ਸਾਵਨਯਾ ਦੀਆਂ ਉਹ ਖੁੱਲ੍ਹੀਆਂ ਅੱਖਾਂ ਮੈਨੂੰ ਸੋਣ ਨਹੀਂ ਦੇ ਰਹੀਆਂ…

ਸੌਰਭ ਸ਼ੁਕਲਾ

ਅਨੁਵਾਦ- ਕਮਲ ਦੁਸਾਂਝ/

/ਫਿਰੋਜ਼ਾਬਾਦ ਮੈਡੀਕਲ ਕਾਲਜ ਦੇ ਬਾਹਰ ਇਕ 12 ਸਾਲ ਦਾ ਮੁੰਡਾ ਛੋਟੀ ਜਿਹੀ ਬੱਚੀ ਨੂੰ ਗੋਦੀ ਵਿਚ ਲਈ ਇਧਰ-ਉਧਰ ਭੱਜ ਰਿਹਾ ਸੀ, ਬੱਚੀ ਦਾ ਸਰੀਰ ਬੁਖਾਰ ਨਾਲ ਤਪ ਰਿਹਾ ਸੀ। ਬੁਖਾਰ ਏਨਾ ਜ਼ਿਆਦਾ ਸੀ ਕਿ ਬੱਚੀ ਦੀਆਂ ਅੱਖਾਂ ਨਹੀਂ ਖੁੱਲ੍ਹ ਰਹੀਆਂ ਸਨ। ਮੁੰਡਾ ਅਤੇ ਉਸ ਦੇ ਮਾਂ-ਬਾਪ ਵਾਰ-ਵਾਰ ਐਮਰਜੈਂਸੀ ਵਿਚ ਬੈਠੇ ਡਾਕਟਰ ਅੱਗੇ ਗਿੜਗਿੜਾ ਰਹੇ ਸਨ ਕਿ ਬੱਚੀ ਨੂੰ ਭਰਤੀ ਕਰ ਲਓ ਪਰ ਡਾਕਟਰ ਨੇ ਕਿਹਾ ਕਿ ਹਸਪਤਾਲ ਵਿਚ ਥਾਂ ਨਹੀਂ ਹੈ, ਦਵਾਈ ਲੈ ਲਓ ਅਤੇ ਘਰ ਲੈ ਜਾਓ, ਪਰ ਬੱਚੀ ਦੀ ਹਾਲਤ ਵਿਗੜਦੀ ਜਾ ਰਹੀ ਸੀ। ਮੈਂ ਆਪਣੇ ਸਾਥੀ ਕੈਮਰਾਮੈਨ ਅਸ਼ੋਕ ਮਹਾਲੇ ਨਾਲ ਉਥੇ ਸ਼ੂਟ ਕਰ ਰਿਹਾ ਸੀ। ਅਚਾਨਕ ਉਸ ਬੱਚੀ ਦੀ ਮਾਂ ਨੂੰ ਰੋਂਦੇ ਦੇਖਿਆ ਤਾਂ ਨਜ਼ਦੀਕ ਜਾ ਕੇ ਪੁੱਛਿਆ ਤਾਂ ਪਤਾ ਲੱਗਾ ਕਿ 5 ਸਾਲ ਦੀ ਸਾਵਨਯਾ ਨੂੰ ਦੋ ਦਿਨ ਤੋਂ ਬੁਖਾਰ ਹੈ ਅਤੇ ਪਰਿਵਾਰ ਸਵੇਰ ਤੋਂ ਹਸਪਤਾਲ ਵਿਚ ਬੱਚੀ ਨੂੰ ਭਰਤੀ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਸੀਂ ਵੀ ਡਾਕਟਰ ਕੋਲ ਗਏ, ਥੋੜ੍ਹੀ ਖਹਿਬਾਜ਼ੀ ਮਗਰੋਂ ਡਾਕਟਰ ਸਾਵਨਯਾ ਨੂੰ ਭਰਤੀ ਕਰਨ ਲਈ ਮੰਨ ਗਏ। ਡਾਕਟਰ ਬੋਲੇ ਬੱਚੀ ਨੂੰ ਦੂਜੀ ਮੰਜ਼ਿਲ ‘ਤੇ ਲੈ ਜਾਓ, ਬੱਚੀ ਦੇ ਭਰਾ ਵਿਸ਼ਾਲ ਨੇ ਫਿਰ ਸਾਵਨਯਾ ਨੂੰ ਗੋਦ ਵਿਚ ਲਿਆ ਅਤੇ ਦੂਜੀ ਮੰਜ਼ਿਲ ਵੱਲ ਦੌੜ ਪਿਆ, ਸਾਵਨਯਾ ਦੀ ਮਾਂ ਵਾਰ-ਵਾਰ ਸਾਵਨਯਾ ਦੀਆਂ ਗੱਲ੍ਹਾਂ ‘ਤੇ ਹੱਥ ਲਾ ਕੇ ਬੋਲ ਰਹੀ ਸੀ ‘ਬੇਟਾ ਅੱਖਾਂ ਖੋਲ੍ਹ’ ਪਰ ਸਾਵਨਯਾ ਬੁਖਾਰ ਨਾਲ ਏਨੀ ਕਮਜ਼ੋਰ ਹੋ ਚੁੱਕੀ ਸੀ ਕਿ ਉਸ ਦੀਆਂ ਅੱਖਾਂ ਨਹੀਂ ਖੁੱਲ੍ਹ ਰਹੀਆਂ ਸਨ। ਸਾਵਨਯਾ ਦੀ ਮਾਂ ਵਾਰ-ਵਾਰ ਕਹਿ ਰਹੀ ਸੀ ਕਿ ਦੋ ਦਿਨ ਤੋਂ ਕੁਝ ਨਹੀਂ ਖਾਧਾ ਹੈ, ਸਾਵਨਯਾ ਦੇ ਸਾਹ ਚੱਲ ਰਹੇ ਸਨ, ਮੈਨੂੰ ਵੀ ਲੱਗਾ ਕਿ ਪਰਿਵਾਰ ਨਾਲ ਵਾਰਡ ਤੱਕ ਜਾਣਾ ਚਾਹੀਦਾ ਹੈ। ਵਾਰਡ ਦੇ ਬਾਹਰ ਹੀ ਮੇਰੇ ਸਾਥੀ ਕੈਮਰਾਮੈਨ ਅਸ਼ੋਕ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਮੀਡੀਆ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਪਰ ਫੇਰ ਵੀ ਮੈਂ ਬਿਨਾਂ ਕੈਮਰੇਮੈਨ ਪਰਿਵਾਰ ਨਾਲ ਵਾਰਡ ਅੰਦਰ ਚਲਾ ਗਿਆ। ਸਾਵਨਯਾ ਥੋੜ੍ਹੀ ਜਿਹੀ ਬੇਚੈਨ ਹੋਣ ਲੱਗੀ। ਪਰਿਵਾਰ ਨੇ ਮੂੰਹ ਖੋਲ੍ਹ ਕੇ ਪਾਣੀ ਪਿਲਾਇਆ ਤਾਂ ਸਾਵਨਯਾ ਨੇ ਉਲਟੀ ਕਰ ਦਿੱਤੀ। ਮਾਂ ਨੇ ਉਸ ਨੂੰ ਆਪਣੀ ਗੋਦੀ ਵਿਚ ਲਿਆ ਤੇ ਬੋਲੀ ਦੇਖੋ ਬੈੱਡ ਮਿਲ ਗਿਆ ਹੈ। ਹੁਣ ਆਰਾਮ ਨਾਲ ਇਥੇ ਸੌਂ ਜਾ ਅਤੇ ਗਰਮੀ ਨਹੀਂ ਲੱਗੇਗੀ।
