ਕੀ ਬਾਈਡੇਨ ਦਾ ਰਿਮੋਰਟ ਕੰਟਰੋਲ ਓਬਾਮਾ ਦੇ ਹੱਥ ਵਿਚ ਹੈ?

ਤ੍ਰਿਦੇਵ ਸ਼ਰਮਾ ਦੀ ਰਿਪੋਰਟ
ਅਮਰੀਕੀ ਮੀਡੀਆ ਦੇ ਕੁਝ ਹਲਕਿਆਂ ਵਿਚ ਇਕ ਸਵਾਲ ਉਠ ਰਿਹਾ ਹੈ। ਅਤੇ ਉਹ ਇਹ ਕਿ ਕੀ ਰਾਸ਼ਟਰਪਤੀ ਜੋ ਬਾਈਡੇਨ ਆਪਣੇ ਸਾਬਕਾ ਬਾੱਸ ਬਰਾਕ ਓਬਾਮਾ ਦੀ ਸਲਾਹ ‘ਤੇ ਫ਼ੈਸਲੇ ਲੈ ਰਹੇ ਹਨ ਅਤੇ ਸਰਕਾਰ ਚਲਾ ਰਹੇ ਹਨ? ਬਾਈਡੇਨ ਨੇ 20 ਜਨਵਰੀ ਨੂੰ ਵ੍ਹਾਈਟ ਹਾਊਸ ਵਿਚ ਬਤੌਰ ਰਾਸ਼ਟਰਪਤੀ ਐਂਟਰੀ ਕੀਤੀ ਸੀ। 9 ਮਹੀਨਿਆਂ ਤੋਂ ਜ਼ਿਆਦਾ ਲੰਘ ਗਏ ਹਨ, ਪਰ ਬਾਈਡੇਨ ਦੀ ਅਪਰੂਵਲ ਰੇਟਿੰਗ 50% ਤੋਂ ਜ਼ਿਆਦਾ ਨਹੀਂ ਹੋਈ। ਉਨ੍ਹਾਂ ਦੇ ਜ਼ਿਆਦਾਤਰ ਫ਼ੈਸਲਿਆਂ ‘ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਫੇਰ ਭਾਵੇਂ ਉਹ ਜ਼ਿਆਦਾ ਟੈਕਸ ਕਲੈਕਸ਼ਨ ਦਾ ਮਾਮਲਾ ਹੋਵੇ, ਕੋਵਿਡ ਕੰਟਰੋਲ ਹੋਵੇ ਜਾਂ ਫੇਰ ਅਫ਼ਗਾਨਿਸਤਾਨ ਦਾ ਮਾਮਲਾ। ਆਓ, ਇਸ ਮੁੱਦੇ ਨਾਲ ਜੁੜੀਆਂ ਕੁਝ ਗੱਲਾਂ ‘ਤੇ ਨਜ਼ਰ ਮਾਰਦੇ ਹਾਂ।
ਇਕ ਸਮਿਟ ਵਿਚ ਦੋ ਆਗੂ
ਅਗਲੇ ਮਹੀਨੇ ਸੰਯੁਕਤ ਰਾਸ਼ਟਰ ਦਾ ਸੀ.ਓ.ਪੀ.26 ਕਲਾਈਮੇਟ ਸੰਮੇਲਨ ਹੋਣਾ ਹੈ। ਇਹ ਗਲਾਸਗੋ (ਸਕਾਟਲੈਂਡ) ਵਿਚ ਹੋਵੇਗਾ। ਪੈਰਿਸ ਕਲਾਈਮੇਟ ਸਮਝੌਤਾ ਓਬਾਮਾ ਦੇ ਦੌਰ ਵਿਚ ਹੋਇਆ ਸੀ ਅਤੇ ਖ਼ਾਸ ਗੱਲ ਇਹ ਹੈ ਕਿ ਇਸ ਸੰਮੇਲਨ ਵਿਚ ਅਮਰੀਕਾ ਵਲੋਂ ਬਰਾਕ ਓਬਾਮਾ ਵੀ ਹਿੱਸਾ ਲੈਣਗੇ। ਮਜ਼ੇ ਦੀ ਗੱਲ ਇਹ ਹੈ ਕਿ ਇਸੇ ਸੰਮੇਲਨ ਵਿਚ 1 ਅਤੇ 2 ਨਵੰਬਰ ਨੂੰ ਜੋ ਬਾਈਡੇਨ ਅਤੇ ਉਨ੍ਹਾਂ ਦੀ ਟੀਮ ਵੀ ਹਿੱਸਾ ਲੈਣ ਵਾਲੀ ਹੈ।
ਹਾਲਾਂਕਿ ਇਹ ਤੈਅ ਨਹੀਂ ਹੈ ਕਿ ਕੀ ਓਬਾਮਾ ਅਤੇ ਬਾਈਡੇਨ ਇਕੱਠੇ ਇਸ ਸੰਮੇਲਨ ਵਿਚ ਹਿੱਸਾ ਲੈਣਗੇ ਜਾਂ ਉਨ੍ਹਾਂ ਦੇ ਇਵੈਂਟ ਵੱਖਰੇ-ਵੱਖਰੇ ਹੋਣਗੇ।
ਮਾਰਚ ਵਿਚ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਕਿ ਬਾਈਡੇਨ ਹੁਣ ਵੀ ਓਬਾਮਾ ਤੋਂ ਲਗਭਗ ਹਰ ਮਸਲੇ ‘ਤੇ ਸਲਾਹ-ਮਸ਼ਵਰਾ ਲੈਂਦੇ ਹਨ। ਜਦੋਂ ਵ੍ਹਾਈਟ ਹਾਊਸ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਜਵਾਬ ਮਿਲਿਆ- ਹਾਂ, ਰਾਸ਼ਟਰਪਤੀ ਬਾਈਡੇਨ ਨਿਯਮਤ ਤੌਰ ‘ਤੇ ਓਬਾਮਾ ਤੋਂ ਪ੍ਰੋਫੈਸ਼ਨਲ ਅਤੇ ਪਰਸਨਲ ਮੈਟਰ ‘ਤੇ ਗੱਲ ਕਰਦੇ ਹਨ।
ਬਾਈਡੇਨ ਨੇ ਪਿਛਲੇ ਦਿਨੀਂ ਅਮਰੀਕੀ ਅਰਥਵਿਵਸਥਾ ਨੂੰ ਤਾਕਤ ਦੇਣ ਲਈ 3.5 ਟ੍ਰਿਲੀਅਨ ਡਾਲਰ ਦਾ ਬਿੱਲ ਪੇਸ਼ ਕੀਤਾ ਸੀ। 27 ਸਤੰਬਰ ਨੂੰ ਓਬਾਮਾ ਨੇ ਇਸ ਬਿੱਲ ਦੇ ਪੱਖ ਵਿਚ ਬਿਆਨ ਦਿੱਤਾ। ਕਿਹਾ -ਅਮੀਰ ਲੋਕ ਥੋੜ੍ਹਾ ਹੋਰ ਟੈਕਸ ਦੇਣਗੇ ਤਾਂ ਚਾਈਲਡ ਕੇਅਰ ਅਤੇ ਬਾਕੀ ਚੀਜ਼ਾਂ ‘ਤੇ ਵੀ ਕੰਮ ਹੋ ਸਕੇਗਾ। ਸਾਨੂੰ ਨਵੀਂਆਂ ਇਮਾਰਤਾਂ, ਰੋਡ, ਬ੍ਰਿਜ, ਪੋਰਟਸ ਅਤੇ ਕਲਾਈਮੇਟ ਚੇਂਜ ‘ਤੇ ਕੰਮ ਲਈ ਵੀ ਫੰਡਿੰਗ ਚਾਹੀਦੀ ਹੈ।
ਅਗਲੇ ਸਾਲ ਮੱਧਕਾਲੀ ਚੋਣਾਂ ਹੋਣ ਜਾ ਰਹੀਆਂ ਹਨ। ‘ਫਾਕਸ ਨਿਊਜ਼’ ਮੁਤਾਬਕ, ਜਿਸ ਤੇਜ਼ੀ ਨਾਲ ਬਾਈਡੇਨ ਦੀ ਪ੍ਰਸਿੱਧੀ ਘੱਟ ਹੋ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਡੈਮੋਕਰੈਟਸ ਡੂੰਘੇ ਦਬਾਅ ਵਿਚ ਆਉਣ ਵਾਲੇ ਹਨ। ਲਿਹਾਜ਼ਾ, ਓਬਾਮਾ ਹੁਣ ਹਰ ਮੁੱਦੇ ‘ਤੇ ਬਾਈਡੇਨ ਨੂੰ ਸਲਾਹ ਦੇ ਰਹੇ ਹਨ। ਪ੍ਰਚਾਰ ਦਾ ਮੁੱਖ ਚਿਹਰਾ ਕੌਣ ਹੋਵੇਗਾ? ਇਹ ਤੈਅ ਨਹੀਂ ਹੈ।

Leave a Reply

Your email address will not be published. Required fields are marked *