜੀ ਘਾਟ ਅਨੁਭਵ ਹੋ ਰਹੀ ਸੀ। ਨਾ ਹਸਪਤਾਲ, ਨਾ ਲੋਕੋ ਮੋਟਿਵ, ਨਾ ਸਕੂਲਾਂ ਤੇ ਘਰ ਲਈ ਬਾਲਣ ਮਿਲ ਰਿਹਾ ਸੀ। ਲੱਕੜੀ ਦਾ ਪ੍ਰਬੰਧ ਕਰਨ ਲਈ ਨੌਜਵਾਨ ਲੀਗ ਨੇ ਅੱਠ ਸੌ ਵਾਲੰਟੀਅਰਾਂ ਦੀ ਡਿਊਟੀ ਲਾਈ। ਕੰਮ ਕਰਨ ਦੀਆਂ ਹਾਲਤਾਂ ਬਹੁਤ ਬੁਰੀਆਂ ਸਨ। ਇਨ੍ਹਾਂ ਨਾਲ ਓਸਤਰੋਵਸਕੀ ਵੀ ਗਿਆ। ਇਸੇ ਅਸੰਭਵ ਕੰਮ ਨੂੰ ਸੰਭਵ ਬਣਾਉਣ ਲਈ ਉਸ ਨੂੰ ਆਪਣੀ ਜਵਾਨੀ ਦੀ ਕੁਰਬਾਨੀ ਦੇਣੀ ਪਈ। ਉਹ ਗੰਭੀਰ ਰੂਪ ਵਿਚ ਬੀਮਾਰ ਹੋ ਗਿਆ। ਪਹਿਲਾਂ ਟਾਈਫ਼ਾਈਡ, ਫਿਰ ਨਮੂਨੀਆ। ਸਾਰੇ ਕੰਮ ਛੁੱਟ ਗਏ। ਬੀਮਾਰੀ ਕਾਰਨ ਉਹ ਪਿੰਡ ਮਾਂ ਕੋਲ ਚਲਾ ਗਿਆ। ਯਉਸ ਨੇ ਦੇਸੀ ਟੋਟਕਿਆਂ ਨਾਲ ਉਹੜ-ਪੋੜ੍ਹ ਕੀਤਾ, ਪਰ ਅਸਫ਼ਲ।
ਉਸ ਵੇਲੇ ਉਸ ਦੀ ਉਮਰ 18 ਸਾਲ ਦੀ ਸੀ। ਡਾਕਟਰਾਂ ਨੇ ਲਿਖ ਦਿੱਤਾ ਕਿ ਉਹ ਹੁਣ ਕਿਸੇ ਕੰਮ ਕਰਨ ਦੇ ਯੋਗ ਨਹੀਂ ਹੈ। ਉਸ ਦੀ ਪੈਨਸ਼ਨ ਦੀ ਸਿਫ਼ਾਰਿਸ਼ ਕੀਤੀ ਗਈ ਪਰ ਉਸ ਨੇ ਸਖ਼ਤੀ ਨਾਲ ਪੈਨਸ਼ਨ ਤੋਂ ਨਾਂਹ ਕਰ ਦਿੱਤੀ ਤੇ ਕੰਮ ਦੀ ਮੰਗ ਕੀਤੀ। ਜਦ ਉਸ ਨੇ ਜ਼ਿੱਦ ਕੀਤੀ ਤਾਂ ਉਸ ਨੂੰ ਜ਼ਿਲ੍ਹੇ ਦਾ ਪਾਰਟੀ ਸਕੱਤਰ ਲਾ ਦਿੱਤਾ ਗਿਆ। ਪਰ ਉਹ ਹੁਣ ਵੀ ਟਿਕ ਕੇ ਬਹਿਣ ਵਾਲਾ ਨਹੀਂ ਸੀ। ਇਕ ਦੁਰਘਟਨਾ ਵਿਚ ਉਸ ਦੇ ਗੋਡੇ ਨੂੰ ਜ਼ਿਆਦਾ ਸੱਟ ਲੱਗ ਗਈ। ਪਹਿਲਾਂ ਹੀ ਉਸ ਦੀ ਸਰੀਰਕ ਹਾਲਤ ਮਾੜੀ ਸੀ ਤੇ ਉਤੋਂ ਇਹ ਦੁਰਘਟਨਾ। ਡਾਕਟਰਾਂ ਨੇ ਉਸ ਦੀ ਪੂਰੀ ਪੜਤਾਲ ਕੀਤੀ ਤੇ ਨਿਰਾਸ਼ ਹੋ ਗਏ। ਮੁਢਲੀ ਗ਼ਰੀਬੀ, ਫਿਰ ਜੰਗ ਦੇ ਜ਼ਖ਼ਮ, ਟਾਈਫ਼ਾਈਡ, ਜੋੜਾਂ ਦਾ ਰੋਗ, ਅਣਥੱਕ ਕੰਮ, ਸਭ ਨੇ ਰਲ ਕੇ ਉਸ ਦੇ ਲੋਹੇ ਵਰਗੇ ਜਿਸਮ ਨੂੰ ਨਿਕੰਮਾ ਕਰ ਦਿੱਤਾ ਸੀ। ਉਸ ਵੇਲੇ ਉਸ ਦੀ ਉਮਰ ਕੇਵਲ ਵੀਹ ਸਾਲ ਦੀ ਸੀ। ਹੁਣ ਉਹ ਕਿਸੇ ਸਰੀਰਕ ਕੰਮ ਦੇ ਯੋਗ ਨਹੀਂ ਰਿਹਾ ਸੀ। ਕਰੇ ਤੇ ਕੀ ਕਰੇ? ਬੇਬਸੀ ਦਾ ਸਾਕਾਰ ਰੂਪ। ਉਮਰ ਭਰ ਲਈ ਅਪਾਹਜ, ਨਿਰਬਲ ਤੇ ਨਿਰਭਰ। ਮੰਜੇ ਦਾ ਸਾਥੀ, ਬੇਬੱਸ ਤੇ ਨਿਤਾਣਾ। ਪਰ ਨਹੀਂ। ਉਸ ਦੀ ਆਤਮਾ ਬਲਵਾਨ ਸੀ।

4
ਹੁਣ ਉਸ ਦੀ ਬਿਮਾਰੀ ਦਾ ਇਕ ਨਵਾਂ ਸਫ਼ਰ ਸ਼ੁਰੂ ਹੋਇਆ। ਇਕ ਹਸਪਤਾਲ ਤੋਂ ਦੁੂਜਾ। ਇਕ ਸ਼ਹਿਰ ਤੋਂ ਦੂਜੇ ਤੀਕ, ਕਠਨ ਯਾਤਰਾ। ਇਕ ਸਿਹਤ ਕੇਂਦਰ ਤੋਂ ਦੂਜੇ ਤਕ। ਖਾਰਕੋਵ, ਯਵਾਪਾਟੋਰੀਆ, ਸਲਾਵੀਅੰਕਸ, ਫਿਰ ਨੋਵੋਰੋਸਕਸ, ਮਾਸਕੋ, ਸੋਚੀ, ਫਿਰ ਮਾਸਕੋ ਤੇ ਫਿਰ ਸੋਚੀ। ਅਜੀਬ ਚੱਕਰ। ਦੇਸ਼ ਵਿਚ ਕ੍ਰਾਂਤੀ ਦੇ ਵਿਰੋਧੀ ਤੇ ਦੁਸ਼ਮਣ ਖ਼ਤਮ ਹੋ ਜਾਣ ਦੀ ਓਸਤਰੋਵਸਕੀ ਨੂੰ ਬੜੀ ਖ਼ੁਸ਼ੀ ਸੀ। ਪਰ ਉਸ ਦੀ ਬਿਮਾਰੀ ਦੇ ਵਧਣ ਨਾਲ ਚਿੰਤਾ ਹੋਣ ਲੱਗੀ। ਹੁਣ ਉਹ ਫੌੜੀਆਂ ਤੋਂ ਬਗ਼ੈਰ ਤੁਰ ਨਹੀਂ ਸੀ ਸਕਦਾ ਤੇ ਇੰਝ ਸਹਾਰਿਆਂ ਨਾਲ ਤੁਰਨਾ ਉਸ ਨੂੰ ਚੰਗਾ ਵੀ ਨਹੀਂ ਸੀ ਲਗਦਾ। ਸਿੱਟੇ ਵਜੋਂ ਬਿਸਤਰੇ ‘ਤੇ ਪਏ ਰਹਿਣ ਦੀ ਮਜਬੂਰੀ ਉਸ ਨੂੰ ਦੁਖਦਾਈ ਲਗਦੀ ਸੀ। ਪਹਿਲੀ ਕਤਾਰ ਦਾ ਨੌਜਵਾਨ ਯੋਧਾ ਬਿਮਾਰੀ ਸਾਹਮਣੇ ਬੇਬੱਸ ਤੇ ਨਿਢਾਲ ਹੋ ਕੇ ਰਹਿ ਗਿਆ ਸੀ। ਇਸ ਮਜਬੂਰੀ ਦਾ ਅਹਿਸਾਸ ਉਸ ਨੂੰ ਦੁਖੀ ਕਰਦਾ। ਦੁਖੀ ਹੋਏ ਉਸ ਨੇ ਲਿਖਿਆ, ”ਮੈਂ ਬਘਿਆੜ ਦੇ ਬੱਚੇ ਵਾਂਗ, ਫੜ ਕੇ ਪਿੰਜਰੇ ਵਿਚ ਪਾ ਦਿੱਤਾ ਗਿਆ ਸੀ।”
ਹੁਣ ਉਸ ਦੀ ਬਿਮਾਰੀ ਦੀ ਪੁਣ-ਛਾਣ ਆਰੰਭ ਹੋਈ। ਉਸ ਦੇ ਦੋਵਾਂ ਗੋਡਿਆਂ ਨੂੰ ਜਲੋਧਰ ਰੋਗ ਸੀ। ਡਾਕਟਰਾਂ ਨੇ ਅਤਿ ਦੇ ਵਿਕਸਿਤ ਹੋਏ ਇਲਾਜ ਕੀਤੇ ਪਰ ਕੋਈ ਫ਼ਰਕ ਨਾ ਪਿਆ। ਫਿਰ ਉਨ੍ਹਾਂ ਗੋਡਿਆਂ ਦਾ ਅਪਰੇਸ਼ਨ ਕੀਤਾ ਪਰ ਇਸ ਨਾਲ ਸਥਿਤੀ ਹੋਰ ਵੀ ਬੁਰੀ ਹੋ ਗਈ। ਉਨ੍ਹਾਂ ਨੇ ਦੋਵਾਂ ਲੱਤਾਂ ਨੂੰ ਕੱਟਣ ਦੀ ਸਲਾਹ ਦਿੱਤੀ ਪਰ ਓਸਤਰੋਵਸਕੀ ਨੇ ਨਾਂਹ ਕਰ ਦਿੱਤੀ, ”ਇੰਝ ਤਾਂ ਮੈਂ ਬਿਲਕੁਲ ਹੀ ਬੇਬੱਸ ਹੋ ਜਾਵਾਂਗਾ।” ਉਸ ਨੇ ਭਰਾ ਨੂੰ ਲਿਖਿਆ, ”ਜੇ ਮੇਰੀ ਕਿਸਮਤ ਚੰਗੀ ਹੋਈ, ਮੈਂ ਠੀਕ ਹੋ ਕੇ ਵਾਪਸ ਆਪਣੀ ਪਿਆਰੀ ਪਾਰਟੀ ਵਿਚ ਕੰਮ ਕਰਨ ਲਈ ਆ ਜਾਵਾਂਗਾ।”
ਉਸ ਦੀ ਹਾਲਤ ਤਰਸਯੋਗ ਸੀ। ਪਹਿਲੀਆਂ ਸਫ਼ਾਂ ਵਿਚ ਆਗੂ ਰੋਲ ਨਿਭਾਉਂਦਾ ਉਹ ਹੁਣ ਅਪਾਹਜ ਬਣ ਕੇ ਬੈਠ ਗਿਆ ਸੀ। ਉਧਰ ਸਾਰੇ ਦੇਸ਼ ਵਿਚ ਪਹਿਲੀ ਪੰਜ ਸਾਲਾ ਯੋਜਨਾ ਚਾਲੂ ਹੋ ਗਈ ਸੀ। ਖੇਤੀ ਤੇ ਉਦਯੋਗ ਦੇ ਖੇਤਰ ਵਿਚ ਵੱਡੇ ਟੀਚੇ ਮਿੱਥੇ ਗਏ ਸਨ। ਸਾਰਾ ਦੇਸ਼ ਹੀ ਵਿਕਾਸ ਕਾਰਜਾਂ ਵਿਚ ਜੁੱਟ ਗਿਆ ਸੀ। ਐਸੀ ਹਾਲਤ ਵਿਚ ਬਿਮਾਰ ਹੋ ਕੇ ਮੰਜੇ ‘ਤੇ ਪੈ ਜਾਣਾ ਕੈਸੀ ਮਜਬੂਰੀ ਸੀ। ਉਸ ਵਿਚ ਇਕ ਵੱਡਾ ਗੁਣ ਸੀ, ਗੱਲ ਕਰਨ ਦਾ। ਆਪਣੇ ਜੀਵਨ -ਤਜਰਬਿਆਂ ਨੂੰ ਬਿਆਨ ਕਰਦਾ, ਉਹ ਸਰੋਤਿਆਂ ਨੂੰ ਕੀਲ ਕੇ ਬਿਠਾ ਲੈਂਦਾ ਸੀ। ਉਸ ਕੋਲ ਜੀਵਨ ਦਾ ਡੂੰਘਾ ਅਨੁਭਵ ਸੀ। ਉਹ ਗੱਲਾਂ ਨਾਲ ਸਰੋਤਿਆਂ ਨੂੰ ਹਸਾ ਤੇ ਰੁਆ ਸਕਣ ਦੇ ਕਾਬਲ ਸੀ।
ਕਿਸੇ ਨੇ ਸੁਝਾਅ ਦਿੰਦਿਆਂ ਆਖਿਆ, ”ਤੂੰ ਇਨ੍ਹਾਂ ਤਜਰਬਿਆਂ ਨੂੰ ਲਿਖਦਾ ਕਿਉਂ ਨਹੀਂ।” ਉਸ ਨੇ ਖ਼ੁਦ ਵੀ ਕਦੇ-ਕਦੇ ਇਸ ਬਾਰੇ ਸੋਚਿਆ ਸੀ ਪਰ ਗੱਲ ਸੁਣਾ ਦੇਣੀ ਕਿਤੇ ਸੌਖੀ ਸੀ। ਲਿਖਣੀ ਔਖੀ ਪ੍ਰਤੀਤ ਹੁੰਦੀ ਸੀ। ਇਹ ਕੰਮ ਤਾਂ ਕੋਈ ਲੇਖਕ ਹੀ ਕਰ ਸਕਦਾ ਸੀ ਤੇ ਉਹ ਲੇਖਕ ਨਹੀਂ ਸੀ। ਕਾਸ਼! ਉਸ ਨੂੰ ਲਿਖਣ ਦੀ ਜਾਚ ਹੁੰਦੀ! ਉਸ ਕੋਲ ਅਨੁਭਵ ਦੀ ਅਮੀਰੀ ਸੀ ਪਰ ਸ਼ਬਦਾਂ ਦੀ ਘਾਟ ਸੀ। ਪੁਸਤਕ ਲਿਖਣ ਲਈ ਸਭਿਆਚਾਰਕ ਪੱਧਰ ਦੀ ਬੁਲੰਦੀ ਚਾਹੀਦੀ ਸੀ। ਉਸ ਕੋਲ ਇਹ ਖ਼ਜ਼ਾਨਾ ਨਹੀਂ ਸੀ ਪਰ ਉਸ ਨੇ ਇਸ ਘਾਟ ਨੂੰ ਪੂਰਾ ਕਰਨ ਬਾਰੇ ਸੋਚਣਾ ਅਰੰਭ ਕਰ ਦਿੱਤਾ। ਜਦੋਂ ਉਸ ਨੂੰ ਇਸ ਘਾਟ ਦਾ ਅਹਿਸਾਸ ਹੋ ਗਿਆ ਤਾਂ ਉਸ ਨੇ ਆਪਣੇ ਅਧਿਐਨ ਵੱਲ ਧਿਆਨ ਦੇਣਾ ਅਰੰਭ ਕੀਤਾ।