ਸਾਵਨਯ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਗਰਦਨ ਘੁਮਾ ਕੇ ਆਪਣੀ ਮਾਂ ਵੱਲ ਦੇਖਿਆ। ਮਾਂ ਨੂੰ ਲੱਗਾ ਬੱਚੀ ਨੂੰ ਹੋਸ਼ ਆ ਰਿਹਾ ਹੈ, ਪਰ ਸਾਵਨਯਾ ਨੇ ਜੋ ਅੱਖਾਂ ਖੋਲ੍ਹੀਆਂ , ਉਹ ਫੇਰ ਉਸ ਦੀਆਂ ਅੱਖਾਂ ਬੰਦ ਨਾ ਹੋਈਆਂ। ਮਾਂ ਚੀਕੀ ਕਿ ਉਠ ਗਈ ਹੈ, ਪਰ ਪਲਕ ਨਹੀਂ ਝਪਕ ਰਹੀ, ਮੈਂ ਜ਼ੋਰ ਨਾਲ ਚੀਕੀਆ, ‘ਡਾਕਟਰ ਸਾਹਿਬ”। ਡਾਕਟਰ ਦੌੜ ਕੇ ਆਇਆ ਮਾਂ ਘਬਰਾਈ ਸਾਵਨਯਾ ਦੇ ਪੈਰ ਰਗੜ ਰਹੀ ਸੀ। ਡਾਕਟਰ ਨੇ ਸਾਵਨਯਾ ਦੀ ਛਾਤੀ ‘ਤੇ ਹੱਥ ਰੱਖਿਆ ਅਤੇ ਬੋਲਿਆ ਕਿ ਬੱਚੀ ਨਹੀਂ ਰਹੀ… ਮੈਂ ਉਥੇ ਖੜ੍ਹਾ ਸੀ ਸਾਵਨਯਾ ਦੀਆਂ ਵੱਡੀਆਂ-ਵੱਡੀਆਂ ਅੱਖਾਂ ਖੁੱਲ੍ਹੀਆਂ ਸਨ। ਚਿਹਰਾ ਮਾਂ ਵੱਲ ਸੀ… ਮਾਂ ਚੀਕ ਚੀਕ ਕੇ ਰੋ ਰਹੀ ਸੀ। ਸਾਵਨਯਾ ਦਾ ਭਰਾ ਡਾਕਟਰ ਅੱਗੇ ਹੱਥ ਜੋੜ ਰਿਹਾ ਸੀ। ਬਾਕੀ ਸਾਰੇ ਚੁੱਪ ਸਨ, ਮੈਨੂੰ ਸਮਝ ਨਹੀਂ ਆਇਆ ਕੀ ਕਰਾਂ। ਮੈਂ ਆਪਣਾ ਫੋਨ ਚੁੱਕਿਆ ਅਤੇ ਸ਼ੂਟ ਕਰਨ ਲੱਗਾ। ਮਾਂ ਤੜਪ ਰਹੀ ਸੀ, ਬਾਪ ਲਾਚਾਰ ਖੜ੍ਹਾ ਸੀ। ਹਸਪਤਾਲ ਵਾਲਿਆਂ ਨੂੰ ਪਤਾ ਲੱਗਾ ਕਿ ਮੈਂ ਮੀਡੀਆ ਤੋਂ ਹਾਂ ਤਾਂ ਮੈਨੂੰ ਜ਼ਬਰਦਸਤੀ ਬਾਹਰ ਕਰਨ ਲੱਗੇ, ਮੈਂ ਇਕ ਵਾਰ ਜਾਂਦੇ-ਜਾਂਦੇ ਮੁੜ ਕੇ ਸਾਵਨਯਾ ਨੂੰ ਦੇਖਿਆ, ਲੱਗਾ ਜਿਵੇਂ ਉਸ ਦੀਆਂ ਵੱਡੀਆਂ ਵੱਡੀਆਂ ਅੱਖਾਂ ਮੈਨੂੰ ਘੂਰ ਰਹੀਆਂ ਹਨ, ਮੈਂ ਹੇਠਾਂ ਆ ਗਿਆ ਅਤੇ ਸਾਵਨਯਾ ਦੀ ਲਾਸ਼ ਬਾਹਰ ਆਉਣ ਦੀ ਉਡੀਕ ਕਰਨ ਲੱਗਾ।
