ਨਵੀਂ ਪੰਜਾਬ ਕੈਬਨਿਟ ਤੋਂ ਗਾਇਬ ਹੋਣਗੇ ਪੁਰਾਣੇ ਚਿਹਰੇ, ਸ਼ਾਮਲ ਹੋਣਗੇ ਨਵੇਂ ਚਿਹਰੇ

ਲੁਧਿਆਣਾ : ਪੰਜਾਬ ਕੈਬਨਿਟ ਵਿਚ ਵਾਧੇ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਾਈ ਕਮਾਂਡ ਨੂੰ ਮਿਲਣ ਦਿੱਲੀ ਪਹੁੰਚ ਚੁੱਕੇ ਹਨ। ਉਨ੍ਹਾਂ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਹਨ।
ਮੰਨਿਆ ਜਾ ਰਿਹਾ ਹੈ ਕਿ ਨਵੀਂ ਕੈਬਨਿਟ ਵਿਚ ਕੁਝ ਪੁਰਾਣੇ ਮੰਤਰੀਆਂ ਨੂੰ ਹਟਾਇਆ ਜਾਵੇਗਾ ਅਤੇ ਕਰੀਬ 6 ਨਵੇਂ ਚਿਹਰਿਆਂ ਨੂੰ ਥਾਂ ਮਿਲੇਗੀ।
ਪੁਰਾਣੀ ਕੈਬਨਿਟ ਤੋਂ 3 ਮੰਤਰੀਆਂ ਦਾ ਜਾਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਇਸ ਵਿਚ ਬ੍ਰਹਮ ਮਹਿੰਦਰਾ ਦਾ ਨਾਮ ਸਭ ਤੋਂ ਉਪਰ ਹੈ। ਉਨ੍ਹਾਂ ਕੋਲ ਇਸ ਸਮੇਂ ਸਥਾਨਕ ਲੋਕਲ ਬਾਡੀ ਵਿਭਾਗ ਦਾ ਮੰਤਰਾਲੇ ਹੈ। ਉਹ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਖਾਸ ਮੰਨੇ ਜਾਂਦੇ ਹਨ। ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ‘ਤੇ ਉਨ੍ਹਾਂ ਨੇ ਸਿੱਧੂ ਨੂੰ ਇਹ ਕਹਿੰਦਿਆਂ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਜਦੋਂ ਤੱਕ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਮੁਆਫ਼ੀ ਨਹੀਂ ਮੰਗਦੇ, ਉਹ ਨਹੀਂ ਮਿਲਣਗੇ। ਦੂਜੇ ਨੰਬਰ ‘ਤੇ ਨਾਮ ਰਾਣਾ ਗੁਰਜੀਤ ਸਿੰਘ ਸੋਢੀ ਦਾ ਹੈ, ਉਹ ਵੀ ਕੈਪਟਨ ਦੇ ਬੇਹੱਦ ਕਰੀਬੀ ਹਨ, ਨਵਜੋਤ ਸਿੱਧੂ ਦੇ ਇੱਟ ਨਾਲ ਇੱਟ ਖੜਕਾ ਦੇਣ ਵਾਲੇ ਬਿਆਨ ਦੀ ਇਨ੍ਹਾਂ ਹਾਈ ਕਮਾਂਡ ਕੋਲ ਸ਼ਿਕਾਇਤ ਕੀਤੀ ਸੀ ਅਤੇ ਆਪਣੇ ਘਰ ਰਾਤਰੀ ਭੋਜਨ ਦੀ ਗੱਲ ਕਹਿੰਦਿਆਂ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਸੀ। ਤੀਜਾ ਨਾਮ ਸਾਧੂ ਸਿੰਘ ਧਰਮਸੋਤ ਦਾ ਹੈ। ਉਹ ਜੰਗਲਾਤ ਅਤੇ ਸੋਸ਼ਲ ਵੈਲਫੇਅਰ ਮੰਤਰੀ ਹਨ। ਉਹ ਕੈਪਟਨ ਅਮਰਿੰਦਰ ਸਿੰਘ ਦੇ ਨੇੜਲਿਆਂ ਵਿਚੋਂ ਹਨ ਅਤੇ ਉਨ੍ਹਾਂ ‘ਤੇ ਸਕਾਲਰਸ਼ਿਪ ਘੁਟਾਲੇ ਦੇ ਵੀ ਦੋਸ਼ ਲੱਗੇ ਹਨ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਕਾਂਗੜ, ਭਾਰਤ ਭੂਸ਼ਣ ਆਸ਼ੁ ਸਮੇਤ ਕੁਝ ਹੋਰ ਚਿਹਰਿਆਂ ਨੂੰ ਕੈਬਨਿਟ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ।
ਪੰਜਾਬ ਕੈਬਨਿਟ ਵਿਚ ਨਵੇਂ ਚਿਹਰਿਆਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਵਿਚ ਸਭ ਤੋਂ ਉਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਹੈ। ਕੈਪਟਨ ਅਮਰਿੰਦਰ ਵਲੋਂ ਕੀਤੇ ਗਏ ਕੈਬਨਿਟ ਵਿਸਥਾਰ ਵਿਚ ਉਹ ਟਰਾਂਸਪੋਰਟ ਮੰਤਰੀ ਬਣਨਾ ਚਾਹੁੰਦੇ ਸਨ ਅਤੇ ਇਹੀ ਵਿਭਾਗ ਉਨ੍ਹਾਂ ਨੂੰ ਮਿਲ ਸਕਦਾ ਹੈ। ਇਸ ਤੋਂ ਬਾਅਦ ਨਾਮ ਸੁਰਿੰਦਰ ਡਾਬਰ ਦਾ ਹੈ। ਉਹ ਸੀਨੀਅਰ ਆਗੂ ਹਨ ਅਤੇ ਪੁਰਾਣੇ ਆਗੂਆਂ ਵਿਚ ਵਿਸ਼ਵਾਸ ਬਣਾਉਣ ਲਈ ਉਨ੍ਹਾਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਰਾਜ ਕੁਮਾਰ ਵੇਰਕਾ, ਪ੍ਰਗਟ ਸਿੰਘ, ਰਾਜਿੰਦਰ ਬੇਰੀ, ਸੰਗਤ ਸਿੰਘ ਗਿਲਜੀਆ, ਗੁਰਕੀਰਤ ਸਿੰਘ ਕੋਟਲੀ ਆਦਿ ਦੇ ਨਾਮ ਵੀ ਚਰਚਾ ਵਿਚ ਹਨ।