ਸਾਮਰਾਜੀ ਪਸਾਰਵਾਦੀ ਨੀਤੀ ਦੀ ਪੈਦਾਵਾਰ ਰਿਫਿਊਜੀ ਤ੍ਰਾਸਦੀ

ਰਵੀ ਕੰਵਰ

ਦੁਨੀਆਂ ਭਰ ਵਿਚ ਸ਼ਰਨਾਰਥੀ ਸੰਕਟ ਦਿਨੋਂ-ਦਿਨ ਵਿਕਰਾਲ ਹੋ ਕੇ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਮਾਮਲਿਆਂ ਬਾਰੇ ਸ਼ਾਖਾ, ਯੂ.ਐਨ.ਐਚ.ਸੀ.ਆਰ. ਮੁਤਾਬਕ ਸਾਲ 2020 ਦੇ ਅੰਤ ਤੱਕ ਦੁਨੀਆਂ ਭਰ ਵਿਚ ਧੱਕੇ ਨਾਲ ਉਜਾੜੇ ਗਏ ਲੋਕਾਂ ਦੀ ਗਿਣਤੀ 8 ਕਰੋੜ 24 ਲੱਖ ਤੱਕ ਪੁੱਜ ਗਈ ਸੀ। ਇਹ ਲੋਕ ਅਤਿਆਚਾਰਾਂ, ਜੰਗਾਂ ਜਾਂ ਜੰਗ ਵਰਗੇ ਘਰੋਗੀ ਸੰਘਰਸ਼ਾਂ, ਹਿੰਸਾ, ਮਨੁੱਖੀ ਅਧਿਕਾਰਾਂ ਦੇ ਘਾਣ ਜਾਂ ਫਿਰ ਕਾਨੂੰਨ ਵਿਵਸਥਾ ਦੀ ਸਥਿਤੀ ਵਿਚ ਆਏ ਗੰਭੀਰ ਨਿਘਾਰ ਤੇ ਵਿਗਾੜ ਕਰਕੇ ਉਜੜਨ ਲਈ ਮਜ਼ਬੂਰ ਹੋਏ ਸਨ।
ਅਮਰੀਕਾ ਵਲੋਂ, ਅਫਗਾਨਿਸਤਾਨ ਵਿੱਚੋਂ ਆਪਣੀਆਂ ਫੌਜਾਂ ਕੱਢ ਲੈਣ ਅਤੇ ਤਾਲਿਬਾਨ ਵਲੋਂ ਦੇਸ਼ ‘ਤੇ ਕਬਜ਼ਾ ਕਰ ਲੈਣ ਨਾਲ ਪੈਦਾ ਹੋਈ ਗੰਭੀਰ ਸਥਿਤੀ ਦੇ ਨਤੀਜੇ ਵਜੋਂ ਦੇਸ਼ ਛੱਡ ਕੇ ਭੱਜਣ ਲਈ ਮਜਬੂਰ ਹੋਏ 50 ਲੱਖ ਅਫਗਾਨ ਬਸ਼ਿੰਦੇ ਉੱਪਰ ਬਿਆਨੇ ਅੱਠ ਕਰੋੜ ਤੋਂ ਵਧੇਰੇ ਸ਼ਰਨਾਰਥੀਆਂ ਵਿਚ ਹੋਰ ਜੁੜ ਜਾਣ ਨਾਲ ਇਹ ਤ੍ਰਾਸਦੀ ਹੋਰ ਵਿਕਰਾਲ ਹੋ ਜਾਵੇਗੀ।
ਆਮ ਤੌਰ ‘ਤੇ ਤਾਂ ਉਜਾੜੇ ਦੇ ਸ਼ਿਕਾਰ ਹਰੇਕ ਵਿਅਕਤੀ ਨੂੰ ਹੀ ਸ਼ਰਨਾਰਥੀ ਕਿਹਾ ਜਾਂਦਾ ਹੈ। ਪ੍ਰੰਤੂ 1951 ਦੀ ਸੰਯੁਕਤ ਰਾਸ਼ਟਰ ਦੀ ਰਿਫਯੂਜੀ ਕਨਵੈਨਸ਼ਨ ਅਤੇ 1967 ਦੀ ਪਰੋਟੋਕੋਲ ਮੁਤਾਬਕ ਸ਼ਰਨਾਰਥੀ ਸ਼ਬਦ ਸਿਰਫ ਉਨ੍ਹਾਂ ਲਈ ਵਰਤਿਆ ਜਾਂਦਾ ਹੈ ਜਿਹੜੇ ਕਿ ਜੰਗ, ਅਤਿਆਚਾਰ ਜਾਂ ਨਸਲੀ, ਭਾਸ਼ਾਈ, ਧਾਰਮਿਕ ਆਦਿ ਟਕਰਾਆਂ ਕਰਕੇ ਦੂਜੇ ਦੇਸ਼ਾਂ ਨੂੰ ਪ੍ਰਵਾਸ ਕਰਨ ਲਈ ਮਜ਼ਬੂਰ ਹੋਏ ਹੋਣ।
ਇਸ ਪਰਿਭਾਸ਼ਾ ਮੁਤਾਬਕ ਉਜੜੇ ਲੋਕਾਂ ਦਾ ਜੋ ਵਰਗੀਕਰਨ ਕੀਤਾ ਗਿਆ ਹੈ ਉਸ ਅਨੁਸਾਰ ਆਪਣੇ ਦੇਸ਼ਾਂ ਵਿਚ ਹੀ ਠੋਕਰਾਂ ਖਾ ਰਹੇ ਉਜੜੇ-ਉਖੜੇ ਲੋਕਾਂ ਦੀ ਗਿਣਤੀ ਹੀ 4 ਕਰੋੜ 80 ਲੱਖ ਹੈ। ਜਦੋਂਕਿ ਦੂਜੇ ਦੇਸ਼ਾਂ ਵਿਚ ਸ਼ਰਨ ਲੈਣ ਵਾਲੇ 2 ਕਰੋੜ 6 ਲੱਖ ਅਤੇ ਕਿਸੇ ਹੋਰ ਦੇਸ਼ ਵਿਚ ਸ਼ਰਨ ਪ੍ਰਾਪਤ ਕਰਨ ਲਈ ਅਰਜ਼ੀ ਦੇਣ ਵਾਲੇ 41 ਲੱਖ ਲੋਕ ਹਨ।
ਇਨ੍ਹਾਂ ਵਿਚੋਂ 68% ਸ਼ਰਨਾਰਥੀ ਤਾਂ ਕੇਵਲ 5 ਦੇਸ਼ਾਂ; ਸੀਰੀਆ (67 ਲੱਖ), ਵੈਨੇਜ਼ੁਏਲਾ (40 ਲੱਖ), ਅਫ਼ਗਾਨਿਸਤਾਨ (26 ਲੱਖ), ਦੱਖਣੀ ਸੂਡਾਨ (22 ਲੱਖ) ਅਤੇ ਮਿਆਂਮਾਰ (11 ਲੱਖ) ਤੋਂ ਹੀ ਹਨ।
