ਨਸੀਰੂਦੀਨ ਸ਼ਾਹ ਨੇ ਨਾਜੀ ਜਰਮਨੀ ਨਾਲ ਕੀਤੀ ਸਰਕਾਰ ਦੀ ਤੁਲਨਾ, ਕਿਹਾ- ਪ੍ਰੋਪੇਗੰਡਾ ਫ਼ਿਲਮਾਂ ਬਣਵਾਈਆਂ ਜਾ ਰਹੀਆਂ

ਬਾਲੀਵੁੱਡ ਦੇ ਉੱਘੇ ਕਲਾਕਾਰ ਨਸੀਰੂਦੀਨ ਸ਼ਾਹ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ਵਿਚ ਸ਼ਾਮਲ ਹਨ ਜੋ ਕਿਸੇ ਵੀ ਮੁੱਦੇ ‘ਤੇ ਆਪਣੀ ਬੇਬਾਕ ਰਾਏ ਸਾਂਝੀ ਕਰਨ ਤੋਂ ਪਿੱਛੇ ਨਹੀਂ ਹਟਦੇ ਹਨ। ਕਈ ਵਾਰ ਉਨ੍ਹਾਂ ਦੇ ਬਿਆਨਾਂ ਨੂੰ ਲੈ ਕੇ ਵਿਵਾਦ ਵੀ ਹੋ ਜਾਂਦਾ ਹੈ ਹਾਲਾਂਕਿ ਕਿਸੇ ਵੀ ਸਮਾਜਕ , ਸਿਆਸੀ ਅਤੇ ਫ਼ਿਲਮਾਂ ਨਾਲ ਜੁੜੇ ਗੰਭੀਰ ਮੁੱਦੇ ‘ਤੇ ਨਸੀਰੂਦੀਨ ਸ਼ਾਹ ਬੇਬਾਕ ਰਾਏ ਰੱਖਦੇ ਹਨ। ਹਾਲ ਹੀ ਵਿਚ ਉਨ੍ਹਾਂ ਕਿਹਾ ਕਿ ਭਾਰਤੀ ਫ਼ਿਲਮ ਇੰਡਸਟਰੀ ਇਸਲਾਮੋਫੋਬੀਆ ਨਾਲ ਪੀੜਤ ਹੈ। ਸਭ ਤੋਂ ਵੱਡੀ ਗੱਲ ਕਿ ਸਰਕਾਰ ਵਲੋਂ ਫ਼ਿਲਮ ਨਿਰਮਾਤਾਵਾਂ ਨੂੰ ਅਜਿਹਾ ਸਿਨੇਮਾ ਤਿਆਰ ਕਰਨ ਲਈ ਹੱਲਾਸ਼ੇਰੀ ਵੀ ਮਿਲ ਰਹੀ ਹੈ।
ਇੰਡਸਟਰੀ ਵਿਚ ਹੋਏ ਭੇਦਭਾਵ ਦੇ ਸਵਾਲ ‘ਤੇ ਅਦਾਕਾਰ ਨੇ ਕਿਹਾ, ‘ਮੈਂ ਨਹੀਂ ਜਾਣਦਾ ਕਿ ਫ਼ਿਲਮ ਇੰਡਸਟਰੀ ਵਿਚ ਮੁਸਲਿਮ ਭਾਈਚਾਰੇ ਨਾਲ ਕੋਈ ਭੇਦਭਾਵ ਕੀਤਾ ਜਾ ਰਿਹਾ ਹੈ ਜਾਂ ਨਹੀਂ। ਮੈਂ ਮੰਨਦਾ ਹਾਂ ਕਿ ਸਾਡਾ ਯੋਗਦਾਨ ਅਹਿਮ ਹੈ। ਇਸ ਇੰਡਸਟਰੀ ਵਿਚ ਪੈਸਾ ਹੀ ਰੱਬ ਹੈ’। ਨਸੀਰੂਦੀਨ ਨੇ ਅੱਗੇ ਇਹ ਵੀ ਕਿਹਾ ਕਿ, ‘ਤਾਲਿਬਾਨ ਨੂੰ ਲੈ ਕੇ ਭਾਰਤ ਹੀ ਨਹੀਂ, ਦੁਨੀਆ ਵਿਚ ਮੁਸਲਮਾਨਾਂ ਦੇ ਇਕ ਵਰਗ ਵਲੋਂ ਸਮਰਥਨ ਦਿੱਤੇ ਜਾਣ ਜਾਂ ਕਥਿਤ ਤੌਰ ‘ਤੇ ਖ਼ੁਸ਼ੀ ਜ਼ਾਹਰ ਕੀਤੇ ਜਾਣ ਦੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ’।
ਇਕ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਅਦਾਕਾਰ ਨੇ ਕਿਹਾ ਕਿ, ‘ਇਸ ਇੰਡਸਟਰੀ ਵਿਚ ਤੁਹਾਡੀ ਇੱਜ਼ਤ ਤੁਹਾਡੇ ਪੈਸਿਆਂ ਨੂੰ ਦੇਖ ਕੇ ਕੀਤੀ ਜਾਂਦੀ ਹੈ। ਅੱਜ ਵੀ ਇੰਡਸਟਰੀ ਦੇ ਤਿੰਨ ਖਾਨ ਅਭਿਨੇਤਾ ਸ਼ਿਖ਼ਰ ‘ਤੇ ਹਨ। ਉਨ੍ਹਾਂ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਅਤੇ ਅੱਜ ਵੀ ਉਹ ਸਭ ਤੋਂ ਉੱਚੇ ਸਥਾਨ ‘ਤੇ ਹਨ। ਮੈਂ ਇੰਡਸਟਰੀ ਵਿਚ ਕਦੇ ਭੇਦਭਾਵ ਮਹਿਸੂਸ ਨਹੀਂ ਕੀਤਾ’।