ਕਲਮ ਚੁੱਕਣ ਤੋਂ ਪਹਿਲਾਂ ਉਸ ਨੇ ਸੋਵੀਅਤ-ਰੂਸ ਦੇ ਪ੍ਰਾਚੀਨ ਗਲਪ ਨੂੰ ਗੰਭੀਰਤਾ ਨਾਲ ਪੜ੍ਹਨਾ ਸ਼ੁਰੂ ਕੀਤਾ। ਪੁਸ਼ਕਿਨ, ਗੋਗੋਲ, ਲਰਮਨਤੋਵ, ਨੈਕਗਸੋਵ, ਟਾਲਸਟਾਏ, ਚੈਖੋਵ, ਗੋਰਕੀ। ਕੇਵਲ ਪੜ੍ਹਨਾ ਹੀ ਨਹੀਂ, ਪੜ੍ਹ ਕੇ ਘੋਖਣਾ, ਵਿਚਾਰਨਾ। ਫਿਰ ਉਸ ਨੇ ਸਮਕਾਲੀ ਲੇਖਕਾਂ ਨੂੰ ਪੜ੍ਹਿਆ। ਫਰਮਾਨੋਵ, ਮਾਇਆ ਕੋਵਸਕੀ, ਸਰਾਫ਼ੀਮੋਵਿਚ, ਸ਼ੋਲੋਖੋਵ, ਕੇ. ਫੇਦਿਨ ਤੇ ਹੋਰ ਕਈ। ਫਿਰ ਉਸ ਨੇ ਯੂਰਪ ਦੀਆਂ ਭਾਸ਼ਾਵਾਂ ਦੇ ਰੂਸੀ ਵਿਚ ਹੋਏ ਅਨੁਵਾਦ ਪੜ੍ਹੇ। ਮੈਕਸਿਮ ਗੋਰਕੀ ਨੇ ਉਸ ਨੂੰ ਸਭ ਤੋਂ ਵੱਧ ਪ੍ਰਭਾਵਤ ਕੀਤਾ।
ਗ੍ਰਹਿ-ਯੁੱਧ ਦੇ ਸਾਲਾਂ ਬਾਰੇ ਲਿਖੇ ਗਏ ਸਾਹਿਤ ਤੇ ਪੱਤਰਕਾਰੀ ਲਿਖਤਾਂ ਵਿਚ ਉਸ ਨੂੰ ਵਧੇਰੇ ਦਿਲਚਸਪੀ ਸੀ। ਅਧਿਐਨ ਕਰਦੇ ਸਮੇਂ ਉਸ ਦਾ ਬੰਧੇਜ ਯੋਜਨਾ-ਬੱਧ ਹੁੰਦਾ ਸੀ। ਉਸ ਵਿਚ ਵਿਘਨ ਨਹੀਂ ਸੀ ਪੈਣ ਦਿੰਦਾ। ‘ਅਜਾਈਂ ਗਵਾਏ ਸਮੇਂ’ ਨੂੰ ਵੀ ਗਿਣਿਆ ਜਾਂਦਾ ਸੀ। 1928 ਦਾ ਸਾਲ ਸੀ, ਜਦੋਂ ਉਸ ਦੀ ਨਜ਼ਰ ਬਿਲਕੁਲ ਬੰਦ ਹੋ ਗਈ। ਇਹ ਬਹੁਤ ਵੱਡੀ ਸੱਟ ਸੀ। ਸਭ ਤੋਂ ਬੇਰਹਿਮ ਕਹਿਰ। ਹੁਣ ਉਹ ਹਰ ਮਿਲਣ ਆਏ ਨੂੰ ਆਖਦਾ ਕਿ ਮੈਨੂੰ ਪੜ੍ਹ ਕੇ ਸੁਣਾਇਆ ਕਰੋ। ‘ਪੜ੍ਹੋ, ਇਹ ਮੇਰਾ ਨਾਅਰਾ ਹੈ’, ਹੌਲੀ-ਹੌਲੀ ਹੁਣ ਉਹ ਇਕ ਬਾਲਸ਼ਵਿਕ ਬੁੱਧੀਜੀਵੀ ਬਣ ਗਿਆ ਸੀ।
1930-31 ਵਿਚ ਇਕ ਦਿਨ ਉਸ ਨੇ ‘ਸੂਰਮੇ ਦੀ ਸਿਰਜਣਾ’ ਨਾਵਲ ਬੋਲ ਕੇ ਲਿਖਾਉਣਾ ਸ਼ੁਰੂ ਕਰ ਦਿੱਤਾ। ਡਾਕਟਰ ਵੀ ਉਸ ਨੂੰ ਅਜਿਹਾ ਕਰਨ ਤੋਂ ਰੋਕ ਨਾ ਸਕੇ। ਹੁਣ ਉਹ ਰਾਤ ਦਿਨ ਬਿਸਤਰ ਵਿਚ ਹੀ ਲੰਮਾ ਪਿਆ ਰਹਿੰਦਾ ਸੀ। ਉਸ ਨੂੰ ਪਤਾ ਸੀ ਕਿ ਉਸ ਨੇ ਕੀ ਲਿਖਵਾਉਣਾ ਸੀ। ਇਹ ਦੇਸ਼ ਦੀ ਨਵੀਂ ਪੀੜ੍ਹੀ ਦੇ ਬਾਰੇ ਇਕ ਯੋਧੇ ਦੀ ਬੀਰ-ਗਾਥਾ ਹੋਣੀ ਸੀ।
5
ਓਸਤਰੋਵਸਕੀ ਨੂੰ ਬਿਮਾਰੀ ਹਰ ਪਲ ਖਾਈ ਸੁਕਾਈ ਜਾ ਰਹੀ ਸੀ। ਉਸ ਨੂੰ ਫੁਰਤੀ ਕਰਨੀ ਚਾਹੀਦੀ ਸੀ। ਇਹ ਨਾ ਹੋਵੇ ਕਿ ਉਸ ਦੀ ਯੋਜਨਾਬੰਦੀ ਅਸਫ਼ਲ ਹੋ ਜਾਵੇ। ”ਮੈਨੂੰ ਚਾਹੀਦਾ ਹੈ ਕਿ ਮੈਂ ਆਪਣਾ ਹਮਲਾ ਅਰੰਭ ਕਰਾਂ।” ਉਸ ਨੇ ਆਪਣੀ ਪਤਨੀ ਨੂੰ ਆਖਿਆ, ”ਮੈਂ ਨਾਵਲ ਲਿਖਣ ਦੀ ਭਾਵਨਾ ਨਾਲ ਭਰਿਆ ਪਿਆ ਹਾਂ।”
ਪਰ ਉਸ ਦੇ ਰਾਹ ਵਿਚ ਅਨੇਕ ਔਕੜਾਂ ਸਨ। ਉਸ ਦੀ ਲਿਖਣ ਵਿਚ ਸਹਾਇਤਾ ਕਰਨ ਵਾਲਾ ਹੋਰ ਕੋਈ ਨਹੀਂ ਸੀ। ਉਂਗਲਾਂ ਨਾਲ ਪੈਨਸਿਲ ਪਕੜਨੀ ਔਖੀ ਪ੍ਰਤੀਤ ਹੁੰਦੀ। ਕਿਉਂਕਿ ਉਂਗਲਾਂ ਲੋੜ ਅਨੁਸਾਰ ਮੁੜਦੀਆਂ ਨਹੀਂ ਸਨ। ਕਈ ਵਾਰ ਸਤਰਾਂ ਇਕ ਦੂਜੇ ਦੇ ਉਤੇ ਹੇਠਾਂ ਲਿਖ ਹੋ ਜਾਂਦੀਆਂ। ਇਸ ਔਕੜ ਨੂੰ ਦੂਰ ਕਰਨ ਲਈ ਇਕ ਜੁਗਤ ਕੱਢੀ ਗਈ। ਇਕ ਕਾਰਡ-ਬੋਰਡ ਲੈ ਕੇ ਉਸ ‘ਤੇ ਪੱਤੀਆਂ ਫਿਟ ਕਰ ਕੇ ਇਕ ਫੱਟੀ ਬਣਾਈ ਗਈ। ਉਸ ਵਿਚ ਕੋਰੇ ਕਾਗ਼ਜ਼ ਲਾਏ ਜਾਂਦੇ। ਇੰਝ ਹਰ ਲਿਖੀ ਸਤਰ ਅਲੱਗ-ਅਲੱਗ ਲਿਖੀ ਜਾ ਸਕਦੀ ਸੀ। ਉਨ੍ਹਾਂ ਦਿਨਾਂ ਵਿਚ ਉਹ ਰਾਤ ਨੂੰ ਕੰਮ ਕਰਦਾ ਹੁੰਦਾ ਸੀ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਫੱਟੀ ਵਿਚ ਪੰਝੀ ਤੀਹ ਕਾਗ਼ਜ਼ ਲਾ ਦਿੱਤੇ ਜਾਂਦੇ ਤੇ ਕੁਝ ਪੈਨਸਿਲਾਂ ਘੜ ਕੇ ਰੱਖ ਦਿੱਤੀਆਂ ਜਾਂਦੀਆਂ। ਦਿਨ ਚੜ੍ਹਦੇ ਨੂੰ ਉਹ ਸਾਰੇ ਕਾਗ਼ਜ਼ ਭਰੇ ਹੁੰਦੇੇ।
ਦਿਨ ਚੜ੍ਹੇ ਰਾਤ ਦੇ ਲਿਖੇ ਵਰਕਿਆਂ ਦਾ ਸਾਫ਼ ਕਰ ਕੇ ਉਤਾਰਾ ਕੀਤਾ ਜਾਂਦਾ। ਪਿਛੋਂ ਜਦ ਉਸ ਲਈ ਹੱਥਾਂ ਨਾਲ ਲਿਖਣਾ ਅਸੰਭਵ ਹੋ ਗਿਆ ਤਾਂ ਕੁਝ ਵਲੰਟੀਅਰ ਆ ਜਾਂਦੇ, ਜਿਨ੍ਹਾਂ ਨੂੰ ਉਹ ਬੋਲ ਕੇ ਲਿਖਵਾਉਂਦਾ। ਪਰ ਇਸ ਨਾਲ ਵੀ ਉਸ ਦੀ ਮੁਸ਼ਕਲ ਹੱਲ ਨਾ ਹੁੰਦੀ। ਪ੍ਰੇਰਨਾ ਦੀ ਘੜੀ ਦੇ ਨਾਲ-ਨਾਲ ਉਸ ਨੂੰ ਕਿੰਨਾ ਕੁਝ ਸਰੀਰਕ ਤੌਰ ‘ਤੇ ਬਰਦਾਸ਼ਤ ਕਰਨਾ ਪੈਂਦਾ। ਓਸਤਰੋਵਰਕੀ ਦੀ ਯਾਦਦਾਸ਼ਤ ਠੀਕ ਸੀ। ਉਸ ਨੂੰ ਪਾਤਰਾਂ ਤੇ ਘਟਨਾਵਾਂ ਦੀ ਯਾਦ ਪੂਰੀ-ਪੂਰੀ ਸੀ। ਉਹ ਹੌਸਲਾ ਹਾਰਨ ਵਾਲਾ ਲੇਖਕ ਨਹੀਂ ਸੀ। ਅਜਿਹੀਆਂ ਮਿਸਾਲਾਂ ਵਿਸ਼ਵ- ਇਤਿਹਾਸ ਵਿਚ ਟਾਵੀਆਂ-ਟਾਵੀਆਂ ਹੀ ਹਨ। ਬਿਨਾਂ ਨਜ਼ਰ ਤੋਂ ਲਿਖਣਾ, ਇਕ ਨਿਰਾਲਾ ਤੇ ਅਜੀਬ ਅਨੁਭਵ ਸੀ।
ਪਹਿਲਾਂ ਪਹਿਲ ਓਸਤਰੋਵਸਕੀ ਨੇ ਸੋਚਿਆ ਕਿ ਉਹ ਆਪਣੇ ਜੀਵਨ ਦੀਆਂ ਯਾਦਾਂ ਨੂੰ ਸਿੱਧ-ਪੱਧਰੇ ਢੰਗ ਨਾਲ ਅੰਕਿਤ ਕਰ ਦੇਵੇ। ਜਿਵੇਂ ਉਸ ਨਾਲ ਜੀਵਨ ਵਿਚ ਵਾਪਰਦਾ ਰਿਹਾ ਸੀ। ਉਸ ਨੂੰ ਚੇਤੇ ਕਰ ਕੇ ਹੂਬਹੂ, ਸਿਲਸਿਲੇਵਾਰ ਲਿਖ ਦੇਵੇ, ਨਾਵਲ ਲਿਖਣ ਦਾ ਕਾਰਜ ਔਖਾ ਸੀ। ਇਸ ਵਿਚ ਕਲਾਤਮਕ ਯੂਝ ਤੇ ਸਿਰਜਣਾ ਦੀ ਲੋੜ ਸੀ। ਨਾਵਲ ਵਧੇਰੇ ਗੰਭੀਰ ਵਿਉਂਤਬੰਦੀ ਦੀ ਮੰਗ ਕਰਦਾ ਸੀ। ਉਸ ਨੂੰ ਕਈ ਦਿਨ ਇਸ ਬਾਰੇ ਦੁਬਾਰਾ ਸੋਚਣਾ, ਵਿਚਾਰਨਾ ਪਿਆ। ਵਾਰਤਕ ਵਿਚਾਰਾਂ ਅੰਕਿਤ ਕਰਨੀਆਂ ਸੌਖੀਆਂ ਸਨ। ਇਸ ਲਈ ਇਸ ਕਲਾ ਦੀ ਲੋੜ ਨਹੀਂ ਸੀ ਪਰ ਨਾਵਲ ਇਕ ਵਖਰੇ ਖੇਤਰ ਦੀ ਗੱਲ ਸੀ। ਕਈ ਦਿਨ ਇਹ ਮਾਨਸਿਕ ਕਸ਼ਮਕਸ਼ ਚਲਦੀ ਰਹੀ। ਨਾਵਲ ਕਲਾ ਰਾਤੋ-ਰਾਤ ਤਾਂ ਸਿੱਖੀ ਨਹੀਂ ਜਾ ਸਕਦੀ।
ਇਹ ਠੱਲ੍ਹ ਅਥਵਾ ਅੜਚਨ ਨੂੰ ਪਾਰ ਕਰਨਾ ਵੱਡੀ ਸਮੱਸਿਆ ਸੀ। ਉਸ ਨੇ ਨਾਵਲ-ਕਲਾ ਬਾਰੇ ਲਿਖੇ ਲੇਖ ਗਹੁ ਨਾਲ ਸੁਣੇੇ ਤੇ ਵਿਚਾਰੇ। ਵਿਸ਼ੇਸ਼ ਪਾਤਰਾਂ ਨੂੰ ਵਿਸ਼ੇਸ਼ ਸਥਿਤੀਆਂ ਵਿਚ ਪੇਸ਼ ਕਰਨਾ ਤੇ ਹਰ ਪਾਤਰ ਦੇ ਵਿਅਕਤੀਤਵ ਦੀ ਨਿਖੜਵੀਂ ਉਸਾਰੀ ਕਰਨੀ। ਇਸ ਸਮੱਸਿਆ ਦਾ ਹੱਲ ਕਿਵੇਂ ਲੱਭੇਗਾ?