ਸਭ ਤੋਂ ਵਧੇਰੇ ਸ਼ਰਨਾਰਥੀ (37 ਲੱਖ), ਤੁਰਕੀ ਦੇ ਕੈਂਪਾਂ ਵਿਚ ਰਹਿ ਰਹੇ ਹਨ, ਜਦਕਿ ਕੋਲੰਬੀਆ ਵਿਚ 17 ਲੱਖ, ਪਾਕਿਸਤਾਨ ਵਿਚ 14 ਲੱਖ, ਉਗਾਂਡਾ ਵਿਚ 14 ਲੱਖ ਅਤੇ ਜਰਮਨੀ ਵਿਚ 12 ਲੱਖ ਸ਼ਰਨਾਰਥੀ ਹਨ ਜੋ ਉਜਾੜੇ ਦੀ ਸ਼ਿਕਾਰ ਕੁੱਲ ਵਸੋਂ ਦਾ 39% ਬਣਦੇ ਹਨ।
ਵਧੇਰੇ ਬੇਚੈਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ 42%, ਭਾਵ 3 ਕਰੋੜ 50 ਲੱਖ ਬੱਚੇ ਹਨ। 10 ਲੱਖ ਬੱਚਿਆਂ ਦਾ ਤਾਂ ਜਨਮ ਹੀ ਸ਼ਰਨਾਰਥੀ ਕੈਂਪਾਂ ਵਿਚ ਹੋਇਆ ਹੈ। 2018 ਵਿਚ 2 ਲੱਖ 90 ਹਜ਼ਾਰ ਅਤੇ 2020 ਵਿਚ 3 ਲੱਖ 40 ਹਜ਼ਾਰ ਬੱਚੇ ਸ਼ਰਨਾਰਥੀ ਕੈਂਪਾਂ ਵਿਚ ਜਨਮੇ ਸਨ।
ਇਨ੍ਹਾਂ ਸ਼ਰਨਾਰਥੀਆਂ ਵਿਚੋਂ 86% ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਭਾਵ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਸ਼ਰਨਾਰਥੀ ਕੈਂਪਾਂ ਵਿਚ ਰਹਿ ਰਹੇ ਸਨ ਜਿਨ੍ਹਾਂ ਦੇ ਆਪਣੇ ਲੋਕਾਂ ਦੀਆਂ ਜੀਵਨ ਹਾਲਤਾਂ ਵੀ ਕੋਈ ਵਧੇਰੇ ਚੰਗੀਆਂ ਨਹੀਂ ਹਨ। ਸ਼ਰਨਾਰਥੀਆਂ ਨਾਲ ਸਬੰਧਤ ਕੌਮਾਂਤਰੀ ਕਾਨੂੰਨਾਂ ਮੁਤਾਬਕ ਉਨ੍ਹਾਂ ਨੂੰ ਕੰਮ, ਆਵਾਸ, ਸਿੱਖਿਆ, ਜਨਤਕ ਰਾਹਤ, ਧਾਰਮਿਕ ਆਜ਼ਾਦੀ, ਘੁੰਮਣ-ਫਿਰਨ ਦੀ ਖੁੱਲ੍ਹ ਤੇ ਕਾਨੂੰਨੀ ਮੱਦਦ ਆਦਿ ਦੇ ਅਧਿਕਾਰ ਹਾਸਲ ਹਨ। ਪ੍ਰੰਤੂ ਵਿਕਾਸਸ਼ੀਲ ਦੇਸ਼ਾਂ ਵਿਚ ਰਹਿ ਰਹੇ ਸ਼ਰਨਾਰਥੀ ਇਨ੍ਹਾਂ ਅਧਿਕਾਰਾਂ ਤੋਂ ਅਕਸਰ ਹੀ ਵਾਂਝੇ ਰਹਿੰਦੇ ਹਨ। ਇਨ੍ਹਾਂ ਵਿਚ 42 ਲੱਖ ਲੋਕ ਅਜਿਹੇ ਵੀ ਹਨ ਜੋ ਕਿਸੇ ਵੀ ਦੇਸ਼ ਦੀ ਨਾਗਰਿਕ ਨਹੀਂ। ਅਜਿਹੇ ਗੈਰ ਮੁਲਕੀ ਲੋਕ ਸੰਸਾਰ ਦੇ 94 ਦੇਸ਼ਾਂ ਵਿਚ ਖਿੱਲਰੇ ਹੋਏ ਹਨ।
ਸ਼ਰਨਾਰਥੀਆਂ ਦੀ ਸਮੱਸਿਆ ਕੋਈ ਨਵੀਂ ਨਹੀਂ ਬਲਕਿ ਇਹ ਪੂੰਜੀਵਾਦ ਦੇ ਹੋਂਦ ਵਿੱਚ ਆਉਣ ਸਾਰ ਹੀ ਸ਼ੁਰੂ ਹੋ ਗਈ ਸੀ। 16ਵੀਂ ਤੋਂ 19ਵੀਂ ਸਦੀ ਦਰਮਿਆਨ ਗੁਲਾਮਾਂ ਦੇ ਵਹਿਸ਼ੀ ਵਪਾਰ ਲਈ ਧੱਕੇ ਨਾਲ ਪ੍ਰਵਾਸ ਕਰਵਾਏ ਜਾਣ ਦੇ ਰੂਪ ਵਿਚ ਕਰੀਬ 3 ਕਰੋੜ ਅਫਰੀਕੀ ਲੋਕਾਂ ਨੂੰ ਬਸਤੀਵਾਦੀ ਹਾਕਮਾਂ ਨੇ ਅਟਲਾਂਟਿਕ ਮਹਾਂਸਾਗਰ ਪਾਰ ਕਰਵਾਕੇ ਕੈਰੀਬੀਅਨ ਟਾਪੂਆਂ ਉਤੇ ਖੇਤੀ ਕਰਨ ਲਈ ਮਜ਼ਬੂਰ ਕਰਦਿਆਂ ਇਨ੍ਹਾਂ ਦੀਆਂ ਆਰਜ਼ੀ ਰਿਹਾਇਸ਼ਾਂ ਨੂੰ ਬਸਤੀਵਾਦੀ ਲੇਬਰ ਕੈਂਪਾਂ ਵਿਚ ਤਬਦੀਲ ਕਰ ਦਿੱਤਾ ਸੀ। ਗੁਲਾਮਾਂ ਦੇ ਵਪਾਰ ਦਾ ਸਭ ਤੋਂ ਵਧੇਰੇ ਲਾਭ ਉਸ ਵੇਲੇ ਦੇ ਸਭ ਤੋਂ ਸ਼ਕਤੀਸ਼ਾਲੀ ਬਸਤੀਵਾਦੀ ਦੇਸ਼ ਬ੍ਰਿਟੇਨ ਨੇ ਖੱਟਿਆ ਸੀ ਅਤੇ ਇਥੋਂ ਦੀ ਸਨਅਤੀ ਕ੍ਰਾਂਤੀ ਦੀ ਸਫਲਤਾ ਵਿਚ ਗੁਲਾਮਾਂ ਨੇ ਅਹਿਮ ਭੂਮਿਕਾ ਨਿਭਾਈ ਸੀ।
1838 ਵਿਚ ਚਾਹੇ ਗੁਲਾਮਾਂ ਦੇ ਵਪਾਰ ‘ਤੇ ਪਾਬੰਦੀ ਲੱਗ ਗਈ ਸੀ ਪ੍ਰੰਤੂ ਫੇਰ ਵੀ 1834 ਤੋਂ 1937 ਦਰਮਿਆਨ ਕਰੋੜਾਂ ਲੋਕਾਂ ਨੂੰ ‘ਕੁਲੀਆਂ’ ਦੇ ਰੂਪ ਵਿਚ ਏਸ਼ੀਆਈ ਮੁਲਕਾਂ ਤੋਂ ਧੱਕੇ ਨਾਲ ਪ੍ਰਵਾਸ ਕਰਵਾਕੇ ਕੈਰੀਬੀਅਨ ਜਜ਼ੀਰਿਆਂ ਦੇ ਗੰਨਾਂ ਫਾਰਮਾਂ, ਬ੍ਰਾਜ਼ੀਲ ਦੀਆਂ ਖਾਨਾਂ ਤੇ ਸ਼੍ਰੀਲੰਕਾ ਦੇ ਚਾਹ ਤੇ ਕਾਫ਼ੀ ਦੇ ਬਾਗਾਨਾਂ ਵਿੱਚ ਲਿਜਾਇਆ ਗਿਆ। ਇਨ੍ਹਾਂ ਵਿਚੋਂ 3 ਕਰੋੜ ਦੇ ਲੱਗਭਗ ਭਾਰਤੀ ਸਨ ਜਿੰਨ੍ਹਾਂ ਦੇ ਵਡੇਰੇ ਪੂਰਬੀ ਯੂ.ਪੀ. ਤੇ ਬਿਹਾਰ ਤੋਂ ਸਨ।
1870 ਤੋਂ ਲੈਕੇ 1914 ਤੱਕ 5 ਕਰੋੜ ਲੋਕਾਂ ਨੇ ਯੂਰਪ ਛੱਡਕੇ ਅਮਰੀਕਾ, ਕਨਾਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਅਰਜਨਟੀਨਾਂ ਤੇ ਦੱਖਣੀ ਅਫਰੀਕਾ ਵਰਗੇ ਦੇਸ਼ਾਂ ਵੱਲ ਪ੍ਰਵਾਸ ਕੀਤਾ ਅਤੇ ਇਨ੍ਹਾਂ ਪੂੰਜੀਵਾਦੀ ਦੇਸ਼ਾਂ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ। ਪਹਿਲੀ ਸੰਸਾਰ ਜੰਗ ਦੇ ਸਿੱਟੇ ਵਜੋਂ ਪੈਦਾ ਹੋਈ1929 ਦੀ ਮਹਾਮੰਦੀ ਤੋਂ ਬਾਅਦ ਯੂਰਪ ਤੇ ਅਮਰੀਕਾ ਨੇ ਕਾਨੂੰਨਾਂ ਰਾਹੀਂ ਇਸ ਪ੍ਰਵਾਸ ਉਤੇ ਬੰਦਿਸ਼ਾਂ ਲਾਉਣ ਦੀ ਸ਼ੁਰੂਆਤ ਕੀਤੀ।
ਜਿੱਥੇ ਇਕ ਪਾਸੇ ਉਹ ਸਾਮਰਾਜਵਾਦੀ ਕਾਨੂੰਨਾਂ ਰਾਹੀਂ ਪ੍ਰਵਾਸ ਉਤੇ ਕੰਟਰੋਲ ਕਰਨ ਦਾ ਯਤਨ ਕਰ ਰਹੇ ਸਨ। ਉਥੇ ਦੂਜੇ ਪਾਸੇ ਸਾਮਰਾਜੀਆਂ ਦੀ ਮੰਡੀਆਂ ਤੇ ਕੁਦਰਤੀ ਵਸੀਲਿਆਂ ‘ਤੇ ਕਬਜ਼ੇ ਲਈ ਆਪਸੀ ਮੁਕਾਬਲੇਬਾਜ਼ੀ ਨੇ ਤਬਾਹਕੁੰਨ ਜੰਗਾਂ ਨੂੰ ਜਨਮ ਦਿੱਤਾ। ਦੂਜੀ ਸੰਸਾਰ ਜੰਗ ਅਤੇ ਉਸ ਤੋਂ ਬਾਅਦ ਦੇ ਖੇਤਰੀ ਤੇ ਗ੍ਰਹਿ ਯੁੱਧਾਂ ਕਰਕੇ ਵੱਡੇ ਪੈਮਾਨੇ ‘ਤੇ ਲੋਕ ਆਪਣੇ ਮੁਲਕਾਂ ਤੋਂ ਉਜਾੜੇ ਗਏ। ਦੂਜੀ ਸੰਸਾਰ ਜੰਗ ਦਰਮਿਆਨ ਹੀ ਕਰੋੜਾਂ ਲੋਕ ਆਪਣੇ ਆਸ਼ੀਆਨਿਆਂ ਤੋਂ ਉਜੜਨ ਲਈ ਮਜ਼ਬੂਰ ਹੋਏ ਸਨ। 