ਸਭ ਦਾ ਚਹੇਤਾ ਸਭ ਤੋਂ ਅਨੋਖਾ ਹੈਮਿੰਗਵੇ

ਹੈਮਿੰਗਵੇ ਨਾਲ ਗੱਲਾਂ ਦਾ ਪੰਜਾਬੀ ਉਲੱਥਾ /
ਅਵਤਾਰ ਜੰਡਿਆਲਵੀ /


ਤਕਰੀਬਨ ਅੱਧੀ ਸਦੀ ਹੋ ਚੱਲੀ ਹੈ ਅਰਨੈਸਟ ਹੈਮਿੰਗਵੇ ਨੂੰ ਇਸ ਸੰਸਾਰ ਤੋਂ ਵਿਦਾ ਹੋਇਆਂ ਪਰ ਇਹ ਗੱਲ ਸਾਰਾ ਜਹਾਨ ਮੰਨਦਾ ਹੈ ਕਿ ਉਹਦੇ ਵਰਗੀ ਪੁਖ਼ਤਾ ਤੇ ਜਾਨਦਾਰ ਵਾਰਤਕ ਹੋਰ ਕੋਈ ਨਹੀਂ ਲਿਖ ਸਕਿਆ। 1954 ਵਿਚ ਜਦੋਂ ਉਹਨੂੰ ਨੋਬੇਲ ਪੁਰਸਕਾਰ ਮਿਲਿਆ ਸੀ ਤਾਂ ਸਵੀਡਸ਼ ਅਕਾਦਮੀ ਨੇ ਕਿਹਾ ਸੀ- ਅਜੋਕੀ ਵਾਰਤਕ ਦੀ ਕਲਾਤਮਕਤਾ ਦੇ ਪੂਰੇ ਤਾਣ ਅਤੇ ਆਪਣੀ ਹੀ ਕਿਸਮ ਦੀ ਸ਼ੈਲੀ ਦੇ ਸਿਖਰ ਨੂੰ ਪਹੁੰਚਦੀ ਹੈ ਉਸ ਦੀ ਵਾਰਤਕ।
ਹੈਮਿੰਗਵੇ ਨੇ ਆਪਣਾ ਲਿਖਣ ਕਾਰਜ ਇਕ ਪ੍ਰੈਸ ਰਿਪੋਰਟਰ ਤੋਂ ਸ਼ੁਰੂ ਕੀਤਾ। ਚੌਵੀ ਸਾਲ ਦੀ ਉਮਰ ਵਿਚ ਉਹਦੀ ਪਹਿਲੀ ਕਿਤਾਬ, ‘ਤਿੰਨ ਕਹਾਣੀਆਂ ਤੇ ਦਸ ਕਵਿਤਾਵਾਂ’ ਦੇ ਨਾਮ ਹੇਠ ਕੁਲ ਤਿੰਨ ਸੌ ਕਾਪੀਆਂ ਦੀ ਐਡੀਸ਼ਨ ਵਿਚ ਛਪੀ ਸੀ। ਫੇਰ ਹੋਰ ਪੁਸਤਕਾਂ ਦੇ ਨਾਲ 1929 ਵਿਚ ਉਸ ਨੇ ਸਪੇਨ ਦੀ ਘਰੋਗੀ ਜੰਗ ਬਾਰੇ ਆਪਣਾ ਨਾਵਲ, ‘ਹਥਿਆਰਾਂ ਨੂੰ ਅਲਵਿਦਾ’ ਲਿਖਿਆ ਅਤੇ 1952 ਵਿਚ ‘ਬੁੱਢਾ ਅਤੇ ਸਮੁੰਦਰ’ ਨਾਮ ਦੇ ਨਾਵਲ ਦੀ ਰਚਨਾ ਕੀਤੀ ਜਿਸ ਉਪਰ ਉਸ ਨੂੰ ਨੋਬੇਲ ਇਨਾਮ ਦਿੱਤਾ ਗਿਆ। ਆਪਣੀਆਂ ਗਿਣਵੀਆਂ ਮਿਣਵੀਆਂ ਪੁਸਤਕਾਂ ਦੇ ਬਾਵਜੂਦ ਹੈਮਿੰਗਵੇ ਅੱਜ ਤੱਕ ਅੰਗਰੇਜ਼ੀ ਵਿਚ ਸਭ ਤੋਂ ਵੱਧ ਵਿਕਣ ਵਾਲਾ ਨਾਵਲਕਾਰ ਹੈ।
ਹੈਮਿੰਗਵੇ ਨੇ ਆਪਣੀ ਬਹੁਤੀ ਰਚਨਾ ਕਿਊਬਾ ਦੀ ਰਾਜਧਾਨੀ ਹਵਾਨਾ ਦੇ ਨੇੜੇ ਬਣਾਏ ਹੋਏ ਆਪਣੇ ਖੁਲ੍ਹੇ ਡੁਲ੍ਹੇ ਘਰ ਵਿਚ ਕੀਤੀ ਪਰ ਕਈ ਵਾਰ ਉਹ ਆਪਣਾ ਨਾਵਲ ਲਿਖਣ ਲਈ ਕਿਸੇ ਹੋਟਲ ਦੇ ਕਮਰੇ ਵਿਚ ਡੇਰਾ ਲਾ ਲੈਂਦਾ ਸੀ।
ਹੈਮਿੰਗਵੇ ਨੂੰ ਆਪਣੇ ਘਰ ਦੇ ਉੱਚੇ ਟਿਕੇ ਹੋਏ ਮੇਜ਼ ‘ਤੇ ਖੜਾ ਹੋ ਕੇ ਲਿਖਣ ਦੀ ਆਦਤ ਸੀ। ਪਹਿਲਾਂ ਉਹ ਆਪਣੀ ਵਾਰਤਕ ਦੇ ਵਾਕ ਪੈਨਸਲ ਨਾਲ ਲਿਖਦਾ ਤੇ ਫੇਰ ਨੇੜੇ ਹੀ ਪਏ ਟਾਈਪਰਾਈਟਰ ‘ਤੇ ਚਾੜ੍ਹ ਲੈਂਦਾ। ਉਹਦਾ ਕਹਿਣ ਸੀ ਕਿ ਵਾਰਤਕ ਦਾ ਕੁਝ ਹਿੱਸਾ ਅਜਿਹਾ ਹੁੰਦਾ ਹੈ ਜਿਸ ਬਾਰੇ ਤੁਸੀਂ ਕਿਸੇ ਨਾਲ ਵੀ ਗੱਲ ਕਰ ਸਕਦੇ ਹੋ ਪਰ ਥੋੜ੍ਹਾ ਜਿਹਾ ਭਾਗ ਏਨਾ ਭੁਰਭੁਰਾ ਹੁੰਦਾ ਹੈ ਕਿ ਤੁਸੀਂ ਉਸ ਬਾਰੇ ਕਿਸੇ ਕੋਲ ਜ਼ਬਾਨ ਖੋਲ੍ਹੀ ਨਹੀਂ ਤੇ ਉਹ ਭਾਫ ਵਾਂਗ ਅਲੋਪ ਹੋਇਆ ਨਹੀਂ। ਉਹਦਾ ਇਹ ਵੀ ਵਿਸ਼ਵਾਸ ਸੀ ਕਿ ਲਿਖਣਾ ਅਜਿਹਾ ਕਾਰਜ ਹੈ ਜਿਸ ਵਿਚ ਲੇਖਕ ਇਕੱਲਾ ਹੀ ਯੁੱਧ ਲੜ ਰਿਹਾ ਹੁੰਦਾ ਹੈ।
ਹੈਮਿੰਗਵੇ ਨਾਲ ਹੇਠ ਲਿਖੀਆਂ ‘ਗੱਲਾਂ’ ‘ਪੈਰਸ ਰੀਵੀਊ’ ਦੇ ਰਿਪੋਰਟਰ ਨੇ ਉਹਦੀ ਮੌਤ (1961- 62 ਸਾਲ ਦੀ ਉਮਰ ਵਿਚ) ਤੋਂ ਕੁਝ ਸਾਲ ਪਹਿਲਾਂ ਹੀ ਕੀਤੀਆਂ ਸਨ।
‘ਹੁਣ’ ਦੇ ਬਾਨੀ ਸੰਪਾਦਕ ਅਵਤਾਰ ਜੰਡਿਆਲਵੀ ਨੇ ਦੇਰ ਪਹਿਲਾਂ ਇਨ੍ਹਾਂ ‘ਗੱਲਾਂ’ ਨੂੰ ਪੰਜਾਬੀ ਵਿਚ ਉਲੱਥਾ ਕੇ ‘ਹੁਣ’ ਦੇ ਖ਼ਜ਼ਾਨੇ ਵਿਚ ਸਾਂਭ ਲਿਆ ਸੀ। ਇਸ ਖ਼ਜ਼ਾਨੇ ਵਿਚੋਂ ਹੀ ਪਹਿਲਾਂ ਪਾਠਕ ਕਾਰਲ ਮਾਰਕਸ ਅਤੇ ਫ਼ੀਡਲ ਕਾਸਤਰੋ ਨਾਲ ‘ਗੱਲਾਂ’ ਪੜ੍ਹ ਚੁੱਕੇ ਹਨ। ਇਸ ਵਾਰ ਅਸੀਂ ਹੈਮਿੰਗਵੇ ਨਾਲ ਇਹ ‘ਗੱਲਾਂ’ ਪਾਠਕਾਂ ਨਾਲ ਸਾਂਝੀਆਂ ਕਰਨ ਦੀ ਖ਼ੁਸ਼ੀ ਲੈ ਰਹੇ ਹਾਂ ਤੇ ਨਾਲ ਹੀ ਹੈਮਿੰਗਵੇ ਦੀ ਚੌਥੀ ਪਤਨੀ ਮੈਰੀ ਹੈਮਿੰਗਵੇ ਨਾਲ ਓਰੀਆਨਾ ਫਲਾਸੀ ਵਲੋਂ ਕੀਤੀਆਂ ਗੱਲਾਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਮੈਰੀ ਨਾਲ ਗੱਲਾਂ ਦਾ ਪੰਜਾਬੀ ਉਲੱਥਾ ਹਰਭਜਨ ਸਿੰਘ ਹੁੰਦਲ ਨੇ ਕੀਤਾ ਹੈ।