ਹਸਪਤਾਲ ਮੁਲਾਜ਼ਮ ਥੋੜ੍ਹੀ ਹੀ ਦੇਰ ਵਿਚ ਹੜਬੜੀ ਵਿਚ ਸਾਵਨਯਾ ਦੀ ਲਾਸ਼ ਸਟਰੈਚਰ ਵਿਚ ਲੈ ਕੇ ਐਂਬੁਲਸ ਵੱਲ ਨਿਕਲੇ। ਕਾਹਲੀ ਏਨੀ ਸੀ ਕਿ ਤੇਜ਼ੀ ਨਾਲ ਸਾਵਨਯਾ ਦੀ ਲਾਸ਼ ਕਈ ਵਾਰ ਡਿਗਦੇ-ਡਿਗਦੇ ਬਚੀ। ਮੈਂ ਵੀ ਮਾਈਕ ਲੈ ਕੇ ਪੂਰੀ ਕਹਾਣੀ ਦੱਸਦਾ ਰਿਹਾ। ਸਾਵਨਯਾ ਦਾ ਭਰਾ ਵਿਸ਼ਾਲ ਚੀਕ-ਚੀਕ ਕੇ ਕਹਿੰਦਾ ਰਿਹਾ ਕਿ ਮੇਰੀ ਭੈਣ ਨੂੰ ਸਮੇਂ ਸਿਰ ਭਰਤੀ ਨਹੀਂ ਕੀਤਾ ਇਸ ਲਈ ਉਹ ਮਰ ਗਈ। ਸਾਵਨਯਾ ਦੀ ਲਾਸ਼ ਹਸਪਤਾਲ ਵਾਲੇ ਐਂਬੁਲਸ ਵਿਚ ਲੈ ਕੇ ਚਲੇ ਗਏ। ਮੈਂ ਵੀ ਦਫ਼ਤਰ ਵਿਚ ਫੋਨ ‘ਤੇ ਕਿਹਾ ਕਿ ਜਲਦੀ ਤੋਂ ਇਹ ਪੂਰੀ ਰਿਪੋਰਟ ਚਲਾ ਲਓ ਬਹੁਤ ਹਿਲਾ ਦੇਣ ਵਾਲੀਆਂ ਤਸਵੀਰਾਂ ਹਨ। ਫਿਰ ਮੈਂ ਵੀ ਨਿਕਲ ਕੇ ਬਾਹਰ ਆ ਗਿਆ ਤਾਂ ਦੇਖਿਆ ਕਿ ਇਕ ਸਾਲ ਦੇ ਬੱਚੇ ਦੀ ਲਾਸ਼ ਨੂੰ ਛਾਤੀ ਨਾਲ ਚਿਪਕਾਈ ਇਕ ਔਰਤ ਜ਼ੋਰ-ਜ਼ੋਰ ਨਾਲ ਰੋ ਰਹੀ ਸੀ। ਉਹ ਔਰਤ ਕਹਿ ਰਹੀ ਸੀ ਕਿ ਦੇਖੋ ਤਿੰਨ ਦਿਨ ਤੋਂ ਮੇਰੇ ਬੱਚੇ ਨੂੰ ਬੁਖਾਰ ਆ ਰਿਹਾ ਸੀ ਅਤੇ ਹੁਣ ਇਸ ਦਾ ਸਰੀਰ ਪੂਰਾ ਠੰਢਾ ਹੋ ਗਿਆ ਹੈ। ਮੈਂ ਫੇਰ ਮਾਈਕ ਕੱਢਿਆ ਅਤੇ ਰਿਪੋਰਟ ਕਰਨ ਲੱਗਾ। ਐਂਬੂੁਲਸ ਉਸ ਇਕ ਸਾਲ ਦੇ ਬੱਚੇ ਦੀ ਲਾਸ਼ ਨੂੰ ਲੈ ਕੇ ਨਿਕਲ ਰਹੀ ਸੀ। ਉਸ ਬੱਚੇ ਦੀ ਮਾਂ ਦੀ ਚੀਕ ਏਨੀ ਉੱਚੀ ਸੀ ਕਿ ਐਂਬੁਲਸ ਦਾ ਸਾਇਰਨ ਵੀ ਉਸ ਦੀ ਆਵਾਜ਼ ਦਬਾ ਨਾ ਸਕਿਆ।