1947 ਦੀ ਭਾਰਤ-ਪਾਕਿਸਤਾਨ ਵੰਡ ਨੂੰ ਕਿਵੇਂ ਭੁੱਲ ਸਕਦੇ ਹਾਂ! ਵੰਡ ਦੇ ਮਾਹੌਲ ਵਿੱਚ ਸਾਜਿਸ਼ਨ ਕਰਵਾਏ ਗਏ ਫਿਰਕੂ ਦੰਗਿਆਂ ਵਿਚ 10 ਲੱਖ ਨਿਰਦੋਸ਼ ਲੋਕੀਂ ਮਾਰੇ ਗਏ ਸਨ ਅਤੇ ਅੰਦਾਜ਼ਨ ਡੇਢ ਕਰੋੜ ਆਪਣੇ ਘਰ-ਘਾਟ ਛੱਡਣ ਲਈ ਮਜ਼ਬੂਰ ਕੀਤੇ ਗਏ ਸਨ। ਇਹ ਵੰਡ ਤੇ ਉਜਾੜਾ ਵੀ ਇਸ ਖਿੱਤੇ ‘ਤੇ ਅਸਿੱਧਾ ਕਬਜ਼ਾ ਕਾਇਮ ਰੱਖਣ ਦੀ ਸਾਮਰਾਜੀ ਮੰਸ਼ਾ ਦਾ ਘਾਤਕ ਨਤੀਜਾ ਹੀ ਸੀ। ਇਹ ਵੀ ਨਾ ਭੁੱਲਣ ਯੋਗ ਹੈ ਕਿ ਭਾਰਤ ਦੇ ਪੂੰਜੀਪਤੀ ਹਾਕਮ ਵੀ ਇਸ ਕਤਲੇਆਮ ਤੇ ਉਜਾੜੇ ਲਈ ਬਰਾਬਰ ਦੇ ਦੋਸ਼ੀ ਹਨ। ਇਸ ਦੁਰਭਾਗ ਪੂਰਨ ਵੰਡ ਦੌਰਾਨ ਇਕ ਕਰੋੜ ਤੋਂ ਵਧੇਰੇ ਬੰਗਾਲੀ ਵੀ ਵੱਢਾ-ਟੁੱਕੀ ਅਤੇ ਉਜਾੜੇ ਦਾ ਸ਼ਿਕਾਰ ਹੋਏ ਸਨ। 1948 ਵਿਚ ਮੱਧ-ਪੂਰਬ ਏਸ਼ੀਆਈ ਦੇਸ਼ ਫਲਸਤੀਨ ਦੇ ਇਕ ਹਿੱਸੇ ਵਿਚ ਸੰਯੁਕਤ ਰਾਸ਼ਟਰ ਦੀ ਦਖਲਅੰਦਾਜੀ ਨਾਲ ਇਜ਼ਰਾਈਲ ਦੇਸ਼ ਦੀ ਸਥਾਪਨਾ ਹੋਈ। ਇਜ਼ਰਾਇਲੀ ਹਾਕਮਾਂ ਨੇ, ਅਮਰੀਕਾ ਅਤੇ ਹੋਰ ਸਾਮਰਾਜੀ ਦੇਸ਼ਾਂ ਦੀ ਸ਼ਹਿ ਨਾਲ ਵਿਸਥਾਰਵਾਦੀ ਨੀਤੀ ‘ਤੇ ਚਲਦਿਆਂ, ਫਲਸਤੀਨੀਆਂ ਨੂੰ ਉਨ੍ਹਾਂ ਦੇ ਜੰਮਣ ਭੌਂ ਤੋਂ ਉਜਾੜ ਕੇ ਨਾਜਾਇਜ਼ ਕਬਜ਼ੇ ਦਾ ਸਿਲਸਿਲਾ ਸ਼ੁਰੂ ਕੀਤਾ ਜੋ ਅੱਜ ਵੀ ਨਿਰੰਤਰ ਜਾਰੀ ਹੈ। ਇਸ ਧੱਕੇ ਦੇ ਸਿੱਟੇ ਵਜੋਂ 50 ਲੱਖ ਫਲਸਤੀਨੀ ਉਜਾੜੇ ਜਾ ਚੁੱਕੇ ਹਨ ਅਤੇ ਹੁਣ ਤਾਂ ਇਹ ਧੱਕਾ ਦਿਨੋਂ-ਦਿਨ ਹੋਰ ਵੀ ਵਧੇਰੇ ਵਹਿਸ਼ੀ ਰੂਪ ਧਾਰਨ ਕਰਦਾ ਜਾ ਰਿਹਾ ਹੈ।
ਅਮਰੀਕੀ ਸਾਮਰਾਜ ਦੀ ਸਿੱਧੀ ਸ਼ਮੂਲੀਅਤ ਨਾਲ ਏਸ਼ੀਆਈ ਖਿੱਤੇ ਵਿਚ ਲੜੀ ਗਈ ਕੋਰੀਆਈ ਜੰਗ (1950-53) ਨੇ ਵੀ 20 ਲੱਖ ਤੋਂ ਵੱਧ ਲੋਕ ਉੱਜੜਣ ਲਈ ਮਜ਼ਬੂਰ ਕੀਤੇ।
ਲਗਭਗ 20 ਸਾਲ (1955 ਤੋਂ 1975 ਤੱਕ) ਚੱਲੀ ਵਿਅਤਨਾਮ-ਅਮਰੀਕਾ ਜੰਗ, ਜਿਸ ਵਿਚ ਅਮਰੀਕਾ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਦੌਰਾਨ 30 ਲੱਖ ਲੋਕ ਉੱਜੜੇ ਸਨ। ਸੋਵੀਅਤ ਰੂਸ ਦੇ ਢਹਿਢੇਰੀ ਹੋ ਜਾਣ ਤੋਂ ਬਾਅਦ ਪੂਰਬੀ ਯੂਰਪੀ ਦੇਸ਼ਾਂ ਵਿਚ ਸਮਾਜਵਾਦ ਨੂੰ ਵੱਜੀਆਂ ਪਛਾੜਾਂ ਕਰਕੇ ਸਾਬਕਾ ਸਮਾਜਵਾਦੀ ਦੇਸ਼ਾਂ ਯੂਗੋਸਲਾਵੀਆ ਤੇ ਚੈਕੋਸਲੋਵਾਕੀਆ ਨੂੰ ਅਸਥਿਰ ਕਰਨ ਦੀਆਂ ਸਾਮਰਾਜੀ ਚਾਲਾਂ ਕਰਕੇ ਹੋਏ ਗ੍ਰਹਿ ਯੁੱਧਾਂ ਦੌਰਾਨ ਸਿਰਫ ਯੂਗੋਸਲਾਵੀਆ ਦੇ ਹੀ 27 ਲੱਖ ਲੋਕ ਉਜਾੜੇ ਦਾ ਸ਼ਿਕਾਰ ਬਣੇ ਸਨ।
