ਕਹਾਣੀ/ ਜੋਗੀ

ਜਨਾਬ , ਮੈਂ ਪਹਿਲਾਂ ਹੀ ਮੰਨ ਲੈਂਦਾ ਹਾਂ ਕਿ ਮੈਂ ਜਨਾਨੀਬਾਜ਼ ਨਹੀਂ ਹਾਂ। ਮੈਂ ਤਾਂ ਜੋਗੀ ਹਾਂ। ਮੈਨੂੰ ਪਤਾ ਹੈ ਕਿ ਤੁਸੀਂ ਬਾਅਦ ਵਿੱਚ ਜਾਂ ਵਿਚਕਾਰ ਜਿਹੇ ਮੈਥੋਂ ਇਹੀ ਪੁੱਛਣਾ ਸੀ। ਤੁਹਾਡੇ ਕੋਲੋਂ ਲੰਬਾ ਸਬਰ ਨਹੀਂ ਹੋਣਾ। ਮੇਰੀ ਮਿਸਿਜ਼ ਵਾਂਗ। ਹੋਰਨਾਂ ਵਾਂਗ। …..ਮੈਂ ਤੁਹਾਡੇ ਪੁੱਛਣ ਤੋਂ ਪਹਿਲਾਂ ਹੀ ਦੱਸ ਰਿਹਾ ਹਾਂ। ਅੱਗੋਂ ਤੁਸੀਂ ਜਾਣਨਾ ਹੈ ਕਿ ਕੀ ਮੈਂ ਸੱਚ ਬੋਲ ਰਿਹਾ ਹਾਂ ਜਾਂ ਝੂਠ। ਹੋ ਇਹ ਵੀ ਸਕਦਾ ਹੈ ਕਿ ਪਹਿਲੀ ਵਾਰ ਤੁਹਾਨੂੰ ਇਹ ਝੂਠ ਵਰਗਾ ਸੱਚ ਲੱਗੇ ਤੇ ਆਖ਼ਰ ਵਿੱਚ ਸੱਚ ਵਰਗਾ ਝੂਠ। ਜਾਂ ਸਭ ਕੁਝ ਹੀ ਉਲਟ ਪੁਲਟ ਹੋ ਜਾਵੇ। ਸਵਰਗ ਦੀ ਅਪਸਰਾ ਉਰਵਸ਼ੀ ਤੇ ਮਾਤਲੋਕ ਵਾਸੀ ਪਰੂਰਵਾ ਦੀ ਮੁਹੱਬਤ ਵਾਂਗ।
ਤੁਹਾਡਾ ਫੋਨ ਦੋ ਘੰਟੇ ਬਾਅਦ ਵਿੱਚ ਆਇਆ ਹੈ। ਜੇ ਇਹੀ ਪਹਿਲਾਂ ਆਇਆ ਹੁੰਦਾ ਤਾਂ ਮੈਂ ਤੁਹਾਡੀ ਗੱਲ ਕਮਲਾ ਨਾਲ ਕਰਵਾ ਦੇਣੀ ਸੀ। ਹੁਣ ਤੁਸੀਂ ਇਹ ਵੀ ਪੁੱਛੋਗੇ ਜਾਂ ਜਾਣਨਾ ਚਾਹੋਗੇ ਕਿ ਇਹ ਕਮਲਾ ਕੌਣ ਹੈ। ਕਮਲਾ ਮਹਿਬੂਬਾ ਹੈ। ਪਤਨੀ ਹੈ। ਮਾਂ ਵੀ ਹੈ। ਇਨ੍ਹਾਂ ਰੂਪਾਂ ਬਾਰੇ ਮੈਂ ਕੁਝ ਚਿਰ ਪਹਿਲਾਂ ਹੀ ਜਾਣਿਆ ਹੈ। ਇਸ ਤੋਂ ਪਹਿਲਾਂ ਉਹ ਮੇਰੇ ਲਈ ਆਮ ਜਿਹੀ ਔਰਤ ਸੀ। ਦੋ ਚਹੁੰ ਘੰਟਿਆਂ ਵਿੱਚ ਕਿੰਨਾ ਕੁਝ ਵਾਪਰ ਗਿਆ ਸੀ। ਮੈਨੂੰ ਇਸ ਕਾਸੇ ਦੀ ਆਸ ਨਹੀਂ ਸੀ। ਸ਼ਾਇਦ ਕਮਲਾ ਨੂੰ ਵੀ ਨਾ ਹੋਵੇ। ਉਸ ਦੇ ਜਾਣ ਤੋਂ ਬਾਅਦ ਮੈਂ ਪਹਿਲੀ ਵਾਰ ਇਸ ਕਮਰੇ ਵਿੱਚ ਇਕੱਲਤਾ ਮਹਿਸੂਸ ਕੀਤੀ ਸੀ। ….ਹੁਣ ਮੈਨੂੰ ਤੁਹਾਨੂੰ ਇਹ ਵੀ ਦੱਸਣਾ ਪਵੇਗਾ ਕਿ ਉਹ ਕਿਥੋਂ ਆ ਗਈ? …ਇਹਦਾ ਕਿੰਨਵਾਂ ਨੰਬਰ ਹੈ? …ਮੈਂ ਨੰਬਰਾਂ ਦੇ ਚੱਕਰ ਵਿੱਚ ਕਦੇ ਨਹੀਂ ਪਿਆ। ਨਾ ਹੀ ਲੰਬੀ ਸਾਂਝ ਦੇ। ਕਈ ਆਈਆਂ ਸਨ। ਪੰਛੀਆਂ ਵਾਂਗ ਉੱਡ ਕੇ ਦੂਜੀ ਟਾਹਣੀ ‘ਤੇ ਜਾ ਬੈਠੀਆਂ। ਮੈਂ ਭੁੱਲ ਜਾਂਦਾ। ਹੈ ਨਾ ਕਮਾਲ! ਇਹ ਕਿਉਂ ਹੋ ਜਾਂਦਾ ਹੈ-ਮੈਨੂੰ ਇਸ ਗੱਲ ਦੀ ਸਮਝ ਨਾ ਲਗਦੀ। ਜਦੋਂ ਮੈਂ ਸਮਝਣਾ ਸ਼ੁਰੂ ਕਰਦਾਂ ਤਾਂ ਮਾਮਲਾ ਗੜਬੜਾ ਜਾਂਦਾ।
ਕਮਲਾ ਦੂਜੀਆਂ ਔਰਤਾਂ ਵਰਗੀ ਨਹੀਂ ਹੈ।
ਜਦੋਂ ਮੈਂ ਪਹਿਲੀ ਵਾਰ ਉਸ ਨੂੰ ਦੇਖਿਆ ਸੀ ਤਾਂ ਉਹ ਮੈਨੂੰ ਮੇਰੀ ਮਾਂ ਵਰਗੀ ਲੱਗੀ ਸੀ। ਇਸੇ ਕਰਕੇ ਮੈਂ ਉਸ ਨੂੰ ਕੰਮ ਤੋਂ ਜਵਾਬ ਨਹੀਂ ਦਿੱਤਾ ਸੀ। ਮੈਨੂੰ ਉਸ ਦੀਆਂ ਆਦਤਾਂ ਪਸੰਦ ਨਹੀਂ ਸਨ। ਕੰਮ ਪਸੰਦ ਨਹੀਂ ਸੀ। ਰੂਪ ਪਸੰਦ ਨਹੀਂ ਸੀ। ਕੁਝ ਕੁ ਮੈਂ ਉਹਨੂੰ ਬਦਲਿਆ। ਕੁਝ ਉਹ ਆਪ ਹੀ ਬਦਲ ਗਈ। ਪਹਿਲਾਂ ਜਿਹਾ ਉਸ ਵਿੱਚ ਕੁਝ ਨਹੀਂ ਰਿਹਾ। ਜਦੋਂ ਉਹ ਨਵੀਂ-ਨਵੀਂ ਆਈ ਤਾਂ ਉਸ ਦੇ ਮੱਥੇ ‘ਤੇ ਖਿਚਾਓ ਜਿਹਾ ਹੁੰਦਾ। ਖਿਝੀ ਜਿਹੀ ਰਹਿੰਦੀ। ਮੈਂ ਸੋਚਦਾ ਕਿ ਉਹ ਕਿਸ ਕਿਸਮ ਦੀ ਜਨਾਨੀ ਹੈ। ਜਨਾਨੀ ਖਿੜੇ ਮੱਥੇ ਮਿਲੇ, ਭਾਵੇਂ ਉਹਦਾ ਘਰਆਲਾ ਹੋਵੇ ਜਾਂ ਮਾਲਕ, ਅਗਲੇ ਨੂੰ ਧੰਨ-ਧੰਨ ਕਰਵਾ ਸਕਦੀ ਹੈ। ਉਸ ਤਾਂ ਆਪਣੇ ਆਪ ਨੂੰ ਬੁੱਢੀਆਂ ਵਿੱਚ ਸ਼ਾਮਲ ਕਰ ਲਿਆ ਸੀ। ਆਉਂਦਿਆਂ ਸਾਰ ਹੀ ਸਿਰ ਨੂੰ ਚੁੰਨੀ ਨਾਲ ਢੱਕ ਲੈਂਦੀ। ਮੈਨੂੰ ਸਤਿ ਸ੍ਰੀ ਅਕਾਲ ਵੀ ਨਾ ਕਹਿੰਦੀ। ਕਿਸੇ ਕੰਮ ਬਾਰੇ ਪੁੱਛਦੀ ਨਾ। ਬਾਥਰੂਮ ਵਿੱਚ ਜਾਂਦੀ ਤਾਂ ਕੁੰਡੀ ਨਾ ਲਾਉਂਦੀ। ਮੇਰਾ ਉਸ ਨਾਲ ਬਹੁਤੀਆਂ ਗੱਲਾਂ ਕਰਨ ਦਾ ਹੀਆ ਹੀ ਨਾ ਪੈਂਦਾ। ਉਹ ਕਮਰੇ ਵਿੱਚ ਹੁੰਦੀ ਤਾਂ ਮੈਂ ਬਾਹਰ ਆ ਜਾਂਦਾ। ਜੇ ਉਹ ਬਾਹਰ ਹੁੰਦੀ ਤਾਂ ਮੈਂ ਕਮਰੇ ਵਿੱਚ ਆ ਜਾਂਦਾ। ਕਦੀ ਕਦਾਈਂ ਮੈਨੂੰ ਐਦਾਂ ਵੀ ਲੱਗਦਾ ਜਿਵੇਂ ਮੈਂ ਉਸ ਕੋਲੋਂ ਡਰ ਰਿਹਾ ਹੋਵਾਂ। ਹੋ ਸਕਦਾ ਸੀ ਕਿ ਉਹ ਮੈਥੋਂ ਡਰ ਰਹੀ ਹੋਵੇ। ਅਸੀਂ ਦੋਵੇਂ ਇਕ ਦੂਜੇ ਤੋਂ ਬਚ ਕੇ ਰਹਿੰਦੇ। ਚੇਤੰਨ ਹੋ ਕੇ। ਇਕ ਗੱਲ ਅਵੱਸ਼ ਹੈ ਕਿ ਉਹ ਬੜੇ ਚੰਗੇ ਸੁਭਾਅ ਦੀ ਔਰਤ ਹੈ। ਦੁਖੀ ਹੈ ਪਰ ਐਰੇ-ਗੈਰੇ ਨਥੂ-ਖੈਰੇ ਅੱਗੇ ਆਪਣੇ ਦੁੱਖ ਨਹੀਂ ਫਰੋਲਦੀ। ਇਹ ਤਾਂ ਮੈਨੂੰ ਪਤਾ ਹੈ ਕਿ ਮੈਂ ਉਸ ਅੰਦਰ ਬੱਝੀਆਂ ਗੰਢਾਂ ਕਿੱਦਾਂ ਖੋਲ੍ਹੀਆਂ ਹਨ। ਉਹ ਵੀ ਸਾਰੀਆਂ ਨਹੀਂ, ਬਸ ਗਿਣਤੀ ਮਿਣਤੀ ਦੀਆਂ ਹੀ।