ਉਨ੍ਹਾਂ ਕਿਹਾ ਕਿ, ‘ਜਦੋਂ ਮੈਂ ਕਰੀਅਰ ਦੀ ਸ਼ੁਰੂਆਤ ਕਰ ਰਿਹਾ ਸੀ ਤਾਂ ਮੈਨੂੰ ਵੀ ਨਾਮ ਬਦਲਣ ਦੀ ਸਲਾਹ ਦਿੱਤੀ ਗਈ ਸੀ ਪਰ ਮੈਂ ਨਾਮ ਨਹੀਂ ਬਦਲਿਆ। ਮੈਨੂੰ ਨਹੀਂ ਲਗਦਾ ਕਿ ਇਸ ਨਾਲ ਕੋਈ ਖ਼ਾਸ ਫ਼ਰਕ ਪੈਦਾ ਹੋਇਆ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁਸਲਿਮ ਨੇਤਾ ਯੂਨੀਅਨ ਦੇ ਮੈਂਬਰ ਅਤੇ ਵਿਦਿਆਰਥੀ ਜਦੋਂ ਕੋਈ ਬਿਆਨ ਦਿੰਦੇ ਹਨ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੈ, ਉਥੇ ਜਦੋਂ ਕੋਈ ਮੁਸਲਿਮ ਭਾਈਚਾਰੇ ਦੇ ਖ਼ਿਲਾਫ਼ ਕੋਈ ਹਿੰਸਕ ਬਿਆਨ ਦਿੱਤਾ ਜਾਂਦਾ ਹੈ ਤਾਂ ਉਸ ਤਰ੍ਹਾਂ ਦਾ ਸ਼ੋਰ ਦਿਖਾਈ ਨਹੀਂ ਦਿੰਦਾ।
ਸ਼ਾਹ ਨੇ ਕਿਹਾ ਕਿ ਫ਼ਿਲਮ ਇੰਡਸਟਰੀ ਨੂੰ ਹੁਣ ਸਰਕਾਰ ਵਲੋਂ ਵਿਚਾਰ ਦੇ ਸਮਰਥਨ ਵਾਲੀਆਂ ਫ਼ਿਲਮਾਂ ਬਣਾਉਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ। ਅਜਿਹੀਆਂ ਫ਼ਿਲਮਾਂ ਬਣਾਉਣ ਲਈ ਫੰਡ ਵੀ ਦਿੱਤਾ ਜਾਂਦਾ ਹੈ। ਜੋ ਸਰਕਾਰ ਦੇ ਵਿਚਾਰਾਂ ਦਾ ਸਮਰਥਨ ਕਰਦੀ ਹੋਵੇ। ਉਨ੍ਹਾਂ ਨੂੰ ਕਲੀਨ ਚਿੱਟ ਦਾ ਵੀ ਵਾਅਦਾ ਦਿੱਤਾ ਜਾਂਦਾ ਹੈ ਅਤੇ ਉਹ ਪ੍ਰੋਪੇਗੰਡਾ ਫ਼ਿਲਮਾਂ ਬਣਾਉਂਦੇ ਹਨ।
ਏਨਾ ਹੀ ਨਹੀਂ, ਉਨ੍ਹਾਂ ਨੇ ਅਜਿਹੇ ਕੰਮ ਦੀ ਤੁਲਨਾ ਨਾਜ਼ੀ ਜਰਮਨੀ ਨਾਲ ਕਰਦਿਆਂ ਕਿਹਾ ਕਿ, ‘ਉਥੇ ਵੀ ਇਵੇਂ ਹੁੰਦਾ ਸੀ। ਨਾਜ਼ੀ ਜਰਮਨੀ ਦੇ ਦੌਰ ਵਿਚ ਦੁਨੀਆ ਨੂੰ ਸਮਝ ਵਾਲੇ ਫ਼ਿਲਮਕਾਰਾਂ ਨੂੰ ਘੇਰਿਆ ਗਿਆ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਅਜਿਹੀਆਂ ਫ਼ਿਲਮਾਂ ਬਣਾਉਣ ਜੋ ਨਾਜ਼ੀ ਵਿਚਾਰਧਾਰਾ ਦਾ ਪ੍ਰਚਾਰ ਕਰਦੀਆਂ ਹੋਣ। ਉਨ੍ਹਾਂ ਕਿਹਾ ਕਿ ਮੇਰੇ ਕੋਲ ਇਸ ਦੇ ਪੱਕੇ ਸਬੂਤ ਨਹੀਂ ਹਨ ਪਰ ਜਿਸ ਤਰ੍ਹਾਂ ਦੀਆਂ ਵੱਡੇ ਬਜਟ ਦੀਆਂ ਫ਼ਿਲਮਾਂ ਆ ਰਹੀਆਂ ਹਨ, ਉਸ ਤੋਂ ਇਹ ਗੱਲ ਸਿੱਧ ਹੋ ਰਹੀ ਹੈ’।