ਟਰੂਡੋ ਵੱਲੋਂ ਸਰਕਾਰ ਬਣਾਉਣ ਲਈ ਦਾਅਵਾ ਪੇਸ਼, ਐਨਡੀਪੀ ਦੀ ਹਮਾਇਤ ਨਾਲ ਬਣੇਗੀ ਸਰਕਾਰ

ਟੋਰਾਂਟੋ : ਕੈਨੇਡਾ ਦੀਆਂ ਮੱਧਕਾਲੀ ਚੋਣਾਂ ‘ਚ ਸਭ ਤੋਂ ਵੱਡੀ ਪਾਰਟੀ ਬਣਕੇ ਉਭਰੀ ਲਿਬਰਲ ਨੇ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ ਹੈ। ਲਿਬਰਲ ਲੀਡਰ ਨੇ ਗਵਰਨਰ ਜਨਰਲ ਕੋਲ ਘੱਟ ਗਿਣਤੀ ਸਰਕਾਰ ਲਈ ਆਪਣਾ ਦਾਅਵਾ ਪੇਸ਼ ਕਰਦਿਆਂ ਪੱਖ ਰੱਖਿਆ ਹੈ। ਟਰੂਡੋ ਨੇ ਕਿਹਾ ਕਿ ਸਰਕਾਰ ‘ਚ ਉਪ ਪ੍ਰਧਾਨ ਮੰਤਰੀ ਅਤੇ ਫਾਇਨਾਂਸ ਮਨਿਸਟਰ ਮੁੜ ਕ੍ਰਿਸਟਿਆ ਫ੍ਰੀਲੈਂਡ ਹੀ ਹੋਣਗੇ।

ਟਰੂਡੋ ਨੇ ਦਾਅਵਾ ਕੀਤਾ ਕਿ ਨਵੀਂ ਕੈਬਨਿਟ ਅਕਤੂਬਰ ਮਹੀਨੇ ‘ਚ ਰਸਮੀ ਤੌਰ ‘ਤੇ ਸਹੁੰ ਚੁੱਕੇਗੀ ਅਤੇ ਫੌਲ ਸੀਜ਼ਨ ਸਤੰਬਰ ਤੋਂ ਨਵੰਬਰ ਦੇ ਅੰਤ ਤੋਂ ਪਹਿਲਾਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਸਰਕਾਰ ਦੀਆਂ ਦੋ ਅਜਿਹੀਆਂ ਤਰਜੀਹਾਂ ਵੀ ਟਰੂਡੋ ਨੇ ਸਾਂਝੀਆਂ ਕੀਤੀਆਂ ਜਿਨ੍ਹਾਂ ਲਈ ਪਾਰਲੀਮੈਂਟ ਦੀ ਮੰਜ਼ੂਰੀ ਜ਼ਰੂਰੀ ਹੋ ਸਕਦੀ ਹੈ। ਪਹਿਲਾ, ਸੂਬੇ ਦੇ ਵੈਕਸੀਨ ਪ੍ਰਮਾਣ ਪ੍ਰੋਗਰਾਮਾਂ ‘ਚ ਵਿੱਤੀ ਮਦਦ ਲਈ 1 ਬਿਲੀਅਨ ਡਾਲਰ ਦਾ ਫ਼ੰਡ ਅਤੇ ਦੂਸਰਾ ਵੈਕਸੀਨ-ਵਿਰੋਧੀ ਗਰੁੱਪਾਂ ਵੱਲੋਂ ਹਸਪਤਾਲਾਂ ਦੇ ਬਾਹਰ ਅੜਿੱਕੇ ਡਾਹੁਣ ਵਰਗੇ ਮੁਜ਼ਾਹਰਿਆਂ ਦਾ ਅਪਰਾਧੀਕਰਣ ਕਰਨ ਲਈ ਕਾਨੂੰਨ ਬਣਾਉਣਾ।

ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਬੇਸ਼ਕ ਜਸਟਿਨ ਟਰੂਡੋ ਦੀ ਪਾਰਟੀ 158 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣਕੇ ਉਭਰੀ ਹੈ, ਪਰ ਸਰਕਾਰ ਬਣਾਉਣ ਲਈ 170 ਸੀਟਾਂ ਜਿੱਤਣ ਦੀ ਜ਼ਰੂਰਤ ਪੈਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਜਗਮੀਤ ਸਿੰਘ ਦੀ ਐਨਡੀਪੀ ਲਿਬਰਲ ਪਾਰਟੀ ਨੂੰ ਹਮਾਇਤ ਦੇਵੇਗੀ। ਜਗਮੀਤ ਦੀ ਹਮਾਇਤ ਨਾਲ ਸਰਕਾਰ ਬਣੇਗੀ। ਟਰੂਡੋ ਸਰਕਾਰ ਦੀ ਨਵੀਂ ਕੈਬਨਿਟ ‘ਚ ਕੁਝ ਪੰਜਾਬੀ ਚਿਹਰੇ ਮੁੜ ਸ਼ਾਮਲ ਹੋਣਗੇ। 

ਕਈ ਨਵੇਂ ਪੰਜਾਬੀ ਚਿਹਰੇ ਸ਼ਾਮਲ ਹੋਣ ਦੀ ਚਰਚਾ ਵੀ ਛਿੜੀ ਹੋਈ ਹੈ। ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ, ਅਨੀਤਾ ਆਨੰਦ ਦੇ ਮੁੜ ਕੈਬਨਿਟ ‘ਚ ਸ਼ਾਮਲ ਹੋਣ ਦੀ ਚਰਚਾ ਹੈ। ਉਥੇ ਹੀ ਪਹਿਲੀ ਵਾਰ ਕੈਲਗਰੀ ਸਕਾਈਵਿਊ ਤੋਂ ਚੋਣ ਜਿੱਤਣ ਵਾਲੇ ਜੌਰਜ ਚਾਹਲ ਅਤੇ ਕਮਲ ਖਹਿਰਾ ਦੇ ਵੀ ਕੈਬਨਿਟ ‘ਚ ਸ਼ਾਮਲ ਹੋਣ ਦੀ ਚਰਚਾ ਹੋ ਰਹੀ ਹੈ। ਹਾਲਾਂਕਿ ਸੁਖ ਧਾਲੀਵਾਲ ਦਾ ਨਾਮ ਵੀ ਮੁਹਰੀ ਕਤਾਰ ‘ਚ ਸ਼ਾਮਲ ਹੈ। ਕੈਬਨਿਟ ‘ਚ ਜਿਨ੍ਹਾਂ ਪੰਜਾਬੀਆਂ ਦੇ ਸ਼ਾਮਿਲ ਹੋਣ ਦੀ ਚਰਚਾ ਹੈ, ਉਨ੍ਹਾਂ ‘ਚੋਂ ਕੁਝ ਬਾਰੇ ਜਾਣਦੇ ਹਾਂ।

ਬਰਦੀਸ਼ ਮਨਿਸਟਰੀ ਆਫ਼ ਡਾਈਵਰਸਿਟੀ ਇਨਕਲੂਜ਼ਨ ਐਂਡ ਯੂਥ ਮੰਤਰੀ ਵਾਟਰਲੂ ਤੋਂ ਜੇਤੂ ਰਹੇ। ਉਹ 2015 ‘ਚ ਟਰੂਡੋ ਸਰਕਾਰ ‘ਚ ਮੰਤਰੀ ਬਣੇ ਸੀ। ਕੈਨੇਡਾ ਦੇ ਲਘੂ ਉਦਯੋਗ ਤੇ ਟੂਰਿਜ਼ਮ ਮੰਤਰੀ ਵੀ ਰਹੇ ਹਨ। ਉਨ੍ਹਾਂ ਹਾਊਸ ਔਫ ਕੌਮਨਸ ‘ਚ ਸਰਕਾਰ ਦੀ ਅਗਵਾਈ ਕੀਤੀ। 1970 ‘ਚ ਬਰਦੀਸ਼ ਪਰਿਵਾਰ ਨਾਲ ਪੰਜਾਬ ਤੋਂ ਕੈਨੇਡਾ ਆਏ ਸੀ।

ਅਨੀਤਾ ਅਨੰਦ ਪਬਲਿਕ ਸਰਵਿਸ ਤੇ ਖ਼ਰੀਦ ਮੰਤਰੀ ਸੀ। ਉਹ ਓਂਟਾਰੀਓ ਦੇ ਓਕਵਿਲ ਤੋਂ ਚੋਣ ਜਿੱਤੇ ਹਨ। ਉਨ੍ਹਾਂ ਪਹਿਲੀ ਵਾਰ ਫੈਡਰਲ ਚੋਣ ਲੜੀ ਅਤੇ ਮੰਤਰੀ ਬਣੇ। ਅਨੀਤਾ ਅਨੰਦ ਯੂਨੀਵਰਸਿਟੀ ਔਫ਼ ਟੋਰਾਂਟੋ ਵਿੱਚ ਲਾਅ ਦੇ ਪ੍ਰੋਫੈਸਰ ਰਹੇ ਹਨ। 

ਜੌਰਜ ਚਾਹਲ ਕੈਲਗਰੀ ਸਕਾਈਵਿਊ ਤੋਂ ਸਿਟੀ ਕੌਂਸਲਰ ਸਨ। ਉਹ ਕੈਲਗਰੀ ਸਕਾਈਵਿਊ ਰਾਇਡਿੰਗ ਤੋਂ ਲਿਬਰਲ ਉਮੀਦਵਾਰ ਸਨ। ਉਨ੍ਹਾਂ ਕੰਜ਼ਰਵੇਟਿਵ ਜੈਗ ਸਹੋਤਾ ਨੂੰ ਹਰਾ ਕੇ ਚੋਣ ਜਿੱਤੀ। 

ਕਮਲ ਖਹਿਰਾ ਨੇ ਬਰੈਂਪਟਨ ਵੈਸਟ ਤੋਂ ਚੋਣ ਜਿੱਤੀ ਹੈ। ਉਨ੍ਹਾਂ 2015 ‘ਚ ਬਰੈਂਪਟਨ ਵੈਸਟ ਤੋਂ ਪਹਿਲੀ ਵਾਰ ਚੋਣ ਜਿੱਤੀ। 2019 ‘ਚ ਕਮਲ ਖਹਿਰਾ ਨੇ ਦੂਜੀ ਵਾਰ ਚੋਣ ਜਿੱਤੀ। ਕਮਲ ਖਹਿਰਾ ਸੰਸਦੀ ਸਕੱਤਰ ਵੀ ਰਹਿ ਚੁੱਕੀ ਹੈ।

ਕੈਨੇਡਾ ਦੀ ਸੰਸਦ ਵਿੱਚ ਕੁੱਲ 338 ਸੀਟਾਂ ਹਨ, ਬਹੁਮੱਤ ਲਈ 170 ਸੀਟਾਂ ਜਿੱਤਣ ਦੀ ਜ਼ਰੂਰਤ ਪੈਂਦੀ ਹੈ। ਪਰ ਚੋਣ ਨਤੀਜਿਆਂ ਮੁਤਾਬਕ ਕਿਸੇ ਵੀ ਪਾਰਟੀ ਨੂੰ ਬਹੁਮੱਤ ਨਹੀਂ ਮਿਲਿਆ। 

Leave a Reply

Your email address will not be published. Required fields are marked *