ਉਹ ਮੈਨੂੰ ਆਪਣੇ ਇੱਕ ਪੁਰਾਣੇ ਕੁਲੀਗ ਰਾਹੀਂ ਮਿਲੀ ਸੀ। ਉਨ੍ਹਾਂ ਦਿਨ੍ਹਾਂ ਵਿੱਚ ਮੈਂ ਰੋਟੀ ਪਾਣੀ ਤੋਂ ਬਹੁਤ ਤੰਗ ਸੀ। ਮੈਂ ਬਿਹਾਰ ਤੋਂ ਆਈ ਹੋਈ ਔਰਤ ਰੱਖੀ ਹੋਈ ਸੀ। ਉਸ ਦੀ ਸੱਸ ਮਰ ਗਈ। ਪੰਦਰਾਂ ਦਿਨਾਂ ਦਾ ਕਹਿ ਕੇ ਗਈ ਮੁੜ ਕੇ ਆਈ ਹੀ ਨਹੀਂ ਸੀ। ਮੈਂ ਹਰ ਰੋਜ਼ ਉਹਨੂੰ ਗਾਲ੍ਹਾਂ ਕੱਢਦਾ। ਇਸ ਕਰਕੇ ਕਿ ਮੈਨੂੰ ਸਵੇਰ ਤੇ ਸ਼ਾਮ ਨੂੰ ਢਾਬੇ ‘ਤੇ ਜਾ ਕੇ ਰੋਟੀ ਖਾਣੀ ਪੈਂਦੀ ਜਿਸ ਨਾਲ ਅਕਸਰ ਹੀ ਮੇਰਾ ਪੇਟ ਖਰਾਬ ਰਹਿੰਦਾ। ਮੈਂ ਫਲ ਜ਼ਿਆਦਾ ਖਾਣੇ ਸ਼ੁਰੂ ਕਰ ਦਿੱਤੇ। ਪਰ ਮੈਨੂੰ ਰੋਟੀ ਤੋਂ ਬਿਨਾਂ ਰੱਜ ਨਾ ਆਉਂਦਾ… ਜਿਥੇ ਮੈਂ ਰਹਿੰਦਾ ਹਾਂ ਉਥੇ ਔਰਤਾਂ ਦੀ ਕੋਈ ਕਮੀ ਨਹੀਂ ਹੈ। ਇਕ ਨੂੰ ਆਵਾਜ਼ ਮਾਰਾਂ ਤਾਂ ਪੰਜ ਦੌੜੀਆਂ ਆਉਣਗੀਆਂ। ਇਹ ਸ਼ਹਿਰ ਦਾ ਬਦਨਾਮ ਏਰੀਆ ਹੈ। ਪਰ ਮੈਂ ਕਿਸੇ ਨੂੰ ਲਾਗੇ ਨਾ ਲੱਗਣ ਦਿੱਤਾ। ਮੇਰੇ ਮਕਾਨ ਮਾਲਕ ਨੇ ਕਿਹਾ ਵੀ ਸੀ, ”ਮਾਸਟਰ ਜੀ, ਜਿੰਨਾ ਚਿਰ ਰੋਟੀ ਪਕਾਉਣ ਵਾਲੀ ਨ੍ਹੀਂ ਮਿਲਦੀ ਉਨਾ ਚਿਰ ਇਥੋਂ ਹੀ ਕਿਸੇ ਢਾਬੇ ਤੋਂ ਬੁੱਤਾ ਸਾਰ ਲਉ ਜਾਂ ਸਾਡੇ ਵੱਲ ਹੀ ਰੋਟੀ ਖਾ ਲਿਆ ਕਰੋ।” ਮੈਂ ਉਸ ਦੀਆਂ ਬਹੁਤੀਆਂ ਗੱਲਾਂ ਮੰਨ ਲੈਂਦਾ ਹਾਂ ਪਰ ਰੋਟੀ ਵਾਲੀ ਗੱਲ ਨਹੀਂ ਮੰਨੀ ਸੀ। ਉਸ ਦਾ ਮੁੰਡਾ ਮੇਰਾ ਵਿਦਿਆਰਥੀ ਰਿਹਾ ਹੈ। ਉਹ ਹੀ ਮੈਨੂੰ ਇਥੇ ਲਿਆਇਆ ਸੀ।
ਉਹਦਾ ਘਰ ਮੇਰੇ ਕਮਰੇ ਤੋਂ ਕਾਫ਼ੀ ਦੂਰ ਪੈਂਦਾ ਹੈ। ਮੈਂ ਹੀ ਉਹਨੂੰ ਸਾਈਕਲ ਲੈ ਕੇ ਦਿੱਤਾ ਸੀ। ਉਹਦੀ ਸਹੂਲਤ ਲਈ। ਉਸ ਨੂੰ ਰੋਜ਼ ਹੀ ਥ੍ਰੀਵੀਲ੍ਹਰ ‘ਤੇ ਆਉਣਾ-ਜਾਣਾ ਪੈਂਦਾ ਸੀ। ਵੀਹਾਂ ਰੁਪਈਆਂ ਦਾ ਖ਼ਰਚ ਸੀ। ਮੈਂ ਉਸ ਨੂੰ ਮਹੀਨੇ ਦਾ ਦੋ ਹਜ਼ਾਰ ਦਿੰਦਾ। ਮੈਨੂੰ ਲੱਗਦਾ ਕਿ ਇਹ ਤਾਂ ਉਸ ਨਾਲ ਬੇਇਨਸਾਫ਼ੀ ਸੀ। ਉਹ ਵਿਧਵਾ ਹੈ। ਦੋ ਬੱਚੇ ਹਨ। ਕੁੜੀ ਅੱਠਵੀਂ ਵਿੱਚ ਪੜ੍ਹਦੀ ਹੈ। ਮੁੰਡਾ ਪੰਜਵੀਂ ਵਿੱਚ। ਉਹ ਗਿਆਰਾਂ ਵਜੇ ਆਉਂਦੀ। ਦੁਪਹਿਰ ਤੇ ਰਾਤ ਦੀ ਰੋਟੀ ਬਣਾ ਕੇ ਹੌਟ-ਕੇਸ ਵਿੱਚ ਰੱਖ ਦਿੰਦੀ। ਦੋ ਵੇਲਿਆਂ ਦੀ ਸਬਜ਼ੀ ਬਣਾ ਜਾਂਦੀ। ਕਮਰੇ ਨੂੰ ਸੰਵਾਰ ਜਾਂਦੀ। ਮੇਰੇ ਕੱਪੜੇ ਧੋਹ ਦਿੰਦੀ। ਪ੍ਰੈੱਸ ਕਰਕੇ ਰੱਖ ਦਿੰਦੀ। ਜਦੋਂ ਉਹ ਜਾਣ ਲੱਗਦੀ ਤਾਂ ਮੇਰੇ ਦਿਲ ਨੂੰ ਡੋਬੂ ਜਿਹਾ ਪੈਂਦਾ। ਮੈਨੂੰ ਲੱਗਦਾ ਕਿ ਜਿੰਨਾ ਚਿਰ ਉਹ ਕਮਰੇ ਵਿੱਚ ਰਹਿੰਦੀ ਹੈ, ਉਨਾ ਚਿਰ ਕਮਰਾ ਭਰਿਆ-ਭਰਿਆ ਲੱਗਦਾ ਹੈ। ਮੈਂ ਉਸ ਨੂੰ ਕੁਝ ਚਿਰ ਰੋਕਣ ਲਈ ਕਹਿੰਦਾ, ”ਚਾਹ ਬਣਾ ਕੇ ਦੇ ਜਾਉ।” ਪਹਿਲਾਂ-ਪਹਿਲਾਂ ਉਹ ਸਿਰਫ਼ ਮੇਰੇ ਲਈ ਚਾਹ ਦਾ ਕੱਪ ਬਣਾਉਂਦੀ ਸੀ। ਫੇਰ ਮੇਰੇ ਜ਼ੋਰ ਦੇਣ ‘ਤੇ ਉਹ ਮੇਰੇ ਸਾਹਮਣੇ ਬੈਠ ਕੇ ਚਾਹ ਪੀਣ ਲੱਗ ਗਈ। ਅਜੇ ਵੀ ਪੀਂਦੀ ਹੈ। ਐਸ ਵੇਲੇ ਹੀ ਮੈਂ ਉਸ ਨਾਲ ਘਰ-ਪਰਿਵਾਰ ਦੀਆਂ ਗੱਲਾਂ ਕਰਦਾ ਹਾਂ। ਅਸੀਂ ਹੌਲੀ ਹੌਲੀ ਆਪਸ ਵਿੱਚ ਗੁਜ਼ਾਰੇ ਕੁ ਜੋਗਾ ਖੁੱਲ੍ਹ ਗਏ ਸਾਂ। ਉਸ ਘਰੋਂ ਦੌੜ ਕੇ ਵਿਆਹ ਕਰਵਾਇਆ ਸੀ। ਖੁਰਸ਼ੀਦ ਮੁਹੰਮਦ ਨਾਲ। ਵਿਆਹ ਤੋਂ ਸਤ ਸਾਲਾਂ ਬਾਅਦ ਹੀ ਖੁਰਸ਼ੀਦ ਮੁਹੰਮਦ ਦਾ ਐਕਸੀਡੈਂਟ ਹੋ ਗਿਆ। ਉਹ ਥਾਈਂ ਹੀ ਮਰ ਗਿਆ। ਕਮਲਾ ਦੇ ਸਿਰ ‘ਤੇ ਨਾ ਪੇਕਿਆਂ ਦਾ ਹੱਥ ਰਿਹਾ, ਨਾ ਸਹੁਰਿਆਂ ਦਾ। ਖੁਰਸ਼ੀਦ ਮੁਹੰਮਦ ਬਿਹਾਰ ਦਾ ਸੀ।
ਇੱਕ ਦਿਨ ਉਸ ਮੈਥੋਂ ਪੁੱਛਿਆ ਸੀ, ”ਤੁਹਾਨੂੰ ਇਕੱਲਤਾ ਤੰਗ ਨ੍ਹੀਂ ਕਰਦੀ?”
ਮੈਂ ਉਹਨੂੰ ਦੱਸਿਆ ਸੀ, ”ਮੈਂ ਜਿਥੋਂ ਚਲਿਆ ਸੀ, ਮੁੜ ਉਥੇ ਆ ਗਿਆ ਹਾਂ। ਸ਼ਾਇਦ ਮੇਰੇ ਨਸੀਬਾਂ ਵਿੱਚ ਇਹੀ ਕੁਸ਼ ਲਿਖਿਆ।”
ਇਕ ਦਿਨ ਉਸ ਨੂੰ ਚੰਗੇ ਮੂਡ ਵਿੱਚ ਦੇਖ ਕੇ ਮੈਂ ਪੁੱਛਿਆ ਸੀ, ”ਤੇਰਾ ਬੰਦੇ ਬਿਨਾਂ ਕਿੱਦਾਂ ਸਰਦਾ?”
ਉਲਟਾ ਉਸ ਪੁੱਛ ਲਿਆ ਸੀ, ”ਤੁਹਾਡਾ ਔਰਤ ਬਿਨਾਂ ਕਿੱਦਾਂ ਸਰਦਾ?”
ਮੈਨੂੰ ਉਸ ਤੋਂ ਅਜਿਹੇ ਸਵਾਲ ਦੀ ਆਸ ਨਹੀਂ ਸੀ। ਮੈਂ ਬੌਂਦਲ ਗਿਆ ਸੀ। ਮੈਨੂੰ ਸੰਭਲਣ ਲਈ ਸਮਾਂ ਚਾਹੀਦਾ ਸੀ। ਮੈਂ ਉਹਨੂੰ ਚਾਹ ਬਣਾਉਣ ਲਈ ਕਿਹਾ ਸੀ। ਉਹ ਚਾਹ ਬਣਾਉਣ ਗਈ ਅੱਧਾ ਘੰਟਾ ਅੰਦਰੋਂ ਬਾਹਰ ਨਾ ਆਈ। ਮੈਂ ਸੋਚਣ ਲੱਗਾ ਕਿ ਚਾਹ ਬਣਾਉਣ ਲਈ ਤਾਂ ਤਿੰਨ ਮਿੰਟ ਲੱਗਦੇ ਸਨ। ਉਹ ਕਿਹੜੇ ਕੰਮਾਂ ਵਿੱਚ ਜਾ ਫਸੀ ਜਾਂ ਕਿਸੇ ਉਧੇੜ ਬੁੰਨ ਵਿੱਚ ਫਸ ਗਈ। ਧਿਆਨ ਹੋਰ ਪਾਸੇ ਲੈ ਜਾਣ ਲਈ, ਮੈਂ ਐਵੇਂ ਹੀ ਅਖ਼ਬਾਰ ਪੜ੍ਹਣ ਲਈ ਚੁੱਕ ਲਈ। ਉਹ ਚਾਹ ਦਾ ਕੱਪ ਫੜ੍ਹ ਕੇ ਕੰਧ ਨਾਲ ਢੋਹ ਲਾ ਕੇ ਖੜ੍ਹ ਗਈ। ਮੈਂ ਕੁਰਸੀ ਤੋਂ ਉੱਠ ਕੇ ਹੇਠਾਂ ਇੱਟ ਰੱਖ ਕੇ ਬੈਠ ਗਿਆ। ਮੈਂ ਉਸ ਨੂੰ ਵੀ ਬੈਠਣ ਲਈ ਇਸ਼ਾਰਾ ਕੀਤਾ। ਵਿਹੜੇ ਦੀ ਇਕ ਨੁੱਕਰੇ ਇੱਟਾਂ ਦਾ ਚੱਕਾ ਲੱਗਾ ਹੋਇਆ ਸੀ। ਉਹ ਵੀ ਇੱਟ ਚੁੱਕ ਲਿਆਈ। ਬੈਠਦੀ ਹੋਈ ਨੇ ਕਿਹਾ, ”ਇਹ ਜਗ੍ਹਾ ਤੁਹਾਡੇ ਰਹਿਣ ਵਾਲੀ ਨ੍ਹੀਂ।” ਮੈਂ ਉਸ ਦੀ ਗੱਲ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਕਿਹਾ, ”ਬਹੁਤੇ ਦੋਸਤ ਇਹੀ ਕਹਿੰਦੇ ਆ। ਪਰ ਮੈਨੂੰ ਅਜਿਹੀ ਥਾਂ ਚੰਗੀ ਲੱਗਦੀ ਆ।” ਉਹਨੇ ਫੇਰ ਪੁੱਛਿਆ, ”ਕਿਉਂ….?”
