ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਵਿੱਚ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਉੱਤੇ ਭੱਖਵੀਂ ਚਰਚਾ

ਕਿਸਾਨੀ ਸਘੰਰਸ਼ ਤੇ ਕਰੋਨਾ ਮਹਾਮਾਰੀ ਦੀ ਵਿਗੜ ਰਹੀ ਸਥਿਤੀ ਉੱਤੇ ਫਿਕਰ ਜ਼ਾਹਰ ਕੀਤਾ


ਜ਼ੋਰਾਵਰ ਬਾਂਸਲ- ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਕਰੋਨਾ ਮਹਾਮਾਰੀ ਦੀ ਵਿਗੜਦੀ ਸਥਿਤੀ ਨੂੰ ਦੇਖਦਿਆਂ ਇਸ ਮਹੀਨੇ ਦੀ ਮੀਟਿੰਗ ਵੀ ਜ਼ੂਮ ਰਾਹੀਂ ਆਪਣੇ-ਆਪਣੇ ਘਰਾਂ ਤੋਂ ਕੀਤੀ। ਪ੍ਰਧਾਨ ਦਵਿੰਦਰ ਮਲਹਾਂਸ ਨੇ ਸਭ ਨੂੰ ‘ਜੀ ਆਇਆਂ’ ਆਖਿਆ ਅਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਮੀਟਿੰਗ ਦਾ ਵੇਰਵਾ ਸਾਂਝਾ ਕੀਤਾ ਅਤੇ ਸ਼ੋਕ ਮਤੇ ਪੜ੍ਹਦਿਆਂ ਜੋਗਿੰਦਰ ਸ਼ਮਸ਼ੇਰ,ਜੋ ਵੈਨਕੂਵਰ ਵਿਚ ਰਹਿ ਰਹੇ ਸਨ। ਉਨ੍ਹਾਂ ਦੇ ਸਾਹਿਤ ਵਿੱਚ ਪਾਏ ਯੋਗਦਾਨ, ਉਨ੍ਹਾਂ ਵੱਲੋਂ ਇੰਗਲੈਂਡ ਵਿੱਚ ਕੀਤੀ ਪਹਿਲੀ ਵਰਲਡ ਪੰਜਾਬੀ ਕਾਨਫ਼ਰੰਸ ਅਤੇ ਮਾਨ ਸਨਮਾਨਾਂ ਦੀ ਗੱਲਬਾਤ ਵੀ ਕੀਤੀ ਜਿਨ੍ਹਾਂ ਵਿੱਚ 2004 ਵਿੱਚ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਸਾਲਾਨਾ ਸਮਾਗਮ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਸੀ,24 ਅਗਸਤ 2021 ਨੂੰ ਉਹ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਪੰਜਾਬੀ ਲਿਖਾਰੀ ਸਭਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜਿਸ ਵਿੱਚ ਅੱਗੇ ਚੱਲ ਕੇ ਰਾਜਵੰਤ ਮਾਨ ਅਤੇ ਮਹਿੰਦਰਪਾਲ ਐਸ ਪਾਲ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸੰਸਕਾਰ ਦਾ ਜ਼ਿਕਰ ਕੀਤਾ।
