ਕੈਨੇਡਾ ਚੋਣਾਂ 20 ਨੂੰ : ਟਰੂਡੋ ਦੀ ਜਿੱਤ ਮੁਸ਼ਕਲ, ਸਰਵੇਖਣ ਵਿੱਚ ਉਨ੍ਹਾਂ ਦੀ ਪਾਰਟੀ ਪਿੱਛੇ

ਵੈਨਕੁਵਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 15 ਅਗਸਤ ਨੂੰ ਜਦੋਂ ਮੱਧ ਕਾਲੀ ਚੋਣਾਂ ਦਾ ਐਲਾਨ ਕੀਤਾ ਸੀ, ਤਾਂ ਇਹ ਸੋਚਿਆ ਸੀ ਕਿ ਕਰੋਨਾ ਨਾਲ ਨਜਿੱਠਣ ਵਿਚ ਮਿਲੀ ਸਫਲਤਾ ਉਨ੍ਹ ਨੂੰ ਪੂਰਨ ਬਹੁਮਤ ਦਿਵਾ ਦੇਵੇਗੀ। ਹੁਣ ਜਦਕਿ ਵੋਟਿੰਗ ਵਿਚ ਇਕ ਹਫ਼ਤੇ ਤੋਂ ਵੀ ਘੱਟ ਸਮਾਂ ਬਚਿਆ ਹੈ, ਤਾਂ ਉਨ੍ਹਾਂ ਦੀ ਉਮੀਦ ਫਿੱਕੀ ਨਜ਼ਰ ਆ ਰਹੀ ਹੈ। ਨਿਊਜ਼ ਏਜੰਸੀ ਮੁਤਾਬਕ, ਟਰੂਡੋ ਦੀ ਲਿਬਰਲ ਪਾਰਟੀ ਦਾ ਚੋਣ ਪ੍ਰਚਾਰ ਦਮਦਾਰ ਨਹੀਂ ਰਿਹਾ ਅਤੇ ਲੋਕ ਕਈ ਮੁੱਦਿਆਂ ‘ਤੇ ਉਨ੍ਹਾਂ ਤੋਂ ਨਾਰਾਜ਼ ਹਨ। ਇਸ ਦਾ ਖਮਿਆਜ਼ਾ ਉਨ੍ਹਾਂ ਨੂੰ ਚੋਣਾਂ ਵਿਚ ਸਹਿਣਾ ਪੈ ਸਕਦਾ ਹੈ।
ਸੱਤਾ ਵਿਰੋਧੀ ਲਹਿਰ ਵੀ
ਜਸਟਿਨ ਟਰੂਡੋ 2015 ਤੋਂ ਸੱਤਾ ਵਿਚ ਹਨ। 2019 ਵਿਚ ਜਦੋਂ ਉਹ ਦੂਸਰੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਇਹ ਸਰਕਾਰ ਘੱਟ-ਗਿਣਤੀ ਵਿਚ ਸੀ। ਇਸ ਕਾਰਨ ਉਨ੍ਹਾਂ ਨੂੰ ਅਹਿਮ ਬਿਲ ਪਾਸ ਕਰਵਾਉਣ ਜਾਂ ਫ਼ੈਸਲੇ ਕਰਨ ਲਈ ਵਿਰੋਧੀ ਦਲਾਂ ਦਾ ਸਹਾਰਾ ਲੈਣਾ ਪੈਂਦਾ ਸੀ। ਕਰੋਨਾ ਨਾਲ ਉਨ੍ਹਾਂ ਦੀ ਸਰਕਾਰ ਨੇ ਬਿਹਤਰ ਢੰਗ ਨਾਲ ਨਜਿੱਠਿਆ। ਵੈਕਸੀਨੇਸ਼ਨ ਵਿਚ ਕਾਮਯਾਬੀ ਹਾਸਲ ਕੀਤੀ ਅਤੇ ਵਪਾਰੀ ਭਾਈਚਾਰੀ ਦੀ ਵੀ ਕਾਫ਼ੀ ਮਦਦ ਕੀਤੀ। ਇਸ ਦੇ ਬਾਵਜੂਦ ਆਮ ਲੋਕਾਂ ਵਿਚ ਉਨ੍ਹਾਂ ਦੀ ਸਰਕਾਰ ਪ੍ਰਤੀ ਗੁੱਸਾ ਹੈ। ਇਸ ਦਾ ਕਾਰਨ ਸੱਤਾ ਵਿਰੋਧੀ ਲਹਿਰ ਹੈ। ਨਿਊਜ਼ ਏਜੰਸੀ ਮੁਤਾਬਕ, ਪੂਰਨ ਬਹੁਮਤ ਲਈ 49 ਸਾਲ ਦੇ ਟਰੂਡੋ ਨੂੰ 38% ਵੋਟਾਂ ਚਾਹੀਦੀਆਂ ਹਨ। ਹੁਣ ਇਹ ਅੰਕੜਾ ਮੁਸ਼ਕਲ ਨਜ਼ਰ ਆ ਰਿਹਾ ਹੈ।
ਪਾਰਟੀ ਆਗੂ ਵੀ ਪ੍ਰੇਸ਼ਾਨ
ਟਰੂਡੋ ਦੀ ਲਿਬਰਲ ਪਾਰਟੀ ਦੇ ਇਕ ਆਗੂ ਨੇ ਕਿਹਾ- ਮੱਧਕਾਲੀ ਚੋਣਾਂ ਦਾ ਫ਼ੈਸਲਾ ਲੈ ਕੇ ਪ੍ਰਧਾਨ ਮੰਤਰੀ ਨੇ ਗ਼ਲਤੀ ਕੀਤੀ ਹੈ। ਕੁਝ ਦਿਨ ਪਹਿਲਾਂ ਟਰੂਡੋ ਨੇ ਕਿਹਾ ਸੀ- ‘ਸਾਡੀ ਸਰਕਾਰ ਨੇ ਕਰੋਨਾ ਨਾਲ ਜੰਗ ਵਿਚ ਬਿਹਤਰੀਣ ਕੰਮ ਕੀਤਾ ਹੈ। ਹੁਣ ਤੁਹਾਡੀ ਵਾਰੀ ਹੈ, ਸਾਡੇ ਬਾਰੇ ਸੋਚਣ ਦੀ। ਅਸੀਂ ਜੀ.ਡੀ.ਪੀ. ਨੂੰ 23% ਤੱਕ ਲੈ ਜਾਣਾ ਚਾਹੁੰਦੇ ਹਾਂ।’
ਅਗਸਤ ਵਿਚ ਚੋਣਾਂ ਦੇ ਐਲਾਨ ਮੌਕੇ ਟੂਰਡੋ ਦੀ ਲਿਬਰਲ ਪਾਰਟੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਤੋਂ ਅੱਗੇ ਸੀ। ਹੁਣ ਤਾਜ਼ਾ ਸਰਵੇਖਣ ਸਾਫ਼ ਦੱਸਦੇ ਹਨ ਕਿ ਟਰੂਡੋ ਪੱਛੜ ਰਹੇ ਹਨ। ਵਿਰੋਧੀ ਧਿਰ ਦੇ ਆਗੂ ਓ’ਟੂਲ ਮੁਤਾਬਕ ਸੱਤਾ ਹਥਿਆਉਣ ਲਈ ਟਰੂਡੋ ਦੇਸ਼ ਨੂੰ ਚੋਣਾਂ ਵਿਚ ਧੱਕ ਰਹੇ ਹਨ, ਜਦਕਿ ਦੇਸ਼ ਵਿਚ ਕਰੋਨਾ ਦੀ ਚੌਥੀ ਲਹਿਰ ਆ ਚੁੱਕੀ ਹੈ।
5 ਪਾਰਟੀਆਂ ਦੇ ਵੱਡੇ ਆਗੂ
- ਜਸਟਿਨ ਟਰੂਡੋ (ਲਿਬਰਲ)
- ਏਰਿਨ ਓ’ਟੂਲ (ਕੰਜ਼ਰਵੇਟਿਵ)
- ਵੀਸ ਫ੍ਰੇਂਕੋਇਸ (ਬਲਾਕ ਕਿਊਬਿਕੋਇਸ)
- ਜਗਮੀਤ ਸਿੰਘ (ਐਨ.ਡੀ.ਪੀ.)