ਇਹ ‘ਕਿਉਂ’ ਮੇਰਾ ਪਿਛਾ ਨਹੀਂ ਛੱਡਦੀ। ਮੈਂ ਗੱਲਾਂਬਾਤਾਂ ਵਿੱਚ ਉਸ ਦਾ ਧਿਆਨ ਆਪਣੇ ਪਾਸੋਂ ਮੋੜ ਲਿਆ। ਉਸ ਦੇ ਘਰ-ਪਰਿਵਾਰ ਦੀਆਂ ਗੱਲਾਂ ਛੇੜ ਲਈਆਂ। ਮੈਂ ਇਹ ਗੱਲ ਨੋਟ ਕੀਤੀ ਕਿ ਉਸ ਦਾ ਧਿਆਨ ਵਾਰ-ਵਾਰ ਮੇਰੇ ਕਮਰੇ ਤੇ ਵਿਹੜੇ ਵੱਲ ਜਾ ਰਿਹਾ ਸੀ। ਇਹ ਗੱਲ ਠੀਕ ਹੈ ਕਿ ਮੇਰੇ ਵਰਗੇ ਪੈਨਸ਼ਨੀਏ ਲੈਕਚਰਾਰ ਲਈ ਇਹ ਥਾਂ ਢੁੱਕਵੀਂ ਨਹੀਂ ਹੈ। ਮੈਨੂੰ ਪੱਚੀ ਹਜ਼ਾਰ ਤੋਂ ਉਪਰ ਪੈਨਸ਼ਨ ਮਿਲਦੀ ਹੈ। ਬੈਂਕ ਵਿੱਚ ਵੀ ਦਸ-ਬਾਰਾਂ ਲੱਖ ਪਿਆ ਹੈ। ਐਨੇ ਪੈਸਿਆਂ ਨਾਲ ਮੈਂ ਦੋ ਬੈੱਡ ਰੂਮ ਵਾਲਾ ਫਲੈਟ ਖ਼ਰੀਦ ਸਕਦਾ ਹਾਂ। ਮੈਨੂੰ ਫਲੈਟਾਂ ਵਿੱਚ ਰਹਿਣਾ ਚੰਗਾ ਨਹੀਂ ਲੱਗਦਾ। ਐਦਾਂ ਦੀ ਜਗ੍ਹਾ ਚੰਗੀ ਲੱਗਦੀ ਹੈ। ਜਿੱਦਾਂ ਕਿ ਕਮਰੇ ਦੀ ਛੱਤ ਕੱਚੀ ਹੋਵੇ। ਇੱਟਾਂ ਦਾ ਫਰਸ਼ ਹੋਵੇ। ਪੁਰਾਣੇ ਰਿਵਾਜ਼ ਦਾ ਦਰਵਾਜ਼ਾ ਹੋਵੇ। ਵਿਹੜਾ ਕੱਚਾ ਹੋਵੇ।
ਮੈਨੂੰ ਉਸ ਦੀ ਇਸ ‘ਕਿਉਂ’ ਦਾ ਜਵਾਬ ਦੇਣਾ ਹੀ ਪੈਣਾ ਸੀ। ਮਨ ਵਿੱਚ ਡਰ ਸੀ ਕਿ ਸ਼ਾਇਦ ਉਸ ਨੂੰ ਮੇਰੀਆਂ ਦੱਸੀਆਂ ਹੋਈਆਂ ਗੱਲਾਂ ‘ਤੇ ਯਕੀਨ ਹੀ ਨਾ ਆਵੇ। ਹੋਰਨਾਂ ਵਾਂਗ ਉਹ ਵੀ ਕਹਿ ਦੇਵੇ, ”ਚਲ-ਝੂਠਾ ਨਾ ਹੋਵੇ ਕਿਸੇ ਥਾਂਹ ਦਾ।”…ਜਨਾਬ…। ਫੇਰ ਮੈਨੂੰ ਲੱਗਾ ਸੀ ਕਿ ਉਸ ਨੂੰ ਆਪਣੀ ਆਪ ਬੀਤੀ ਦੱਸੀ ਜਾ ਸਕਦੀ ਹੈ।…ਮੈਂ ਉਸ ਕੋਲੋਂ ਹਮਦਰਦੀ ਨਹੀਂ ਲੈਣਾ ਚਾਹੁੰਦਾ ਸੀ। ਨਾ ਹੀ ਮੇਰੀ ਅਜਿਹੀ ਕੋਈ ਇੱਛਾ ਸੀ…ਮੈਂ ਬਹੁਤ ਕੁਝ ਹੋਰ ਦੱਸਣ ਲਈ ਆਪਣੇ ਆਪ ਨੂੰ ਤਿਆਰ ਕਰਨ ਲੱਗਾ। ਮੈਂ ਰਸੋਈ ਵਿੱਚ ਗਿਆ। ਖੱਟੀ ਲੱਸੀ ਵਾਲੀ ਬੋਤਲ ਚੁੱਕ ਲਿਆਇਆ। ਨਲਕੇ ਹੇਠ ਬੈਠ ਕੇ ਕੇਸੀ ਨਹਾਉਣ ਲੱਗਾ। ਫੇਰ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਮੈਥੋਂ ਆਵਾਜ਼ ਮਾਰੀ ਗਈ, ”ਜ਼ਰਾ ਮੇਰੇ ਵਾਲਾਂ ਵਿੱਚ ਹੱਥ ਤਾਂ ਮਾਰੇਓ।” ਉਸ ਮੇਰੇ ਵਾਲਾਂ ਨੂੰ ਘੁੱਟ-ਘੁੱਟ ਕੇ ਮਲਿਆ। ਆਨੰਦ ਆ ਗਿਆ। ਮੁੜ ਧੁੱਪੇ ਬੈਠਦਿਆਂ ਹੋਇਆਂ ਮੈਂ ਕਿਹਾ, ”ਮੇਰੀ ਮਾਂ ਵੀ ਐਦਾਂ ਹੀ ਮੈਨੂੰ ਕੇਸੀ ਨਹਾਉਂਦੀ ਸੀ।”
”ਇਹ ਕਦੋਂ ਦੀ ਗੱਲ ਆ?”
”ਬਹੁਤ ਪੁਰਾਣੀ। ਮੈਂ ਪੰਜ ਸਾਲਾਂ ਦਾ ਸੀ ਜਦੋਂ ਉਹ ਮਰ ਗਈ ਸੀ। ਵੱਡੀ ਮਾਤਾ ਨਿਕਲਣ ਨਾਲ।”
ਉਸ ਨੇ ਹੌਕਾ ਲਿਆ ਸੀ।
ਮੈਂ ਉਹਨੂੰ ਦੱਸਿਆ ਸੀ ਕਿ ਮਾਂ ਦੇ ਮਰਨ ਤੋਂ ਬਾਅਦ ਅਸੀਂ ਭੈਣ-ਭਰਾ ਇਕੱਲੇ ਰਹਿ ਗਏ ਸੀ। ਬਾਪੂ ਸ਼ਰਾਬੀ-ਕਬਾਬੀ ਸੀ। ਮਨਮਤਾ ਸੀ। ਕਈ-ਕਈ ਦਿਨ ਘਰੇ ਹੀ ਨਾ ਵੜਦਾ। ਪਿੰਡ ਵਿੱਚ ਸੇਪੀ ਦਾ ਕੰਮ ਕਰਦਾ ਸੀ। ਚੰਗਾ ਕਾਮਾ ਸੀ। ਇਸੇ ਕਰਕੇ ਕੰਮ ਕਰਾਉਣ ਵਾਲੇ ਉਸ ਦਾ ਇੰਤਜ਼ਾਰ ਕਰਦੇ। ਮੇਰੀ ਚਾਚੀ ਸਾਨੂੰ ਸੰਭਾਲਦੀ। ਲੋਕ ਲੱਜਿਆ ਵਜੋਂ। ਬਾਪੂ ਘਰੇ ਹੁੰਦਾ ਤਾਂ ਸਾਨੂੰ ਆਪਣੇ ਨਾਲ ਖੱਬੇ-ਸੱਜੇ ਪਾ ਕੇ ਸੌਂਦਾ। ਮਾਂ ਦੀਆਂ ਗੱਲਾਂ ਛੇੜ ਕੇ ਭੁੱਬੀਂ ਰੋਂਦਾ। ਦੱਸਦਾ, ”ਤੇਰੀ ਮਾਂ ਵਰਗੀ ਸਚਿਆਰੀ ਔਰਤ ਸਾਰੇ ਪਿੰਡ ਵਿੱਚ ਨ੍ਹੀਂ ਹੋਣੀ। ਉਹਦੇ ਵਰਗੀਆਂ ਮੋਰਣੀਆਂ ਕੋਈ ਨ੍ਹੀਂ ਪਾ ਸਕਦਾ। ਚੌਂਕੇ ਦਾ ਉਟਾ ਜਾਂ ਬਾਹਰਲੀ ਕੰਧ-ਮੋਰਨੀਆਂ ਉਡੂ-ਉਡੂ ਕਰਦੀਆਂ। ਮੈਨੂੰ ਕਿਹੜੀ ਉਮਰ ਵਿੱਚ ਧੋਖਾ ਦੇ ਗਈ। ਪੁੱਤ-ਮੈਂ ਸੇਵਾ ਵੱਲੋਂ ਕੋਈ ਕਸਰ ਨ੍ਹੀਂ ਰਹਿਣ ਦਿੱਤੀ ਸੀ। ਉਹਦੀ ਚੁੰਨੀ ਨਾਲ ਸੁਆਹ ਛਾਣ ਕੇ ਉਹਦੇ ਹੇਠਾਂ ਖਿਲਾਰਦਾ ਪਰ ਵੱਡੀ ਮਾਤਾ ਨੇ ਐਨੀਆਂ ਫਿਨਸਨੀਆਂ ਕਰ ਦਿੱਤੀਆਂ ਸੀ ਕਿ ਇਹ ਦਿਨਾਂ ਵਿੱਚ ਹੀ ਵੱਡੇ ਜ਼ਖ਼ਮ ਬਣ ਗਏ……….।” ਫੇਰ ਬਾਪੂ ਖਿਝਿਆ ਖਿਝਿਆ ਰਹਿਣ ਲੱਗਾ। ਸੌਣ ਲੱਗਿਆਂ ਸਾਡੇ ਨਾਲ ਬਹੁਤੀਆਂ ਗੱਲਾਂ ਨਾ ਕਰਦਾ।। ਮੈਨੂੰ ਜਾਗ ਆਉਂਦੀ ਤਾਂ ਬਾਪੂ ਮੰਜੇ ‘ਤੇ ਨਾ ਹੁੰਦਾ। ਡਰਦੇ ਮਾਰਿਆਂ ਮੈਨੂੰ ਨੀਂਦ ਨਾ ਆਉਂਦੀ। ਕਿੰਨੇ ਚਿਰ ਬਾਅਦ ਉਹ ਮੁੜਦਾ। ਇਕ ਵਾਰੀ ਅਜਿਹਾ ਹੋਇਆ ਕਿ ਮੈਂ ਜਾਗਦਾ ਪਿਆ ਸੀ। ਬਾਪੂ ਨੇ ਸਮਝ ਲਿਆ ਕਿ ਮੈਂ ਸੌਂ ਗਿਆਂ। ਉਹ ਅਹਿਸਤੇ ਜਿਹੇ ਉੱਠਿਆ। ਨਾਲ ਦੀ ਕੰਧ ਉਪਰ ਦੀ ਛਾਲ ਮਾਰੀ। ਫੇਰ ਵਾਹਵਾ ਚਿਰ ਬਾਅਦ ਵਾਪਸ ਮੁੜਿਆ। ਮੈਨੂੰ ਉਸ ਦੇ ਜਾਣ ਤੇ ਵਾਪਸ ਆਉਣ ਵਾਲੀ ਗੱਲ ਦੀ ਸਮਝ ਬਹੁਤ ਦੇਰ ਨਾਲ ਲੱਗੀ। ਉਹ ਵੀ ਉਦੋਂ ਜਦੋਂ ਪਿੰਡ ਦੀ ਪੰਚਾਇਤ ਨੇ ਫੈਸਲਾ ਸੁਣਾਇਆ ਸੀ, ”ਸਾਲਿਆ ਗੁਲੀਘਾੜਿਆ, ਸਾਡੇ ਟੁਕੜਿਆਂ ‘ਤੇ ਪਲਦਾਂ। ਸਾਡੀਆਂ ਧੀਆਂ-ਭੈਣਾਂ ਵੱਲ ਮਾੜੀ ਨੀਯਤ ਨਾਲ ਦੇਖਦਾਂ। ਆਹ ਤੇਰੇ ਮਾਸੂਮਾਂ ‘ਤੇ ਤਰਸ ਖਾ ਕੇ ਤੈਨੂੰ ਇਕ ਵਾਰੀ ਜਾਣ ਦਿੱਤਾ-ਜੇ ਮੁੜ ਕੇ ਉੱਧਰ ਝਾਕਿਆ ਤਾਂ ਮੂੰਹ ਕਾਲਾ ਕਰਕੇ ਪਿੰਡੋਂ ਬਾਹਰ ਕੱਢਾਂਗੇ।”
ਸ਼ਰਮ ਦਾ ਮਾਰਿਆ ਹੋਇਆ ਬਾਪੂ ਇਕ ਹਫ਼ਤਾ ਘਰੋਂ ਬਾਹਰ ਨਾ ਨਿਕਲਿਆ। ਨਾ ਹੀ ਕਿਸੇ ਨੂੰ ਮਿਲਿਆ। ਨਾ ਹੀ ਉਸ ਨੂੰ ਕੋਈ ਮਿਲਣ ਆਇਆ। ਸਾਡੇ ਲਈ ਰੋਟੀ ਪਾਣੀ ਦਾ ਅਹੁਰ ਕਰ ਛੱਡਦਾ। ਅੱਠਵੇਂ ਦਿਨ ਉਹ ਸਾਨੂੰ ਸਾਡੀ ਮਾਸੀ ਕੋਲ ਤਲਵੰਡੀ ਛੱਡ ਆਇਆ। ਜਾਣ ਲੱਗਿਆਂ ਉਸ ਮੈਨੂੰ ਸਮਝਾਇਆ, ”ਮਾਸੀ ਵੀ ਮਾਂ ਵਰਗੀ ਹੁੰਦੀ ਆ। ਜੋ ਉਸ ਕਿਹਾ-ਉਹਨੂੰ ਮੰਨਿਓ। ਕਿਸੇ ਅੱਗੇ ਬੋਲਣਾ ਨ੍ਹੀਂ। ਕੀ ਪਤਾ ਮੈਂ ਮੁੜ ਕੇ ਆਵਾਂ ਕਿ ਨਾ ਆਵਾਂ।” ਅਸੀਂ ਬੱਚੇ ਸੀ। ਬਾਪੂ ਨੇ ਕੀ ਕਿਹਾ ਸੀ, ਇਸ ਗੱਲ ਦੀ ਸਮਝ ਨਹੀਂ ਲੱਗੀ ਸੀ। ਕੁਝ ਮਹੀਨਿਆਂ ਬਾਅਦ ਮਾਸੀ ਨੇ ਦੱਸਿਆ ਕਿ ਬਾਪੂ ਗੁਆਂਢਣ ਕਰਤਾਰੋ ਨੂੰ ਲੈ ਕੇ ਯੂ.ਪੀ. ਵੱਲ ਦੌੜ ਗਿਆ। ਉਹ ਮੁੜ ਕੇ ਨਾ ਆਇਆ।
