ਕਿਤੇ ਘਾਲ੍ਹਾ ਮਾਲ੍ਹਾ ਤਾਂ ਨਹੀਂ…..?

-ਮੰਗਤ ਰਾਮ ਪਾਸਲਾ

ਕਿਸੇ ਪਿੰਡ ਜਾਂ ਸ਼ਹਿਰ ਦਾ ਮੁਖੀ ਕਿਸੇ ਧਰਮ ਅਸਥਾਨ ਦੀ ਯਾਤਰਾ ਲਈ ਜਾਣ ਸਮੇਂ ਜੇਕਰ ਪਬਲਿਕ ਤੌਰ ‘ਤੇ ਹੋਕਾ ਦਿੰਦਾ ਹੈ, ”ਧਰਮਾਂ ਵਾਲਿਓ! ਆਪਣੀ ਸ਼ਰਧਾ ਅਨੁਸਾਰ ਧਾਰਮਿਕ ਸਥਾਨ ਲਈ ਜੇਕਰ ਕੋਈ ਚੜ੍ਹਾਵਾ/ਦਾਨ ਦੇ ਕੇ ਪੁੰਨ ਖੱਟਣਾ ਚਾਹੁੰਦੇ ਹੋ ਤਾਂ ਮੇਰੇ ਕੋਲ ਜਮਾਂ ਕਰਾ ਦਿਓ ਕਿਉਂਕਿ ਮੈਂ ਤੀਰਥ ਯਾਤਰਾ ਲਈ ਉੱਥੇ ਹੀ ਜਾ ਰਿਹਾ ਹਾਂ।” ਤਾਂ ਬਹੁਤ ਸਾਰੇ ਸ਼ਰਧਾਵਾਨ ਲੋਕੀਂ ਅਤੇ ਬਹੁਤ ਸਾਰੇ ਅਜਿਹੇ ਸੱਜਣ ਵੀ ਜੋ ਉਕਤ ਮੁਖੀ ਨਾਲ ਨੇੜਲੇ ਸੰਬੰਧਾਂ ਤੋਂ ਜਾਇਜ਼/ਨਜ਼ਾਇਜ਼ ਫਾਇਦਾ ਉਠਾ ਰਹੇ ਹੁੰਦੇ ਹਨ ਜਾਂ ਉਠਾਉਣਾ ਚਾਹੁੰਦੇ ਹਨ, ਪੂਰੀ ਸਮਰੱਥਾ ਅਨੁਸਾਰ ਇਸ ‘ਨੇਕ ਕੰਮ’ ਵਿੱਚ ਤਿਲਫੁੱਲ ਜ਼ਰੂਰ ਪਾਉਣਗੇ। ਪ੍ਰੰਤੂ ਯਾਤਰਾ ਤੋਂ ਮੁੜੇ ‘ਮੁਖੀ’ ਨੂੰ ਦਾਨੀ ਸੱਜਣ ਜਦੋਂ ਇਹ ਪੁੱਛਣ ਕਿ ”ਉਨ੍ਹਾਂ ਨੇ ਧਰਮ ਅਸਥਾਨ ਲਈ ਕਿੰਨਾ ਕੁ ਪੈਸਾ ਭੇਂਟਾ ਕੀਤਾ ਹੈ”, ਤੇ ਮੁਖੀ ਅੱਗੋਂ ਇਹ ਕਹੇ ਕਿ ਉਕਤ ਪੁੰਨ ਅਰਥ ਇਕੱਤਰ ਕੀਤੀ ਗਈ ਰਕਮ ਵਿੱਚੋਂ ਕਿਸ ਨੂੰ ਕਿੰਨਾ ਪੈਸਾ ਦੇਣਾ ਹੈ ਇਹ ਤਾਂ ਮੇਰਾ ਨਿੱਜੀ ਮਾਮਲਾ ਹੈ, ਮੈਂ ਕਿਸੇ ਨੂੰ ਇਸਦੇ ਵੇਰਵੇ ਦੇਣ ਲਈ ਵਚਨਬੱਧ ਨਹੀਂ ਹਾਂ”, ਤਾਂ ਸ਼ੰਕਾ ਖੜ੍ਹੇ ਹੋਣੇ ਲਾਜਮੀ ਵੀ ਹਨ ਅਤੇ ਹੱਕ ਬਜਾਨਬ ਵੀ। ਇਸ ਬਾਰੇ ਹੋਰ ਕੀ-ਕੀ ਦੰਦ ਕਥਾ ਛਿੜੇਗੀ ਇਸ ਦਾ ਅੰਦਾਜ਼ਾ ਵੀ ਸਹਿਜੇ ਹੀ ਲਾਇਆ ਜਾ ਸਕਦਾ ਹੈ? ਜੱਗੋਂ ਤੇਰ੍ਹਵੀਂ ਕਰਨ ਵਾਲੇ ਉਕਤ ਮੁਖੀ ਨੂੰ ਕੋਈ ਠੱਗ ਕਹੇਗਾ, ਕੋਈ ਚੋਰ ਤੇ ਬਾਕੀ ਘੱਟੋ-ਘੱਟ ਧੋਖੇਬਾਜ਼ ਤਾਂ ਲਾਜ਼ਮੀ ਕਹਿਣਗੇ!
ਇਹੋ ਸਥਿਤੀ, ਕੋਰੋਨਾ ਮਹਾਮਾਰੀ ਨਾਲ ਨਜਿੱਠਣ ਅਤੇ ਪੀੜਤਾਂ ਦੀ ਮਦਦ ਕਰਨ ਲਈ ਗਠਿਤ ਕੀਤੇ ਗਏ ‘ਪੀ.ਐਮ.ਕੇਅਰਜ’ ਨਾਂ ਦੀ ਟਰਸਟ ਵੱਲੋਂ ਦਾਨ ਦੇ ਰੂਪ ਵਿੱਚ ਇਕੱਤਰ ਕੀਤੀ ਗਈ ਅਰਬਾਂ-ਖਰਬਾਂ ਦੀ ਰਕਮ ਦੀ ਬਣ ਗਈ ਹੈ। ਇਹ ‘ਭਲਾਈ ਟਰੱਸਟ’ 2020 ਵਿੱਚ ਕਾਇਮ ਕੀਤੀ ਗਈ ਸੀ, ਜਿਸ ਦੇ ਮੁਖੀ ਖੁਦ ਮੋਦੀ ‘ਜੀ’ ਹਨ। ਆਪਣੇ ਆਪ ਨੂੰ ‘ਪ੍ਰਧਾਨ ਸੇਵਕ’ ਕਹਾ ਕੇ ਡਾਢੇ ਖੁਸ਼ ਹੋਣ ਵਾਲੇ ਮੋਦੀ ਸਾਹਿਬ ਵੱਲੋਂ ਥਾਪੇ ਗਏ ਉਨ੍ਹਾਂ ਦੇ ਕੁੱਝ ਕੁ ਅਤਿ ‘ਨਜਦੀਕੀ’ ਵੀ ਇਸ ਟਰੱਸਟ ਦੇ ਮੈਂਬਰ ਹਨ।
ਕਿਸੇ ਮਹਾਮਾਰੀ, ਗੰਭੀਰ ਸੰਕਟ ਜਾਂ ਅਜਿਹੀ ਕਿਸੇ ਹੋਰ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ”ਪ੍ਰਧਾਨ ਮੰਤਰੀ ਰਾਹਤ ਫੰਡ” ਨਾਂ ਦੀ ਸੰਸਥਾ ਪਹਿਲਾਂ ਹੀ ਹੋਂਦ ਵਿੱਚ ਹੈ, ਜਿਸ ਕੋਲ ਨਿਸ਼ਚਿਤ ਰਾਖਵੀਂ ਰਕਮ ਵੀ ਹੁੰਦੀ ਹੈ ਲੋੜ ਪੈਣ ‘ਤੇ ਦਾਨ ਆਦਿ ਰਾਹੀਂ ਵੀ ਪੈਸਾ ਪ੍ਰਾਪਤ ਕੀਤੇ ਜਾਣ ਦੀ ਵੀ ਵਿਵਸਥਾ ਹੈ। ਪਰ ਕਿਉਂਕਿ ਇਸ ਦਾ ਹਿਸਾਬ-ਕਿਤਾਬ ਪਬਲਿਕ ਤੌਰ ‘ਤੇ ਕਿਸੇ ਵੱਲੋਂ, ਕਦੇ ਵੀ ਪੁਛਿਆ ਜਾ ਸਕਦਾ ਸੀ ਤੇ ਸਰਕਾਰੀ ਲੇਖਾ ਪ੍ਰੀਖਕਾਂ ਨੂੰ ਇਸ ਦੇ ਸਾਰੇ ਰਿਕਾਰਡ ਦੀ ਪੜਤਾਲ ਕੀਤੇ ਜਾਣ ਦਾ ਅਧਿਕਾਰ ਹੁੰਦਾ ਸੀ, ਇਸ ਲਈ ਇਹ ਵਿਵਸਥਾ ਮੋਦੀ ਜੀ ਨੂੰ ਵਾਰਾ ਨਹੀਂ ਸੀ ਖਾਂਦੀ। ਉਹ ‘ਮਨ ਕੀ ਬਾਤ’ ਸਿਰਫ ਕਹਿੰਦੇ ਹਨ, ‘ਲੋਕਾਂ ਦੀ ਬਾਤ’ ਸੁਣਨ ਦੇ ਆਦੀ ਨਹੀਂ। ਇਹ ਟਰੱਸਟ ਕਾਇਮ ਕਰਨ ਵੇਲੇ ਇਹ ਵੀ ਦੱਸਿਆ ਗਿਆ ਸੀ ਕਿ ਵੱਡੀਆਂ ਕੰਪਨੀਆਂ ਜੇਕਰ ਇਸ ਫੰਡ ਵਿੱਚ ਯੋਗਦਾਨ ਪਾਉਂਦੀਆਂ ਹਨ ਤਾਂ ਉਹ ਧਨ ‘ਸਮਾਜਿਕ ਜ਼ਿੰਮੇਵਾਰੀਆਂ’ ਨਿਭਾਉਣ ਲਈ ਦਿੱਤੀ ਗਈ ਰਾਸ਼ੀ ਸਮਝਿਆ ਜਾਵੇਗਾ। ਫਿਰ ਕੀ ਸੀ, ਇਸ ‘ਨਿੱਜੀ ਕੰਪਨੀ’ ਨੂੰ ਅਪ੍ਰੈਲ ਤੋਂ ਅਕਤੂਬਰ ਤੱਕ ਥਲ ਸੈਨਾ ਨੇ 115 ਕਰੋੜ, ਵਾਯੂ ਸੈਨਾ ਨੇ 29 ਕਰੋੜ, ਨੇਵੀ ਨੇ 16 ਕਰੋੜ, ਸਰਕਾਰੀ ਬੈਂਕਾਂ ਨੇ 200 ਕਰੋੜ, ਸਨਅਤੀ ਅਦਾਰਿਆਂ ਨੇ 2400 ਕਰੋੜ ਤੇ ਕੇਂਦਰੀ ਵਿਦਿਅਕ ਸੰਸਥਾਵਾਂ ਨੇ 20 ਕਰੋੜ ਦੀ ‘ਤੁਛ’ ਜਿਹੀ ਰਕਮ ਦਾਨ ਕਰ ਦਿੱਤੀ। ਬਾਕੀ ਪ੍ਰਾਪਤ ਧਨ ਦਾ ਕੋਈ ਵੇਰਵਾ ਨਹੀਂ, ਕਿਉਂਕਿ ਆਰ.ਟੀ.ਆਈ. ਐਕਟ ਅਧੀਨ ਕੋਈ ਵੀ ਜਾਣਕਾਰੀ ਹਾਸਲ ਕਰਨ ਦੇ ਅਧਿਕਾਰ ਤੋਂ ਇਹ ਟਰਸਟ ‘ਸੁਤੰਤਰ’ ਹੈ!