  • ਸੰਪਾਦਕ

ਲੇਖਕ ਘੋਖਣਾ ਬੰਦ ਕਰ ਦੇਵੇ ਤਾਂ ਲਿਖ ਹੀ ਨਹੀਂ ਸਕਦਾ
ਅਰਨੈਸਟ ਹੈਮਿੰਗਵੇ
? : ਜਦੋਂ ਤੁਸੀਂ ਲਿਖਣ ਵਿਚ ਰੁਝੇ ਹੋਏ ਹੋਵੋ ਤਾਂ ਆਪਣਾ ਸਾਰਾ ਦਿਨ ਕਿਵੇਂ ਵਿਉਂਤਦੇ ਹੋ?
ਹੈਮਿੰਗਵੇ:- ਜਦੋਂ ਮੈਂ ਕਿਸੇ ਪੁਸਤਕ ਜਾਂ ਕਹਾਣੀ ‘ਤੇ ਕੰਮ ਕਰ ਰਿਹਾ ਹੋਵਾਂ ਤਾਂ ਜਿੰਨੀ ਜਲਦੀ ਸਵੇਰੇ ਉਠ ਸਕਾਂ, ਲਿਖਣ ਵਿਚ ਰੁਝ ਜਾਂਦਾ ਹਾਂ। ਸਵੇਰੇ ਸਵੇਰੇ ਠੰਢ ਹੁੰਦੀ ਹੈ ਤੇ ਜਿਵੇਂ ਜਿਵੇਂ ਕੰਮ ਵਿਚ ਰੁਝਦੇ ਜਾਈਦਾ ਹੈ ਸਰੀਰ ਗਰਮ ਹੁੰਦਾ ਜਾਂਦਾ ਹੈ। ਲਿਖਣ ਵਿਚ ਅੱਗੇ ਚੱਲਣ ਤੋਂ ਪਹਿਲਾਂ ਉਹ ਸਾਰਾ ਕੁਝ ਪੜ੍ਹਨਾ ਪੈਂਦਾ ਹੈ ਜੋ ਮੈਂ ਕਲ੍ਹ ਲਿਖਿਆ ਸੀ। ਲਿਖਣ ਦੀ ਤੰਦ ਮੈਂ ਉਥੇ ਕੁ ਹੀ ਛੱਡੀ ਹੁੰਦੀ ਹੈ ਜਿਥੇ ਮੈਨੂੰ ਪਤਾ ਹੋਵੇ ਕਿ ਅੱਗੋਂ ਕੀ ਹੋਣਾ ਹੈ। ਦਿਨ ਵਿਚ ਮੈਂ ਓਨਾ ਚਿਰ ਲਿਖੀ ਜਾਂਦਾ ਹਾਂ ਜਦ ਤੱਕ ਮੇਰੇ ਵਿਚ ਲਿਖਣ ਲਈ ਉਤਸ਼ਾਹ ਜਾਂ ਮਨ ਵਿਚ ਰਸ ਬਚਿਆ ਰਹਿੰਦਾ ਹੈ। ਫੇਰ ਮੈਂ ਲਿਖਣਾ ਉਥੇ ਹੀ ਛੱਡਦਾ ਹਾਂ ਜਦੋਂ ਮੈਨੂੰ ਪਤਾ ਹੋਵੇ ਕਿ ਅੱਗੋਂ ਕੀ ਹੋਣਾ ਹੈ ਤਾਂ ਜੋ ਅਗਲੇ ਦਿਨ ਫਿਰ ਉਵੇਂ ਹੀ ਸ਼ੁਰੂ ਕਰ ਸਕਾਂ। ਮਿਸਾਲ ਲਈ ਜੇ ਮੈਂ ਕਿਸੇ ਦਿਨ ਛੇ ਵਜੇ ਸ਼ੁਰੂ ਕੀਤਾ ਹੈ ਤਾਂ ਦੁਪਹਿਰ ਹੋਣ ਤੱਕ ਮਨ ਦਾ ਰਸ ਘਟਣ ਲੱਗ ਜਾਂਦਾ ਹੈ। ਮਨ ਪੂਰਾ ਖਾਲੀ ਤਾਂ ਨਹੀਂ ਹੁੰਦਾ ਪਰ ਇਉਂ ਲਗਦਾ ਹੈ ਜਿਵੇਂ ਕਿਸੇ ਨਾਲ ਪਿਆਰ ਕਰ ਕੇ ਹਟੇ ਹੋਈਏ। ਬਸ ਫੇਰ ਅਗਲੇ ਦਿਨ ਤੱਕ ਕੁਝ ਨਹੀਂ ਹੋਣਾ ਹੁੰਦਾ। ਅਗਲੇ ਦਿਨ ਦੀ ਉਡੀਕ ਵਿਚ ਜਿਹੜਾ ਸਮਾਂ ਗੁਜ਼ਰਦਾ ਹੈ ਉਹ ਜ਼ਰੂਰ ਔਖਾ ਲੰਘਦਾ ਹੈ।
? : ਜਦੋਂ ਤੁਸੀਂ ਲਿਖਣ ਦਾ ਮੇਜ਼ ਛੱਡ ਦਿੰਦੇ ਹੋ ਤਾਂ ਕੀ ਉਹ ਸਭ ਕੁਝ ਭੁਲਾ ਸਕਦੇ ਹੋ ਜਿਸ ‘ਤੇ ਤੁਸੀਂ ਕੰਮ ਕਰ ਰਹੇ ਸੀ?
ਹੈਮਿੰਗਵੇ:- ਹਾਂ ਮੈਂ ਭੁਲਾ ਸਕਦਾ ਹਾਂ ਪਰ ਅਜਿਹਾ ਕਰਨ ਲਈ ਅਨੁਸ਼ਾਸਨ ਦੀ ਲੋੜ ਹੁੰਦੀ ਹੈ ਤੇ ਇਹ ਅਨੁਸ਼ਾਸਨ ਸਿੱਖਣਾ ਪੈਂਦਾ ਹੈ।

? : ਜੋ ਤੁਸੀਂ ਪਿਛਲੇ ਦਿਨ ਲਿਖਿਆ ਸੀ ਉਹਦੇ ਕਿਸੇ ਹਿੱਸੇ ਨੂੰ ਦੁਬਾਰਾ ਵੀ ਲਿਖਣਾ ਪੈਂਦਾ ਹੈ ਜਾਂ ਇਹ ਸਾਰਾ ਕਿਤਾਬ ਜਾਂ ਕਹਾਣੀ ਮੁਕਾ ਕੇ ਕਰਦੇ ਹੋ?
ਹੈਮਿੰਗਵੇ:- ਦੁਬਾਰਾ ਲਿਖਣ ਦੇ ਮੌਕੇ ਮਗਰੋਂ ਬਥੇਰੇ ਮਿਲ ਜਾਂਦੇ ਹਨ। ਜਿਵੇਂ ਜਦੋਂ ਕਿਸੇ ਨੇ ਇਸ ਨੂੰ ਟਾਈਪ ਕੀਤਾ ਹੋਵੇ ਤੇ ਲਿਖਤ ਵਿਚ ਸਫਾਈ ਆ ਜਾਵੇ। ਤੇ ਫੇਰ ਆਖਰੀ ਮੌਕਾ ਉਦੋਂ ਹੁੰਦਾ ਹੈ ਜਦੋਂ ਤੁਸੀਂ ਪਰੂਫ ਪੜ੍ਹਦੇ ਹੋ। ਸ਼ੁਕਰ ਹੈ ਕਿ ਲੇਖਕ ਨੂੰ ਏਨੇ ਮੌਕੇ ਮਿਲਦੇ ਹਨ।

? : ਤੁਸੀਂ ਕਿੰਨੀ ਕੁ ਵਾਰੀ ਦੁਬਾਰਾ ਲਿਖਦੇ ਹੋ?
ਹੈਮਿੰਗਵੇ:- ਨਿਰਭਰ ਕਰਦਾ ਹੈ ਲਿਖਤ ‘ਤੇ। ਮੈਂ ਆਪਣੇ ਨਾਵਲ ‘ਹਥਿਆਰਾਂ ਨੂੰ ਅਲਵਿਦਾ’ ਦਾ ਆਖ਼ਰੀ ਸਫ਼ਾ ਉਨਤਾਲੀ ਵਾਰੀ ਲਿਖਿਆ ਸੀ ਤੇ ਤਾਂ ਜਾ ਕੇ ਮੈਨੂੰ ਤਸੱਲੀ ਹੋਈ ਸੀ।

? : ਏਨੀ ਵਾਰੀ ਕਿਉਂ। ਕੀ ਕੋਈ ਤਕਨੀਕੀ ਸਮੱਸਿਆ ਸੀ ਜਾਂ ਕੋਈ ਹੋਰ ਅੜਿੱਕਾ ਪੈ ਗਿਆ ਸੀ?
ਹੈਮਿੰਗਵੇ:- ਨਹੀਂ ਇਹੋ ਜਹੀ ਸਮੱਸਿਆ ਕੋਈ ਨਹੀਂ ਸੀ। ਮੈਂ ਸਿਰਫ਼ ਠੀਕ ਤੇ ਢੁਕਵੇਂ ਸ਼ਬਦਾਂ ਦੀ ਭਾਲ ਵਿਚ ਸਾਂ।

? : ਕੀ ਕਦੀ ਅਜਿਹਾ ਵੀ ਮੌਕਾ ਆਉਂਦਾ ਹੈ ਕਿ ਲਿਖਣ ਦਾ ਉਤਸ਼ਾਹ ਜਾਗਦਾ ਹੀ ਨਹੀਂ?
ਹੈਮਿੰਗਵੇ:- ਹਾਂ ਕੁਦਰਤੀ ਹੀ ਇਹ ਵੀ ਹੁੰਦਾ ਹੈ ਪਰ ਜੇਕਰ ਤੁਸੀਂ ਕਹਾਣੀ ਨੂੰ ਐਸੀ ਥਾਂ ‘ਤੇ ਲਿਆ ਕੇ ਛੱਡਿਆ ਹੋਵੇ ਜਿਥੇ ਤੁਹਾਨੂੰ ਪਤਾ ਹੋਵੇ ਕਿ ਅੱਗੋਂ ਕੀ ਹੋਣਾ ਹੈ ਤਾਂ ਗੱਲ ਰੁੜ੍ਹ ਪੈਂਦੀ ਹੈ। ਜੇ ਤੁਸੀਂ ਪਿਛਲੇ ਦਿਨ ਦੀ ਛੱਡੀ ਹੋਈ ਤੰਦ ਫੜ ਸਕੋ ਤਾਂ ਕੋਈ ਮੁਸ਼ਕਲ ਨਹੀਂ ਆਉਂਦੀ। ਉਤਸ਼ਾਹ ਫੇਰ ਆ ਜਾਂਦਾ ਹੈ।

? : ਘਰ ਤੋਂ ਬਿਨਾਂ ਕੋਈ ਹੋਰ ਐਸੀਆਂ ਥਾਵਾਂ ਵੀ ਹਨ ਜਿਥੇ ਤੁਸੀਂ ਨਿੱਠ ਕੇ ਕੰਮ ਕਰ ਸਕੇ ਹੋ। ਐਮਬੌਸ ਮੰਡੋਜ਼ ਹੋਟਲ ਜ਼ਰੂਰ ਇਕ ਅਜਿਹਾ ਥਾਂ ਹੋਵੇਗਾ ਜਿਥੇ ਤੁਸੀਂ ਕਿੰਨੀਆਂ ਹੀ ਕਿਤਾਬਾਂ ਲਿਖੀਆਂ ਹਨ। ਕੀ ਆਲੇ ਦੁਆਲੇ ਦਾ ਵੀ ਲਿਖਣ ਨਾਲ ਕੋਈ ਸਬੰਧ ਹੈ?
ਹੈਮਿੰਗਵੇ:- ਹਾਂ ਹਵਾਨਾ ਵਿਚਲਾ ਐਬੌਸ ਮੰਡੋਜ਼ ਹੋਟਲ ਕੰਮ ਕਰਨ ਲਈ ਬਹੁਤ ਵਧੀਆ ਥਾਂ ਸੀ। ਪਰ ਮੈਂ ਤਾਂ ਜਿਥੇ ਵੀ ਬੈਠਾਂ ਕੰਮ ਕਰ ਹੀ ਲੈਂਦਾ ਹਾਂ। ਆਲਾ ਦੁਆਲਾ ਬਦਲਣ ਨਾਲ ਵੀ ਮੈਨੂੰ ਕੋਈ ਫ਼ਰਕ ਨਹੀਂ ਪਿਆ। ਪਰ ਲਿਖਣ ਲਈ ਚਾਹੀਦੀ ਇਕਾਂਤ ਦੇ ਦੋ ਵੱਡੇ ਵੈਰੀ ਹਨ – ਇਕ ਟੈਲੀਫੂਨ ਅਤੇ ਦੂਜਾ ਤੁਹਾਨੂੰ ਮਿਲਣ ਲਈ ਆਉਂਦੇ ਲੋਕ।

? : ਕੀ ਲਿਖਣ ਲਈ ਜਜ਼ਬਾਤ ਦਾ ਸੰਤੁਲਨ ਹੋਣਾ ਜ਼ਰੂਰੀ ਹੈ। ਇਕ ਵਾਰ ਤੁਸੀਂ ਮੈਨੂੰ ਦੱਸਿਆ ਸੀ ਕਿ ਸਭ ਤੋਂ ਵਧੀਆ ਉਦੋਂ ਲਿਖਿਆ ਜਾਂਦਾ ਹੈ ਜਦੋਂ ਤੁਹਾਡਾ ਮਨ ਕਿਸੇ ਦੇ ਪਿਆਰ ਵਿਚ ਰੰਗਿਆ ਹੋਇਆ ਹੋਵੇ। ਕੀ ਇਹਦਾ ਹੋਰ ਵਿਸਥਾਰ ਦਿਉਗੇ?
ਹੈਮਿੰਗਵੇ:-ਜੇ ਤੁਹਾਨੂੰ ਇਕਾਂਤ ਮਿਲ ਜਾਵੇ ਤਾਂ ਤੁਸੀਂ ਕਦੀ ਵੀ ਲਿਖ ਸਕਦੇ ਹੋ। ਜਾਂ ਸਿਰ ਸੁੱਟ ਕੇ ਲਗਨ ਨਾਲ ਕੰਮ ਕਰਨ ਹੀ ਲੱਗ ਜਾਣਾ ਹੋਵੇ, ਤਾਂ ਵੀ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਭ ਤੋਂ ਚੰਗਾ ਤੁਸੀਂ ਉਦੋਂ ਲਿਖ ਸਕਦੇ ਹੋ ਜਦੋਂ ਤੁਹਾਡੇ ਮਨ ਵਿਚ ਪਿਆਰ ਦੀਆਂ ਤਰੰਗਾਂ ਹੋਣ।

? : ਕੀ ਅਮੀਰ ਹੋਣ ਦਾ ਵੀ ਲਿਖਤ ਨਾਲ ਕੋਈ ਸਬੰਧ ਹੈ। ਕੀ ਅਮੀਰੀ ਲਿਖਣ ਵਿਚ ਅੜਿੱਕਾ ਵੀ ਬਣ ਸਕਦੀ ਹੈ?
ਹੈਮਿੰਗਵੇ:- ਜੇ ਇਹ ਸ਼ੁਰੂ ਵਿਚ ਹੀ ਆ ਜਾਵੇ ਤਾਂ ਇਹਦੇ ਅਸਰ ਤੋਂ ਬਚਣ ਲਈ ਜਿਗਰੇ ਦੀ ਲੋੜ ਹੈ। ਪਰ ਇਕ ਵਾਰ ਜੇ ਲਿਖਣਾ ਤੁਹਾਡੇ ਹੱਡਾਂ ਵਿਚ ਰਚ ਜਾਵੇ ਅਤੇ ਤੁਹਾਨੂੰ ਲਿਖਣ ਨਾਲ ਖੁਸ਼ੀ ਮਿਲਣ ਲੱਗ ਪਵੇ ਤਾਂ ਮੌਤ ਤੋਂ ਬਿਨਾਂ ਤੁਹਾਨੂੰ ਲਿਖਣ ਤੋਂ ਕੋਈ ਨਹੀਂ ਰੋਕ ਸਕਦਾ। ਫੇਰ ਚਾਰ ਪੈਸੇ ਕੋਲ ਹੋਣ ਨਾਲ ਸਹਾਇਤਾ ਵੀ ਮਿਲਦੀ ਹੈ ਕਿਉਂਕਿ ਰੋਟੀ ਪਾਣੀ ਦਾ ਕੋਈ ਫ਼ਿਕਰ ਨਹੀਂ ਰਹਿੰਦਾ। ਫ਼ਿਕਰ ਦਾ ਲਿਖਣ ਸ਼ਕਤੀ ‘ਤੇ ਮਾਰੂ ਅਸਰ ਪੈਂਦਾ ਹੈ। ਮਾੜੀ ਸਿਹਤ ਵੀ ਇਸ ਕਰ ਕੇ ਘਾਤਕ ਹੈ ਕਿ ਇਸ ਨਾਲ ਫ਼ਿਕਰ ਵਧਦਾ ਹੈ।

? : ਕੀ ਤੁਹਾਨੂੰ ਠੀਕ ਉਸ ਪਲ ਦਾ ਚੇਤਾ ਹੈ ਜਿਸ ਪਲ ਤੁਸੀਂ ਲੇਖਕ ਬਣਨ ਦਾ ਫੈਸਲਾ ਕੀਤਾ ਸੀ?
ਹੈਮਿੰਗਵੇ:- ਨਹੀਂ, ਮੈਂ ਤਾਂ ਸਦਾ ਹੀ ਲੇਖਕ ਬਣਨਾ ਚਾਹਿਆ ਸੀ।

? : ਲੇਖਕ ਬਣਨ ਦੇ ਚਾਹਵਾਨ ਜਣੇ ਨੂੰ ਤੁਸੀਂ ਕੀ ਸਲਾਹ ਮਸ਼ਵਰਾ ਦਿਉਗੇ?
ਹੈਮਿੰਗਵੇ:- ਮੈਂ ਕਹਾਂਗਾ ਕਿ ਜੇ ਉਸ ਨੂੰ ਲਿਖਣਾ ਔਖਾ ਅਤੇ ਅਸੰਭਵ ਲਗਦਾ ਹੈ ਤਾਂ ਉਹ ਕਿਧਰੇ ਜਾ ਕੇ ਫਾਹਾ ਲੈਣ ਦੀ ਕੋਸ਼ਿਸ਼ ਕਰੇ। ਫੇਰ ਉਹਦੀ ਫਾਹਾ ਲੈਣ ਵਾਲੀ ਰੱਸੀ ਨੂੰ ਕੱਟ ਕੇ ਕੋਈ ਉਹਨੂੰ ਬਚਾ ਲਵੇ। ਅਗੋਂ ਉਹ ਆਪਣੀ ਰਹਿੰਦੀ ਜ਼ਿੰਦਗੀ ਲਈ ਜਿੰਨਾ ਚੰਗਾ ਲਿਖ ਸਕਦਾ ਹੋਵੇ ਲਿਖੇ। ਘੱਟੋ ਘੱਟ ਉਹਦੇ ਕੋਲ ਕੋਈ ਫਾਹਾ ਲੈਣ ਵਾਲੀ ਕਹਾਣੀ ਤਾਂ ਲਿਖਣ ਲਈ ਹੋਵੇਗੀ ਹੀ।

? : ਕੀ ਕਿਸੇ ਉਠ ਰਹੇ ਲੇਖਕ ਦਾ ਅਖਬਾਰ ਵਿਚ ਕੰਮ ਕਰਨਾ ਉਹਦੀ ਮਦਦ ਕਰ ਸਕਦਾ ਹੈ? ਕੀ ਕੈਨਸਾਸ ਸਟਾਰ ਵਿਚ ਕੀਤੀ ਹੋਈ ਤੁਹਾਡੀ ਨੌਕਰੀ ਨੇ ਲੇਖਕ ਬਣਨ ਵਿਚ ਤੁਹਾਡੀ ਮੱਦਦ ਕੀਤੀ ਸੀ?
ਹੈਮਿੰਗਵੇ:-ਹਾਂ, ਸਟਾਰ ਵਿਚ ਕੀਤੀ ਨੌਕਰੀ ਨਾਲ ਮੈਨੂੰ ਠੀਕ ਵਾਕ ਬਣਾਉਣ ਦੀ ਜਾਚ ਆਈ ਸੀ। ਅਖਬਾਰ ਦਾ ਕੰਮ ਕਿਸੇ ਵੀ ਨੌਜਵਾਨ ਲੇਖਕ ਦੇ ਬੜਾ ਕੰਮ ਆ ਸਕਦਾ ਹੈ ਜੇਕਰ ਉਹ ਇਹਦੇ ਵਿਚੋਂ ਵੇਲੇ ਸਿਰ ਨਿਕਲ ਜਾਵੇ।
? : ਕੀ ਲੇਖਕ ਨੂੰ ਦੂਜੇ ਲੇਖਕਾਂ ਦੇ ਮੇਲ ਜੋਲ ਨਾਲ ਕੋਈ ਫਾਇਦਾ ਹੁੰਦਾ ਹੈ?
ਹੈਮਿੰਗਵੇ:- ਕੋਈ ਸ਼ੱਕ ਨਹੀਂ, ਜ਼ਰੂਰ ਹੁੰਦਾ ਹੈ।

? : ਅੱਜ ਕਲ ਆਪਣੀ ਉਮਰ ਦੇ ਅੰਤਲੇ ਸਾਲਾਂ ਵਿਚ ਤੁਸੀਂ ਆਮ ਲੇਖਕਾਂ ਨਾਲ ਘੁਲਦੇ ਮਿਲਦੇ ਨਹੀਂ, ਕਿਉਂ?
ਹੈਮਿੰਗਵੇ:- ਜਿੰਨਾ ਤੁਸੀਂ ਲਿਖਣ ਵਿਚ ਅਗਾਂਹ ਤੁਰੇ ਜਾਂਦੇ ਹੋ, ਉਨੇ ਹੀ ਤੁਸੀਂ ਇਕੱਲੇ ਹੁੰਦੇ ਜਾਂਦੇ ਹੋ। ਤੁਹਾਡੇ ਕਈ ਸਭ ਤੋਂ ਚੰਗੇ ਤੇ ਪੁਰਾਣੇ ਮਿੱਤਰਾਂ ਨੂੰ ਮੌਤ ਲੈ ਜਾਂਦੀ ਹੈ। ਨਾਲ ਹੀ ਤੁਹਾਡੇ ਕੋਲ ਵੀ ਸਮਾਂ ਘੱਟ ਰਹਿ ਜਾਂਦਾ ਹੈ ਤੇ ਜੇ ਤੁਸੀਂ ਸਮਾਂ ਬਰਬਾਦ ਕਰਦੇ ਹੋ ਤਾਂ ਤੁਹਾਡੇ ਅੰਦਰ ਗੁਨਾਹ ਦਾ ਅਹਿਸਾਸ ਪੈਦਾ ਹੋਣ ਲੱਗ ਜਾਂਦਾ ਹੈ।

? : ਤੁਹਾਡੇ ‘ਤੇ ਕਿਸੇ ਆਪਣੇ ਸਮਕਾਲੀ ਦਾ ਵੀ ਅਸਰ ਪਿਆ ਹੈ ਜਿਵੇਂ ਗਰਟਰੀਊਡ ਸਟੇਨਜ਼ ਜਾਂ ਐਜ਼ਰਾ ਪਾਉਂਡ ਵਗੈਰਾ ਦਾ?
ਹੈਮਿੰਗਵੇ:- ਗਰਟਰੀਊਡ ਨੇ ਆਪ ਹੀ ਇਸ ਬਾਰੇ ਕਾਫ਼ੀ ਕੁਝ ਲਿਖਿਆ ਹੈ। ਉਹਨੂੰ ਲਿਖਣਾ ਵੀ ਚਾਹੀਦਾ ਸੀ ਕਿਉਂਕਿ ਉਸ ਨੇ ‘ਸੂਰਜ ਵੀ ਚੜ੍ਹਦਾ ਹੈ’ ਨਾਮ ਦੀ ਪੁਸਤਕ ਵਿਚੋਂ ਵਾਰਤਾਲਾਪ ਦੀ ਕਲਾ ਸਿੱਖੀ ਸੀ।
ਐਜ਼ਰਾ ਬਹੁਤ ਪ੍ਰਤਿਭਾਵਾਨ ਸੀ। ਉਹ ਮਹਾਨ ਕਵੀ ਵੀ ਸੀ ਤੇ ਮੇਰਾ ਚੰਗਾ ਮਿੱਤਰ ਵੀ। ਪਰ ਮੇਰੇ ‘ਤੇ ਉਹਦਾ ਕੋਈ ਪ੍ਰਭਾਵ ਨਹੀਂ।

? : ਤੁਹਾਡੇ ਤੋਂ ਪਹਿਲਾਂ ਲਿਖਣ ਵਾਲੇ ਕਿਹੜੇ ਚੰਗੇ ਲੇਖਕ ਸਨ ਜਿਨ੍ਹਾਂ ਤੋਂ ਤੁਸੀਂ ਸਭ ਤੋਂ ਵੱਧ ਸਿੱਖਿਆ ਹੈ?
ਹੈਮਿੰਗਵੇ:-ਮਾਰਕ ਟਵੇਨ, ਫਲਾਵਰਟ, ਸਟੈਡਾਲ, ਬਾਖ਼, ਤੁਰਗਨੇਵ, ਤਾਲਸਤਾਏ, ਦੋਸਤੋਵਸਕੀ, ਚੈਖਵ, ਮੁਪਾਸਾਂ, ਕਿਪਲਿੰਗ, ਸ਼ੈਕਸਪੀਅਰ, ਮੋਜ਼ਾਰਟ, ਡਾਂਟੇ ਆਦਿ। ਇਹ ਲਿਸਟ ਤਾਂ ਬਹੁਤ ਲੰਮੀ ਹੈ। ਮੈਂ ਤਾਂ ਚਿਤ੍ਰਕਾਰਾਂ ਦੇ ਵੀ ਨਾ ਲੈਂਦਾ ਹਾਂ ਅਤੇ ਸੰਗੀਤਕਾਰਾਂ ਦੇ ਵੀ। ਲੇਖਕ ‘ਤੇ ਇਨ੍ਹਾਂ ਦਾ ਪ੍ਰਭਾਵ ਕਿਵੇਂ ਪੈਂਦਾ ਹੈ ਇਹ ਦੱਸਣ ਲਈ ਤਾਂ ਸਾਰਾ ਦਿਨ ਲੱਗੇਗਾ।

