ਸਿੱਧੂ ਦੇ ਰਵੱਈਏ ਨਾਲ ਵਧੀਆਂ ਕਾਂਗਰਸ ਦੀਆਂ ਮੁਸ਼ਕਲਾਂ : ਚੰਨੀ ਨੇ ਕਿਹਾ- ਸਿੱਧੂ ਮੁੱਖ ਮੰਤਰੀ ਬਣ ਜਾਣ, 2 ਮਹੀਨੇ ਵਿੱਚ ਦਿਖਾ ਦੇਣ ਪਰਫਾਰਮੈਂਸ

ਚੰਡੀਗੜ੍ਹ : ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਵਿਦਾਇਗੀ ਤੋਂ ਬਾਅਦ ਵੀ ਕਾਂਗਰਸ ਦੀਆਂ ਮੁਸ਼ਕਲਾਂ ਘੱਟ ਨਹੀਂ ਹੋਈਆਂ ਹਨ। ਮੁੱਖ ਮੰਤਰੀ ਬਣਨ ਲਈ ਉਤਾਵਲੇ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਵਿਚਾਲੇ ਮੀਟਿੰਗ ਵਿਚ ਵੱਡੀ ਗੱਲ ਸਾਹਮਣੇ ਆ ਰਹੀ ਹੈ। ਸੂਤਰਾਂ ਅਨੁਸਾਰ ਤਾਂ ਐਤਵਾਰ ਨੂੰ ਬੰਦ ਕਮਰੇ ਵਿਚ ਹੋਈ ਮੀਟਿੰਗ ਦੌਰਾਨ ਸਿੱਧੂ ਦਾ ਰਵੱਈਆ ਦੇਖ ਕੇ ਚੰਨੀ ਨੇ ਮੁੱਖ ਮੰਤਰੀ ਅਹੁਦਾ ਛੱਡਣ ਦੀ ਗੱਲ ਤੱਕ ਕਹਿ ਦਿੱਤੀ।
ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਚਾਹੁੰਦਾ ਹਾਂ। ਨਵਜੋਤ ਸਿੱਧੂ ਮੁੱਖ ਮੰਤਰੀ ਬਣ ਜਾਣ ਅਤੇ 2 ਮਹੀਨੇ ਵਿਚ ਪਰਫਾਰਮ ਕਰਕੇ ਦਿਖਾ ਦੇਣ। ਇਸ ਮੀਟਿੰਗ ਵਿਚ ਕਾਂਗਰਸ ਆਬਜ਼ਰਵਰ ਹਰੀਸ਼ ਚੌਧਰੀ, ਰਾਹੁਲ ਗਾਂਧੀ ਦੇ ਨੇੜਲੇ ਕ੍ਰਿਸ਼ਨਾ ਅੱਲਾਵਰੂ ਅਤੇ ਮੰਤਰੀ ਪਰਗਟ ਸਿੰਘ ਵੀ ਮੌਜੂਦ ਸਨ। ਹਾਲਾਂਕਿ ਕਾਂਗਰਸੀ ਹੁਣ ਖੁੱਲ੍ਹ ਕੇ ਇਸ ‘ਤੇ ਕੁਝ ਨਹੀਂ ਕਹਿ ਰਹੇ। ਮੀਟਿੰਗ ਵਿਚ ਹੋਈ ਨੋਕ-ਝੋਕ ਹੁਣ ਬਾਹਰ ਨਜ਼ਰ ਆਉਣ ਲੱਗੀ ਹੈ।
ਇਸ ਦੇ ਅਗਲੇ ਦਿਨ ਚੰਨੀ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਜਦੋਂ ਉਨ੍ਹਾਂ ਤੋਂ ਸਿੱਧੂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਿੱਧੂ ਨੂੰ ਇੱਥੇ ਬਿਠਾ ਦਿਓ। ਸੂਤਰਾਂ ਮੁਤਾਬਕ ਐਤਵਾਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਵਿਚ ਸਿੱਧੂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ 13 ਸੂਤਰੀ ਏਜੰਡੇ ਦਾ ਮੁੱਦਾ ਚੁੱਕਿਆ। ਸਿੱਧੂ ਨੇ ਮੁੱਖ ਮੰਤਰੀ ਤੋਂ ਪੁੱਛਿਆ ਕਿ ਉਹ ਉਨ੍ਹਾਂ ਵਾਅਦਿਆਂ ਨੂੰ ਕਿਉਂ ਪੂਰਾ ਨਹੀਂ ਕਰ ਰਹੇ, ਜਿਨ੍ਹਾਂ ਲਈ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ।
ਇਹ ਸੁਣ ਕੇ ਚੰਨੀ ਨੇ ਕਿਹਾ ਕਿ ਉਨ੍ਹਾਂ ਕੋਲ ਸਿਰਫ਼ 60 ਦਿਨ ਬਚੇ ਹਨ। ਉਹ ਵਾਅਦਿਆਂ ਨੂੰ ਪੂਰਾ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਬਾਵਜੂਦ ਸਿੱਧੂ ਇਕ-ਇਕ ਗੱਲ ਨੂੰ ਲੈ ਕੇ ਪੁੱਛਗਿਛ ਕਰਦੇ ਰਹੇ। ਸਿੱਧੂ ਨੇ ਜਦੋਂ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੀ ਗੱਲ ਪੁੱਛੀ ਤਾਂ ਮੁੱਖ ਮੰਤਰੀ ਬਹੁਤ ਨਾਰਾਜ਼ ਹੋ ਗਏ। ਜਿਸ ਤੋਂ ਬਾਅਦ ਇਹ ਤਲਖੀ ਸਾਹਮਣੇ ਆਈ ਹੈ।