ਮਾਸੀ ਦੇ ਘਰ ਦੀ ਹਾਲਤ ਸਾਡੇ ਨਾਲੋਂ ਵੀ ਗਈ ਗੁਜ਼ਰੀ ਸੀ। ਉਹਦਾ ਸੁਭਾਅ ਬਹੁਤ ਸਖ਼ਤ ਸੀ। ਭੋਰਾ ਭਰ ਲਿਹਾਜ਼ ਨਾ ਕਰਦੀ। ਹਰ ਵੇਲੇ ਵੰਡੂਖਾਊਂ-ਵੰਡੂਖਾਊਂ ਕਰਦੀ ਰਹਿੰਦੀ। ਰੱਜ ਕੇ ਰੋਟੀ ਖਾਣ ਨੂੰ ਨਾ ਦਿੰਦੀ। ਮੇਰੇ ਵਿੱਚ ਹਿੰਮਤ ਨਹੀਂ ਕਿ ਮੈਂ ਉਸ ਦੀ ਕਿਸੇ ਗੱਲ ਦਾ ਮੋੜਵਾਂ ਜੁਆਬ ਦੇਵਾਂ। ਇਕ ਗੱਲ ਉਹਨੇ ਚੰਗੀ ਇਹ ਕੀਤੀ ਕਿ ਮੈਨੂੰ ਸਕੂਲੇ ਪੜ੍ਹਨੇ ਪਾ ਦਿੱਤਾ। ਸੰਤੋ ਨੂੰ ਨਹੀਂ। ਸੰਤੋ ਦੋ ਕੁ ਸਾਲਾਂ ਦੀ ਸੀ। ਸਕੂਲੋਂ ਆ ਕੇ ਮੈਂ ਮੱਝ ਤੇ ਗਾਂ ਚਾਰਣ ਟਿੱਬਿਆਂ ਵੱਲ ਨਿਕਲ ਜਾਂਦਾ। ਮੈਂ ਤੰਗੀਆਂ-ਤੁਰਸੀਆਂ ਵਿੱਚ ਪੜ੍ਹਦਾ ਰਿਹਾ। ਜਦੋਂ ਕੰਤਾ ਵਿਆਹਿਆ ਗਿਆ ਤਾਂ ਮਾਸੀ ਦੀ ਘਰ ਵਿੱਚ ਚਲਣੋਂ ਹੱਟ ਗਈ। ਕੰਤੇ ਦੀ ਵਹੁਟੀ ਰੇਸ਼ਮਾ ਬਹੁਤ ਸੁਹਣੀ-ਸਨੁੱਖੀ ਸੀ। ਹੱਥ ਲਾਇਆਂ ਮੈਲੀ ਹੁੰਦੀ। ਜਿੰਨੀ ਸੁਹਣੀ ਸੀ, ਉਨੀ ਹੀ ਸੁਭਾਅ ਦੀ ਕੁਰਖਤ। ਮਾਸੀ ਨਾਲੋਂ ਵੀ ਤਿੰਨ ਰੱਤੀਆਂ ਉਪਰ। ਮੈਨੂੰ ਤਾਂ ਉਹਨੂੰ ਦੇਖ ਕੇ ਹੀ ਡਰ ਲੱਗਣ ਲੱਗ ਜਾਂਦਾ। ਉਹ ਅਕਸਰ ਮਾਸੀ ਨੂੰ ਫਫੀ ਕੁੱਤੀ ਵਾਂਗ ਪੈਂਦੀ, ”ਆਹ ਮੁਫ਼ਤ ਦੇ ਵਹਿੜਕੇ ਕਿਉਂ ਪਾਲੇ ਆ।” ਮਾਸੀ ਕਹਿੰਦੀ, ”ਜਿੰਨਾ ਇਹ ਖਾਂਦੇ ਆ-ਉਦੂੰ ਜ਼ਿਆਦਾ ਦਾ ਕੰਮ ਕਰਦੇ ਆ। ਦੱਸ-ਮੈਂ ਕੋਈ ਝੂਠ ਬੋਲਦੀ ਆਂ।” ਹੌਲੀ-ਹੌਲੀ ਮੈਂ ਉਸ ਦਾ ਪਹੁੰ ਪਾ ਲਿਆ। ਮੈਂ ਉਸ ਦੇ ਕਈ ਨਿੱਕੇ ਮੋਟੇ ਕੰਮ ਕਰ ਦਿੰਦਾ। ਉਹ ਇੰਨੇ ਨਾਲ ਹੀ ਖੁਸ਼ ਰਹਿੰਦੀ।
ਫੇਰ ਉਹ ਮੇਰੇ ‘ਤੇ ਜ਼ਿਆਦਾ ਹੀ ਦਿਆਲ ਹੋ ਗਈ। ਇਕ ਦਿਨ ਮੈਂ ਕੇਸੀ ਨਹਾ ਕੇ ਵਾਲ ਸੁਕਾ ਰਿਹਾ ਸੀ। ਘਰ ਵਿੱਚ ਕੋਈ ਨਹੀਂ ਸੀ। ਮਾਸੀ ਤੇ ਸੰਤੋ ਸ਼ਹਿਰ ਗਈਆਂ ਸਨ। ਕੇਸ ਸੁਕਾਉਣ ਤੋਂ ਬਾਅਦ ਮੈਂ ਤੇਲ ਵਾਲੀ ਕੌਲੀ ਲੈ ਕੇ ਰੇਸ਼ਮਾ ਕੋਲ ਚਲਾ ਗਿਆ। ਉਹਨੂੰ ਸਿਰ ਵਿੱਚ ਤੇਲ ਪਾਉਣ ਲਈ ਕਿਹਾ। ਤੇਲ ਝਸਦਿਆਂ ਹੋਇਆਂ ਮੇਰਾ ਸਿਰ ਉਸ ਦੀਆਂ ਛਾਤੀਆਂ ਨਾਲ ਜਾ ਲੱਗਾ। ਮੈਨੂੰ ਲੱਗਾ ਕਿ ਉਹ ਮੇਰੀ ਭਾਬੀ ਨਹੀਂ-ਮਾਂ ਹੈ। ਮੇਰੇ ਮਨ ਵਿੱਚ ਆਇਆ ਕਿ ਮੈਂ ਉਸ ਦੀ ਝੋਲੀ ਵਿੱਚ ਸਿਰ ਰੱਖ ਕੇ ਪੈ ਜਾਵਾਂ, ਉੱਦਾਂ ਹੀ ਜਿੱਦਾਂ ਮੈਂ ਮਾਂ ਦੀ ਝੋਲੀ ਵਿੱਚ ਸਿਰ ਰੱਖ ਕੇ ਪੈ ਜਾਂਦਾ ਸੀ। ਸੌਂ ਜਾਂਦਾ ਸੀ। ਕੁਝ ਚਿਰ ਪਿੱਛੋਂ ਮੈਨੂੰ ਲੱਗਿਆ ਜਿੱਦਾਂ ਮੇਰੇ ਸਾਰੇ ਜਿਸਮ ਵਿੱਚ ਸੂਲਾਂ ਜਿਹੀਆਂ ਚੁੱਭਣ ਲੱਗੀਆਂ ਸਨ। ਅੱਖਾਂ ਵਿੱਚੋਂ ਸੇਕ ਨਿਕਲਣ ਲੱਗਾ। ਮੱਥਾ ਭੱਖਣ ਲੱਗਾ। ਮੈਂ ਆਪਣੇ ਸਿਰ ਦੇ ਭਾਰ ਨਾਲ ਛਾਤੀਆਂ ‘ਤੇ ਦਬਾਊ ਵਧਾ ਦਿੱਤਾ। ਮੈਂ ਅਜੇ ਸੋਚ ਹੀ ਰਿਹਾ ਸੀ ਕਿ ਇਹ ਮੈਥੋਂ ਕੀ ਹੋਈ ਜਾ ਰਿਹਾ ਸੀ-ਰੇਸ਼ਮਾ ਨੇ ਮੇਰਾ ਮੂੰਹ ਫੜ ਕੇ ਆਪਣੇ ਵੱਲ ਨੂੰ ਖਿਚ ਲਿਆ। ਮੇਰੇ ਬੁੱਲ੍ਹਾਂ ‘ਤੇ ਆਪਣੇ ਗਰਮ ਬੁੱਲ੍ਹ ਰੱਖ ਕੇ ਕਿਹਾ, ”ਕਮਲਿਆ ਦਿਉਰਾ, ਆ ਤੈਨੂੰ ਪਿਆਰ ਕਰਨਾ ਸਿਖਾਵਾਂ।” ਉਹ ਮੈਨੂੰ ਬਾਹੋਂ ਫੜ ਕੇ ਕੱਚੇ ਦਾਲਾਨ ਵਿੱਚ ਲੈ ਗਈ।
ਇਕ ਦਿਨ ਮਾਸੀ ਨੇ ਕੋਠੇ ‘ਤੇ ਬੈਠਿਆਂ ਮੇਰੇ ਨਾਲ ਕੁੱਤੇਖਾਣੀ ਕੀਤੀ ਸੀ, ”ਕੁਨਸਲਾ-ਮਨ ਲਾ ਕੇ ਪੜ੍ਹ। ਤੇਰੇ ਸਿਰ ‘ਤੇ ਨਾ ਪਿਉ ਦਾ ਹੱਥ ਆ, ਨਾ ਮਾਂ ਦਾ। ਜਨਾਨੀਬਾਜ਼ ਬਣ ਕੇ ਆਪਣੀ ਜ਼ਿੰਦਗੀ ਨਾ ਖ਼ਰਾਬ ਕਰ ਬੈਠੀਂ। ਲੋਕਾਂ ਨੇ ਮਿੰਟ ਨ੍ਹੀਂ ਲਾਉਣਾ ਇਹ ਕਹਿੰਦਿਆਂ-ਪਹਿਲਾਂ ਪਿਉ ਕੰਜਰ ਪੁੱਠੇ ਕੰਮ ਕਰਦਾ ਸੀ-ਹੁਣ ਮੁੰਡਾ ਕਰਨ ਲੱਗ ਪਿਆ। ਹੋਰ ਨ੍ਹੀਂ ਤਾਂ ਮੇਰੇ ਇਨ੍ਹਾਂ ਧੌਲਿਆਂ ਦਾ ਹੀ ਖ਼ਿਆਲ ਕਰ ਲੈ।” ਮਾਸੀ ਹਟਕੋਰੇ ਲੈ-ਲੈ ਕੇ ਰੋਣ ਲੱਗੀ। ਫੇਰ ਮੈਂ ਮਾਸੀ ਦੇ ਗਲ ਲੱਗ ਕੇ ਧਾਹੀ ਰੋ ਪਿਆ।
ਰੇਸ਼ਮਾ ਕੋਲੋਂ ਬਚਣਾ ਮੇਰੇ ਲਈ ਸੌਖਾ ਨਹੀਂ ਸੀ।
ਸਾਲਾਨਾ ਪੇਪਰਾਂ ਲਈ ਮੈਂ ਵੀਹ ਦਿਨ ਫਿਲੌਰ ਰਿਹਾ। ਆਪਣੇ ਇਕ ਮਿੱਤਰ ਦੇ ਰਿਸ਼ਤੇਦਾਰ ਕੋਲ। ਮੈਨੂੰ ਦਰਸ਼ਨ ਦੇ ਹੱਥੀਂ ਕੰਤੇ ਦਾ ਸੁਨੇਹਾ ਮਿਲਿਆ ਸੀ ਕਿ ਮੈਂ ਉਥੇ ਹੀ ਰਹਿਣਾ ਸ਼ੁਰੂ ਕਰ ਦਿਆਂ। ਜੇ ਮੈਂ ਮੁੜ ਕੇ ਘਰੇ ਵੜਿਆ ਤਾਂ ਮੇਰੀਆਂ ਲੱਤਾਂ ਭੰਨ ਦਿੱਤੀਆਂ ਜਾਣਗੀਆਂ। ਮੈਂ ਉਥੇ ਹੀ ਰਹਿਣ ਲੱਗ ਪਿਆ। ਜੱਸੀ ਨੇ ਐਨਾ ਪਿਆਰ ਦਿੱਤਾ ਕਿ ਮੈਂ ਰੇਸ਼ਮਾ ਨੂੰ ਭੁੱਲ ਹੀ ਗਿਆ।
ਔਰਤਾਂ ਦੀ ਮੈਨੂੰ ਕਦੇ ਕਮੀ ਨਹੀਂ ਰਹੀ।
