ਫੁੱਲ ਖਿੜੇ – ਮੇਰੇ ਬਾਗ਼ੀਂ – ਅਸਾਧਾਰਨ ਸਵੈ-ਜੀਵਨੀ

ਮਨਜੀਤ ਕੌਰ ਤੂਰ ਦੀ ਸਵੈ-ਜੀਵਨੀ ‘ਫੁੱਲ ਖਿੜੇ ਮੇਰੇ ਬਾਗ਼ੀਂ’ ਜਦੋਂ ਮੇਰੇ ਹੱਥ ਲੱਗੀ ਤਾਂ ਮੈਂ ਇਹ ਆਪਣੀ ਪਹਿਲੀ ਵਿਹਲ ਵਿਚ ਹੀ ਪੜ੍ਹ ਦਿਤੀ। ਹਰਿਆਣੇ ਦੇ ਸ਼ਾਹਬਾਦ ਮਾਰਕੰਡਾ ਦੇ ਨੇੜੇ ਪਿੰਡ ਪਾਡਲੂ ਵਿਚ ਇੱਕ ਸਧਾਰਨ ਕਿਸਾਨ ਦੇ ਘਰ ਪੈਦਾ ਹੋ ਕੇ, ਪਿੰਡ ਦੇ ਸਕੂਲ ਵਿਚ ਪਹਿਲੀ ਤੋਂ ਪੰਜਵੀਂ ਅਤੇ ਫਿਰ ਸ਼ਾਹਬਾਦ ਮਾਰਕੰਡਾ ਦੇ ਹਾਈ ਸਕੂਲ ਵਿਚੋਂ ਦਸਵੀਂ ਪਾਸ ਕਰਕੇ, ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਰਕਾਰੀ ਕਾਲਜ ਵਿਚ ਦਾਖ਼ਲ ਹੋਈ ਜਿੱਥੇ ਸਪੋਰਟਸ ਕਾਲਜ ਵੀ ਨਵਾਂ-ਨਵਾਂ ਖੁੱਲ੍ਹਿਆ ਸੀ। ਮਨਜੀਤ ਕੌਰ ਨੂੰ ਖੇਡਾਂ ਦਾ ਬੜਾ ਸ਼ੌਕ ਸੀ। ਉਸ ਨੇ ਖੇਡਾਂ ਵਿਚੋਂ ਐਥਲੈਟਿਕਸ ਨੂੰ ਚੁਣਿਆ। ਉਹ ਐਥਲੀਟ ਬਣਨਾ ਚਾਹੁੰਦੀ ਸੀ। ਐਥਲੈਟਿਕਸ ਦੀਆਂ ਬਹੁਤ ਸਾਰੀਆਂ ਖੇਡਾਂ ਵਿਚ ਉਹ ਖੇਡਣ ਲੱਗੀ। ਜਿਵੇਂ ਰੀਲੇ ਰੇਸ, ਉੱਚੀ ਛਾਲ, ਲੰਬੀ ਛਾਲ, ਥਰੌਬਾਲ, 80 ਮੀਟਰ ਹਰਡਲ, ਖੋ ਖੋ ਆਦਿ। ਇਨ੍ਹਾਂ ਸਾਰੀਆਂ ਖੇਡਾਂ ਵਿਚ ਉਹ ਲਗਭਗ ਕਾਲਜਾਂ ਯੂਨੀਵਰਸਿਟੀਆਂ, ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿਚੋਂ ਸਦਾ ਫਸਟ ਜਾਂ ਸੈਕਿੰਡ ਆਉਂਦੀ ਰਹੀ। ਹਰਿਆਣੇ ਦੀ ਇਸ ਧੀ ਧਿਆਣੀ ਦਾ ਜੇ ਛੋਟੀ ਉਮਰੇ ਵਿਆਹ ਨਾ ਕਰ ਦਿੱਤਾ ਜਾਂਦਾ ਅਤੇ ਇਸ ਨੂੰ ਖੇਡਾਂ ਨੂੰ ਕਰਨ ਦੇ ਪੂਰੇ ਮੌਕੇ ਮਿਲਦੇ ਤਾਂ ਪਤਾ ਨਹੀਂ ਮਨਜੀਤ ਕੌਰ ਨੇ ਆਪਣੀ ਜ਼ਿੰਦਗੀ ਵਿਚ ਕਿੰਨੇ ਮੈਡਲ ਜਿੱਤ ਲਏ ਹੁੰਦੇ।