ਸੋਮਵਾਰ ਨੂੰ ਫਿਰੋਜ਼ਾਬਾਦ ਵਿਚ ਪੂਰਾ ਦਿਨ ਇਹੀ ਤਸਵੀਰਾਂ ਦਿਖਾਉਂਦਾ ਰਿਹਾ, ਕਿਤੇ ਆਪਣੀ 17 ਸਾਲ ਦੀ ਭੈਣ ਨੂੰ ਮੌਢੇ ‘ਤੇ ਚੁੱਕੀ ਰਾਮ ਤੀਰਥ ਨੂੰ ਇਧਰ-ਉਧਰ ਭੈਣ ਨੂੰ ਭਰਤੀ ਕਰਵਾਉਣ ਲਈ ਮਿੰਨਤਾ ਕਰਦੇ ਦੇਖਿਆ ਤੇ ਉਸ ਦੀ ਕਹਾਣੀ ਦੱਸੀ, ਜ਼ਮੀਨ ‘ਤੇ ਲੇਟੇ ਬੁਖਾਰ ਨਾਲ ਤੜਪ ਰਹੇ 4 ਸਾਲ ਦੇ ਸ਼ਿਵ ਨੂੰ ਦੇਖਿਆ ਤਾਂ ਉਹ ਸ਼ੂਟ ਕਰਨ ਲੱਗੇ। ਰਾਤ ਤੱਕ ਇਹੀ ਚਲਦਾ ਰਿਹਾ, ਲਗਭਗ ਰਾਤ 9 ਵਜੇ ਕੰਮ ਖ਼ਤਮ ਕਰਕੇ ਫਿਰੋਜ਼ਾਬਾਦ ਤੋਂ ਨਿਕਲਿਆ ਤਾਂ ਹਸਪਤਾਲ ਤੋਂ 100 ਮੀਟਰ ਦੂਰ ਸਭ ਕੁਝ ਠੀਕ ਸੀ, ਅਸੀਂ ਦਿੱਲੀ ਲਈ ਵਾਪਸ ਤੁਰ ਪਏ। ਰਸਤੇ ਵਿਚ ਫੋਨ ‘ਤੇ ਘਰਵਾਲਿਆਂ ਨਾਲ ਗੱਲ ਕੀਤੀ ਤਾਂ ਕੁਝ ਦੂਜੇ ਪੱਤਰਕਾਰਾਂ ਨੂੰ ਅੱਜ ਦੀਆਂ ਕਹਾਣੀਆਂ ਬਾਰੇ ਦੱਸਦਾ ਰਿਹਾ।
ਰਾਤ ਵੇਲੇ ਘਰ ਪਹੁੰਚਦੇ ਪਹੁੰਚਦੇ 12 ਵੱਜ ਗਏ ਸਨ। ਆਪਣੇ ਫਲੈਟ ਦਾ ਤਾਲਾ ਖੋਲ੍ਹਿਆ ਅਤੇ ਇਕ ਗਿਲਾਸ ਪਾਣੀ ਪੀ ਕੇ ਮੰਜੇ ‘ਤੇ ਲੇਟ ਗਿਆ। ਕੁਝ ਰਿਪੋਰਟ ਮਿੱਤਰਾਂ ਦੇ ਮੈਸੇਜ ਸਨ, ਟਵਿੱਟਰ ‘ਤੇ ਕਿ ਅੱਜ ਦੀ ਰਿਪੋਰਟ ਬਹੁਤ ਚੰਗੀ ਸੀ ਤੇ ਕੁਝ ਕਵਰੇਜ ਲਈ ਮੁਬਾਰਕਬਾਦ ਦੇ ਰਹੇ ਸਨ, ਪਰ ਮਨ ਵਿਚ ਕੁਝ ਭਾਰੀਪਣ ਸੀ, ਮੇਰੀਆਂ ਅੱਖਾਂ ਸਾਹਮਣੇ ਵਾਰ-ਵਾਰ 5 ਸਾਲ ਦੀ ਸਾਵਨਯਾ ਦਾ ਚਿਹਰਾ ਆ ਰਿਹਾ ਸੀ। ਇਹੀ ਲੱਗ ਰਿਹਾ ਸੀ ਕਿ ਸਾਵਨਯਾ ਆਪਣੀਆਂ ਵੱਡੀਆਂ ਵੱਡੀਆਂ ਅੱਖਾਂ ਨਾਲ ਮੈਨੂੰ ਘੂਰ ਰਹੀ ਹੈ, ਮੈਂ ਰਾਤ ਭਰ ਸੌ ਨਾ ਸਕਿਆ, ਪਿਛਲੇ ਇਕ ਸਾਲ ਵਿਚ ਖ਼ਾਸ ਕਰਕੇ ਕਰੋਨਾ ਦੀ ਦੂਜੀ ਲਹਿਰ ਵਿਚ ਬਹੁਤ ਰਿਪੋਰਟਿੰਗ ਕੀਤੀ, ਕਈ ਲੋਕਾਂ ਨੂੰ ਆਪਣੇ ਸਾਹਮਣੇ ਮਰਦੇ ਦੇਖਿਆ, ਸੈਂਕੜੇ ਚਿਤਾਵਾਂ ਬਲਦੀਆਂ ਦੇਖੀਆਂ, ਬਿਨਾਂ ਭਾਵੁਕ ਹੋਇਆਂ ਸਾਰੀਆਂ ਕਹਾਣੀਆਂ ਦੱਸੀਆਂ ਪਰ ਸਮਝ ਨਹੀਂ ਆ ਰਿਹਾ ਸੀ ਕਿ ਅੱਜ ਕੀ ਵੱਖਰਾ ਹੋ ਗਿਆ? ਇੰਜ ਲੱਗ ਰਿਹਾ ਹੈ ਕਿ ਸਾਵਨਯਾ ਦੀਆਂ ਖੁੱਲ੍ਹੀਆਂ ਅੱਖਾਂ ਮੈਨੂੰ ਵੀ ਚੈਨ ਨਾਲ ਸੌਣ ਨਹੀਂ ਦੇਣਗੀਆਂ, ਇਹ ਬਲਾੱਗ ਲਿਖਦਿਆਂ ਮੇਰੇ ਹੰਝੂ ਨਹੀਂ ਰੁਕ ਰਹੇ, ਇਹੀ ਸੋਚ ਰਿਹਾ ਹਾਂ ਕਿ ਸਾਵਨਯਾ ਵੱਡੀ ਹੋ ਕੇ ਕੀ ਬਣਨਾ ਚਾਹੁੰਦੀ ਹੋਵੇਗੀ? ਉਹ ਹੱਸਦੀ ਹੋਵੇਗੀ ਤਾਂ ਕਿਵੇਂ ਲਗਦੀ ਹੋਵੇਗੀ? ਪਰ ਮੈਨੂੰ ਪਤਾ ਹੈ ਕਿ ਇਹ ਜਵਾਬ ਮੈਨੂੰ ਕਦੇ ਨਹੀਂ ਮਿਲਣਗੇ… ਫਿਰੋਜ਼ਾਬਾਦ ਵਿਚ ਹੁਣ ਤੱਕ ਬੁਖਾਰ ਨਾਲ 50 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋ ਚੁੱਕੀ ਹੈ।

‘ਐਨ.ਡੀ.ਟੀ.ਵੀ.’ ਤੋਂ ਧੰਨਵਾਦ ਸਹਿਤ