ਮੇਰੀ ਘਰਵਾਲੀ ਨੇ ਮੈਥੋਂ ਪੁਛਿਆ ਸੀ, ”ਤੁਹਾਡੇ ਕੋਲ ਕਿਹੜੀ ਗਿਦੜਸਿੰਗੀ ਆ ਕਿ ਤੁਸੀਂ ਮੈਨੂੰ ਆਪਣੇ ਮਗਰ ਲਾ ਲਿਆ। ਮੈਂ ਤਾਂ ਕਦੇ ਕਿਸੇ ਬੰਦੇ ਦੇ ਮੂੰਹ ਵੱਲ ਸਿੱਧਿਆ ਦੇਖਿਆ ਹੀ ਨ੍ਹੀਂ।” ਮੈਂ ਦੱਸਿਆ ਸੀ, ”ਪਹਿਲੀ ਨਜ਼ਰ ਵਿੱਚ ਮੈਂ ਕਿਸੇ ਵੀ ਔਰਤ ਨੂੰ, ਮਾਂ ਦੇ ਰੂਪ ਵਿੱਚ ਦੇਖਦਾ ਆਂ। ਮਾਂ ਦੇ ਨੈਣ-ਨਕਸ਼ਾਂ ਨਾਲ ਉਹਨੂੰ ਮਿਲਾਉਣ ਲੱਗਦਾ ਆਂ।…ਪਰ ਅੱਗੇ ਔਰਤ ਦਾ ਹੋਰ ਹੀ ਰੂਪ ਮਿਲਦਾ ਆ।… ਮੈਨੂੰ ਅਜੇ ਤੱਕ ਮਾਂ ਵਰਗੀ ਔਰਤ ਨ੍ਹੀਂ ਮਿਲੀ। ਇਹੀ ਮੇਰੀ ਭਟਕਣ ਆ। ਮੈਂ ਕਿਸੇ ਔਰਤ ਪ੍ਰਤੀ ਕਦੇ ਮਾੜੀ ਭਾਵਨਾ ਨ੍ਹੀਂ ਰੱਖੀ। ਮੈਨੂੰ ਤਾਂ ਜਿਹੜੀ ਵੀ ਔਰਤ ਮਿਲੀ ਆ-ਉਹ ਜਿਸਮ ਪੱਖੋਂ ਭੁੱਖੀ ਹੀ ਮਿਲੀ ਆ।” ਪਤਾ ਨਹੀਂ ਉਹਨੂੰ ਮੇਰੀ ਇਸ ਗੱਲ ਦੀ ਸਮਝ ਲੱਗੀ ਸੀ ਕਿ ਨਹੀਂ, ਪਰ ਇਸ ਸੰਬੰਧੀ ਉਸ ਮੈਨੂੰ ਮੁੜ ਕੇ ਕਦੇ ਨਾ ਪੁੱਛਿਆ। ਮੈਂ ਉਸ ਪ੍ਰਤੀ ਗੰਭੀਰ ਸੀ। ਮੈਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਹ ਮੇਰੇ ਦੋ ਮੁੰਡਿਆਂ ਦੀ ਮਾਂ ਹੈ। ਘਰ ਦੀ ਮਾਲਕਣ ਹੈ। ਮੈਂ ਉਸ ਦੇ ਹੁਕਮ ਦਾ ਗੁਲਾਮ ਹਾਂ। ਮੈਂ ਆਪਣੇ ਆਪ ਨਾਲ ਗੁਪਤ ਸਮਝੌਤਾ ਕਰਿਆ ਹੋਇਆ ਸੀ ਕਿ ਜੋ ਕੁਝ ਮਰਜ਼ੀ ਹੋ ਜਾਵੇ-ਘਰ ਵਿੱਚ ਕਲਾਹ ਕਲੇਸ਼ ਨਹੀਂ ਹੋਣ ਦੇਣਾ। ਮੈਂ ਆਪਣੇ ਮਕਸਦ ਵਿੱਚ ਕਾਮਯਾਬ ਰਿਹਾ ਸੀ।
…ਅਚਾਨਕ ਮੇਰਾ ਝੁਕਾਉ ਕਮਲੇਸ਼ ਵੱਲ ਹੋ ਗਿਆ ਸੀ।
ਹੁਣ ਤੁਸੀਂ ਪੁੱਛੋਂਗੇ ਕਿ ਕਮਲੇਸ਼ ਕੌਣ ਸੀ। ਕਮਲੇਸ਼ ਸਾਡੇ ਸਕੂਲ ਵਿੱਚ ਸਾਇੰਸ ਦੀ ਟੀਚਰ ਸੀ। ਬਹੁਤ ਹੀ ਗੰਭੀਰ ਸੁਭਾਅ ਦੀ ਔਰਤ। ਕਿਸੇ ਨੂੰ ਵੀ ਬੁਲਾਉਂਦੀ ਨਹੀਂ ਸੀ। ਮਿਲਦੀ ਨਹੀਂ ਸੀ। ਸਕੂਲੇ ਆਉਂਦੀ। ਹਾਜ਼ਰੀ ਰਜਿਸਟਰ ਵਿੱਚ ਹਾਜ਼ਰੀ ਲਾਉਂਦੀ। ਜੇ ਉਸ ਦਾ ਪੀਰੀਅਡ ਸ਼ੁਰੂ ਹੋਣ ਵਿੱਚ ਸਮਾਂ ਪਿਆ ਹੁੰਦਾ ਤਾਂ ਗਰਾਊਂਡ ਵਿੱਚ ਲੰਬੇ ਗੇੜੇ ਕੱਢਦੀ। ਜੇ ਕੋਈ ਅਧਿਆਪਕ ਅਚਾਨਕ ਹੀ ਸਾਹਮਣੇ ਆ ਜਾਂਦਾ ਤਾਂ ਉਹ ਨੀਵੀਂ ਪਾਈ ਹੀ ਨਮਸਕਾਰ ਕਹਿੰਦੀ। ਸਟਾਫ਼ ਰੂਮ ਵਿੱਚ ਵੀ ਬੈਠੀ ਚੁੱਪ ਰਹਿੰਦੀ। ਕਿਸੇ ਗੱਲ ਜਾਂ ਬਹਿਸ ਵਿੱਚ ਸ਼ਾਮਲ ਨਾ ਹੁੰਦੀ। ਮੈਂ ਉਸ ਨੂੰ ਕਦੇ ਹੱਸਦਿਆਂ ਨਹੀਂ ਦੇਖਿਆ ਸੀ। ਉਹ ਹਮੇਸ਼ਾ ਹਲਕੇ ਰੰਗ ਦੇ ਸੂਟ ਪਾਉਂਦੀ। ਚਿਹਰੇ ‘ਤੇ ਕੋਈ ਮੇਕਅਪ ਵੀ ਨਾ ਕਰਦੀ। ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਕਿਥੋਂ ਆਉਂਦੀ ਸੀ। ਕਿਥੇ ਜਾਂਦੀ ਸੀ। ਸਾਰੇ ਟੀਚਰ ਕਹਿੰਦੇ ਕਿ ਕਮਾਲ ਦੀ ਔਰਤ ਹੈ। ਔਰਤ ਨੂੰ ਸੋਸ਼ਲ ਹੋਣਾ ਚਾਹੀਦਾ ਹੈ। ਫੇਰ ਇਸੇ ਔਰਤ ਨਾਲ ਮੇਰਾ ਵਾਹ ਪੈ ਗਿਆ। ਹੋਇਆ ਐਦਾਂ ਸੀ ਕਿ ਇਕ ਦਿਨ ਸਟਾਫ਼ ਰੂਮ ਵਿੱਚ ਦਸ ਪੰਦਰਾਂ ਟੀਚਰ ਬੈਠੇ ਸਨ। ਛੋਟੀ ਜਿਹੀ ਪਾਰਟੀ ਸੀ। ਮੈਥੋਂ ਅਚਾਨਕ ਕਿਹਾ ਗਿਆ ਕਿ ਮੈਂ ਸਾਰੇ ਟੀਚਰਾਂ ਦੇ ਫੇਸ ਐਮਪ੍ਰੈਸ਼ਨ ਪੜ੍ਹਦਾ ਹਾਂ। ਮੈਨੂੰ ਲੱਗਦਾ ਹੈ ਕਿ ਸਾਰੇ ਜਣੇ ਕਿਸੇ ਨਾ ਕਿਸੇ ਸਮੱਸਿਆ ਵਿੱਚ ਉਲਝੇ ਹੋਏ ਹਨ। ਪ੍ਰਿੰਸੀਪਲ ਸਾਹਿਬ ਵੀ। ਇਕ ਦਿਨ ਮੈਂ ਪ੍ਰਿੰਸੀਪਲ ਸਾਹਿਬ ਕੋਲ ਬੈਠਾ ਸੀ। ਉਨ੍ਹਾਂ ਦਾ ਧਿਆਨ ਉਘੜਿਆ ਹੋਇਆ ਸੀ। ਮੈਂ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਤਾਂ ਪਹਿਲਾਂ ਉਹ ਟਾਲ ਗਏ। ਫੇਰ ਮੰਨ ਗਏ ਕਿ ਉਨ੍ਹਾਂ ਦੀ ਮਿਸਿਜ਼ ਵੀ ਦਫ਼ਤਰ ਗਏ ਹੋਏ ਸਨ। ਬਾਹਰ ਬੱਦਲਵਾਈ ਸੰਘਣੀ ਹੋਈ ਜਾ ਰਹੀ ਸੀ। ਉਨ੍ਹਾਂ ਛੱਤ ‘ਤੇ ਦਾਣੇ ਸੁਕਣੇ ਪਾਏ ਹੋਏ ਸਨ। ਕਮਲੇਸ਼ ਨੇ ਅਚੰਭੇ ਜਿਹੇ ਨਾਲ ਮੇਰੇ ਵੱਲ ਦੇਖਿਆ। ਉੱਠ ਕੇ ਬਾਹਰ ਚਲੇ ਗਈ। ਗਰਾਊਂਡ ਦੀ ਨੁੱਕਰ ਵਿੱਚ ਜਾ ਬੈਠੀ। ਅੱਧੇ ਕੁ ਘੰਟੇ ਬਾਅਦ ਮੈਂ ਉਸ ਦੇ ਪਿਛੇ-ਪਿਛੇ ਗਿਆ। ਬੜੀ ਨਿਮਰਤਾ ਨਾਲ ਕਿਹਾ, ”ਮੈਡਮ ਜੀ, ਦੁੱਖ ਦੱਸਿਆਂ ਘੱਟਦਾ ਆ। ਮੈਨੂੰ ਲੱਗਦਾ ਕਿ ਤੁਹਾਨੂੰ ਘਰ ਵਿੱਚ ਬਹੁਤ ਹੀ ਜ਼ਿਆਦਾ ਪ੍ਰੇਸ਼ਾਨੀਆਂ ਨੇ। ਜੇ ਤੁਸੀਂ ਮੈਨੂੰ ਆਪਣੀ ਕਹਾਣੀ ਸੁਣਾ ਦਿਉਂ ਤਾਂ ਸ਼ਾਇਦ ਮੈਂ ਤੁਹਾਡੇ ਕਿਸੇ ਕੰਮ ਆ ਜਾਵਾਂ।” ਪਹਿਲਾਂ ਤਾਂ, ਜਿੱਦਾਂ ਆਮ ਹੀ ਔਰਤਾਂ ਕਰਦੀਆਂ ਹਨ, ਉਸ ਵੀ ਟਾਲਣ ਦੀ ਨੀਤੀ ਅਪਣਾਈ। ਫੇਰ ਮੈਨੂੰ ਕੁਝ ਗੱਲਾਂ ਦੱਸੀਆਂ। ਬਾਕੀ ਦੀਆਂ ਮੈਂ ਪੁੱਛ ਕੇ ਹੀ ਉਸ ਦਾ ਪਿੱਛਾ ਛੱਡਿਆ। ਵਾਪਸੀ ‘ਤੇ ਅਸੀਂ ਦੋਵੇਂ ਇਕੱਠੇ ਹੀ ਸਟਾਫ਼-ਰੂਮ ਵਿੱਚ ਆਏ। ਹਰਜਿੰਦਰ ਸੂਰਜਵਾਲੀਏ ਨੇ ਟਿਚਰ ਕੀਤੀ, ”ਹਾਂ, ਬਈ ਜਨਾਨੀਬਾਜ਼ਾ, ਚਲਾ ਦਿੱਤੇ ਆਪਣੇ ਤੀਰ।” ਮੈਂ ਕਾਹਦੇ ਤੀਰ ਚਲਾਉਣੇ ਸੀ। ਸਾਰਿਆਂ ਦੀ ਇੱਕੋ ਜਿਹੀ ਸੋਚ ਹੈ। ਉਨ੍ਹਾਂ ਨੂੰ ਮੇਰਾ ਇਕੋ ਹੀ ਪੱਖ ਦਿੱਸਦਾ ਹੈ। ਮੈਂ ਕਿਸੇ ਪ੍ਰਤੀ ਕਿੰਨੀ ਹਮਦਰਦੀ ਰੱਖਦਾ ਹਾਂ। ਮੱਦਦ ਕਰਦਾ ਹਾਂ-ਇਸ ਬਾਰੇ ਕੋਈ ਸੋਚਦਾ ਹੀ ਨਹੀਂ।
ਇਸੇ ਕਮਲੇਸ਼ ਕਰਕੇ ਮੇਰਾ ਘਰ ਟੁੱਟਿਆ ਸੀ। ਨਹੀਂ, ਸ਼ਾਇਦ ਮੈਂ ਗ਼ਲਤ ਕਹਿ ਰਿਹਾ ਹਾਂ। ਉਹ ਤਾਂ ਸਿਰਫ਼ ਬਹਾਨਾ ਬਣੀ ਸੀ। ਮੈਂ ਤੇ ਕਮਲੇਸ਼ ਸੋਸਾਇਟੀ ਸਿਨੇਮੇ ਲੁਧਿਆਣੇ ਫ਼ਿਲਮ ਦੇਖਣ ਗਏ ਸੀ। ਮੇਰੇ ਮਨ ਵਿੱਚ ਉਸ ਪ੍ਰਤੀ ਕੋਈ ਬੁਰੀ ਭਾਵਨਾ ਨਹੀਂ ਸੀ। ਸੱਚ ਜਾਣਿਓਂ-ਮੈਂ ਕਦੇ ਉਸ ਦੇ ਚਿਹਰੇ ਵੱਲ ਸਿੱਧਾ ਦੇਖਿਆ ਹੀ ਨਹੀਂ। ਮੈਥੋਂ ਦੇਖਿਆ ਹੀ ਨਹੀਂ ਜਾਂਦਾ ਸੀ। ਜਦੋਂ ਕਦੇ ਦੇਖਿਆ ਵੀ ਤਾਂ ਉਥੇ ਮੈਨੂੰ ਦੁੱਖ ਹੀ ਦੁੱਖ ਦਿੱਸੇ ਸਨ। ਉਸ ਦਿਨ ਵੀ ਉਹ ਆਖ਼ਰਾਂ ਦੀ ਦੁਖੀ ਸੀ। ਉਸ ਦੀ ਆਪਣੇ ਘਰਵਾਲੇ ਨਾਲ ਰੱਜ ਕੇ ਲੜਾਈ ਹੋਈ ਸੀ। ਉਹ ਸਾਰੀ ਰਾਤ ਸੁੱਤੀ ਨਹੀਂ। ਜਦੋਂ ਉਹ ਸਕੂਲੇ ਆਈ ਤਾਂ ਉਸ ਆਪਣੇ ਘਰਵਾਲੇ ਤੋਂ ਤਲਾਕ ਲੈਣ ਦਾ ਫ਼ੈਸਲਾ ਕਰ ਰੱਖਿਆ ਸੀ। ਜੇ ਕਿਤੇ ਮਾੜਾ-ਮੋਟਾ ਡੋਲਦੀ ਤਾਂ ਉਹ ਆਪਣੀ ਬੱਚੀ ਕਰਕੇ ਸੀ। ਮੈਂ ਉਸ ਨੂੰ ਸਮਝਾਇਆ ਕਿ ਉਸ ਦੇ ਤਲਾਕ ਕਾਰਨ ਬੱਚੀ ਦੀ ਜ਼ਿੰਦਗੀ ਰੁਲ ਜਾਵੇਗੀ। ਮੈਂ ਆਪਣੀ ਜ਼ਿੰਦਗੀ ਦੀ ਕਥਾ ਸੁਣਾਈ। ਉਹ ਵਾਰ-ਵਾਰ ਰੋਈ। ਮੇਰੇ ਜ਼ਿਆਦਾ ਹੀ ਜ਼ੋਰ ਪਾਉਣ ‘ਤੇ ਉਸ ਆਪਣਾ ਫੈyਸਲਾ ਕੁਝ ਦਿਨਾਂ ਲਈ ਟਾਲ ਦਿੱਤਾ। ਮੈਨੂੰ ਕਿਹਾ ਕਿ ਮੈਂ ਉਹਨੂੰ ਇਕੱਲੀ ਨਾ ਛੱਡਾਂ। ਜਦੋਂ ਉਹ ਇਕੱਲੀ ਹੁੰਦੀ ਸੀ ਤਾਂ ਸੋਚਾਂ ਉਸ ਦਾ ਪਿੱਛਾ ਨਹੀਂ ਛੱਡਦੀਆਂ ਸਨ। ਉਸ ਨੇ ਜ਼ੋਰ ਪਾਇਆ ਕਿ ਅੱਜ ਦੀ ਰਾਤ ਮੈਂ ਉਹਨੂੰ ਲੈ ਕੇ ਕਿਤੇ ਬਾਹਰ ਰਹਾਂ। ਮੈਂ ਉਹਨੂੰ ਬੁਰੀ ਤਰ੍ਹਾਂ ਥਕਾ ਦੇਵਾਂ। ਐਨਾ ਥਕਾਵਾਂ ਕਿ ਉਹ ਰੱਜ ਕੇ ਸੌਂ ਸਕੇ। ਉਹ ਪਿਛਲੇ ਦਸਾਂ ਦਿਨਾਂ ਦੀ ਉਨੀਂਦਰੀ ਸੀ। ਮੈਨੂੰ ਇਹ ਤਰੀਕਾ ਠੀਕ ਨਾ ਲੱਗਾ। ਇਸ ਨਾਲ ਉਸ ਦੀਆਂ ਤਕਲੀਫਾਂ ਹੋਰ ਵੱਧ ਸਕਦੀਆਂ ਸਨ। ਉਹਦੀ ਜ਼ਿੰਦਗੀ ਤਬਾਹ ਹੋ ਸਕਦੀ ਸੀ। ਹੁਣ ਮੈਂ ਵੀ ਪਹਿਲਾਂ ਜਿਹਾ ਨਹੀਂ ਰਿਹਾ ਸੀ। ਕਿਸੇ ਵੀ ਕੰਮ ਦੇ ਨਤੀਜੇ ਬਾਰੇ ਸੋਚਣ ਲੱਗਾ ਸੀ। …ਮੈਂ ਉਹਨੂੰ ਫ਼ਿਲਮ ਦਿਖਾਉਣ ਲੈ ਗਿਆ। ਜਦੋਂ ਇੰਟਰਵਲ ਵੇਲੇ ਅਸੀਂ ਕੁਝ ਖਾਣ-ਪੀਣ ਲਈ ਬਾਹਰ ਨਿਕਲੇ ਤਾਂ ਅੱਗੋਂ ਮਿਸਿਜ਼ ਮਿਲ ਗਈ। ਮੇਰੇ ਮਨ ਵਿੱਚ ਕੁਝ ਨਹੀਂ ਸੀ। ਮੈਂ ਕਮਲੇਸ਼ ਨੂੰ ਆਪਣੀ ਮਿਸਿਜ਼ ਨਾਲ ਮਿਲਾਇਆ। ਮੈਥੋਂ ਗ਼ਲਤੀ ਇਹ ਹੋ ਗਈ ਕਿ ਮੈਂ ਮਿਸਿਜ਼ ਨੂੰ ਨਾ ਪੁੱਛਿਆ ਕਿ ਉਹ ਕਿਸ ਦੇ ਨਾਲ ਆਈ ਸੀ। ਮੈਨੂੰ ਲੱਗਾ ਸੀ ਕਿ ਉਸ ਨਾਲ ਵੀ ਕੋਈ ਉਪਰਾ ਬੰਦਾ ਸੀ। ਉਹ ਖਿੜੇ ਮੱਥੇ ਕਮਲੇਸ਼ ਨੂੰ ਮਿਲੀ। ਕਮਲੇਸ਼ ਡਰ ਗਈ। ਫ਼ਿਲਮ ਖ਼ਤਮ ਹੋਣ ਉਪਰੰਤ ਮੈਂ ਸਿੱਧਾ ਹੀ ਘਰ ਚਲੇ ਗਿਆ। ਮਿਸਿਜ਼ ਰਸੋਈ ਵਿੱਚ ਖੜ੍ਹੀ ਸੀ। ਉਹਨੇ ਮੈਨੂੰ ਚਾਹ ਦੀ ਸੁਲਾਹ ਨਾ ਮਾਰੀ। ਮੇਰਾ ਮੱਥਾ ਠਣਕਿਆ ਕਿ ਅੱਜ ਖੈyਰ ਨਹੀਂ। ਮੈਂ ਕੋਟ ਲਾਹੁਣ ਲੱਗਾ ਤਾਂ ਉਹ ਚੀਕੀ, ”ਤੂੰ ਇਥੋਂ ਨਿਕਲ ਜਾ। ਇਸੇ ਵਿੱਚ ਤੇਰਾ ਭਲਾ। ਨ੍ਹੀਂ ਤਾਂ ਐਨੀ ਮਾੜੀ ਕਰੂੰਗੀ ਕਿ ਤੇਰੀਆਂ ਸੱਤ ਪੀੜ੍ਹੀਆਂ ਯਾਦ ਰੱਖਣਗੀਆਂ।” ਮੇਰਾ ਮਨ ਸਾਫ਼ ਸੀ। ਕੋਈ ਮੈਲ ਨਹੀਂ ਸੀ। ਮੈਂ ਤਾਂ ਘਰ ਵੱਲ ਨੂੰ ਆਉਂਦਿਆਂ ਹੋਇਆਂ ਸੋਚਿਆ ਸੀ ਕਿ ਅਸੀਂ ਕਮਲੇਸ਼ ਤੇ ਉਸ ਦੇ ਪਤੀ ਨੂੰ ਡਿਨਰ ‘ਤੇ ਬੁਲਾਵਾਂਗੇ। ਸਮਝਾਵਾਂਗੇ। ਇਕ ਰਾਤ ਆਪਣੇ ਕੋਲ ਰੱਖਾਂਗੇ। ਸ਼ਾਇਦ ਅਸੀਂ ਆਪਣੇ ਯਤਨ ਵਿੱਚ ਸਫ਼ਲ ਹੋ ਜਾਈਏ। ਇੱਕ ਘਰ ਟੁੱਟਦਾ ਬਚ ਜਾਵੇ ਪਰ ਮਿਸਿਜ਼ ਤਾਂ ਮੇਰੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ। ਉਸ ਦੇ ਸਿਰ ਨੂੰ ਹਨੇਰੀ ਚੜ੍ਹੀ ਹੋਈ ਸੀ। ਉਸ ਆਪਣੇ ਮੂੰਹ ‘ਤੇ ਹੱਥ ਫੇਰ ਕੇ ਕਿਹਾ, ”ਜੇ ਤੂੰ ਬਾਹਰ ਖੇਹ ਖਾ ਸਕਦਾਂ-ਤਾਂ ਮੈਂ ਹੁਣ ਤੇਰੇ ਸਾਹਮਣੇ ਬੰਦਾ ਰੱਖ ਕੇ ਦਿਖਾਉਂਗੀ। ਮੈਂ ਵੀ ਆਪਣੇ ਪਿਉ ਦੀ ਨ੍ਹੀਂ-ਕਿਸੇ …..ੜੇ ਦੀ ਧੀ ਹੋਊਂਗੀ-ਜੇ ਐਦਾਂ ਨਾ ਕੀਤੀ…ਜੇ ਤੈਨੂੰ ਮੇਰੀ ਇੱਜ਼ਤ ਪਿਆਰੀ ਨ੍ਹੀਂ ਤਾਂ ਮੈਂ ਕਿਉਂ ਭੁੱਖੀ ਰਹਾਂ…ਜਾਹ-ਤੇਰਾ ਮੇਰਾ ਸੰਬੰਧ ਖਤਮ…।” ਮੈਂ ਉਹਨੀਂ ਪੈਰੀਂ ਘਰੋਂ ਬਾਹਰ ਆ ਗਿਆ। ਮੁੜ ਘਰ ਨਾ ਗਿਆ। ਬੱਚਿਆਂ ਨੇ ਮੈਨੂੰ ਲੱਭ ਲਿਆ। ਰਿਸ਼ਤੇਦਾਰਾਂ ਨੇ ਸਮਝਦਾਰੀ ਨਾਲ ਚੱਲਣ ਲਈ ਕਿਹਾ। ਪਰ ਨਾ ਮਿਸਿਜ਼ ਮੈਨੂੰ ਲੈਣ ਆਈ। ਨਾ ਮੈਂ ਉਸ ਨੂੰ ਮਿਲਿਆ। ਮੈਂ ਤਾਂ ਬੱਚਿਆਂ ਦੇ ਵਿਆਹ ‘ਤੇ ਵੀ ਨਾ ਗਿਆ।
ਮੈਂ ਪਰਿਵਾਰ ਨਾਲੋਂ ਟੁੱਟ ਕੇ, ਆਪਣੇ ਆਪ ਨੂੰ ਬਹੁਤ ਹੀ ਇਕੱਲਾ ਮਹਿਸੂਸ ਕਰਨ ਲੱਗਾ। ਮੇਰਾ ਕਿਤੇ ਵੀ ਦਿਲ ਨਾ ਲੱਗਦਾ। ਮੈਂ ਸ਼ਰਾਬ ਦਾ ਸਹਾਰਾ ਲਿਆ। ਕਈ ਕਈ ਦਿਨ ਸਕੂਲ ਵਿੱਚ ਵੀ ਨਾ ਜਾਂਦਾ। ਮੇਰੇ ਕੁਲੀਗਜ਼ ਚੰਗੇ ਸਨ। ਉਨ੍ਹਾਂ ਨੂੰ ਮੇਰੀ ਸਥਿਤੀ ਦਾ ਪਤਾ ਸੀ। ਜਦੋਂ ਮੇਰੀ ਹਾਲਤ ਕੁਝ ਜ਼ਿਆਦਾ ਹੀ ਵਿਗੜ ਗਈ ਤਾਂ ਮੇਰਾ ਕੁਲੀਗ ਜਸਵੰਤ ਮੈਨੂੰ ਸਾਇਕਰੈਟਿਕ ਕੋਲ ਲੈ ਗਿਆ ਸੀ। ਮੈਂ ਉਸ ਨੂੰ ਆਪਣੀ ਕੇਸ ਹਿਸਟਰੀ ਦੱਸੀ ਸੀ। ਮੈਨੂੰ ਜ਼ਿਆਦਾ ਗ਼ਮ ਬੱਚਿਆਂ ਦਾ ਸੀ। ਆਪਣੀ ਮੰਮੀ ਦੇ ਮਗਰ ਲੱਗ ਕੇ ਬੱਚੇ ਵੀ ਮੈਨੂੰ ਮਿਲਣੋਂ ਹੱਟ ਗਏ। ਮੈਂ ਕਈ ਵਾਰ ਉਨ੍ਹਾਂ ਦੇ ਕਾਲਜ ਜਾ ਕੇ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਮੇਰੇ ਵੱਲੋਂ ਐਦਾਂ ਮੂੰਹ ਫੇਰ ਲਿਆ ਜਿਵੇਂ ਮੈਂ ਉਨ੍ਹਾਂ ਦਾ ਕੁਝ ਵੀ ਨਾ ਲੱਗਦਾ ਹੋਵਾਂ। ਫੇਰ ਮੈਨੂੰ ਆਪਣੇ ਇੱਕ ਦੋਸਤ ਤੋਂ ਪਤਾ ਲੱਗਾ ਕਿ ਮਿਸਿਜ਼ ਮੇਰੀ ਪਲ ਪਲ ਦੀ ਖ਼ਬਰ ਰੱਖਦੀ ਸੀ। ਮੈਂ ਕੀ ਕਰਦਾ, ਕਿੱਥੇ ਜਾਂਦਾ ਤੇ ਕਿਸ ਨੂੰ ਮਿਲਦਾ, ਇਹ ਸਭ ਕਾਸੇ ਦਾ ਉਹਨੂੰ ਪਤਾ ਲੱਗ ਜਾਂਦਾ। ਮੈਂ ਦੋ ਚਾਰ ਵਾਰ ਉਹਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਬੁਲਾਉਣਾ ਚਾਹਿਆ ਪਰ ਉਸ ਅੱਗੋਂ ਕੋਈ ਹੁੰਗਾਰਾ ਨਾ ਭਰਿਆ। ਮੈਂ ਸੋਚਦਾ ਸੀ ਕਿ ਉਹ ਵੀ ਅਜੀਬ ਔਰਤ ਸੀ। ਮੇਰੀ ਖ਼ਬਰ ਸਾਰ ਵੀ ਰੱਖਦੀ ਸੀ। ਮਿਲਣਾ ਵੀ ਨਹੀਂ ਚਾਹੁੰਦੀ ਸੀ। ਡਾਕਟਰ ਨੇ ਕਿਹਾ ਸੀ, ”ਸਾਨੂੰ ਬੱਚਿਆਂ ਲਈ ਬਹੁਤ ਕੁਰਬਾਨੀਆਂ ਕਰਨੀਆਂ ਪੈਂਦੀਆਂ।