ਪਰ ਅੱਜ ਵਿਆਹ ਮਗਰੋਂ ਮਨਜੀਤ ਕੌਰ ਤੋਂ ਬਣੀ ਮਨਜੀਤ ਕੌਰ ਤੂਰ ਆਪਣੀ ਇਸ ਲੰਮੀ, ਪੌਣੀ ਸਦੀ ਦੀ ਉਮਰ ਵਿਚ ਕਈ ਮੈਡਲ ਜਿੱਤੇ ਹਨ। ਮੈਡਲ ਸਿਰਫ਼ ਖੇਡਾਂ ਵਿਚ ਹੀ ਨਹੀਂ ਹੁੰਦੇ ਜ਼ਿੰਦਗੀ ਦੇ ਹਰ ਪੜਾਅ ਉੱਤੇ ਇਨਸਾਨ ਨੇ ਮੈਡਲ ਜਿੱਤਣੇ ਹੁੰਦੇ ਹਨ।
ਮਨਜੀਤ ਕੌਰ ਤੂਰ ਨੇ ਕਿਹੜੇ ਮੈਡਲ ਜਿੱਤੇ, ਉਨ੍ਹਾਂ ਬਾਰੇ ਮੈਂ ਉਨ੍ਹਾਂ ਦੀ ਸਵੈਜੀਵਨੀ ਪੜ੍ਹ ਕੇ ਦੱਸਣ ਲੱਗੀ ਹਾਂ।
ਮਨਜੀਤ ਕੌਰ ਆਪਣੀ ਜ਼ਿੰਦਗੀ ਵਿਚ ਤਿੰਨ ਵਾਰ ਮਰਨ ਤੋਂ ਬਚੀ। ਇੱਕ ਵਾਰ ਜਦੋਂ 1947 ਵਿਚ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਤੋਂ ਉੱਜੜ ਕੇ ਭਾਰਤ ਆ ਰਿਹਾ ਸੀ ਤਾਂ ਉਸ ਦੀ ਮਾਂ ਨੇ ਚੀਕਾਂ ਮਾਰਦੀ ਛੋਟੀ ਬੱਚੀ ਨੂੰ ਝਾੜੀਆਂ ਓਹਲੇ ਰੱਖ ਦਿਤਾ ਕਿ ਕਿਤੇ ਇਸ ਦੀਆਂ ਚੀਕਾਂ ਸਾਨੂੰ ਨਾ ਮਰਵਾ ਦੇਣ। ਪਰ ਉਸ ਦੀ ਵੱਡੀ ਭੈਣ ਨੂੰ ਤਰਸ ਆਇਆ ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਜਿੰਨਾ ਚਿਰ ਇਹ ਜਿਉਂਦੀ ਹੈ, ਆਪਾਂ ਛੱਡ ਕੇ ਨਹੀਂ ਜਾਣਾ। ਉਸ ਨੇ ਮੁੜ ਕੇ ਇਸ ਬੱਚੀ ਨੂੰ ਚੁੱਕ ਲਿਆ।
ਬੈਣਾ ਬੁਲੰਦ (ਨੇੜੇ ਅਮਲੋਹ) ਜਦੋਂ ਮਨਜੀਤ ਕੌਰ ਦਾ ਵਿਆਹ ਵਕੀਲ ਜੋਗਿੰਦਰ ਸਿੰਘ ਤੂਰ ਨਾਲ ਹੋਇਆ ਤਾਂ ਇਸ ਨੇ ਸਖ਼ਤ ਮਿਹਨਤ ਕਰਨ ਲਈ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਨੇ ਆਪਣੀ ਅਧੂਰੀ ਰਹੀ ਸਿੱਖਿਆ ਨੂੰ ਸਿਰੇ ਲਾਇਆ। ਕੰਮਕਾਰ ਕਰਦਿਆਂ ਪ੍ਰਾਈਵੇਟ ਤੌਰ ਤੇ ਐਮ.ਏ., ਬੀ.ਐਡ. ਕੀਤੀ। ਅਮਲੋਹ ਸਕੂਲ ਖੋਲ੍ਹਿਆ। ਘਰ ਦਾ ਸਾਰਾ ਕੰਮ ਕਰਕੇ ਅਤੇ ਖੇਤਾਂ ਵਿਚ ਕੰਮ ਕਰਦੇ ਕੰਮੀਆਂ ਲਈ ਤੰਦੂਰ ਉੱਤੇ ਸੌ ਸੌ ਰੋਟੀਆਂ ਪਕਾ ਕੇ ਸਕੂਲ ਆਉਣਾ। ਬੱਚਿਆਂ ਨੂੰ ਸਾਈਕਲ ਉੱਤੇ ਬਿਠਾ ਕੇ ਪਿੰਡ ਤੋਂ ਅਮਲੋਹ ਲੈ ਕੇ ਆਉਣਾ। ਫਿਰ ਸਕੂਲ ਮਗਰੋਂ ਫਿਰ ਘਰ ਦਾ ਸਾਰਾ ਕੰਮ ਕਰਨਾ। ਆਪਣੇ ਪਤੀ ਦੇ ਤਾਏ ਚਾਚਿਆਂ ਦੇ ਵੱਡੇ ਪਰਿਵਾਰ ਨਾਲ ਮਿਲ ਕੇ ਰਹਿਣਾ। ਉਨ੍ਹਾਂ ਦੇ ਕੰਮ ਆਉਣਾ। ਉਨ੍ਹਾਂ ਸਾਰਿਆਂ ਤੋਂ ਸਤਿਕਾਰ ਹਾਸਲ ਕਰਨਾ।
1989 ਵਿਚ ਪਤੀ ਵੱਲੋਂ ਚੰਡੀਗੜ੍ਹ ਦੇ ਸੈਕਟਰ 33 ਵਿਚ ਦੋ ਕਨਾਲ ਦਾ ਪਲਾਟ ਲਿਆ। ਪਹਿਲਾਂ ਮਨਜੀਤ ਤੂਰ
ਪੰਦਰਾਂ ਸਾਲ ਪਿੰਡ ਤੋਂ ਅਮਲੋਹ ਸਕੂਲ ਪੜ੍ਹਾਉਣ ਜਾਂਦੀ ਰਹੀ। ਫਿਰ ਬਾਰਾਂ ਸਾਲ ਚੰਡੀਗੜ੍ਹ ਤੋਂ ਅਮਲੋਹ ਸਕੂਲ ਪੜ੍ਹਾਉਣ ਜਾਂਦੀ ਰਹੀ।
ਪਤੀ ਦੀ ਵਕਾਲਤ ਵੱਧ ਰਹੀ ਸੀ। ਹੁਣ ਹਾਈ ਕੋਰਟ ਅਤੇ ਸੁਪਰੀਮ ਕੋਰਟ ਜਾਣ ਲੱਗੇ। ਆਲ ਇੰਡੀਆ ਲਾਇਰਜ਼ ਯੂਨੀਅਨ ਵਿਚ ਕੰਮ ਕਰਨ ਕਰਕੇ ਹਰ ਰੋਜ਼ ਘਰ ਵਿਚ ਚਹਿਲ-ਪਹਿਲ ਰਹਿਣ ਲੱਗੀ। ਮਨਜੀਤ ਤੂਰ ਇਕੱਲੀ ਹੀ ਸਾਰਾ ਕੰਮ ਕਰ ਰਹੀ ਹੁੰਦੀ। ਆਖਰ ਰੋਟੀ ਆਦਿ ਲਈ ਪੱਕਾ ਨੌਕਰ ਰੱਖਣਾ ਪਿਆ। ਇੱਕ ਦਿਨ ਚੰਡੀਗੜ੍ਹ ਵਿਚ ਵਕੀਲਾਂ ਦਾ ਸੈਮੀਨਾਰ ਹੋਣਾ ਸੀ। ਸਾਰੇ ਭਾਰਤ ਤੋਂ ਡੈਲੀਗੇਟ ਆਏ। ਮਨਜੀਤ ਤੂਰ ਨੇ ਇੱਕ ਦਿਨ ਵਿਚ 80 ਦੇ ਨੇੜੇ ਡੈਲੀਗੇਟਾਂ ਨੂੰ ਸੰਭਾਲਿਆ। ਉਨ੍ਹਾਂ ਦੇ ਨਹਾਉਣ ਧੋਣ, ਨਾਸ਼ਤਾ ਅਤੇ ਲੰਚ ਡਿਨਰ ਇਕੱਲੀ ਨੇ ਕੀਤਾ। ਨੌਕਰ ਪਿੰਡ ਗਿਆ ਹੋਇਆ ਸੀ।