? : ਕੀ ਤੁਸੀਂ ਕਦੀ ਕੋਈ ਸਾਜ਼ ਵੀ ਵਜਾਇਆ ਹੈ?
ਹੈਮਿੰਗਵੇ:-ਮੈਂ ਸੈਲੋ ਵਜਾਉਂਦਾ ਹੁੰਦਾ ਸੀ। ਮੇਰੀ ਮਾਂ ਨੇ ਮੈਨੂੰ ਸੰਗੀਤ ਦੀ ਸਿੱਖਿਆ ਦੇਣ ਖ਼ਾਤਰ ਸਾਰਾ ਸਾਲ ਸਕੂਲ ਨਹੀਂ ਸੀ ਜਾਣ ਦਿੱਤਾ। ਉਹਦਾ ਵਿਚਾਰ ਸੀ ਮੇਰੇ ਵਿਚ ਯੋਗਤਾ ਹੈ। ਪਰ ਮੇਰੇ ਵਿਚ ਇਸ ਹੁਨਰ ਦਾ ਇਕ ਕਿਣਕਾ ਵੀ ਨਹੀਂ ਸੀ। ਮੇਰੇ ਵਰਗੀ ਭੈੜੀ ਸੈਲੋ ਏਸ ਦੁਨੀਆ ‘ਤੇ ਕੋਈ ਹੋਰ ਨਹੀਂ ਵਜਾਉਂਦਾ ਹੋਣਾ। ਪਰ ਉਸੇ ਸਾਲ ਮੈਂ ਕਈ ਹੋਰ ਕੰਮਾਂ ਵਿਚ ਵੀ ਰੁੱਝਾ ਰਿਹਾ ਸਾਂ।

? : ਜਿਹੜੇ ਲੇਖਕਾਂ ਦਾ ਤੁਸੀਂ ਨਾਂ ਲਿਆ ਹੈ ਉਨ੍ਹਾਂ ਨੂੰ ਹੁਣ ਕਦੀ ਮੁੜ ਕੇ ਵੀ ਪੜ੍ਹਿਆ ਹੈ? ਮਿਸਾਲ ਲਈ ਟਵੇਨ ਨੂੰ!
ਹੈਮਿੰਗਵੇ:- ਟਵੇਨ ਇਕ ਵਾਰੀ ਪੜ੍ਹਿਆ ਘਟੋ ਘੱਟ ਦੋ ਸਾਲ ਨਹੀਂ ਭੁੱਲਦਾ। ਮੈਂ ਸ਼ੈਕਸਪੀਅਰ ਨੂੰ ਹਰ ਸਾਲ ਪੜ੍ਹਦਾ ਹਾਂ, ਖਾਸ ਕਰ ਉਹਦਾ ਨਾਟਕ ‘ਕਿੰਗ ਲੀਅਰ’ ਸਦਾ ਹੀ ਤੁਹਾਨੂੰ ਖੁਸ਼ੀ ਦਿੰਦਾ ਹੈ।
? : ਇਹਦਾ ਮਤਲਬ ਤੁਸੀਂ ਲਗਾਤਾਰ ਪੜ੍ਹਦੇ ਹੋ ਅਤੇ ਇਹਦੇ ਵਿਚੋਂ ਖੁਸ਼ੀ ਵੀ ਪ੍ਰਾਪਤ ਕਰਦੇ ਹੋ।
ਹੈਮਿੰਗਵੇ:-ਮੈਂ ਸਦਾ ਹੀ ਕਿਤਾਬਾਂ ਪੜ੍ਹਦਾ ਰਹਿੰਦਾ ਹਾਂ, ਜਿੰਨੀਆਂ ਵੀ ਪੜ੍ਹ ਸਕਾਂ। ਮੈਂ ਹਰ ਸਮੇਂ ਉਨ੍ਹਾਂ ਦੀ ਲਿਸਟ ਬਣਾ ਕੇ ਰੱਖਦਾ ਹਾਂ ਤਾਂ ਜੋ ਉਹ ਮੁੱਕ ਨਾ ਜਾਣ।

? : ਕੀ ਤੁਸੀਂ ਖਰੜੇ ਵੀ ਪੜ੍ਹਦੇ ਹੋ?
ਹੈਮਿੰਗਵੇ:- ਨਹੀਂ, ਖਰੜੇ ਪੜ੍ਹਨ ਨਾਲ ਬਹੁਤ ਮੁਸੀਬਤਾਂ ਖੜੀਆਂ ਹੋ ਜਾਂਦੀਆਂ ਹਨ ਖਾਸਕਰ ਜੇ ਖਰੜੇ ਵਾਲਾ ਕੋਈ ਤੁਹਾਡਾ ਮਿੱਤਰ ਨਾ ਹੋਵੇ। ਕੁਝ ਸਾਲ ਹੋਏ ਇਕ ਬੰਦੇ ਨੇ ਮੇਰੇ ‘ਤੇ ਸਾਹਿਤਕ ਚੋਰੀ ਦਾ ਮੁਕੱਦਮਾ ਕਰ ਦਿੱਤਾ ਸੀ। ਉਹਦਾ ਕਹਿਣਾ ਸੀ ਕਿ ਮੈਂ ਇਕ ਨਾਵਲ ਦਾ ਪਲਾਟ ਉਸ ਕਹਾਣੀ ਤੋਂ ਚੁਰਾਇਆ ਸੀ ਜੋ ਉਸ ਨੇ ਹਾਲੀਵੁਡ ਵਿਚ ਕਿਸੇ ਦੇ ਘਰ ਸੁਣਾਈ ਸੀ। ਉਥੇ ਕੋਈ ਅਰਨੈਸਟ ਨਾਮ ਦਾ ਮਨੁੱਖ ਵੀ ਹਾਜ਼ਰ ਸੀ। ਉਸ ਨੇ ਬੱਸ ਏਨਾ ਹੀ ਕਾਫ਼ੀ ਸਮਝਿਆ ਤੇ ਦਸ ਲੱਖ ਡਾਲਰ ਦੇ ਹਰਜਾਨੇ ਦਾ ਮੁਕੱਦਮਾ ਠੋਕ ਦਿੱਤਾ। ਉਸ ਨੇ ਇਕ ਫ਼ਿਲਮ ਬਣਾਉਣ ਵਾਲੇ ‘ਤੇ ਵੀ ਅਜਿਹਾ ਹੀ ਮੁਕੱਦਮਾ ਕੀਤਾ ਸੀ। ਪਰ ਕੇਸ ਉਹ ਜਿੱਤ ਨਾ ਸਕਿਆ ਤੇ ਮਗਰੋਂ ਇਹ ਵੀ ਪਤਾ ਲੱਗਾ ਕਿ ਉਹ ਆਪ ਦੀਵਾਲੀਆ ਸੀ।

? : ਕੀ ਤੁਸੀਂ ਇਸ ਗੱਲ ਦਾ ਇਕਬਾਲ ਕਰੋਗੇ ਕਿ ਤੁਹਾਡੇ ਨਾਵਲਾਂ ਵਿਚ ਚਿੰਨ੍ਹਵਾਦ ਹੁੰਦਾ ਹੈ?
ਹੈਮਿੰਗਵੇ:- ਮੇਰਾ ਖ਼ਿਆਲ ਹੈ ਮੇਰੇ ਨਾਵਲਾਂ ਵਿਚ ਚਿੰਨ੍ਹ ਜ਼ਰੂਰ ਹੁੰਦੇ ਹੋਣਗੇ ਕਿਉਂਕਿ ਆਲੋਚਕ ਉਨ੍ਹਾਂ ਨੂੰ ਲੱਭ ਲੈਂਦੇ ਹਨ। ਪਰ ਮੈਂ ਇਨ੍ਹਾਂ ਬਾਰੇ ਗੱਲਾਂ ਕਰਨਾ ਪਸੰਦ ਨਹੀਂ ਕਰਦਾ। ਇਹੋ ਜਹੀਆਂ ਗੱਲਾਂ ਦੇ ਵੇਰਵੇ ਦੇਣ ਤੋਂ ਬਗੈਰ ਹੀ ਕਿਤਾਬਾਂ ਲਿਖਣਾ ਆਪਣੇ ਆਪ ਵਿਚ ਬੜਾ ਔਖਾ ਕੰਮ ਹੈ। ਮੈਂ ਤਾਂ ਚਾਹੁੰਦਾ ਹਾਂ ਕਿ ਇਹੋ ਜਹੀਆਂ ਗੱਲਾਂ ਸੋਚਣ ਦੀ ਬਜਾਏ ਮੇਰੀਆਂ ਕਿਤਾਬਾਂ ਨੂੰ ਆਨੰਦ ਲੈਣ ਲਈ ਪੜ੍ਹੋ।

? : ਮੇਰਾ ਖ਼ਿਆਲ ਹੈ ਕਿਤਾਬਾਂ ਲਿਖਣ ਦੇ ਹੁਨਰ ਬਾਰੇ ਵੀ ਕੀਤੇ ਗਏ ਬਹੁਤੇ ਸਵਾਲ ਤੁਹਾਨੂੰ ਚੰਗੇ ਨਹੀਂ ਲਗਦੇ ਹੋਣਗੇ?
ਹੈਮਿੰਗਵੇ:- ਜੇ ਕੋਈ ਸਮਝ ਵਾਲਾ ਸਵਾਲ ਹੋਵੇ ਤਾਂ ਉਹਦੇ ਨਾ ਚੰਗਾ ਲੱਗਣ ਦਾ ਕੋਈ ਸਵਾਲ ਨਹੀਂ। ਪਰ ਮੇਰਾ ਹਾਲੇ ਵੀ ਇਹ ਪੱਕਾ ਯਕੀਨ ਹੈ ਕਿ ਇਕ ਲੇਖਕ ਲਈ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਬਹੁਤ ਔਖਾ ਹੈ। ਲੇਖਕ ਤਾਂ ਏਸ ਲਈ ਲਿਖਦਾ ਹੈ ਕਿ ਉਹਦਾ ਲਿਖਿਆ ਅੱਖਾਂ ਨਾਲ ਪੜ੍ਹਿਆ ਜਾਵੇ ਤੇ ਉਹਦਾ ਵੇਰਵਾ ਵਗੈਰਾ ਜ਼ਰੂਰੀ ਨਾ ਹੋਵੇ। ਇਕ ਵਾਰੀ ਪੜ੍ਹਨ ਬਾਅਦ ਵੀ ਪਾਠਕ ਲਈ ਹਾਲੇ ਫੇਰ ਬੜਾ ਕੁਝ ਉਹਦੇ ਵਿਚ ਪੜ੍ਹਨ ਵਾਲਾ ਹੁੰਦਾ ਹੈ ਤੇ ਲੇਖਕ ਲਈ ਇਹ ਜ਼ਰੂਰੀ ਨਹੀਂ ਕਿ ਉਹ ਗਾਈਡ ਬਣ ਕੇ ਆਪਣੀ ਲਿਖਤ ਦਾ ਟੂਰ ਵੀ ਕਰਵਾਵੇ।