ਉਸ ਦੇ ਮਨ ਵਿਚ ਥਾਵਾਂ, ਘਟਨਾਵਾਂ ਤੇ ਲੋਕਾਂ ਦੇ ਬਚਪਨ, ਲੜਕਪਨ ਤੇ ਜਵਾਨੀ ਵੇਲੇ ਦੇ ਚਿਹਰੇ ਘੁੰਮਦੇ ਰਹਿੰਦੇ। ਸਭਨਾਂ ਨੂੰ ਇਕ ਪੁਸਤਕ ਵਿਚ ਸਮੇਟਣਾ ਕਿਵੇਂ ਸੀ। ਕਿਹੜੀ ਘਟਨਾ ਛੱਡਣੀ ਤੇ ਕਿਹੜੀ ਦਾ ਵਰਨਣ ਕਰਨਾ ਸੀ। ਉਸ ਨੂੰ ਗੋਰਕੀ ਦੀ ਗੱਲ ਚੇਤੇ ਆਉਂਦੀ। ‘ਲਿਖਣ ਦੀ ਕਲਾ, ਪਾਤਰਾਂ ਦੀ ਰਚਨਾ, ‘ਟਾਈਪ’ ਦੀ ਸਿਰਜਣਾ, ਕਈ ਕਲਪਨਾਵਾਂ ਦੀ ਦਿਭ-ਦ੍ਰਿਸ਼ਟੀ, ਕਾਢ ਦੀ ਲੋੜ ਹੁੰਦੀ ਹੈ। ਇਹ ਠੀਕ ਨਹੀਂ ਕਿ ਇਕ ਚੂਜੇ ਨੂੰ ਖੰਭਾਂ ਸਣੇ ਭੁੰਨਣਾ ਹੈ। ਤੁਹਾਨੂੰ ਇਹ ਗੱਲ ਚੇਤੇ ਰੱਖਣੀ ਹੈ ਕਿ ਬੇਲੋੜੇ ਖੰਭ ਕੁਤਰਨੇ ਹਨ ਤੇ ਅਸਲੀ ਅਰਥ ਕੱਢਣੇ ਹਨ।”
ਸੋਚਦੇ ਵਿਚਾਰਦੇ, ਹੌਲੀ-ਹੌਲੀ ਉਸ ਦੇ ਦਿਮਾਗ ਵਿਚ ਪੁਸਤਕ ਦੀ ਰੂਪ-ਰੇਖਾ ਬਣਨੀ ਸ਼ੁਰੂ ਹੋ ਗਈ। ਇਸ ਦੇ ਦੋ ਹਿੱਸੇ ਹੋਣਗੇ। ਪਹਿਲੇ ਹਿੱਸੇ ਦੇ ਨੌ ਕਾਂਡ ਹੋਣਗੇ ਤੇ ਇਹ ਗ੍ਰਹਿ-ਯੁੱਧ ਦੇ ਖ਼ਾਤਮੇ ਤੀਕ ਹੋਵੇਗਾ। ਦੂਜਾ ਭਾਗ ਮੁੱਖ ਪਾਤਰ ਕੋਰ ਚਾਗਨ ਦਾ ਜੀਵਨ ਪੁਸਤਕ ਦੇ ਅੰਤ ਤੀਕ ਚੱਲੇਗਾ। ਪਰ ਕਿਵੇਂ? ਇਹ ਮੁੱਖ ਚੁਣੌਤੀ ਸੀ।

6
ਇਹ ਕੋਈ ਸਿੱਧੀ ਸਾਦੀ ਗੱਲ ਨਹੀਂ ਸੀ। ਨਾਵਲ ਦਾ ਪਲਾਟ ਉਸ ਦੀ ਗੋਂਦ, ਵਿਰੋਧੀ ਹਿੱਤਾਂ ਦਾ ਟਕਰਾਅ, ਪਾਤਰਾਂ ਦੀ ਉਸਾਰੀ, ਵਖਰੇ-ਵਖਰੇ ਗੁਣ ਦੋਸ਼, ਸਹੀ ਸ਼ਬਦ ਚੋਣ, ਵਜ਼ਨਦਾਰ, ਸੰਖੇਪ, ਦੋ ਹਰਫ਼ੀ, ਪ੍ਰਗਟਾਊ ਵਾਰਤਾਲਾਪ ਸਾਰੇ ਮਸਲੇ ਕਿਵੇਂ ਨਜਿੱਠੇ ਜਾਣੇ ਸਨ। ਓਸਤਰੋਵਸਕੀ ਕੋਲ ਨਾਵਲ-ਲਿਖਣ ਦਾ ਕੋਈ ਤਜਰਬਾ ਨਹੀਂ ਸੀ। ਹੋਰਨਾਂ ਨਾਵਲਾਂ ਦੇ ਪਾਠ ਤੋਂ ਬਿਨਾ ਹੋਰ ਕੋਈ ਰਾਹ ਵਿਖਾਉੂ ਵਿਧੀ ਨਹੀਂ ਸੀ। ਹੋਰ ਨਾਵਲ ਪੜ੍ਹ/ਸੁਣ ਕੇ, ਹੁਣ ਉਸ ਨੇ ਆਪ ਨਾਵਲ ਲਿਖਣਾ ਸੀ। ਨਵਾਂ ਨਾਵਲ।
ਲਿਖਦਾ-ਲਿਖਦਾ, ਉਹ ਕਈ ਵਾਰ ਖਿੱਝ ਜਾਂਦਾ ਤੇ ਗੁੱਸੇ ਵਿਚ ਆ ਕੇ ਉਸ ਘੜੀ ਨੂੰ ਕੋਸਦਾ ਜਦੋਂ ਉਸ ਦੀਆਂ ਅੱਖਾਂ ਦੀ ਜੋਤ ਜਵਾਬ ਦੇ ਗਈ ਸੀ। ਉਹ ਪੈਨਸਿਲ ਤੋੜ ਸੁੱਟਦਾ ਤੇ ਬੁੱਲਾਂ ਨੂੰ ਪੀਚਦਾ ਤੇ ਲਹੂ ਨਿਕਲ ਆਉਂਦਾ। ਕਿੰਨੀ ਵਾਰ ਉਸ ਨੇ ਆਪਣੇ ਹੀ ਬੁੱਲਾਂ ਨੂੰ ਚਿੱਥਿਆ ਤੇ ਲਹੂ ਕੱਢਿਆ।
1931 ਦਾ ਸਾਲ ਜਾ ਰਿਹਾ ਸੀ। ਲਿਖਤ ਦੀ ਤੋਰ ਹੌਲੀ-ਹੌਲੀ ਚੱਲ ਰਹੀ ਸੀ। ਉਸ ਨੇ ਦੋਸਤਾਂ ਦੀ ਰਾਏ ਲਈ ਲਿਖਤ ਦੇ ਕੁਝ ਹਿੱਸੇ ਮਿੱਤਰਾਂ ਨੂੰ ਭੇਜੇ। ਉਸ ਨੇ ਆਪਣੀ ਸਹਾਇਕ ਕੁੜੀ ਨੂੰ ਇਕ ਦਿਨ ਆਖਿਆ, ”ਜੇ ਮੇਰੀ ਕਿਤਾਬ ਛਪਾਈ ਲਈ ਪ੍ਰਵਾਨ ਹੋ ਗਈ ਤਾਂ ਮੈਂ ਤੈਨੂੰ, ਸਭ ਨੂੰ ਪਾਰਟੀ ਕਰਾਂਗਾ। ਤੁਸੀਂ ਸਾਰੇ ਜਣੇ ਵਾਈਨ ਪੀਣਾ ਤੇ ਮੈਂ ਚਸ਼ਮੇ ਦੇ ਪਾਣੀ ਦਾ ਗਲਾਸ ਪੀਵਾਂਗਾ।”
ਕਈ ਵਾਰ ਉਸ ਨੂੰ ਖ਼ਿਆਲ ਆਉਂਦਾ ਕਿ ਉਸ ਦੀ ਪੁਸਤਕ ਸੰਪਾਦਕੀ ਬੋਰਡ ਵਲੋਂ ਰੱਦ ਹੋ ਗਈ ਹੈ ਤੇ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤੀ ਗਈ ਹੈ। ਇਸ ਹਾਲਤ ਵਿਚ ਉਹ ਸੋਚਦਾ, ਮੈਂ ਦੁਬਾਰਾ ਲਿਖਣਾ ਸ਼ੁਰੂ ਕਰਾਂਗਾ ਤੇ ਹੋਰ ਮਿਹਨਤ ਕਰਾਂਗਾ। ਉਸ ਨੂੰ ਆਲੋਚਕਾਂ ਦੀ ਰਾਏ ਤੋਂ ਕਦੇ ਘਬਰਾਹਟ ਨਹੀਂ ਹੋਈ ਸੀ। ਨਾ ਹੀ ਉਸ ਨੂੰ ਕਦੇ ਹੰਕਾਰ ਹੋਇਆ ਸੀ। ਆਪਣੀ ਲਿਖਤ ਪ੍ਰਤੀ ਉਸ ਦਾ ਵਤੀਰਾ ਆਲੋਚਨਾਤਮਕ ਹੁੰਦਾ ਸੀ। ਉਹ ਆਪਣੇ ਦੋਸਤਾਂ ਕੋਲੋਂ ਵੀ ਸਪੱਸ਼ਟ, ਇਮਾਨਦਾਰੀ ਵਾਲੀ ਤੇ ਠੀਕ ਰਾਏ ਦੇਣ ਦੀ ਆਸ ਰੱਖਦਾ ਸੀ। ਉਸ ਨੇ ਬਹੁਤ ਸਾਰੇ ਮਿੱਤਰਾਂ ਨੂੰ ਚਿੱਠੀਆਂ ਲਿਖੀਆਂ ਤੇ ਸੰਤੁਲਤ ਰਾਏ ਦੀ ਮੰਗ ਕੀਤੀੇ।
ਉਸ ਨੂੰ ਸ਼ੰਕੇ ਦੁਖੀ ਕਰਦੇ। ਕੀ ਉਸ ਦਾ ਨਾਵਲ ਪ੍ਰਵਾਨ ਹੋ ਜਾਵੇਗਾ? ਉਸ ਦੇ ਦੋਸਤ ਹੁੰਗਾਰਾ ਭਰਨ ਵਿਚ ਘੌਲ ਕਿਉਂ ਕਰ ਰਹੇ ਸਨ? ਕੀ ਉਹ ਉਸ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਤੋਂ ਝਿਜਕਦੇ ਹਨ? ਇਹ ਤੇ ਅਜਿਹੇ ਹੋਰ ਸੰਸੇ। ਉਸ ਨੇ ਏ. ਜ਼ਹੀਗਰੇਵਾ ਨੂੰ 13 ਜਨਵਰੀ 1932 ਨੂੰ ਇਕ ਚਿੱਠੀ ਲਿਖੀ। ਉਸ ਦੇ ਸੰਸੇ ਗ਼ਲਤ ਨਹੀਂ ਸਨ।
ਉਸ ਦੇ ਉਕਤ ਮਿੱਤਰ ਨੇ ਉਸ ਦਾ ਖਰੜਾ ਪੜ੍ਹ ਲਿਆ ਸੀ ਤੇ ਪੜ੍ਹ ਕੇ ਉਹ ਲੈਨਿਨਗਾਰਾਡ ਦੇ ਸਰਕਾਰੀ ਪ੍ਰਕਾਸ਼ਨ-ਘਰ ਵਿਖਾਉਣ ਲਈ ਲੈ ਗਿਆ ਸੀ। ਪ੍ਰਕਾਸ਼ਕਾਂ ਨੇ ਪੜ੍ਹ ਕੇ ਛੇਤੀ ਹੀ ਆਪਣੀ ਰਾਏ ਲਿਖ ਭੇਜਣ ਦਾ ਇਕਰਾਰ ਕੀਤਾ ਸੀ। ਪਰ ਕਈ ਮਹੀਨੇ ਲੰਘ ਗਏ। ਜਵਾਬ ਜਾਂ ਸੂਚਨਾ ਕੋਈ ਨਾ ਆਈ। ਮਾਸਕੋ ਵਿਚ ਉਘੇ ਲੇਖਕ ਆਈ.ਪੀ. ਫੇਦਾਨੇਵ ਨੇ ਖਰੜੇ ਦੀ ਇਕ ਕਾਪੀ ਪ੍ਰਾਪਤ ਕੀਤੀ ਤੇ ਯੰਗ ਗਾਰਡ ਪ੍ਰਕਾਸ਼ਨ ਕੋਲ ਲੈ ਗਿਆ। ਇਥੇ ਇਹ ਕਿਤਾਬ ਰੋਕ ਲਈ ਗਈ ਤੇ ਰਿਪੋਰਟ ਇਹ ਲਿਖ ਭੇਜੀ ਕਿ ਪਾਤਰ ਗ਼ੈਰ-ਯਥਾਰਥਕ ਹਨ। ਇਸ ਲਈ ਇਹ ਖਰੜੇ ਦੀ ਛਪਣ ਲਈ ਸਿਫ਼ਾਰਸ਼ ਨਹੀਂ ਕੀਤੀ ਜਾ ਸਕਦੀ। ਕਾਫ਼ੀ ਦੇਰ ਫੇਦਾ ਨੇਵ ਓਸਤਰੋਵਸਕੀ ਨੂੰ ਇਹ ਨਿਰਣਾ ਦੱਸਣ ਦਾ ਹੌਸਲਾ ਨਾ ਕਰ ਸਕਿਆ।