ਅਫਰੀਕੀ ਦੇਸ਼ਾਂ ਦੀਆਂ ਮੰਡੀਆਂ ਅਤੇ ਕੁਦਰਤੀ ਸਾਧਨਾਂ ‘ਤੇ ਕਬਜ਼ੇ ਲਈ ਅਮਰੀਕਾ, ਬ੍ਰਿਟੇਨ ਤੇ ਫਰਾਂਸ ਵਰਗੇ ਸਾਮਰਾਜੀ ਦੇਸ਼ਾਂ ਵਲੋਂ ਜੋ ਸਾਜਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਉਨ੍ਹਾਂ ਦੇ ਸਿੱਟੇ ਵਜੋਂ ਇੱਥੇ ਗ੍ਰਹਿ ਯੁੱਧ ਆਮ ਗੱਲ ਬਣ ਗਈ ਹੈ। ਸੋਮਾਲੀਆ ਵਿਚ ‘ਸਿਆਦ ਬਾਰ’ ਸਰਕਾਰ ਦੇ ਪਤਨ ਤੋਂ ਬਾਅਦ 1991 ਵਿੱਚ ਸ਼ੁਰੂ ਹੋਏ ਗ੍ਰਹਿਯੁੱਧ ਵਿਚ ਉਦੋਂ ਤੋਂ ਲੈਕੇ ਹੁਣ ਤੱਕ 11 ਲੱਖ ਲੋਕ ਉਜੱੜ ਚੁੱਕੇ ਹਨ।
ਸਾਮਰਾਜੀ ਸਾਜਿਸ਼ਾਂ ਕਰਕੇ ਰਵਾਂਡਾ ਵਿਚ 1994 ਵਿੱਚ ਸ਼ੁਰੂ ਹੋਈ ਕਬੀਲਿਆਂ ਦਰਮਿਆਨ ਖਾਨਾਜੰਗੀ ਹੁਣ ਤੱਕ 35 ਲੱਖ ਲੋਕ ਉਜਾੜ ਚੁੱਕੀ ਹੈ। 1996 ਤੋਂ 98 ਦਰਮਿਆਨ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ਦੀ ਖਾਨਾਜੰਗੀ ਵਿਚ 5 ਲੱਖ ਲੋਕ ਸ਼ਰਨਾਰਥੀ ਬਨਣ ਲਈ ਮਜ਼ਬੂਰ ਹੋਏ ਸਨ। ਦੱਖਣੀ ਸੂਡਾਨ ਵਿਚ 2 ਸਾਲ ਚੱਲੀ ਖਾਨਾਜੰਗੀ ਕਰਕੇ 15 ਲੱਖ ਲੋਕ ਉੱਜੜਨ ਲਈ ਮਜ਼ਬੂਰ ਹੋਏ ਸਨ।
2013 ਵਿਚ ਸਾਡੇ ਗੁਆਂਢੀ ਦੇਸ਼ ਮਿਆਂਮਾਰ ਦੇ ਰਖਾਇਨ ਸੂਬੇ ਵਿਚ ਉਥੋਂ ਦੇ ਹਾਕਮਾਂ ਦੀ ਸ਼ਹਿ ‘ਤੇ ਹੋਈ ਫ਼ਿਰਕੂ ਤੇ ਨਸਲੀ ਹਿੰਸਾ ਕਾਰਨ 11 ਲੱਖ ਰੋਹਿੰਗਿਆ ਮੁਸਲਮਾਨ ਆਪਣੇ ਘਰਾਂ ਤੋਂ ਉਜੜਕੇ ਬੰਗਲਾ ਦੇਸ਼ ਤੇ ਹੋਰ ਦੇਸ਼ਾਂ ਦੇ ਸ਼ਰਨਾਰਥੀ ਕੈਂਪਾਂ ਵਿਚ ਰਹਿਣ ਲਈ ਮਜ਼ਬੂਰ ਹਨ।
ਸਿੱਧੀਆਂ ਜੰਗਾਂ ਤੋਂ ਬਿਨਾਂ ਅਮਰੀਕੀ ਸਾਮਰਾਜ ਨੇ ਲਾਤੀਨੀ ਤੇ ਕੇਂਦਰੀ ਅਮਰੀਕੀ ਦੇਸ਼ਾਂ ਵਿਚ ਵੱਡੀਆਂ ਬਹੁਕੌਮੀ ਕਾਰਪੋਰੇਸ਼ਨਾਂ ਦੇ ਵਪਾਰਕ ਤੇ ਆਰਥਿਕ ਹਿਤਾਂ ਦੀ ਪੂਰਤੀ ਲਈ ਆਪਣੇ ਸੱਜ ਪਿਛਾਖੜੀ ਹੱਥਠੋਕਿਆਂ ਦੀ ਮਦਦ ਨਾਲ ਅਰਾਜਕਤਾ ਪੈਦਾ ਕਰਕੇ ਲੱਖਾਂ ਲੋਕ ਉਜਾੜੇ ਹਨ। ਅਮਰੀਕਾ ਵਲੋਂ ਆਰਥਿਕ ਪਾਬੰਦੀਆਂ ਦੇ ਰੂਪ ਵਿਚ ਇਨ੍ਹਾ ਦੇਸ਼ਾਂ ਵਿਰੁੱਧ ਛੇੜੀਆਂ ਗਈਆਂ ਲੁਕਵੀਆਂ ਜੰਗਾਂ ਰਾਹੀਂ ਪੈਦਾ ਹੋਈ ਗਰੀਬੀ ਅਤੇ ਚੌਗਿਰਦੇ ਸਬੰਧੀ ਵਿਗਾੜਾਂ ਨੇ ਵੀ ਲੋਕ ਵੱਡੀ ਪੱਧਰ ‘ਤੇ ਉਜਾੜੇ ਹਨ।
ਬੋਲੀਵੀਆ ਦਾ ਤਖਤਾ ਪਲਟ ਤੇ ਵੈਨਜ਼ੁਏਲਾ ਵਿਚ ਲਾਈਆਂ ਗਈਆਂ ਸਖਤ ਆਰਥਿਕ ਪਾਬੰਦੀਆਂ ਸਾਮਰਾਜੀ ਲੁੱਟ-ਖੋਹ ਦੇ ਇਸ ਵਰਤਾਰੇ ਦੀਆਂ ਸਪਸ਼ਟ ਮਿਸਾਲਾਂ ਹਨ।
