ਮੱਧ ਪ੍ਰਦੇਸ਼ : ਬੀ.ਏ. ਦੇ ਸਿਲੇਬਸ ਵਿਚ ਜੋੜਿਆ ਜਾਵੇਗਾ ‘ਰਾਮਚਰਿਤਮਾਨਸ’

ਭੋਪਾਲ : ਮੱਧ ਪ੍ਰਦੇਸ਼ ਦੇ ਉੱਚ ਸਿੱਖਿਆ ਮੰਤਰੀ ਮੋਹਨ ਯਾਦਵ ਨੇ ਕਿਹਾ ਕਿ ਸੂਬੇ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਗਰੈਜੁਏਸ਼ਨ ਪਾਠ ਪੁਸਤਕਾਂ ਦੇ ਪਹਿਲੇ ਵਰ੍ਹੇ ਦੇ ਵਿਦਿਆਰਥੀਆਂ ਲਈ ਕਲਾ ਵਿਭਾਗ ਵਿਚ ਦਰਸ਼ਨਸ਼ਾਸਤਰ ਤਹਿਤ ਬਦਲਵੇਂ ਵਿਸ਼ੇ ਵਜੋਂ ਮਹਾਂ ਕਾਵਿ ‘ਰਾਮਚਰਿਤਮਾਨਸ’ ਦੀ ਪੇਸ਼ਕਸ਼ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਾਠ ਪੁਸਤਕ ਕਮੇਟੀ ਦੀ ਸਿਫ਼ਾਰਸ਼ ‘ਤੇ ਸ਼੍ਰੀ ਰਾਮਚਰਿਤਮਾਨਸ ਨੂੰ ਵਿਦਿਅਕ ਸੈਸ਼ਨ 2021-22 ਤੋਂ ਬੀ.ਏ. ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਦਰਸ਼ਨ ਵਿਸ਼ੇ ਤਹਿਤ ਬਦਲਵੇਂ ਪਾਠ ਪੁਸਤਕ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ।
ਯਾਦਵ ਨੇ ਕਿਹਾ, ‘ਰਾਮਚਰਿਤਮਾਨਸ ਵਿਚ ਵਿਗਿਆਨ, ਸੰਸਕ੍ਰਿਤੀ, ਸਾਹਿਤ ਅਤੇ ‘ਸ਼ਿੰਗਾਰ’ (ਭਾਰਤੀ ਸ਼ਾਸਤਰੀ ਕਲਾ ਦੇ ਰੂਪ ਵਿਚ ਪ੍ਰੇਮ ਅਤੇ ਸੁੰਦਰਤਾ ਦੀ ਧਾਰਨਾ) ਦਾ ਵਰਣਨ ਹੈ। ਇਹ ਕਿਸੇ ਧਰਮ ਵਿਸ਼ੇਸ਼ ਬਾਰੇ ਨਹੀਂ ਹੈ। ਅਸੀਂ ਉਰਦੂ ਗ਼ਜ਼ਲ ਨੂੰ ਵੀ ਵਿਸ਼ੇ ਦੇ ਰੂਪ ਵਿਚ ਪੇਸ਼ ਕੀਤਾ ਹੈ।’
ਯਾਦਵ ਨੇ ਦਾਅਵਾ ਕੀਤਾ ਕਿ ਨਾਸਾ ਦੇ ਇਕ ਅਧਿਐਨ ਵਿਚ ਇਹ ਸਿੱਧ ਹੋ ਗਿਆ ਹੈ ਕਿ ਰਾਮ ਸੇਤੁ ਲੱਖਾਂ ਸਾਲ ਪਹਿਲਾਂ ਬਣਾਇਆ ਗਿਆ ਮਾਨਵ ਨਿਰਮਤ ਪੁਲ ਸੀ ਅਤੇ ਬੇਟ ਦਵਾਰਕਾ 5000 ਸਾਲ ਪਹਿਲਾਂ ਹੋਂਦ ਵਿਚ ਸੀ। ਮੰਤਰੀ ਨੇ ਕਿਹਾ, ‘ਇਹ ਪਾਠਕ੍ਰਮ ਵਿਦਵਾਨਾਂ ਦੀ ਸਿਫ਼ਾਰਸ਼ ‘ਤੇ ਲਾਗੂ ਕੀਤਾ ਜਾ ਰਿਹਾ ਹੈ।’
ਇਸ ਦੌਰਾਨ ਕਾਂਗਰਸ ਵਿਧਾਇਕ ਆਰਿਫ਼ ਮਸੂਦ ਨੇ ਕਿਹਾ ਕਿ ਭਾਜਪਾ ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਇਸ ਤਰ੍ਹਾਂ ਦੇ ਕਦਮ ਚੁੱਕ ਰਹੀ ਹੈ।