ਦੋ ਲੜਕੇ ਅਤੇ ਇੱਕ ਲੜਕੀ ਦਾ ਪਾਲਨ ਪੋਸ਼ਣ ਕਰਨਾ। ਪੋਤੇ ਪੋਤੀਆਂ ਨੂੰ ਸੰਭਾਲਣਾ। ਸਾਰੇ ਬੱਚਿਆਂ ਨੂੰ ਉੱਚ ਪੜ੍ਹਾਈ ਕਰਵਾਉਣੀ। ਕੈਨੇਡਾ ਭੇਜਣਾ। ਉੱਥੇ ਆਉਂਦੇ ਜਾਂਦੇ ਰਹਿਣਾ। ਵੱਡੇ ਲੜਕੇ ਵਿੰਦਰ ਦਾ ਕੈਨੇਡਾ ਵਿਚ ਬਰਿਸਟਰ ਅਤੇ ਸੌਲੀਸਟਰ ਇਨਰੌਲਮੈਂਟ ਦਾ ਹੋਣਾ। ਧੀ ਪਰੀਆਨਾ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ.ਐਸ.ਸੀ., ਐਮ.ਫਿਲ. ਅਤੇ ਪੀ.ਐਚ.ਡੀ. ਕਰਵਾਉਣੀ। ਅਮਰੀਕਾ ਭੇਜਣਾ। ਛੋਟਾ ਲੜਕਾ ਵਿੱਕੀ ਵਾਟਰਲੂ ਯੂਨੀਵਰਸਿਟੀ ਤੋਂ ਐਮ.ਬੀ.ਈ.ਟੀ. ਦੀ ਡਿਗਰੀ ਪ੍ਰਾਪਤ ਕਰਕੇ ਆਪਣੀ ਐਸਟੈੱਕ ਕਨਸੈਪਟ ਇਨਸ ਦੀ ਕੰਪਨੀ ਚਲਾ ਰਿਹਾ ਹੈ। ਹੁਣ ਮਨਜੀਤ ਤੂਰ ਹੋਰਾਂ ਕੋਲ ਟੋਰਾਂਟੋ ਵਿਚ ਦਰਿਆ ਦੇ ਕੰਢੇ ਤਿੰਨ ਏਕੜ ਦਾ ਬਾਗ਼ਾਂ ਵਿਚ ਘਿਰਿਆ ਘਰ ਹੈ। ਲੜਕੇ ਤੇ ਨੂੰਹਾਂ ਆਪਣੇ ਕੰਮ ਕਈ ਮੰਜ਼ਲਾ ਸ਼ੀਸ਼ੇ ਵਾਲੇ ਦਫ਼ਤਰ ਵਿਚ ਕੰਮ ਕਰ ਰਹੇ ਹਨ। ਹੁਣ ਇਨ੍ਹਾਂ ਕੋਲ ਦਰਜਨਾਂ ਵਰਕਰ ਕੰਮ ਕਰ ਰਹੇ ਹਨ।
ਆਪਣੀ ਜੀਵਨੀ ਵਿਚ ਮਨਜੀਤ ਕੌਰ ਲਿਖਦੀ ਹੈ ਕਿ ਆਏ-ਗਏ ਦੀ ਸੇਵਾ ਕਿਵੇਂ ਕਰਨੀ ਹੈ। ਉਹ ਲਿਖਦੀ ਹੈ ਕਿ ਜੇ ਤੁਸੀਂ ਮਹਿਮਾਨ ਅੱਗੇ ਇੱਕ ਫੁਲਕਾ ਰੱਖਿਆ ਹੈ ਤਾਂ ਇਸ ਪਹਿਲੇ ਫੁਲਕੇ ਦੇ ਖਾਣ ਮਗਰੋਂ ਦੂਜਾ ਫੁੱਲਿਆ ਤੇ ਰੜ੍ਹਿਆ ਹੋਇਆ ਫੁਲਕਾ ਰੱਖੋ। ਦੋ ਫੁਲਕੇ ਰੱਖਣ ਨਾਲ ਅਗਲਾ ਸਮਝੇਗਾ ਕਿ ਫਾਹਾ ਵੱਢ ਰਹੇ ਹਨ।