‘ਚਿਹਰਾ, ਚਾਲ, ਚਰਿੱਤਰ’ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਭਾਜਪਾ ਤੇ ਆਰ.ਐਸ.ਐਸ. ਇਸ ਸਾਰੇ ਘਟਨਾਕ੍ਰਮ ਬਾਰੇ ਚੁੱਪ ਹਨ ਕਿਉਂਕਿ ਇਸ ‘ਹਨੇਰ ਖਾਤੇ’ ਦਾ ਮੁਖੀ ਆਪਣੇ ਆਪ ਨੂੰ ਦੇਸ਼ ਦਾ ‘ਚੌਕੀਦਾਰ’ ਦੱਸਣ ਵਾਲਾ ਪ੍ਰਧਾਨ ਮੰਤਰੀ ਮੋਦੀ ਖ਼ੁਦ ਹੈ।
ਕਰੋਨਾ ਮਹਾਮਾਰੀ ਤੋਂ ਪੀੜਤ ਲੱਖਾਂ ਲੋਕ ਬੇਇਲਾਜ਼ੇ, ਹਸਪਤਾਲਾਂ ਵਿੱਚ ਬੈਡ ਤੇ ਆਕਸੀਜਨ ਦੀ ਘਾਟ ਕਰਕੇ ਮਾਰੇ ਗਏ ਹਨ। ਕਰੋੜਾਂ ਲੋਕ ਭੁੱਖ ਤੇ ਬੇਕਾਰੀ ਦੀ ਮਾਰ ਝੱਲ ਕੇ ਸੈਂਕੜੇ ਮੀਲ ਪੈਦਲ ਹੀ ਘਰੀਂ ਪੁੱਜੇ। ਕਿੰਨੇ ਰਾਹ ਵਿੱਚ ਸਦਾ ਦੀ ਨੀਂਦ ਸੌਂ ਗਏ, ਇਸਦੀ ਸਰਕਾਰ ਕੋਲ ਕੋਈ ਜਾਣਕਾਰੀ ਨਹੀਂ! ਅੰਤਮ ਸੰਸਕਾਰ ਹੋਣ ਤੋਂ ਅਸਮਰਥ ਹੋਣ ਕਰਕੇ ਲੋਕਾਂ ਨੇ ਆਪਣੇ ਪਿਆਰਿਆਂ ਦੀਆਂ ਲਾਸ਼ਾਂ ਗੰਗਾ ਰੋੜ੍ਹ ਦਿੱਤੀਆਂ ਜੋ ਕੰਢਿਆਂ ‘ਤੇ ਰੁਲਦੀਆਂ ਜਾਂ ਦਰਿਆ ਵਿੱਚ ਤੈਰਦੀਆਂ ਦੁਨੀਆਂ ਭਰ ਨੇ ਅੱਖੀਂ ਦੇਖੀਆਂ ਹਨ।
ਫਿਰ ਵੀ ਇਸ ਦਾ ਕੋਈ ਥਹੁ ਪਤਾ ਨਹੀਂ ਕਿ ‘ਪ੍ਰਧਾਨ ਮੰਤਰੀ ਕੇਅਰਜ਼’ ਵੱਲੋਂ ਦਾਨ ਦੇ ਰੂਪ ਵਿੱਚ ਇਕੱਠਾ ਕੀਤਾ ਗਿਆ ਲੱਖਾਂ ਕਰੋੜਾਂ ਰੁਪਿਆ ਕਿੱਥੇ ਖਰਚਿਆ ਗਿਆ! ਇਸਨੂੰ ‘ਭਰਿਸ਼ਟਾਚਾਰ’ ਦਾ ਨਾਮ ਨਾ ਦਿਓ! ਤੇ ਨਾ ਹੀ ਅਜਿਹੇ ਕੰਮ-ਧੰਦੇ ਵਿੱਚ ਪਾਰਦਰਸ਼ਤਾ ਦੀ ਦੁਹਾਈ ਦਿਓ! ਪਹਿਲਾਂ ਵੀ ਕਾਰਗਿਲ ਯੁਧ ਦਾ ਸੈਸ, ਗਊ ਸੈਸ ਤੇ ਇਨ੍ਹਾਂ ਵਰਗੇ ਅਨੇਕਾਂ ਟੈਕਸਾਂ-ਸੈਸਾਂ ਦੀ ਰਾਸ਼ੀ ਬਾਰੇ ਜੇਕਰ ਪੂਰੀ ਜਾਣਕਾਰੀ ਨਹੀਂ ਮਿਲੀ ਤਾਂ ਕੀ ਲੋਹੜਾ ਆ ਗਿਆ! ਗਊ ਰੱਖਿਆ ਲਈ ਜਬਰੀ ਉਗਰਾਹਿਆ ਗਿਆ ‘ਗਊ ਸੈਸ’ ਜੇਕਰ ਇਸ ਮੰਤਵ ਲਈ ਇਸਤੇਮਾਲ ਨਹੀਂ ਵੀ ਕੀਤਾ ਗਿਆ ਤਾਂ ਕਿਹੜੀ ਹਨੇਰੀ ਆ ਗਈ! ਉਂਝ ਅਜਿਹੇ ਟੈਕਸ ਕਦੇ ਮੁੱਕਣ ਦਾ ਨਾਂ ਵੀ ਨਹੀਂ ਲੈਂਦੇ।
ਗੱਲ ‘ਪੀ.ਐਮ. ਕੇਅਰਜ’ ਦੀ ਕਰਦੇ ਹਾਂ। ਕੀ ਨਾਮਕਰਣ ਕਰੀਏ ਇਨ੍ਹਾਂ ਗੁੰਮਸ਼ੁਦਾ ਰਕਮਾਂ ਦਾ…. ”ਚਲੋ ਘਾਲ੍ਹਾ ਮਾਲ੍ਹਾ ਹੀ ਕਹਿ ਲਓ!” ਕਿਉਂਕਿ ਭਰਿਸ਼ਟਾਚਾਰ ਨੂੰ ਇਹ ਸਰਕਾਰ ਇਕ ਪ੍ਰਤੀਸ਼ਤ ਵੀ ਬ੍ਰਦਾਸ਼ਤ ਨਹੀਂ ਕਰਦੀ ! ਖ਼ਬਰਦਾਰ! ਕਰੋਨਾ ਮਹਾਮਾਰੀ ਨਾਲ ਮਰੇ ਲੱਖਾਂ ਲੋਕਾਂ ਤੇ ਹੋਰ ਅਣਗਿਣਤ ਪੀੜਤਾਂ ਦੇ ਪਰਿਵਾਰਾਂ ਦੇ ਕੰਨੀਂ ਕਿਤੇ ਇਹ ‘ਸੱਚ’ ਨਾ ਪੈ ਜਾਵੇ, ਨਹੀਂ ਤਾਂ ‘ਦੇਸ਼ ਧ੍ਰੋਹੀ’ ਦਾ ਮੁਕੱਦਮਾ ਵੀ ਦਰਜ ਕੀਤਾ ਜਾ ਸਕਦਾ ਹੈ!