ਕਨ੍ਹੀਆ ਤੇ ਜਿਗਨੇਸ਼ ਕਾਂਗਰਸ ਵਿੱਚ ਸ਼ਾਮਲ, ਸਿੱਧੂ ਦੇ ਸਵਾਲ ‘ਤੇ ਰਾਹੁਲ ਰਹੇ ਚੁੱਪ

ਨਵੀਂ ਦਿੱਲੀ : ਪੰਜਾਬ ਵਿਚ ਨਵਜੋਤ ਸਿੱਧੂ ਦੇ ਸੂਬਾਈ ਕਾਂਗਰਸ ਦੀ ਪ੍ਰਧਾਨਗੀ ਤੋਂ ਅਚਾਨਕ ਅਸਤੀਫ਼ੇ ਤੋਂ ਬਾਅਦ ਪਾਰਟੀ ਅੰਦਰ ਹਲਚਲ ਪੈਦਾ ਹੋ ਗਈ ਹੈ। ਦਿੱਲੀ ਵਿਚ ਕਾਂਗਰਸ ਮੁੱਖ ਦਫ਼ਤਰ ‘ਤੇ ਜ਼ਬਰਦਸਤ ਹਲਚਲ ਜਾਰੀ ਹੈ। ਬਿਹਾਰ ਤੋਂ ਕਨ੍ਹਈਆ ਕੁਮਾਰ ਅਤੇ ਗੁਜਰਾਤ ਤੋਂ ਜਿਗਨੇਸ਼ ਮੇਵਾਣੀ ਅੱਜ ਕਾਂਗਰਸ ਵਿਚ ਸ਼ਾਮਲ ਹੋਏ। ਦੋਹਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਾਉਣ ਲਈ ਰਾਹੁਲ ਗਾਂਧੀ ਕਾਂਗਰਸ ਦੇ ਮੁੱਖ ਦਫ਼ਤਰ ਪਹੁੰਚੇ ਪਰ ਦੋਹਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਵਾਉਣ ਲਈ ਜਦੋਂ ਪ੍ਰੈੱਸ ਕਾਨਫਰੰਸ ਸ਼ੁਰੂ ਹੋਈ, ਤਾਂ ਰਾਹੁਲ ਗਾਂਧੀ ਇਸ ਵਿਚ ਨਾ ਪਹੁੰਚੇ। ਇਸ ਤੋਂ ਥੋੜ੍ਹੀ ਦੇਰ ਪਹਿਲਾਂ ਜਦੋਂ ਰਾਹੁਲ ਗਾਂਧੀ ਤੋਂ ਨਵਜੋਤ ਸਿੱਧੂ ਦੇ ਅਹੁਦਾ ਛੱਡਣ ਬਾਰੇ ਸਵਾਲ ਕੀਤਾ ਗਿਆ ਤਾਂ ਉਹ ਬਿਨਾਂ ਕੁਝ ਬੋਲੇ ਅੱਗੇ ਚਲੇ ਗਏ।
ਕਾਂਗਰਸ ਦੀ ਪ੍ਰੈੱਸ ਕਾਨਫਰੰਸ ਵਿਚ ਪਾਰਟੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ, ‘ਅੱਜ ਸਾਡੇ ਲਈ ਖ਼ਾਸ ਦਿਨ ਹੈ। ਇਸ ਮੰਚ ‘ਤੇ ਦੋ ਨੌਜਵਾਨ ਬੈਠੇ ਹਨ, ਜੋ ਕਿਸੇ ਜਾਣ-ਪਛਾਣ ਦੇ ਮੋਹਤਾਜ ਨਹੀਂ ਹਨ। ਜਿਨ੍ਹਾਂ ਨੇ ਲਗਾਤਾਰ ਮੋਦੀ ਸਰਕਾਰ ਅਤੇ ਹਿਟਲਰਸ਼ਾਹੀ ਜੋ ਇਸ ਦੇਸ਼ ਵਿਚ ਚੱਲ ਰਹੀ ਹੈ, ਨਾਲ ਆਪਣੇ ਤਰੀਕੇ ਨਾਲ ਸੰਘਰਸ਼ ਕੀਤਾ ਹੈ। ਇਹ ਆਵਾਜ਼ ਹੋਰ ਮਜ਼ਬੂਤ ਹੋਵੇਗੀ, ਜਦੋਂ ਇਹ ਆਵਾਜ਼ ਰਾਹੁਲ ਗਾਂਧੀ ਦੀ ਆਵਾਜ਼ ਨਾਲ ਮਿਲ ਕੇ ਇਕ ਅਤੇ ਇਕ 11 ਹੋ ਜਾਵੇਗੀ।