? : ਇਕ ਵਾਰ ਤੁਸੀਂ ਮੈਨੂੰ ਲਿਖਿਆ ਸੀ ਕਿ ਉਹ ਸਾਦੇ ਜਹੇ ਹਾਲਾਤ ਜਿਨ੍ਹਾਂ ਵਿਚ ਕਈ ਚੀਜ਼ਾਂ ਲਿਖੀਆਂ ਜਾਂਦੀਆਂ ਹਨ ਬਹੁਤ ਸਹਾਇਕ ਹੋ ਸਕਦੇ ਹਨ। ਕੀ ਇਹੋ ਜਿਹੇ ਹੀ ਹਾਲਾਤ ਸਨ ਜਦੋਂ ਤੁਸੀ ਆਪਣੀਆਂ ਤਿੰਨ ਕਹਾਣੀਆਂ ‘ਕਾਤਲ’, ‘ਦਸ ਇੰਡੀਅਨ’, ਤੇ ‘ਅੱਜ ਸ਼ੁਕਰਵਾਰ ਹੈ’ ਲਿਖ ਮਾਰੀਆਂ ਸਨ ਤੇ ਸ਼ਾਇਦ ਤੁਹਾਡਾ ਪਹਿਲਾ ਨਾਵਲ ‘ਸੂਰਜ ਵੀ ਚੜ੍ਹਦਾ ਹੈ’ ਵੀ ਮੁਕੰਮਲ ਕਰ ਲਿਆ ਸੀ।
ਹੈਮਿੰਗਵੇ:- ‘ਸੂਰਜ ਵੀ ਚੜ੍ਹਦਾ ਹੈ’ ਨੂੰ ਮੈਂ ਆਪਣੇ ਜਨਮ ਦਿਨ (21 ਜੁਲਾਈ) ‘ਤੇ ਵੇਲੈਂਸੀਆ ਵਿਚ ਸ਼ੁਰੂ ਕੀਤਾ ਸੀ। ਮੈਂ ਤੇ ਮੇਰੀ ਪਤਨੀ ਉਥੇ ਦੇ ਇਕ ਮੇਲੇ ਦੇ ਟਿਕਟ ਲੈਣ ਲਈ ਕੁਝ ਦਿਨ ਪਹਿਲਾਂ ਹੀ ਚਲੇ ਗਏ ਸਾਂ। ਮੇਰੀ ਉਮਰ ਦੇ ਸਭ ਲੇਖਕਾਂ ਨੇ ਨਾਵਲ ਲਿਖ ਲਏ ਸਨ ਤੇ ਮੇਰੇ ਤੋਂ ਅਜੇ ਚੱਜ ਦਾ ਕੋਈ ਪੈਰ੍ਹਾ ਵੀ ਨਹੀਂ ਸੀ ਲਿਖਿਆ ਗਿਆ। ਸੋ ਮੈਂ ਇਹ ਨਾਵਲ ਆਪਣੇ ਜਨਮ ਦਿਨ ਵਾਲੇ ਦਿਨ ਸ਼ੁਰੂ ਕੀਤਾ ਤੇ ਫੇਰ ਲਿਖਦਾ ਲਿਖਦਾ ਮੈਡਰਿਡ (ਸਪੇਨ) ਚਲਾ ਗਿਆ। ਉਥੇ ਜਿਹੜਾ ਕਮਰਾ ਮੈਨੂੰ ਮਿਲਿਆ ਉਹਦੇ ਵਿਚ ਮੇਜ਼ ਸੀ ਤੇ ਮੈਂ ਐਸ਼ ਨਾਲ ਲਿਖ ਸਕਦਾ ਸਾਂ। ਕਦੇ ਕਦੇ ਮੈਂ ਹੋਟਲ ਨੇੜਲੀ ਇਕ ਬਾਰ ਵਿਚ ਚਲਾ ਜਾਂਦਾ ਜਿਥੇ ਰਤਾ ਕੁ ਠੰਢ ਹੁੰਦੀ ਸੀ। ਫੇਰ ਗਰਮੀ ਹੋਣ ਲੱਗ ਪਈ ਤੇ ਅਸੀਂ ਹੈਨਡਾਈ ਨਾਮ ਦੇ ਸ਼ਹਿਰ ਚਲੇ ਗਏ ਜਿਥੇ ਸਾਨੂੰ ਸਮੁੰਦਰ ਦੇ ਕੰਢੇ ‘ਤੇ ਹੀ ਸਸਤਾ ਹੋਟਲ ਮਿਲ ਗਿਆ। ਇਥੇ ਮੈਂ ਕੰਮ ਕਰਦਾ ਰਿਹਾ ਤੇ ਫੇਰ ਪੈਰਸ ਗਏ ਤਾਂ ਨਾਵਲ ਦਾ ਪਹਿਲਾ ਖਰੜਾ ਤਿਆਰ ਹੋ ਗਿਆ ਸੀ। ਪੈਰਸ ਅਸੀਂ ਨੌਟਰ- ਡੈਮ ਗਿਰਜੇ ਦੇ ਕੋਲ ਹੀ ਠਹਿਰੇ ਸਾਂ ਤੇ ਹੁਣ ਪੂਰੇ ਛੇ ਹਫ਼ਤਿਆਂ ਵਿਚ ਇਹ ਨਾਵਲ ਮੁਕੰਮਲ ਹੋ ਚੁੱਕਾ ਸੀ। ਮੈਂ ਇਹ ਨਾਥਨ ਐਸ਼ ਨਾਮ ਦੇ ਨਾਵਲਕਾਰ ਨੂੰ ਦਿਖਾਇਆ ਤਾਂ ਉਸ ਨੇ ਕਿਹਾ ਕਿ ਇਹ ਨਾਵਲ ਕਿਵੇਂ ਹੋਇਆ ਤੂੰ ਤਾਂ ਆਪਣਾ ਸੈਰ ਸਪਾਟਾ ਲਿਖ ਮਾਰਿਆ ਹੈ। ਪਰ ਮੈਂ ਉਹਦੀ ਗੱਲ ਨੂੰ ਦਿਲ ‘ਤੇ ਨਾ ਲਾਇਆ।
ਜਿਹੜੀਆਂ ਕਹਾਣੀਆਂ ਦਾ ਤੁਸੀਂ ਜ਼ਿਕਰ ਕੀਤਾ ਹੈ ਉਹ ਮੈਂ ਸੋਲਾਂ ਮਈ ਵਾਲੇ ਦਿਨ ਇਕੋ ਦਿਹਾੜੀ ਵਿਚ ਮੈਡਰਿਡ ਸ਼ਹਿਰ ਵਿਚ ਲਿਖੀਆਂ ਸਨ ਜਦੋਂ ਬਰਫ਼ ਪੈਣ ਕਰ ਕੇ ਬੁਲਫਾਈਟ ਨਹੀਂ ਸੀ ਹੋ ਸਕੀ। ‘ਕਾਤਲ’ ਲਿਖਣ ਦਾ ਮੈਂ ਪਹਿਲਾਂ ਵੀ ਯਤਨ ਕੀਤਾ ਸੀ ਪਰ ਅਸਫ਼ਲ। ਫੇਰ ਦੁਪਹਿਰ ਦਾ ਖਾਣਾ ਖਾ ਕੇ ਮੈਂ ਨਿੱਘ ਲੈਣ ਲਈ ਬਿਸਤਰੇ ਵਿਚ ਵੜਿਆ ਤਾਂ ‘ਅੱਜ ਸ਼ੁਕਰਵਾਰ ਹੈ’ ਲਿਖ ਹੋ ਗਈ। ਮੇਰੇ ਮਨ ਵਿਚ ਏਨਾ ਉਤਸ਼ਾਹ ਸੀ ਕਿ ਮੈਨੂੰ ਲੱਗਿਆ ਮੈਂ ਪਾਗ਼ਲ ਹੋ ਜਾਣਾ ਹੈ। ਛੇ ਹੋਰ ਕਹਾਣੀਆਂ ਮੇਰੇ ਦੁਆਲੇ ਚੱਕਰ ਲਾ ਚੁੱਕੀਆਂ ਸਨ। ਸੋ ਮੈਂ ਉਠਿਆ ਤੇ ਬਾਹਰ ਜਾ ਕੇ ਕੌਫੀ ਦਾ ਕੱਪ ਪੀ ਕੇ ਫੇਰ ਮੁੜਿਆ ਤਾਂ ‘ਦਸ ਇੰਡੀਅਨ’ ਦੀ ਰਚਨਾ ਹੋ ਗਈ। ਇਹ ਲਿਖ ਕੇ ਮੈਂ ਉਦਾਸ ਹੋ ਗਿਆ ਤੇ ਬਰਾਂਡੀ ਪੀ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗਾ। ਮੈਨੂੰ ਖਾਣੇ ਦਾ ਚੇਤਾ ਹੀ ਭੁੱਲ ਗਿਆ ਸੀ ਤੇ ਕੁਝ ਚਿਰ ਬਾਅਦ ਬੈਰਾ ਖਾਣਾ ਲੈ ਆਇਆ।
ਜਿਹੜੀ ਔਰਤ ਏਸ ਨਿੱਕੇ ਜਹੇ ਹੋਟਲ ਦੀ ਮਾਲਕ ਸੀ ਉਸ ਨੂੰ ਸਦਾ ਹੀ ਇਹ ਫ਼ਿਕਰ ਲੱਗਾ ਰਹਿੰਦਾ ਸੀ ਕਿ ਮੈਂ ਖਾਣਾ ਬਹੁਤ ਘੱਟ ਖਾਂਦਾ ਹਾਂ। ਇਸੇ ਲਈ ਉਸ ਨੇ ਬੈਰੇ ਨੂੰ ਭੇਜਿਆ ਸੀ। ਮੈਨੂੰ ਯਾਦ ਹੈ ਕਿ ਮੈਂ ਬਿਸਤਰੇ ਵਿਚ ਹੀ ਬੈਠਾ ਹੋਰ ਸ਼ਰਾਬ ਪੀਵੀ ਜਾ ਰਿਹਾ ਸਾਂ। ਬੈਰੇ ਨੇ ਕਿਹਾ ਉਹ ਹੋਰ ਬੋਤਲ ਲਿਆ ਦਏਗਾ। ਉਹਨੇ ਇਹ ਵੀ ਕਿਹਾ ਕਿ ਮਾਲਕਣ ਜਾਨਣਾ ਚਾਹੁੰਦੀ ਹੈ ਕਿ ਕੀ ਮੈਂ ਸਾਰੀ ਰਾਤ ਹੀ ਲਿਖਣਾ ਹੈ। ਮੈਂ ਕਿਹਾ ਨਹੀਂ ਇਹ ਤਾਂ ਮੈਂ ਨਹੀਂ ਸੋਚਿਆ। ਬੈਰਾ ਕਹਿਣ ਲੱਗਾ ਇਕ ਹੋਰ ਕਹਾਣੀ ਕਿਉਂ ਨਹੀਂ ਲਿਖ ਲੈਂਦੇ। ਮੈਂ ਆਖਿਆ ਕਿ ਮੈਨੂੰ ਇਕੋ ਹੀ ਲਿਖਣੀ ਚਾਹੀਦੀ ਹੈ। ਉਹ ਬੋਲਿਆ, ਇਕ ਕਿਉਂ ਤੁਸੀਂ ਤਾਂ ਛੇ ਲਿਖ ਸਕਦੇ ਹੋ। ਮੈਂ ਕਿਹਾ ਕਲ੍ਹ ਕੋਸ਼ਿਸ਼ ਕਰਾਂਗਾ ਪਰ ਉਹ ਕਹਿਣ ਲੱਗਾ, ਹੁਣੇ ਹੀ ਕੋਸ਼ਿਸ਼ ਕਰੋ ਕਿਉਂਕਿ ਇਸੇ ਲਈ ਤਾਂ ਮਾਲਕਣ ਨੇ ਖਾਣਾ ਭੇਜਿਆ ਹੈ।
ਫੇਰ ਮੈਂ ਉਹਦੀਆਂ ਗੱਲਾਂ ਤੋਂ ਅੱਕ ਗਿਆ ਕਿਉਂਕਿ ਉਹ ਕਹਿੰਦਾ ਸੀ ਮੈਨੂੰ ਇਕ ਕਹਾਣੀ ਸੁਣਾ ਕੇ ਦੇਖੋ।

? : ਕਹਾਣੀ ਲਿਖੇ ਜਾਣ ਤੋਂ ਪਹਿਲਾਂ ਤੁਹਾਡੇ ਮਨ ਵਿਚ ਕਿੰਨੀ ਕੁ ਬਣੀ ਹੋਈ ਹੁੰਦੀ ਹੈ? ਕੀ ਲਿਖਦੇ ਲਿਖਦੇ ਕਹਾਣੀ ਦਾ ਵਿਸ਼ਾ, ਪਲਾਟ ਜਾਂ ਕੋਈ ਪਾਤਰ ਬਦਲਣਾ ਵੀ ਸ਼ੁਰੂ ਹੋ ਜਾਂਦਾ ਹੈ?
ਹੈਮਿੰਗਵੇ:- ਕਦੀ ਕਦੀ ਤੁਹਾਨੂੰ ਸਾਰੀ ਦੀ ਸਾਰੀ ਕਹਾਣੀ ਦਾ ਪਤਾ ਹੁੰਦਾ ਹੈ। ਕਿਸੇ ਵੇਲੇ ਜਿਵੇਂ ਜਿਵੇਂ ਤੁਸੀਂ ਲਿਖਦੇ ਹੋ ਇਹਨੂੰ ਬਣਾਈ ਜਾਂਦੇ ਹੋ ਤੇ ਕੋਈ ਪਤਾ ਨਹੀਂ ਹੁੰਦਾ ਇਹ ਕਿੱਥੇ ਜਾ ਕੇ ਮੁੱਕਣੀ ਹੈ। ਇਹਦੇ ਮੋੜ ਘੇੜ ਬਣਦੇ ਜਾਂਦੇ ਹਨ। ਕਈ ਵਾਰੀ ਮੋੜ ਘੇੜ ਏਨੀ ਹੌਲੀ ਹੌਲੀ ਬਣਦੇ ਹਨ ਕਿ ਇਉਂ ਲਗਦਾ ਹੈ ਕਿ ਇਹਨੇ ਅੱਗੇ ਤੁਰਨਾ ਹੀ ਨਹੀਂ। ਪਰ ਹਮੇਸ਼ਾ ਹੀ ਬਦਲਾਅ ਆਉਂਦਾ ਰਹਿੰਦਾ ਹੈ।