…..ਕਈ ਵਾਰ ਮਿਸਅੰਡਰਸੈਡਿੰਗ ਹੋ ਜਾਂਦੀ ਆ ਜਿਹੜੀ ਕਿ ਰਿਸ਼ਤੇ ਨੂੰ ਤੋੜ ਦਿੰਦੀ ਆ।….ਤੁਹਾਨੂੰ ਵਾਰ ਵਾਰ ਆਪਣੀ ਮਿਸਿਜ਼ ਨੂੰ ਮਿਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੇਰੇ ਕੋਲ ਇਕ ਬਾਹਰਲਾ ਪੇਸੈyਂਟ ਆਇਆ ਸੀ। ਕਿਸੇ ਮਿਸਅੰਡਰਸੈਡਿੰਗ ਕਰਕੇ ਉਸ ਦਾ ਆਪਣੀ ਮਿਸਿਜ਼ ਨਾਲ ਤਲਾਕ ਹੋ ਗਿਆ। ਪੇਸ਼ੈਂਟ ਨੇ ਦੂਜਾ ਵਿਆਹ ਕਰਵਾ ਲਿਆ। ਪਰ ਉਹ ਆਪਣੀ ਪਹਿਲੀ ਮਿਸਿਜ਼ ਨੂੰ ਭੁੱਲਿਆ ਨਾ। ਉਸ ਦੀ ਪਹਿਲੀ ਮਿਸਿਜ਼ ਨੇ ਦੁਬਾਰਾ ਵਿਆਹ ਨਾ ਕਰਵਾਇਆ। ਆਪਣੇ ਮੁੰਡੇ ਨੂੰ ਪਾਲਿਆ। ਪੰਦਰਾਂ ਸਾਲਾਂ ਬਾਅਦ ਮੇਰੇ ਇਸ ਪੇਸ਼ੈਂਟ ਨੂੰ ਉਸ ਦੀ ਪਹਿਲੀ ਮਿਸਿਜ਼ ਇਕ ਪਾਰਟੀ ਵਿੱਚ ਮਿਲੀ। ਗੱਲਾਂਬਾਤਾਂ ਸ਼ੁਰੂ ਹੋਈਆਂ ਤਾਂ ਉਨ੍ਹਾਂ ਨੇ ਆਪਣੇ ਦਿਲ ਦੇ ਗੁਬ ਗੁਲਾਹਟ ਕੱਢੇ। ਫੇਰ ਗਿਲੇ ਸ਼ਿਕਵੇਂ ਦੂਰ ਹੋ ਗਏ। ਉਹ ਹੁਣ ਵੀ ਮਿਲਦੇ ਆ। ਰਾਤਾਂ ਨੂੰ ਇਕੱਠੇ ਹੁੰਦੇ ਆ। ਮੇਰੇ ਪੇਸੈyਂਟ ਦਾ ਕਹਿਣਾ ਸੀ ਕਿ ਉਹ ਅਸਲੀ ਪਿਆਰ ਤਾਂ ਆਪਣੀ ਮਿਸਿਜ਼ ਨੂੰ ਹੀ ਕਰਦਾ ਆ….।” ਮੈਂ ਡਾਕਟਰ ਕੋਲ ਆਪਣੀ ਗ਼ਲਤੀ ਮੰਨੀ। ਮੈਂ ਡਾਕਟਰ ਨੂੰ ਦੱਸਿਆ ਕਿ ਮੇਰੀ ਮਿਸਿਜ਼ ਛੇਤੀ ਕਿਤੇ ਮੰਨਣ ਵਾਲੀ ਔਰਤ ਨਹੀਂ। ਮੈਂ ਡਾਕਟਰ ਨੂੰ ਇਹ ਨਹੀਂ ਦੱਸਿਆ ਕਿ ਮੈਂ ਕਿਸੇ ਔਰਤ ਨਾਲ ਬਹੁਤਾ ਚਿਰ ਰਹਿ ਨਹੀਂ ਸਕਦਾ। ਡਾਕਟਰ ਨੇ ਪੁੱਛਿਆ ਸੀ, ”ਤੁਹਾਨੂੰ ਕਿਸ ਗੱਲ ਦਾ ਜ਼ਿਆਦਾ ਦੁੱਖ ਆ?” ਮੈਂ ਉਹਨੂੰ ਦੱਸਿਆ ਕਿ ਜਦੋਂ ਵੀ ਮੈਂ ਆਪਣੀ ਭੈਣ ਸੰਤੋ ਬਾਰੇ ਸੋਚਦਾ ਹਾਂ ਤਾਂ ਮੈਂ ਆਪਣੇ ਆਪ ਨੂੰ ਗੁਨਾਹਗਾਰ ਸਮਝਣ ਲੱਗ ਜਾਂਦਾ ਹਾਂ। ਮੈਂ ਉਹਨੂੰ ਕਿਉਂ ਨਹੀਂ ਪੜ੍ਹਾਇਆ। ਉਹ ਦਿਮਾਗ਼ ਪੱਖੋਂ ਕਮਜ਼ੋਰ ਹੈ। ਬਚਪਨ ਵਿੱਚ ਉਹਨੂੰ ਡਰਾਇਆ ਗਿਆ। ਉਸ ਦੇ ਮਨ ਵਿੱਚ ਪੂਰੀ ਤਰ੍ਹਾਂ ਡਰ ਬੈਠ ਗਿਆ। ਛੋਟੀ ਹੁੰਦੀ ਜਦੋਂ ਜ਼ਿਆਦਾ ਹੀ ਰੋਂਦੀ ਤਾਂ ਮਾਸੀ ਉਹਨੂੰ ਟੋਕਰੇ ਹੇਠ ਤਾੜ ਦਿੰਦੀ। ਉਪਰ ਇੱਟਾਂ ਰੱਖ ਦਿੰਦੀ। ਕਈ ਵਾਰ ਭਰ ਸਿਆਲਾਂ ਵਿੱਚ ਉਹਦੇ ਹੇਠਾਂ ਬੋਰੀ ਹੁੰਦੀ। ਉਪਰ ਵੀ ਬੋਰੀ ਲਈ ਹੁੰਦੀ। ਮੈਥੋਂ ਉਹ ਰੋਂਦੀ ਦੇਖੀ ਨਾ ਜਾਂਦੀ। ਮੈਂ ਟਿੱਬਿਆਂ ਵੱਲ ਨਿਕਲ ਜਾਂਦਾ। ਮੇਰੇ ਦਰਦ ਭਰੀ ਦਾਸਤਾਨ ਸੁਣ ਕੇ ਡਾਕਟਰ ਦੀਆਂ ਅੱਖਾਂ ਵੀ ਭਰ ਆਈਆਂ ਸੀ।
ਅਗਲੀ ਮਿਲਣੀ ‘ਤੇ ਡਾਕਟਰ ਨੇ ਮੈਨੂੰ ਪੁੱਛਿਆ ਸੀ, ”ਤੁਹਾਨੂੰ ਸੁਪਨਿਆਂ ਵਿੱਚ ਕੌਣ ਦਿੱਸਦਾ?” ਮੈਂ ਦੱਸਿਆ ਕਿ ਮੈਨੂੰ ਸੁਪਨਿਆਂ ਵਿੱਚ ਮੇਰੀ ਮਾਂ ਤੇ ਮੇਰੀ ਮਾਸੀ ਦਾ ਪਿੰਡ ਦਿੱਸਦਾ। ਮਾਂ ਕਈ ਚਿਹਰਿਆਂ ਵਿੱਚ ਦਿੱਸਦੀ। ਉਸ ਪੁੱਛਿਆ, ”ਪਿਉ ਨ੍ਹੀਂ?” ਮੈਂ ਕਿਹਾ ਕਿ ਮੇਰਾ ਪਿਉ ਕਦੇ ਮੇਰੇ ਸੁਪਨਿਆਂ ਵਿੱਚ ਨਹੀਂ ਆਇਆ। ਮੈਂ ਜਦੋਂ 56 ਸਾਲਾਂ ਦਾ ਹੋਇਆ ਤਾਂ ਮੇਰੇ ਮਨ ਵਿੱਚ ਆਪਣੇ ਪਿਉ ਨੂੰ ਲੱਭਣ ਦੀ ਖਾਹਿਸ਼ ਪੈਦਾ ਹੋਈ। ਮੈਨੂੰ ਐਨਾ ਕੁ ਪਤਾ ਸੀ ਕਿ ਉਹ ਬਨਾਰਸ ਵਿੱਚ ਰਹਿੰਦਾ ਸੀ। ਤਿੰਨ ਬੱਚਿਆਂ ਸਮੇਤ। ਮੈਂ ਸਕੂਲੋਂ ਇਕ ਮਹੀਨੇ ਦੀ ਲੀਵ ਲਈ। ਬੈਂਕ ਵਿੱਚੋਂ ਪੰਜਾਹ ਹਜ਼ਾਰ ਰੁਪਈਆ ਕਢਵਾਇਆ। ਬਨਾਰਸ ਵਾਲੀ ਗੱਡੀ ਜਾ ਚੜ੍ਹਿਆ। ਅੱਠਵੇਂ ਦਿਨ ਮੈਂ ਆਪਣੇ ਪਿਉ ਦਾ ਥਹੁ-ਟਿਕਾਣਾ ਲੱਭ ਲਿਆ। ਮੇਰਾ ਪਿਉ ਇਕ ਸਾਲ ਪਹਿਲਾਂ ਰਿਕਸ਼ਾ ਚਲਾਉਂਦਾ-ਚਲਾਉਂਦਾ ਹੀ ਰੱਬ ਨੂੰ ਪਿਆਰਾ ਹੋ ਗਿਆ ਸੀ। ਮੇਰੀ ਦੂਜੀ ਮਾਂ ਮੈਨੂੰ ਬੜੇ ਮੋਹ-ਪਿਆਰ ਨਾਲ ਮਿਲੀ। ਮੈਂ ਉਨ੍ਹਾਂ ਕੋਲ ਦਸ ਦਿਨ ਰਿਹਾ। ਮਾਂ ਨੇ ਵਾਰ-ਵਾਰ ਕਿਹਾ ਕਿ ਮੈਂ ਉਨ੍ਹਾਂ ਕੋਲ ਹੀ ਰਹਿ ਜਾਵਾਂ। ਛੋਟੇ ਭਰਾਵਾਂ ਨੇ ਬਹੁਤ ਜ਼ੋਰ ਲਾਇਆ। ਮੇਰਾ ਅੱਧਾ ਮਨ ਉਥੇ ਰਹਿਣ ਨੂੰ ਰਾਜ਼ੀ ਹੋ ਗਿਆ। ਮੇਰੀ ਰਿਟਾਇਰਮੈਂਟ ਵਿੱਚ ਸਿਰਫ਼ ਢੇਡ ਕੁ ਸਾਲ ਰਹਿ ਗਿਆ ਸੀ। ਮੈਂ ਪ੍ਰੀਮੈਚਉਰ ਰਿਟਾਇਰਮੈਂਟ ਲੈ ਸਕਦਾ ਸੀ। ਇਸ ਨਾਲ ਮੇਰੀ ਪੈਨਸ਼ਨ ‘ਤੇ ਵੀ ਕੋਈ ਅਸਰ ਨਹੀਂ ਪੈਣਾ ਸੀ। ਪਰ ਇਕ ਦਿਨ ਮੇਰੀ ਮਾਂ ਮੇਰੇ ਪਿਉ ਦੀਆਂ ਬਦਖੋਈਆਂ ਕਰਨ ਲੱਗ ਪਈ। ਮੈਂ ਕਿਹਾ ਕਿ ਮਰਨ ਵਾਲੇ ਦੇ ਨਾਲ ਹੀ ਉਸ ਦੀਆਂ ਬੁਰਾਈਆਂ ਚਲੇ ਗਈਆਂ। ਉਸੇ ਰਾਤ ਮੇਰਾ ਪਿਉ ਮੈਨੂੰ ਸੁਪਨੇ ਵਿੱਚ ਦਿੱਸਿਆ। ਮੈਨੂੰ ਐਦਾਂ ਲੱਗਾ ਕਿ ਜਿੱਦਾਂ ਉਸ ਮੈਨੂੰ ਕਿਹਾ ਹੋਵੇ ਕਿ ਮੈਂ ਹੁਣ ਇਥੇ ਨਾ ਰਹਾਂ। ਮੈਂ ਦੂਜੇ ਦਿਨ ਗੱਡੀ ਫੜ ਲਈ। ਡਾਕਟਰ ਨੇ ਪੁੱਛਿਆ ਕਿ ਮੈਂ ਅੱਜ ਕੱਲ੍ਹ ਕਿਥੇ ਰਹਿੰਦਾ ਹਾਂ। ਮੈਂ ਉਸ ਨੂੰ ਦੱਸਿਆ ਕਿ ਮੈਂ ਸ਼ਹਿਰ ਦੀ ਸਭ ਤੋਂ ਬਦਨਾਮ ਕਲੋਨੀ ‘ਕਬੀਰ ਨਗਰ’ ਰਹਿੰਦਾ ਹਾਂ। ਉਹਨੇ ਅੱਗੋਂ ਪੁੱਛਿਆ ਕਿ ਮੈਂ ਅਜਿਹਾ ਕਿਉਂ ਕੀਤਾ ਹੈ ਤਾਂ ਮੈਂ ਕਿਹਾ ਕਿ ਮੈਨੂੰ ਐਦਾਂ ਦੀ ਥਾਂ ‘ਤੇ ਹੀ ਭਰਵੀਂ ਨੀਂਦ ਆਉਂਦੀ ਹੈ। ਡਾਕਟਰ ਦੀ ਰਾਏ ਸੀ ਕਿ ਜੋ ਮੇਰੇ ਮਨ ਵਿੱਚ ਆਉਂਦਾ ਹੈ-ਮੈਂ ਉਹੀ ਕਰਾਂ। ਦੁਨੀਆਂ ਜੋ ਮਰਜ਼ੀ ਕਹੀ ਜਾਵੇ-ਇਸ ਗੱਲ ਦੀ ਮੈਨੂੰ ਪ੍ਰਵਾਹ ਨਹੀਂ ਕਰਨੀ ਚਾਹੀਦੀ। ਹੌਲੀ-ਹੌਲੀ ਮੈਂ ਸੰਭਲਣਾ ਸ਼ੁਰੂ ਕਰ ਦਿੱਤਾ। ਕੁਝ ਕੁ ਮੈਨੂੰ ਰਤਨੋ ਨੇ ਵੀ ਸੰਭਾਲਇਆ।
ਜਨਾਬ….ਰਤਨੋ?