ਇਸ ਸਵੈਜੀਵਨੀ ਨੂੰ ਲਿਖਣ ਲਈ ਮਨਜੀਤ ਕੌਰ ਦੇ ਪਤੀ ਜੋਗਿੰਦਰ ਸਿੰਘ ਤੂਰ ਨੇ ਪ੍ਰੇਰਿਆ। ਉਨ੍ਹਾਂ ਕਿਹਾ ਸੀ ਕਿ ”ਮਨਜੀਤ, ਤੁਸੀਂ ਆਪਣੀ ਸਵੈ ਜੀਵਨੀ ਲਿਖੋ, ਤੁਹਾਡਾ ਜੀਵਨ ਬੜਾ ਸੰਘਰਸ਼ਮਈ ਰਿਹਾ ਹੈ”। ਅਸਲ ਵਿਚ ਮਨਜੀਤ ਕੌਰ ਤੂਰ ਅਤੇ ਜੋਗਿੰਦਰ ਸਿੰਘ ਤੂਰ ਇੱਕ-ਦੂਜੇ ਦੇ ਪੂਰਕ ਹਨ। ਇੱਕ-ਦੂਜੇ ਤੋਂ ਊਰਜਾ ਲੈਂਦੇ ਹਨ। ਜੋਗਿੰਦਰ ਸਿੰਘ ਤੂਰ, ਇਹੋ ਵਕੀਲ ਜੋਗਿੰਦਰ ਸਿੰਘ ਤੂਰ ਹੈ ਜਿਹਦੇ ਖੇਤੀ ਮਸਲਿਆਂ ਬਾਰੇ ਅਖ਼ਬਾਰਾਂ ਵਿਚ ਕਾਲਮ ਛਪਦੇ ਰਹਿੰਦੇ ਹਨ। ਜਿਸ ਦਾ ਲਿਖਿਆ ਕਿਤਾਬਚਾ ‘ਖੇਤੀ ਕਾਨੂੰਨਾਂ ਵਿਚ, ਕਾਲਾ ਕੀ ਹੈ?’ ਦਿੱਲੀ ਬਾਰਡਰ ਉੱਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸਟੇਜ ਉੱਤੇ ਰਿਲੀਜ਼ ਹੋਇਆ। ਅਤੇ ਇਹ ਕਿਤਾਬਚਾ ਪੰਜਾਬੀ, ਹਿੰਦੀ ਅਤੇ ਹੋਰ ਜ਼ੁਬਾਨਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਛਪ ਕੇ ਪੜ੍ਹਿਆ ਅਤੇ ਵੰਡਿਆ ਗਿਆ।
ਮੈਂ ਇਸ ਸਵੈਜੀਵਨੀ ਨੂੰ ਪੜ੍ਹਨ ਲਈ ਪੁਰਜ਼ੋਰ ਸਿਫ਼ਾਰਸ਼ ਕਰਦੀ ਹਾਂ, ਵਿਸ਼ੇਸ਼ ਤੌਰ ਉੱਤੇ ਕੁਆਰੀਆਂ ਕੁੜੀਆਂ ਨੂੰ ਜਿਨ੍ਹਾਂ ਨੇ ਵਿਆਹ ਮਗਰੋਂ ਪੇਕਿਆਂ ਅਤੇ ਸਹੁਰਿਆਂ ਵਿਚ ਤਾਲਮੇਲ ਬਿਠਾ ਕੇ ਰੱਖਣਾ ਹੁੰਦਾ ਹੈ।
ਨਿਰਸੰਦੇਹ ਮਨਜੀਤ ਕੌਰ ਤੂਰ ਦੇ ਬਾਗ਼ਾਂ ਵਿਚ ਰੰਗ-ਬਰੰਗੇ ਫੁੱਲ ਖਿੜੇ ਹੋਏ ਹਨ।
”ਫੁੱਲ ਖਿੜੇ-ਮੇਰੇ ਬਾਗ਼ੀਂ” ਦੇ ਸਫ਼ੇ 122, ਮੁੱਲ 250 ਰੁਪਏ, ਪਬਲਿਸ਼ਰਜ਼ ਲੋਕ ਗੀਤ ਪ੍ਰਕਾਸ਼ਨ, ਮੁਹਾਲੀ ਹੈ।
97796-52249