ਤੀਸਰੇ ਇੱਕ ਰੋਜ਼ਾ ਪੁਸਤਕ ਮੇਲੇ ‘ਤੇ ਕੈਲਗਰੀ ਦੇ ਪਾਠਕਾਂ ਨੇ ਦਿਖਾਇਆ ਉਤਸ਼ਾਹ, ‘ਕਿਸਾਨ ਰੈਲੀ’ ਦਾ ਪੋਸਟਰ ਰਿਲੀਜ਼

ਕੈਲਗਰੀ: ਲੰਘੇ ਦਿਨੀਂ ਮਾਸਟਰ ਭਜਨ ਸਿੰਘ ਤੇ ਸਾਥੀਆਂ ਵਲੋਂ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਤੀਜਾ ਇੱਕ ਰੋਜ਼ਾ ਪੁਸਤਕ ਮੇਲਾ ਡਾ. ਭੁੱਲਰ ਵਾਲ਼ੇ ਗਰੀਨ ਪਲਾਜ਼ਾ ਵਿੱਚ ਲਗਾਇਆ ਗਿਆ। ਇਸ ਮੌਕੇ ਸੈਂਟਰ ਦੇ ਸੰਚਾਲਕ ਮਾਸਟਰ ਭਜਨ ਸਿੰਘ ਨੇ ਪਾਠਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਕਿਤਾਬਾਂ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੇ ਨਾਲ-ਨਾਲ ਆਪਣੇ ਘਰਾਂ ਵਿੱਚ ਮਿੰਨੀ ਲਾਇਬ੍ਰੇਰੀਆਂ ਵੀ ਬਣਾਉਣ ਦੀ ਲੋੜ ਹੈ। ਉਨ੍ਹਾਂ ਪਾਠਕਾਂ ਨੂੰ ਸੁਝਾਅ ਦਿੱਤਾ ਕਿ ਸਾਨੂੰ ਆਪਣੇ ਬੱਚਿਆਂ ਵਿੱਚ ਕਿਤਾਬਾਂ ਪੜ੍ਹਨ ਦਾ ਉਤਸ਼ਾਹ ਪੈਦਾ ਕਰਨਾ ਚਾਹੀਦਾ ਹੈ। ਮੇਲੇ ਵਿੱਚ ਹਰ ਵਰਗ ਦੇ ਪਾਠਕਾਂ ਨੇ ਬੜੇ ਉਤਸ਼ਾਹ ਨਾਲ ਕਿਤਾਬਾਂ ਖਰੀਦੀਆਂ। ਪੁਸਤਕ ਮੇਲੇ ਵਿੱਚ ਵੀ ਪੰਜਾਬੀ, ਹਿੰਦੀ, ਅੰਗਰੇਜੀ ਦੀਆਂ ਸਾਹਿਤਕ, ਰਾਜਨੀਤਕ, ਸਮਾਜਿਕ, ਸਿਹਤ ਸਬੰਧੀ ਕਿਤਾਬਾਂ ਦੇ ਨਾਲ਼-ਨਾਲ਼ ਹੋਰ ਭਾਸ਼ਾਵਾਂ ਵਿਚੋਂ ਪੰਜਾਬੀ ਵਿੱਚ ਅਨੁਵਾਦਕ ਵਿਸ਼ਵ ਪ੍ਰਸਿੱਧ ਪੁਸਤਕਾਂ ਵੀ ਰੱਖੀਆਂ ਗਈਆਂ ਸਨ। ਪਾਠਕਾਂ ਵਲੋਂ ਦਿਖਾਏ ਉਤਸ਼ਾਹ ਨਾਲ ਪ੍ਰਬੰਧਕਾਂ ਦੇ ਹੌਸਲੇ ਵੀ ਬੁਲੰਦ ਹੋਏ ਹਨ ਤੇ ਉਨ੍ਹਾਂ ਵਲੋਂ ਵਾਅਦਾ ਕੀਤਾ ਗਿਆ ਕਿ ਹਰ ਸੰਭਵ ਯਤਨ ਕਰਕੇ ਅੱਗੇ ਤੋਂ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਵਿਗਿਆਨਕ ਤੇ ਅਗਾਂਹਵਧੂ ਸੋਚ ਵਾਲੀਆਂ ਹੋਰ ਕਿਤਾਬਾਂ ਵੀ ਰੱਖੀਆਂ ਜਾਣਗੀਆਂ। ਮੇਲੇ ਦੌਰਾਨ ਹਾਸਰਸ ਲੇਖਕ ਤਰਲੋਕ ਚੁੱਘ ਵਲੋਂ ਆਪਣੀ ਚੁੱਟਕਲਿਆਂ ਦੀ ਨਵੀਂ ਕਿਤਾਬ ‘ਹੱਸਦੇ ਰਹੋ, ਵਸਦੇ ਰਹੋ’ ਮਾਸਟਰ ਭਜਨ ਸਿੰਘ ਤੇ ਹਰਚਰਨ ਪਰਹਾਰ ਨੂੰ ਭੇਟ ਕੀਤੀ।