? : ਕੀ ਨਾਵਲ ਨਾਲ ਵੀ ਇਵੇਂ ਹੀ ਹੁੰਦਾ ਹੈ ਜਾਂ ਇਹਨੂੰ ਲਿਖਣ ਤੋਂ ਪਹਿਲਾਂ ਤੁਸੀਂ ਸਾਰਾ ਪਲਾਟ ਤੈਅ ਕਰ ਲੈਂਦੇ ਹੋ ਤੇ ਫੇਰ ਉਸੇ ਮੁਤਾਬਕ ਚਲਦੇ ਹੋ?
ਹੈਮਿੰਗਵੇ:- ‘For Whom the Bell Tolls` ਲਿਖਣ ਵੇਲੇ ਬੜੀਆਂ ਮੁਸ਼ਕਲਾਂ ਆਈਆਂ ਸਨ। ਮੈਨੂੰ ਮੋਟਾ ਮੋਟਾ ਤਾਂ ਪਤਾ ਸੀ ਕਿ ਕੀ ਹੋਣਾ ਹੈ ਪਰ ਜਿਉਂ ਜਿਉਂ ਮੈਂ ਹਰ ਰੋਜ਼ ਇਹਨੂੰ ਲਿਖਦਾ ਸੀ ਤਿਉਂ ਤਿਉਂ ਇਹਨੂੰ ਘੜਦਾ ਜਾਂਦਾ ਸੀ।

? : ਕੀ ਤੁਹਾਡੇ ਕੁਝ ਨਾਵਲ ਜਿਵੇਂ The Green Hills of Africa, To Have and Have not, Across the River and into the Trees, ਕਹਾਣੀਆਂ ਦੀ ਤਰ੍ਹਾਂ ਸ਼ੁਰੂ ਹੋਏ ਸੀ ਤੇ ਲਿਖਦਿਆਂ ਲਿਖਦਿਆਂ ਨਾਵਲ ਬਣ ਗਏ? ਜੇ ਅਜਿਹਾ ਹੋਇਆ ਤਾਂ ਕੀ ਸਾਹਿਤ ਦੀਆਂ ਇਹ ਦੋਵੇਂ ਵਿਧਾਵਾਂ ਏਨੀਆਂ ਇਕੋ ਜਹੀਆਂ ਹਨ ਕਿ ਲਿਖਦੇ ਲਿਖਦੇ ਹੀ ਆਪੋ ਵਿਚ ਬਦਲ ਜਾਂਦੀਆਂ ਹਨ।
ਹੈਮਿੰਗਵੇ:- ਨਹੀਂ ਇਹ ਠੀਕ ਨਹੀਂ। The Green Hills of Africa ਨਾਵਲ ਨਹੀਂ ਹੈ। ਇਹ ਕਿਸੇ ਹੋਰ ਮੰਤਵ ਲਈ ਲਿਖਿਆ ਗਿਆ ਸੀ। ਇਹਨੂੰ ਲਿਖਣ ਤੋਂ ਬਾਅਦ ਮੈਂ ਦੋ ਕਹਾਣੀਆਂ ਲਿਖੀਆਂ। ਪਰ ਦੂਜੇ ਦੋਵੇਂ ਨਾਵਲ ਠੀਕ ਕਹਾਣੀਆਂ ਦੇ ਰੂਪ ਵਿਚ ਹੀ ਆਰੰਭ ਹੋਏ ਸਨ।

? : ਕੀ ਤੁਸੀਂ ਚੀਜ਼ ਨੂੰ ਲਿਖਣ ਵਿਚ ਰੁਝੇ ਹੋਏ ਹੋਵੋ ਤਾਂ ਆਸਾਨੀ ਨਾਲ ਕਿਸੇ ਹੋਰ ਚੀਜ਼ ਵਲ ਆਪਣਾ ਧਿਆਨ ਪਲਟਾ ਸਕਦੇ ਹੋ ਜਾਂ ਅਜਿਹਾ ਕਰਨ ਤੋਂ ਪਹਿਲਾਂ ਤੁਹਾਨੂੰ ਉਹ ਚੀਜ਼ ਮੁਕਾਉਣੀ ਪੈਂਦੀ ਹੈ?
ਹੈਮਿੰਗਵੇ:- ਮੈਂ ਜਿਹੜਾ ਹੁਣ ਗੰਭੀਰ ਕੰਮ ਛੱਡ ਕੇ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਰਿਹਾ ਹਾਂ, ਇਹਦੇ ਤੋਂ ਹੀ ਇਹ ਸਿੱਧ ਹੋ ਜਾਂਦਾ ਹੈ ਕਿ ਮੈਂ ਕਿੰਨਾ ਕੁ ਮੂਰਖ਼ ਹਾਂ। ਮੈਨੂੰ ਇਹਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਮਿਲੇਗੀ ਵੀ ਜ਼ਰੂਰ।
? : ਕੀ ਤੁਹਾਨੂੰ ਕਦੀ ਇਹ ਖ਼ਿਆਲ ਵੀ ਆਇਆ ਹੈ ਕਿ ਤੁਸੀਂ ਦੂਜੇ ਲੇਖਕਾਂ ਦੇ ਮੁਕਾਬਲੇ ਵਿਚ ਹੋ?
ਹੈਮਿੰਗਵੇ:-ਨਹੀਂ ਮੈਂ ਏਦਾਂ ਕਦੀ ਨਹੀਂ ਸੋਚਿਆ। ਹਾਂ ਮੈਂ ਕੁਝ ਗੁਜ਼ਰ ਗਏ ਚੰਗੇ ਲੇਖਕਾਂ ਤੋਂ ਵਧੀਆ ਲਿਖਣ ਬਾਰੇ ਜ਼ਰੂਰ ਵਿਚਾਰ ਕੀਤੀ। ? ਬਹੁਤ ਚਿਰ ਤੋਂ ਮੈਂ ਇਹੀ ਚਾਹਿਆ ਹੈ ਕਿ ਜਿੰਨੀ ਮੇਰੀ ਸਮਰਥਾ ਹੈ ਉਹਦੇ ਨਾਲੋਂ ਵੀ ਚੰਗਾ ਲਿਖਾਂ ਤੇ ਕਈ ਵਾਰੀ ਅਜਿਹਾ ਹੋਇਆ ਵੀ ਹੈ ਕਿ ਮੈਨੂੰ ਆਪਣੀ ਆਸ ਤੋਂ ਵੱਧ ਸਫਲਤਾ ਮਿਲੀ।

? : ਕੀ ਤੁਹਾਡਾ ਖ਼ਿਆਲ ਹੈ ਕਿ ਉਮਰ ਦੇ ਬੀਤਣ ਨਾਲ ਲੇਖਕ ਦੀ ਯੋਗਤਾ ਵਿਚ ਕਮੀ ਆ ਜਾਦੀ ਹੈ?
ਹੈਮਿੰਗਵੇ:- ਮੈਨੂੰ ਇਹਦਾ ਕੋਈ ਪਤਾ ਨਹੀਂ ਪਰ ਮੈਂ ਸਮਝਦਾ ਹਾਂ ਕਿ ਜਿਹੜੇ ਲੋਕਾਂ ਨੂੰ ਇਹ ਗਿਆਨ ਹੈ ਕਿ ਉਹ ਕੀ ਕਰ ਰਹੇ ਹਨ ਉਹ ਓਨਾ ਚਿਰ ਠੀਕ ਹੀ ਕਰਦੇ ਰਹਿਣਗੇ ਜਿੰਨਾ ਚਿਰ ਉਨ੍ਹਾਂ ਦਾ ਸਿਰ ਕਾਇਮ ਹੈ।

? : ਅਸੀਂ ਪਾਤਰਾਂ ਬਾਰੇ ਕੋਈ ਗੱਲ ਨਹੀਂ ਕੀਤੀ। ਕੀ ਤੁਹਾਡੇ ਪਾਤਰ ਆਮ ਜੀਵਨ ਵਿਚੋਂ ਹੀ ਲਏ ਜਾਂਦੇ ਹਨ?
ਹੈਮਿੰਗਵੇ:- ਕੁਝ ਆਮ ਜੀਵਨ ਵਿਚੋਂ ਸਿੱਧੇ ਅਤੇ ਕੁਝ ਆਪਣੇ ਤਜਰਬੇ ਅਤੇ ਗਿਆਨ ਦੇ ਆਧਾਰ ‘ਤੇ ਘੜੇ ਜਾਂਦੇ ਹਨ।

? : ਕੀ ਤੁਸੀਂ ਸਿੱਧੇ ਅਤੇ ਭਰਪੂਰ ਜਾਂ ਗੁੰਝਲਦਾਰ ਪਾਤਰ ਵਿਚ ਨਖੇੜਾ ਕਰ ਸਕਦੇ ਹੋ?
ਹੈਮਿੰਗਵੇ:- ਜੇ ਤੁਸੀਂ ਕਿਸੇ ਪਾਤਰ ਦਾ ਸਿੱਧਾ ਹੀ ਚਿਤ੍ਰਣ ਕਰ ਦਿੰਦੇ ਹੋ ਜਿਵੇਂ ਇਕ ਤਸਵੀਰ ਹੁੰਦੀ ਹੈ ਤਾਂ ਮੇਰੇ ਖ਼ਿਆਲ ਵਿਚ ਤੁਸੀਂ ਪਾਤਰ ਚਿਤ੍ਰਣ ਵਿਚ ਨਾਕਾਮਯਾਬ ਹੋ। ਜੇ ਤੁਸੀਂ ਆਪਣੇ ਤਜਰਬੇ ਅਤੇ ਗਿਆਨ ਨਾਲ ਉਹਦੀਆਂ ਗੁੰਝਲਾਂ ਵੀ ਬਿਆਨ ਕਰਦੇ ਹੋ ਤਾਂ ਹੀ ਉਹਦਾ ਹਰ ਪੱਖ ਸਾਹਮਣੇ ਆਉਂਦਾ ਹੈ।

? : ਤੁਹਾਡੇੇ ਪਾਤਰਾਂ ਵਿਚੋਂ ਕੋਈ ਐਸਾ ਵੀ ਹੈ ਜਿਸ ਨਾਲ ਤੁਹਾਨੂੰ ਖਾਸ ਮੋਹ ਹੈ?
ਹੈਮਿੰਗਵੇ:- ਜੇ ਮੈਂ ਸਾਰੇ ਗਿਣਾਉਣ ਲੱਗਾਂ ਤਾਂ ਬਹੁਤ ਲੰਮੀ ਲਿਸਟ ਬਣ ਜਾਵੇਗੀ।

? : ਕੀ ਤੁਸੀਂ ਆਪਣੀਆਂ ਹੀ ਛਪੀਆਂ ਕਿਤਾਬਾਂ ਪੜ੍ਹਦੇ ਹੋ ਤੇ ਫੇਰ ਕਦੇ ਲਗਦਾ ਹੈ ਕਿ ਇਨ੍ਹਾਂ ਵਿਚ ਤਬਦੀਲੀਆਂ ਹੋ ਸਕਦੀਆਂ ਹਨ?
ਹੈਮਿੰਗਵੇ:-ਹਾਂ ਮੈਂ ਕਦੇ ਕਦੇ ਆਪਣੇ ਆਪ ਨੂੰ ਖੁਸ਼ ਕਰਨ ਲਈ ਆਪਣੀਆਂ ਕਿਤਾਬਾਂ ਪੜ੍ਹਦਾ ਹਾਂ ਖਾਸ ਤੌਰ ‘ਤੇ ਜਦੋਂ ਅੱਗੋਂ ਲਿਖਣਾ ਮੈਨੂੰ ਔਖਾ ਲਗਦਾ ਹੈ। ਏਦਾਂ ਮੈਨੂੰ ਚੇਤਾ ਆ ਜਾਂਦਾ ਹੈ ਕਿ ਇਨ੍ਹਾਂ ਨੂੰ ਲਿਖਣ ਵੇਲੇ ਵੀ ਤਾਂ ਏਨੀਆਂ ਹੀ ਮੁਸ਼ਕਲਾਂ ਸਨ ਜਿੰਨੀਆਂ ਹੁਣ ਤੇ ਖ਼ਬਰੇ ਹੁਣ ਨਾਲੋਂ ਵੀ ਵਧੇਰੀਆਂ।
? : ਤੁਸੀਂ ਆਪਣੇ ਪਾਤਰਾਂ ਦੇ ਨਾਮ ਕਿਵੇਂ ਰੱਖਦੇ ਹੋ?
ਹੈਮਿੰਗਵੇ:- ਜਿਹੜੇ ਮੈਨੂੰ ਵੱਧ ਤੋਂ ਵੱਧ ਚੰਗੇ ਲੱਗਣ।