ਰਤਨੋ ਮੇਰੇ ਸਕੂਲ ਵਿੱਚ ਪੀਅਨ ਸੀ। ਬੜੀ ਧੜਲੇਦਾਰ ਔਰਤ ਸੀ। ਉਸ ਨੂੰ ਲੋਕ ਬੰਦੇਖਾਣੀ ਔਰਤ ਕਹਿੰਦੇ। ਉਹ ਰੋਜ਼ ਰਾਤ ਨੂੰ ਅੱਧਾ ਕਿਲੋ ਮੀਟ ਤੇ ਪਾਈਆ ਸ਼ਰਾਬ ਪੀਂਦੀ। ਪੱਟ ‘ਤੇ ਹੱਥ ਮਾਰ ਕੇ ਕਹਿੰਦੀ-”ਆਓ-ਆਓ ਕਿਹੜਾ ਆਪਣੇ ਆਪ ਨੂੰ ਮਰਦ ਅਖਵਾਉਂਦਾ। ਮੈਂ ਵੀ ਦੇਖਾਂ ਉਹਦੀ ਮਰਦਾਨਗੀ। ਜੇ ਜਾਣ ਲੱਗਾ ਮੇਰੇ ਪੈਰੀਂ ਹੱਥ ਨਾ ਲਾ ਕੇ ਗਿਆ ਤਾਂ ਮੈਨੂੰ ਰਤਨੋ ਨਾ ਕਹਿਣਾ….।” ਉਹ ਮੂੰਹ ਫਟ ਸੀ। ਲੜਾਕੀ ਸੀ-ਇਸੇ ਕਰਕੇ ਸਕੂਲ ਵਿੱਚ ਉਸ ਨੂੰ ਕੋਈ ਮੂੰਹ ਨਾ ਲਾਉਂਦਾ। ਨਾ ਹੀ ਕਿਸੇ ਕੋਲ ਸ਼ਿਕਾਇਤ ਕਰਦਾ। ਉਹ ਮੇਰੀ ਬਹੁਤ ਇੱਜ਼ਤ ਕਰਦੀ। ਸਿਆਲਾਂ ਵਿੱਚ ਸਾਈਬੇਰੀਅਨ ਹਵਾਵਾਂ ਚਲੀਆਂ। ਅੰਤਾਂ ਦੀ ਠੰਢ ਪਈ। ਉਹ ਆਉਂਦੀ। ਸਾਰੇ ਕੰਮ ਛੱਡ ਕੇ ਤਸਲੇ ਵਿੱਚ ਲਕੜਾਂ ਬਾਲਦੀ। ਮੇਰੇ ਪੈਰਾਂ ਕੋਲ ਤਸਲਾ ਰੱਖਦੀ। ਉਨ੍ਹਾਂ ਦਿਨਾਂ ਵਿੱਚ ਮੈਂ ਸਰੀਰਕ ਕਮਜ਼ੋਰੀ ਮਹਿਸੂਸ ਕਰਨ ਲੱਗਾ ਸੀ। ਮੈਨੂੰ ਨਿੱਘ ਜਿਹਾ ਮਿਲਦਾ। ਇਕ ਵਾਰੀ ਮੈਂ ਉਹਨੂੰ ਪੁੱਛਿਆ ਕਿ ਮੈਂ ਤਾਂ ਉਸ ਨੂੰ ਕਦੇ ਵੀ ਅੱਗ ਮਘਾ ਕੇ ਦੇਣ ਲਈ ਨਹੀਂ ਕਿਹਾ-ਫੇਰ ਉਸ ਨੂੰ ਕਿੱਦਾਂ ਪਤਾ ਲੱਗ ਗਿਆ ਕਿ ਮੈਨੂੰ ਸੇਕ ਦੀ ਲੋੜ ਸੀ। ਉਹਨੇ ਟਾਂਚ ਜਿਹੀ ਨਾਲ ਕਿਹਾ, ”ਜਦੋਂ ਬੰਦੇ ਨੂੰ ਔਰਤ ਦੇ ਜਿਸਮ ਦਾ ਸੇਕ ਨਾ ਮਿਲੇ ਤਾਂ ਆਹੀ ਅੱਗ ਕੰਮ ਆਉਂਦੀ ਆ।” ਮੈਂ ਉਸ ਦੀ ਗੱਲ ਵੱਲ ਬਹੁਤਾ ਧਿਆਨ ਹੀ ਨਹੀਂ ਦਿੱਤਾ। ਉਹਨੂੰ ਪੰਜ ਸੌ ਦਾ ਨੋਟ ਦੇ ਕੇ ਕਿਹਾ ਕਿ ਉਹ ਸਿਆਲਾਂ ਵਾਲਾ ਕੋਈ ਮੋਟਾ ਜਿਹਾ ਸੂਟ ਸੰਵਾ ਲਵੇ। ਉਸ ਅੱਗੋਂ ਕਿਹਾ, ”ਜੇ ਕਿਸੇ ਨੇ ਪੁੱਛ ਲਿਆ ਤਾਂ ਮੈਂ ਕਹਿ ਦੇਣਾ ਬਲਵੰਤ ਸਿਹੁੰ ਨੇ ਲੈ ਕੇ ਦਿੱਤਾ। ਫੇਰ ਨਾ ਮੁੱਕਰ ਜਾਏਓ।” ਮੈਂ ਕਿਹਾ ਕਿ ਉਹ ਭਾਵੇਂ ਮੈਨੂੰ ਬਾਂਦਰ ਬਣਾ ਕੇ ਰੱਖ ਲਵੇ। ਉਹਨੇ ਅੱਗੋਂ ਪੁੱਛ ਲਿਆ ਕਿ ਬਾਂਦਰ ਹੀ ਕਿਉਂ। ਮੈਂ ਉਹਨੂੰ ਸੁਣੀ-ਸੁਣਾਈ ਕਹਾਣੀ ਸੁਣਾ ਦਿੱਤੀ। ਕਿਸੇ ਸਮੇਂ ਬਨਾਰਸ ਵਿੱਚ ਸੋਮਸੁਆਮੀ ਨਾਂ ਦਾ ਇਕ ਮੁੰਡਾ ਰਹਿੰਦਾ ਸੀ। ਚੜ੍ਹਦੀ ਜੁਆਨੀ ਵਿੱਚ ਉਹ ਆਪਣੀ ਗੁਆਂਢਣ ਬੰਧੂਦੱਤਾ ਨੂੰ ਦਿਲ ਦੇ ਬੈਠਿਆ। ਉਹ ਬੜੇ ਅਮੀਰ ਘਰ ਦੀ ਕੁੜੀ ਸੀ। ਇਕ ਦਿਨ ਉਸ ਨੇ ਆਪਣੀ ਸਹੇਲੀ ਨੂੰ ਸੁਨੇਹਾ ਭੇਜ ਕੇ ਬੁਲਾਇਆ। ਅਗਾਂਹ ਸਹੇਲੀ ਨੇ ਉਸ ਦਾ ਸੁਨੇਹਾ ਸੋਮਸੁਆਮੀ ਨੂੰ ਪਹੁੰਚਾ ਦਿੱਤਾ। ਸੋਮਸੁਆਮੀ ਮੌਕਾ ਦੇਖ ਕੇ ਬੰਧੂਦੱਤਾ ਨੂੰ ਮਿਲ ਆਇਆ। ਉਹ ਪਹਿਲਾਂ ਹੀ ਵਿਆਹੀ ਹੋਈ ਸੀ। ਪਰ ਇਸ਼ਕ-ਮੁਸ਼ਕ ਤਾਂ ਅੰਨ੍ਹਾ ਹੁੰਦਾ ਹੈ ਨਾ। ਦੋਵੇਂ ਜਣੇ ਉਸ ਦੀ ਸਹੇਲੀ ਦੇ ਘਰ ਮਿਲਦੇ ਰਹੇ। ਉਹ ਇਕ-ਦੂਜੇ ਨੂੰ ਦਿਲ ਦੇ ਬੈਠੇ। ਇਕੱਠੇ ਰਹਿਣ ਤੇ ਜੀਣ-ਮਰਣ ਦੀਆਂ ਸੌਂਹਾਂ ਖਾਧੀਆਂ। ਕੁਝ ਦਿਨਾਂ ਮਗਰੋਂ ਉਸ ਦਾ ਘਰਵਾਲਾ ਲੈਣ ਆ ਗਿਆ। ਬੰਧੂਦੱਤਾ ਨੇ ਆਪਣੀ ਸਹੇਲੀ ਨੂੰ ਕਿਹਾ-‘ਹੁਣ ਮੈਂ ਕੀ ਕਰੂੰਗੀ? ਹੁਣ ਤਾਂ ਮੈਨੂੰ ਸਹੁਰਿਆਂ ਦੇ ਜਾਣਾ ਹੀ ਪੈਣਾ। ਪਰ ਮੈਂ ਤਾਂ ਸੋਮਸੁਆਮੀ ਬਿਨਾਂ ਨ੍ਹੀਂ ਰਹਿ ਸਕਦੀ।’ ਉਸ ਦੀ ਸਹੇਲੀ ਤੰਤਰ-ਮੰਤਰ ਜਾਣਦੀ ਸੀ। ਉਸ ਦੱਸਿਆ, ‘ਲੈ, ਇਹ ਕਿਹੜੀ ਵੱਡੀ ਗੱਲ ਆ। ਇਕ ਮੰਤਰ ਪੜ੍ਹਣ ਮਗਰੋਂ ਬੰਦੇ ਦੇ ਗਲ ਵਿੱਚ ਧਾਗਾ ਬੰਨ ਦਿਓ ਤਾਂ ਉਹ ਬਾਂਦਰ ਬਣ ਜਾਊਗਾ। ਦੂਜਾ ਮੰਤਰ ਪੜ੍ਹ ਕੇ ਧਾਗਾ ਖੋਲ੍ਹ ਦਿਓ-ਉਹ ਮੁੜ ਬੰਦਾ ਬਣ ਜਾਊਗਾ। ਤੂੰ ਬਾਂਦਰ ਬਣਾ ਕੇ ਸੋਮਸੁਆਮੀ ਨੂੰ ਨਾਲ ਲੈ ਜਾਈਂ।’ ਮੇਰੀ ਗੱਲ ਨਿਬੜਣ ਤੋਂ ਪਹਿਲਾਂ ਹੀ ਰਤਨਾ ਬੋਲੀ, ”ਮੈਂ ਤਾਂ ਤੈਨੂੰ ਬੰਦਾ ਬਣਾ ਕੇ ਰਖੂੰਗੀ….। ਮੈਨੂੰ ਇਹ ਵੀ ਪਤਾ-ਕਲਰਕ ਤੇ ਮਾਸਟਰ ਕਦੇ ਚੰਗੇ ਆਸ਼ਕ ਨ੍ਹੀਂ ਹੁੰਦੇ….।”
ਬਸ….ਬਸ…ਆਖਰੀ ਗੱਲ…।
ਜਾਣ ਤੋਂ ਪਹਿਲਾਂ ਮੈਂ ਕਮਲਾ ਨੂੰ ਵਾਲਾਂ ਵਿੱਚ ਤੇਲ ਪਾਉਣ ਲਈ ਕਿਹਾ। ਉਹ ਰਸੋਈ ਵਿੱਚ ਗਈ। ਕੌਲੀ ਵਿੱਚ ਤੇਲ ਪਾ ਲਿਆਈ। ਧਾਰ ਬੰਨ੍ਹ ਕੇ ਤੇਲ ਪਾਇਆ। ਚਟਾਕੇ ਮਾਰ ਕੇ ਝਸਿਆ। ਮੇਰਾ ਸਿਰ ਹੌਲਾ ਫੁਲ ਵਰਗਾ ਹੋ ਗਿਆ। ਐਦਾਂ ਜਿਵੇਂ ਤਨਾਉਮੁਕਤ ਹੋ ਗਿਆ ਹੋਵਾਂ। ਅਜਿਹੇ ਆਨੰਦ ਦੇ ਪਲ ਬਹੁਤ ਚਿਰ ਬਾਅਦ ਮੇਰੀ ਜ਼ਿੰਦਗੀ ਵਿੱਚ ਆਏ ਸਨ। ਇਕ ਲੋਰ ਜਿਹੀ ਵਿੱਚ ਮੈਂ ਆਪਣਾ ਸਿਰ ਉਸ ਦੀਆਂ ਛਾਤੀਆਂ ਨਾਲ ਲਾ ਦਿੱਤਾ। ਮੈਨੂੰ ਲੱਗਿਆ ਕਿ ਮੈਂ ਬਹੁਤ ਹੀ ਛੋਟਾ ਬੱਚਾ ਬਣ ਗਿਆ ਹਾਂ। ਫੇਰ ਮੈਂ ਉਸ ਦੀ ਝੋਲੀ ਵਿੱਚ ਆਪਣਾ ਸਿਰ ਰੱਖ ਦਿੱਤਾ। ਉਸ ਦੱਸਿਆ ਸੀ ਕਿ ਉਸ ਦਾ ਮੁੰਡਾ ਵੀ ਅਕਸਰ ਐਦਾਂ ਹੀ ਕਰਦਾ ਹੁੰਦਾ ਹੈ। ਮੈਂ ਉਹਨੂੰ ਕਿਹਾ, ”ਤੂੰ ਕਹਿ ਬੰਤਿਆ ਮਰ ਜਾ।” ਉਸ ਉਵੇਂ ਹੀ ਕਿਹਾ ਸੀ ਜਿੱਦਾਂ ਮੇਰੀ ਮਾਂ ਕਹਿੰਦੀ ਹੁੰਦੀ ਸੀ। ਮੈਂ ਅੱਖਾਂ ਮੀਚ ਲਈਆਂ। ਮੈਂ ਵਾਲਾਂ ਦਾ ਗੁੱਟਾ ਕੀਤਾ। ਉਸ ਮੈਨੂੰ ਆਪਣੀ ਹਿੱਕ ਨਾਲ ਘੁੱਟ ਲਿਆ। ਅਸੀਂ ਉੱਚੀ-ਉੱਚੀ ਰੋ ਪਏ। ਸਾਨੂੰ ਚੁੱਪ ਕਰਾਉਣ ਵਾਲਾ ਕੋਈ ਨਹੀਂ। ਕੁਝ ਚਿਰ ਬਾਅਦ ਸੰਭਲੇ। ਉਸ ਪੁੱਛਿਆ, ”ਮੈਂ ਤਾਂ ਸੁਣਿਆ ਕਿ ਤੁਸੀਂ ਬੜੇ ਤਕੜੇ ਜਨਾਨੀਬਾਜ਼ ਹੋ।” ਮੈਂ ਜਵਾਬ ਦੇਣ ਹੀ ਲੱਗਾ ਸੀ ਕਿ ਉਸ ਕਹਿਣਾ ਸ਼ੁਰੂ ਕਰ ਦਿੱਤਾ, ”ਅੱਲ੍ਹਾ ਰਹਿਮਤ ਬਖ਼ਸ਼ੇ-ਕਿਸੇ ਬੱਚੇ ਦੀ ਮਾਂ ਨਾ ਮਰੇ। ਨ੍ਹੀਂ ਤਾਂ ਉਹ ਸਾਰੀ ਉਮਰ ਪਿਆਰ ਨੂੰ ਤਰਸਦਾ ਰਹਿੰਦਾ ਆ।” ਮੇਰੀਆਂ ਭੁੱਬਾਂ ਨਿਕਲ ਗਈਆਂ। ਮੈਂ ਉਸ ਨੂੰ ਜੱਫੀ ਪਾ ਲਈ। ਹਟਕੋਰੇ ਭਰਦਿਆਂ ਭਰਦਿਆਂ ਕਿਹਾ, ”ਤੁਸੀਂ ਮੈਨੂੰ ਛੱਡ ਕੇ ਨਾ ਜਾਏਓ। ਤੁਸੀਂ ਮੈਨੂੰ ਛੱਡ ਕੇ ਨਾ ਜਾਏਓ……..।”
‘ਹੁਣ’ ‘ਚੋਂ ਧੰਨਵਾਦ ਸਹਿਤ
ਮੋਬਾਈਲ : 98148-03254