ਲੀਥੀਅਮ ਖਾਨਾਂ ‘ਤੇ ਕਬਜ਼ਾ ਕਰਨ ਹਿੱਤ ਬੋਲੀਵੀਆ ਦੇ ਚੁਣੇ ਗਏ ਰਾਸ਼ਟਰਪਤੀ ਈਵੋ ਮੋਰਾਲੇਜ਼ ਵਿਰੁੱਧ ਤਖਤਾ ਪਲਟ ਕਰਵਾਇਆ ਗਿਆ, ਜਿਹੜਾ ਕਿ ਸਖਤ ਜਨਤਕ ਦਬਾਅ ਅਧੀਨ ਮੁੜ ਚੋਣਾਂ ਕਰਵਾਉਣ ਲਈ ਮਜ਼ਬੂਰ ਹੋਣ ਕਰਕੇ ਸਫਲ ਨਹੀਂ ਸੀ ਹੋ ਸਕਿਆ। ਮੋਰਾਲੇਜ਼ ਦੀ ਪਾਰਟੀ ਮੁੜ ਚੋਣਾਂ ਜਿੱਤਣ ਵਿਚ ਸਫਲ ਰਹੀ ਸੀ। ਇੱਥੇ ਇਹ ਵੀ ਵਰਣਨ ਯੋਗ ਹੈ ਕਿ ਲੀਥੀਅਮ ਇਸ ਵੇਲੇ ਸਭ ਤੋਂ ਕੀਮਤੀ ਖਣਿਜ ਪਦਾਰਥ ਹੈ, ਜੋ ਆਉਣ ਵਾਲੇ ਸਮੇਂ ਵਿੱਚ ਬਿਜਲਈ ਆਵਾਜਾਈ ਸਾਧਨਾਂ ਨੂੰ ਚਲਾਉਣ ਲਈ ਕੰਮ ਆਉਣ ਵਾਲੀਆਂ ਬੈਟਰੀਆਂ ਲਈ ਸਭ ਤੋਂ ਲੋੜੀਂਦਾ, ਅਹਿਮ ਕੱਚਾ ਮਾਲ ਹੈ।
ਸਾਮਰਾਜ ਵਿਰੋਧੀ ਸਰਕਾਰ ਨੂੰ ਅਸਥਿਰ ਕਰਨ ਵਿਚ ਅਸਫਲ ਰਹਿਣ ਕਰਕੇ ਅਮਰੀਕਾ ਨੇ ਵੈਨਜ਼ੁਏਲਾ ਖਿਲਾਫ਼ ਸਖਤ ਆਰਥਿਕ ਪਾਬੰਦੀਆਂ ਲਾਉਣ ਦਾ ਰਾਹ ਅਖਤਿਆਰ ਕੀਤਾ ਹੈ।
ਉਸ ਵਲੋਂ ਪੈਦਾ ਕੀਤੇ ਜਾਂਦੇ ਤੇਲ ਦੀ ਬਰਾਮਦ ‘ਤੇ ਸਖਤ ਰੋਕਾਂ ਲਗਾ ਦਿੱਤੀਆਂ ਹਨ ਅਤੇ ਦੂਜੇ ਪਾਸੇ ਇਸ ਵਲੋਂ ਦਰਾਮਦ ਕੀਤੇ ਜਾਂਦੇ ਅਨਾਜ ਦੇ ਰਾਹ ਵਿਚ ਅੜਿੱਕੇ ਖੜੇ ਕਰਕੇ ਇੱਥੇ ਭੁੱਖਮਰੀ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਯੂ.ਐਨ.ਐਚ.ਸੀ. ਆਰ. ਅਨੁਸਾਰ ਇਸ ਦੇ ਨਤੀਜੇ ਵਜੋਂ 40 ਲੱਖ ਲੋਕ ਦੇਸ਼ ਛੱਡਕੇ ਚਲੇ ਗਏ ਹਨ ਜਿਨ੍ਹਾਂ ਵਿੱਚੋਂ 17 ਲੱਖ ਕੋਲੰਬੀਆ ਵਿਚਲੇ ਸ਼ਰਨਾਰਥੀ ਕੈਂਪਾਂ ਵਿਚ ਰੁਲ ਰਹੇ ਹਨ।
ਦੁਨੀਆਂ ਦਾ ਸਭ ਤੋਂ ਵੱਡਾ ਸ਼ਰਨਾਰਥੀ ਸੰਕਟ ਮੱਧ-ਪੂਰਬ ਵਿਚ 2003 ਵਿਚ ਅਮਰੀਕੀ ਸਾਮਰਾਜ ਵਲੋਂ ਆਪਣੇ ਤੇਲ ਹਿਤਾਂ ਕਰਕੇ ਈਰਾਕ ਵਿਰੁੱਧ ਛੇੜੀ ਗਈ ਜੰਗ ਅਤੇ ਅਫਗਾਨਿਸਤਾਨ ਵਿਚ 2001 ਵਿਚ ਕੀਤੀ ਗਈ ਫੌਜੀ ਦਖਲਅੰਦਾਜ਼ੀ ਨਾਲ ਸ਼ੁਰੂ ਹੋਇਆ ਹੈ। ਅਮਰੀਕੀ ਸਾਮਰਾਜ ਵਲੋਂ ਪਾਕਿਸਤਾਨੀ ਹਾਕਮਾਂ ਦੀ ਮਦਦ ਨਾਲ ਜਥੇਬੰਦ ਕੀਤੇ ਗਏ ਮੁਸਲਮ ਕੱਟੜ ਧਾਰਮਿਕ ਗੁੱਟਾਂ ਵੱਲੋਂ ਅਫਗਾਨਿਸਤਾਨ ਦੀ ਪ੍ਰਗਤੀਸ਼ੀਲ ਸਰਕਾਰ ਵਿਰੁੱਧ ਛੇੜਿਆ ਗਿਆ ਅਖੌਤੀ ‘ਜ਼ਿਹਾਦ’ ਇਸੇ ਪਸਾਰ ਵਾਦੀ ਨੀਤੀ ਦਾ ਹਿੱਸਾ ਸੀ। ਤਾਲਿਬਾਨ ਤੇ ਅਲ-ਕਾਇਦਾ ਜਿਹੇ ਕੱਟੜਵਾਦੀ ਧਾਰਮਿਕ ਸੰਗਠਨ ਵੀ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਦੀ ਹੀ ਪੈਦਾਵਾਰ ਹਨ। ਈਰਾਕ ਉਤੇ ਘਾਤਕ ਹਥਿਆਰ ਹੋਣ ਦੇ ਝੂਠੇ ਦੋਸ਼ ਲਾਕੇ ਇਸ ਦੇਸ਼ ਨੂੰ ਅਮਰੀਕਾ ਅਤੇ ਸਹਿਯੋਗੀਆਂ ਨੇ ਪੂਰੀ ਤਰ੍ਹਾਂ ਤਬਾਹ ਹੀ ਨਹੀਂ ਕੀਤਾ ਬਲਕਿ ਇੱਥੋਂ ਦੇ 10 ਲੱਖ ਤੋਂ ਵਧੇਰੇ ਲੋਕਾਂ ਨੂੰ ਸ਼ਰਨਾਰਥੀ ਬਣਕੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਵੀ ਕੀਤਾ, ਜੋ ਅੱਜ ਵੀ ਦੂਜੇ ਦੇਸ਼ਾਂ ਵਿੱਚ ਮਾਰੇ-ਮਾਰੇ ਫਿਰ ਰਹੇ ਹਨ।