- ਐਨਾਮਈ ਪਾੱਲ (ਗ੍ਰੀਨ)
ਕਿੱਥੇ ਫਸੇ ਟਰੂਡੋ
- ਜਲਦੀ ਚੋਣਾਂ ਦਾ ਕਾਰਨ ਨਹੀਂ ਦੱਸ ਸਕੇ
- ਵਿਰੋਧੀ ਧਿਰ ਨੇ ਪ੍ਰਾਈਵੇਟ ਹੈਲਥਕੇਅਰ ‘ਤੇ ਘੇਰਿਆ
*ਓਟਵਾ ਵਿਚ ਕਰੋਨਾ ਕੇਸ ਵਧਦੇ ਰਹੇ - ਸੱਤਾ ਵਿਰੋਧੀ ਲਹਿਰ ਨਹੀਂ ਸਮਝ ਸਕੇ
ਕੈਂਪੇਨ ਵਿਚ ਮੁਸ਼ਕਲਾਂ
ਗੱਲਬਾਤ ਦੌਰਾਨ ਟਰੂਡੋ ਦੇ ਇਕ ਸਮਰਥਕ ਨੇ ਕਿਹਾ- ਇਕ ਵਕਤ ਸੀ ਜਦੋਂ ਲੋਕ ਉਨ੍ਹਾਂ ਨੂੰ ਸੁਣਨਾ ਪਸੰਦ ਕਰਦੇ ਸਨ। ਹੁਣ ਟਰੂਡੋ ਬਰਾਂਡ ਤੋਂ ਲੋਕ ਥੱਕ ਗਏ ਹਨ। ਸਾਡਾ ਗੁਲਾਬ ਮੁਰਝਾ ਰਿਹਾ ਹੈ। ਓਂਟਾਰੀਓ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਸੂਬਾ ਹੈ। ਇਥੋਂ ਦੀਆਂ 121 ਵਿਚੋਂ 75 ਸੀਟਾਂ ਲਿਬਰਲ ਪਾਰਟੀ ਕੋਲ ਹਨ, ਪਰ ਹੁਣ ਏਨੀਆਂ ਸੀਟਾਂ ਹਾਸਲ ਕਰਨਾ ਬਹੁਤ ਮੁਸ਼ਕਲ ਲੱਗ ਰਿਹਾ ਹੈ। ਵੋਟਰ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ ਹਨ। ਉਹ ਸਾਨੂੰ ਭਜਾਉਂਦੇ ਹੋਏ ਕਹਿੰਦੇ ਹਨ ਕਿ ਸਾਨੂੰ ਸਾਡੀ ਜ਼ਿੰਦਗੀ ਜਿਉਣ ਦਿਓ।
ਟਰੂਡੋ ਜਦੋਂ ਪਹਿਲੀ ਵਾਰ ਸੱਤਾ ਵਿਚ ਆਏ ਸਨ ਤਾਂ ਉਨ੍ਹਾਂ ਨੇ ਕਲਾਈਮੇਟ ਚੇਂਜ, ਔਰਤਾਂ ਨੂੰ ਜ਼ਿਆਦਾ ਅਧਿਕਾਰ ਦੇਣ ਅਤੇ ਜਨਜਾਤੀਆਂ ਨੂੰ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਸੀ, ਪਰ ਇਨ੍ਹਾਂ ਤਿੰਨੋਂ ਮੁੱਦਿਆਂ ‘ਤੇ ਹੀ ਲੋਕ ਉਨ੍ਹਾਂ ਨੂੰ ਨਾਕਾਮ ਦੱਸਦੇ ਹਨ ਅਤੇ ਅੰਕੜੇ ਵੀ ਇਸ ਦੀ ਗਵਾਹੀ ਦਿੰਦੇ ਹਨ। ਉਨ੍ਹਾਂ ਦੀ ਇਕ ਸਾਬਕਾ ਸਹਿਯੋਗੀ ਮੰਤਰੀ ਨੇ ਪਿਛਲੇ ਦਿਨੀਂ ਜਾਰੀ ਆਪਣੀ ਕਿਤਾਬ ਵਿਚ ਕਿਹਾ- ਦੋ ਸਾਲ ਪਹਿਲਾਂ ਜਸਟਿਨ ਨੇ ਮੈਨੂੰ ਲੋਕਾਂ ਅੱਗੇ ਝੂਠ ਬੋਲਣ ਲਈ ਕਿਹਾ ਸੀ।
ਕੀ ਹੋਵੇਗਾ ਅੱਗੇ?