ਇਸ ਮੌਕੇ ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੇ ਸਬੰਧ ਵਿੱਚ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਕੀਤੇ ਜਾ ਰਹੇ ਭਾਰਤ ਬੰਦ ਨੂੰ ਸਮਰਥਨ ਦੇਣ ਲਈ ਕੈਲਗਰੀ ਵਿੱਚ ਹੋ ਰਹੀ ‘ਕਿਸਾਨ ਰੈਲੀ’ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।ਇਹ ਰੈਲੀ ਕੈਲਗਰੀ ਵਿੱਚ 27 ਸਤੰਬਰ ਸੋਮਵਾਰ ਨੂੰ ਸ਼ਾਮ ਪੰਜ ਵਜੇ ਪ੍ਰੇਰੀਵਿੰਡਜ਼ ਪਾਕਰ ਨਾਰਥ ਈਸਟ ਕੈਲਗਰੀ ਵਿਖੇ ਹੋਵੇਗੀ।ਇਸ ਮੌਕੇ ਤੇ ਮਾਸਟਰ ਭਜਨ ਸਿੰਘ ਨੇ ਪਾਠਕਾਂ ਨੂੰ ਸੰਬੋਧਨ ਹੁੰਦਿਆ ਅਪੀਲ ਕੀਤੀ ਕਿ ਵਧ ਤੋਂ ਵੱਧ ਇਸ ਰੈਲੀ ਵਿੱਚ ਸ਼ਾਮਿਲ ਹੋ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰੋ।
ਉਨ੍ਹਾਂ ਅੱਗੇ ਕਿਹਾ ਕਿ ਇਹ ਪੁਸਤਕ ਮੇਲਾ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਅਤੇ ਉਘੇ ਨਾਟਕਕਾਰ ਭਾਜੀ ਗੁਰਸ਼ਰਨ ਸਿੰਘ ਦੀ ਬਰਸੀ ਨੂੰ ਸਪਰਪਿਤ ਸੀ। ਬੇਸ਼ਕ ਇਹ ਪੁਸਤਕ ਮੇਲਾ ਸਮਾਪਤ ਹੋ ਗਿਆ ਸੀ, ਪਰ ਮਾਸਟਰ ਜੀ ਕੋਲ਼ ਕਿਤਾਬਾਂ ਦਾ ਸਟਾਕ ਖਤਮ ਨਹੀਂ ਹੋਇਆ। ਤੁਸੀਂ ਮਾਸਟਰ ਭਜਨ ਸਿੰਘ ਜੀ ਨਾਲ 403-455-4220 ਤੇ ਸੰਪਰਕ ਕਰਕੇ ਉਨ੍ਹਾਂ ਤੋਂ ਆਪਣੇ ਮਨਪਸੰਦ ਦੀਆਂ ਕਿਤਾਬਾਂ ਜਦੋਂ ਮਰਜੀ ਉਨ੍ਹਾਂ ਦੇ ਘਰੋਂ ਜਾ ਕੇ ਖਰੀਦ ਸਕਦੇ ਹੋ ਅਤੇ ਜੇ ਕੋਈ ਕਿਤਾਬ ਸਟਾਕ ਵਿੱਚ ਨਾ ਹੋਵੇ ਤਾਂ ਆਰਡਰ ਵੀ ਕਰ ਸਕਦੇ ਹੋ।

Leave a Reply

Your email address will not be published. Required fields are marked *