ਅਮਰਿੰਦਰ 3 ਖੇਤੀ ਕਾਨੂੰਨਾਂ ਦੇ ਨਿਰਮਾਤਾ : ਨਵਜੋਤ ਸਿੱਧੂ

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵੋਜਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਕੀਤਾ ਹੈ। ਅਮਰਿੰਦਰ ਦੇ ਨਵੀਂ ਪਾਰਟੀ ਬਣਾਉਣ ਦੇ ਐਲਾਨ ਮਗਰੋਂ ਇਹ ਸਿੱਧੂ ਦੀ ਪਹਿਲੀ ਪ੍ਰਤੀਕਿਰਿਆ ਹੈ। ਜਿਸ ਵਿਚ ਸਿੱਧੂ ਨੇ ਕਿਹਾ ਕਿ 3 ਕਾਲੇ ਕਾਨੂੰਨਾਂ ਦੇ ਨਿਰਮਾਤਾ ਅਮਰਿੰਦਰ ਹਨ। ਜੋ ਪੰਜਾਬ ਦੀ ਕਿਸਾਨੀ ਵਿਚ ਅੰਬਾਨੀ ਨੂੰ ਲੈ ਕੇ ਆਏ। ਅਮਰਿੰਦਰ ਨੇ ਇਕ-ਦੋ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਪੰਜਾਬ ਦੇ ਕਿਸਾਨਾਂ, ਛੋਟੇ ਵਪਾਰੀਆਂ ਅਤੇ ਮਜ਼ਦੂਰਾਂ ਨੂੰ ਬਰਬਾਦ ਕਰ ਦਿੱਤਾ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੁਰਾਣੇ ਵੀਡੀਓ ਸ਼ੇਅਰ ਕੀਤੇ ਹਨ। ਜਿਸ ਵਿਚ ਕੈਪਟਨ ਖੇਤੀ ਵਿਚ ਪ੍ਰਾਈਵੇਟ ਹਿੱਸੇਦਾਰੀ ਦੀ ਵਕਾਲਤ ਕਰ ਰਹੇ ਹਨ।
ਸਿੱਧੂ ਨੇ ਇਸ ਵੀਡੀਓ ਦੇ ਅਖ਼ੀਰ ਵਿਚ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ। ਇਸ ਰਾਹੀਂ ਸਿੱਧੂ ਨੇ ਅਮਰਿੰਦਰ ਦੀ ਕਾਰਪੋਰੇਟਸ ਘਰਾਣਿਆਂ ਅਤੇ ਭਾਜਪਾ ਨਾਲ ਗੰਢਤੁਪ ਦੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ।
ਅਮਰਿੰਦਰ ਕਬੂਲ ਰਹੇ, ਟ੍ਰੋਪੀਕਾਨਾ ਤੇ ਅੰਬਾਨੀ ਨੂੰ ਮੈਂ ਲਿਆਇਆ-
ਪਹਿਲੇ ਵੀਡੀਓ ਵਿਚ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਮੈਂ ਇਹ ਗੱਲ ਕਈ ਵਰ੍ਹਿਆਂ ਤੋਂ ਕਹਿ ਰਿਹਾ ਹਾਂ। ਮੈਂ 1985-86 ਵਿਚ ਸੂਬੇ ਦਾ ਖੇਤੀ ਮੰਤਰੀ ਸੀ। ਉਦੋਂ ਤੋਂ ਮੈਂ ਦੇਖ ਰਿਹਾ ਸੀ ਕਿ ਪੰਜਾਬ ਵਿਚ ਕੀ ਹੋਣਾ ਹੈ। ਸਰਕਾਰ ਆਉਣ ‘ਤੇ ਮੈਂ ਟ੍ਰੋਪੀਕਾਨਾ ਅਤੇ ਅੰਬਾਨੀ ਨੂੰ ਇਥੇ ਲੈ ਕੇ ਆਇਆ। ਇਸ ਲਈ ਮੈਂ ਮੁਕੇਸ਼ ਅੰਬਾਨੀ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਵਿਚ ਤੁਹਾਡੇ 98 ਹਜ਼ਾਰ ਆਉਟਲੈੱਟਸ ਹਨ। ਜਿੱਥੇ ਤੁਸੀਂ ਸਬਜ਼ੀ ਅਤੇ ਫਲ ਵੇਚ ਸਕਦੇ ਹੋ। ਪੰਜਾਬ ਵਿਚ 12,700 ਪਿੰਡਾਂ ਵਿਚ ਅਸੀਂ ਤੁਹਾਡਾ ਸਾਥ ਦਿਆਂਗੇ। ਤੁਸੀਂ ਬੀਜ ਦਿਓਗੇ, ਦੇਖਭਾਲ ਕਰਕੇ ਖ਼ਰੀਦ ਵੀ ਕਰੋਗੇ ਅਤੇ ਉਸ ਨੂੰ ਫੇਰ ਹਿੰਦੁਸਤਾਨ ਵਿਚ ਕਿਤੇ ਵੀ ਲਿਜਾ ਸਕਦੇ ਹੋ।