ਤਿੰਨ ਹਫ਼ਤੇ ਪਹਿਲਾਂ ਜੋ ਸਰਵੇਖਣ ਆਏ ਸਨ, ਉਨ੍ਹਾਂ ਵਿਚ ਕੰਜ਼ਰਵੇਟਿਵ ਪਾਰਟੀ ਨੂੰ ਅੱਗੇ ਦਿਖਾਇਆ ਗਿਆ ਸੀ। ਪਿਛਲੇ ਹਫ਼ਤੇ ਜੋ ਸਰਵੇਖਣ ਆਏ, ਉਨ੍ਹਾਂ ਵਿਚ ਲਿਬਰਲ ਪਾਰਟੀ ਬਹੁਤ ਮਾਮੂਲੀ ਵਾਪਸੀ ਕਰਦੀ ਨਜ਼ਰ ਆਈ ਹੈ। ਨੇਨੋਸ ਪੋਲਜ਼ ਮੁਤਾਬਕ ਪਿਛਲੇ ਹਫ਼ਤੇ ਲਿਬਰਲਜ਼ ਨੂੰ 33.2% ਜਦਕਿ ਕੰਜ਼ਰਵੇਟਿਵ ਨੂੰ 30.2% ਵੋਟ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ। ਜਸਟਿਨ ਕੈਂਪੇਨ ਵਿਚ ਹੁਣ ਸੈਲੇਬ੍ਰੀਟੀਜ਼ ਦੀ ਵੀ ਮਦਦ ਲੈ ਰਹੇ ਹਨ। ਕੈਨੇਡਾ ਦੇ ਸਿਆਸੀ ਮਾਹਰ ਐਲੇਕਸ ਮੇਰਲੈਂਡ ਕਹਿੰਦੇ ਹਨ- ਇਹ ਗੱਲ ਮੰਨਣੀ ਪਏਗੀ ਕਿ ਜਸਟਿਨ ਵਰਗਾ ਜਾਦੂ ਤਾਂ ਹੁਣ ਵੀ ਕਿਸੇ ਹੋਰ ਵਿਚ ਨਜ਼ਰ ਨਹੀਂ ਆਉਂਦਾ ਅਤੇ ਇਹ ਚੰਗੀ ਗੱਲ ਨਹੀਂ ਹੈ।
ਕੈਨੇਡਾ ਚੋਣਾਂ ਦੀਆਂ ਕੁਝ ਅਹਿਮ ਗੱਲਾਂ - ਇਥੇ ਸੰਸਦੀ ਲੋਕਤੰਤ ਹੈ
- 4 ਸਾਲ ਵਿਚ ਚੋਣਾਂ ਹੁੰਦੀਆਂ ਹਨ
- ਬਰਤਾਨੀਆ ਦੀ ਮਹਾਰਾਣੀ ਜਾਂ ਰਾਜਾ ਦੀ ਪ੍ਰਤੀਨਿਧਤਾ ਹੁੰਦੀ ਹੈ
- ਇਸ ਨੂੰ ਗਵਰਨਰ ਜਨਰਲ ਕਿਹਾ ਜਾਂਦਾ ਹੈ
ਭਾਰਤੀ ਮੂਲ ਦੇ ਲੋਕਾਂ ਦਾ ਅਸਰ
ਕੈਨੇਡਾ ਦੀ ਕੁੱਲ ਆਬਾਦੀ ਵਿਚ ਕਰੀਬ 16 ਲੱਖ ਭਾਰਤੀ ਮੂਲ ਦੇ ਲੋਕ ਹਨ। ਇਨ੍ਹਾਂ ਵਿਚੋਂ ਕਰੀਬ 5 ਲੱਖ ਸਿੱਖ ਭਾਈਚਾਰੇ ਦੇ ਨਾਗਰਿਕ ਹਨ। ਤੀਜੀ ਸਭ ਤੋਂ ਵੱਡੀ ਪਾਰਟੀ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਹਨ। ਘੱਟ ਗਿਣਤੀ ਵਾਲੀ ਟਰੂਡੋ ਸਰਕਾਰ ਨੂੰ ਉਨ੍ਹਾਂ ਨੇ ਕੁਝ ਮੌਕਿਆਂ ‘ਤੇ ਮਦਦ ਦਿੱਤੀ ਹੈ। ਲਿਹਾਜ਼ਾ, ਉਨ੍ਹਾਂ ਨੂੰ ਜਸਟਿਨ ਸਿੰਘ ਵੀ ਕਿਹਾ ਜਾਣ ਲੱਗਾ। ਖਾਲਿਸਤਾਨ ਸਮਰਥਕਾਂ ਪ੍ਰਤੀ ਟਰੂਡੋ ਦਾ ਰੁਖ਼ ਭਾਰਤ ਦੀ ਨਾਰਾਜ਼ਗੀ ਦੇ ਬਾਵਜੂਦ ਨਰਮ ਰਿਹਾ ਹੈ। ਉਹ 2018 ਵਿਚ ਭਾਰਤ ਆਏ ਸਨ ਅਤੇ ਦਰਬਾਰ ਸਾਹਿਬ ਮੱਥਾ ਵੀ ਟੇਕਿਆ ਸੀ।