27 ਅਗਸਤ ਨੂੰ ਦਿੱਲੀ ਵਿਚ ਰਾਬੀਆ ਨਾਲ ਹੋਏ ਸਮੂਹਿਕ ਬਲਾਤਕਾਰ ਅਤੇ ਹੈਵਾਨੀਅਤ ਭਰੇ ਬੇਰਹਿਮੀ ਨਾਲ ਕੀਤੇ ਕਤਲ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਕਾਰੇ ਉੱਤੇ ਡਾਢੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਕਾਨੂੰਨ ਅਤੇ ਸਰਕਾਰ ਦੇ ਅਵੇਸਲੇਪਣ ਨੂੰ ਲਾਹਨਤ ਪਾਈ ਗਈ। ਸਤੰਬਰ 2017 ਨੂੰ ਗੌਰੀ ਲੰਕੇਸ਼ ਦੇ ਘਰ ਅਗੇ ਹੋਏ ਕਤਲ,ਉਸ ਦੀ ਕੁਰਬਾਨੀ ਤੇ ਲੋਕ ਭਲਾਈ ਦੇ ਜਜ਼ਬੇ ਨੂੰ ਯਾਦ ਕੀਤਾ ਗਿਆ। ਸਤੰਬਰ ਮਹੀਨੇ ਵਿੱਚ ਹੀ ਅਵਤਾਰ ਪਾਸ਼ ਦੇ ਜਨਮ ਦਿਹਾੜੇ ਨੂੰ ਸੰਬੋਧਤ ਹੋ ਕੇ ਉਸ ਦੀਆਂ ਲਿਖਤਾਂ ਤੇ ਜੀਵਨ ਜਜ਼ਬੇ ਉੱਤੇ ਵਿਸ਼ੇਸ਼ ਗੱਲਬਾਤ ਹੋਈ। ਰੰਗਮੰਚ ਤੇ ਵਿਧਾਤਾ, ਸੁਪਨਸਾਜ਼, ਭਾਈ ਮੰਨਾ ਸਿੰਘ ਨਾਮ ਨਾਲ ਮਸ਼ਹੂਰ ਗੁਰਸ਼ਰਨ ਭਾਜੀ ਦੇ ਸੁਨੇਹੇ ਨੂੰ ਯਾਦ ਕੀਤਾ ਗਿਆ। ਸੁਖਵਿੰਦਰ ਤੂਰ ਨੇ ਉਨ੍ਹਾਂ ਬਾਰੇ ਗੱਲ ਕਰਦਿਆਂ ਅੱਗੋਂ ਦੱਸਿਆ ਕਿ ਉਨ੍ਹਾਂ ਦਾ ਜਨਮ ਦਿਹਾੜਾ ਤੇ ਸਦੀਵੀ ਵਿਛੋੜਾ ਸਤੰਬਰ ਮਹੀਨੇ ਵਿੱਚ ਹੀ ਆਉਂਦਾ ਹੈ ਤੇ ਉਨ੍ਹਾਂ ਦੇ ਨਾਟਕਾਂ ਅਤੇ ਸਨਮਾਨਾਂ ਦੀ ਗੱਲਬਾਤ ਕੀਤੀ ਅਤੇ ‘ਮੇਰੇ ਹੱਥ ਵਿਚ ਫੁੱਲ ਫੜੇ’ ਮਹਿੰਦਰਪਾਲ ਐਸ ਪਾਲ ਦੀ ਗ਼ਜ਼ਲ ਤਰੰਨਮ ਚ ਗਾ ਕੇ ਹਾਜ਼ਰੀ ਲਵਾਈ।
ਪੰਜਾਬੀ ਮਾਂ ਬੋਲੀ ਦੇ ਸਪੂਤ ਆਲਮੀ ਸ਼ਾਇਰ ਬਾਬਾ ਨਜ਼ਮੀ ਨੂੰ ਸਤੰਬਰ ਚ ਆਉਦੇ ਉਹਨਾਂ ਦੇ ਜਨਮ ਦਿਨ ਤੇ ਵਿਸ਼ੇਸ਼ ਯਾਦ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿਚ ਪਰਮਿੰਦਰ ਰਮਨ ਨੇ ‘ਜਾ ਵੇ ਸੱਜਣਾ’ ਅਰਥ ਭਰਪੂਰ ਕਵਿਤਾ, ਸਰਬਜੀਤ ਉੱਪਲ ਨੇ ‘ਹੱਲਾ ਬੋਲ’ ਜਜ਼ਬਾਤੀ ਗੀਤ, ਰਾਜਵੰਤ ਮਾਨ ਨੇ ‘ਮਹਿੰਗੇ ਮੁੱਲ ਮਿਲੀ ਆਜ਼ਾਦੀ’, ਮੰਗਲ ਚੱਠਾ ਨੇ ਜਗਰੂਪ ਸਿੰਘ ਦੀ ਲਿਖੀ ਕਵਿਤਾ ‘ਛਾਈਆਂ ਮੁੱਖ ਉੱਤੇ’, ਸੁਖਜੀਤ ਸੈਣੀ ਨੇ ਕੁਦਰਤ ਦੇ ਪੰਜ ਤੱਤ ਮਿੱਟੀ, ਪਾਣੀ, ਹਵਾ, ਆਕਾਸ਼, ਅੱਗ ਉੱਤੇ ਬਹੁਤ ਗੰਭੀਰ ਤੇ ਖ਼ੂਬਸੂਰਤ ਖੁੱਲੀ ਕਵਿਤਾ ਸੁਣਾਈ, ਹਰਮਿੰਦਰ ਚੁੱਘ ਨੇ ਸੋਸ਼ਲ ਮੀਡੀਆ ਦੇ ਫ਼ਾਇਦੇ ਅਤੇ ਨੁਕਸਾਨ ਦੀ ਗੱਲਬਾਤ ਕਰਦਿਆਂ ‘ਯੇ ਦੁਨੀਆ’ ਵਿਅੰਗਮਈ ਗੀਤ ਪੇਸ਼ ਕੀਤਾ। ਮੀਤ ਪ੍ਰਧਾਨ ਬਲਵੀਰ ਗੋਰਾ ਨੇ ‘ਨਫ਼ਰਤ ਦੇ ਝੱਖੜ ਵਿੱਚ ਖ਼ੁਦ ਨੂੰ’ ਗੀਤ ਅਤੇ ਸੋਸ਼ਲ ਮੀਡੀਆ ਦੇ ਨਾਲ ਸੰਬੰਧਤ ਕੁਝ ਸ਼ੇਅਰ ਵੀ ਸਾਂਝੇ ਕੀਤੇ। ਮਹਿੰਦਰਪਾਲ ਐੱਸ ਪਾਲ ਨੇ ਕਿਸਾਨੀ ਸੰਘਰਸ਼ ਦੀ ਗੱਲ ਕੀਤੀ ਅਤੇ ‘ਜ਼ਿੰਦਗੀ ਨਾਲ ਸਮਝੌਤੇ ਕਰਨੇ ਪੈਂਦੇ ਨੇ’ ਖ਼ੂਬਸੂਰਤ ਗ਼ਜ਼ਲ ਸੁਣਾਈ। ਗੁਰਚਰਨ ਕੌਰ ਥਿੰਦ ਨੇ ‘ਰਾਤ ਹਨ੍ਹੇਰੀ ਕੂਕ ਰਹੀ’ ਅਤੇ ‘ਰੂਹ ਦਾ ਸੈਲਾਬ’ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਵਿਤਾ ਦੇ ਨਾਲ-ਨਾਲ ਅਫ਼ਗਾਨਿਸਤਾਨ ਵਿੱਚ ਨਵੀਂ ਕਾਬਜ ਹੋਈ ਸਿਆਸਤ ਵੱਲੋਂ ਔਰਤਾਂ ਦੇ ਹੱਕ ਦਬਾਏ ਜਾਣ ਦੀ ਫ਼ਿਕਰ ਤੇ ਕਿਸਾਨੀ ਸੰਘਰਸ਼ ਨੂੰ ਅਮਰੀਕਾ ਦੀਆਂ ਜੱਥੇਬੰਦੀਆ ਦੇ ਸਮਰਥਨ ਦਾ ਜ਼ਿਕਰ ਵੀ ਕੀਤਾ। ਜਸਬੀਰ ਸਹੋਤਾ ਨੇ ਸਾਹਿਤ ਸਭਾਵਾਂ ਵੱਲੋਂ ਲੇਖਕ, ਰੰਗਮੰਚ ਤੇ ਕ੍ਰਾਂਤੀਕਾਰੀਆਂ ਨੂੰ ਯਾਦ ਕੀਤੇ ਜਾਣ ਦੀ ਸ਼ਲਾਘਾ ਕੀਤੀ।
