ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ ਫੜਨਗੇ ਕਾਂਗਰਸ ਦਾ ਹੱਥ

ਨਵੀਂ ਦਿੱਲੀ : ਜੇਐੱਨਯੂਐੱਸਯੂ ਦੇ ਸਾਬਕਾ ਪ੍ਰਧਾਨ ਤੇ ਸੀਪੀਆਈ ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ 28 ਸਤੰਬਰ ਨੂੰ ਕਾਂਗਰਸ ਵਿੱਚ ਸ਼ਾਮਲ ਹੋਣਗੇ। ਦੋਵੇਂ ਨੇਤਾ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਣਗੇ। ਦੋਵਾਂ ਨੇਤਾਵਾਂ ਨੇ ਆਪਣੇ ਮੋਬਾਈਲ ਫੋਨ ਬੰਦ ਕਰ ਦਿੱਤੇ ਹਨ। ਦੋਵਾਂ ਨੇ ਹਾਲ ਹੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ।
ਕਨ੍ਹਈਆ ਕੁਮਾਰ ਦੇ ਨੇੜਲੇ ਸੂਤਰਾਂ ਅਨੁਸਾਰ ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਕੋਈ ਵੀ ਨੇਤਾ ਰਾਸ਼ਟਰੀ ਪੱਧਰ ‘ਤੇ ਭਾਜਪਾ ਦੇ ਖਿਲਾਫ ਲੜ ਰਿਹਾ ਹੈ, ਤਾਂ ਉਹ ਕਾਂਗਰਸ ਨੇਤਾ ਰਾਹੁਲ ਗਾਂਧੀ ਹੈ। ਅਜਿਹੇ ਵਿੱਚ ਕਨ੍ਹਈਆ ਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਸੂਤਰਾਂ ਅਨੁਸਾਰ ਰਾਹੁਲ ਗਾਂਧੀ ਦੇਸ਼ ਭਰ ਵਿੱਚ ਭਾਜਪਾ ਵਿਰੋਧੀ ਯੂਥ ਨੇਤਾਵਾਂ ਦੀ ਨਵੀਂ ਟੀਮ ਬਣਾ ਰਹੇ ਹਨ। ਕਨ੍ਹਈਆ ਇਸ ਟੀਮ ਦਾ ਅਹਿਮ ਮੈਂਬਰ ਹੋ ਸਕਦਾ ਹੈ। ਯਾਨੀ ਸੂਤਰਾਂ ਅਨੁਸਾਰ ਕਾਂਗਰਸ ਵਿੱਚ ਕਨ੍ਹਈਆ ਕੁਮਾਰ ਦੀ ਭੂਮਿਕਾ ਰਾਸ਼ਟਰੀ ਪੱਧਰ ਦੀ ਹੋਵੇਗੀ। ਸੂਤਰਾਂ ਨੇ ਇਹ ਵੀ ਦੱਸਿਆ ਸੀ ਕਿ ਗੁਜਰਾਤ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਾਰਦਿਕ ਪਟੇਲ ਕਨ੍ਹਈਆ ਅਤੇ ਜਿਗਨੇਸ਼ ਦੋ ਨੌਜਵਾਨ ਨੇਤਾਵਾਂ ਅਤੇ ਕਾਂਗਰਸ ਲੀਡਰਸ਼ਿਪ ਵਿਚਾਲੇ ਗੱਲਬਾਤ ਵਿਚ ਵਿਚੋਲਗੀ ਕਰ ਰਹੇ ਹਨ।