? : ਕੀ ਕਹਾਣੀ ਲਿਖਦੇ ਲਿਖਦੇ ਤੁਹਾਨੂੰ ਸਿਰਲੇਖ ਪਹਿਲਾਂ ਹੀ ਸੁਝ ਜਾਂਦਾ ਹੈ?
ਹੈਮਿੰਗਵੇ:- ਨਹੀਂ, ਕੋਈ ਕਹਾਣੀ ਜਾਂ ਨਾਵਲ ਲਿਖ ਲੈਣ ਤੋਂ ਬਾਅਦ ਮੈਂ ਸਿਰਲੇਖਾਂ ਦੀ ਲੰਮੀ ਲਿਸਟ ਬਣਾਉਂਦਾ ਹਾਂ। ਕਈ ਵਾਰੀ ਤਾਂ ਇਸ ਲਿਸਟ ਵਿਚ ਸੌ ਸਿਰਲੇਖ ਹੁੰਦੇ ਹਨ। ਫੇਰ ਮੈਂ ਇਨ੍ਹਾਂ ਵਿਚੋਂ ਮਾੜੇ ਕੱਟਦਾ ਜਾਂਦਾ ਹਾਂ ਤੇ ਅਜਿਹਾ ਵੀ ਹੁੰਦਾ ਹੈ ਕਿ ਸਾਰਿਆਂ ‘ਤੇ ਹੀ ਕਾਟਾ ਵੱਜ ਜਾਂਦਾ ਹੈ।

? : ਤੁਸੀ ਇਹੀ ਤਰੀਕਾ ਉਨ੍ਹਾਂ ਕਿਰਤਾਂ ਬਾਰੇ ਵੀ ਵਰਤਦੇ ਹੋ ਜਿਨ੍ਹਾਂ ਦਾ ਸਿਰਲੇਖ ਕਿਰਤ ਵਿਚ ਹੀ ਹੁੰਦਾ ਹੈ?
ਹੈਮਿੰਗਵੇ:- ਹਾਂ, ਸਿਰਲੇਖ ਹਮੇਸ਼ਾ ਹੀ ਬਾਅਦ ਵਿਚ ਆਉਂਦਾ ਹੈ। ਲਿਖਣ ਦਾ ਵੀ ਅਜੀਬ ਹਾਲ ਹੈ। ਇਕ ਵਾਰੀ ਮੈਂ ਖਾਣਾ ਖਾਣ ਤੋਂ ਪਹਿਲਾਂ ਕਾਹਵਾ ਖਾਨੇ ਵਿਚ ਗਿਆ ਜਿਥੇ ਮੇਰਾ ਵਾਕਫ਼ਕਾਰ ਕੁੜੀ ਨਾਲ ਟਾਕਰਾ ਹੋ ਗਿਆ। ਮੈਂ ਉਹਦੇ ਨਾਲ ਗੱਲੀਂ ਲੱਗ ਗਿਆ। ਮੈਨੂੰ ਪਤਾ ਸੀ ਕਿ ਉਸ ਨੇ ਪੇਟ ਸਾਫ ਕਰਾਇਆ ਹੈ। ਅਸੀਂ ਉਹਦੇ ਬਾਰੇ ਤਾਂ ਗੱਲ ਨਾ ਕੀਤੀ ਪਰ ਹੋਰ ਗੱਪਾਂ ਵਿਚ ਲੱਗੇ ਰਹੇ। ਘਰ ਆਉਂਦਿਆਂ ਮੈਨੂੰ ਕਹਾਣੀ ਸੁੱਝ ਗਈ, ਮੈਂ ਦੁਪਹਿਰ ਦਾ ਖਾਣਾ ਹੀ ਨਾ ਖਾਧਾ ਤੇ ਉਹ ਕਹਾਣੀ ਲਿਖ ਲਈ।

? : ਸੋ ਜਦੋਂ ਤੁਸੀਂ ਕੁਝ ਲਿਖ ਨਹੀਂ ਰਹੇ ਹੁੰਦੇ ਤਾਂ ਆਲੇ ਦੁਆਲੇ ਵਾਪਰਦੀਆਂ ਘਟਨਾਵਾਂ ਨੂੰ ਲਗਾਤਾਰ ਘੋਖਦੇ ਰਹਿੰਦੇ ਹੋ ਤਾਂ ਜੋ ਕੁਝ ਲਿਖਣ ਲਈ ਮਿਲ ਜਾਵੇ।
ਹੈਮਿੰਗਵੇ:- ਬਿਨਾਂ ਸ਼ੱਕ। ਜੇ ਲੇਖਕ ਘੋਖਣਾ ਬੰਦ ਕਰ ਦੇਵੇ ਤਾਂ ਉਹ ਲਿਖ ਹੀ ਨਹੀਂ ਸਕਦਾ। ਪਰ ਘਟਨਾਵਾਂ ਨੂੰ ਦੇਖਦਿਆਂ ਉਸ ਨੂੰ ਬਹੁਤਾ ਚੇਤੰਨ ਨਹੀਂ ਹੋਣਾ ਚਾਹੀਦਾ। ਨਾ ਹੀ ਇਹ ਸੋਚਦੇ ਰਹਿਣਾ ਚਾਹੀਦਾ ਹੈ ਕਿ ਇਨ੍ਹਾਂ ਦੀ ਉਹ ਕਿਵੇਂ ਵਰਤੋਂ ਕਰ ਸਕੇਗਾ। ਸ਼ਾਇਦ ਪਹਿਲਾਂ ਪਹਿਲਾਂ ਇਹ ਠੀਕ ਵੀ ਹੋਵੇ ਪਰ ਜਿਉਂ ਜਿਉਂ ਸਮਾਂ ਬੀਤਦਾ ਹੈ ਇਹ ਸਭ ਦੇਖਿਆ ਭਾਖਿਆ ਉਹਦੇ ਮਨ ਦੇ ਸਾਗਰ ਵਿਚ ਪਾਣੀ ਦੀ ਤਰ੍ਹਾਂ ਇਕੱਠਾ ਹੋ ਜਾਂਦਾ ਹੈ। ਮੈਂ ਸਦਾ ਹੀ ਸਮੁੰਦਰ ਵਿਚਲੇ ਬਰਫ਼ ਦੇ ਤੋਦੇ ਦੇ ਅਸੂਲ ‘ਤੇ ਕੰਮ ਕਰਦਾ ਹਾਂ। ਜਿੰਨਾ ਦਿਸਦਾ ਹੈ ਉਸ ਤੋਂ ਸੱਤ ਗੁਣਾਂ ਪਾਣੀ ਵਿਚ ਲੁਕਿਆ ਰਹਿੰਦਾ ਹੈ। ਜੋ ਸਪਸ਼ਟ ਦਿਸਦਾ ਹੈ ਉਹਦੇ ‘ਤੇ ਕਾਟਾ ਮਾਰੀ ਰੱਖੋ। ਇਹਦੇ ਨਾਲ ਤੋਦੇ ਦਾ ਬਾਕੀ ਹਿੱਸਾ ਜਾਨਦਾਰ ਹੋਈ ਜਾਂਦਾ ਹੈ। ਜੇਕਰ ਕੋਈ ਲੇਖਕ ਐਸੀ ਚੀਜ਼ ਛੱਡ ਜਾਂਦਾ ਹੈ ਜਿਸ ਦਾ ਉਹਨੂੰ ਪਤਾ ਨਹੀਂ ਸੀ ਤਾਂ ਸਮਝੋ ਕਹਾਣੀ ਵਿਚ ਛੇਕ ਰਹਿ ਗਿਆ ਹੈ।
ਮਿਸਾਲ ਲਈ ਮੈਂ ਆਪਣਾ ਨਾਵਲ ‘ਬੁੱਢਾ ਅਤੇ ਸਮੁੰਦਰ’ ਹੀ ਲਵਾਂ। ਇਸ ਨਾਵਲ ਦੇ ਹਜ਼ਾਰ ਤੋਂ ਉਪਰ ਸਫੇ ਹੋ ਸਕਦੇ ਸਨ ਜੇਕਰ ਮੈਂ ਪਿੰਡ ਦੇ ਹਰ ਜਣੇ ਦਾ ਸਾਰਾ ਕੁਝ ਲਿਖਣ ਲੱਗ ਜਾਂਦਾ। ਉਹ ਕਿਵੇਂ ਜੰਮੇ ਸਨ, ਕਿਵੇਂ ਪੜ੍ਹੇ ਤੇ ਕਿਵੇਂ ਹੁਣ ਰੋਟੀ ਪਾਣੀ ਦਾ ਧੰਦਾ ਤੋਰਦੇ ਹਨ। ਅਜਿਹਾ ਕੁਝ ਬਹੁਤ ਸਾਰੇ ਹੋਰ ਲੇਖਕ ਵਧੀਆ ਕਰਦੇ ਹਨ। ਲਿਖਣ ਵਿਚ ਤੁਹਾਨੂੰ ਉਥੇ ਲਕੀਰ ਖਿਚਣੀ ਪੈਂਦੀ ਹੈ ਜਿਥੇ ਤੱਕ ਸਾਰਾ ਕੁਝ ਪਹਿਲਾਂ ਹੋ ਚੁੱਕਾ ਹੋਵੇ। ਮੈਂ ਕੁਝ ਹੋਰ ਨਵਾਂ ਕਰਨਾ ਸਿੱਖਿਆ ਹੈ। ਸੋ, ਪਹਿਲਾਂ ਮੈਂ ਇਹੀ ਕੰਮ ਕੀਤਾ ਕਿ ਬੇਲੋੜੇ ਵੇਰਵੇ ਕੱਟਣੇ ਸ਼ੁਰੂ ਕਰ ਦਿੱਤੇ। ਇਸ ਲਈ ਕਿ ਮੇਰੀ ਲਿਖਤ ਪੜ੍ਹ ਕੇ ਉਨ੍ਹਾਂ ਦੇ ਆਪਣੇ ਤਜਰਬੇ ਵਿਚ ਵਾਧਾ ਹੋਵੇ ਤੇ ਲਿਖਤ ਵਿਚਲੀਆਂ ਘਟਨਾਵਾਂ ਉਨ੍ਹਾਂ ਦਾ ਆਪਣਾ ਤਜਰਬਾ ਬਣ ਜਾਣ। ਏਦਾਂ ਵੀ ਲੱਗੇ ਕਿ ਜੋ ਮੈਂ ਲਿਖਿਆ ਹੈ ਉਹ ਅਸਲ ਵਿਚ ਵਾਪਰਿਆ ਹੈ। ਸੱਚ ਜਾਣਿਉਂ ਇਹ ਕਰਨਾ ਬੜਾ ਹੀ ਮੁਸ਼ਕਲ ਹੈ ਤੇ ਮੈਂ ਔਖਾ ਹੋ ਕੇ ਇਹ ਕੀਤਾ ਹੈ।
ਖ਼ੈਰ ਇਹ ਕਿਵੇਂ ਕਰੀਦਾ ਹੈ ਇਹਦਾ ਵੇਰਵਾ ਛੱਡ ਲਈਏ ਤਾਂ ਮੈਂ ਕਹਿ ਸਕਦਾ ਹਾਂ ਕਿ ਨਾਵਲ ਲਿਖਣ ਵਿਚ ਕਿਸਮਤ ਨੇ ਮੇਰਾ ਬੜਾ ਹੀ ਸਾਥ ਦਿੱਤਾ। ਮੈਂ ਉਹ ਤਜਰਬੇ ਪਾਠਕਾਂ ਤੱਕ ਪਹੁੰਚਾ ਸਕਿਆ ਜੋ ਪਹਿਲਾਂ ਨਹੀਂ ਸੀ ਪਹੁੰਚੇ। ਮੇਰੇ ਕੋਲ ਵਧੀਆ ਮਛੇਰਾ ਤੇ ਵਧੀਆ ਮੁੰਡਾ ਸੀ ਜਿਸ ਬਾਰੇ ਬਾਕੀ ਭੁੱਲ ਹੀ ਚੁੱਕੇ ਸਨ ਕਿ ਇਹੋ ਜਿਹੇ ਲੋਕ ਵੀ ਹਾਲੇ ਜੀਊਂਦੇ ਹਨ। ਫੇਰ ਮਨੁੱਖਾਂ ਵਾਂਗ ਸਮੁੰਦਰ ਵੀ ਤਾਂ ਲਿਖਣ ਵਾਲੀ ਸ਼ੈਅ ਹੈ। ਉਸੇ ਪਿੰਡ ਵਿਚ ਮੱਛੀਆਂ ਫੜਨ ਦਾ ਸਿਖਾਂਦਰੂ ਸਕੂਲ ਵੀ ਸੀ ਜਿਸ ਨੂੰ ਮੈਂ ਛੱਡ ਦਿੱਤਾ। ਪਿੰਡ ਬਾਰੇ ਜਿਹੜੀਆਂ ਕਹਾਣੀਆਂ ਦਾ ਮੈਨੂੰ ਪਤਾ ਸੀ ਉਨ੍ਹਾਂ ਸਾਰੀਆਂ ‘ਤੇ ਲਕੀਰ ਮਾਰ ਦਿੱਤੀ। ਪਰ ਇਹ ਡੂੰਘਾ ਗਿਆਨ ਹੀ ਹੈ ਜਿਸ ਨਾਲ ਬਰਫ਼ ਦੇ ਤੋਦੇ ਦਾ ਪਾਣੀ ਹੇਠਲਾ ਲੁਕਿਆ ਹਿੱਸਾ ਬਣਦਾ ਹੈ।

? : ਕੀ ਤੁਸੀਂ ਕਿਸੇ ਐਸੀ ਸਥਿਤੀ ਬਾਰੇ ਵੀ ਲਿਖਿਆ ਹੈ ਜਿਸ ਦਾ ਤੁਹਾਨੂੰ ਕੋਈ ਗਿਆਨ ਨਾ ਹੋਵੇ?
ਹੈਮਿੰਗਵੇ:- ਇਹ ਅਜੀਬ ਜਿਹਾ ਸਵਾਲ ਹੈ। ਜੇ ਤੁਹਾਡਾ ਮਤਲਬ ਹੈ ਸਰੀਰਕ ਗਿਆਨ ਤਾਂ ਉਤਰ ਹਾਂ ਵਿਚ ਹੈ। ਜੇ ਕੋਈ ਚੰਗਾ ਲੇਖਕ ਹੈ ਤਾਂ ਉਹ ਸਿਰਫ਼ ਵੇਰਵੇ ਹੀ ਨਹੀਂ ਦੇਵੇਗਾ। ਲੇਖਕ ਨੇ ਤਾਂ ਕੋਈ ਚੀਜ਼ ਈਜਾਦ ਕਰਨੀ ਹੈ। ਅਜਿਹਾ ਕਰਨ ਵਿਚ ਉਹਦੇ ਆਪਣੇ ਮਨ ਦੇ ਭਾਵ ਅਤੇ ਆਪਣੇ ਮਾਪਿਆਂ ਅਤੇ ਸਮਾਜ ਦਾ ਗਿਆਨ ਵੀ ਆ ਸ਼ਾਮਲ ਹੁੰਦਾ ਹੈ। ਕਬੂਤਰਾਂ ਨੂੰ ਕੌਣ ਉਡਣਾ ਸਿਖਾਉਂਦਾ ਹੈ, ਸਾਨ੍ਹਾਂ ਦੀ ਬਹਾਦਰੀ ਕਿਥੋਂ ਆਉਂਦੀ ਹੈ, ਸ਼ਿਕਾਰੀ ਕੁੱਤਿਆਂ ਨੂੰ ਮੁਸ਼ਕ ਲੈਣਾ ਕੌਣ ਦੱਸਦਾ ਹੈ। ਬੱਸ ਇਹ ਹੁੰਦਾ ਹੈ ਸਾਰਾ ਕੁਝ।

? : ਕਿੰਨਾ ਕੁ ਚਿਰ ਲਗਦਾ ਹੈ ਆਪਣੇ ਨਾਲ ਹੋਈ ਕਿਸੇ ਘਟਨਾ ਜਾਂ ਤਜਰਬੇ ਤੋਂ ਬਾਅਦ ਕਿ ਉਹ ਤੁਹਾਡੀ ਲਿਖਤ ਵਿਚ ਆ ਸਕੇ? ਮਿਸਾਲ ਲਈ ਅਫਰੀਕਾ ਵਿਚ ਤੁਹਾਡੇ ਨਾਲ ਹੋਏ ਹਵਾਈ ਜਹਾਜ਼ ਦੇ ਹਾਦਸੇ ਬਾਰੇ।
ਹੈਮਿੰਗਵੇ:- ਇਹਦਾ ਨਿਰਭਰ ਹੋਈ ਘਟਨਾ ‘ਤੇ ਹੈ। ਤੁਹਾਡਾ ਇਕ ਹਿੱਸਾ ਹੈ ਜੋ ਸ਼ੁਰੂ ਤੋਂ ਹੀ ਉਸ ਨੂੰ ਆਪਣੇ ਨਾਲੋਂ ਨਿਖੇੜ ਕੇ ਦੇਖਦਾ ਹੈ। ਦੂਜਾ ਹਿੱਸਾ ਐਨ ਇਹਦੇ ਨਾਲ ਇਕ ਮਿੱਕ ਹੁੰਦਾ ਹੈ। ਮੇਰਾ ਖ਼ਿਆਲ ਕਿ ਇਹਦੇ ਬਾਰੇ ਅਸੀਂ ਕੋਈ ਪੱਕਾ ਨਿਯਮ ਨਹੀਂ ਬਣਾ ਸਕਦੇ ਕਿ ਕੋਈ ਤਜਰਬਾ ਕਦੋਂ ਰਚਨਾ ਬਣ ਸਕਦਾ ਹੈ। ਇਹ ਦੇਖਣਾ ਵੀ ਜ਼ਰੂਰੀ ਹੈ ਕਿ ਉਸ ਵੇਲੇ ਤੁਹਾਡਾ ਮਨ ਕਿਸ ਹਾਲਤ ਵਿਚ ਸੀ। ਮੰਝੇ ਹੋਏ ਲੇਖਕ ਦਾ ਕਿਸੇ ਬਲਦੇ ਹੋਏ ਹਵਾਈ ਜਹਾਜ਼ ਵਿਚ ਹੋਣਾ ਸੱਚ ਮੁੱਚ ਵਡਮੁੱਲਾ ਤਜਰਬਾ ਹੈ ਕਿਉਂਕਿ ਕੁਝ ਪਲਾਂ ਵਿਚ ਹੀ ਉਹਨੂੰ ਕਈਆਂ ਗੱਲਾਂ ਦਾ ਗਿਆਨ ਹੋ ਜਾਂਦਾ ਹੈ। ਕੀ ਉਨ੍ਹਾਂ ਨੂੰ ਉਹ ਵਰਤ ਸਕੇਗਾ ਇਹਦਾ ਤਾਂ ਇਸ ਗੱਲ ‘ਤੇ ਨਿਰਭਰ ਹੈ ਕਿ ਉਹ ਬਚ ਸਕੇ। ਬਚ ਵੀ ਚੰਗੀ ਹਾਲਤ ਵਿਚ ਸਕੇ। ਜਿਹੜੇ ਜਲਦੀ ਅਤੇ ਇਕ ਦਮ ਅਲੋਪ ਹੋ ਜਾਂਦੇ ਹਨ ਦੁਨੀਆ ਵੀ ਉਨ੍ਹਾਂ ਨੂੰ ਵਧੇਰਾ ਪਿਆਰ ਕਰਦੀ ਹੈ ਤੇ ਉਨ੍ਹਾਂ ਦੇ ਸਭ ਐਬ ਵੀ ਲੁਕ ਜਾਂਦੇ ਹਨ।

? : ਕੀ ਮੈਂ ਪੁੱਛ ਸਕਦਾ ਹਾਂ ਕਿ ਲੇਖਕ ਨੂੰ ਸਮੇਂ ਦੀਆਂ ਸਿਆਸੀ ਅਤੇ ਸਮਾਜੀ ਸਮੱਸਿਆਵਾਂ ਨਾਲ ਕਿੰਨਾ ਕੁ ਵਾਹ ਵਾਸਤਾ ਰੱਖਣਾ ਚਾਹੀਦਾ ਹੈ?
ਹੈਮਿੰਗਵੇ:- ਹਰ ਵਿਅਕਤੀ ਦੀ ਆਪਣੀ ਜ਼ਮੀਰ ਹੈ ਤੇ ਇਹਦੇ ਬਾਰੇ ਕੋਈ ਨਿਯਮ ਨਹੀਂ ਬਣਾਇਆ ਜਾ ਸਕਦਾ ਕਿ ਇਸ ਜ਼ਮੀਰ ਨੇ ਕਿਵੇਂ ਕੰਮ ਕਰਨਾ ਹੈ। ਜਿਹੜੇ ਲੇਖਕ ਸਿਆਸਤ ਨਾਲ ਗੂੜ੍ਹਾ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੀ ਲਿਖਤ ਵਿਚ ਸਦੀਵਤਾ ਵੀ ਹੈ ਤਾਂ ਉਨ੍ਹਾਂ ਦੀ ਲਿਖਤ ਵਿਚ ਜਦੋਂ ਪ੍ਰਚਾਰ ਆਵੇ ਤਾਂ ਉਹਨੂੰ ਪੜ੍ਹੋ ਹੀ ਨਾ। ਇਹ ਵੀ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਸਿਆਸੀ ਲੇਖਕ ਆਪਣੀ ਸਿਆਸਤ ਵੀ ਕਿੰਨੀ ਵਾਰੀ ਬਦਲਦੇ ਰਹਿੰਦੇ ਹਨ। ਕਈ ਵਾਰੀ ਤਾਂ ਉਹ ਆਪਣੀਆਂ ਲਿਖਤਾਂ ਨੂੰ ਵੀ ਕਾਹਲੀ ਨਾਲ ਦੁਬਾਰਾ ਲਿਖ ਦਿੰਦੇ ਹਨ।

? : ਕਈ ਲੋਕ ਕਹਿੰਦੇ ਹਨ ਕਿ ਲੇਖਕ ਆਪਣੀ ਸਾਰੀ ਲਿਖਤ ਵਿਚ ਇਕ ਜਾਂ ਦੋ ਖ਼ਿਆਲਾਂ ਦੁਆਲੇ ਹੀ ਘੁੰਮਦਾ ਰਹਿੰਦਾ ਹੈ। ਕੀ ਤੁਹਾਡੀ ਸਾਰੀ ਲਿਖਤ ਵੀ ਇਕ ਜਾਂ ਦੋ ਖ਼ਿਆਲਾਂ ਦੁਆਲੇ ਹੀ ਵਲੀ ਹੋਈ ਹੈ?
ਹੈਮਿੰਗਵੇ:- ਇਹ ਕਿਸ ਨੇ ਕਿਹਾ ਹੈ? ਜੇ ਕਿਹਾ ਹੈ ਤਾਂ ਇਹ ਬਹੁਤ ਸਾਦਾ ਕਿਸਮ ਦੀ ਬਿਆਨਬਾਜ਼ੀ ਹੈ। ਜਿਹਨੇ ਵੀ ਇਹ ਕਿਹਾ ਹੈ ਅਸਲ ਵਿਚ ਉਹਦੇ ਆਪਣੇ ਕੋਲ ਇਕ ਜਾਂ ਦੋ ਖ਼ਿਆਲ ਹੀ ਹੋਣੇ ਹਨ।
-‘ਪੈਰਸ ਰੀਵੀਊ’ ਵਿਚ ਛਪੀ ਗੱਲਬਾਤ ਦਾ ਸਾਰ, ਧੰਨਵਾਦ ਸਹਿਤ।

‘ਹੁਣ’ ਵਿਚੋਂ ਮੁਲਾਕਾਤਾਂ ਦਾ ਇਕ ਹਿੱਸਾ

Leave a Reply

Your email address will not be published. Required fields are marked *