ਹਰੀਪਾਲ ਨੇ ਦਵਿੰਦਰ ਮਲਹਾਂਸ ਦੇ ਪਲੇਠੇ ਨਾਵਲ ‘ਜੰਗਲੀ ਗੁਲਾਬ’ ਦਾ ਵਿਸਥਾਰ ਸਾਂਝਾ ਕੀਤਾ ਕਿ ਕਿਵੇਂ ਵਿਦੇਸ਼ ਜਾਣ ਦੇ ਚੱਕਰ ਚ ਨੌਜਵਾਨੀ ਦਾ ਘਾਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਨਾਵਲ ਨੌਜਵਾਨੀ ਨੂੰ ਸੇਧ ਦੇਣ ਵਾਲਾ ਹੈ। ਜ਼ੋਰਾਵਰ ਬਾਂਸਲ ਨੇ ਨੌਜਵਾਨੀ ਦੇ ਵਿਦੇਸ਼ ਜਾਣ ਦੇ ਰੁਝਾਨ ਵਿਸ਼ੇ ਤੇ ਚਰਚਾ ਦਾ ਆਗਾਜ਼ ਕੀਤਾ ਜਿਸ ਵਿਚ ਸਾਰੇ ਹੀ ਹਾਜ਼ਰੀਨ ਨੇ ਆਪਣੇ-ਆਪਣੇ ਵਿਚਾਰ ਦਿੱਤੇ। ਨਤੀਜਾ ਇਹ ਨਿਕਲਿਆ ਕਿ ਕੁੜੀਆਂ ਵਿੱਚ ਅਸੁਰੱਖਿਅਤ ਦੀ ਭਾਵਨਾ ਬੇਰੁਜ਼ਗਾਰੀ ਤੇ ਸਰਕਾਰਾਂ ਦਾ ਨਿਕੰਮਾਪਨ ਤੇ ਸਮਾਜਿਕ ਤਾਣਾ-ਬਾਣਾ ਆਦਿ ਬਹੁਤ ਸਾਰੇ ਕਾਰਨ ਹਨ,ਜੋ ਨੋਜਵਾਨ ਮੁੰਡੇ ਤੇ ਕੁੜੀਆਂ ਬਾਹਰ ਦਾ ਰੁਖ ਕਰਦੇ ਹਨ।ਕੁੱਲ ਮਿਲਾ ਕੇ ਇਹ ਚਰਚਾ ਬਹੁਤ ਗੰਭੀਰ ਰਹੀ।
ਇਸ ਮੀਟਿੰਗ ਵਿੱਚ ਬਲਜਿੰਦਰ ਸੰਘਾ, ਜਗਦੇਵ ਸਿੱਧੂ ਸਤਵਿੰਦਰ ਸਿੰਘ (ਜੱਗ ਟੀ ਵੀ) ਆਦਿ ਹਾਜ਼ਰ ਸਨ।ਅਖੀਰ ਵਿੱਚ ਦਵਿੰਦਰ ਮਲਹਾਂਸ ਨੇ ਆਪਣੇ ਪੰਜਾਬ ਫੇਰੀ ਦਾ ਅਨੁਭਵ ਸਾਝਾਂ ਕੀਤਾ।ਕਰੋਨਾ ਮਹਾਮਾਰੀ ਕਾਰਨ ਵਿਗੜ ਰਹੀ ਸਥਿਤੀ ਨਾਲ ਨਜਿੱਠਣ ਲਈ ਸਭ ਨੂੰ ਸਿਹਤ ਹਦਾਇਤਾਂ ਦਾ ਪਾਲਣ ਕਰਨ ਦੀ ਤਗੀਦ ਕੀਤੀ ਤੇ ਕਿਹਾ ਕਿ ਸਭ ਨੂੰ ਆਪਣੇ ਹਿੱਸੇ ਦਾ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਟੀਕਾਕਰਨ ਬਹੁਤ ਜ਼ਰੂਰੀ ਹੈ। ਉਨ੍ਹਾਂ ਜ਼ੂਮ ਮੀਟਿੰਗ ਰਾਹੀ ਹਾਜ਼ਰ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ। ਅਗਲੀ ਮੀਟਿੰਗ ਦੀ ਜਾਣਕਾਰੀ ਜਲਦੀ ਸਾਂਝੀ ਕੀਤੀ ਜਾਏਗੀ। ਸਭਾ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403 993 2201 ਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੂੰ 587 437 7805 ਫੂਨ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *