ਕੈਲਗਰੀ ਵਿੱਚ ਕਿਸਾਨ ਮੌਰਚੇ ਦੇ ਹੱਕ ਵਿੱਚ ਪ੍ਰਭਾਵਸ਼ਾਲੀ ਰੈਲੀ

ਕੈਲਗਰੀ: ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ ਕੈਲਗਰੀ ਅਤੇ ਅਦਾਰਾ ਸਰੋਕਾਰਾਂ ਦੀ ਆਵਾਜ਼ ਟਰਾਂਟੋ ਦੇ ਸੱਦੇ ਤੇ ਪ੍ਰੇਰੀਵਿੰਡਜ਼ ਪਾਰਕ ਨਾਰਥ ਈਸਟ ਕੈਲਗਰੀ ਦੇ ਬਾਹਰ ਭਾਰਤ ਸਰਕਾਰ ਵਲੋਂ ਕਿਸਾਨ ਵਿਰੋਧੀ ਬਣਾਏ ਤਿੰਨ ਕਨੂੰਨਾਂ ਖਿਲਾਫ ਇੱਕ ਭਰਵੀਂ ਰੈਲੀ ਕੀਤੀ ਗਈ। ਇਹ ਰੈਲੀ ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਤੇ ਭਾਰਤ ਸਰਕਾਰ ਦੇ ਹਠੀ ਵਤੀਰੇ ਖਿਲਾਫ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਦੇ ਸਮਰਥਨ ਵਿੱਚ ਸੀ। ਬੇਸ਼ਕ ਕੋਵਿਡ ਕਾਰਨ ਬਹੁਤੇ ਇਕੱਠ ਦੀ ਆਸ ਨਹੀਂ ਸੀ, ਪਰ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਦੀ ਸ਼ਮੂਲੀਅਤ ਦੱਸਦੀ ਸੀ ਕਿ ਲੋਕਾਂ ਵਿੱਚ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸਾਲ ਬੀਤਣ ਬਾਅਦ ਵੀ ਹਮਦਰਦੀ ਹੈ ਤੇ ਸਰਕਾਰ ਪ੍ਰਤੀ ਪੂਰਾ ਰੋਹ ਹੈ।ਇਥੇ ਯਾਦ ਰਹੇ ਕਿ ਇੱਕ ਸਾਲ ਪਹਿਲਾਂ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਨਾਲ਼ ਸੰਘਰਸ਼ ਸ਼ੁਰੂ ਹੋਇਆ ਸੀ, ਜੋ ਬਾਅਦ ਵਿੱਚ 26 ਨਵੰਬਰ, 2020 ਤੋਂ ਦਿੱਲੀ ਦੇ ਬਾਰਡਰਾਂ ਤੇ ਚੱਲ ਰਿਹਾ ਹੈ। 

ਇਸ ਮੌਕੇ ਤੇ ਰੈਲੀ ਦੇ ਮੁੱਖ ਪ੍ਰਬੰਧਕ ਮਾਸਟਰ ਭਜਨ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਭਾਰਤ ਸਰਕਾਰ ਵਲੋਂ ਪਾਸ ਕੀਤੇ ਤਿੰਨ ਨਵੇਂ ਖੇਤੀ ਕਨੂੰਨਾਂ ਦੇ ਲਾਗੂ ਹੋਣ ਨਾਲ ਖੇਤੀ ਸੈਕਟਰ ਤੇ ਵੀ ਵੱਡੀਆਂ ਕਾਰਪੋਰੇਸ਼ਨਾਂ ਦਾ ਕਬਜਾ ਹੋ ਜਾਵੇਗਾ। ਸਰਕਾਰ ਵਲੋਂ ਫਸਲਾਂ ਦਾ ਤਹਿ ਕੀਤਾ ਜਾਂਦਾ ਘੱਟੋ-ਘੱਟ ਸਮਰਥਨ ਮੁੱਲ ਵੀ ਹੌਲੀ-ਹੌਲੀ ਖਤਮ ਹੋ ਜਾਵੇਗਾ। ਛੋਟੇ ਤੇ ਮੱਧ ਵਰਗੀ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਹੋਣਾ ਪਵੇਗਾ ਤੇ ਜਮੀਨਾਂ ਦੀ ਮਾਲਕੀ ਵੀ ਵੱਡੇ ਘਰਾਣਿਆਂ ਕੋਲ ਚਲੀ ਜਾਵੇਗੀ। ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ। ਕੈਲਗਰੀ ਦੀ ਉਘੀ ਕਵਿਤਰੀ ਤੇ ਕਈ ਕਿਤਾਬਾਂ ਦੀ ਲੇਖਿਕਾ ਸੁਰਿੰਦਰ ਗੀਤ ਵਲੋਂ ਕਿਸਾਨਾਂ ਤੇ ਮਜਦੂਰਾਂ ਦੇ ਹੱਕ ਵਿੱਚ ਦੋ ਗਜ਼ਲਾਂ ਪੜ੍ਹੀਆਂ। ਗੀਤ ਜੀ ਦੀ ਕਿਸਾਨ-ਮਜ਼ਦੂਰ ਗੀਤਾਂ, ਕਵਿਤਾਵਾਂ ਤੇ ਗਜ਼ਲਾਂ ਅਧਾਰਿਤ ਇੱਕ ਕਿਤਾਬ ਪਿਛਲ਼ੇ ਦਿਨੀਂ ਸਿੰਘੂ ਬਾਰਡਰ ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਰਿਲੀਜ਼ ਕੀਤੀ ਗਈ ਸੀ। 

ਇਸ ਮੌਕੇ ਇੱਕ ਨੌਜਵਾਨ ਵਲੋਂ ਕਿਸਾਨੀ ਸੰਘਰਸ਼ ਨਾਲ਼ ਸਬੰਧਤ ਗੀਤ ਪੇਸ਼ ਕੀਤਾ ਗਿਆ। ਕਮਲਪ੍ਰੀਤ ਪੰਧੇਰ ਦੀ ਅਗਵਾਈ ਵਿੱਚ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਟੀਮ ਵਲੋਂ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਵਲੋਂ ਗਾਏ ਗੀਤ, ‘ਓ ਸਾਨੂੰ ਦੱਸਿਓ ਕਿ ਗੌਣ ਵਾਲਿਓ, ਓ ਜੱਟ ਕਿਹੜੇ ਪਿੰਡ ਰਹਿੰਦਾ ਹੈ —-’ ਤੇ ਕੋਰੀਓਗਰਾਫੀ ਪੇਸ਼ ਕੀਤੀ, ਜਿਸ ਨੂੰ ਮੁਜ਼ਾਹਰਾਕਾਰੀਆਂ ਨੇ ਖੂਬ ਸਰਾਹਿਆ।ਬਹੁਤ ਸਾਰੇ ਮੁਜ਼ਾਹਰਾਕਾਰੀ ਕਿਸਾਨੀ ਦੇ ਪ੍ਰਤੀਕ ਹਰੇ ਤੇ ਪੀਲੇ ਰੰਗ ਦੇ ਕੱਪੜੇ, ਦਸਤਾਰਾਂ ਜਾਂ ਚੁੰਨੀਆਂ ਪਾ ਕੇ ਆਏ ਹੋਏ ਸਨ। ਸਾਰੇ ਮੁਜ਼ਾਹਰੇ ਦੌਰਾਨ ਕਿਸਾਨਾਂ ਦੇ ਹੱਕ ਵਿੱਚ ਅਤੇ ਮੋਦੀ ਸਰਕਾਰ ਦੇ ਵਿਰੋਧ ਵਿੱਚ ਰੋਹ ਭਰੇ ਨਾਹਰੇ ਲਗਦੇ ਰਹੇ। ਇਸ ਮੌਕੇ ਵੈਦ ਬਰੇਟਾ ਵਲੋਂ ਕਿਸਾਨ ਵਿਰੋਧੀ ਕਨੂੰਨਾਂ ਦੇ ਮਾਰੂ ਪ੍ਰਭਾਵਾਂ ਬਾਰੇ ਜੋਸ਼ੀਲੀ ਤਕਰੀਰ ਕੀਤੀ, ਉਨ੍ਹਾਂ ਦੱਸਿਆ ਕਿ ਕਾਰੋਪੋਰੇਟ ਪੱਖੀ ਤੇ ਲੋਕ ਵਿਰੋਧੀ ਪਾਲਸੀਆਂ 20-25 ਸਾਲ ਤੋਂ ਭਾਰਤ ਵਿੱਚ ਚੱਲ ਰਹੀਆਂ ਹਨ। 

ਸਿੱਖ ਵਿਰਸਾ ਇੰਟਰਨੈਸ਼ਨਲ ਤੋਂ ਹਰਚਰਨ ਸਿੰਘ ਪ੍ਰਹਾਰ ਵਲੋਂ ਆਏ ਹੋਏ ਲੋਕਾਂ, ਮੀਡੀਆ, ਜਥੇਬੰਦੀਆਂ ਦਾ ਧੰਨਵਾਦ ਕੀਤਾ, ਜੋ ਬਹੁਤ ਘੱਟ ਸਮੇਂ ਦੇ ਨੋਟਿਸ ਤੇ ਵੱਡੀ ਗਿਣਤੀ ਵਿੱਚ ਪਹੁੰਚੇ। ਕੈਲਗਰੀ ਨਾਰਥ ਈਸਟ ਦੇ ਪ੍ਰੇਰੀਵਿੰਡਜ਼ ਪਾਰਕ ਵਿੱਚ ਇਸ ਮੁਜ਼ਾਹਰੇ ਦੇ ਅਖੀਰ ਵਿੱਚ ਕਿਸਾਨਾਂ ਦੇ ਹੱਕ ਤੇ ਮੋਦੀ ਸਰਕਾਰ ਦੇ ਵਿਰੋਧ ਵਿੱਚ ਚੁੱਕੇ ਹੋਏ ਬੈਨਰਾਂ ਤੇ ਤਖਤੀਆਂ ਨਾਲ ਪ੍ਰਦਰਸ਼ਨਕਾਰੀਆਂ ਨੇ ਪ੍ਰੇਰੀਵਿੰਡ ਦੇ ਬਾਹਰ ਰੋਡ ਦੇ ਨਾਲ-ਨਾਲ ਨਾਹਰੇਬਾਜੀ ਕਰਦੇ ਹੋਏ ਰੋਸ ਮਾਰਚ ਵੀ ਕੀਤਾ।

Leave a Reply

Your email address will not be published. Required fields are marked *