2011 ਵਿਚ ਮਿਸਰ ਵਿਚ ਹੋਈ ‘ਬਸੰਤ ਬਗਾਵਤ’ ਦੇ ਪ੍ਰਭਾਵ ਹੇਠ ਸੀਰੀਆ, ਲੀਬੀਆ ਆਦਿ ਦੇਸ਼ਾਂ ਵਿਚ ਵੀ ਬਗਾਵਤਾਂ ਸ਼ੁਰੂ ਹੋਈਆਂ ਜਿੰਨ੍ਹਾਂ ਨੂੰ ਉਥੋਂ ਦੀਆਂ ਲੋਕ ਪੱਖੀ ਸ਼ਕਤੀਆਂ ਲੋਕ ਪੱਖੀ ਮੋੜ ਦੇਣ ਵਿਚ ਨਾਕਾਮ ਰਹੀਆਂ ਅਤੇ ਇਹ ਖਾਨਾਜੰਗੀ ਵਿਚ ਬਦਲ ਗਈਆਂ। ਅਮਰੀਕਾ ਸਾਊਦੀ ਅਰਬ ਦੀ ਸੁੰਨੀ ਹਕੂਮਤ ਰਾਹੀਂ ਉੱਥੋਂ ਦੇ ਸੁੰਨੀ ਕੱਟੜਪੰਥੀ ਇਸਲਾਮਕ ਸੰਗਠਨ ਆਈਐਸਆਈਐਸ ਨੂੰ ਆਰਥਕ ਇਮਦਾਦ ਤੇ ਫੌਜੀ ਟਰੇਨਿੰਗ ਦਿੰਦਾ ਰਿਹਾ ਤਾਂਕਿ ਸੀਰੀਆ ਤੇ ਲੀਬੀਆ ਵਿਚ ਆਪਣੇ ਹਿਤਾਂ ਦੀ ਪੂਰਤੀ ਕੀਤੀ ਜਾ ਸਕੇ। ਇਸਦਾ ਸਿੱਟਾ ਲੀਬੀਆ ਦੀ ਮਜ਼ਬੂਤ, ਉਦਾਰ ਤੇ ਇੱਕ ਹੱਦ ਤੱਕ ਸਾਮਰਾਜ ਵਿਰੋਧੀ ਗੱਦਾਫ਼ੀ ਸਰਕਾਰ ਦੇ ਹਿੰਸਕ ਤਖਤਾ ਪਲਟ ਦੇ ਰੂਪ ਵਿੱਚ ਨਿਕਲਿਆ। ਪੂਰੀ ਤਰ੍ਹਾਂ ਤਬਾਹ ਬਰਬਾਦ ਕਰ ਦਿੱਤੇ ਗਏ ਲੀਬੀਆ ਦੇ 10 ਲੱਖ ਤੋਂ ਵੱਧ ਲੋਕ ਸ਼ਰਨਾਰਥੀ ਬਣਕੇ ਦਰ-ਦਰ ਦੀ ਖਾਕ ਛਾਣ ਰਹੇ ਹਨ। ਇਸੇ ਤਰ੍ਹਾਂ ਭਿਅੰਕਰ ਗ੍ਰਹਿ ਯੁੱਧ ਦਾ ਸ਼ਿਕਾਰ ਬਣਾ ਦਿੱਤੇ ਗਏ ਸੀਰੀਆ ਦੇ ਵੀ 67 ਲੱਖ ਲੋਕੀਂ ਰਫਿਊਜੀ ਬਣ ਕੇ ਦਰ ਬਦਰ ਧੱਕੇ ਖਾ ਰਹੇ ਹਨ।
ਇਨ੍ਹਾਂ ਤੋਂ ਬਿਨਾਂ ਸਾਮਰਾਜੀ ਦੇਸ਼ਾਂ ਦੀਆਂ ਸਿੱਧੀਆਂ ਤੇ ਅਸਿੱਧੀਆਂ ਦਖਲਅੰਦਾਜ਼ੀਆਂ ਕਰਕੇ ਅਫਰੀਕੀ ਦੇਸ਼ ਸੈਂਟਰਲ ਸਾਹੇਲ ਵਿਚ 20 ਲੱਖ ਲੋਕ ਉਜਾੜੇ ਦਾ ਸ਼ਿਕਾਰ ਹੋਏ ਹਨ ਅਤੇ ਉਨ੍ਹਾਂ ਵਿਚੋਂ 8 ਲੱਖ 68 ਹਜ਼ਾਰ ਲੋਕ ਦੇਸ਼ ਛੱਡਕੇ ਸੰਯੁਕਤ ਰਾਸ਼ਟਰ ਦੀ ਪਰਿਭਾਸ਼ਾ ਅਨੁਸਾਰ ਸ਼ਰਨਾਰਥੀ ਬਣ ਚੁੱਕੇ ਹਨ। ਅਫਰੀਕੀ ਦੇਸ਼ ਸੋਮਾਲੀਆ ਵਿਚੋਂ 26 ਲੱਖ ਲੋਕ ਉੱਜੜੇ ਹਨ ਜਿਨ੍ਹਾਂ ਵਿੱਚੋਂ 7 ਲੱਖ ਸ਼ਰਨਾਰਥੀ ਹਨ। ਸੈਂਟਰਲ ਅਫਰੀਕਨ ਰਿਪਬਲਿਕ ਵਿਚ 6 ਲੱਖ 8 ਹਜ਼ਾਰ ਤੋਂ ਵੱਧ ਲੋਕ ਉੱਜੜੇ ਤੇ 6 ਲੱਖ 2 ਹਜ਼ਾਰ ਸ਼ਰਨਾਰਥੀ ਬਣੇ ਹਨ। ਬਰੂੰਡੀ ਵਿਚ 1 ਲੱਖ ਤੋਂ ਵੱਧ ਲੋਕ ਇਸ ਵੇਲੇ ਉਜਾੜੇ ਦਾ ਸ਼ਿਕਾਰ ਹਨ ਤੇ 3 ਲੱਖ 12 ਹਜ਼ਾਰ ਤੋਂ ਵੱਧ ਪਹਿਲਾਂ ਹੀ ਸ਼ਰਨਾਰਥੀ ਦਾ ਦਰਜ਼ਾ ਹਾਸਲ ਕਰ ਚੁੱਕੇ ਹਨ।