ਜਦੋਂ ਦੱਸਿਆ ਤਾਂ ਲੇਖਕ ਘਬਰਾਇਆ ਨਹੀਂ। ਸਗੋਂ ਆਖਣ ਲੱਗਾ, ”ਜੇ ਮੇਰਾ ਖਰੜਾ ਮਨਜ਼ੂਰ ਨਹੀਂ ਹੋਇਆ ਤਾਂ ਇਹ ਠੀਕ ਹੀ ਕਮਜ਼ੋਰ ਹੋਵੇਗਾ। ਮੈਨੂੰ ਇਸ ‘ਤੇ ਦੁਬਾਰਾ ਮਿਹਨਤ ਕਰਨੀ ਪਵੇਗੀ ਤੇ ਇਸ ਨੂੰ ਬਿਹਤਰ ਬਣਾਉਣਾ ਪਵੇਗਾ। ਜਿੱਤ ਕਦੇ ਵੀ ਆਸਾਨ ਨਹੀਂ ਹੁੰਦੀ।”
ਇਸ ਪਿਛੋਂ ਲੇਖਕ ਨੂੰ ਧੀਰਜ ਦੇਣ ਵਾਲੀਆਂ ਚਿੱਠੀਆਂ ਮਿਲਣ ਲੱਗੀਆਂ। ਦਸੰਬਰ 1931 ਵਿਚ ਉਸ ਦਾ ਭਰਾ ਮਿਲਣ ਆਇਆ। ਉਸ ਨੇ ਆ ਕੇ ਦੱਸਿਆ ਕਿ ਲੀਗ ਦੀ ਇਕ ਮੀਟਿੰਗ ਵਿਚ ਨਾਵਲ ਦੇ ਕੁਝ ਕਾਂਡ ਪੜ੍ਹੇ ਗਏ ਸਨ ਤੇ ਉਹ ਪ੍ਰਵਾਨ ਹੋ ਗਏ ਹਨ। ਓਸਤਰੋਵਸਕੀ ਨੇ ਕਿਹਾ, ”ਅਜਿਹੇ ਵਿਰੋਧ ਤੇ ਏਨੀ ਕੁੜੱਤਣ ਤੇ ਨਾਲ ਹੀ ਇਕ ਰਚਨਾਤਮਕ ਤੇ ਲਾਹੇਵੰਦ ਜੀਵਨ ਲਈ ਅਜਿਹੀਆਂ ਆਸਾਂ!! ਇਹ ਕਿੰਨੀ ਸੁਖਦਾਈ ਤੇ ਨਿੱਘੀ ਖ਼ਬਰ ਹੈ ਕਿ ਮੇਰੇ ਨਗਰ ਦੇ ਨੌਜਵਾਨ ਲੋਕ, ਮੇਰੇ ਕੰਮ ਦੀ ਪ੍ਰਸ਼ੰਸਾ ਵਿਚ ਮਤੇ ਪਾਸ ਕਰ ਰਹੇ ਹਨ।”
ਇਨ੍ਹਾਂ ਹੀ ਦਿਨਾਂ ਵਿਚ ਫੇਦਾਨੇਵ ਨੇ ਖਰੜੇ ਨੂੰ ਦੁਬਾਰਾ ਵੇਖਣ ਦੀ ਬੇਨਤੀ ਕੀਤੀ ਤਾਂ ਪ੍ਰਕਾਸ਼ਕ ਇਸ ਗੱਲ ਲਈ ਸਹਿਮਤ ਹੋ ਗਏ। ਹੁਣ ਖਰੜਾ ਮਾਰਕ ਕੋਲੋਸੋਵ, ਮਲੋਡਾਇਆ ਪ੍ਰਤਿਕਾ ਦੇ ਸੰਪਾਦਕ ਨੂੰ ਰਾਏ ਲਈ ਸੌਂਪਿਆ ਗਿਆ। ਓਸਤਰੋਵਸਕੀ ਦੀ ਜੀਵਨ-ਕਥਾ ਤੋਂ ਪ੍ਰਭਾਵਤ ਉਕਤ ਸੰਪਾਦਕ ਨੂੰ ਖਰੜਾ ਪੜ੍ਹ ਕੇ ਹੈਰਾਨੀ ਹੋਈ। ਉਸ ਨੇ ਪੁਸਤਕ ਨੂੰ ਵੱਡੀ ਅਖਲਾਕੀ ਸ਼ਕਤੀ ਸਮਝ ਕੇ ਇਸ ਦੀ ਪ੍ਰਸ਼ੰਸਾ ਕੀਤੀ। ਇਸ ਲਈ ਉਹ ਫੇਦਾਨੇਵ ਦੇ ਨਾਲ ਓਸਤਰੋਵਸਕੀ ਦੀ ਮੁਲਾਕਾਤ ਲਈ ਖ਼ੁਦ ਗਿਆ। ਉਹ ਲੇਖਕ ਨੂੰ ਮਿਲ ਕੇ ਬੜਾ ਪ੍ਰਭਾਵਤ ਹੋਇਆ ਤੇ ਉਸ ਨੇ ਖਰੜੇ ਨੂੰ ਸੋਧਣ ਲਈ ਰਾਏ ਪੁੱਛੀ। ਓਸਤਰੋਵਸਕੀ ਨੇ ਕਿਹਾ ਕਿ ਉਹ ਖ਼ੁਦ ਹੀ ਸੋਧਾਂ ਕਰੇਗਾ। ਸੋਧਾਂ ਕਰਨ ਤੋਂ ਬਾਅਦ ਖਰੜਾ ਛਪਾਈ ਲਈ ਦੁਬਾਰਾ ਪ੍ਰਕਾਸ਼ਕਾਂ ਕੋਲ ਜਦੋਂ ਪਹੁੰਚਿਆ ਤਾਂ ਉਹ ਲੇਖਕ ਦੀ ਹਿੰਮਤ ਤੇ ਉਦਮ ਵੇਖ ਹੈਰਾਨ ਹੋਏ।
7
ਫ਼ਰਵਰੀ ਤੇ ਮਾਰਚ 1932 ਦੇ ਦੋ ਮਹੀਨਿਆਂ ਵਿਚ ਲੇਖਕ ‘ਤੇ ਨਮੂਨੀਏ ਦੇ ਹਮਲੇ ਹੋਏ। ਪੂਰੇ 12 ਦਿਨ ਉਹ ਆਪਣੇ ਬਿਸਤਰੇ ਵਿਚ ਤੜਫਦਾ ਰਿਹਾ। ਇਨ੍ਹਾਂ ਹੀ ਦਿਨਾਂ ਵਿਚ ਮਲੋਦਿਆ ਪ੍ਰਤਿਕਾ ਦੀ ਸੰਪਾਦਕ ਅੰਨਾ ਕਾਰਾ ਵਾਈਵਾ ਉਸ ਦੀ ਮੁਲਾਕਾਤ ਲਈ ਆਈ। ਲੇਖਕ ਨੂੰ ਹਮਦਰਦੀ ਨਹੀਂ ਠੋਸ ਤਜਵੀਜਾਂ ਦੀ ਲੋੜ ਸੀ ਕਿ ਕਿਥੇ ਕਿਥੇ ਸੋਧਾਂ ਦੀ ਲੋੜ ਅਨੁਭਵ ਹੋ ਰਹੀ ਸੀ। ਸੰਪਾਦਕ ਨੇ ਨਾਵਲ ਦੇ ਪਾਤਰਾਂ ਬਾਰੇ ਵੀ ਵਿਚਾਰਾਂ ਕੀਤੀਆਂ। ਓਸਤਰੋਵਸਕੀ ਨੇ ਦੱਸਿਆ ਕਿ ਉਸ ਦੀ ਵੱਡੀ ਚਿੰਤਾ ਇਹ ਸੀ ਕਿ ਉਸ ਦਾ ਨਾਵਲ ਕੇਵਲ ਲੇਖਕ ਦੀ ਸਵੈ-ਜੀਵਨੀ ਹੀ ਪ੍ਰਤੀਤ ਨਾ ਹੋਵੇ।
ਸੰਪਾਦਕ ਨੇ ਤੱਕਿਆ ਕਿ ਓਸਤਰੋਵਸਕੀ ਦੇ ਚਿਹਰੇ ਦੀ ਚਮਕ ਅਚਾਨਕ ਅਲੋਪ ਹੋ ਗਈ ਸੀ ਤੇ ਉਸ ਆਪਣੇ ਬੁੱਲ ਮੀਚ ਲਏ। ਉਸ ਦਾ ਚਿਹਰਾ ਸਖ਼ਤ ਹੋ ਗਿਆ। ਉਹ ਕਹਿਣ ਲੱਗਾ, ”ਇਕ ਗੱਲ ਸਮਝ ਲਵੋ ਕਿ ਮੈਨੂੰ ਇਹ ਤਸੱਲੀ ਦੇਣ ਦੀ ਲੋੜ ਨਹੀਂ, ਇਕ ਮਨੁੱਖੀ ਹਮਦਰਦੀ ਵਜੋਂ ਨਹੀਂ, ਸਗੋਂ ਮੈਨੂੰ ਹਰ ਗੱਲ ਖੁਲ੍ਹ ਕੇ ਦੱਸੋ, ਸਪੱਸ਼ਟ ਤੇ ਖਰਵੇ ਢੰਗ ਨਾਲ। ਮੈਂ ਇਕ ਸੈਨਿਕ ਹਾਂ। ਨਿੱਕੇ ਹੁੰਦਿਆਂ ਤੋਂ ਜਦੋਂ ਅਜੇ ਮੈਂ ਛੋਕਰਾ ਹੀ ਸੀ, ਫ਼ੌਜ ਵਿਚ ਰਿਹਾ ਹਾਂ ਤੇ ਮੈਂ ਅਜੇ ਵੀ ਆਪਣੀ ਥਾਂ ‘ਤੇ ਡਟਿਆ ਰਹਿ ਸਕਦਾ ਹਾਂ।”
ਸੰਪਾਦਕਾ ਨੇ ਤੱਕਿਆ ਕਿ ਉਸ ਦੇ ਬੁੱਲ ਕੰਬ ਰਹੇ ਸਨ। ਉਸ ਦੀ ਮੁਸਕਰਾਹਟ ਕੋਮਲ ਸੀ ਤੇ ਖਿਮਾ-ਯਾਚਨਾ ਵਾਲੀ ਸੀ, ”ਮੈਂ ਅਚਾਨਕ ਹੀ ਅਨੁਭਵ ਕੀਤਾ ਕਿ ਆਪਣੇ ਦ੍ਰਿੜ ਇਰਾਦੇ ਨਾਲ ਤੇ ਅਟੱਲ ਹੌਸਲੇ ਨਾਲ ਉਸ ਨੇ ਗੱਲ ਕੀਤੀ ਤੇ ਮੈਂ ਵੇਖਿਆ ਕਿ ਮੇਰੇ ਆਖਣ ਨਾਲ ਉਸ ਨੂੰ ਖੁਸ਼ੀ ਹੋਈ ਸੀ।”
”ਹੁਣ ਅਸੀਂ ਮਿੱਤਰਾਂ ਵਾਂਗ ਗੱਲਾਂ ਕਰ ਰਹੇ ਸੀ। ਸਾਡੀਆਂ ਗੱਲਾਂ ਕਈ ਵਿਸ਼ਿਆਂ ਬਾਰੇ ਚਲਦੀਆਂ ਰਹੀਆਂ ਪਰ ਅਖ਼ੀਰ ‘ਤੇ ਕਿਤਾਬ ਬਾਰੇ ਕੇਂਦਰਤ ਹੋ ਜਾਂਦੀਆਂ।”
ਲੰਮੀ ਉਡੀਕ ਬਾਅਦ ਜਿੱਤ ਵਿਖਾਲੀ ਦੇਣ ਲੱਗੀ। ਪੱਤ੍ਰਿਕਾ ਦੇ ਅਪ੍ਰੈਲ ਅੰਕ ਵਿਚ ਹੋਰਨਾਂ ਲਿਖਤਾਂ ਦੇ ਨਾਲ ਓਸਤਰੋਵਸਕੀ ਦੇ ਨਾਵਲ ‘ਸੂਰਮੇ ਦੀ ਸਿਰਜਣਾ’ ਦੀ ਪਹਿਲੀ ਕਿਸ਼ਤ ਛਾਪਣ ਦਾ ਵੀ ਜ਼ਿਕਰ ਸੀ!!
ਦੂਜਾ ਭਾਗ

1
ਨਾਵਲ ਮਨਜ਼ੂਰ ਹੋ ਕੇ ਸਬੰਧਤ ਪੱਤ੍ਰਿਕਾ ਵਿਚ ਪੰਜ ਕਿਸ਼ਤਾਂ ਵਿਚ ਛਪ ਗਿਆ ਤੇ ਇਹ ਅਪ੍ਰੈਲ ਤੋਂ ਸਤੰਬਰ 1932 ਤਕ ਛਪਿਆ। ਕਿਸ਼ਤਾਂ ਵਿਚ ਛਾਪਣ ਵੇਲੇ ਕਾਗ਼ਜ਼ ਦੀ ਕੁਝ ਥੁੜੋਂ ਕਾਰਨ, ਉਸ ਦੀ ਕੁਝ ਸੰਪਾਦਨਾ ਕੀਤੀ ਗਈ ਸੀ। ਐਪਰ ਦਸੰਬਰ ਦੇ ਮਹੀਨੇ ਵਿਚ ਨਾਵਲ ਦਾ ਪਹਿਲਾ ਭਾਗ ਕਿਤਾਬੀ ਰੂਪ ਵਿਚ ਛਪ ਕੇ ਬਾਹਰ ਆ ਗਿਆ, ਉਸ ਨੂੰ ਅਥਾਹ ਖ਼ੁਸ਼ੀ ਤੇ ਸੰਤੁਸ਼ਟੀ ਹੋਈ। ਪਹਿਲੇ ਭਾਗ ਦੇ ਛਪਣ ਤੋਂ ਬਾਅਦ ਓਸਤਰੋਵਸਕੀ ਨਾਵਲ ਦੇ ਦੂਜੇ ਭਾਗ ਨੂੰ ਲਿਖਣ ਵਿਚ ਜੁੱਟ ਗਿਆ। ਹੁਣ ਉਹ ਪੂਰੇ ਉਤਸ਼ਾਹ ਤੇ ਜਲਾਲ ਵਿਚ ਸੀ। ਕੰਮ ਕਰਦਿਆਂ ਉਸ ਨੂੰ ਸਰੀਰਕ ਤਕਲੀਫ਼ਾਂ ਭੁੱਲ ਜਾਂਦੀਆਂ ਸਨ। ਕੇਹੀ ਖ਼ੁਸ਼ੀ ਹੁੰਦੀ ਹੈ ਸਿਰਜਣਾਤਮਕ ਕੰਮ ਕਰਨ ਦੀ!! ਇਹ ਖ਼ੁਸ਼ੀ ਸ਼ਬਦਾਂ ਰਾਹੀਂ ਦੱਸਣੀ ਮੁਸ਼ਕਲ ਪ੍ਰਤੀਤ ਹੁੰਦੀ ਹੈ।
ਦੂਜਾ ਭਾਗ ਲਿਖਦਿਆਂ ਉਸ ਦੀ ਸਿਹਤ ਵਿਚ ਕਈ ਉਤਰਾਅ ਚੜ੍ਹਾਅ ਆਉਂਦੇ ਰਹੇ। ਇਹ ਗੱਲਾਂ ਖੋਜੀ ਮਿੱਤਰਾਂ ਨੇ ਉਸ ਦੀਆਂ ਲਿਖੀਆਂ ਚਿੱਠੀਆਂ ਪੜ੍ਹ ਕੇ ਰਿਕਾਰਡ ਕੀਤੀਆਂ ਹਨ। ਇੰਝ ਸੀ ਜਿਵੇਂ ਕਿਸੇ ਮਰੀਜ਼ ਦਾ ਤਾਪਮਾਨ ਰਿਕਾਰਡ ਕੀਤਾ ਜਾਂਦਾ ਹੈ।
ਅਪ੍ਰੈਲ 1932 ਵਿਚ ਉਸ ਨੇ ਲਿਖਿਆ, ”ਇਸ ਉਜੱਡ ਰੋਗ ਨੇ ਨਾਵਲ ਦੇ ਦੂਜੇ ਭਾਗ ਦਾ ਮੇਰਾ ਕੰਮ ਬਿਲਕੁਲ ਹੀ ਰੋਕ ਦਿੱਤਾ ਹੈ।” ਜੂਨ ਵਿਚ ਉਸ ਨੇ ਲਿਖਿਆ, ”ਸੰਭਵ ਹੈ, ਮੈਂ ਛੇਤੀ ਹੀ ‘ਸੋਚੀ’ ਵਿਚਲੇ ਆਰੋਗਤਾ ਸਥਾਨ ਲਈ ਤੁਰ ਪਵਾਂ। ਮੈਨੂੰ ਖੰਘ ਰਾਹੀਂ ਲਹੂ ਆਉਂਦਾ ਹੈ ਤੇ ਮੈਂ ਬਹੁਤ ਨਿਰਬਲ ਹੋ ਗਿਆ ਹਾਂ…। ਹਰ ਚੀਜ਼ ਮੈਨੂੰ ਕਹਿ ਰਹੀ ਕਿ ਮੈਂ ਕਾਹਲੀ ਕਰਾਂ। ਹਜ਼ਾਰ ਵੌਲਟੇਜ਼ ਦੀ ਤਾਕਤ ਨਾਲ ਮੈਂ ਕੰਮ ਕਰ ਰਿਹਾ ਹਾਂ। ਮੈਨੂੰ ਇਨ੍ਹਾਂ ਰੋਗਾਂ ਨਾਲ ਜਮਾਤੀ-ਦੁਸ਼ਮਣ ਵਾਂਗ ਘਿਰਣਾ ਹੈ।”
ਅਗਸਤ ਵਿਚ ਉਸ ਨੇ ਲਿਖਿਆ, ”ਓਕ ਰੁੱਖਾਂ ਦੀ ਛਾਂ ਹੇਠ, ਤਾਜ਼ੀ ਹਵਾ ਵਿਚ ਮੈਂ ਦੁਬਾਰਾ ਕੰਮ ਸ਼ੁਰੂ ਕਰ ਦਿੱਤਾ ਹੈ।” ਅਕਤੂਬਰ ਵਿਚ , ”ਮੇਰਾ ਜੀਵਨ ਮੇਰੇ ਕੰਮ ਵਿਚ ਤੇ ਮੇਰੇ ਮਿੱਤਰਾਂ ‘ਤੇ ਨਿਰਭਰ ਹੈ। ਮੈਂ ਕਠੋਰ ਹੋ ਗਿਆ ਹਾਂ। ਸਾਡੀ ਜ਼ਿੰਦਗੀ ਇਰਾਦੇ ਦੀ ਸ਼ਕਤੀ, ਹੱਠ, ਚੰਗੇਰੇ, ਮਹਾਨ, ਰੌਸ਼ਨ- ਨੇੜਲੇ ਭਵਿੱਖ ਦੀ ਮੰਗ ਕਰਦਾ ਹੈ। ਇਸ ਦੀ ਅਣਹੋਂਦ ਕਾਰਨ ਨਿਰਾਸ਼ਤਾ ਤੇ ਉਦਾਸੀ ਜਨਮਦੀ ਹੈ।”
ਇਕ ਹੋਰ ਚਿੱਠੀ ਵਿਚ ਉਹ ਲਿਖਦਾ ਹੈ, ”ਸਾਰੀਆਂ ਮੁਸ਼ਕਲਾਂ ਦੇ ਸਨਮੁੱਖ ਹੱਠ ਹੀ ਮੇਰਾ ਹਥਿਆਰ ਹੈ। ਰੁਕਾਵਟਾਂ ਇਕ ਸੈਨਾ ਹੈ। ਦਿਨ ਕਠੋਰ ਹਨ ਤੇ ਸਖ਼ਤ ਪਰ ਮੇਰੀ ਸਾਰੀ ਜ਼ਿੰਦਗੀ, ਮੇਰੀ ਸ਼ਕਤੀ ਦਾ ਸਾਰਾ ਭੰਡਾਰ, ਇਸ ਪੁਸਤਕ ਨੂੰ ਸਮਰਪਤ ਹੈ। ਮੈਂ ਲਿਖਦਾ ਹਾਂ, ਆਪਣੇ ਹੱਥਾਂ ਨਾਲ। ਮੇਰੇ ਜੀਵਨ ਵਿਚ ਕਾਹਲ ਹੈ। ਮੈਂ ਪੁਸਤਕ ਮੁਕੰਮਲ ਕਰਨੀ ਹੈ, ਜਿੰਨੀ ਦੇਰ ਮੇਰਾ ਦਿਲ ਧੜਕਦਾ ਹੈ।”
ਫਿਰ ਇਕ ਹੋਰ ਥਾਂ, ”ਮੇਰੀ ਕੰਮ ਕਰਨ ਦੀ ਇੱਛਾ ਮੇਰੀਆਂ ਕੰਮ ਕਰਨ ਦੀਆਂ ਸੰਭਾਵਨਾਵਾਂ ਦੇ ਅਨੁਪਾਤ ਅਨੁਸਾਰ ਹਨ। …. ਤੇ ਫਿਰ ਪ੍ਰਗਤੀ ਨਿਸਚਿਤ ਹੈ। ਡਾਕਟਰ ਦੀਆਂ ਮੌਤ ਤੇ ਜੀਵਨ ਬਾਰੇ ਪੇਸ਼ੀਨਗੋਈਆਂ ਦੇ ਬਾਵਜੂਦ ਮੈਂ ਨਿਰੰਤਰ ਜੀਉਂਦਾ ਰਹਿ ਰਿਹਾ ਹਾਂ। ਵਿਦਵਾਨ ਡਾਕਟਰ ਇਕ ਚੀਜ਼ ਨੂੰ ਗਿਣਤੀ ਵਿਚ ਨਹੀਂ ਲਿਆਉਂਦੇ ਕਿ ਉਨ੍ਹਾਂ ਦਾ ਮਰੀਜ਼ ਕਿਸ ਪਦਾਰਥ ਦਾ ਬਣਿਆ ਹੋਇਆ ਹੈ ਤੇ ਇਹੋ ਗੁਣ ਮੈਨੂੰ ਜੀਉਂਦਾ ਰੱਖ ਰਿਹਾ ਹੈ। ਜੋ ਦਿਨ ਡਾਇਰਾਨੋ ਹਨ, ਉਹ ਅਵੱਸ਼ ਜਿੱਤਣਗੇ। ਏਹੋ ਗੱਲ ਮੇਰੇ ‘ਤੇ ਵੀ ਲਾਗੂ ਹੁੰਦੀ ਹੈ।
ਜੂਨ ਵਿਚ ਲਿਖਿਆ ਹੈ, ”ਮੈਂ ‘ਸੂਰਮੇ ਦੀ ਸਿਰਜਣਾ’ ਦਾ ਸਾਰਾ ਕੰਮ ਮੁਕਾ ਲਿਆ ਹੈ ਤੇ ਸਭ ਕੁਝ ਮਾਸਕੋ ਭੇਜ ਦਿੱਤਾ ਹੈ। ਇਹ ਟਾਈਪ ਕੀਤੇ 330 ਸਫ਼ੇ ਹਨ ਤੇ ਇਹ ਦੂਜਾ ਭਾਗ ਹੈ। ਮੈਂ ਬੁਰੀ ਤਰ੍ਹਾਂ ਥੱਕ-ਟੁੱਟ ਗਿਆ ਹਾਂ। ਹੁਣ ਉਨ੍ਹਾਂ ਜਗਰਾਤਿਆਂ ਨੂੰ ਸੌਂ ਕੇ ਪੂਰਾ ਕਰ ਰਿਹਾ ਹਾਂ।”
2
ਦੂਜਾ ਭਾਗ ‘ਸੋਚੀ’ ਵਿਚ ਮੁਕੰਮਲ ਹੋਇਆ ਸੀ। ਪਹਿਲੇ ਭਾਗ ਵਿਚਲੀ ਕੀਤੀ ਮਿਹਨਤ ਤੋਂ ਬੇਪ੍ਰਵਾਹ ਰਹਿਣ ਕਾਰਨ ਓਸਤਰੋਵਸਕੀ ਦੀ ਸਿਹਤ ਏਨੀ ਜ਼ਿਆਦਾ ਖਰਾਬ ਹੋ ਗਈ ਕਿ ਕੇਂਦਰੀ ਡਾਕਟਰੀ ਬੋਰਡ ਨੇ ਪਾਰਟੀ ਦੀ ਸੈਂਟਰਲ ਕਮੇਟੀ ਦੀ ਹਦਾਇਤ ‘ਤੇ ਤੁਰੰਤ ਉਸ ਨੂੰ ਦੱਖਣ ਭੇਜਣ ਲਈ ਆਖਿਆ। ਉਹ ਸਿਹਤ-ਬਖ਼ਸ਼ ਸਥਾਨ ‘ਤੇ ਇਲਾਜ ਲਈ ਚਲਾ ਗਿਆ ਤੇ ਫਿਰ ਉਸ ਕੇਂਦਰ ਦੇ ਡਾਕਟਰਾਂ ਦੇ ਕਹਿਣ ‘ਤੇ ਸੋਚੀ ਵਿਚ ਹੀ ਰਿਹਾ।
ਇਥੇ ਰਹਿੰਦਿਆਂ ਹੀ ਦਸੰਬਰ ਮਹੀਨੇ ਦੇ ਇਕ ਸ਼ੁੱਭ ਦਿਹਾੜੇ, ਜਦੋਂ ਦਿਨ ਨਿੱਘਾ ਸੀ, ਕਾਲੇ ਸਾਗ਼ਰ ਦੇ ਤੱਟ ‘ਤੇ ਓਸਤਰੋਵਸਕੀ ਦਾ ਸੁਪਨਾ ਪੂਰਾ ਹੋ ਗਿਆ। ਪਹਿਲਾ ਭਾਗ ਪੁਸਤਕ ਰੂਪ ਵਿਚ ਜਿਲਦਬੰਦੀ ਤੋਂ ਬਾਅਦ ਉਸ ਕੋਲ ਮਾਂ ਨੇ ਇਕ ਪੈਕਟ ਦੇ ਰੂਪ ਵਿਚ ਲਿਆ ਕੇ ਰੱਖ ਦਿੱਤਾ।
ਇਕ ਕਾਪੀ ਉਸ ਦੇ ਹੱਥ ਵਿਚ ਫੜਾਈ ਗਈ। ਨੇਤਰਹੀਣ ਲੇਖਕ ਦੇ ਹੱਥਾਂ ਵਿਚ। ਕਿੰਨੀ ਉਤਸੁਕਤਾ ਸੀ ਉਸ ਨੂੰ ਤੱਕਣ ਦੀ। ਉਸ ਨੇ ਤੀਬਰ ਭਾਵਨਾ ਨਾਲ ਕਿਤਾਬ ‘ਤੇ ਉਂਗਲਾਂ ਫੇਰੀਆਂ। ਟਾਈਟਲ ਦੇ ਡਿਜ਼ਾਈਨ ਨੂੰ ਅਨੁਭਵ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੀਆਂ ਰੌਸ਼ਨੀ-ਹੀਣ ਅੱਖਾਂ ਚੌੜੀਆਂ ਹੋ ਗਈਆਂ। ਬਾਰ-ਬਾਰ ਟਟੋਲ ਕੇ ਉਸ ਨੇ ਟਾਈਟਲ ਦੀ ਖੂਬਸੂਰਤੀ ਨੂੰ ਅਨੁਭਵ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਭਰਵੱਟੇ ਬੜੇ ਖਿਚਾਅ ਵਿਚ ਸਨ, ਹੱਥ ਫੇਰਦੇ ਹੋਏ ਉਹ ਬੋਲਿਆ, ”ਕੀ ਇਹ ਸੰਗੀਨ ਹੈ? ਹਾਂ ਇਹ ਸੰਗੀਨ ਹੀ ਸੀ।” ਕਿੰਨੀ ਢੁਕਵੀਂ। ਉਸ ਦੇ ਮੂੁੰਹੋਂ ਆਪ ਮੁਹਾਰੇ ਨਿਕਲਿਆ। ਇਹ ਉਸ ਦਾ ਨਵਾਂ ਸ਼ਸ਼ਤਰ ਸੀ। ਉਹ ਇਕ ਵਾਰ ਫਿਰ ਸਦੀਵੀ ਯੁੱਧ ਵਿਚ ਆ ਸ਼ਾਮਲ ਹੋਇਆ ਸੀ। ਹੁਣ ਉਸ ਦੀ ਕਲਮ ਸੰਗੀਨ ਦਾ ਰੂਪ ਧਾਰ ਜਮਾਤੀ-ਦੁਸ਼ਮਣਾਂ ਵਿਰੁੱਧ ਲੜੇਗੀ। ਉਸ ਦੀ ਖ਼ੁਸ਼ੀ ਦੀ ਅੱਜ ਕੋਈ ਸੀਮਾ ਨਹੀਂ ਸੀ। ਵਾਰ-ਵਾਰ ਪੁਸਤਕ ਨੂੰ ਫੋਲਦਾ, ਉਲਥਦਾ, ਟੋਂਹਦਾ, ਟਟੋਲਦਾ ਇਕੱਠੇ ਹੋਏ ਦੋਸਤਾਂ ਨੂੰ ਪੁੱਛਦਾ, ”ਯਾਰ ਕਿੱਦਾਂ ਦੀ ਹੈ ਮੇਰੀ ਕਿਤਾਬ?”
ਉਸ ਸ਼ਾਮ ਉਸ ਨੇ ਆਪਣੇ ਦੋਸਤਾਂ ਦੀ ਇਕ ਸੂਚੀ ਬਣਾਈ, ਜਿਨ੍ਹਾਂ ਨੂੰ ਕਿਤਾਬ ਭੇਜੀ ਜਾਣੀ ਸੀ। ਉਸ ਨੇ ਆਪਣੇ ਹੱਥੀਂ ਅਰਪਿਤ ਹੋਏ ਸ਼ਬਦ ਲਿਖੇ। ਅਗਲੇ ਦਿਨ ਉਸ ਨੇ ਯਾਰਾਂ ਨੂੰ ਕਿਹਾ ਕਿ ਸਾਰੀ ਕਿਤਾਬ ਉਚੀ ਬੋਲ ਕੇ ਸੁਣਾਈ ਜਾਵੇ। ਪਾਠ ਸੁਣਦਿਆਂ ਉਸ ਦੀ ਖੁਸ਼ੀ ਦਾ ਕੋਈ ਪਾਰਵਾਰ ਨਹੀਂ ਸੀ। ਕਿਤੇ ਕਿਤੇ ਸੰਪਾਦਕ ਨੇ ਕੈਂਚੀ ਵੀ ਚਲਾਈ ਪ੍ਰਤੀਤ ਹੁੰਦੀ ਸੀ। ਕੁਝ ਗ਼ਲਤੀਆਂ ਛਪਾਈ ਦੀਆਂ ਵੀ ਰੜਕਦੀਆਂ ਸਨ। ਪਰ ਪੁਸਤਕ ਦਾ ਛਪ ਕੇ ਉਸ ਦੇ ਜੀਉਂਦੇ ਜੀ ਹੱਥਾਂ ਵਿਚ ਪਹੁੰਚ ਜਾਣਾ ਇਕ ਕ੍ਰਿਸ਼ਮਾ ਹੀ ਤਾਂ ਸੀ। ਅਜਿਹੇ ਕ੍ਰਿਸ਼ਮੇ ਨਿੱਤ-ਨਿੱਤ ਨਹੀਂ ਵਾਪਰਦੇ ਹੁੰਦੇ। ਇਕ ਮੌਤ ਨਾਲ ਨਿਸਦਿਨ ਜੂਝਦਾ ਇਕ ਮਰੀਜ਼ ਹੁਣ ਇਕ ਨਾਵਲਕਾਰ ਬਣ ਕੇ ਵਿਸ਼ਵ ਦੇ ਪਾਠਕ ਵਰਗ ਸਾਹਵੇਂ ਉਜਾਗਰ ਹੋਣ ਲੱਗਾ ਸੀ। ਛਪੇ ਹੋਏ ਸ਼ਬਦ ਨੇ ਇਕ ਨਵੀਂ ਸ਼ਕਤੀ ਗ੍ਰਹਿਣ ਕਰ ਲਈ ਸੀ। ਇਹ ਸ਼ਕਤੀ ਬੰਦੂਕ ਦੀ ਗੋਲੀ ਨਾਲੋਂ ਵਧੇਰੇ ਬਲਵਾਨ ਸੀ।

3
ਕੁਝ ਦਿਨ ਸਰੀਰਕ ਤੇ ਮਾਨਸਿਕ ਆਰਾਮ ਕਰਨ ਤੋਂ ਬਾਅਦ ਓਸਤਰੋਵਸਕੀ ਫਿਰ ਲਿਖਣ ਕਾਰਜ ਸ਼ੁਰੂ ਕਰਦਾ ਹੈ। ਹੁਣ ਉਸ ਵਿਚ ਵਧੇਰੇ ਆਤਮ ਵਿਸ਼ਵਾਸ ਹੈ ਤੇ ਤਜਰਬਾ ਵੀ। ਦਿਨ ਚੜ੍ਹਨ ‘ਤੇ ਉਸ ਨੂੰ ਕਮਰੇ ਤੋਂ ਬਾਹਰ ਬਿਰਖਾਂ ਦੀ ਸੰਘਣੀ ਤੇ ਠੰਢੀ ਛਾਂ ਹੇਠ ਲੈ ਜਾਂਦੇ ਹਨ। ਅਤਿ ਦੀ ਗਰਮੀ ਹੁੰਦੇ ਵੀ ਬਿਰਖਾਂ ਦੀ ਛਾਂ ਖ਼ੁਸ਼ਗਵਾਰ ਹੈ।
ਇਥੋਂ ਦੇ ਹਸਪਤਾਲ ਦਾ ਡਾਕਟਰ ਹਰ-ਫ਼ਨ-ਮੌਲਾ ਸੀ। ਉਸ ਦੀ ਹਰ ਗੱਲ ਵਿਚੋਂ ਤਜਰਬਾ, ਅਧਿਐਨ ਤੇ ਆਤਮ ਵਿਸ਼ਵਾਸ ਪ੍ਰਗਟ ਹੁੰਦਾ ਸੀ। ਤਿੱਖੀ ਸੂਝ ਵਾਲੇ ਇਸ ਡਾਕਟਰ ਨਾਲ ਗੱਲ ਕਰਦਿਆਂ ਮਰੀਜ਼ਾਂ ਵਿਚ ਵੀ ਸਵੈ-ਭਰੋਸਾ ਵੱਧ ਜਾਂਦਾ ਸੀ। ਉਸ ਦਾ ਨਾਂ ਸੀ ਮੀਖੈਲ ਪਾਵਲੋਸਕਾਈ। ਇਸ ਡਾਕਟਰ ਨੇ ਡਾਕਟਰੀ ਵਿਗਿਆਨ ਤੋਂ ਬਿਨਾਂ ਕਾਨੂੰਨ ਅਤੇ ਸੰਗੀਤ ਦਾ ਵੀ ਅਧਿਐਨ ਕੀਤਾ ਹੋਇਆ ਸੀ। ਉਸਤਰੋਵਸਕੀ ਨੂੰ ਉਸ ਦੇ ਆਮ ਵਿਹਾਰ ਅਤੇ ਬੋਲਚਾਲ ‘ਤੇ ਪੂਰਾ ਭਰੋਸਾ ਸੀ।
ਐਸੇ ਵਾਤਾਵਰਣ ਵਿਚ ਓਸਤਰੋਵਸਕੀ ਬੜੀ ਲਗਨ ਤੇ ਸ਼ਿੱਦਤ ਨਾਲ ਕੰਮ ਕਰ ਰਿਹਾ ਸੀ। ਪਹਿਲਾਂ ਭਿਆਨਕ ਬਿਮਾਰੀ ਨਾਲ ਜੂਝਣ ਲਈ ਉਸ ਕੋਲ ਇਕੋ ਹੀ ਆਸਰਾ ਸੀ। ਉਹ ਸੀ ਅਡੋਲ ਵਿਸ਼ਵਾਸ। ਹੁਣ ਉਹ ਪਹਿਲਾਂ ਨਾਲੋਂ ਵਧੇਰੇ ਆਤਮ ਵਿਸ਼ਵਾਸ ਨਾਲ, ਪਹਿਲੀ ਜਿੱਤ ਸਦਕਾ ਬੜੇ, ਉਤਸ਼ਾਹ ਵਿਚ ਸੀ। ਉਸ ਵਿਚ ਜੀਣ ਦੀ ਤਾਂਘ ਤੇ ਤੜਪ ਵੱਧ ਗਈ ਸੀ। ਆਪਣੀ ਇਸ ਰਚਨਾਤਮਕ ਜਿੱਤ ਸਦਕਾ, ਉਸ ਦੀ ਜੀਣ ਦੀ ਲਾਲਸਾ ਕਈ ਗੁਣਾਂ ਵੱਧ ਗਈ ਸੀ। ਉਸ ਦੇ ਕੀਤੇ ਕੰਮ ਨੂੰ ਪ੍ਰਵਾਨਗੀ ਮਿਲ ਗਈ ਸੀ। ਇਸ ਕਾਰਜ ਨੂੰ ਸਾਹਿਤਕ ਪ੍ਰਵਾਨਗੀ ਮਿਲ ਗਈ ਸੀ। ਮੌਤ ਨਾਲ ਉਸ ਦੀ ਜੰਗ ਅਜਾਈਂ ਨਹੀਂ ਸੀ ਲੜੀ ਗਈ। ਉਹ ਮੌਤ ਨੂੰ ਜਿੱਤ ਗਿਆ ਸੀ। ਪੁਸਤਕ ਛਪਣ ‘ਤੇ ਅੱਸੀ ਫੀਸਦੀ ਕਾਪੀਆਂ ਲਾਲ ਫ਼ੌਜ ਦੀ ਰਾਜਸੀ ਕਮੇਟੀ ਨੇ ਖਰੀਦ ਲਈਆਂ ਸਨ। ਕਈ ਪੱਤ੍ਰਿਕਾਵਾਂ ਵਿਚ ਰੀਵਿਊ ਛਪੇ ਸਨ।
ਜੂਨ 1933 ਤੀਕ ਉਸ ਨੇ ਪੁਸਤਕ ਦਾ ਦੂਜਾ ਹਿੱਸਾ ਮੁਕੰਮਲ ਕਰ ਲਿਆ ਸੀ ਪਰ ਇਸ ਵਾਰ ਉਸ ਨੂੰ ਪੁਸਤਕ ਦੇ ਛਾਪਣ ਦੀ ਕੋਈ ਕਾਹਲੀ ਨਹੀਂ ਸੀ। ਉਹ ਖਰੜੇ ਦੀ ਸੋਧ-ਸੁਧਾਈ ਕਰਦਾ ਰਿਹਾ, ਕੰਮ ਨੂੰ ਬਿਹਤਰ ਬਣਾਉਣ ਲਈ ਕਾਂਟ-ਛਾਂਟ ਕਰਦਾ ਰਿਹਾ। ਨਿਰੰਤਰ ਅਧਿਐਨ ਸਦਕਾ ਉਸ ਦੀ ਸਭਿਆਚਾਰਕ ਪੱਧਰ ਉਚੀ ਹੁੰਦੀ ਗਈ ਅਤੇ ਉਸ ਦੀ ਕਲਾ ਸੁਧਰਦੀ ਗਈ ਤੇ ਲਿਖਣ ਵਿਚ ਨਿਖ਼ਾਰ ਆਉਂਦਾ ਗਿਆ। ਆਪਣੇ ਕੰਮ ਦੀ ਮਹੱਤਤਾ ਬਾਰੇ ਉਹ ਹੁਣ ਕਾਫ਼ੀ ਚੌਕਸ ਹੋ ਗਿਆ ਸੀ, ਉਸ ਨੇ ਇਕ ਖ਼ਤ ਵਿਚ ਲਿਖਿਆ;
ਮੈਂ ਅਨੁਭਵ ਕਰਦਾ ਹਾਂ ਕਿ ਦੂਜਾ ਭਾਗ ਇਸ ਤਰ੍ਹਾਂ ਦਾ ਨਹੀਂ, ਜਿਸ ਤਰ੍ਹਾਂ ਕਿ ਮੈਂ ਚਾਹੁੰਦਾ ਹਾਂ ਕਿ ਇਹ ਬਣ ਜਾਵੇ। ਨਿਰਸੰਦੇਹ ਜੇ ਮੈਂ ਕਾਫ਼ੀ ਤਗੜਾ ਹੋ ਗਿਆ ਤਾਂ ਮੈਂ ਉਸ ਨੂੰ ਗਹੁ ਨਾਲ ਸੋਧਾਂਗਾ।
ਜਦੋਂ 1934 ਵਿਚ ਨਾਵਲ ਪੋਲਿਸ਼ ਭਾਸ਼ਾ ਵਿਚ ਅਨੁਵਾਦ ਹੋਣ ਲੱਗਾ ਤਾਂ ਉਸ ਨੇ ਕੁਝ ਸੋਧਾਂ ਦੀ ਨਿਸ਼ਾਨਦੇਹੀ ਕੀਤੀ। ਹਰ ਨਵੇਂ ਐਡੀਸ਼ਨ ਦੇ ਛਪਣ ਨਾਲ ਉਹ ਪੁਸਤਕ ਨੂੰ ਸੋਧਦਾ; ਕਾਂਟ-ਛਾਂਟ ਕਰਦਾ ਤੇ ਵਿਕਸਤ ਕਰੀ ਜਾਂਦਾ।
ਹੁਣ ਉਸ ਦੀ ਸਿਹਤ ਏਨੀ ਕੁ ਠੀਕ ਹੋ ਗਈ ਸੀ ਕਿ ਉਸ ਨੇ ਇਕ ਸਾਹਿਤਕ ਮੰਚ ਬਣਾ ਲਿਆ, ਜਿਸ ਵਿਚ ਰਾਜਨੀਤੀ ਤੋਂ ਬਿਨਾਂ ਸਾਹਿਤਕ ਸਰਗਰਮੀਆਂ ਵੀ ਹੁੰਦੀਆਂ ਸਨ ਤੇ ਉਹ ਸੰਤੁਸ਼ਟ ਸੀ ਪਰ ਉਹ ਇਕ ਨਿਰੰਤਰ ਯੁੱਧ ਲੜ ਰਿਹਾ ਸੀ, ਉਹ ਹਰ ਸਵਾਸ ਨਾਲ ਮੌਤ ਕੋਲੋਂ ਜ਼ਿੰਦਗੀ ਦੇ ਛਿਣ ਖੋਹ ਕੇ ਜੀਵਨ-ਰਚਨਾ ਵਿਚ ਲਾਉਣ ਲਈ ਤਤਪਰ ਰਹਿੰਦਾ ਸੀ। ਇਸ ਕਰ ਕੇ ਜਦ ਵੀ ਉਸ ਨੂੰ ਅਨੁਭਵ ਹੁੰਦਾ ਕਿ ਉਸ ਨੂੰ ਕੁਝ ਪਲ ਉਧਾਰੇ ਮਿਲ ਰਹੇ ਹਨ, ਉਹ ਜੀ-ਜਾਨ ਨਾਲ ਕੰਮ ਵਿਚ ਜੁੱਟ ਜਾਂਦਾ।
