ਚਿਹਰੇ

ਕਵਿਤਾ
ਸੂਰਜ ਦੀਆਂ ਕਿਰਨਾਂ ਪਈਆਂ ਅੱਜ
ਸਾਡੀਆਂ ਕੋਮਲ ਪੱਤੀਆਂ ਉੱਤੇ
ਖਿੜ ਗਏ, ਭਰ ਗਏ ਨਾਲ ਖ਼ੁਸ਼ਬੋਈਆਂ
ਮਾਲੀ ਤੋੜਿਆ ਸਮੇਤ ਟਾਹਣੀਆਂ ਸਾਨੂੰ
ਸਜਾਇਆ ਗਿਆ ਫਿਰ ਵਿਚ ਬੁੱਕਿਆਂ
ਪੇਸ਼ ਕਰਨ ਲਈ ਦਿਲੀ ਮੁਬਾਰਕ
ਮੂਹਰੇ, ਇਕ ਹਿੰਦੂ ਚਿਹਰੇ
ਚੁਣਿਆ ਗਿਆ ਸੀ ਜੋ ਮਹਿਰਮ ਸਾਡਾ
ਹੋਣੀ ਸਾਡੀ ਬਦਲਣ ਦੇ ਲਈ
ਉੱਚਾ ਸਾਨੂੰ ਚੁੱਕਣ ਦੇ ਲਈ
ਖ਼ੁਸਰ-ਫੁਸਰ ਫਿਰ ਹੋਵਣ ਲੱਗੀ
ਫਰਮਾਨ ਨਵਾਂ ਸੀ ਆਇਆ ਕੋਈ
ਹਿੰਦੂ ਨਹੀਂ, ਕੋਈ ਜੱਟ ਸਿੱਖ ਚਿਹਰਾ
ਬਦਲੇਗਾ ਹੋਣੀ ਸਾਡੀ
ਕੱਢੇਗਾ ਵਿਚੋਂ ਦਲਦਲ ਸਾਨੂੰ
ਜੱਟ ਸਿੱਖ ਚਿਹਰੇ ਦੀਆਂ ਬਰੂਹਾਂ ਉੱਤੇ
ਪਹੁੰਚੇ ਹੀ ਸਾਂ ਕਰਨ ਸਿਜਦਾ
ਖ਼ੁਸਰ-ਫੁਸਰ ਫਿਰ ਉੱਚੀ ਹੋਈ
ਫਿਰ ਬਦਲ ਗਿਆ ਸੀ ਫਰਮਾਨ ਸ਼ਾਹੀ
ਨਾ ਹਿੰਦੂ, ਨਾ ਜੱਟ ਸਿੱਖ ਚਿਹਰਾ
ਮਸੀਹਾ ਹੁਣ ਹੋਵੇਗਾ ਸਾਡਾ
ਇਕ ਦਲਿਤ ਸਿੱਖ ਚਿਹਰਾ
ਪਹੁੰਚਦਿਆਂ ਉਸ ਮਸੀਹੇ ਦੇ ਦਰ ‘ਤੇ
ਢਲਣ ਲੱਗਾ ਸੀ ਸਿਖ਼ਰ ਦੁਪਹਿਰਾ
ਪੱਤੀਆਂ ਸਾਡੀਆਂ ਮੁਰਝਾਵਣ ਲਗੀਆਂ
ਬੁੱਸਣ ਲਗੀ ਖ਼ੁਸ਼ਬੋਈ ਸਾਡੀ
ਅੱਕ ਗਏ ਹਾਂ ਤੱਕਦਿਆਂ
ਜਾਤਾਂ ਦੇ ਚਿਹਰੇ, ਧਰਮਾਂ ਦੇ ਚਿਹਰੇ
ਥੱਕ ਗਏ ਹਾਂ ਸਿਜਦਾ ਕਰ-ਕਰ
ਭਾਲਦਿਆਂ ਕਿਰਦਾਰਾਂ ਨੂੰ
ਭਾਲਦਿਆਂ ਕਿਰਦਾਰਾਂ ਨੂੰ
20 ਸਤੰਬਰ 2021
ਮੋਬਈਲ: 98150-68816