ਟਿਗਰੇ (ਇਥੀਉਪੀਆ) ਵਿਚ 20 ਲੱਖ ਲੋਕ ਉਜਾੜੇ ਦਾ ਸ਼ਿਕਾਰ ਹੋਏ ਹਨ ਅਤੇ 60 ਹਜ਼ਾਰ ਸ਼ਰਨਾਰਥੀ ਦਾ ਦਰਜਾ ਹਾਸਲ ਕਰ ਚੁੱਕੇ ਹਨ। ਖਾਨਾਜੰਗੀ ਵਿੱਚ ਗਲਤਾਨ ਦੇਸ਼ ਯਮਨ ਵਿਚ, ਜਿੱਥੇ ਕਿ ਅਮਰੀਕੀ ਸਾਮਰਾਜ ਦੀ ਸਰਗਰਮ ਮਦਦ ਨਾਲ ਸਾਉਦੀ ਅਰਬ ਇਕ ਧਿਰ ਦੀ ਸਿੱਧੀ ਮਦਦ ਕਰ ਰਿਹਾ ਹੈ, 36 ਲੱਖ ਲੋਕ ਉਜਾੜੇ ਦਾ ਸ਼ਿਕਾਰ ਹੋਏ ਹਨ ਅਤੇ 2 ਲੱਖ ਸ਼ਰਨਾਰਥੀ ਬਣ ਚੁੱਕੇ ਹਨ। ਇੱਥੇ ਖਾਨਾਜੰਗੀ ਕਰਕੇ 2019 ਤੋਂ ਭੁੱਖਮਰੀ ਦਾ ਗੰਭੀਰ ਸੰਕਟ ਹੈ ਜਿਸ ਕਰਕੇ 3 ਲੱਖ 60 ਹਜ਼ਾਰ ਤੋਂ ਵੱਧ ਬੱਚੇ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹੋਏ ਹਨ।
ਅਸਲੀਅਤ ਤਾਂ ਇਹ ਹੈ ਕਿ ਕੁਦਰਤੀ ਵਸੀਲਿਆਂ, ਕੱਚੇ ਮਾਲ, ਸਸਤੀ ਕਿਰਤ ਤੇ ਮੰਡੀਆਂ ‘ਤੇ ਕਬਜ਼ੇ ਲਈ ਵੱਖ-ਵੱਖ ਸਾਮਰਾਜੀ ਦੇਸ਼ਾਂ ਦਰਮਿਆਨ ਹੁੰਦੀ ਮੁਕਾਬਲੇਬਾਜ਼ੀ ਵਿੱਚੋਂ ਲਾਜ਼ਮੀ ਰੂਪ ਵਿਚ ਜੰਗਾਂ ਨੂੰ ਜਨਮ ਲੈਂਦੀਆਂ ਹਨ, ਜੋ ਸਮੂਹਿਕ ਉਜਾੜੇ ਦਾ ਮੂਲ ਕਾਰਣ ਹੈ।
ਇਸ ਤੋਂ ਬਿਨਾਂ ਸੰਕਟ ਵਿਚ ਫਸਿਆ ਪੂੰਜੀਵਾਦ, ਸੰਕਟ ਤੋਂ ਪਾਰ ਪਾਉਣ ਲਈ ਵੀ ਜੰਗਾਂ ਛੇੜਦਾ ਹੈ ਕਿਉਂਕਿ ਜੰਗ ਵਿਚ ਵੱਡੀ ਪੱਧਰ ‘ਤੇ ਉਤਪਾਦਕ ਸ਼ਕਤੀਆਂ ਦੀ ਤਬਾਹੀ ਪੂੰਜੀਵਾਦ ਦੇ ਵਾਧੂ ਉਤਪਾਦਨ ਦੇ ਸੰਕਟ ਲਈ ਸੰਜੀਵਨੀ ਦਾ ਕੰਮ ਕਰਦੀ ਹੈ। ਨਾਲ ਹੀ ਹਥਿਆਰਾਂ ਦੇ ਸੰਸਾਰ ਪੱਧਰੀ ਵਪਾਰ ਨੂੰ ਜਾਰੀ ਰੱਖਣ ਲਈ ਵੀ ਇਹ ਜ਼ਰੂਰੀ ਹੁੰਦਾ ਹੈ ਕਿ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਛੋਟੇ ਜਾਂ ਵੱਡੇ ਪੱਧਰ ਦੀਆਂ ਜੰਗਾਂ ਜਾਰੀ ਰਹਿਣ ਜਾਂ ਤਨਾਅ ਦੀ ਸਥਿਤੀ ਬਣੀ ਰਹੇ।
ਇਹੋ ਹੀ ਉਹ ਭੌਤਿਕ ਸਥਿਤੀਆਂ ਹਨ ਜਿਹੜੀਆਂ ਸ਼ਰਨਾਰਥੀ ਸੰਕਟ ਨੂੰ ਪੈਦਾ ਕਰਦੀਆਂ ਹਨ।
ਸ਼ਰਨਾਰਥੀ ਜਿਸ ਦੇਸ਼ ਵਿਚ ਵੀ ਜਾਂਦੇ ਹਨ ਉਸ ਦੇਸ਼ ਦੀ ਤਰੱਕੀ ਵਿਚ ਆਪਣੀ ਕਿਰਤ ਸ਼ਕਤੀ ਰਾਹੀਂ ਯੋਗਦਾਨ ਹੀ ਨਹੀਂ ਪਾਉਂਦੇ ਬਲਕਿ ਉਹ ਕੌਮਾਂਤਰੀ ਭਰੱਪਣ ਦੀ ਭਾਵਨਾ ਵੀ ਪੈਦਾ ਕਰਦੇ ਹਨ। ਇਸ ਲਈ ਲੋੜ ਹੈ ਕਿ ਪੂੰਜੀਵਾਦ-ਸਾਮਰਾਜ ਵਿਰੁੱਧ ਸੰਘਰਸ਼ਸ਼ੀਲ ਲੋਕ ਉਨ੍ਹਾਂ ਪ੍ਰਤੀ ਦੋਸਤਾਨਾ ਵਤੀਰਾ ਅਖਤਿਆਰ ਕਰਨ ਅਤੇ ਉਨ੍ਹਾਂ ਦੇ ਹੱਕਾਂ-ਹਿਤਾਂ ਦੀ ਰਾਖੀ ਲਈ ਲੜਨ ਅਤੇ ਇਕ ਲੁੱਟ-ਖਸੁੱਟ ਤੋਂ ਮੁਕਤ ਸਮਾਜ ਸਿਰਜਣ ਦੇ ਸੰਘਰਸ਼ਾਂ ਵਿਚ ਉਨ੍ਹਾਂ ਨੂੰ ਨਾਲ ਜੋੜਨ ਦਾ ਯਤਨ ਕਰਨ।