ਇਨ੍ਹਾਂ ਹੀ ਦਿਨਾਂ ਵਿਚ ਪ੍ਰਸਿੱਧ ਰੂਸੀ ਨਾਵਲਕਾਰ ਏ.ਐਸ. ਸੀਰਾਫ਼ੀਮੋਵਿਚ ਸੋਚੀ ਵਿਚ ਓਸਤਰੋਵਸਕੀ ਨੂੰ ਮਿਲਣ ਆਇਆ। ਬਜ਼ੁਰਗ ਲੇਖਕ ਨੇ ਤਿੰਨ ਵਾਰ ਮਿਲ ਕੇ ਬੜੇ ਵਿਸਥਾਰ ਨਾਲ ਉਸ ਨੂੰ ਉਸ ਦੇ ਨਾਵਲ ਦੇ ਗੁਣ-ਔਗੁਣ ਦੱਸੇ।
ਦੁੱਖ ਉਸ ਦੇ ਆਸ਼ਾਵਾਦ ਦੇ ਪਰਾਂ ਨੂੰ ਕੁਤਰ ਨਹੀਂ ਸਕਦੇਸ ਨ। ਉਸ ਨੇ ਦੁੱਖ-ਦਰਦ ਨੂੰ ਸਿਰਜਣਾ ਵਿਚ ਤਬਦੀਲ ਕਰਨ ਦਾ ਢੰਗ ਸਿੱਖ ਲਿਆ ਸੀ।

4
ਇਕ ਵਾਰ ਓਸਤਰੋਵਸਕੀ ਨੇ ਆਪਣੇ ਮਿੱਤਰ ਲੇਖਕ ਐਸ. ਤਰੰਗੁਲ ਨਾਲ ਮੌਤ ਦੇ ਵਿਸ਼ੇ ਬਾਰੇ ਗੱਲ ਕਰਦੇ ਕਿਹਾ ਸੀ, ”ਜੇ ਉਹ ਤੁਹਾਨੂੰ ਦੱਸਣ ਕਿ ‘ਨਿਕੋਲਾਈ ਓਸਤਰੋਵਸਕੀ ਮਰ ਗਿਆ ਹੈ’ ਤਾਂ ਕਦੇ ਵੀ ਉਨ੍ਹਾਂ ‘ਤੇ ਇਤਬਾਰ ਨਾ ਕਰਿਓ ਤੇ ਖ਼ੁਦ ਆ ਕੇ ਵੇਖਿਓ ਪਰ ਜੇ ਮੈਂ ਠੀਕ ਹੀ ਮਰ ਜਾਵਾਂ, ਤਾਂ ਇੰਝ ਕਦਾ ਚਿੱਤ ਨਾ ਲਿਖਿਓ ਕਿ ਉਹ ਹੋਰ ਕੁਝ ਦੇਰ ਜੀਊਂਦਾ ਰਹਿ ਸਕਦਾ ਸੀ। ਮੇਰੀ ਗਲ ਸੁਣ ਲਵੋ। ਜੇ ਮੇਰੇ ਜਿਸਮ ਦਾ ਇਕ ਵੀ ਕਣ ਜੀਊਂਦਾ ਰਹਿ ਸਕੇ ਤਾਂ ਉਹ ਕਣ ਅੜਿਆ ਰਹੇਗਾ ਤਾਂ ਮੈਂ ਜ਼ਿੰਦਾ ਰਹਾਂਗਾ ਤੇ ਵਿਰੋਧ ਕਰਦਾ ਰਹਾਂਗਾ। ਮੈਂ ਉਦੋਂ ਤੀਕ ਜੀਊਂਦਾ ਰਹਾਂਗਾ ਜਦ ਤੀਕ ਖ਼ਤਮ ਨਹੀਂ ਹੋ ਜਾਂਦਾ। ਮੈਂ ਮੌਤ ਨੂੰ ਦੱਸਾਂਗਾ ਕਿ ਬਾਲਸ਼ਵਿਕ ਕਿਵੇਂ ਮਰਦੇ ਹਨ।”
ਉਸ ਨੇ ਕਈ ਵਾਰ ਆਖਿਆ ਸੀ ਕਿ ਮੈਂ ਲੰਮਾ ਸਮਾਂ ਜੀਣ ਦੇ ਸਾਰੇ ਰਿਕਾਰਡ ਤੋੜਾਂਗਾ। ਆਮ ਅਰਥਾਂ ਵਿਚ ਉਸ ਨੇ ਕੋਈ ਰਿਕਾਰਡ ਨਹੀਂ ਸਨ ਤੋੜੇ ਪਰ ਨਿਰਸੰਦੇਹ ਉਸ ਨੇ ਇਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਸੀ। ਉਸ ਦੀ ਹਾਲਤ ਬੜੀ ਬਦਤਰ ਸੀ। ਮੌਤ ਹਰ ਘੜੀ ਉਸ ਦੇ ਨੇੜੇ-ਨੇੜੇ ਘੁੰਮਦੀ ਰਹਿੰਦੀ ਸੀ। ਪਰ ਇਹਦੇ ਬਾਵਜੂਦ, ਉਸ ਨੇ ਆਪਣਾ ਜੀਵਨ, ਸ਼ਕਤੀ ਨਾਲ ਬਤੀਤ ਕੀਤਾ ਸੀ। ਸਭ ਤਕਲੀਫ਼ਾਂ ਦੇ ਬਾਵਜੂਦ ਉਸ ਨੂੰ ਮਾਸਕੋ ਵਾਪਸ ਪਰਤਣ ਦੀ ਤਮੰਨਾ ਰਹਿੰਦੀ ਸੀ। ਜਦੋਂ ਦਾ ਉਸ ਨੂੰ ਦੂਜੀ ਪੁਸਤਕ ਲਿਖਣ ਦਾ ਫ਼ੁਰਨਾ ਫੁਰਿਆ ਸੀ, ਉਸ ਨੂੰ ਨਵੇਂ-ਨਵੇਂ ਖ਼ਿਆਲ ਆ-ਆ ਕੇ ਟੁੰਬਦੇ ਰਹਿੰਦੇ ਸਨ।
ਜਦੋਂ 1934 ਵਿਚ ਉਸ ਨੂੰ ਮਾਸਕੋ ਦੀ ਲੇਖਕ ਸਭਾ ਦਾ ਮੈਂਬਰ ਬਣਾ ਲਿਆ ਗਿਆ ਤਾਂ ਉਹ ਬਹੁਤ ਖ਼ੁਸ਼ ਸੀ। ਉਹਨੇ ਲਿਖਿਆ – “ਉਨ੍ਹਾਂ ਮੈਨੂੰ ਮੈਂਬਰ ਬਣਾ ਲਿਆ ਹੈ। ਮੈਂ ਤਾਂ ਅਜੇ ਪੁਸਤਕਾਂ ਲਿਖਣੀਆਂ ਹਨ।”
ਅਜੇ ਉਸ ਦੀ ਪਹਿਲੀ ਪੁਸਤਕ ਰੂਸੀ ਤੇ ਯੂਕਰੀਨੀ ਭਾਸ਼ਾ ਵਿਚ ਅਨੁਵਾਦ ਹੋਣੀ ਰਹਿੰਦੀ ਸੀ। ਇਸੇ ਹੀ ਸਾਲ ਉਸ ਦੀ ਪੁਸਤਕ ਪੋਲਿਸ਼, ਤਾਤਾਰ, ਮੋਰਡੋਵੀਅਨ ਤੇ ਛੁਵਾਸ਼ ਭਾਸ਼ਾ ਵਿਚ ਅਨੁਵਾਦ ਹੋਈ ਸੀ। ਨਾਲ ਉਸ ਦੀ ਪੁਸਤਕ ਦੇ ਦੋਵੇਂ ਭਾਗ ਇਕੱਠੇ ਹੀ ਇਕੋ ਜਿਲਦ ਵਿਚ ਛਾਪੇ ਗਏ ਸਨ। ਉਸ ਬਾਰੇ ਰੀਵੀਊ, ਟਿਪਣੀਆਂ ਤੇ ਚਿੱਠੀਆਂ ਅਕਸਰ ਹੀ ਅਖਬਾਰਾਂ ਤੇ ਪਤ੍ਰਿਕਾਵਾਂ ਵਿਚ ਛਪਦੀਆਂ ਰਹਿੰਦੀਆਂ ਸਨ। ਹੁਣ ਨੌਜਵਾਨ ਲੀਗ ਵਲੋਂ ਇਹ ਮੰਗ ਕੀਤੀ ਜਾਣ ਲੱਗੀ ਕਿ ਉਸ ਦੀ ਪੁਸਤਕ ਨੂੰ ਵੱਡੇ ਪੱਧਰ ‘ਤੇ ਛਾਪਿਆ ਜਾਵੇ ਤਾਂ ਕਿ ਇਹ ਆਮ ਪਾਠਕਾਂ ਤੀਕ ਸਸਤੇ ਰੂਪ ਵਿਚ ਪਹੁੰਚ ਸਕੇ।
ਇਨ੍ਹਾਂ ਦਿਨਾਂ ਵਿਚ ਹੀ ਇਸ ਨਾਵਲ ਬਾਰੇ ਫ਼ਿਲਮ ਬਣਾਉਣ ਦੀ ਗੱਲ ਚਲੀ। ਪਹਿਲਾਂ ਪ੍ਰਬੰਧਕਾਂ ਨੂੰ ਕੁਝ ਸੰਸਾ ਸੀ ਕਿ ਖਬਰੇ ਲੇਖਕ ਇਸ ਲਈ ਸਹਿਮਤੀ ਦੇਵੇ ਜਾਂ ਨਾ ਦੇਵੇ। ਪਰ ਮੁਢਲੀ ਗੁਫ਼ਤਗੂ ਤੋਂ ਬਾਅਦ ਓਸਤਰੋਵਸਕੀ ਸਹਿਮਤ ਹੋ ਗਿਆ। ਫ਼ਿਲਮ ਬਣਾਉਣ ਵੇਲੇ ਘਟਨਾਵਾਂ ਤੇ ਦ੍ਰਿਸ਼ਾਂ ਦੀ ਚੋਣ ਕਰਨੀ ਪੈਣੀ ਸੀ। ਉਸ ਨੇ ਸਾਰੀ ਯੋਜਨਾਬੰਦੀ ਦਾ ਸਮਰਥਨ ਕੀਤਾ।
ਇਨ੍ਹਾਂ ਦਿਨਾਂ ਵਿਚ ਉਸ ਦੇ ਨਾਵਲ ਬਾਰੇ ਬੜੀ ਭਖਵੀਂ ਚਰਚਾ ਛਿੜੀ ਹੋਈ ਸੀ। ਯੂਕਰੇਨੀ ਭਾਸ਼ਾ ਵਿਚ ਨਾਵਲ ਦੀਆਂ ਹਜ਼ਾਰਾਂ ਕਾਪੀਆਂ ਛਪੀਆਂ। ਮਲੋਦਿਆ ਪ੍ਰਕਾਸ਼ਨ ਘਰ ਨੇ ਰੂਸੀ ਐਡੀਸ਼ਨ ਛਾਪਿਆ। ‘ਕੌਮਾਂਤਰੀ ਸਾਹਿਤ’ ਪਤ੍ਰਿਕਾ ਨੇ ਫਰੈਂਚ, ਅੰਗਰੇਜ਼ੀ ਤੇ ਜਰਮਨੀ ਵਿਚ ਛਾਪਿਆ। ਪਰ ਇਸ ਦੇ ਨਾਲ-ਨਾਲ ਉਸ ਦੀ ਸਿਹਤ ਬਾਰੇ ਫ਼ਿਕਰਮੰਦੀ ਵਧਦੀ ਜਾਂਦੀ ਸੀ। ਜੁਲਾਈ/ਅਗਸਤ ਦੇ ਮਹੀਨਿਆਂ ਵਿਚ ਬੀਮਾਰੀ ਦਾ ਨਵਾਂ ਹਮਲਾ ਹੋਇਆ। ਉਸ ਨੇ ਇਸ ਬਾਰੇ ਲਿਖਦਿਆਂ ਆਖਿਆ, ”ਮੇਰੀ ਧੋਖੇਬਾਜ਼ ਸਿਹਤ ਇਕ ਵਾਰ ਫਿਰ ਦਗ਼ਾ ਦੇ ਗਈ ਹੈ। ਮੈਂ ਅਚਾਨਕ ਹੀ ਖ਼ਤਰੇ ਦੀ ਰੇਖਾ ਨੇੜੇ ਪਹੁੰਚ ਗਿਆ ਸੀ। ਪੂਰਾ ਇਕ ਮਹੀਨਾ ਡਾਕਟਰ ਇਸ ਨਿਘਾਰ ਨੂੰ ਰੋਕਣ ਵਿਚ ਜੁਟੇ ਰਹੇ ਤੇ ਮੇਰੇ ਜਿਸਮ ਵਿਚ ਵੰਨ-ਸੁਵੰਨੇ ਤਰਲ ਪਦਾਰਥ ਚੜ੍ਹਾਉਂਦੇ ਰਹੇ। ਪਰ ਅਜੇ ਤੀਕ ਉਹ ਸਫ਼ਲ ਨਹੀਂ ਹੋਏ। ਮੈਂ ਇਹ ਸੋਚ ਕੇ ਹਉਕਾ ਭਰਦਾ ਸੀ ਕਿ ਕੁਝ ਦੇਰ ਪਹਿਲਾਂ ਮੈਂ ਦਿਨ ਵਿਚ ਪੰਦਰਾਂ ਘੰਟੇ ਕੰਮ ਕਰਦਾ ਰਿਹਾ ਸੀ ਤੇ ਹੁਣ ਮੈਂ ਮੁਸ਼ਕਲ ਨਾਲ ਤਿੰਨ ਘੰਟੇ ਲਾਉਂਦਾ ਹਾਂ………..। ਦੇਸ਼ ਦੇ ਸਭ ਹਿੱਸਿਆ ਤੋਂ ਹਜ਼ਾਰਾਂ ਹੀ ਪੱਤਰ ਆ ਰਹੇ ਹਨ ਤੇ ਮੈਨੂੰ ਲੜਾਈ ਲਈ ਪ੍ਰੇਰਦੇ ਹਨ। ਪਰ ਮੈਂ ਇਥੇ ਲੰਮਾ ਪਿਆ ਹੋਇਆ ਆਪਣੇ ਅੰਦਰਲੀ ਬਗਾਵਤ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹਾਂ।” (ਯਾਦ ਰਹੇ ਕਿ 1934 ਵਿਚ ਓਸਤਰੋਵਸਕੀ ਨੂੰ ਪਾਠਕਾਂ ਵਲੋਂ 1700 ਪੱਤਰ ਪ੍ਰਾਪਤ ਹੋਏ ਸਨ ਤੇ 1935 ਦੇ ਦਸਾਂ ਮਹੀਨਿਆਂ ਵਿਚ 5120 ਪੱਤਰ)।
ਉਸ ਦੀ ਹਾਲਤ ਵੇਖ ਕੇ ਡਾਕਟਰਾਂ ਦੀ ਫਿਰ ਮੀਟਿੰਗ ਹੋਈ ਤੇ ਉਨ੍ਹਾਂ ਹਦਾਇਤ ਜਾਰੀ ਕੀਤੀ ਕਿ ਉਹ ਸਭ ਸਾਹਿਤਕ ਸਰਗਰਮੀਆਂ ਰੋਕ ਦੇਵੇ ਪਰ ਓਸਤਰੋਵਸਕੀ ਨੇ ਇਸ ਬਾਰੇ ਰੋਸ ਕੀਤਾ। ਇਸ ਬਾਰੇ ਇਕ ਡਾਕਟਰ ਨੇ ਆਪਣੀਆਂ ਯਾਦਾਂ ਵਿਚ ਓਸਤਰੋਵਸਕੀ ਦੇ ਹਵਾਲੇ ਨਾਲ ਲਿਖਿਆ ਹੈ, ”ਮੈਂ ਜਾਣਦਾ ਹਾਂ ਕਿ ਮੈਂ ਬਹੁਤੀ ਦੇਰ ਜ਼ਿੰਦਾ ਨਹੀਂ ਰਹਾਂਗਾ। ਮੇਰੇ ਅੰਦਰ ਇਕ ਜਵਾਲਾ ਬਲਦੀ ਹੈ। ਜੋ ਮੈਨੂੰ ਖੋਰੀ ਜਾ ਰਹੀ ਹੈ ਤੇ ਮੈਂ ਆਪਣੀ ਸਾਰੀ ਸ਼ਕਤੀ ਨਾਲ ਇਸ ਨੂੰ ਕਾਬੂ ਵਿਚ ਰੱਖਦਾ ਹਾਂ। ਹਾਲ ਦੀ ਘੜੀ, ਮੈਂ ਇਸ ਨੂੰ ਕਾਬੂ ਕੀਤਾ ਹੋਇਆ ਹੈ।”

5
ਓਸਤਰੋਵਸਕੀ ਕਈ ਸਾਲਾਂ ਤੋਂ ਮੌਤ ਨੂੰ ਟਾਲਦਾ ਆ ਰਿਹਾ ਸੀ। ਪਹਿਲਾ ਨਾਵਲ ਖ਼ਤਮ ਕਰ ਕੇ ਉਸ ਨੇ ਦੂਜਾ ਨਾਵਲ ‘ਝਖੜਾਂ ਵਿਚੋਂ ਜਨਮ’ (Bron of the Storms) ਅਰੰਭ ਕੀਤਾ ਹੋਇਆ ਸੀ ਤੇ ਉਸ ਦੇ ਕੁਝ ਕਾਂਡ ਲਿਖ ਲਏ ਸਨ। ਹੁਣ ਉਸ ਦੀ ਲਿਖਣ ਦੀ ਰਫ਼ਤਾਰ ਵੀ ਕੁਝ ਮੱਠੀ ਪੈ ਗਈ ਸੀ। ਉਸ ਨੂੰ ‘ਆਰਡਰ ਆਫ਼ ਲੈਨਿਨ’ ਦਾ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋ ਚੁੱਕਾ ਸੀ। ਉਸ ਦੇ ਪਹਿਲੇ ਨਾਵਲ ਦੀਆਂ ਲੱਖਾਂ ਕਾਪੀਆਂ ਛਪ ਕੇ ਦੂਰ-ਦੁਰਾਡੇ ਦੇ ਇਲਾਕਿਆਂ ਦੇ ਪਾਠਕਾਂ ਕੋਲ ਪਹੁੰਚ ਚੁੱਕੀਆਂ ਸਨ। ਪਰ ਉਸ ਦੀ ਸਿਹਤ ਵਿਚ ਸੁਧਾਰ ਹੋਣ ਦੀ ਕੋਈ ਸੰਭਾਵਨਾ ਨਹੀਂ ਦਿਸਦੀ ਸੀ। ਸਰਕਾਰ ਉਸ ਦੀ ਬਿਮਾਰੀ ਲਈ ਦੇਸ਼ ਵਿਚ ਪ੍ਰਾਪਤ ਸਭ ਤੋਂ ਵਧੀਆ ਡਾਕਟਰੀ ਇਲਾਜ ਕਰਾ ਰਹੀ ਸੀ। ਪਰ ਉਸ ਦਾ ਸਰੀਰ ਸੀ ਕਿ ਨਿਸਦਿਨ ਤੇ ਨਿਰੰਤਰ ਨਿਘਰਦਾ ਜਾ ਰਿਹਾ ਸੀ। ਓਸਤਰੋਵਸਕੀ ਮੌਤ ਤੋਂ ਡਰਨ ਵਾਲਾ ਇਨਸਾਨ ਨਹੀਂ ਸੀ ਪਰ ਕਿੰਨੀ ਕੁ ਦੇਰ ਕੋਈ ਇਸ ਨੂੰ ਸਦਾ ਲਈ ਟਾਲ ਸਕਦਾ ਸੀ।
ਐਪਰ ਓਸਤਰੋਵਸਕੀ ਦੀਆਂ ਲੰਮੀਆਂ ਯੋਜਨਾਵਾਂ ਸਨ। ਦੂਜੇ ਨਾਵਲ ਤੋਂ ਬਾਅਦ ਉਸ ਨੇ ਹੋਰ ਚਾਰ ਪੰਜ ਪੁਸਤਕਾਂ ਦੀ ਯੋਜਨਾ ਬਣਾਈ ਹੋਈ ਸੀ। ਮੌਤ ਸਮੇਂ ਆਖ਼ਰੀ ਵਕਤ ਉਹ ਬੇਹੋਸ਼ ਹੋ ਗਿਆ। ਜਦੋਂ ਕੁਝ ਦੇਰ ਬਾਅਦ ਉਸ ਦੀਆਂ ਅੱਖਾਂ ਖੁਲ੍ਹੀਆਂ ਤਾਂ ਉਸ ਨੇ ਲਾਗੇ ਬੈਠੇ ਹੋਏ ਮਿਤਰਾਂ ਨੂੰ ਪੁੱਛਿਆ, ”ਕੀ ਮੈਂ ਕਰਾਹ ਰਿਹਾ ਸੀ?”
ਫਿਰ ਕਹਿਣ ਲੱਗਾ, ”ਉਥੇ ਮੌਤ ਪੂਰੀ ਤਰ੍ਹਾਂ ਮੇਰਾ ਪਿੱਛਾ ਕਰ ਰਹੀ ਹੈ ਪਰ ਮੈਂ ਪਿਛੇ ਨਹੀਂ ਹਟਿਆ। ਮੌਤ ਮੈਨੂੰ ਡਰਾ ਨਹੀਂ ਸਕਦੀ।”
ਫੇਰ ਆਖ਼ਰੀ ਵਾਰ ਉਸ ਨੇ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਵੇਖਿਆ ਤੇ ਸ਼ਾਂਤ ਹੋ ਗਿਆ।

ਅੰਤਿਕਾ

22 ਦਸੰਬਰ 1936 ਨੂੰ ਉਸ ਦੇ ਸੰਘਰਸ਼ਮਈ ਜੀਵਨ ਦਾ ਅੰਤ ਹੋ ਗਿਆ ਸੀ। ਉਸ ਦਾ ਸਰਕਾਰੀ ਪੱਧਰ ‘ਤੇ ਸਸਕਾਰ ਕਰਦੇ ਸਮੇਂ ਤਿੰਨ ਵਾਰ ਬੰਦੂਕਾਂ ਦੇ ਫ਼ਾਇਰ ਕਰ ਕੇ ਸਲਾਮੀ ਦਿੱਤੀ ਗਈ ਤੇ ਸਤਿਕਾਰ ਵਜੋਂ ਕੌਮਾਂਤਰੀ ਗੀਤ ਗਾਇਆ ਗਿਆ। ਉਸ ਦੇ ਅੰਤਮ ਸਸਕਾਰ ਮੌਕੇ ਉਸ ਦੇ ਨਵੇਂ ਨਾਵਲ ਦਾ ਪਹਿਲਾ ਐਡੀਸ਼ਨ ਪ੍ਰਕਾਸ਼ਤ ਕੀਤਾ ਗਿਆ। ਪ੍ਰਕਾਸ਼ਕ ਨੇ ਇਸ ਬਾਰੇ ਲਿਖੇ ਸੰਖੇਪ ਨੋਟ ਵਿਚ ਲਿਖਿਆ;
ਪਿਆਰੇ ਪਾਠਕੋ!
ਇਹ ਨਾਵਲ ਦੀ ਪਹਿਲੀ ਜਿਲਦ ਹੈ, ਜੋ ਤਿੰਨ ਹਿੱਸਿਆਂ ਵਿਚ ਮੁਕੰਮਲ ਕੀਤਾ ਜਾਣਾ ਸੀ। ਇਹ ਉਸ ਮਨੁੱਖ ਨੇ ਲਿਖਿਆ ਸੀ, ਜਿਹੜਾ ਭਿਆਨਕ ਬਿਮਾਰੀ ਕਾਰਨ ਬਿਸਤਰੇ ‘ਤੇ ਪਿਆ ਰਿਹਾ ਸੀ ਅਤੇ ਇਹ ਨਾਵਲ ਉਸ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਮੁਕੰਮਲ ਹੋਇਆ ਸੀ। ਮੌਤ ਨੇ ਉਸ ਦੀਆਂ ਉਂਗਲਾਂ ਵਿਚੋਂ ਉਸ ਵੇਲੇ ਕਲਮ ਖੋਹ ਲਈ, ਜਦੋਂ ਉਹ ਆਪਣੇ ਰਚਨਾਤਮਕ ਕਾਰਜ ਦੀ ਸਿਖਰ ‘ਤੇ ਸੀ।
ਮੋਬਾਈਲ : 99150-42242

(‘ਹੁਣ’ ‘ਚੋਂ ਧੰਨਵਾਦ ਸਹਿਤ)

Leave a Reply

Your email address will not be published. Required fields are marked *