ਨੈਸ਼ਨਲ ਸ਼ੂਟਰ ਨਮਨਵੀਰ ਬਰਾੜ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ


ਮੋਹਾਲੀ : ਮੋਹਾਲੀ ਦੇ ਸੈਕਟਰ-71 ਵਿਚ ਨੈਸ਼ਨਲ ਸ਼ੂਟਰ ਨਮਨਵੀਰ ਬਰਾੜ (29) ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮੋਹਾਲੀ ਵਿਚ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਨਮਨਵੀਰ ਕੁਝ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਟ੍ਰੈਪ ਸ਼ੂਟਰ ਬਰਾੜ ਇਸ ਸਾਲ ਮਾਰਚ ਵਿੱਚ ਦਿੱਲੀ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਘੱਟੋ ਘੱਟ ਯੋਗਤਾ ਅੰਕ (ਐਮਕਿਊਐਸ) ਸ਼੍ਰੇਣੀ ਵਿੱਚ ਚੌਥੇ ਸਥਾਨ ’ਤੇ ਰਿਹਾ ਸੀ।  2015 ਵਿੱਚ, ਉਸ ਨੇ ਦੱਖਣੀ ਕੋਰੀਆ ਦੇ ਗਵਾਂਗਜੂ ਵਿਖੇ ਵਿਸ਼ਵ ਯੂਨੀਵਰਸਿਟੀ ਖੇਡਾਂ ਦੇ ਡਬਲ-ਟ੍ਰੈਪ ਸ਼ੂਟਿੰਗ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਉਸ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਹੈ। ਬਰਾੜ ਦੇ ਵੱਡੇ ਭਰਾ ਡਾ. ਪ੍ਰਭਸੁਖਮਨ ਬਰਾੜ ਵੀ ਇੱਕ ਟ੍ਰੈਪ ਸ਼ੂਟਰ ਹਨ ਜਦੋਂ ਕਿ ਉਨ੍ਹਾਂ ਦੇ ਪਿਤਾ ਇੱਕ ਵਪਾਰੀ ਹਨ ਅਤੇ ਮਾਂ ਹਰਪ੍ਰੀਤ ਬਰਾੜ ਇੱਕ ਘਰੇਲੂ ਔਰਤ ਹੈ। ਬਰਾੜ ਦਾ ਪਰਿਵਾਰ 2009 ਵਿੱਚ ਪੰਜਾਬ ਦੇ ਫਰੀਦਕੋਟ ਤੋਂ ਮੋਹਾਲੀ ਸ਼ਿਫਟ ਹੋ ਗਿਆ ਸੀ। ਨਮਨ ਵੀਰ ਬਰਾੜ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸਨ। 2015 ਵਿੱਚ, ਉਸਨੇ ਦੱਖਣੀ ਕੋਰੀਆ ਦੇ ਗਵਾਂਗਜੂ ਵਿੱਚ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਡਬਲ ਟ੍ਰੈਪ ਟੀਮ ਮੁਕਾਬਲੇ ਵਿੱਚ ਅੰਕੁਰ ਮਿੱਤਲ ਅਤੇ ਅਸਗਰ ਹੁਸੈਨ ਖਾਨ ਦੇ ਨਾਲ ਕਾਂਸੀ ਦਾ ਤਗਮਾ ਜਿੱਤਿਆ। ਸ਼ੂਟਿੰਗ ਨਾਲ ਜੁੜੇ ਲੋਕਾਂ ਨੇ ਬਰਾੜ ਦੀ ਮੌਤ ਨੂੰ ਸ਼ੂਟਿੰਗ ਜਗਤ ਲਈ ਘਾਟਾ ਦੱਸਿਆ ਹੈ। ਨਮਨਵੀਰ ਦੀ ਮੌਤ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੈ। ਉਹ ਇੱਕ ਸ਼ਾਨਦਾਰ ਨਿਸ਼ਾਨੇਬਾਜ਼ ਸੀ। ਪੋਲੈਂਡ ਵਿੱਚ 2016 ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ, ਉਹ ਭਾਰਤੀ ਯੂਨੀਵਰਸਿਟੀ ਟੀਮ ਦੇ ਨਾਲ ਗਿਆ ਅਤੇ ਉਸਦੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ।

Leave a Reply

Your email address will not be published. Required fields are marked *